ਇਹ ਪੈਨਲ '
ਕੰਮ ਹੀ ਕੰਮ ਬੋਲੇ, ਔਰਤ ਰਹੀ ਓਹਲੇ ਦੀ ਓਹਲੇ' ਨਾਮਕ ਫ਼ੋਟੋ ਪ੍ਰਦਰਸ਼ਨੀ
ਦਾ ਹਿੱਸਾ ਹੈ, ਜਿਹਦੇ ਤਹਿਤ ਪੇਂਡੂ ਔਰਤਾਂ ਦੁਆਰਾ ਕੀਤੇ ਜਾਣ ਵਾਲ਼ੇ ਵੱਖ-ਵੱਖ ਕੰਮਾਂ ਨੂੰ ਨਾ ਸਿਰਫ਼ ਦਰਸਾਇਆ ਗਿਆ ਹੈ ਸਗੋਂ ਦਰਜ ਵੀ ਕੀਤਾ ਗਿਆ ਹੈ। ਸਾਰੀਆਂ ਤਸਵੀਰਾਂ ਪੀ. ਸਾਈਨਾਥ ਵੱਲੋਂ 1993 ਤੋਂ 2002 ਦੇ ਸਮੇਂ ਦੌਰਾਨ ਖਿੱਚੀਆਂ ਗਈਆਂ ਹਨ ਅਤੇ ਉਨ੍ਹਾਂ ਨੇ ਇਹ ਤਸਵੀਰਾਂ ਭਾਰਤ ਦੇ ਦਸ ਰਾਜਾਂ ਵਿੱਚ ਘੁੰਮ ਘੁੰਮ ਕੇ ਖਿੱਚੀਆਂ ਸਨ। ਇੱਥੇ, ਪਾਰੀ ਨੇ ਇਸ ਫ਼ੋਟੋ ਪ੍ਰਦਰਸ਼ਨੀ ਦੀ ਰਚਨਾਤਮਕਤਾ ਦੇ ਨਾਲ਼ ਡਿਜੀਟਲ ਪੇਸ਼ਕਾਰੀ ਕੀਤੀ ਹੈ ਜਿਹਨੂੰ ਕਈ ਸਾਲਾਂ ਤੱਕ ਦੇਸ਼ ਦੇ ਬਹੁਤੇਰੇ ਹਿੱਸਿਆਂ ਵਿੱਚ ਦਿਖਾਇਆ ਜਾਂਦਾ ਰਿਹਾ ਹੈ
ਉਹੀ ਘਰ ਉਹੀ ਕੰਮ...
ਇਹ ਔਰਤ ਪਹਿਲਾਂ ਹੀ ਖਾਣਾ ਪਕਾ ਚੁੱਕੀ ਹੈ। ਤਮਿਲਨਾਡੂ ਵਿੱਚ ਰਹਿਣ ਵਾਲ਼ਾ ਉਹਦਾ ਪਰਿਵਾਰ, ਜੀਵਨ ਬਸਰ ਕਰਨ ਲਈ ਖ਼ਜ਼ੂਰ ਤੋਂ ਗੁੜ ਬਣਾਉਂਦਾ ਹੈ ਅਤੇ ਵੇਚਦਾ ਹੈ। ਇਸ ਵੱਡੇ ਸਾਰੇ ਭਾਂਡੇ ਵਿੱਚ ਉਹ ਗੁੜ ਨੂੰ ਪਕਾ ਰਹੀ ਹੈ। ਗ਼ਲਤੀ ਦੀ ਕੋਈ ਗੁਜਾਇਸ਼ ਹੀ ਨਹੀਂ... ਨਹੀਂ ਤਾਂ ਇਸ ਪਰਿਵਾਰ ਦੇ ਹੱਥੋਂ ਆਉਣ ਵਾਲ਼ੇ ਕੁਝ ਦਿਨਾਂ ਦੀ ਆਮਦਨੀ ਖੁੱਸ ਸਕਦੀ ਹੈ।
ਇਹ ਕੰਮ ਇਸ ਔਰਤ ਦਾ ਥੋੜ੍ਹਾ ਵੱਧ ਸਮਾਂ ਖਾ ਜਾਵੇਗਾ। ਇੰਨਾ ਹੀ ਸਮਾਂ ਖਾਣਾ ਪਕਾਉਣ ਵਿੱਚ ਵੀ ਲੱਗਦਾ ਹੈ। ਉਹਨੂੰ ਪੂਰਾ ਦਿਨ ਕੋਈ ਨਾ ਕੋਈ ਕੰਮ ਕਰਦੇ ਵੇਲ਼ੇ ਧੂੰਏਂ ਵਿੱਚੋਂ ਦੀ ਆਪਣੇ ਲਈ ਸਾਹ ਖਿੱਚਣਾ ਪੈਂਦਾ ਹੈ। ਔਰਤ ਸਿਰ ਪਏ ਹੋਰਨਾਂ ਕੰਮਾਂ ਵਿੱਚੋਂ ਇਹ ਕੰਮ ਕਾਫ਼ੀ ਅਹਿਮ ਹੈ। ਕਿਉਂਕਿ ਇਹ ਕੰਮ ਛੋਟੀ ਉਮਰੇ ਹੀ ਉਹਦੇ ਮੱਥੇ ਮੜ੍ਹ ਦਿੱਤਾ ਗਿਆ ਸੀ ਇਸਲਈ ਉਹਨੂੰ ਵੀ ਲੱਖਾਂ ਲੱਖ ਕੁੜੀਆਂ ਵਾਂਗ ਛੇਤੀ ਹੀ ਪੜ੍ਹਾਈ ਛੱਡਣੀ ਪਈ।
ਘਰ ਵਿੱਚ ਕਾਫ਼ੀ ਸਾਰੇ ਕੰਮ ਹੁੰਦੇ ਹਨ। ਆਂਧਰਾ ਪ੍ਰਦੇਸ਼ ਦੇ ਵਿਜਯਾਨਗਰਮ ਵਿੱਚ ਉਹ ਜਵਾਨ ਔਰਤ (ਹੇਠਾਂ) ਜੋ ਆਪਣੇ ਸਿਰ 'ਤੇ ਟੋਕਰੀ ਲੱਦੀ ਜਾ ਰਹੀ ਹੈ, ਉਹਨੇ ਅਜੇ ਘਰੇ ਜਾ ਕੇ ਖਾਣਾ ਵੀ ਪਕਾਉਣਾ ਹੈ। ਉਹਨੇ ਖੇਤਾਂ ਵਿੱਚ ਘੰਟਿਆਂ ਬੱਧੀ ਖੱਪ ਖੱਪ ਕੇ ਖਾਣਾ ਰਿੰਨ੍ਹਣ ਅਤੇ ਹੋਰਨਾਂ ਕੰਮਾਂ ਵਾਸਤੇ ਬਾਲਣ ਇਕੱਠਾ ਕੀਤਾ ਹੈ। ਉਹਦੀ ਗੁਆਂਢਣ ਨੇ ਖਾਣਾ ਰਿੰਨ੍ਹਣਾ ਸ਼ੁਰੂ ਵੀ ਕਰ ਦਿੱਤਾ ਹੈ ਅਤੇ ਇਹ ਸਾਰਾ ਕੰਮ ਖੁੱਲ੍ਹੀ ਥਾਂ 'ਤੇ ਕੀਤਾ ਜਾ ਰਿਹਾ ਹੈ।
ਗੁਆਂਢਣ ਦਾ ਨਸੀਬ ਮੁਕਾਬਲਤਨ ਥੋੜ੍ਹਾ ਬਿਹਤਰ ਹੈ। ਕਈ ਔਰਤਾਂ ਬਗ਼ੈਰ-ਖਿੜਕੀ ਵਾਲ਼ੀ ਛੋਟੀ ਜਿਹੀ ਗੁੱਠ ਵਿੱਚ ਖਾਣਾ ਪਕਾਉਂਦੀਆਂ ਹਨ ਅਤੇ ਚੁੱਲ੍ਹੇ ਵਿੱਚੋਂ ਨਿਕਲ਼ਦੇ ਧੂੰਏਂ ਦੇ ਵੱਧ ਸੰਪਰਕ ਵਿੱਚ ਆਉਂਦੀਆਂ ਹਨ। ਇਹ ਧੂੰਆਂ ਪ੍ਰਦੂਸ਼ਿਤ ਕਾਰਖ਼ਾਨਿਆਂ ਵਿੱਚੋਂ ਨਿਕਲ਼ਣ ਵਾਲ਼ੇ ਧੂੰਏਂ ਨਾਲ਼ੋਂ ਵੱਧ ਖ਼ਤਰਨਾਕ ਹੁੰਦਾ ਹੈ ਜਿਹਦਾ ਸਾਹਮਣਾ ਉਦਯੋਗਿਕ ਮਜ਼ਦੂਰ ਕਰਦੇ ਹਨ।



ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਵਿਖੇ, ਇਹ ਔਰਤ (ਉਤਾਂਹ ਖੱਬੇ) ਅਨਾਜ ਕੁੱਟਣ ਦਾ ਕੰਮ ਕਰ ਰਹੀ ਹੈ। ਇਹ ਕੰਮ ਜਿੰਨਾ ਸੌਖ਼ਾ ਜਾਪਦਾ ਹੈ ਅਸਲ ਵਿੱਚ ਕਈ ਗੁਣਾ ਤਾਕਤ ਖਪਾਉਣ ਵਾਲ਼ਾ ਕੰਮ ਹੈ। ਇਹ ਭੋਜਨ ਦੀ ਤਿਆਰੀ ਨਾਲ਼ ਸਬੰਧਤ ਕਈ ਕੰਮਾਂ ਵਿੱਚੋਂ ਹੀ ਇੱਕ ਹੈ। ਖਾਣਾ ਪਕਾਉਣ ਦੀ ਪੂਰੀ ਪ੍ਰਕਿਰਿਆ ਦਾ ਕੰਮ ਜ਼ਿਆਦਤਰ ਔਰਤਾਂ ਹੀ ਕਰਦੀਆਂ ਹਨ। ਇੰਨੇ ਸਾਰੇ ਕੰਮ ਕਰਨ ਅਤੇ ਬੱਚਿਆਂ ਨੂੰ ਪਾਲਣ ਤੋਂ ਇਲਾਵਾ, ਉਨ੍ਹਾਂ ਨੂੰ ਡੰਗਰਾਂ ਦੀ ਵੀ ਦੇਖਭਾਲ਼ ਕਰਨੀ ਪੈਂਦੀ ਹੈ।
ਇਨ੍ਹਾਂ ਕੰਮਾਂ ਵਿੱਚ ਕੱਪੜੇ ਧੋਣਾ, ਪਿਹਾਈ ਕਰਨਾ, ਸਬਜ਼ੀਆਂ ਕੱਟਣਾ, ਭਾਂਡੇ ਮਾਂਜਣਾ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਅੱਡੋ-ਅੱਡ ਸਮੇਂ 'ਤੇ ਖਾਣਾ ਖੁਆਉਣਾ ਤੱਕ ਸ਼ਾਮਲ ਹੈ। ਬੀਮਾਰ ਰਿਸ਼ਤੇਦਾਰ ਦੀ ਦੇਖਭਾਲ਼ ਸਦਾ ਉਨ੍ਹਾਂ ਦੀ ਹੀ ਜ਼ਿੰਮੇਦਾਰੀ ਹੁੰਦੀ ਹੈ। ਇਨ੍ਹਾਂ ਸਾਰੇ ਕੰਮਾਂ ਨੂੰ 'ਔਰਤਾਂ ਦੇ ਕੰਮ' ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਅਤੇ ਇਹਦੇ ਬਦਲੇ ਉਨ੍ਹਾਂ ਨੂੰ ਪੈਸੇ ਨਹੀਂ ਮਿਲ਼ਦੇ। ਇਸ ਲਿਹਾਜ਼ ਨਾਲ਼ ਪੇਂਡੂ ਔਰਤਾਂ, ਸ਼ਹਿਰੀ ਔਰਤਾਂ ਨਾਲ਼ੋਂ ਅੱਡ ਨਹੀਂ ਹਨ। ਪਰ ਪਾਣੀ ਅਤੇ ਬਾਲਣ ਵਾਸਤੇ ਲੰਬਾ ਪੈਂਡ ਤੈਅ ਕਰਨਾ ਅਤੇ ਖੇਤਾਂ ਵਿੱਚ ਵੱਖ-ਵੱਖ ਕੰਮ ਕਰਨਾ, ਪੇਂਡੂ ਔਰਤਾਂ ਦੇ ਲੇਖੇ ਹੀ ਆਉਂਦਾ ਹੈ।


ਜਿਵੇਂ ਕਿ ਝਾਰਖੰਡ ਦੇ ਪਲਾਮੂ ਜ਼ਿਲ੍ਹੇ ਦੀ ਆਦਿਵਾਸੀ ਔਰਤ (ਉਪਰਲੀ ਤਸਵੀਰ ਵਿੱਚ ਐਨ ਸੱਜੇ) ਪਕਾਉਣ ਲਈ ਗੇਠੀ ਕੰਦ ਸਾਫ਼ ਕਰ ਰਹੀ ਹੈ। ਸੋਕੇ ਸਮੇਂ ਇਨ੍ਹਾਂ ਤੱਕ ਪਹੁੰਚ ਬਣਾਉਣਾ ਕੋਈ ਸੌਖ਼ਾ ਕੰਮ ਨਹੀਂ। ਇਹਨੂੰ ਇਕੱਠਾ ਕਰਨ ਲਈ ਉਹਨੇ ਸਵੇਰ ਦਾ ਬਹੁਤੇਰਾ ਸਮਾਂ ਜੰਗਲ ਵਿੱਚ ਬਿਤਾਇਆ ਹੈ। ਪਾਣੀ ਲਿਆਉਣ ਵਿੱਚ ਉਹ ਪਹਿਲਾਂ ਹੀ ਆਪਣਾ ਕਾਫ਼ਾ ਸਾਰਾ ਸਮਾਂ ਖਪਾ ਚੁੱਕੀ ਹੈ ਪਰ ਹੋਰ ਪਾਣੀ ਲਿਆਉਣ ਲਈ ਉਹਨੂੰ ਸ਼ਾਇਦ ਇੱਕ ਚੱਕਰ ਹੋਰ ਲਾਉਣਾ ਪਊ। ਇਨ੍ਹਾਂ ਚੱਕਰਾਂ ਵਿਚਾਲ਼ੇ ਰਸਤੇ ਵਿੱਚ ਉਹਨੂੰ ਆਪਣੇ ਪਿੰਡ ਦੇ ਨੇੜੇ-ਤੇੜੇ ਬਾਲੂਮਾਥ ਜੰਗਲ ਵਿਖੇ ਜੰਗਲੀ ਜਾਨਵਰਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੁੰਦਾ ਹੈ।
ਔਰਤਾਂ ਸਭ ਤੋਂ ਅਖ਼ੀਰ ਵਿੱਚ ਖਾਂਦੀਆਂ ਹਨ ਅਤੇ ਜੋ ਥੋੜ੍ਹਾ ਬਹੁਤ ਬਚਿਆ ਖਾਣਾ ਹੁੰਦਾ ਹੈ ਸਿਰਫ਼ ਉਸੇ ਨਾਲ਼ ਹੀ ਕੰਮ ਸਾਰਦੀਆਂ ਹਨ। ਇਸਲਈ ਸਰੀਰ ਦੀ ਪੂਰੀ ਊਰਜਾ ਨਿਚੋੜਨ ਵਾਲ਼ੇ ਕੰਮ ਕਰ ਕਰ ਕੇ ਉਨ੍ਹਾਂ ਦੀ ਸਿਹਤ ਤਬਾਹ ਹੋਣ ਲੱਗਦੀ ਹੈ।


ਤਰਜਮਾ: ਕਮਲਜੀਤ ਕੌਰ