''ਚਾਰ-ਪੰਜ ਮਹੀਨਿਆਂ ਤੋਂ ਝਾਰੀਆ ਪਿੰਡ ਵਿੱਚ ਪੈਂਦੇ ਮੇਰੇ ਘਰ ਦੀ ਬਿਜਲੀ ਕੱਟੀ ਹੋਈ ਹੈ। ਮੈਂ, ਮੇਰੀ ਭੈਣ ਤੇ ਮੇਰਾ ਭਰਾ ਟਾਰਚ ਦੀ ਰੌਸ਼ਨੀ ਵਿੱਚ ਥੋੜ੍ਹਾ-ਬਹੁਤ ਪੜ੍ਹ ਲੈਂਦੇ ਹਾਂ, ਪਰ ਟਾਰਚ ਅੱਧਾ-ਪੌਣਾ ਘੰਟਾ ਹੀ ਕੰਮ ਕਰਦੀ ਹੈ। ਫਿਰ ਉਹਨੂੰ ਦੋਬਾਰਾ ਚਾਰਜ ਕਰਨ ਦੀ ਲੋੜ ਪੈਂਦੀ ਹੈ।''
ਸੋਮਵਾਰੀ ਬਾਸਕੇ 13 ਸਾਲਾ ਇੱਕ ਸੰਤਾਲ ਆਦਿਵਾਸੀ ਕੁੜੀ ਹੈ ਤੇ ਭਾਟਿਨ ਮਿਡਿਲ ਸਕੂਲ ਵਿੱਚ 8ਵੀਂ ਜਮਾਤ ਵਿੱਚ ਪੜ੍ਹਦੀ ਹੈ। ਕਿਸੇ ਵੀ ਹਾਲਤ ਵਿੱਚ ਉਹ ਆਪਣੀ ਪੜ੍ਹਾਈ ਜਾਰੀ ਰੱਖਣਾ ਚਾਹੁੰਦੀ ਹੈ: ''ਮੈਂ ਪੜ੍ਹਨਾ ਚਾਹੁੰਦੀ ਹਾਂ। ਇਹੀ ਮੇਰਾ ਸੁਪਨਾ ਹੈ।''
ਝਾਰੀਆ ਪਿੰਡ, ਜਾਦੂਗੋੜਾ ਬਲਾਕ ਵਿੱਚ ਪੈਂਦਾ ਹੈ ਤੇ ਇਹਦੀ ਅਬਾਦੀ ਕੋਈ 1,000 ਤੋਂ ਥੋੜ੍ਹੀ ਵੱਧ ਹੈ। ਇੱਥੋਂ ਦੀ ਸਾਖ਼ਰਤਾ ਦਰ 59 ਫ਼ੀਸਦ ਹੈ, ਜੋ ਝਾਰਖੰਡ ਰਾਜ ਦੀ ਸਾਖ਼ਰਤਾ ਦਰ (66.41 ਫ਼ੀਸਦ) ਨਾਲ਼ੋਂ ਘੱਟ ਹੈ। ਪੂਰਬੀ ਸਿੰਘਭੂਮ ਦੇ ਇਸ ਪਿੰਡ ਵਿੱਚ ਸਿਰਫ਼ ਪ੍ਰਾਇਮਰੀ ਸਕੂਲ ਹੀ ਹੈ, ਇਸਲਈ ਸੋਮਵਾਰੀ ਨੂੰ ਪੜ੍ਹਨ ਲਈ ਘਰੋਂ ਚਾਰ ਕਿਲੋਮੀਟਰ ਦੂਰ ਜਾਣਾ ਪੈਂਦਾ ਹੈ।
ਜਦੋਂ ਇਸ ਰਿਪੋਰਟਰ ਨੇ ਨੇੜਲੇ ਇੱਕ ਪਿੰਡ ਖੜੀਆ ਕੋਚਾ ਦਾ ਦੌਰਾ ਕੀਤਾ ਸੀ, ਤਾਂ ਸੋਮਵਾਰੀ ਨੇ ਰਿਪੋਰਟਰ ਲਈ ਸਬਰ ਭਾਸ਼ਾ ਤੋਂ ਹਿੰਦੀ ਵਿੱਚ ਦੁਭਾਸ਼ੀਏ ਦੀ ਭੂਮਿਕਾ ਨਿਭਾਈ ਸੀ ਤੇ ਝਾਰਖੰਡ ਦੇ ਪੂਰਬੀ ਸਿੰਘਭੂਮ ਦੇ ਇਸ ਇਲਾਕੇ ਦੇ ਸਬਰ ਆਦਿਵਾਸੀਆਂ ਨਾਲ਼ ਗੱਲ ਕਰਨ ਵਿੱਚ ਰਿਪੋਰਟਰ ਦੀ ਮਦਦ ਕੀਤੀ। ਆਪਣੀ ਮਾਂ-ਬੋਲੀ ਸੰਤਾਲੀ ਤੋਂ ਇਲਾਵਾ, ਸੋਮਵਾਰੀ ਸਬਰ, ਹੋ, ਹਿੰਦੀ ਤੇ ਬੰਗਾਲੀ ਵੀ ਬੋਲ ਲੈਂਦੀ ਹੈ।

ਭਾਟਿਨ ਮਿਡਿਲ ਸਕੂਲ ਦਾ ਪ੍ਰਵੇਸ਼ ਦੁਆਰ
ਹਿੰਦੀ ਵਿੱਚ ਗੱਲ ਕਰਦਿਆਂ, ਉਹ ਕਹਿੰਦੀ ਹੈ ਕਿ ਉਹਨੂੰ ਟਾਰਚ ਚਾਰਜ ਕਰਵਾਉਣ ਲਈ ਆਪਣੇ ਪਿੰਡ ਝਾਰੀਆ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਸਥਿਤ ਖੜੀਆ ਕੋਚਾ ਪਿੰਡ ਜਾਣਾ ਪੈਂਦਾ ਹੈ।
*****
''ਸਮੇਂ-ਸਿਰ ਬਿੱਲ ਨਾ ਤਾਰਨ ਕਾਰਨ ਸਾਡੇ ਘਰ ਦੀ ਬਿਜਲੀ ਕੱਟ ਦਿੱਤੀ ਗਈ। ਬਿਜਲੀ ਵਾਲ਼ਿਆਂ ਨੇ ਮੇਰੇ ਦਾਦਾ ਗੁੜਾਈ ਬਾਸਕੇ ਦੇ ਨਾਮ 16,745 ਰੁਪਿਆਂ ਦਾ ਬਿੱਲ ਭੇਜ ਦਿੱਤਾ ਸੀ। ਅਸੀਂ ਇੰਨੇ ਪੈਸੇ ਕਿੱਥੋਂ ਲਿਆਉਂਦੇ?''
''ਇਸਲਈ, ਸਾਡੇ ਘਰ ਦੀ ਬਿਜਲੀ ਕੱਟ ਦਿੱਤੀ ਗਈ।''
''ਮੇਰੇ ਪਿੰਡ ਦੇ ਕੁਝ ਘਰਾਂ ਵਿੱਚ ਬਿਜਲੀ ਆਉਂਦੀ ਹੈ, ਪਰ ਉਹ ਟਾਰਚ ਜਾਂ ਮੋਬਾਇਲ ਚਾਰਜ ਕਰਨ ਦੀ ਗੱਲ 'ਤੇ ਖ਼ਫ਼ਾ ਹੋ ਜਾਂਦੇ ਹਨ। ਇਸਲਈ, ਮੈਨੂੰ ਟਾਰਚ ਚਾਰਜ ਕਰਵਾਉਣ ਲਈ ਨਾਲ਼ ਦੇ ਪਿੰਡ ਖੜੀਆ ਕੋਚਾ ਜਾਣਾ ਪੈਂਦਾ ਹੈ। ਉੱਥੇ ਕਿਸੇ ਸਬਰ ਆਦਿਵਾਸੀ ਪਰਿਵਾਰ ਦੇ ਘਰ ਟਾਰਚ ਨੂੰ ਚਾਰਜਿੰਗ 'ਤੇ ਲਾ ਕੇ ਮੈਂ ਆਪਣੇ ਪਿੰਡ ਵਾਪਸ ਆ ਜਾਂਦੀ ਹਾਂ।

ਝਾਰਖੰਡ ਦੇ ਪੂਰਬੀ ਸਿੰਘਭੂਮ ਜ਼ਿਲ੍ਹੇ ਦੇ ਝਾਰੀਆ ਪਿੰਡ ਵਿਖੇ, ਪਿਤਾ ਦਿਵਾਰਾਮ ਤੇ ਮਾਂ ਮਾਲਤੀ ਬਾਸਕੇ ਦੇ ਨਾਲ਼ ਆਪਣੇ ਘਰ ਦੇ ਸਾਹਮਣੇ ਖੜ੍ਹੀ ਸੋਮਵਾਰੀ
'ਮੇਰੀ ਮਾਂ ਮਾਲਤੀ ਬਾਸਕੇ ਘਰ ਦੇ ਕੰਮ ਸੰਭਾਲ਼ਦੀ ਹਨ ਤੇ ਉਨ੍ਹਾਂ ਨੂੰ ਹਰ ਰੋਜ਼ ਜੰਗਲ 'ਚੋਂ ਬਾਲਣ ਲਈ ਲੱਕੜ ਇਕੱਠੀ ਕਰਨੀ ਪੈਂਦੀ ਹੈ ਤਾਂਕਿ ਘਰ ਦਾ ਚੁੱਲ੍ਹਾ ਬਲ਼ ਸਕੇ ਤੇ ਖਾਣਾ ਪੱਕ ਸਕੇ। ਜਦੋਂ ਉਹ ਜੰਗਲ ਜਾਂਦੀ ਹਨ ਤਾਂ ਘਰ ਦੇ ਕੰਮ ਮੈਂ ਸੰਭਾਲ਼ਦੀ ਹਾਂ। ਇਸ ਕਾਰਨ ਕਰਕੇ ਕਦੇ-ਕਦੇ ਮੈਂ ਸਕੂਲ ਨਹੀਂ ਜਾ ਪਾਉਂਦੀ'
''ਇਹਦੇ ਬਾਅਦ, ਮੈਨੂੰ ਉਡੀਕ ਰਹਿੰਦੀ ਹੈ ਕਿ ਕਦੋਂ ਪਾਪਾ ਜਾਂ ਚਾਚਾ ਬਜ਼ਾਰੋਂ ਆਉਣ ਤੇ ਮੈਨੂੰ ਉਨ੍ਹਾਂ ਦਾ ਸਾਈਕਲ ਮਿਲ਼ ਜਾਵੇ। ਟਾਰਚ ਨੂੰ ਪੂਰੀ ਤਰ੍ਹਾਂ ਚਾਰਜ ਹੋਣ ਵਿੱਚ ਤਿੰਨ-ਚਾਰ ਘੰਟੇ ਲੱਗ ਜਾਂਦੇ ਹਨ। ਮੈਨੂੰ ਜਦੋਂ ਵੀ ਸਾਈਕਲ ਮਿਲ਼ ਜਾਵੇ ਮੈਂ ਜਾ ਕੇ ਟਾਰਚ ਲੈ ਆਉਂਦੀ ਹਾਂ। ਹਰ ਸਵੇਰ ਮੈਨੂੰ ਟਾਰਚ ਚਾਰਜ ਕਰਵਾਉਣ ਲਈ ਜੱਦੋਜਹਿਜ ਕਰਨੀ ਪੈਂਦੀ ਹੈ, ਨਹੀਂ ਤਾਂ ਅਸੀਂ ਇੰਨਾ ਵੀ ਨਹੀਂ ਪੜ੍ਹ ਸਕਾਂਗੇ। ਮੇਰੀ ਦੀਦੀ ਰਤਨੀ ਬਾਸਕੇ 10ਵੀਂ ਅਤੇ ਮੇਰਾ ਭਰਾ ਜੀਤੂ ਬਾਸਕੇ ਤੀਸਰੀ ਕਲਾਸ ਵਿੱਚ ਪੜ੍ਹਦੇ ਹਨ।
''ਕਈ ਵਾਰੀਂ ਅਸੀਂ ਟਾਰਚ ਚਾਰਜ ਕਰਨ ਲਈ ਖੜੀਆ ਕੋਚਾ ਨਹੀਂ ਜਾ ਪਾਉਂਦੇ। ਫਿਰ ਸਾਨੂੰ ਉਹਦੀ ਬੈਟਰੀ ਬਚਾ ਕੇ ਵਰਤਣੀ ਪੈਂਦੀ ਹੈ ਜਾਂ ਫਿਰ ਮੋਮਬੱਤੀ ਬਾਲ਼ ਕੇ ਗੁਜਾਰਾ ਕਰਨਾ ਪੈਂਦਾ ਹੈ।
*****
ਭਾਟਿਨ ਤੋਂ ਇਲਾਵਾ, ਨੇੜੇ ਦੇ ਝਾਰੀਆ ਜਿਹੇ ਕਈ ਪਿੰਡਾਂ ਦੇ 234 ਵਿਦਿਆਰਥੀ ਭਾਟਿਨ ਮਿਡਿਲ ਸਕੂਲ ਪੜ੍ਹਨ ਆਉਂਦੇ ਹਨ, ਜਿਨ੍ਹਾਂ ਵਿੱਚੋਂ ਬਹੁਤੇਰੇ ਆਦਿਵਾਸੀ ਭਾਈਚਾਰਿਆਂ ਨਾਲ਼ ਤਾਅਲੁੱਕ ਰੱਖਦੇ ਹਨ। ਸਕੂਲ ਦੇ ਹੈੱਡਮਾਸਟਰ ਦਿਨੇਸ਼ ਚੰਦਰ ਭਗਤ ਦੱਸਦੇ ਹਨ,''ਜਿਸ ਦਿਨ ਮਿਡ-ਡੇਅ ਮੀਲ ਦੇ ਖਾਣੇ ਵਿੱਚ ਆਂਡਾ ਜਾਂ ਫਲ ਦਿੱਤਾ ਜਾਂਦਾ ਹੈ ਉਸ ਦਿਨ ਬੱਚਿਆਂ ਦੀ ਹਾਜ਼ਰੀ ਵੱਧ ਜਾਂਦੀ ਹੈ।''
ਝਾਰਖੰਡ ਸਰਕਾਰ, ਝਾਰਖੰਡ ਸਿੱਖਿਆ ਪ੍ਰੋਜੈਕਟ ਪਰਿਸ਼ਦ ਤਹਿਤ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲ਼ੀਆਂ ਸਾਰੀਆਂ ਕੁੜੀਆਂ ਅਤੇ ਐੱਸਸੀ, ਐੱਸਟੀ, ਬੀਪੀਐੱਲ ਪਰਿਵਾਰਾਂ ਦੇ ਬੱਚਿਆਂ ਲਈ ਮੁਫ਼ਤ ਪੋਸ਼ਕ ਯੋਜਨਾ ਚਲਾਉਂਦੀ ਹੈ। ਜਮਾਤ ਪਹਿਲੀ ਤੋਂ ਪੰਜਵੀਂ ਤੱਕ ਦੇ ਇਨ੍ਹਾਂ ਬੱਚਿਆਂ ਨੂੰ ਸਕੂਲ ਦੀ ਵਰਦੀ ਤੇ ਬੂਟ-ਜ਼ੁਰਾਬਾ ਖਰੀਦਣ ਵਾਸਤੇ 600 ਰੁਪਏ ਦਿੱਤੇ ਜਾਂਦੇ ਹਨ। ਜਮਾਤ ਛੇਵੀਂ ਤੋਂ ਅੱਠਵੀਂ ਦੇ ਸਾਰੇ ਬੱਚਿਆਂ ਨੂੰ ਵਰਦੀ ਵਾਸਤੇ 400 ਰੁਪਏ, ਸਵੈਟਰ ਵਾਸਤੇ 200 ਰੁਪਏ ਅਤੇ ਬੂਟ-ਜ਼ੁਰਾਬਾਂ ਵਾਸਤੇ 160 ਰੁਪਏ ਦਿੱਤੇ ਜਾਂਦੇ ਹਨ।


ਖੱਬੇ ਪਾਸੇ: ਪੂਰਬੀ ਸਿੰਘਭੂਮ ਜ਼ਿਲ੍ਹੇ ਦੇ ਜਾਦੂਗੋੜਾ ਬਲਾਕ ਵਿਖੇ ਸਥਿਤ ਭਾਟਿਨ ਮਿਡਿਲ ਸਕੂਲ ਦੇ ਹੈੱਡਮਾਸਟਰ ਦਿਨੇਸ਼ ਚੰਦਰ ਭਗਤ। ਸੱਜੇ ਪਾਸੇ: ਸਕੂਲ ਵਿੱਚ ਆਪਣੀਆਂ ਸਹਿਪਾਠਣਾਂ ਨਾਲ਼ ਸੋਮਵਾਰੀ
ਵਰਦੀ ਯੋਜਨਾ ਤਹਿਤ ਮਿਲ਼ਣ ਵਾਲ਼ੇ ਇਹ ਪੈਸੇ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਦੇ ਜ਼ਰੀਏ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਦਿੱਤੇ ਜਾਂਦੇ ਹਨ। ਹਾਲਾਂਕਿ, ਹੈੱਡਮਾਸਟਰ ਦਾ ਕਹਿਣਾ ਸੀ ਕਿ ਸਕੂਲ ਦੇ 60 ਫ਼ੀਸਦ ਬੱਚਿਆਂ ਨੂੰ ਹੀ ਡ੍ਰੈੱਸ ਵਾਸਤੇ ਪੈਸੇ ਮਿਲ਼ ਸਕਦੇ ਹਨ।
ਝਾਰੀਆ ਪਿੰਡ ਦੀ 94.39 ਫ਼ੀਸਦ ਅਬਾਦੀ ਸੰਤਾਲ, ਮੁੰਡਾ, ਤਾਂਤੀਤੇ ਲੁਹਾਰ ਭਾਈਚਾਰਿਆਂ ਨਾਲ਼ ਤਾਅਲੁੱਕ ਰੱਖਦੀ ਹੈ ਤੇ ਇਨ੍ਹਾਂ ਵਿੱਚ ਸੰਤਾਲ ਆਦਿਵਾਸੀਆਂ ਦੀ ਗਿਣਤੀ ਸਭ ਤੋਂ ਵੱਧ ਹੈ। ਬਹੁਤੇਰੇ ਪੇਂਡੂ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਘਰ ਚਲਾਉਂਦੇ ਹਨ, ਓਧਰ ਜਿਨ੍ਹਾਂ ਪਰਿਵਾਰਾਂ ਕੋਲ਼ ਥੋੜ੍ਹੀ-ਬਹੁਤ ਜ਼ਮੀਨ ਹੈ ਉਹ ਖੇਤੀ ਕਰਕੇ ਆਪਣੇ ਜੋਗੇ ਚੌਲ਼ ਉਗਾ ਲੈਂਦੇ ਹਨ।
''ਮੇਰੇ ਪਿਤਾ ਦਿਵਾਰਾਮ ਬਾਸਕੇ ਦਿਹਾੜੀ ਮਜ਼ਦੂਰ ਹਨ ਤੇ ਕੇਬਲ ਵਿਛਾਉਣ ਲਈ ਟੋਏ ਪੁੱਟਦੇ ਹਨ। ਜਿਸ ਦਿਨ ਕੰਮ ਮਿਲ਼ ਜਾਂਦਾ ਹੈ, ਉਨ੍ਹਾਂ ਨੂੰ 300-350 ਰੁਪਏ ਦੀ ਦਿਹਾੜੀ ਮਿਲ਼ਦੀ ਹੈ। ਇਸੇ ਨਾਲ਼ ਸਾਡਾ ਘਰ ਚੱਲਦਾ ਹੈ। ਮੇਰੇ ਦਾਦਾ ਦੇ ਨਾਂਅ ਕਰੀਬ 7 ਏਕੜ ਜ਼ਮੀਨ ਹੈ, ਪਰ ਇਹ ਕਾਫ਼ੀ ਪਥਰੀਲੀ ਜ਼ਮੀਨ ਹੈ।
''ਮੇਰੀ ਮਾਂ ਮਾਲਤੀ ਬਾਸਕੇ ਘਰ ਦੇ ਕੰਮ ਸੰਭਾਲ਼ਦੀ ਹਨ ਤੇ ਉਨ੍ਹਾਂ ਨੂੰ ਹਰ ਰੋਜ਼ ਜੰਗਲ 'ਚੋਂ ਬਾਲ਼ਣ ਚੁੱਗਣਾ ਪੈਂਦਾ ਹੈ ਤਾਂਕਿ ਘਰ ਦਾ ਚੁੱਲ੍ਹਾ ਬਲ਼ਦਾ ਰਹਿ ਸਕੇ। ਜਦੋਂ ਉਹ ਜੰਗਲ ਜਾਂਦੀ ਹਨ ਤਾਂ ਮਗਰੋਂ ਘਰ ਦਾ ਸਾਰਾ ਕੰਮ ਮੈਂ ਹੀ ਸੰਭਾਲ਼ਦੀ ਹਾਂ। ਇਸ ਕਾਰਨ ਕਰਕੇ ਕਦੇ-ਕਦਾਈਂ ਮੈਂ ਸਕੂਲ ਨਹੀਂ ਜਾ ਪਾਉਂਦੀ। ਮਾਂ, ਬਬਲੂ ਚਾਚੇ ਦੀ ਨਾਸ਼ਤੇ ਦੀ ਦੁਕਾਨ ਵਾਸਤੇ ਸਮਾਨ ਵੀ ਤਿਆਰ ਕਰਦੀ ਹੈ। ਇਸ ਕੰਮ ਬਦਲੇ ਕਦੇ-ਕਦਾਈਂ ਉਹਨੂੰ ਦਿਹਾੜੀ ਦੀ ਵਿਕਰੀ ਦੇ ਹਿਸਾਬ ਨਾਲ਼ 50-60 ਰੁਪਏ ਮਿਲ਼ ਜਾਂਦੇ ਹਨ। ਮੇਰੇ ਪਿਤਾ ਨੂੰ ਵੀ ਜਿਸ ਦਿਨ ਕੰਮ ਨਹੀਂ ਮਿਲ਼ਦਾ ਉਸ ਦਿਨ ਉਹ ਬਬਲੂ ਚਾਚੇ ਦੀ ਮਦਦ ਕਰਦੇ ਹਨ। ਭਾਵੇਂ ਕਿ ਚਾਚਾ ਸਾਡੇ ਆਪਣੇ ਭਾਈਚਾਰੇ 'ਚੋਂ ਨਹੀਂ ਹਨ, ਫਿਰ ਵੀ ਸਾਡੇ ਘਰ ਦਾ ਹਿੱਸਾ ਹਨ।''

ਭਾਟਿਨ ਮਿਡਿਲ ਸਕੂਲ ਵਿਖੇ ਸਵੇਰ ਦੀ ਅਸੈਂਬਲੀ
ਗਲੂਮ ਇਨ ਦਾ ਕਲਾਸਰੂਮ: ਦਿ ਸਕੂਲਿੰਗ ਕ੍ਰਾਇਸਿਸ ਇਨ ਝਾਰਖੰਡ ਦੀ ਰਿਪੋਰਟ ਮੁਤਾਬਕ, ਕੋਵਿਡ ਦੌਰਾਨ ਰਾਜ ਦੇ ਸਰਕਾਰੀ ਸਕੂਲਾਂ ਦੇ 87 ਫ਼ੀਸਦ ਬੱਚਿਆਂ ਕੋਲ਼ ਸਮਾਰਟਫ਼ੋਨ ਨਹੀਂ ਸਨ। ਜਿਓਂ ਦ੍ਰੇਜ਼ ਨੇ ਪਾਰੀ ਨਾਲ਼ ਹੋਈ ਗੱਲਬਾਤ ਦੌਰਾਨ ਕਿਹਾ,''ਕੋਵਿਡ ਸੰਕਟ ਦੌਰਾਨ, ਸਕੂਲੀ ਸਿੱਖਿਆ ਪ੍ਰਬੰਧ ਨੇ ਗ਼ਰੀਬ ਤੇ ਆਦਿਵਾਸੀ ਬੱਚਿਆਂ ਨੂੰ ਬੇਸਹਾਰਾ ਹੀ ਛੱਡ ਦਿੱਤਾ। ਸਾਰਾ ਕੁਝ ਆਨਲਾਈਨ ਪੜ੍ਹਾਈ ਆਸਰੇ ਛੱਡ ਦਿੱਤਾ ਗਿਆ ਸੀ, ਜੋ ਗ਼ਰੀਬ ਬੱਚਿਆਂ ਨਾਲ਼ ਹੋਇਆ ਉਹ ਕਿਸੇ ਅਨਿਆ ਤੋਂ ਘੱਟ ਨਹੀਂ ਸੀ।''
*****
''ਦਸੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਸੀ ਤੇ ਮੈਂ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਸਾਂ ਕਿ ਕ੍ਰਿਸਮਸ ਮੌਕੇ ਸਕੂਲ ਦੀ ਪਿਕਨਿਕ 'ਤੇ ਕਿਵੇਂ ਜਾਊਂਗੀ। ਆਪਣੀ ਸਹੇਲੀਆਂ ਨਾਲ਼ ਜਮਸ਼ੇਦਪੁਰ ਦੇ ਡਿਮਨਾ ਡੈਮ 'ਤੇ ਘੁੰਮਣ ਜਾਣ ਦਾ ਮੇਰਾ ਬੜਾ ਮਨ ਸੀ। ਪਰ, ਇਹਦੇ ਵਾਸਤੇ 200 ਰੁਪਏ ਦੀ ਫ਼ੀਸ ਰੱਖੀ ਗਈ ਸੀ ਤੇ ਮੇਰੇ ਪਰਿਵਾਰ ਕੋਲ਼ ਇੰਨਾ ਪੈਸਾ ਨਹੀਂ ਹੁੰਦਾ ਸੀ। ਇਸਲਈ ਮੈਂ ਆਪਣੇ ਮਾਪਿਆਂ ਕੋਲ਼ੋਂ ਪੈਸੇ ਨਾ ਮੰਗੇ। ਮੈਨੂੰ ਕਿਸੇ ਦੇ ਖੇਤ ਵਿੱਚ ਝੋਨਾ ਵੱਢਣ ਦੀ 100 ਰੁਪਏ ਦਿਹਾੜੀ ਮਿਲ਼ ਰਹੀ ਸੀ। ਇੰਝ ਮੈਂ ਦੋ ਦਿਹਾੜੀਆਂ ਲਾਈਆਂ ਤੇ 200 ਰੁਪਏ ਜੋੜ ਲਏ ਤੇ ਪਿਕਨਿਕ ਦਾ ਪੈਸਾ ਭਰ ਦਿੱਤਾ। ਸਕੂਲ ਦੀਆਂ ਸਹੇਲੀਆਂ ਨਾਲ਼ ਮੈਂ ਡਿਮਨਾ ਡੈਮ ਘੁੰਮਣ ਗਈ ਤੇ ਮੈਨੂੰ ਬੜਾ ਮਜ਼ਾ ਆਇਆ।''
''ਕਰੋਨਾ ਸਮੇਂ ਸਾਡਾ ਸਕੂਲ ਬੰਦ ਪਿਆ ਸੀ ਤੇ ਪਿਛਲੇ ਸਾਲ ਹੀ ਖੁੱਲ੍ਹਿਆ। ਤਾਲਾਬੰਦੀ ਦੌਰਾਨ ਮੈਂ ਚੰਗੀ ਤਰ੍ਹਾਂ ਪੜ੍ਹਾਈ ਨਾ ਕਰ ਸਕੀ ਤਾਂ ਪਿਛਲੇ ਪੇਪਰਾਂ ਵਿੱਚ ਮੇਰੇ ਨੰਬਰ ਕਾਫ਼ੀ ਘੱਟ ਰਹੇ। ਪਰ ਇਸ ਵਾਰ ਮੈਂ ਮਿਹਨਤ ਕਰ ਰਹੀ ਹਾਂ ਤੇ ਚੰਗੇ ਨੰਬਰ ਲੈਣਾ ਚਾਹੁੰਦੀ ਹਾਂ।
''ਜਦੋਂ ਮੇਰੇ ਪੇਪਰ ਮੁੱਕ ਜਾਣਗੇ ਤਾਂ ਅਗਲੇਰੀ ਪੜ੍ਹਾਈ ਵਾਸਤੇ ਮੈਨੂੰ ਜਾਦੂਗੋੜਾ ਜਾਣਾ ਪਿਆ ਕਰੇਗਾ। ਜਾਦੂਗੋੜੇ ਮੇਰੇ ਪਿੰਡੋਂ ਕੋਈ ਸੱਤ-ਅੱਠ ਕਿਲੋਮੀਟਰ ਦੂਰ ਹੈ। ਉੱਥੇ ਹਾਈਸਕੂਲ ਵਿੱਚ ਮੇਰਾ ਦਾਖ਼ਲਾ ਹੋ ਜਾਵੇਗਾ।''
''ਮੈਂ ਵੱਡੀ ਹੋ ਕੇ ਵਕੀਲ ਜਾਂ ਪੁਲਿਸ ਬਣਨਾ ਚਾਹੁੰਦੀ ਹਾਂ।''
ਤਰਜਮਾ : ਕਮਲਜੀਤ ਕੌਰ