ਪਟ-ਚਿੱਤਰਕਾਰੀ ਬਣਾਉਣ ਦਾ ਪਲੇਠਾ ਕਦਮ ਹੁੰਦਾ ਹੈ ਇੱਕ ਗੀਤ ਤਿਆਰ ਕਰਨਾ। ਮਾਮੋਨੀ ਚਿੱਤਰਕਾਰ ਕਹਿੰਦੀ ਹਨ,“ਚਿੱਤਰਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਇੱਕ ਗੀਤ ਦੀਆਂ ਸਤਰਾਂ ਤਿਆਰ ਕਰਨੀਆਂ ਪੈਂਦੀਆਂ ਹਨ... ਇਸ ਦੀ ਚਾਲ ਇਹਦੀ ਲੈਅ ਹੀ ਚਿੱਤਰਕਾਰੀ ਦੇ ਕਾਰਜ ਲਈ ਇੱਕ ਰੂਪ-ਰੇਖਾ ਪ੍ਰਦਾਨ ਕਰੇਗੀ।” ਆਪਣੇ ਘਰੇ ਬੈਠੀ ਅੱਠਵੀਂ ਪੀੜ੍ਹੀ ਦੀ ਇਹ ਕਲਾਕਾਰ ਪੱਛਮੀ ਬੰਗਾਲ ਦੇ ਪੂਰਬੀ ਕਲਕੱਤੇ ਦੇ ਸੇਮ (Wetland) ਇਲਾਕਿਆਂ ਨੂੰ ਦਰਸਾਉਂਦਾ ਇੱਕ ਪਟਚਿੱਤਰ ਤਿਆਰ ਕਰ ਰਹੀ ਹਨ।
ਇਸ ਕਲਾ ਦਾ ਨਾਮ ਸੰਸਕ੍ਰਿਤ ਭਾਸ਼ਾ ਦੇ ਸ਼ਬਦ ‘ਪੱਟ’ ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ਕੱਪੜੇ ਦਾ ਟੁਕੜਾ ਅਤੇ ‘ਚਿੱਤਰ’ ਤੋਂ ਭਾਵ ਹੈ ਚਿਤਰਨ ਕਲਾ। ਮਾਮੋਨੀ, ਸੇਮ ਦੁਆਰਾ ਤਿਆਰ ਗੁੰਝਲਦਾਰ ਵਾਤਾਵਰਨੀ/ਵਾਤਾਵਰਣਕ ਚੱਕਰ ਦੇ ਚਿੱਤਰ ਵਾਹੁੰਦੇ ਸਮੇਂ ਉਹ ਪਾਤਰ-ਗੀਤ ਗਾਉਂਦੀ ਹਨ ਜੋ ਇਸ ਪਟਚਿੱਤਰ ਦੀ ਵਿਆਖਿਆ ਕਰਦਾ ਹੈ। ਇਹ ਗੀਤ ਜੋ ਕਿ ਮਾਮੋਨੀ ਦੁਆਰਾ ਹੀ ਲਿਖ਼ਿਆ ਅਤੇ ਸੰਗੀਤਬੱਧ ਕੀਤਾ ਗਿਆ ਹੈ, ਇਕ ਸੱਦੇ ਨਾਲ ਸ਼ੁਰੂ ਹੁੰਦਾ ਹੈ: “ਸੁਣੋ, ਸਾਰੇ ਸੁਣੋ, ਧਿਆਨ ਨਾਲ ਸੁਣੋ।”
ਇਹ ਗੀਤ ਪੂਰਬੀ ਕਲਕੱਤੇ ਦੇ ਸੇਮ ਇਲਾਕਿਆਂ ਦੀ ਮਹੱਤਤਾ ਨੂੰ ਬਿਆਨ ਕਰਦਾ ਹੈ ਜੋ “ਬਹੁਤ ਸਾਰੇ ਲੋਕਾਂ ਦੀ ਜੀਵਨ ਰੇਖਾ ਹਨ।” ਮਛੇਰਿਆਂ, ਕਿਸਾਨਾਂ ਅਤੇ ਵਿਸ਼ਾਲ ਸਜੀਵ ਖ਼ੇਤਾਂ ਦੇ ਚਿੱਤਰ ਕੱਪੜੇ ‘ਤੇ ਚਿਪਕਾਏ ਗਏ ਕਾਗ਼ਜ਼ ’ਤੇ ਚਿੱਤਰਿਤ ਕੀਤਾ ਜਾਂਦਾ ਹੈ। ਜਦੋਂ ਪ੍ਰਦਰਸ਼ਨੀ ਦੇ ਲਈ ਤਿਆਰ ਅੰਤਮ ਪਟ ਖ਼ੋਲ੍ਹਿਆ ਜਾਂਦਾ ਹੈ, ਤਾਂ ਇਸ ਚਿੱਤਰ ਦੇ ਹਿੱਸੇ ਗੀਤ ਦੀਆਂ ਸਤਰਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦੇ ਹਨ। ਇਸ ਤਰ੍ਹਾਂ ਮਾਮੋਨੀ ਦੀ ਕਲਾ ਚਿੱਤਰਾਂ ਅਤੇ ਸੰਗੀਤ ਜ਼ਰੀਏ ਹੀ ਸੇਮ ਇਲਾਕਿਆਂ ਦੀ ਕਹਾਣੀ ਬਿਆਨ ਕਰਦੀ ਹੈ।
ਮਾਮੋਨੀ ਦੇ ਅੰਦਾਜ਼ੇ ਅਨੁਸਾਰ, ਪੱਛਮੀ ਮੇਦਿਨੀਪੁਰ ਦੇ ਪਿੰਗਲਾ ਤਾਲੁਕਾ ਵਿੱਚ ਪੈਂਦਾ ਉਹਨਾਂ ਦਾ ਨਯਾ ਪਿੰਡ ਲਗਭਗ 400 ਕਾਰੀਗਰਾਂ ਦਾ ਘਰ ਹੈ। ਇਸ ਤਾਲੁਕਾ ਦੇ ਹੋਰ ਕਿਸੇ ਪਿੰਡ ਵਿੱਚ ਅਜਿਹੇ ਕਲਾਕਾਰਾਂ ਦੀ ਇੰਨੀ ਵੱਡੀ ਗਿਣਤੀ ਨਹੀਂ ਹੈ ਜੋ ਪਟ-ਚਿੱਤਰ ਕਲਾ ਦਾ ਅਭਿਆਸ ਕਰਦੇ ਹੋਣ। “ਪਿੰਡ ਦੇ ਲਗਭਗ ਸਾਰੇ 85 ਘਰਾਂ ਦੀਆ ਕੰਧਾਂ ’ਤੇ ਚਿੱਤਰ ਬਣੇ ਹੋਏ ਹਨ।” 32 ਸਾਲਾ ਮਾਮੋਨੀ ਪੱਤਿਆਂ, ਜੰਗਲੀ ਜਾਨਵਰਾਂ ਅਤੇ ਫੁੱਲਾਂ ਵੱਲ ਇਸ਼ਾਰਾ ਕਰਦੀ ਹੋਈ ਕਹਿੰਦੀ ਹਨ। “ਸਾਡਾ ਸਾਰਾ ਪਿੰਡ ਸੋਹਣਾ ਜਾਪਦਾ ਹੈ।”

ਪੂਰਬੀ ਕਲਕੱਤੇ ਦੇ ਸੇਮ ਇਲਾਕਿਆਂ ਨੂੰ ਦਰਸਾਉਂਦੇ ਪਟਚਿੱਤਰ। ਪਟਚਿੱਤਰ ਦੇ ਹਿੱਸੇ ਪਾਤਰ-ਗਾਣ ਦੇ ਨਾਲ ਪੂਰੀ ਤਰ੍ਹਾਂ ਇਕਸੁਰ ਹਨ ਜੋ ਕਿ ਮਾਮੋਨੀ ਦੁਆਰਾ ਲਿਖ਼ਿਆ ਅਤੇ ਸੰਗੀਤਬੱਧ ਕੀਤਾ ਗਿਆ ਹੈ


ਪੱਛਮੀ ਮੇਦਿਨੀਪੁਰ ਦੇ ਨਯਾ ਪਿੰਡ ਦੇ ਘਰਾਂ ਦੀਆਂ ਕੰਧਾਂ ’ਤੇ ਫ਼ੁੱਲ, ਪੱਤੇ ਅਤੇ ਚੀਤਿਆਂ ਨੂੰ ਦਰਸਾਉਂਦੇ ਕੰਧ-ਚਿੱਤਰ। 'ਸਾਡਾ ਸਾਰਾ ਪਿੰਡ ਸੋਹਣਾ ਜਾਪਦਾ ਹੈ,' ਮਾਮੋਨੀ ਕਹਿੰਦੀ ਹਨ
ਇਸ ਪਿੰਡ ਨੂੰ ਰਾਜ ਦੁਆਰਾ ਇੱਕ ਸੈਲਾਨੀ ਕੇਂਦਰ ਵੱਜੋਂ ਸੂਚੀਬੱਧ ਕੀਤਾ ਗਿਆ ਹੈ ਅਤੇ ਇੱਥੇ ਭਾਰਤ ਭਰ ਅਤੇ ਵਿਦੇਸ਼ਾਂ ਤੋਂ ਸੈਲਾਨੀ ਆਉਂਦੇ ਹਨ। ਮਾਮੋਨੀ ਕਹਿੰਦੀ ਹਨ,“ਅਸੀਂ ਉਹਨਾਂ ਸਾਰੇ ਵਿਦਿਆਰਥੀਆਂ ਦਾ ਸੁਆਗਤ ਕਰਦੇ ਹਾਂ ਜੋ ਸਾਡੇ ਨਾਲ ਗੱਲ ਕਰਨ ਆਉਂਦੇ ਹਨ, ਸਾਡੀ ਕਲਾ ਸਿੱਖਣ ਆਉਂਦੇ ਹਨ ਅਤੇ ਸਾਡੇ ਜੀਵਨ ਅਤੇ ਕਲਾ ਬਾਰੇ ਜਾਣਨ ਦੀ ਇੱਛਾ ਰੱਖਦੇ ਹਨ।” ਉਹ ਅੱਗੇ ਬਿਆਨ ਕਰਦੀ ਹਨ,“ ਅਸੀਂ ਉਹਨਾਂ ਨੂੰ ਪਾਤਰ-ਗਾਣ ਅਤੇ ਪਟਚਿੱਤਰ ਸ਼ੈਲੀ ਦੀ ਕਲਾ ਸਿਖਾਉਂਦੇ ਹਾਂ ਅਤੇ ਕੁਦਰਤੀ ਤਰੀਕੇ ਨਾਲ ਰੰਗ ਤਿਆਰ ਕਰਨ ਸਬੰਧੀ ਵਰਕਸ਼ਾਪਾਂ ਵੀ ਲਗਾਉਂਦੇ ਹਾਂ।”
ਮਾਮੋਨੀ ਦੱਸਦੀ ਹਨ, “ਪਟਚਿੱਤਰ ਦੀ ਕਲਾ ਗੁਹਾਚਿੱਤਰ ਜਾਂ ਗੁਫ਼ਾ-ਚਿੱਤਰ ਦੀ ਪੁਰਾਤਨ ਸ਼ੈਲੀ ਤੋਂ ਲਈ ਗਈ ਹੈ।” ਇਸ ਸਦੀਆਂ ਪੁਰਾਣੀ ਦਸਤਕਾਰੀ ਲਈ ਅਸਲ ਚਿਤਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਘੰਟਿਆਂ ਦੀ ਮਿਹਨਤ ਸਮਰਪਿਤ ਕਰਨੀ ਪੈਂਦੀ ਹੈ।
ਮਾਮੋਨੀ ਦੱਸਦੀ ਹਨ ਕਿ ਇੱਕ ਵਾਰ ਪਾਤਰ-ਗਾਣ ਇੱਕ-ਸੁਰ ਹੋ ਜਾਣ ਤੋਂ ਬਾਅਦ ਅਸਲ ਚਿਤਰਨ ਦਾ ਕੰਮ ਸ਼ੁਰੂ ਹੁੰਦਾ ਹੈ। “ਜਿਵੇਂ ਕਿ ਸਾਡੀ ਪਰੰਪਰਾ ਹੈ, ਮੇਰੇ ਦੁਆਰਾ ਵਰਤੇ ਜਾਣ ਵਾਲੇ ਸਾਰੇ ਰੰਗ ਕੁਦਰਤੀ ਰੂਪ ’ਚ ਤਿਆਰ ਕੀਤੇ ਗਏ ਹਨ। ਕੱਚੀ ਹਲ਼ਦੀ, ਜਲੀ ਹੋਈ ਮਿੱਟੀ ਅਤੇ ਸੂਰਜਮੁਖ਼ੀ ਦੇ ਫੁੱਲਾਂ ਤੋਂ ਨਿਚੋੜਿਆ ਰੰਗ। “ਮੈ ਗੂੜ੍ਹਾ ਕਾਲਾ ਰੰਗ ਪ੍ਰਾਪਤ ਕਰਨ ਲਈ ਚੌਲਾਂ ਨੂੰ ਸਾੜ ਦਿੰਦੀ ਹਾਂ; ਨੀਲਾ ਰੰਗ ਪ੍ਰਾਪਤ ਕਰਨ ਲਈ ਅਪਰਾਜਿਤਾ ਦੇ ਫੁੱਲਾ ਨੂੰ ਪੀਸਦੀ ਹਾਂ ਅਤੇ ਇਸ ਤਰ੍ਹਾਂ ਹੀ ਦੂਜੇ ਰੰਗ ਪ੍ਰਾਪਤ ਕਰਦੀ ਹਾਂ।”
ਪ੍ਰਾਪਤ ਕੀਤੇ ਰਸਾਂ ਨੂੰ ਨਾਰੀਅਲ ਦੇ ਠੂਠਿਆਂ ਵਿਚ ਸਟੋਰ ਕੀਤਾ ਜਾਂਦਾ ਹੈ ਅਤੇ ਧੁੱਪ ਵਿਚ ਸੁਕਾਇਆ ਜਾਂਦਾ ਹੈ। ਰੰਗ ਇਕੱਠੇ ਕਰਨ ਦੀ ਇਸ ਪ੍ਰਕਿਰਿਆ ਵਿਚ ਇਕ ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ, ਕਿਉਕਿ ਕੁਝ ਤੱਤ ਮੋਸਮ ਅਨੁਸਾਰ ਹੀ ਉਪਲਬੱਧ ਹੁੰਦੇ ਹਨ। ਮਾਮੋਨੀ ਦਾ ਕਹਿਣਾ ਹੈ ਕਿ ਭਾਵੇਂ ਕਿ ਇਹ ਪ੍ਰਕਿਰਿਆ ਬਹੁਤ ਔਖੀ ਹੋ ਜਾਂਦੀ ਹੈ, “ਪਰ ਇਹ ਪੜਾਅ ਮਹੱਤਵਪੂਰਨ ਹਨ ਅਤੇ ਇਹਨਾਂ ਦੀ ਧਿਆਨ ਨਾਲ ਪਾਲਣਾ ਕੀਤੀ ਜਾਂਣੀ ਚਾਹੀਦੀ ਹੈ।”
ਚਿੱਤਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਰੰਗਾਂ ਨੂੰ ਬੇਲ ਤੋਂ ਪਾਪਤ ਕੀਤੀ ਜਾਣ ਵਾਲੀ ਕੁਦਰਤੀ ਗੌਂਦ ਨਾਲ ਮਿਲਾਇਆ ਜਾਂਦਾ ਹੈ। ਕਾਗਜ਼ ਦੇ ਟੁਕੜੇ ਨੂੰ ਲੰਮੇ ਸਮੇ ਤੱਕ ਬਰਕਰਾਰ ਰੱਖਣ ਲਈ ਇਹਨੂੰ ਕੱਪੜੇ ’ਤੇ ਚਿਪਕਾਉਣ ਤੋਂ ਪਹਿਲਾਂ ਤਾਜ਼ੇ ਬਣਾਏ ਚਿੱਤਰ ਨੂੰ ਚੰਗੀ ਤਰ੍ਹਾਂ ਸੁਕਾਇਆ ਜਾਂਦਾ ਹੈ। ਇਸ ਤਰ੍ਹਾਂ ਅੰਤਮ ਪਟਚਿੱਤਰ ਬਣਦਾ ਹੈ।



ਖੱਬੇ ਅਤੇ ਵਿਚਕਾਰਲੇ ਪਾਸੇ : ਮਾਮੋਨੀ ਜੈਵਿਕ ਸਰੋਤਾਂ ਜਿਵੇਂ ਕਿ ਫੁੱਲ, ਕੱਚੀ ਹਲ਼ਦੀ ਤੇ ਮਿੱਟੀ ਤੋਂ ਪ੍ਰਾਪਤ ਕੀਤੇ ਰੰਗਾਂ ਨਾਲ ਚਿੱਤਰਕਾਰੀ ਕਰਦੀ ਹੋਏ। ਸੱਜੇ : ਮਾਮੋਨੀ ਦੇ ਪਤੀ, ਸਮੀਰ ਚਿੱਤਰਕਾਰ ਬਾਂਸ ਤੋਂ ਬਣਿਆ ਇਕ ਸੰਗੀਤਕ ਸਾਜ ਵਿਖਾਉਂਦੇ ਹੋਏ ਜੋ ਪਟਚਿੱਤਰ ਦੀ ਪ੍ਰਦਰਸ਼ਨੀ ਵੇਲੇ ਨਾਲ਼ ਰੱਖਿਆ ਜਾਵੇਗਾ
ਆਪਣੇ ਪਿੰਡ ਦੇ ਹੋਰ ਲੋਕਾਂ ਵਾਂਗ ਮਾਮੋਨੀ ਨੇ ਛੋਟੀ ਉਮਰੇ ਹੀ ਪਟਚਿੱਤਰਨ ਕਲਾ ਸਿੱਖਣੀ ਸ਼ੁਰੂ ਕਰ ਦਿੱਤੀ ਸੀ। “ਮੈਂ ਉਦੋਂ ਸੱਤ ਵਰ੍ਹਿਆ ਦੀ ਸੀ ਜਦੋਂ ਮੈਂ ਚਿੱਤਰਕਾਰੀ ਕਰਨੀ ਅਤੇ ਗਾਉਣਾ ਸ਼ੁਰੂ ਕਰ ਦਿੱਤਾ ਸੀ। ਪਟਚਿੱਤਰਕਾਰੀ ਮੇਰੀ ਜੱਦੀ ਪਰੰਪਰਾ ਹੈ ਅਤੇ ਇਹ ਮੈਂ ਆਪਣੀ ਮਾਂ, ਸਵਰਨ ਚਿੱਤਰਕਾਰ ਤੋਂ ਸਿੱਖੀ ਹੈ।” ਮਾਮੋਨੀ ਦੇ 58 ਸਾਲਾ ਪਿਤਾ, ਸ਼ੰਭੂ ਚਿੱਤਰਕਾਰ, ਪਰਿਵਾਰ ਦੇ ਦੂਜੇ ਮੈਂਬਰਾਂ ਜਿਵੇਂ ਕਿ ਉਨ੍ਹਾਂ ਦੇ ਪਤੀ, ਸਮੀਰ ਅਤੇ ਭੈਣ ਸੋਨਾਲੀ ਵੀ ਇਹੀ ਕੰਮ ਕਰਦੇ ਹਨ। ਮਾਮੋਨੀ ਦੇ ਬੱਚੇ ਉਨ੍ਹਾਂ ਕੋਲੋਂ ਇਹ ਕਲਾ ਸਿੱਖ ਰਹੇ ਹਨ, ਜੋ ਅਜੇ 8ਵੀਂ ਅਤੇ 6ਵੀਂ ਜਮਾਤ ਵਿੱਚ ਪੜ੍ਹਦੇ ਹਨ।
ਪਰੰਪਰਾਗਤ ਤੌਰ ’ਤੇ ਪਟਚਿੱਤਰ ਸਥਾਨਕ ਲੋਕ-ਕਥਾਵਾਂ ਤੋਂ ਉਧਾਰ ਲਏ ਜਾਂਦੇ ਹਨ ਅਤੇ ਆਮ ਤੌਰ ’ਤੇ ਰਮਾਇਣ ਅਤੇ ਮਹਾਭਾਰਤ ਵਰਗੇ ਮਹਾਂਕਾਵਾਂ ਦੇ ਦ੍ਰਿਸ਼ਾ ਨੂੰ ਦਰਸਾਉਂਦੇ ਹਨ। ਪੁਰਾਣੇ ਪਟੂਆ — ਪਟਚਿੱਤਰ ਸ਼ੈਲੀ ਦੇ ਅਭਿਆਸੀ, ਜਿਸ ਵਿੱਚ ਮਾਮੋਨੀ ਦੇ ਦਾਦਾ-ਦਾਦੀ ਅਤੇ ਉਨ੍ਹਾਂ ਦੇ ਪੂਰਵਜ ਵੀ ਸ਼ਾਮਿਲ ਹਨ — ਪਿੰਡ-ਪਿੰਡ ਜਾ ਕੇ ਪਟਚਿੱਤਰਾਂ ਵਿਚਲੀਆਂ ਕਹਾਣੀਆਂ ਦੀ ਪ੍ਰਦਰਸ਼ਨੀ ਕਰਦੇ ਸਨ। ਬਦਲੇ ਵਿਚ ਉਹਨਾਂ ਨੂੰ ਕੁਝ ਪੈਸੇ ਜਾਂ ਭੋਜਨ ਦੀ ਪੇਸ਼ਕਸ਼ ਕੀਤੀ ਜਾਂਦੀ ਸੀ। ਅਜਿਹੀਆਂ ਪ੍ਰਦਰਸ਼ਨੀਆਂ ਦੇ ਸਹਾਰੇ ਹੀ ਉਹਨਾਂ ਦੀ ਰੋਜ਼ੀ-ਰੋਟੀ ਚਲਦੀ ਸੀ।
ਮਾਮੋਨੀ ਕਹਿੰਦੀ ਹਨ, “ਇਹ (ਪਟਚਿੱਤਰ) ਵੇਚਣ ਲਈ ਨਹੀਂ ਬਣਾਏ ਜਾਂਦੇ ਸਨ।” ਪਟਚਿੱਤਰ ਨਾ ਸਿਰਫ਼ ਚਿੱਤਰਕਾਰੀ ਦੀ ਸ਼ੈਲੀ ਸੀ, ਸਗੋਂ ਕਹਾਣੀ ਸੁਣਾਉਣ ਦਾ ਇੱਕ ਢੰਗ ਵੀ ਸੀ ਜਿਸ ਵਿੱਚ ਅਵਾਜ਼ ਅਤੇ ਦ੍ਰਿਸ਼, ਦੋਵੇਂ ਮਾਧਿਅਮ ਦਾ ਕੰਮ ਕਰਦੇ ਸਨ।
ਸਮੇਂ ਦੇ ਨਾਲ-ਨਾਲ ਮਾਮੋਨੀ ਵਰਗੇ ਪਟੂਆਂ ਨੇ ਪਟਚਿੱਤਰ ਸ਼ੈਲੀ ਦੇ ਰਵਾਇਤੀ ਸਿਧਾਂਤਾਂ ਨੂੰ ਸਮਕਾਲੀ ਵਿਸ਼ਿਆਂ ਨਾਲ ਰਲ਼ਾ ਲਿਆ। “ਮੈਨੂੰ ਨਵੇਂ ਵਿਸ਼ਾ-ਵਸਤੂਆਂ ’ਤੇ ਕੰਮ ਕਰਨਾ ਪਸੰਦ ਹੈ,” ਉਹ ਕਹਿੰਦੀ ਹਨ। “ਮੈਂ ਸੁਨਾਮੀ ਵਰਗੀਆਂ ਕੁਦਰਤੀ ਆਫ਼ਤਾਂ ’ਤੇ ਵੀ ਕੁਝ ਕੰਮ ਕੀਤਾ ਹੈ। ਮੈਂ ਆਪਣੇ ਕੰਮ ਵਿੱਚ ਸਮਾਜਿਕ ਮੁੱਦਿਆਂ, ਜਿਵੇਂ ਕਿ ਲਿੰਗ ਆਧਾਰਿਤ ਹਿੰਸਾ, ਤਸਕਰੀ ਆਦਿ ਨੂੰ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ।”


ਖੱਬੇ : ਮਾਮੋਨੀ ਡਿਸਅਪੀਅਰਿੰਗ ਡਾਇਲਾਗ ਕਲੈਕਟਿਵ ਸੰਸਥਾ ਦੇ ਮੈਂਬਰਾਂ ਨਾਲ ਗੱਲ ਕਰਦੇ ਹੋਏ, ਜਿਹਨਾਂ ਨਾਲ ਮਿਲ ਕੇ ਉਹ ਪੂਰਬੀ ਕਲਕੱਤੇ ਦੇ ਸੇਮ ਇਲਾਕਿਆਂ ਦਾ ਪਟਚਿੱਤਰ ਬਣਾ ਰਹੀ ਹਨ। ਸੱਜੇ: ਵੱਖ-ਵੱਖ ਤਰ੍ਹਾਂ ਦੇ ਪਟਚਿੱਤਰਾਂ ਦੀ ਨੁਮਾਇਸ਼

ਮਾਮੋਨੀ ਵਿਕਰੀ ਵਧਾਉਣ ਲਈ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕਰਦੀ ਹਨ। ਇੱਥੇ ਉਹ ਆਪਣੇ ਪੂਰਬੀ ਕਲਕੱਤੇ ਦੇ ਸੇਮ ਇਲਾਕਿਆਂ ਦੇ ਪਟਚਿੱਤਰਾਂ ਨਾਲ ਦਿਖਾਈ ਦੇ ਰਹੀ ਹਨ
ਉਹਨਾਂ ਦਾ ਹਾਲੀਆ ਕੰਮ ਕੋਵਿਡ-19 ਦੇ ਪ੍ਰਭਾਵਾਂ, ਇਸਦੇ ਲੱਛਣਾਂ ਅਤੇ ਆਲ਼ੇ-ਦੁਆਲ਼ੇ ਦੀ ਜਾਗਰੂਕਤਾ ਫ਼ੈਲਾਉਂਦਾ ਹੈ। ਮਾਮੋਨੀ ਨੇ ਕੁਝ ਹੋਰ ਕਲਾਕਾਰਾਂ ਨਾਲ ਰਲ਼ ਕੇ ਹਸਪਤਾਲਾਂ, ਹਾਟ (ਹਫ਼ਤਾਵਾਰੀ ਬਜ਼ਾਰ) ਅਤੇ ਨਯਾ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਇਸ ਪਟਚਿੱਤਰ ਦਾ ਪ੍ਰਦਰਸ਼ਨ ਕੀਤਾ ਸੀ।
ਹਰ ਸਾਲ ਨਵੰਬਰ ਮਹੀਨੇ ਨਯਾ ਪਿੰਡ ਵਿੱਚ ਪਟ-ਮਾਇਆ ਨਾਮਕ ਇੱਕ ਮੇਲਾ ਆਯੋਜਿਤ ਕੀਤਾ ਜਾਂਦਾ ਹੈ। “ਇਹ ਭਾਰਤਵਰ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਅਤੇ ਕਲਾ ਮਾਹਿਰਾਂ ਲਈ ਇੱਕ ਖਿੱਚ ਦਾ ਕੇਂਦਰ ਹੈ ਜੋ ਇਹਨਾਂ ਤਸਵੀਰਾਂ ਨੂੰ ਖ਼ਰੀਦਦੇ ਹਨ,” ਮਾਮੋਨੀ ਦੱਸਦੀ ਹਨ। ਟੀ-ਸ਼ਰਟਾਂ, ਲੱਕੜ ਦੀਆਂ ਵਸਤਾਂ, ਭਾਂਡਿਆਂ, ਸਾੜੀਆਂ ਅਤੇ ਹੋਰ ਕੱਪੜਿਆਂ ’ਤੇ ਵੀ ਪਟਚਿੱਤਰ ਸ਼ੈਲੀ ਵੇਖੀ ਜਾ ਸਕਦੀ ਹੈ। ਇਸ ਨਾਲ ਸ਼ਿਲਪਕਾਰੀ ਦੇ ਕੰਮ ’ਚ ਵੀ ਦਿਲਚਸਪੀ ਵਧੀ ਹੈ, ਜੋ ਕਿ ਕੋਵਿਡ-19 ਮਹਾਮਾਰੀ ਦੋਰਾਨ ਕਾਫ਼ੀ ਪ੍ਰਭਾਵਿਤ ਹੋਇਆ ਸੀ। ਮਾਮੋਨੀ ਸੋਸ਼ਲ ਮੀਡੀਆ, ਖ਼ਾਸਕਰ ਫੇਸਬੁੱਕ ’ਤੇ ਆਪਣੇ ਕੰਮ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹਨ ਅਤੇ ਇਹ ਉਹਨਾਂ ਨੂੰ ਸਾਲ ਭਰ ਵਪਾਰ ਕਰਨ ਵਿਚ ਸਹਾਈ ਹੁੰਦਾ ਹੈ।
ਮਾਮੋਨੀ ਆਪਣੀ ਕਲਾ ਨਾਲ ਇਟਲੀ, ਬਹਿਰੀਨ, ਫਰਾਂਸ ਅਤੇ ਅਮਰੀਕਾ ਦਾ ਦੌਰਾ ਕਰ ਚੁੱਕੀ ਹਨ। ਮਾਮੋਨੀ ਕਹਿੰਦੀ ਹਨ,“ਇਹ ਸਭ ਸਾਡੀ ਕਲਾ ਅਤੇ ਗੀਤਾਂ ਦੁਆਰਾ ਹੀ ਸੰਭਵ ਹੋਇਆ ਹੈ ਕਿ ਅਸੀਂ ਇੰਨੇ ਲੋਕਾਂ ਤੱਕ ਪਹੁੰਚ ਸਕੇ” ਅਤੇ ਆਸ ਕਰਦੀ ਹਨ ਕਿ ਇਹ ਕਲਾ ਅੱਗੇ ਵੀ ਜਾਰੀ ਰਹੇਗੀ।
ਦਿ ਡਿਸਅਪੀਅਰਿੰਗ ਡਾਇਲਾਗ ਕਲੈਕਟਿਵ ( DD ) ਸੰਸਥਾ ਕਲਾ ਅਤੇ ਸੱਭਿਆਚਾਰ ਨੂੰ ਇੱਕ ਮਾਧਿਅਮ ਵਜੋਂ ਵਰਤਦੇ ਹੋਏ ਭਾਈਚਾਰਿਆਂ ਵਿਚਲੀ ਆਪਸੀ ਦੂਰੀ ਨੂੰ ਪੂਰਨ ਲਈ ਸਮਾਜਾਂ ਦੇ ਅੰਦਰ ਅਤੇ ਉਨ੍ਹਾਂ ਨਾਲ਼ ਮਿਲ਼ ਕੇ ਕੰਮ ਕਰ ਰਹੀ ਹੈ। ਇਸਦਾ ਮੰਤਵ ਮੌਜੂਦਾ ਵਿਰਾਸਤ , ਸੱਭਿਆਚਾਰ ਅਤੇ ਵਾਤਾਵਰਨ ਦੀ ਸੰਭਾਲ ਨੂੰ ਹੋਰ ਜ਼ਿਆਦਾ ਬਣਾਈ ਰੱਖਣ ਵਿੱਚ ਸਹਾਇਤਾ ਕਰਨਾ ਹੈ।
ਇਹ ਲੇਖ਼ ਇੰਡੀਅਨ ਫਾਊਂਡੇਸ਼ਨ ਫਾਰ ਦਿ ਆਰਟਸ ਦੁਆਰਾ ਆਰਕਾਈਵਜ਼ ਐਂਡ ਮਿਊਜ਼ਿਅਮ ਪ੍ਰੋਗਰਾਮ ਦੇ ਅਧੀਨ ਅਤੇ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ( PARI ) ਦੇ ਸਹਿਯੋਗ ਨਾਲ ਚਲਾਈ ਗਈ ਪਰਿਯੋਜਨਾ ਜੋਲ - ਏ - ਭੂਮੀਰ ਗੋਲਪੋ ਓ ਕਥਾ | ਸਟੋਰੀਜ਼ ਆਫ਼ ਦਿ ਵੈੱਟਲੈਂਡ ਅਧੀਨ ਛਾਪੀ ਗਈ ਹੈ।
ਤਰਜਮਾ: ਇੰਦਰਜੀਤ ਸਿੰਘ