ਉਹਨੇ ਹੱਥਕੜੀ ਲਾਈ ਹੈ ਅਤੇ ਗ਼ਲੇ ਦੁਆਲ਼ੇ ਲਮਕਦੀਆਂ ਜੰਜ਼ੀਰਾਂ ਹੇਠਾਂ ਵੱਲ ਪੈਰਾਂ ਤੀਕਰ ਜਾਂਦੀਆਂ ਹਨ। ਉਹਦੀ ਪੁਸ਼ਾਕ-ਚਿੱਟਾ ਕੁੜਤਾ ਅਤੇ ਕਾਲ਼ੀਆਂ ਸੀਖਾਂ- ਉਹਨੂੰ ਬਿਲਕੁਲ ਨਿਰੋਲ ਕੈਦੀ ਵਰਗੀ ਦਿੱਖ ਦਿੰਦੀ ਹੈ।
ਪਰ 42 ਸਾਲਾ ਕਾਬਲ ਸਿੰਘ ਨੇ ਕੋਈ ਅਪਰਾਧ ਨਹੀਂ ਕੀਤਾ ਅਤੇ ਉਨ੍ਹਾਂ ਦੀਆਂ ਇਹ ਬੇੜੀਆਂ ਉਨ੍ਹਾਂ ਨੇ ਖ਼ੁਦ ਆਪਣੇ ਆਪ ਨੂੰ ਪਾਈਆਂ ਹਨ। ਉਹ ਪੰਜਾਬ ਦੇ ਫ਼ਾਜਿਲਕਾ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਰੁਕਨਪੁਰਾ (ਖੂਈ ਖੇੜਾ ਵਜੋਂ ਵੀ ਜਾਣਿਆ ਜਾਂਦਾ ਹੈ) ਦੇ ਰਹਿਣ ਵਾਲੇ ਕਿਸਾਨ ਹਨ ।
ਉਹ ਪ੍ਰਦਰਸ਼ਨ ਕਰ ਰਹੇ ਲੱਖਾਂ ਕਿਸਾਨਾਂ ਵਿੱਚੋਂ ਇੱਕ ਹਨ ਜੋ ਉਨ੍ਹਾਂ ਤਿੰਨੋਂ ਖੇਤੀ ਬਿੱਲਾਂ ਦੇ ਖਿਲਾਫ਼ ਲੜ ਰਹੇ ਹਨ ਜਿਨ੍ਹਾਂ ਨੂੰ ਪਹਿਲੀ ਵਾਰ 5 ਜੂਨ 2020 ਨੂੰ ਇੱਕ ਆਰਡੀਨੈਂਸ ਦੇ ਰੂਪ ਵਿੱਚ ਜਾਰੀ ਕੀਤਾ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਖੇਤੀ ਬਿੱਲ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਉਸੇ ਮਹੀਨੇ ਦੀ 20 ਤਰੀਕ ਦਿਨ ਤੱਕ ਉਨ੍ਹਾਂ ਨੂੰ ਐਕਟ ਬਣਾ ਦਿੱਤਾ ਗਿਆ।
ਖੁਦ ਨੂੰ ਬੇੜੀਆਂ ਵਿੱਚ ਜਕੜਨ ਦਾ ਇਹੀ ਕਾਰਨ ਹੈ?
"ਜਦੋਂ ਮੈਂ ਕਿਸਾਨਾਂ ਨੂੰ ਲੰਬੇ ਸਮੇਂ ਤੱਕ ਆਪਣੇ ਹੱਕ ਮੰਗਦੇ ਦੇਖਿਆ, ਮੈਂ ਉਨ੍ਹਾਂ ਦਾ ਦੁੱਖ ਝੱਲ ਨਾ ਸਕਿਆ। ਇਹ ਜੋ ਤੁਸੀਂ ਮੇਰੇ ਸਰੀਰ ਦੇ ਦੁਆਲ਼ੇ ਲਮਕਦੀ ਜੰਜ਼ੀਰ ਦੇਖਦੇ ਹੋ ਨਾ, ਇਹ ਉਨ੍ਹਾਂ ਦੇ ਦੁੱਖ ਦਾ ਪਰਤੌਅ ਹੈ। ਉਹ ਅੰਦਰੋਂ ਜੋ ਮਹਿਸੂਸ ਕਰਦੇ ਹਨ, ਉਹੀ ਮੈਂ ਵੀ ਮਹਿਸੂਸ ਕਰਦਾ ਹਾਂ।"
"ਮੇਰੇ ਦੁਆਲੇ਼ ਤੁਸੀਂ ਜਿਹੜੀ ਜੰਜ਼ੀਰ ਦੇਖਦੇ ਹੋ, ਐਨ ਇਹੋ ਜਿਹੀ ਹੀ ਜੰਜ਼ੀਰ ਸਾਡੇ ਸਾਰਿਆਂ ਦੇ ਦੁਆਲ਼ੇ ਵਲ਼ੀ ਹੋਈ ਹੈ, ਬੱਸ ਤੁਹਾਡੇ ਦੇਖਣ ਦੀ ਲੋੜ ਹੈ।" ਕਾਬਲ ਸਿੰਘ ਇਨ੍ਹਾਂ ਤਿੰਨੋਂ ਬਦਨਾਮ ਕਨੂੰਨਾਂ ਨੂੰ ਉਨ੍ਹਾਂ ਜੰਜ਼ੀਰਾਂ ਵਿੱਚ ਨਵੀਆਂ ਘੁੰਡੀਆਂ ਵਜੋਂ ਦੇਖਦੇ ਹਨ।
ਉਹ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿਖੇ ਦਿੱਲੀ ਸੀਮਾ ਦੇ ਸਭ ਤੋਂ ਵੱਡੇ ਧਰਨਾ-ਸਥਲ ਸਿੰਘੂ ਬਾਰਡਰ 'ਤੇ ਸਾਡੇ ਨਾਲ਼ ਗੱਲ ਕਰ ਰਹੇ ਹਨ।
"ਅਜਿਹੇ ਕਾਰਪੋਰੇਟਾਂ ਤੋਂ ਤਾਂ ਰੱਬ ਹੀ ਬਚਾਵੇ ਜੋ ਸਾਨੂੰ ਬੇਜ਼ਮੀਨੇ ਕਰਕੇ ਛੱਡਣਗੇ। ਅਸੀਂ ਕਾਮੇ ਕਿਉਂ ਬਣੀਏ ਜਦੋਂ ਸਾਡੇ ਕੋਲ਼ ਕਾਸ਼ਤ ਕਰਨ ਲਈ ਆਪਣੀ ਖ਼ੁਦ ਦੀ ਜ਼ਮੀਨ ਹੈ? ਅਸੀਂ ਵੱਡੇ ਕਾਰਪੋਰੇਟਾਂ ਨੂੰ ਸਾਡੀ ਜ਼ਮੀਨ 'ਤੇ ਨਿਯੰਤਰਣ ਕਿਵੇਂ ਕਰਨ ਦੇਈਏ?" ਉਹ ਪੁੱਛਦੇ ਹਨ।
"ਮੇਰੀਆਂ ਬੇੜੀਆਂ ਦਾ ਤਾਲਾ ਖੋਲ੍ਹਣ ਦੀ ਚਾਬੀ ਅੰਬਾਨੀ ਅਤੇ ਅਡਾਨੀ ਦੇ ਹੱਥਾਂ ਵਿੱਚ ਹੈ। ਮੋਦੀ ਸਰਕਾਰ ਨੂੰ ਉਨ੍ਹਾਂ ਤੋਂ ਚਾਬੀ ਲੈ ਕੇ ਇਸ ਤਾਲੇ ਨੂੰ ਖੋਲ੍ਹਣਾ ਚਾਹੀਦਾ ਹੈ। ਮੈਂ ਪ੍ਰਧਾਨ ਮੰਤਰੀ ਅੱਗੇ ਹੱਥ ਜੋੜ ਕੇ ਫ਼ਰਿਆਦ ਕਰਦਾ ਹਾਂ ਕਿ ਇਨ੍ਹਾਂ ਕਨੂੰਨਾਂ ਨੂੰ ਰੱਦ ਕਰੋ।"
ਜਿਨ੍ਹਾਂ ਖੇਤੀ ਕਨੂੰਨਾਂ ਖ਼ਿਲਾਫ਼ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 । ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜ਼ੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਅਧਿਕਾਰਾਂ ਨੂੰ ਅਯੋਗ ਕਰਨ ਕਰਦੇ ਹਨ।
ਇਨ੍ਹਾਂ ਨਵੇਂ ਕਨੂੰਨਾਂ ਨੇ ਕਾਸ਼ਤਕਾਰਾਂ (ਕਿਸਾਨਾਂ) ਨੂੰ ਗੁੱਸੇ ਵਿੱਚ ਲੈ ਆਂਦਾ ਹੈ, ਜੋ ਇਨ੍ਹਾਂ ਨੂੰ ਆਪਣੀ ਆਜੀਵਿਕਾ ਦੇ ਲਈ ਤਬਾਹੀ ਦੇ ਰੂਪ ਵਿੱਚ ਦੇਖ ਰਹੇ ਹਨ ਕਿਉਂਕਿ ਇਹ ਕਨੂੰਨ ਵੱਡੇ ਕਾਰਪੋਰੇਟਾਂ ਨੂੰ ਕਿਸਾਨਾਂ ਅਤੇ ਖੇਤੀ 'ਤੇ ਜ਼ਿਆਦਾ ਹੱਕ ਪ੍ਰਦਾਨ ਕਰਦੇ ਹਨ। ਇਹ ਕਨੂੰਨ ਘੱਟੋ-ਘੱਟ ਸਮਰਥਨ ਮੁੱਲ (MSP), ਖੇਤੀ ਪੈਦਾਵਾਰ ਮਾਰਕੀਟਿੰਗ ਕਮੇਟੀਆਂ (APMCs), ਰਾਜ ਦੁਆਰਾ ਖਰੀਦ ਆਦਿ ਸਣੇ, ਕਿਸਾਨਾਂ ਦੀ ਸਹਾਇਤਾ ਕਰਨ ਵਾਲ਼ੇ ਮੁੱਖ ਰੂਪਾਂ ਨੂੰ ਵੀ ਕਮਜ਼ੋਰ ਕਰਦੇ ਹਨ।
"ਜਦੋਂ ਪੀੜ੍ਹ ਹੋਣ ਲੱਗਦੀ ਹੈ," ਕਾਬਲ ਸਿੰਘ ਕਹਿੰਦੇ ਹਨ,"ਪੂਰਾ ਦਿਨ ਪੰਜ ਕਿਲੋ ਦੀਆਂ ਜੰਜ਼ੀਰਾਂ ਚੁੱਕੀ ਫਿਰਨਾ ਮੈਨੂੰ ਸੁੰਨ੍ਹ ਕਰ ਦਿੰਦਾ ਹੈ। ਪਰ ਮੇਰਾ ਸਰੀਰਕ ਕਸ਼ਟ ਕਿਸਾਨਾਂ ਦੇ ਮੁਕਾਬਲੇ ਕੁਝ ਵੀ ਨਹੀਂ ਹੈ।"


ਪੂਰਾ ਦਿਨ ਪੰਜ ਕਿਲੋ ਦੀਆਂ ਜੰਜ਼ੀਰਾਂ ਚੁੱਕੀ ਫਿਰਨ ਮੈਨੂੰ ਸੁੰਨ੍ਹ ਕਰ ਦਿੰਦਾ ਹੈ। ਪਰ ਮੇਰਾ ਸਰੀਰਕ ਕਸ਼ਟ ਕਿਸਾਨਾਂ ਦੇ ਮੁਕਾਬਲੇ ਕੁਝ ਵੀ ਨਹੀਂ ਹੈ।
ਸਾਡੇ ਨਾਲ਼ ਗੱਲਬਾਤ ਦੌਰਾਨ ਉਨ੍ਹਾਂ ਨੇ ਆਪਣੇ ਹੱਥ ਉਤਾਂਹ ਚੁੱਕੀ ਰੱਖੇ। ਪੂਰਾ ਦਿਨ ਇੰਝ ਕਰੀ ਰੱਖਣਾ ਸੱਚੀ ਬਹੁਤ ਥਕਾਊ ਤੇ ਚਿੰਤਾਤੁਰ ਹੁੰਦਾ ਹੈ। "ਮੈਂ ਤੜਕੇ 5 ਵਜੇ ਖ਼ੁਦ ਨੂੰ ਜੰਜ਼ੀਰਾਂ ਵਿੱਚ ਬੰਨ੍ਹ ਲੈਂਦਾ ਹਾਂ," ਉਹ ਕਹਿੰਦੇ ਹਨ,"ਅਤੇ ਸੂਰਜ ਛੁਪਣ ਤੱਕ ਖ਼ੁਦ ਨੂੰ ਇੰਝ ਹੀ ਬੰਨ੍ਹੀ ਰੱਖਦਾ ਹਾਂ।"
ਇਹ ਕਿਸਾਨ, ਦੋ-ਢਾਈ ਸਾਲ ਪਹਿਲਾਂ ਤੱਕ ਪੰਜ ਏਕੜ ਜ਼ਮੀਨ ਦਾ ਮਾਲਕ ਸੀ, ਕਹਿੰਦੇ ਹਨ,"ਮੈਨੂੰ ਇਹ ਜੰਜ਼ੀਰ ਮੇਰੇ ਪਿੰਡੋਂ ਹੀ ਬਣੀ ਮਿਲੀ।" ਹੁਣ ਉਨ੍ਹਾਂ ਕੋਲ਼ ਸਿਰਫ਼ ਤਿੰਨ ਏਕੜ ਜ਼ਮੀਨ ਹੈ ਜਿਸ 'ਤੇ ਉਹ ਮੁੱਖ ਤੌਰ 'ਤੇ ਕਣਕ ਅਤੇ ਨਰਮਾ ਪੈਦਾ ਕਰਦੇ ਹਨ। ਉਨ੍ਹਾਂ ਨੂੰ ਦੋ ਏਕੜ ਜ਼ਮੀਨ ਆਪਣੀ ਧੀ ਅਤੇ ਬੀਮਾਰ ਪਿਤਾ ਦੇ ਇਲਾਜ ਕਰਕੇ ਵੇਚਣੀ ਪਈ।
ਉਨ੍ਹਾਂ ਨੇ ਉਸ ਜ਼ਮੀਨ ਤੋਂ ਵੱਟੇ ਕਈ ਲੱਖਾਂ ਰੁਪਏ ਉਨ੍ਹਾਂ ਦੇ ਸਿਹਤ ਸੰਭਾਲ਼ 'ਤੇ ਖਰਚ ਕਰ ਦਿੱਤੇ। "ਪਰ," ਦੁਖੀ ਮਨ ਨਾਲ਼ ਉਹ ਕਹਿੰਦੇ ਹਨ, "ਮੈਂ ਉਨ੍ਹਾਂ ਨੂੰ ਬਚਾ ਨਾ ਸਕਿਆ।" ਉਨ੍ਹਾਂ ਦੀ 20 ਸਾਲਾਂ ਦੀ ਧੀ ਪੀਲੀਏ ਕਾਰਨ ਮਰ ਗਈ। ਅਤੇ ਉਨ੍ਹਾਂ ਦੀ ਧੀ ਤੋਂ ਬਾਅਦ ਫਿਰ ਲੰਬੀ ਬੀਮਾਰੀ ਤੋਂ ਬਾਅਦ ਉਨ੍ਹਾਂ ਦੇ ਪਿਤਾ ਵੀ ਮੁੱਕ ਗਏ। ਉਹ ਨਹੀਂ ਜਾਣਦੇ ਕਿ ਆਪਣੀਆਂ ਦੋ ਗਾਵਾਂ ਦਾ ਦੁੱਧ ਵੇਚ ਕੇ ਉਹ ਖੁਦ ਨੂੰ ਕਿੱਦਾ ਜਿਊਂਦੇ ਰੱਖਣਗੇ।
"ਮੇਰੀ ਮਾਤਾ, ਬਲਬੀਰ ਕੌਰ ਵੀ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ। ਪਰ ਇੱਥੇ ਪਹੁੰਚਣ ਵੇਲੇ (ਹੋਰਨਾਂ ਵਾਂਗ ਟਰਾਲੀਆਂ ਵਿੱਚ ਸਫ਼ਰ ਕਰਨ ਵੇਲੇ) ਉਹ ਡਿੱਗ ਗਏ ਅਤੇ ਸਾਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਚੂਲ੍ਹੇ ਦੀ ਹੱਡੀ ਟੁੱਟ ਗਈ ਹੈ," ਉਹ ਕਹਿੰਦੇ ਹਨ। "ਮੇਰੇ ਪੁਰਖੇ ਵੀ ਕਿਸਾਨ ਸਨ। ਮੈਂ ਆਪਣੇ ਪ੍ਰਤੀ ਸਰਕਾਰ ਦਾ ਅਨਿਆਪੂਰਨ ਵਤੀਰਾ ਦੇਖਿਆ ਹੈ। ਇਸੇ ਕਾਰਨ ਹੀ ਅਸੀਂ ਉਹਦੇ ਖਿਲਾਫ਼ ਲੜ ਰਹੇ ਹਾਂ। ਮੈਂ ਨਹੀਂ ਚਾਹੁੰਦਾ ਸਾਡੇ ਬੱਚੇ ਇਹੀ ਕੁਝ ਝੱਲਣ।"
ਉਹ ਕਹਿੰਦੇ ਹਨ ਕਿ ਭਾਰਤ ਦੀਆਂ ਹੱਦਾਂ 'ਤੇ ਤੈਨਾਤ ਫੌਜੀ ਵੀ ਕਿਸਾਨਾਂ ਦੇ ਹੀ ਬੱਚੇ ਹਨ। "ਜਦੋਂ ਉਹ ਸ਼ਹੀਦ ਹੁੰਦੇ ਹਨ, ਤੁਸੀਂ ਉਨ੍ਹਾਂ ਨੂੰ ਨਾਇਕ ਬਣਾ ਦਿੰਦੇ ਹੋ। ਇੰਝ ਸਭ ਸਹੀ ਹੈ। ਪਰ ਜਦੋਂ ਅਸੀਂ ਆਪਣੇ ਹਕੂਕ ਮੰਗ ਰਹੇ ਹਾਂ, ਅਸੀਂ ਅਪਰਾਧੀ ਬਣ ਗਏ। ਇੰਝ ਕਿਉਂ?"
ਕਾਬਲ ਸਿੰਘ ਇੱਕ ਗੱਲ ਕਹਿੰਦੇ ਹਨ,"ਇੱਕ ਗੱਲ ਤਾਂ ਪੱਕੀ ਹੈ: ਮੈਂ ਖੁਦ ਨੂੰ ਉਦੋਂ ਤੱਕ ਬੇੜੀਆਂ ਤੋਂ ਮੁਕਤ ਨਹੀਂ ਕਰਾਂਗਾ ਜਦੋਂ ਤੱਕ ਮੋਦੀ ਸਰਕਾਰ ਇਹ ਖੇਤੀ ਕਨੂੰਨ ਰੱਦ ਨਹੀਂ ਕਰ ਦਿੰਦੀ।"
ਫ਼ੋਟੋ ਕਵਰ: ਸ਼ਰਧਾ ਅਗਰਵਾਲ
ਤਰਜਮਾ: ਕਮਲਜੀਤ ਕੌਰ