ਹਰ ਵਾਰ ਜਦੋਂ ਅਨਾਰੁਲ ਇਸਲਾਮ ਆਪਣੀ ਜ਼ਮੀਨ 'ਤੇ ਕੰਮ ਕਰਨ ਜਾਂਦੇ ਹਨ ਤਾਂ ਉਨ੍ਹਾਂ ਨੂੰ ਅੰਤਰਰਾਸ਼ਟਰੀ ਸੀਮਾ ਪਾਰ ਕਰਨੀ ਪੈਂਦੀ ਹੈ। ਇੰਝ ਕਰਨ ਤੋਂ ਪਹਿਲਾਂ, ਉਨ੍ਹਾਂ ਨੂੰ ਇੱਕ ਲੰਮੇ-ਚੌੜੇ ਪ੍ਰੋਟੋਕਾਲ ਅਤੇ ਸੁਰੱਖਿਆ ਜਾਂਚ ਦਾ ਪਾਲਣ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਆਈਡੀ ਪਰੂਫ਼ ਜਮ੍ਹਾ ਕਰਨਾ ਪੈਂਦਾ ਹੈ (ਉਹ ਆਪਣਾ ਵੋਟਰ ਕਾਰਡ ਨਾਲ਼ ਰੱਖਦੇ ਹਨ), ਰਜਿਸਟਰ 'ਤੇ ਹਸਤਾਖ਼ਰ ਕਰਨ ਦੇ ਨਾਲ਼-ਨਾਲ਼ ਪੂਰੇ ਸਰੀਰ ਦੀ ਜਾਂਚ ਕਰਾਉਣੀ ਪੈਂਦੀ ਹੈ। ਉਹ ਖੇਤੀ ਦੇ ਜੋ ਵੀ ਸੰਦ ਆਪਣੇ ਨਾਲ਼ ਲਿਜਾਂਦੇ ਹਨ, ਉਨ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਕਿਸੇ ਦਿਨ ਜੇਕਰ ਉਨ੍ਹਾਂ ਦੀ ਗਾਂ ਵੀ ਨਾਲ਼ ਹੁੰਦੀ ਹੈ ਤਾਂ ਉਹਦੀ ਫੋਟੋ ਦੀ ਹਾਰਡ-ਕਾਪੀ ਜਮ੍ਹਾਂ ਕਰਾਉਣੀ ਪੈਂਦੀ ਹੈ।
"ਦੋ ਤੋਂ ਵੱਧ ਗਾਵਾਂ ਦੀ (ਇੱਕ ਵਾਰ ਵਿੱਚ) ਇਜਾਜ਼ਤ ਨਹੀਂ ਹੈ," ਅਨਾਰੁਲ ਕਹਿੰਦੇ ਹਨ। "ਮੁੜਦੇ ਸਮੇਂ, ਮੈਨੂੰ ਦੋਬਾਰਾ ਹਸਤਾਖ਼ਰ ਕਰਨੇ ਪੈਂਦੇ ਹਨ ਅਤੇ ਮੇਰੇ ਦਸਤਾਵੇਜ ਵਾਪਸ ਕਰ ਦਿੱਤੇ ਜਾਂਦੇ ਹਨ। ਜੇਕਰ ਕਿਸੇ ਕੋਲ਼ ਆਈਡੀ ਪਰੂਫ਼ ਨਹੀਂ ਹੁੰਦਾ ਤਾਂ ਉਹਨੂੰ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।"
ਅਨਾਰੁਲ ਇਸਲਾਮ- ਇੱਥੇ ਹਰੇਕ ਉਨ੍ਹਾਂ ਨੂੰ ਬਾਬੁਲ ਦੇ ਨਾਮ ਨਾਲ਼ ਜਾਣਦਾ ਹੈ- ਮੇਘਾਲਿਆ ਦੇ ਦੱਖਣ ਪੱਛਮੀ ਗਾਰੋ ਹਿਲਸ ਜਿਲ੍ਹੇ ਦੇ ਬਾਗੀਚਾ ਪਿੰਡ ਵਿੱਚ ਆਪਣੇ ਸਪਰਿਵਾਰ ਰਹਿੰਦੇ ਸਨ। ਰਾਜ ਦੀ ਸੀਮਾ ਦਾ ਲਗਭਗ 443 ਕਿਲੋਮੀਟਰ ਹਿੱਸਾ, ਭਾਰਤ ਤੇ ਬੰਗਲਾਦੇਸ ਦਰਮਿਆਨ ਕਰੀਬ 4,140 ਕਿਲੋਮੀਟਰ ਲੰਬੀ ਅੰਤਰਰਾਸ਼ਟਰੀ ਸੀਮਾ- ਦੁਨੀਆ ਦੀ ਪੰਜਵੀਂ ਸਭ ਤੋਂ ਲੰਬੀ ਭੂਮੀ ਸੀਮਾ- ਨਾਲ਼ ਖਹਿੰਦਾ ਹੈ। ਮੇਘਾਲਿਆ ਨਾਲ਼ ਲੱਗੀ ਸੀਮਾ ਕੰਡਿਆਲ਼ੀ ਤਾਰ ਅਤੇ ਕੰਕਰੀਟ ਨਾਲ਼ ਬਣੀ ਹੋਈ ਹੈ।
ਵਾੜ ਲਾਉਣ ਦਾ ਕੰਮ 1980 ਦੇ ਦਹਾਕੇ ਦੇ ਨੇੜੇ-ਤੇੜੇ ਸ਼ੁਰੂ ਹੋਇਆ- ਹਾਲਾਂਕਿ ਸਦੀਆਂ ਤੋਂ ਪ੍ਰਵਾਸ ਇਸ ਖੇਤਰ ਦੀ ਅਰਥਵਿਵਸਥਾ ਅਤੇ ਗ੍ਰਾਮੀਣਾਂ ਦੀ ਰੋਜ਼ੀਰੋਟੀ ਦਾ ਇੱਕ ਅਟੁੱਟ ਹਿੱਸਾ ਰਿਹਾ ਹੈ। ਉਪਮਹਾਂਦੀਪ ਦੀ ਵੰਡ ਅਤੇ ਬਾਅਦ ਵਿੱਚ ਬੰਗਲਾਦੇਸ਼ ਦੇ ਨਿਰਮਾਣ ਨੇ ਇਸ ਆਵਾਜਾਈ ਨੂੰ ਰੋਕ ਦਿੱਤਾ। ਦੋਵਾਂ ਦੇਸ਼ਾਂ ਦਰਮਿਆਨ ਸਮਝੌਤੇ ਦੇ ਤਹਿਤ, ਵਾੜ ਨਾਲ਼ ਖਹਿੰਦੀ 150 ਗਜ਼ ਦੀ ਦੂਰੀ ਨੂੰ ਇੱਕ ਤਰ੍ਹਾਂ ਨਾਲ਼ 'ਬਫ਼ਰ ਜ਼ੋਨ' ਦੇ ਰੂਪ ਵਿੱਚ ਬਰਕਰਾਰ ਰੱਖਿਆ ਗਿਆ ਹੈ।
47 ਸਾਲਾ ਅਨਾਰੁਲ ਇਸਲਾਮ ਨੂੰ ਇਹ ਜ਼ਮੀਨੀ ਹਿੱਸਾ ਵਿਰਾਸਤ ਵਿੱਚ ਮਿਲ਼ਿਆ ਹੈ। ਜਦੋਂ ਉਹ ਸੱਤ ਸਾਲ ਦੇ ਸਨ ਤਾਂ ਉਨ੍ਹਾਂ ਨੇ ਆਪਣੇ ਪਿਤਾ ਦੀ ਮਦਦ ਕਰਨ ਲਈ ਸਕੂਲ ਜਾਣਾ ਤੱਕ ਛੱਡ ਦਿੱਤਾ ਸੀ। ਉਨ੍ਹਾਂ ਦੇ ਤਿੰਨ ਭਰਾਵਾਂ ਨੂੰ ਵੀ ਜ਼ਮੀਨ ਦੇ ਹਿੱਸੇ ਵਿਰਾਸਤ ਵਿੱਚ ਮਿਲ਼ੇ, ਜਿਸ 'ਤੇ ਉਹ ਜਾਂ ਤਾਂ ਖੁਦ ਖੇਤੀ ਕਰਦੇ ਹਨ ਜਾਂ ਕਿਸੇ ਨੂੰ ਹੋਰ ਨੂੰ ਪਟੇ 'ਤੇ ਦਿੰਦੇ ਹਨ (ਅਤੇ ਉਨ੍ਹਾਂ ਦੀਆਂ ਚਾਰੋ ਭੈਣਾਂ ਗ੍ਰਹਿਣੀਆਂ ਹਨ)।

ਅਨਾਰੁਲ ਇਸਲਾਮ ਦੱਖਣ ਪੱਛਮੀ ਗਾਰੋ ਹਿਲਸ ਵਿੱਚ ਆਪਣੇ ਘਰ ਦੇ ਸਾਹਮਣੇ : ' ਮੇਰੇ ਪੁਰਖੇ ਇੱਥੇ ਹੀ ਰਹਿੰਦੇ ਸਨ, ਜੋ ਹੁਣ ਅੰਤਰਰਾਸ਼ਟਰੀ ਸੀਮਾ ਹੈ '
ਅਨਾਰੁਲ ਰੋਜ਼ੀਰੋਟੀ ਲਈ, ਖੇਤੀ ਤੋਂ ਇਲਾਵਾ ਹੋਰ ਛੋਟੇ-ਮੋਟੇ ਕੰਮ ਵੀ ਕਰਦੇ ਹਨ ਜਿਵੇਂ ਸ਼ਾਹੂਕਾਰੀ ਅਤੇ ਨਿਰਮਾਣ ਸਥਲਾਂ 'ਤੇ ਬਤੌਰ ਮਜ਼ਦੂਰ ਕੰਮ ਕਰਨਾ। ਪਰ ਜ਼ਮੀਨ ਦੇ ਨਾਲ਼ ਉਨ੍ਹਾਂ ਦਾ ਭਾਵਨਾਤਮਕ ਲਗਾਓ ਹੈ। "ਇਹ ਮੇਰੇ ਪਿਤਾ ਦੀ ਜ਼ਮੀਨ ਹੈ, ਜਿੱਥੇ ਮੈਂ ਬਚਪਨ ਤੋਂ ਆਉਂਦਾ ਰਿਹਾ ਹਾਂ," ਉਹ ਕਹਿੰਦੇ ਹਨ। "ਇਹ ਮੇਰੇ ਲਈ ਖਾਸ ਹੈ। ਮੈਨੂੰ ਹੁਣ ਇਸ 'ਤੇ ਖੇਤੀ ਕਰਨਾ ਚੰਗਾ ਲੱਗਦਾ ਹੈ।"
ਉਨ੍ਹਾਂ ਕੋਲ਼ ਵਾੜ ਪਾਰ ਕਰਦਿਆਂ ਸੀਮਾ 'ਤੇ ਹੀ ਸਥਿਤ, ਸੱਤ ਵਿਘੇ (ਕਰੀਬ 2.5 ਏਕੜ) ਜ਼ਮੀਨ ਹੈ। ਪਰ ਸੀਮਾ 'ਤੇ ਹੋਣ ਵਾਲ਼ੀ ਜਾਂਚ-ਪੜਤਾਲ਼ ਨੇ 'ਬਫ਼ਰ ਜ਼ੋਨ' ਦੇ ਖੇਤਰਾਂ ਤੱਕ ਪਹੁੰਚਣ ਵਿੱਚ ਜਿਹੜੀਆਂ ਅੜਚਨਾਂ ਪੈਦਾ ਕੀਤੀਆਂ, ਉਨ੍ਹਾਂ ਕਰਕੇ ਬੀਤੇ ਸਾਲਾਂ ਵਿੱਚ ਕੁਝ ਕਿਸਾਨਾਂ ਨੂੰ ਖੇਤੀ ਛੱਡਣ 'ਤੇ ਮਜ਼ਬੂਰ ਹੋਣਾ ਪਿਆ। ਪਰ ਅਨਾਰੁਲ ਨੇ ਖੇਤੀ ਕਰਨੀ ਜਾਰੀ ਰੱਖੀ ਹੋਈ ਹੈ ਕਿਉਂਕਿ ਉਨ੍ਹਾਂ ਦਾ ਖੇਤ ਸੀਮਾ ਦੇ ਬੂਹੇ ਤੋਂ ਬਹੁਤੀ ਦੂਰ ਨਹੀਂ ਹੈ ਅਤੇ ਉਹ ਖੁਦ ਨੂੰ ਜਮੀਨ ਨਾਲ਼ ਜੁੜਿਆ ਹੋਇਆ ਮਹਿਸੂਸ ਕਰਦੇ ਹਨ। ''ਮੇਰੇ ਪੁਰਖੇ ਇੱਥੇ ਹੀ ਰਹਿੰਦੇ ਸਨ, ਜੋ ਹੁਣ ਅੰਤਰਰਾਸ਼ਟਰੀ ਸੀਮਾ ਹੈ', ਉਹ ਕਹਿੰਦੇ ਹਨ।
ਕਿਸੇ ਜ਼ਮਾਨੇ ਵਿੱਚ ਉਨ੍ਹਾਂ ਦਾ ਪ੍ਰਭਾਵਸ਼ਾਲੀ ਪਰਿਵਾਰ ਸੀ, ਜਿਹਦੀਆਂ ਸ਼ਾਖਾਵਾਂ ਵੱਡੇ ਰਿਹਾਇਸ਼ੀ ਖੇਤਰਾਂ ਵਿੱਚ ਫੈਲੀਆਂ ਹੋਈਆਂ ਸਨ, ਜਿਹਨੂੰ ' ਦਫਾਦਾਰ ਭੀਟਾ ' (ਜਿਮੀਂਦਾਰਾਂ ਦੀ ਜੱਦੀ ਜ਼ਮੀਨ) ਦੇ ਰੂਪ ਵਿੱਚ ਜਾਣਿਆ ਜਾਂਦਾ ਸੀ। ਉਹ ਦੱਸਦੇ ਹਨ ਕਿ ਯੁੱਧ ਦੇ ਬਾਅਦ, 1970 ਦੇ ਦਹਾਕੇ ਵਿੱਚ, ਸੀਮਾਵਰਤੀ ਇਲਾਕਿਆਂ ਵਿੱਚ ਲੁਟੇਰਿਆਂ ਦੇ ਹਮਲੇ ਨਾਲ਼ ਸੁਰੱਖਿਆ ਦਾ ਕੋਈ ਬੰਦੋਬਸਤ ਨਹੀਂ ਸੀ, ਇਸਲਈ ਉਨ੍ਹਾਂ ਵਿੱਚੋਂ ਕਈ ਲੋਕ ਦੂਸਰੇ ਪਿੰਡਾਂ ਵਿੱਚ ਜਾਂ ਮਹੇਂਦਰਗੰਜ ਦੇ ਬਾਹਰੀ ਇਲਾਕੇ ਵਿੱਚ ਤਬਦੀਲ ਹੋਣ 'ਤੇ ਮਜ਼ਬੂਰ ਹੋਏ ਜੋ ਕਿ ਜ਼ਿਕਜ਼ਕ ਬਲਾਕ ਵਿੱਚ ਇੱਕ ਵੱਡੀ ਨਗਰਪਾਲਿਕਾ ਹੈ। ਕਰੀਬ 600 ਲੋਕਾਂ ਦੀ ਅਬਾਦੀ ਵਾਲ਼ਾ ਬਾਗੀਚਾ ਨਾਮਕ ਉਨ੍ਹਾਂ ਦਾ ਪਿੰਡ ਇਸੇ ਬਲਾਕ ਦਾ ਹਿੱਸਾ ਹੈ। ਅਨਾਰੁਲ ਅੱਗੇ ਦੱਸਦੇ ਹਨ ਕਿ ਵਾੜ ਲਾਉਣ ਦੇ ਕਾਰਨ ਸਰਕਾਰ ਨੇ ਕਈ ਲੋਕਾਂ ਨੂੰ ਮੁਆਵਜੇ ਦੀ ਵੱਖੋ-ਵੱਖ ਰਾਸ਼ੀ ਦੇਣ ਦਾ ਵਾਅਦਾ ਕੀਤਾ ਸੀ, ਪਰ ਉਹਦਾ ਪੂਰੀ ਤਰ੍ਹਾਂ ਭੁਗਤਾਨ ਕੀਤਾ ਜਾਣਾ ਹਾਲੇ ਬਾਕੀ ਹੈ।
ਸੀਮਾ 'ਤੇ ਸਥਿਤ ਬੂਹਾ ਸਵੇਰੇ 8 ਵਜੇ ਖੁੱਲ੍ਹਦਾ ਹੈ ਅਤੇ ਸ਼ਾਮੀਂ 4 ਵਜੇ ਬੰਦ ਹੋ ਜਾਂਦਾ ਹੈ। ਇਨ੍ਹਾਂ ਘੰਟਿਆਂ ਵਿਚਕਾਰ, ਇਹ ਬੰਦ ਹੀ ਰਹਿੰਦਾ ਹੈ। ਕੰਮ 'ਤੇ ਜਾਣ ਵਾਲ਼ੇ ਕਿਸਾਨਾਂ ਨੂੰ ਇੱਕ ਵੈਧ ਪਛਾਣ ਪੱਤਰ ਅਤੇ ਹਸਤਾਖ਼ਰ ਜਾਂ ਅੰਗੂਠੇ ਦੇ ਨਿਸ਼ਾਨ ਨਾਲ਼ ਆਪਣਾ ਨਾਮ ਦਰਜ਼ ਕਰਨਾ ਪੈਂਦਾ ਹੈ ਅਤੇ ਸੀਮਾ ਸੁਰੱਖਿਆ ਬਲ (ਬੀਐੱਫਐੱਸ) ਦੇ ਕੋਲ਼ ਇੱਕ ਰਜਿਸਟਰ ਹੈ ਜਿਸ 'ਤੇ ਹਰ ਪ੍ਰਵੇਸ਼ ਅਤੇ ਨਿਕਾਸ ਨੂੰ ਦਰਜ ਕੀਤਾ ਜਾਂਦਾ ਹੈ। "ਉਹ ਸਖ਼ਤ ਹਨ। ਬਿਨਾ ਆਈਡੀ ਪਰੂਫ਼ ਦੇ ਕੋਈ ਪ੍ਰਵੇਸ ਨਹੀਂ ਹੁੰਦਾ। ਜੇਕਰ ਤੁਸੀਂ ਆਈਡੀ ਲਿਆਉਣੀ ਭੁੱਲ ਗਏ ਤਾਂ ਸਮਝੋ ਤੁਸਾਂ ਪੂਰਾ ਦਿਨ ਬਰਬਾਦ ਕਰ ਲਿਆ," ਅਨਾਰੁਲ ਕਹਿੰਦੇ ਹਨ।
ਕੰਮ 'ਤੇ ਜਾਂਦੇ ਸਮੇਂ ਉਹ ਆਪਣੇ ਨਾਲ਼ ਭੋਜਨ ਵੀ ਲੈ ਜਾਂਦੇ ਹਨ, "ਚਾਵਲ ਜਾਂ ਰੋਟੀ, ਦਾਲ, ਸਬਜੀ, ਮੱਛੀ, ਬੀਫ਼..." ਉਹ ਐਲੂਮੀਨੀਅਮ ਦੇ ਭਾਂਡੇ ਵਿੱਚ ਸਾਰਾ ਕੁਝ ਇਕੱਠੇ ਹੀ ਰੱਖਦੇ ਹਨ, ਉਹਨੂੰ ਇੱਕ ਪਲੇਟ ਨਾਲ਼ ਢੱਕ ਦਿੰਦੇ ਹਨ ਅਤੇ ਫਿਰ ਗਮਸ਼ਾ ਜਾਂ ਸੂਤੀ ਤੌਲੀਏ ਨਾਲ਼ ਬੰਨ੍ਹ ਕੇ ਉਹਨੂੰ ਆਪਣੇ ਨਾਲ਼ ਲੈ ਜਾਂਦੇ ਹਨ। ਉਹ ਸੀਮਾ ਦੇ ਬੂਹੇ ਦੇ ਨੇੜੇ ਸਥਿਤ ਮਜਾਰ (ਧਾਰਮਿਕ ਸਥਾਨ) ਦੇ ਖੂਹ ਤੋਂ ਪਾਣੀ ਕੱਢਦੇ ਹਨ। ਜੇਕਰ ਪਾਣੀ ਖ਼ਤਮ ਹੋ ਗਿਆ ਹੋਵੇ ਤਾਂ ਉਨ੍ਹਾਂ ਨੂੰ ਸ਼ਾਮੀਂ 4 ਵਜੇ ਤੱਕ ਪਿਆਸੇ ਹੀ ਰਹਿਣਾ ਪੈਂਦਾ ਹੈ ਜਾਂ ਇੱਕ ਵਾਰ ਦੋਬਾਰਾ ਤੋਂ ਪ੍ਰਵੇਸ-ਨਿਕਾਸ ਪ੍ਰੋਟੋਕਾਲ ਦਾ ਪਾਲਣ ਕਰਨਾ ਪੈਂਦਾ ਹੈ, ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਕਈ ਵਾਰ ਬੀਐੱਸਐੱਫ ਦੇ ਜਵਾਨ ਇਸ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ। "ਜੇ ਮੈਂ ਪਾਣੀ ਪੀਣਾ ਚਾਹਾਂ, ਤਾਂ ਮੈਨੂੰ ਇੰਨੀ ਦੂਰੀ ਤੈਅ ਕਰਕੇ ਇੱਥੇ ਆਉਣਾ ਹੋਵੇਗਾ, ਪ੍ਰਕਿਰਿਆ ਦਾ ਫਿਰ ਤੋਂ ਪਾਲਣ ਹੋਵੇਗਾ ਅਤੇ ਅਕਸਰ ਬੂਹਾ ਖੁੱਲ੍ਹਣ ਦਾ ਲੰਬੀ ਇੰਤਜਾਰ ਕਰਨਾ ਪਵੇਗਾ," ਅਨਾਰੁਲ ਕਹਿੰਦੇ ਹਨ। "ਕੀ ਮੇਰੇ ਜਿਹੇ ਕਿਸਾਨ ਲਈ ਇਹ ਸੰਭਵ ਹੈ?"

ਭਾਰਤ-ਬੰਗਲਾਦੇਸ਼ ਸਮਝੌਤੇ ਦੇ ਤਹਿਤ ਬਣਾਏ ਗਏ ' ਬਫ਼ਰ ਜ਼ੋਨ ' ਵਿੱਚ ਆਪਣੀ ਜ਼ਮੀਨ ਤੱਕ ਪਹੁੰਚਣ ਲਈ, ਅਨਾਰੁਲ ਨੂੰ ਇਸ ਸੀਮਾ ਨੂੰ ਪਾਰ ਕਰਨਾ ਪੈਂਦਾ ਹੈ
ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਦੇ ਸਮੇਂ ਦੀ ਸਖ਼ਤੀ (ਤੈਅ ਸਮੇਂ ਕਰਕੇ) ਵੀ ਦਿੱਕਤਾ ਪੈਦਾ ਕਰਦੀ ਹੈ। ਮਹੇਂਦਰਗੰਜ ਵਿੱਚ ਕਿਸਾਨ ਪਰੰਪਰਾਗਤ ਰੂਪ ਨਾਲ਼ ਸਵੇਰ, ਸੂਰਜ ਚੜ੍ਹਨ ਤੋਂ ਪਹਿਲਾਂ ਖੇਤ ਵਾਹੁੰਦੇ ਹਨ। "ਬੇਹੇ ਚਾਵਲ ਜਾਂ ਰਾਤ ਦੀ ਬਚੀ ਰੋਟੀ ਖਾਣ ਤੋਂ ਬਾਅਦ, ਅਸੀਂ ਸਵੇਰੇ ਕਰੀਬ 4 ਵਜੇ ਆਪਣੀ ਜ਼ਮੀਨ 'ਤੇ ਕੰਮ ਸ਼ੁਰੂ ਕਰਦੇ ਹਾਂ ਅਤੇ ਧੁੱਪ ਤੇਜ਼ ਹੋਣ ਤੋਂ ਪਹਿਲਾਂ ਪਹਿਲਾਂ ਆਪਣਾ ਕੰਮ ਮੁਕਾ ਲੈਂਦੇ ਹਾਂ। ਪਰ ਇੱਥੇ ਤਾਂ ਬੂਹਾ ਹੀ ਸਵੇਰੇ 8 ਵਜੇ ਖੁੱਲ੍ਹਦਾ ਹੈ ਅਤੇ ਮੈਨੂੰ ਲੂੰਹਦੀ ਧੁੱਪ ਵਿੱਚ ਕੰਮ ਕਰਨਾ ਪੈਂਦਾ ਹੈ। ਇਸ ਨਾਲ਼ ਮੇਰੀ ਸਿਹਤ ਵੀ ਢਿੱਲੀ ਹੋ ਜਾਂਦੀ ਹੈ," ਅਨਾਰੁਲ ਕਹਿੰਦੇ ਹਨ।
ਉਹ ਪੂਰਾ ਸਾਲ ਸੁਰੱਖਿਆ ਪ੍ਰੋਟੋਕਾਲ ਦਾ ਪਾਲਣ ਕਰਦੇ ਹਨ। ਪ੍ਰਵੇਸ਼ ਦੀ ਆਗਿਆ ਤੋਂ ਪਹਿਲਾਂ ਬੀਐੱਸਐੱਫ਼ ਹਰ ਇੱਕ ਚੀਜ਼ ਦੀ ਜਾਂਚ-ਪੜਤਾਲ ਕਰਦਾ ਹੈ। ਮੋਬਾਇਲ ਫ਼ੋਨ ਲਿਜਾਣ ਦੀ ਆਗਿਆ ਨਹੀਂ। ਉਹਨੂੰ ਬੂਹੇ 'ਤੇ ਜਮ੍ਹਾਂ ਕਰਾਉਣਾ ਪੈਂਦਾ ਹੈ ਅਤੇ ਮੁੜਦੇ ਵੇਲ਼ੇ ਵਾਪਸ ਲੈਣਾ ਪੈਂਦਾ ਹੈ। ਹਰੇਕ ਖੇਤੀ ਸੰਦ ਅਤੇ ਨਾਲ਼ ਲਿਜਾਏ ਜਾਣ ਵਾਲ਼ੇ ਹਰੇਕ ਸਮਾਨ ਦੀ ਘੋਖਵੀਂ ਪੜਤਾਲ਼ ਕੀਤੀ ਜਾਂਦੀ ਹੈ। ਟ੍ਰੈਕਟਰਾਂ ਨੂੰ ਲਿਜਾਣ ਦੀ ਆਗਿਆ ਹੈ ਜਿਵੇਂ ਕਿ ਪਾਵਰ-ਟਿਲਰਸ (ਬਿਜਲੀ ਨਾਲ਼ ਚੱਲਣ ਵਾਲ਼ਾ ਹਲ਼) ਅਤੇ ਅਨਾਰੁਲ ਕਦੇ-ਕਦੇ ਪੂਰੇ ਦਿਨ ਲਈ ਉਨ੍ਹਾਂ ਨੂੰ ਕਿਰਾਏ 'ਤੇ ਲੈਂਦੇ ਹਨ, ਪਰ ਜੇਕਰ ਉੱਚ ਅਧਿਕਾਰੀ ਸੀਮਾ ਦਾ ਦੌਰਾ ਕਰਨ ਵਾਲ਼ਾ ਹੋਵੇ, ਤਾਂ ਉਨ੍ਹਾਂ ਨੂੰ ਰੋਕਿਆ ਜਾ ਸਕਦਾ ਹੁੰਦਾ ਹੈ। ਕਈ ਵਾਰ ਗਾਵਾਂ ਨੂੰ ਵੀ ਰੋਕ ਦਿੱਤਾ ਜਾਂਦਾ ਹੈ ਅਤੇ ਅਨਾਰੁਲ ਦਾ ਕਹਿਣਾ ਹੈ ਕਿ ਉਹੋ ਜਿਹੀ ਹਾਲਤ ਵਿੱਚ ਉਨ੍ਹਾਂ ਨੂੰ ਪੂਰਾ ਦਿਨ (ਗਾਵਾਂ ਨੂੰ) ਕਿਤੇ ਹੋਰ ਰੱਖ ਕੇ ਆਪਣੇ ਖੇਤਾਂ ਵਿੱਚ ਕੰਮ ਕਰਨਾ ਮੁਸ਼ਕਲ ਹੁੰਦਾ ਹੈ। ਉਨ੍ਹਾਂ ਨੇ ਪਿਛਲੇ ਸਾਲ ਆਪਣੀਆਂ ਤਿੰਨ ਗਾਵਾਂ ਨੂੰ ਵੇਚ ਦਿੱਤਾ ਅਤੇ ਇੱਕ ਗਾਂ ਅਤੇ ਇੱਕ ਵੱਛੇ ਨੂੰ ਪਟੇ 'ਤੇ ਦੇ ਦਿੱਤਾ, ਇਸਲਈ ਲੋੜ ਪੈਣ 'ਤੇ ਉਹ ਕਿਰਾਏ 'ਤੇ ਕੋਈ ਗਾਂ ਲੈ ਕੇ ਉਹਨੂੰ ਆਪਣੇ ਨਾਲ਼ ਖੇਤ ਲੈ ਜਾਂਦੇ ਹਨ।
ਸੀਮਾ ਦੇ ਬੂਹੇ 'ਤੇ ਬੀਜਾਂ ਦੀ ਵੀ ਜਾਂਚ ਕੀਤੀ ਜਾਂਦੀ ਹੈ ਅਤੇ ਜੂਟ ਅਤੇ ਗੰਨੇ ਦੇ ਬੀਜ ਲਿਜਾਣ ਦੀ ਆਗਿਆ ਨਹੀਂ ਹੈ- ਤਿੰਨ ਫੁੱਟ ਤੋਂ ਵੱਧ ਲੰਬੀ ਹੋਣ ਵਾਲ਼ੀ ਕਿਸੇ ਵੀ ਚੀਜ਼ (ਫ਼ਸਲ) ਨੂੰ ਬੀਜਣ ਦੀ ਆਗਿਆ ਨਹੀਂ ਹੈ ਤਾਂਕਿ ਆਰ-ਪਾਰ ਦਿੱਸਣ ਵਿੱਚ ਕੋਈ ਅੜਿਕਾ ਨਾ ਪਵੇ।
ਇਸੇ ਲਈ ਅਨਾਰੁਲ ਸਰਦੀਆਂ ਵਿੱਚ ਦਾਲਾਂ, ਮੀਂਹ ਵਿੱਚ ਝੋਨਾ ਅਤੇ ਪੂਰੇ ਸਾਲ ਪਪੀਤਾ, ਮੂਲ਼ੀ, ਬੈਂਗਣ, ਮਿਰਚ, ਘੀਆ, ਡਰੰਮ-ਸਟਿਕ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ। ਝੋਨੇ ਦੇ ਮੌਸਮ ਵਿੱਚ, ਜੁਲਾਈ ਤੋਂ ਨਵੰਬਰ ਤੱਕ, ਅਨਾਰੁਲ ਕਦੇ-ਕਦਾਈਂ ਆਪਣੀ ਥੋੜ੍ਹੀ ਜ਼ਮੀਨ ਪਟੇ 'ਤੇ ਦੇ ਦਿੰਦੇ ਹਨ ਅਤੇ ਬਾਕੀ ਸਮੇਂ ਉਹ ਖੁਦ ਉਸ 'ਤੇ ਖੇਤੀ ਕਰਦੇ ਹਨ।
ਇਸ ਉਪਜ ਨੂੰ ਵਾਪਸ ਲਿਜਾਣਾ ਇੱਕ ਹੋਰ ਚੁਣੌਤੀ ਹੈ- ਕੁਝ ਹਫ਼ਤਿਆਂ ਤੱਕ ਵਾਢੀ ਤੋਂ ਬਾਅਦ ਝੋਨੇ ਦੀ ਪੈਦਾਵਾਰ ਕਰੀਬ 25 ਕੁਵਿੰਟਲ, ਆਲੂ 25-30 ਕੁਵਿੰਟਲ ਹੋ ਸਕਦਾ ਹੈ। "ਮੈਂ ਇਹਨੂੰ ਆਪਣੇ ਸਿਰ 'ਤੇ ਚੁੱਕ ਕੇ ਲੈ ਜਾਂਦਾ ਹਾਂ ਅਤੇ ਇਸ ਵਿੱਚ 2-5 ਚੱਕਰ ਲਗਾਉਣੇ ਪੈਂਦੇ ਹਨ," ਅਨਾਰੁਲ ਦੱਸਦੇ ਹਨ। ਉਹ ਪਹਿਲਾਂ ਪੈਦਾਵਾਰ ਨੂੰ ਬੂਹੇ ਤੱਕ ਲਿਜਾਂਦੇ ਹਨ ਅਤੇ ਫਿਰ ਉਹਨੂੰ ਦੂਸਰੇ ਪਾਸੇ ਇਕੱਠਾ ਕਰਦੇ ਹਨ, ਉਸ ਤੋਂ ਬਾਦ ਦੋਬਾਰਾ ਉਹਨੂੰ ਸੜਕ ਕੰਢੇ ਲੈ ਜਾਂਦੇ ਹਨ ਅਤੇ ਸਥਾਨਕ ਟ੍ਰਾਂਸਪੋਰਟ ਦੀ ਉਡੀਕਰ ਕਰਦੇ ਹਨ ਤਾਂਕਿ ਉਹਨੂੰ ਘਰੇ ਜਾਂ ਮਹੇਂਦਰਗੰਜ ਦੇ ਬਜਾਰ ਤੱਕ ਲਿਆ ਸਕਣ।

ਆਪਣੇ ਘਰ ਦੇ ਪਿਛਲੇ ਪਾਸੇ, ਸੁਪਾਰੀ ਦੇ ਪੌਦਿਆਂ ਦੀ ਰਾਖੀ ਕਰਦਿਆਂ। ਸੀਮਾ ਦੇ ਬੂਹੇ ' ਤੇ ਬੀਜ ਦੀ ਵੀ ਜਾਂਚ ਕੀਤੀ ਜਾਂਦੀ ਹੈ, ਜੂਟ ਅਤੇ ਗੰਨੇ ਦੇ ਬੀਜਾਂ ਨੂੰ ਲਿਜਾਣ ਦੀ ਆਗਿਆ ਨਹੀਂ ਹੈ- ਤਿੰਨ ਫੁੱਟ ਤੋਂ ਵੱਧ ਲੰਬੇ ਹੋ ਜਾਣ ਵਾਲ਼ੀ ਕਿਸੇ ਵੀ ਚੀਜ਼ (ਫ਼ਸਲ) ਨੂੰ ਬੀਜਣ ਦੀ ਆਗਿਆ ਨਹੀਂ ਹੈ ਤਾਂਕਿ ਆਰ-ਪਾਰ ਦੇਖਣ ਵਿੱਚ ਅੜਿਕਾ ਨਾ ਪਵੇ
ਕਈ ਵਾਰ ਸੀਮਾ ਪਾਰ ਡੰਗਰੀ ਭਟਕ ਜਾਂਦੇ ਹਨ ਜਾਂ ਜਮ੍ਹਾ ਕੀਤੀ ਗਈ ਤੂੜੀ ਦਾ ਢੇਰ ਚੋਰੀ ਹੋ ਜਾਂਦਾ ਹੈ ਤਾਂ ਲੜਾਈ ਸ਼ੁਰੂ ਹੋ ਜਾਂਦੀ ਹੈ। ਕਦੇ-ਕਦਾਈਂ ਸੀਮਾ ਰੇਖਾ ਦੀ ਹੱਦਬੰਦੀ 'ਤੇ ਝੜਪਾਂ ਹੋ ਜਾਂਦੀਆਂ ਹਨ। "ਲਗਭਗ 10 ਸਾਲ ਪਹਿਲਾਂ, ਮੈਂ ਆਪਣੀ ਜ਼ਮੀਨ 'ਤੇ ਕੰਮ ਕਰ ਰਿਹਾ ਸਾਂ। ਉਸੇ ਦੌਰਾਨ, ਜਦੋਂ ਮੈਂ ਆਪਣੇ ਖੇਤ ਵਿੱਚ ਇੱਕ ਛੋਟੇ ਜਿਹੇ ਉਭਰੇ ਹੋਏ ਹਿੱਸੇ ਨੂੰ ਸਮਤਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਅਤੇ ਕੁਝ ਬੰਗਲਾਦੇਸ਼ੀਆਂ ਦਰਮਿਆਨ ਬੜੀ ਲੜਾਈ ਹੋਈ," ਅਨਾਰੁਲ ਦੱਸਦੇ ਹਨ। "ਬੰਗਲਾਦੇਸ਼ ਦੇ ਬਾਰਡਰ ਗਾਰਡ ਦੇ ਕਰਮਚਾਰੀ ਫੌਰਾਨ ਉੱਥੇ ਪਹੁੰਚ ਗਏ ਅਤੇ ਮੈਨੂੰ ਖੁਦਾਈ ਕਰਨ ਤੋਂ ਮਨ੍ਹਾ ਕੀਤਾ, ਇਹ ਕਹਿੰਦਿਆਂ ਕਿ ਉਹ ਜ਼ਮੀਨ ਬੰਗਲਾਦੇਸ਼ ਦੀ ਹੈ।" ਅਨਾਰੁਲ ਨੇ ਭਾਰਤੀ ਬੀਐੱਸਐੱਫ਼ ਕੋਲ਼ ਇਹਦੀ ਸ਼ਿਕਾਇਤ ਕੀਤੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਅਤੇ ਬੰਗਲਾਦੇਸ਼ ਦੇ ਸੁਰੱਖਿਆਂ ਬਲਾਂ ਵਿਚਾਲੇ ਕਈ ਦੌਰ ਦੀ 'ਫਲੈਗ ਮੀਟਿੰਗ' ਅਤੇ ਤਰਕਾਂ ਤੋਂ ਬਾਅਦ ਆਖ਼ਰਕਾਰ ਇੱਕ ਬਾਂਸ ਨਾਲ਼ ਸੀਮਾ ਰੇਖਾ ਤੈਅ ਕੀਤੀ ਗਈ। ਬਾਂਸ ਜਲਦੀ ਹੀ ਗਾਇਬ ਹੋ ਗਿਆ। ਅਨਾਰੁਲ ਦੱਸਦੇ ਹਨ ਕਿ ਉਨ੍ਹਾਂ ਨੇ ਕਰੀਬ ਦੋ ਵਿਘੇ ਜ਼ਮੀਨ ਗੁਆ ਲਈ ਅਤੇ ਉਸ ਜ਼ਮੀਨ ਦੀ ਰਿਕਵਰੀ ਅਜੇ ਬਾਕੀ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਵਿਰਾਸਤ ਵਿੱਚ ਜਿਹੜੀ ਸੱਤ ਵਿਘਾ ਜ਼ਮੀਨ ਮਿਲੀ ਸੀ, ਉਸ ਵਿੱਚੋਂ ਉਹ ਸਿਰਫ਼ ਪੰਜ ਵਿਘੇ 'ਤੇ ਹੀ ਖੇਤੀ ਕਰਦੇ ਹਨ।
ਹਾਲਾਂਕਿ, ਭਾਰਤੀ ਅਤੇ ਬੰਗਲਾਦੇਸ਼ੀ ਕਿਸਾਨ ਕੁਝ ਹੀ ਮੀਟਰ ਦੂਰੀ 'ਤੇ, ਜਿਹਨੂੰ ਸੀਮਾ ਦੁਆਰਾ ਵੱਖ ਕੀਤਾ ਗਿਆ ਹੈ, ਖੇਤਾਂ ਵਿੱਚ ਇੱਕਠਿਆਂ ਕੰਮ ਕਰਦੇ ਹਨ, ਪਰ ਅਨਾਰੁਲ ਕਹਿੰਦੇ ਹਨ,"ਮੈਂ ਉਨ੍ਹਾਂ ਨਾਲ਼ ਗੱਲ ਕਰਨ ਤੋਂ ਕੰਨੀ ਕਤਰਾਉਂਦਾ ਹਾਂ ਕਿਉਂਕਿ ਸੁਰੱਖਿਆ ਬਲ ਇਹਨੂੰ ਪਸੰਦ ਨਹੀਂ ਕਰਦੇ ਹਨ। ਥੋੜ੍ਹਾ ਜਿਹਾ ਖ਼ਦਸ਼ਾ ਹੋਣ 'ਤੇ, ਮੇਰੀ ਭੂਮੀ ਤੱਕ ਪਹੁੰਚ ਪ੍ਰਭਾਵਤ ਹੋ ਸਕਦੀ ਹੈ। ਮੇਰੀ ਗੱਲਬਾਤ ਸੀਮਤ ਹੈ। ਉਨ੍ਹਾਂ ਦੁਆਰਾ ਸਵਾਲ ਪੁੱਛਣ 'ਤੇ ਵੀ ਮੈਂ ਖਾਮੋਸ਼ੀ ਦਾ ਨਾਟਕ ਕਰਦਾ ਹਾਂ।"
''ਚੋਰ ਮੇਰੀਆਂ ਸਬਜ਼ੀਆਂ ਚੋਰੀ ਕਰਕੇ ਲੈ ਗਏ। ਪਰ ਮੈਨੂੰ ਕੋਈ ਸ਼ਿਕਾਇਤ ਨਹੀਂ ਹੈ,'' ਉਹ ਦੋਸ਼ ਲਾਉਂਦੇ ਹਨ। ''ਉਨ੍ਹਾਂ ਕੋਲ਼ ਈਮਾਨ ਨਹੀਂ ਹੈ, ਪਰ ਮੇਰੇ ਸਿਰ ਅੱਲ੍ਹਾ ਦੀ ਮਿਹਰ ਹੈ।'' ਸਰਹੱਦੀ ਖੇਤਰ ਪਸ਼ੂ ਤਸਕਰੀ ਦੇ ਲਈ ਬਦਨਾਮ ਹਨ ਅਤੇ ਮਹੇਂਦਰਗੰਜ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਵੀ ਵੱਧ ਗਈ ਹੈ। 28 ਸਾਲ ਦਾ ਇੱਕ ਨੌਜਵਾਨ, ਜਿਹਨੂੰ ਅਨਾਰੁਲ ਨੇ 2018 ਵਿੱਚ 70,000 ਰੁਪਏ ਕਰਜਾ ਦਿੱਤਾ ਸੀ ਤੇ ਉਸ ਤੋਂ ਵਿਆਜ ਦੇ ਰੂਪ ਵਿੱਚ ਵਾਧੂ 20,000 ਰੁਪਏ ਵਸੂਲੀ ਦੀ ਉਮੀਦ ਲਾਈ ਹੋਈ ਸੀ, ਨਸ਼ੀਲੀਆਂ ਦਵਾਈਆਂ ਦੇ ਸੇਵਨ ਕਾਰਨ ਜਲਦੀ ਹੀ ਉਹਦੀ ਮੌਤ ਹੋ ਗਈ। ਇੱਥੋਂ ਦੇ ਲੋਕ ਕਹਿੰਦੇ ਹਨ ਕਿ ਇਹ 'ਗੋਲ਼ੀਆਂ' ਸੀਮਾ ਪਾਰ ਤੋਂ ਤਸਕਰੀ ਕਰਕੇ ਲਿਆਂਦੀਆਂ ਗਈਆਂ ਸਨ। ''ਡ੍ਰਗਸ ਹਾਸਲ ਕਰਨਾ ਸੁਖਾਲਾ ਕੰਮ ਹੈ,'' ਅਨਾਰੁਲ ਦੱਸਦੇ ਹਨ। ''ਕਿਸੇ ਨੂੰ ਇਹਨੂੰ (ਨਸ਼ੀਲੀਆਂ ਗੋਲ਼ੀਆਂ) ਬੱਸ ਵਾੜ ਦੇ ਦੂਸਰੇ ਪਾਸੇ ਸੁੱਟਣ ਦੀ ਲੋੜ ਹੈ। ਜੇਕਰ ਤੁਸੀਂ ਸੁੱਟਣ ਵਿੱਚ ਮਾਹਰ ਹੋ ਤਾਂ ਤੁਸੀਂ ਨਸ਼ੀਲੀਆਂ ਦਵਾਈਆਂ ਨੂੰ ਅਸਾਨੀ ਨਾਲ਼ ਇੱਕ ਥਾਂ ਤੋਂ ਦੂਜੀ ਥਾਂ ਕਰ ਸਕਦੇ ਹੋ।'' ਬਕਾਇਆ ਕਰਜੇ ਬਾਰੇ ਚਿੰਤਤ ਅਨਾਰੁਲ ਨੇ ਉਸ ਨੌਜਵਾਨ ਦੇ ਪਰਿਵਾਰ ਨਾਲ਼ ਗੱਲ ਕੀਤੀ, ਜੋ ਅਖੀਰ 50,000 ਰੁਪਏ ਮੋੜਨ ਲਈ ਸਹਿਮਤ ਹੋ ਗਿਆ।
ਆਪਣੇ ਸਾਹੂਕਾਰੀ ਦੇ ਕੰਮ ਬਾਰੇ ਉਹ ਦੱਸਦੇ ਹਨ, ''ਮੈਂ ਆਪਣਾ ਟੱਬਰ ਪਾਲਣ ਵਿੱਚ ਸਮਰੱਥ ਨਹੀਂ ਸਾਂ। ਇਸਲਈ ਜਦੋਂ ਵੀ ਮੇਰੇ ਕੋਲ਼ ਕੁਝ ਪੈਸੇ ਹੁੰਦੇ ਤਾਂ ਮੈਂ ਵਿਆਜੀ ਪੈਸੇ ਚਾੜ੍ਹ ਦਿੰਦਾ ਹਾਂ। ਮੈਨੂੰ ਪੈਸੇ ਚਾਹੀਦੇ ਹਨ। ਇਸੇ ਲਈ।''


ਸੀਮਾ ' ਤੇ ਭਾਰਤ ਵੱਲ ਸੜਕ ਅਤੇ ਬੂਹਾ। ਕਈ ਵਾਰ, ਜਦੋਂ ਡੰਗਰ ਸੀਮਾ ਦੇ ਉਸ ਪਾਸੇ ਭਟਕ ਜਾਂਦੇ ਹਨ ਜਾਂ ਤੂੜੀ ਚੋਰੀ ਹੋ ਜਾਂਦੀ ਹੈ ਜਾਂ ਹੱਦਬੰਦੀ ਲਾਈਨਾਂ ਨੂੰ ਲੈ ਕੇ ਝਗੜੇ ਸ਼ੁਰੂ ਹੋ ਜਾਂਦੇ ਹਨ
ਵਾੜ ਨੇ ਸਿੰਚਾਈ ਅਤੇ ਪਾਣੀ ਨਿਕਾਸੀ ਲਈ ਵੀ ਰੁਕਾਵਟਾਂ ਪੈਦਾ ਕੀਤੀਆਂ ਹਨ। ਜੁਲਾਈ-ਅਗਸਤ ਵਿੱਚ ਭਾਰੀ ਮੀਂਹ ਪੈਣ ਕਾਰਨ ਅਨਾਰੁਲ ਦੀ ਵਰਖਾ ਅਧਾਰਤ ਭੂਮੀ ਪਾਣੀ ਵਿੱਚ ਡੁੱਬ ਜਾਂਦੀ ਹੈ ਤੇ ਪਾਣੀ ਨੂੰ ਬਾਹਰ ਕੱਢਣ ਦਾ ਕੋਈ ਰਾਹ ਨਹੀਂ ਹੁੰਦਾ। ਸਖ਼ਤ ਨਿਯਮਾਂ ਅਤੇ ਚੋਰਾਂ ਦੇ ਡਰੋਂ ਖੇਤ ਵਿੱਚ ਪੰਪ ਰੱਖਣਾ ਅਸੰਭਵ ਕੰਮ ਹੈ। ਅਤੇ ਇਹ ਇੱਕ ਭਾਰੀ ਮਸ਼ੀਨ ਹੈ ਜਿਹਨੂੰ ਹਰ ਦਿਨ ਅੰਦਰ ਲਿਆਉਣਾ ਅਤੇ ਬਾਹਰ ਲਿਜਾਣਾ ਮੁਸ਼ਕਲ ਹੈ। ਜ਼ਮੀਨ ਨੂੰ ਪੱਧਰਾ ਕਰਨ ਲਈ ਜੇਸੀਬੀ ਜਿਹੀਆਂ ਵੱਡੀਆਂ ਨੂੰ ਲੰਘਣ ਦਾ ਆਗਿਆ ਨਹੀਂ ਹੈ। ਇਸੇ ਲਈ ਉਹ ਪਾਣੀ ਦੇ ਨਿਕਲ਼ਣ ਦੀ ਉਡੀਕ ਕਰਦੇ ਹਨ, ਇਹ ਉਡੀਕ ਇੱਕ ਜਾਂ ਦੋ ਦਿਨ ਵਿੱਚ ਅਤੇ ਕਦੇ-ਕਦੇ ਭਾਰੀ ਹੜ੍ਹ ਦੌਰਾਨ ਦੋ ਹਫ਼ਤੇ ਤੱਕ ਖਿੱਚੀ ਜਾ ਸਕਦੀ ਹੈ। ਇਸ ਨਾਲ਼ ਉਨ੍ਹਾਂ ਦੀ ਫ਼ਸਲ ਤਬਾਹ ਹੋ ਜਾਂਦੀ ਹੈ ਅਤ ਅਨਾਰੁਲ ਨੂੰ ਨੁਕਸਾਨ ਝੱਲਣਾ ਪੈਂਦਾ ਹੈ।
ਖੇਤ ਮਜ਼ਦੂਰਾਂ ਨੂੰ ਕੰਮ 'ਤੇ ਰੱਖਣਾ ਵੀ ਇੱਕ ਵੱਡੀ ਅੜਚਨ ਹੈ, ਕਿਉਂਕਿ ਅਨਾਰੁਲ ਸਿਰਫ਼ ਉਨ੍ਹਾਂ ਲੋਕਾਂ ਨੂੰ ਕੰਮ 'ਤੇ ਰੱਖ ਸਕਦੇ ਹਨ ਜਿਨ੍ਹਾਂ ਕੋਲ਼ ਕਨੂੰਨੀ ਆਈਡੀ ਪਰੂਫ਼ ਹੋਵੇ। ਉਹ ਦੱਸਦੇ ਹਨ ਕਿ ਸਾਰਿਆਂ ਲਈ ਪੀਣ ਦੇ ਪਾਣੀ ਦਾ ਬੰਦੋਬਸਤ ਕਰਨਾ ਹੀ ਔਖਾ ਹੋ ਜਾਂਦਾ ਹੈ ਅਤੇ ਖੇਤ ਵਿੱਚ ਕੋਈ ਵੱਡਾ ਰੁੱਖ ਵੀ ਨਹੀਂ ਜਿਹਦੀ ਛਾਂ ਹੇਠ ਅਰਾਮ ਕੀਤਾ ਜਾ ਸਕੇ। "ਮਜ਼ਦੂਰਾਂ ਨੂੰ ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਮੁਸ਼ਕਲ ਜਾਪਦਾ ਹੈ," ਉਹ ਕਹਿੰਦੇ ਹਨ ਅਤੇ ਜਦੋਂ ਉਹ ਆਪਣੀ ਜ਼ਮੀਨ ਦੀ ਥਾਂ ਬਾਰੇ (ਮਜ਼ਦੂਰਾਂ ਨੂੰ) ਦੱਸਦੇ ਹਨ ਤਾਂ ਉਹ ਉੱਥੇ ਜਾਣ ਤੋਂ ਝਿਜਕਦੇ ਹਨ। ਇਹ ਹਾਲਤ ਅਨਾਰੁਲ ਨੂੰ ਇਕੱਲੇ ਕੰਮ ਕਰਨ ਲਈ ਮਜ਼ਬੂਰ ਕਰਦੀ ਹੈ, ਹਾਲਾਂਕਿ ਕਦੇ-ਕਦਾਈਂ ਉਹ ਮਦਦ ਲਈ ਆਪਣੀ ਪਤਨੀ ਜਾਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਨਾਲ਼ ਲੈ ਜਾਂਦੇ ਹਨ।
ਪਰ ਔਰਤਾਂ ਲਈ, ਸੀਮਾ 'ਤੇ ਸਥਿਤ ਖੇਤਾਂ ਵਿੱਚ ਹੋਰ ਵੀ ਕਈ ਸਮੱਸਿਆਵਾਂ ਹਨ, ਜਿਵੇਂ ਕਿ ਪੇਸ਼ਾਬ ਵਗੈਰਾ ਜਾਣਾ। ਉਹ ਦੱਸਦੇ ਹਨ ਕਿ ਬੱਚਿਆਂ ਨੂੰ ਬਫ਼ਰ ਇਲਾਕੇ ਵਿੱਚ ਲੈ ਜਾਣ ਦੀ ਆਗਿਆ ਨਹੀਂ ਹੈ ਅਤੇ ਜਿਨ੍ਹਾਂ ਜਿਨ੍ਹਾਂ ਮਹਿਲਾ ਮਜ਼ਦੂਰਾਂ ਨੂੰ ਉਹ ਕੰਮ 'ਤੇ ਰੱਖ ਸਕਦੇ ਹਨ, ਉਹ ਕਦੇ-ਕਦਾਈਂ ਬੱਚਿਆਂ ਸਣੇ ਪਹੁੰਚ ਜਾਂਦੀਆਂ ਹਨ।
ਆਪਣੀ ਤੀਸਰੀ ਨੌਕਰੀ- ਨਿਰਮਾਣ ਸਥਲਾਂ 'ਤੇ ਕੰਮ ਕਰਨ ਵਿੱਚ- ਅਨਾਰੁਲ ਦਾ ਕਹਿਣਾ ਹੈ ਕਿ ਉਹ ਇੱਕ ਸਥਿਰ ਆਮਦਨੀ ਕਮਾਉਂਦੇ ਹਨ। ਇਲਾਕੇ ਵਿੱਚ ਵੱਖੋ-ਵੱਖ ਜਨਤਕ ਅਤੇ ਨਿੱਜੀ ਵਿਕਾਸ ਪਰਿਯੋਜਨਾਵਾਂ, ਆਮ ਤੌਰ 'ਤੇ 15-20 ਕਿਲੋਮੀਟਰ ਦਾ ਘੇਰੇ ਵਿੱਚ, ਨਿਯਮਤ ਰੂਪ ਨਾਲ਼ ਨਿਰਮਾਣ ਕਾਰਜ ਪ੍ਰਦਾਨ ਕਰਦੀਆਂ ਹਨ। ਕਦੇ-ਕਦੇ ਉਹ ਲਗਭਗ 80 ਕਿਲੋਮੀਟਰ ਦੂਰ, ਤੁਰਾ ਸ਼ਹਿਰ ਜਾਂਦੇ ਹਨ। (ਹਾਲਾਂਕਿ ਇਹ ਪਿਛਲੇ ਸਾਲ ਦੀ ਤਾਲਾਬੰਦੀ ਅਤੇ ਕੋਵਿਡ-19 ਦੌਰਾਨ ਬੰਦ ਹੋ ਗਿਆ ਸੀ)। ਲਗਭਗ ਤਿੰਨ ਸਾਲ ਪਹਿਲਾਂ, ਅਨਾਰੁਲ ਕਹਿੰਦੇ ਹਨ ਕਿ ਉਹ 3 ਲੱਖ ਰੁਪਏ ਕਮਾਉਣ ਵਿੱਚ ਕਾਮਯਾਬ ਰਹੇ, ਜਿਹਦੇ ਨਾਲ਼ ਉਨ੍ਹਾਂ ਨੇ ਸੈਕੰਡ ਹੈਂਡ ਮੋਟਰਸਾਈਕਲ ਅਤੇ ਆਪਣੀ ਧੀ ਦੇ ਵਿਆਹ ਲਈ ਸੋਨਾ ਖਰੀਦਿਆ ਸੀ। ਆਮ ਤੌਰ 'ਤੇ ਉਹ ਇੱਕ ਦਿਨ ਵਿੱਚ 700 ਰੁਪਏ ਕਮਾਉਂਦੇ ਹਨ ਅਤੇ ਨਿਰਮਾਣ ਸਥਲਾਂ 'ਤੇ ਮਜ਼ਦੂਰੀ ਕਰਕੇ ਪ੍ਰਤੀ ਸਾਲ 1 ਲੱਖ ਰੁਪਿਆ ਕਮਾ ਲੈਂਦੇ ਹਨ। "ਇਹ ਮੈਨੂੰ ਫੌਰੀ ਆਮਦਨੀ ਪ੍ਰਦਾਨ ਕਰਦਾ ਹੈ ਜਦੋਂਕਿ ਝੋਨੇ ਦੇ ਖੇਤਾਂ ਤੋਂ ਕਮਾਈ ਆਉਂਦੇ ਆਉਂਦੇ ਤਿੰਨ ਮਹੀਨੇ ਉਡੀਕਣਾ ਪੈਂਦਾ ਹੈ," ਉਹ ਦੱਸਦੇ ਹਨ।


ਖੱਬੇ : ਅਨਾਰੁਲ ਅਤੇ ਉਹਦੇ ਪਿੰਡ ਦੇ ਹੋਰ ਲੋਕ ਕਦੇ-ਕਦੇ ਸੀਮਾ ਦੇ ਮੁੱਦਿਆਂ ' ਤੇ ਚਰਚਾ ਕਰਦੇ ਹਨ। ਸੱਜੇ : ਆਪਣੇ ਪਰਿਵਾਰ ਦੇ ਨਾਲ਼ ਆਪਣੀ ਪੋਤੀ ਦੇ ਜਨਮ ਦਿਨ ਦਾ ਜਸ਼ਨ ਮਨਾਉਂਦੇ ਹੋਏ
ਅਨਾਰੁਲ ਸਿੱਖਿਆਂ ਨੂੰ ਬੜਾ ਮਹੱਤਵ ਦਿੰਦੇ ਹਨ। ਉਨ੍ਹਾਂ ਦੇ ਵੱਡੇ ਭਰਾ ਇੱਕ ਸਾਬਕਾ ਅਧਿਆਪਕ ਹਨ। ਉਨ੍ਹਾਂ ਦੀ 15 ਸਾਲਾ ਧੀ ਸ਼ੋਭਾ ਬੇਗਮ 8ਵੀਂ ਜਮਾਤ ਵਿੱਚ ਹੈ ਅਤੇ 11 ਸਾਲਾ ਬੇਟਾ ਸੱਦਾਮ ਇਸਲਾਮ ਜਮਾਤ ਚੌਥੀ ਵਿੱਚ ਅਤੇ 6 ਸਾਲਾ ਬੇਟੀ, ਸੀਮਾ ਬੇਗਮ ਤੀਜੀ ਜਮਾਤ ਵਿੱਚ ਪੜ੍ਹ ਰਹੀ ਹੈ। ਉਨ੍ਹਾਂ ਦੀਆਂ ਤਿੰਨ ਵੱਡੀਆਂ ਧੀਆਂ, ਜਿਨ੍ਹਾਂ ਦੀ ਉਮਰ 21 ਤੋਂ 25 ਸਾਲ ਹੈ, ਵਿਆਹੀਆਂ ਹੋਈਆਂ ਹਨ। ਅਨਾਰੁਲ ਦੀ ਦੋ ਪਤਨੀਆਂ ਹਨ, ਜਿਪਿਸਲਾ ਟੀ ਸੰਗਮਾ ਤੇ ਜਕੀਦਾ ਬੇਗਮ, ਦੋਵਾਂ ਦੀ ਉਮਰ ਕਰੀਬ 40 ਸਾਲ ਹੈ।
ਉਹ ਨੇ ਚਾਹਿਆ ਸੀ ਕਿ ਉਨ੍ਹਾਂ ਦੀਆਂ ਵੱਡੀਆਂ ਧੀਆਂ ਗ੍ਰੇਜੂਏਸ਼ਨ ਤੱਕ ਦੀ ਪੜ੍ਹਾਈ ਕਰਨ, ਪਰ ਦੱਸਦੇ ਹਨ ਕਿ "ਸਿਨੇਮਾ, ਟੀਵੀ, ਮੋਬਾਇਲ ਫੋਨ ਤੋਂ ਪ੍ਰਭਾਵਤ ਹੋ ਕੇ ਉਹ ਪਿਆਰ ਵੱਸ ਪੈ ਗਈਆਂ ਅਤੇ ਫਿਰ ਉਨ੍ਹਾਂ ਦਾ ਵਿਆਹ ਹੋ ਗਿਆ। ਮੇਰੇ ਬੱਚੇ ਅਕਾਂਖਿਆਵਾਦੀ ਨਹੀਂ ਹਨ ਅਤੇ ਇਸ ਗੱਲੋਂ ਮੈਨੂੰ ਦੁੱਖ ਹੁੰਦਾ ਹੈ। ਉਹ ਸਖ਼ਤ ਮਿਹਨਤ ਜਾਂ ਅਧਿਐਨ ਨਹੀਂ ਕਰਦੇ ਹਨ। ਪਰ ਮੈਨੂੰ ਕਿਸਮਤ 'ਤੇ ਭਰੋਸਾ ਹੈ ਅਤੇ ਉਮੀਦ ਹੈ ਕਿ ਉਹ ਆਪਣੇ ਜੀਵਨ ਵਿੱਚ ਚੰਗੀ ਕਿਸਮਤ ਲਿਆਉਣਗੇ।"
2020 ਵਿੱਚ, ਅਨਾਰੁਲ ਕਾਜੂ ਦੇ ਕਾਰੋਬਾਰ ਵਿੱਚ ਆਪਣੀ ਕਿਸਮਤ ਅਜਮਾਉਣ ਦੀ ਯੋਜਨਾ ਬਣਾ ਰਹੇ ਸਨ, ਪਰ ਬੀਐੱਸਐੱਫ ਨੇ ਐਲਾਨ ਕੀਤਾ ਕਿ ਕੋਵਿਡ ਨੂੰ ਰੋਕਣ ਲਈ ਸੀਮਾ ਦੇ ਬੂਹੇ ਨੂੰ ਬੰਦ ਰੱਖਿਆ ਜਾਵੇਗਾ ਤੇ ਕਿਸਾਨਾਂ ਨੂ ਉਨ੍ਹਾਂ ਦੀ ਜਮੀਨ 'ਤੇ ਜਾਣ ਦਾ ਆਗਿਆ ਨਹੀਂ ਦਿੱਤੀ ਜਾਵੇਗੀ। ਇਸੇ ਲਈ ਅਨਾਰੁਲ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੀ ਕੁਝ ਪੈਦਾਵਾਰ ਗੁਆ ਲਈ। ਹਾਲਾਂਕਿ ਸੁਪਾਰੀ ਦੇ ਪੌਦੇ 'ਤੇ ਉਨ੍ਹਾਂ ਨੂੰ ਥੋੜ੍ਹਾ ਨਫਾ ਹੋਇਆ ਸੀ।
ਪਿਛਲੇ ਸਾਲ, ਸੀਮਾ ਦੇ ਬੂਹੇ ਨੂੰ 29 ਅਪ੍ਰੈਲ ਤੱਕ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ, ਜਿਹਦੇ ਬਾਅਦ ਕਿਸਾਨਾਂ ਨੂੰ ਨਿਯਮਤ ਘੰਟੇ ਬਹਾਲ ਹੋਣ ਤੱਕ 3-4 ਘੰਟਿਆਂ ਲਈ ਕੰਮ ਕਰਨ ਦੀ ਆਗਿਆ ਦਿੱਤੀ ਗਈ।
ਇਨ੍ਹਾਂ ਸਾਲਾਂ ਵਿੱਚ, ਅਨਾਰੁਲ ਨੇ ਕਈ ਬੀਐੱਸਐੱਫ ਕਰਮੀਆਂ ਨਾਲ਼ ਦੋਸਤੀ ਕਰ ਲਈ ਹੈ। "ਕਦੇ-ਕਦੇ ਮੈਨੂੰ ਉਨ੍ਹਾਂ ਲਈ ਬੁਰਾ ਲੱਗਦਾ ਹੈ," ਉਹ ਕਹਿੰਦੇ ਹਨ। "ਉਹ ਆਪਣੇ ਪਰਿਵਾਰ ਤੋਂ ਬੜੀ ਦੂਰ ਰਹਿੰਦੇ ਹਨ ਅਤੇ ਸਾਡੀ ਰੱਖਿਆ ਲਈ ਇੱਥੇ ਆਏ ਹਨ।" ਉਹ ਉਨ੍ਹਾਂ ਨੂੰ ਈਦ ਦੇ ਤਿਓਹਾਰ ਮੌਕੇ ਖਾਣ ਲਈ ਆਪਣੇ ਘਰ ਸੱਦ ਚੁੱਕੇ ਹਨ ਜਾਂ ਕਈ ਵਾਰ ਉਹ ਦੱਸਦੇ ਹਨ ਕਿ ਉਹ ਉਨ੍ਹਾਂ ਲਈ ਚੌਲ਼ ਅਤੇ ਮਾਸ ਦਾ ਸ਼ੋਰਬਾ ਲਿਜਾਂਦੇ ਹਨ ਅਤੇ ਕਦੇ-ਕਦੇ ਉਹ ਵੀ ਉਨ੍ਹਾਂ ਨੂੰ ਸੀਮਾ ਵਿੱਚ ਪ੍ਰਵੇਸ਼/ਨਿਕਾਸ ਮੌਕੇ ਚਾਹ ਪਿਆਉਂਦੇ ਹਨ।
ਰਿਪੋਟਰ ਦਾ ਪਰਿਵਾਰ ਮਹੇਂਦਰਗੰਜ ਵਿੱਚ ਰਹਿੰਦਾ ਹੈ।
ਤਰਜਮਾ: ਕਮਲਜੀਤ ਕੌਰ