ਇਹ ਪੈਨਲ '
ਕੰਮ ਹੀ ਕੰਮ ਬੋਲੇ, ਔਰਤ ਰਹੀ ਓਹਲੇ ਦੀ ਓਹਲੇ' ਨਾਮਕ ਫ਼ੋਟੋ ਪ੍ਰਦਰਸ਼ਨੀ
ਦਾ ਹਿੱਸਾ ਹੈ, ਜਿਹਦੇ ਤਹਿਤ ਪੇਂਡੂ ਔਰਤਾਂ ਦੁਆਰਾ ਕੀਤੇ ਜਾਣ ਵਾਲ਼ੇ ਵੱਖ-ਵੱਖ ਕੰਮਾਂ ਨੂੰ ਨਾ ਸਿਰਫ਼ ਦਰਸਾਇਆ ਗਿਆ ਹੈ ਸਗੋਂ ਦਰਜ ਵੀ ਕੀਤਾ ਗਿਆ ਹੈ। ਸਾਰੀਆਂ ਤਸਵੀਰਾਂ ਪੀ. ਸਾਈਨਾਥ ਵੱਲੋਂ 1993 ਤੋਂ 2002 ਦੇ ਸਮੇਂ ਦੌਰਾਨ ਖਿੱਚੀਆਂ ਗਈਆਂ ਹਨ ਅਤੇ ਉਨ੍ਹਾਂ ਨੇ ਇਹ ਤਸਵੀਰਾਂ ਭਾਰਤ ਦੇ ਦਸ ਰਾਜਾਂ ਵਿੱਚ ਘੁੰਮ ਘੁੰਮ ਕੇ ਖਿੱਚੀਆਂ ਸਨ। ਇੱਥੇ, ਪਾਰੀ ਨੇ ਇਸ ਫ਼ੋਟੋ ਪ੍ਰਦਰਸ਼ਨੀ ਦੀ ਰਚਨਾਤਮਕਤਾ ਦੇ ਨਾਲ਼ ਡਿਜੀਟਲ ਪੇਸ਼ਕਾਰੀ ਕੀਤੀ ਹੈ ਜਿਹਨੂੰ ਕਈ ਸਾਲਾਂ ਤੱਕ ਦੇਸ਼ ਦੇ ਬਹੁਤੇਰੇ ਹਿੱਸਿਆਂ ਵਿੱਚ ਦਿਖਾਇਆ ਜਾਂਦਾ ਰਿਹਾ ਹੈ
ਸਾਫ਼-ਸਫ਼ਾਈ !
ਆਂਧਰਾ ਪ੍ਰਦੇਸ਼ ਦੇ ਵਿਜਯਾਨਗਰਮ ਵਿਖੇ ਇਹ ਬਜ਼ੁਰਗ ਔਰਤ ਆਪਣੇ ਘਰ ਅਤੇ ਆਸ ਪਾਸ ਦੀਆਂ ਥਾਵਾਂ ਨੂੰ ਹੂੰਝ-ਹੂੰਝ ਕੇ ਸਾਫ਼ ਰੱਖਦੀ ਹੈ। ਇਹ ਰਿਹਾ ਘਰ ਦਾ ਕੰਮ ਅਤੇ 'ਔਰਤਾਂ ਵਾਲ਼ਾ ਕੰਮ ਵੀ'। ਪਰ ਘਰ ਜਾਂ ਜਨਤਕ ਥਾਵਾਂ 'ਤੇ, 'ਸਫ਼ਾਈ' ਦਾ ਕੰਮ ਜ਼ਿਆਦਾਤਰ ਔਰਤਾਂ ਦੁਆਰਾ ਹੀ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਇਸ ਕੰਮ ਬਦਲੇ ਪੈਸਾ ਤਾਂ ਮਿਲ਼ਦਾ ਨਹੀਂ, ਹਾਂ ਜੇ ਕੁਝ ਮਿਲ਼ਦਾ ਹੈ ਤਾਂ ਉਹ ਹੈ ਲੋਕਾਂ ਦਾ ਗੁੱਸਾ। ਰਾਜਸਥਾਨ ਵਿਖੇ ਲੋਕਾਂ ਨੂੰ ਇਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕੁਝ ਜ਼ਿਆਦਾ ਹੀ ਕਰਨਾ ਪੈਂਦਾ ਹੈ, ਜਿਵੇਂ ਕਿ ਇਸ ਔਰਤ ਨੂੰ ਦੇਖੋ, ਇਹ ਦਲਿਤ ਹੈ। ਇਹ ਔਰਤ ਹੱਥੀਂ ਗੰਦਗੀ ਸਾਫ਼ ਕਰਦੀ ਹੈ ਅਤੇ ਲੋਕਾਂ ਦੇ ਪਖ਼ਾਨਿਆਂ ਵਿੱਚੋਂ ਮਲ਼-ਮੂਤਰ ਚੁੱਕਦੀ ਹੈ। ਉਹ ਰਾਜਸਥਾਨ ਦੇ ਸੀਕਰ ਵਿਖੇ ਰੋਜ਼ਾਨਾ ਕਰੀਬ 25 ਘਰਾਂ ਵਿੱਚ ਇਹੀ ਕੰਮ ਕਰਦੀ ਹੈ।
ਇਹਦੇ ਬਦਲੇ ਉਹਨੂੰ ਮਜ਼ਦੂਰੀ ਦੇ ਰੂਪ ਵਿੱਚ ਹਰੇਕ ਘਰੋਂ ਰੋਟੀ ਮਿਲ਼ਦੀ ਹੈ। ਮਹੀਨੇ ਵਿੱਚ ਇੱਕ ਵਾਰ, ਜੇ ਮਾਲਕ ਦਿਆਲੂ ਰਹੇ ਤਾਂ ਕੁਝ ਪੈਸੇ ਵੀ ਮਿਲ਼ ਜਾਂਦੇ ਹਨ। ਸ਼ਾਇਦ ਇੱਕ ਘਰ ਦੇ 10 ਰੁਪਏ। ਸਰਕਾਰੀ ਭਾਸ਼ਾ ਵਿੱਚ ਉਹਨੂੰ 'ਭੰਗੀ' ਕਹਿੰਦੇ ਹਨ ਪਰ ਉਹ ਆਪਣੇ ਆਪ ਨੂੰ 'ਮੇਹਤਰ' ਕਹਿੰਦੀ ਹੈ। ਇਸ ਜਾਤੀ ਨਾਲ਼ ਤਾਅਲੁੱਕ ਰੱਖਣ ਵਾਲ਼ੇ ਬਹੁਤੇਰੇ ਲੋਕ ਖ਼ੁਦ ਨੂੰ 'ਬਾਲਮੀਕੀ' ਕਹਿੰਦੇ ਹਨ।
ਉਹ ਆਪਣੇ ਸਿਰ 'ਤੇ ਇਨਸਾਨੀ ਮਲ਼-ਮੂਤਰ ਚੁੱਕੀ ਲਿਜਾ ਰਹੀ ਹੈ। ਖ਼ੁਦ ਨੂੰ ਸੱਭਿਅਕ ਕਹਿਣ ਵਾਲ਼ਾ ਸਮਾਜ ਇਹਨੂੰ 'ਰਾਤ ਦੀ ਮਿੱਟੀ' ਕਹਿੰਦਾ ਹੈ। ਉਹ ਭਾਰਤ ਦੇ ਸਭ ਤੋਂ ਅਸੁਰੱਖਿਅਤ ਅਤੇ ਸ਼ੋਸ਼ਤ ਨਾਗਰਿਕਾਂ ਵਿੱਚੋਂ ਇੱਕ ਹੈ। ਇਕੱਲੇ ਰਾਜਸਥਾਨ ਦੀ ਗੱਲ ਕਰੀਏ ਤਾਂ ਇੱਥੇ ਇਸ ਔਰਤ ਜਿਹੇ ਹਜ਼ਾਰਾਂ ਹਜ਼ਾਰ ਨਾਗਰਿਕ ਹਨ।
ਭਾਰਤ ਵਿੱਚ ਹੱਥੀਂ ਗੰਦ ਚੁੱਕਣ ਵਾਲ਼ੇ ਕਿੰਨੇ ਕੁ ਲੋਕ ਹਨ? ਸੱਚਿਓ, ਅਸੀਂ ਨਹੀਂ ਜਾਣਦੇ। 1971 ਦੀ ਮਰਦਮਸ਼ੁਮਾਰੀ ਤੱਕ, ਇਹਨੂੰ ਇੱਕ ਵੱਖਰੇ ਕਿੱਤੇ ਦੇ ਰੂਪ ਵਿੱਚ ਸੂਚੀਬੱਧ ਨਹੀਂ ਸੀ ਕੀਤਾ ਗਿਆ। ਕੁਝ ਰਾਜਾਂ ਦੀਆਂ ਸਰਕਾਰਾਂ ਤਾਂ ਇਹ ਤੱਕ ਮੰਨਣ ਨੂੰ ਰਾਜ਼ੀ ਨਹੀਂ ਹੁੰਦੀਆਂ ਕਿ 'ਰਾਤ ਦੀ ਮਿੱਟੀ' ਸਾਫ਼ ਕਰਨ ਵਾਲ਼ੇ ਮਜ਼ਦਰੂਾਂ ਦਾ ਕੋਈ ਵਜੂਦ ਵੀ ਹੈ। ਫਿਰ ਵੀ, ਜੋ ਵੀ ਮੋਟਾ-ਮੋਟੀ ਅੰਕੜਾ ਮੌਜੂਦ ਹੈ ਉਹ ਦੱਸਦਾ ਹੈ ਕਿ ਦਸ ਲੱਖ ਦੇ ਕਰੀਬ ਦਲਿਤ ਹੱਥੀਂ ਗੰਦ ਚੁੱਕਣ ਦੇ ਕੰਮੀਂ ਲੱਗੇ ਹੋਏ ਹਨ। ਅਸਲੀ ਅੰਕੜਾ ਇਸ ਤੋਂ ਕਿਤੇ ਵੱਧ ਹੋ ਸਕਦਾ ਹੈ। 'ਰਾਤ ਦੀ ਮਿੱਟੀ' ਨਾਲ਼ ਜੁੜੇ ਕੰਮ ਜ਼ਿਆਦਾਤਰ ਔਰਤਾਂ ਹੀ ਕਰਦੀਆਂ ਹਨ।
ਜਾਤੀ ਪ੍ਰਣਾਲੀ ਦੇ ਤਾਣੇ-ਬਾਣੇ ਕਾਰਨ ਇਸ ਜਾਤੀ ਦੇ ਲੋਕਾਂ ਨੂੰ ਸਭ ਤੋਂ ਮਾੜੀ ਸਜ਼ਾ ਭੁਗਤਣੀ ਪੈਂਦੀ ਹੈ। ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਹਰ ਮੋੜ 'ਤੇ ਛੂਆਛੂਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੀਆਂ ਬਸਤੀਆਂ ਦੂਸਰੇ ਲੋਕਾਂ ਦੀਆਂ ਬਸਤੀਆਂ ਤੋਂ ਕਾਫ਼ੀ ਅਲੱਗ-ਥਲੱਗ ਹੁੰਦੀਆਂ ਹਨ। ਕਈ ਬਸਤੀਆਂ ਪਿੰਡਾਂ ਨਾਲ਼ ਲੱਗਦੇ ਕਸਬਿਆਂ ਅਤੇ ਸ਼ਹਿਰ ਦੇ ਬਾਹਰਵਾਰ ਬਸਾਈਆਂ ਗਈਆਂ ਹੁੰਦੀਆਂ ਹਨ। ਉਨ੍ਹਾਂ ਪਿੰਡਾਂ ਵਿੱਚ ਵੀ ਜੋ ਬਗ਼ੈਰ ਕਿਸੇ ਯੋਜਨਾ ਦੇ 'ਕਸਬੇ' ਬਣ ਗਏ ਹਨ। ਪਰ ਅਜਿਹੀਆਂ ਕੁਝ ਬਸਤੀਆਂ ਮਹਾਨਗਰਾਂ ਵਿੱਚ ਵੀ ਹਨ।
ਸਾਲ 1993 ਵਿੱਚ, ਕੇਂਦਰ ਸਰਕਾਰ ਨੇ ''ਸਫ਼ਾਈ ਕਰਮਚਾਰੀ ਨਿਯੋਜਨ ਅਤੇ ਖ਼ੁਸ਼ਕ ਪਖ਼ਾਨਾ (ਪਾਬੰਦੀ) ਐਕਟ'' ਪਾਸ ਕੀਤਾ। ਇਸ ਕਨੂੰਨ ਨੇ ਹੱਥੀਂ ਮਲ਼-ਮੂਤਰ ਚੁੱਕੇ ਜਾਣ 'ਤੇ ਪਾਬੰਦੀ ਲਾ ਦਿੱਤੀ। ਕਈ ਰਾਜਾਂ ਨੇ ਇਹ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਦੇ ਇੱਥੇ ਤਾਂ ਇਹ ਪ੍ਰਥਾ ਹੈ ਹੀ ਨਹੀਂ ਜਾਂ ਫਿਰ ਚੁੱਪੀ ਧਾਰੇ ਸਭ ਦੇਖਦੇ ਰਹੇ। ਪਰ ਸੱਚ ਤਾਂ ਇਹ ਹੈ ਕਿ ਉਨ੍ਹਾਂ ਦੇ ਮੁੜ-ਵਸੇਬੇ ਲਈ ਲੋੜੀਂਦੇ ਫੰਡ ਮੌਜੂਦ ਹਨ ਅਤੇ ਰਾਜ ਸਰਕਾਰਾਂ ਦੀ ਪਹੁੰਚ ਵਿੱਚ ਹਨ। ਪਰ ਤੁਸੀਂ ਜਿਹਦੇ ਵਜੂਦ ਨੂੰ ਨਕਾਰ ਰਹੇ ਹੋ, ਉਸ ਨਾਲ਼ ਲੜੋਗੇ ਕਿਵੇਂ? ਕੁਝ ਰਾਜਾਂ ਵਿੱਚ ਤਾਂ ਇਸ ਐਕਟ ਨੂੰ ਅਪਣਾਉਣ ਨੂੰ ਲੈ ਕੇ ਕੈਬੀਨਟ ਪੱਧਰ 'ਤੇ ਵਿਰੋਧ ਵੀ ਸ਼ੁਰੂ ਹੋ ਗਿਆ ਸੀ।
ਕਈ ਨਗਰਪਾਲਿਕਾਵਾਂ ਵਿੱਚ ਔਰਤ 'ਸਫ਼ਾਈਕਰਮੀਆਂ' ਨੂੰ ਇੰਨੀ ਨਿਗੂਣੀ ਤਨਖ਼ਾਹ ਮਿਲ਼ਦੀ ਹੈ ਕਿ ਉਹ ਆਪਣੀਆਂ ਲੋੜਾਂ ਨੂੰ ਪੂਰਿਆਂ ਕਰਨ ਲਈ ਅਲੱਗ ਤੋਂ 'ਰਾਤ ਦੀ ਮਿੱਟੀ' (ਮਲ਼-ਮੂਤਰ) ਚੁੱਕਣ ਦਾ ਕੰਮ ਕਰਦੀਆਂ ਹਨ। ਅਕਸਰ ਨਗਰਪਾਲਿਕਾਵਾਂ ਮਹੀਨਿਆਂ ਬੱਧੀ ਤਨਖ਼ਾਹ ਨਹੀਂ ਦਿੰਦੀਆਂ। ਅਜਿਹੇ ਵਤੀਰੇ ਖ਼ਿਲਾਫ਼ ਹਰਿਆਣਾ ਦੇ ਸਫ਼ਾਈਕਰਮੀਆਂ ਨੇ 1996 ਵਿੱਚ ਇੱਕ ਵੱਡਾ ਪ੍ਰਦਰਸ਼ਨ ਕੀਤਾ। ਜਵਾਬ ਵਿੱਚ, ਰਾਜ ਸਰਕਾਰ ਨੇ ਕਰੀਬ 700 ਮਹਿਲਾਕਰਮੀਆਂ ਨੂੰ ਲਾਜ਼ਮੀ ਸੇਵਾ ਸੰਰਖਣ ਐਕਟ ਤਹਿਤ ਕਰੀਬ 70 ਦਿਨਾਂ ਲਈ ਕੰਮ ਕਰਨ ਤੋਂ ਰੋਕ ਦਿੱਤਾ ਸੀ। ਹੜਤਾਲ਼ ਕਰਨ ਵਾਲ਼ਿਆਂ ਦੀ ਇੱਕੋ ਮੰਗ ਸੀ: ਸਾਡੀਆਂ ਤਨਖ਼ਾਹਾਂ ਸਮੇਂ ਸਿਰ ਦਿੱਤੀਆਂ ਜਾਣ।
ਇਸ ਕੰਮ ਨੂੰ ਸਮਾਜਿਕ ਤੌਰ 'ਤੇ ਵੱਡੇ ਪੱਧਰ 'ਤੇ ਮਨਜ਼ੂਰੀ ਮਿਲ਼ੀ ਹੋਈ ਹੈ ਅਤੇ ਇਹਨੂੰ ਖ਼ਤਮ ਕਰਨ ਲਈ ਪਹਿਲਾਂ ਸਮਾਜਿਕ ਸੁਧਾਰ ਕੀਤਾ ਜਾਣਾ ਜ਼ਰੂਰੀ ਹੈ। ਕੇਰਲ ਨੇ 1950 ਅਤੇ 60 ਦੇ ਦਹਾਕੇ ਵਿੱਚ ਬਗ਼ੈਰ ਕਿਸੇ ਕਨੂੰਨ ਦੇ 'ਰਾਤ ਦੀ ਮਿੱਟੀ' ਢੋਹਣ ਦੇ ਕੰਮ ਤੋਂ ਛੁਟਕਾਰਾ ਪਾ ਲਿਆ। ਅਜਿਹੇ ਬਦਲਾਅ ਲਈ ਜਨਤਾ ਦਾ ਜਾਗਰੂਕ ਹੋਣਾ ਜ਼ਰੂਰੀ ਸੀ ਅਤੇ ਅੱਜ ਵੀ ਜ਼ਰੂਰੀ ਬਣਿਆ ਹੋਇਆ ਹੈ।


ਤਰਜਮਾ: ਕਮਲਜੀਤ ਕੌਰ