3 ਜਨਵਰੀ 2023 ਦੀ ਸਵੇਰ ਵੇਲ਼ੇ ਵਾਪਰੀਆਂ ਮੰਦਭਾਗੀ ਘਟਨਾਵਾਂ ਨੂੰ ਚੇਤੇ ਕਰਦਿਆਂ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਜੋਸ਼ੀਮਠ ਕਸਬੇ ਦੇ ਵਾਸੀ, ਅਜੀਤ ਰਾਘਵ ਕਹਿੰਦੇ ਹਨ,''ਸ਼ੁਰੂਆਤ ਰਸੋਈ ਤੋਂ ਹੋਈ।''
37 ਸਾਲਾ ਇਸ ਜੀਪ ਟੈਕਸੀ ਡਰਾਈਵਰ ਦਾ ਕਹਿਣਾ ਹੈ ਕਿ ਵੱਡੀਆਂ ਤ੍ਰੇੜਾਂ ਸਭ ਤੋਂ ਪਹਿਲਾਂ ਰਸੋਈ ਵਿੱਚ ਦਿੱਸੀਆਂ ਤੇ ਫਿਰ ਯਕਦਮ ਘਰ ਦੇ ਬਾਕੀ ਹਿੱਸਿਆਂ ਵੱਲ ਫੈਲਣ ਲੱਗੀਆਂ। ਉਨ੍ਹਾਂ ਦੇ ਸਧਾਰਣ ਜਿਹੇ ਦੋ-ਮੰਜ਼ਲਾ ਘਰ ਵਿੱਚ, ਤ੍ਰੇੜਾਂ ਤੋਂ ਸੱਖਣੇ ਕਮਰੇ ਨੂੰ ਆਰਜੀ ਰਸੋਈ ਬਣਾ ਦਿੱਤਾ ਗਿਆ। ਅੱਖ ਦੇ ਫਰੱਕੇ ਨਾਲ਼ ਇਸ ਅੱਠ ਮੈਂਬਰੀ ਪਰਿਵਾਰ ਦੇ ਸਿਰ ਤੋਂ ਛੱਤ ਗਾਇਬ ਹੋ ਗਈ ਤੇ ਪਰਿਵਾਰ ਬਿਪਤਾ ਵਿੱਚ ਘਿਰ ਗਿਆ।
ਰਾਘਵ ਕਹਿੰਦੇ ਹਨ,''ਮੈਂ ਆਪਣੀਆਂ ਵੱਡੀਆਂ ਧੀਆਂ- 12 ਸਾਲਾ ਐਸ਼ਵਰਿਆ ਤੇ 9 ਸਾਲਾ ਸ਼੍ਰਿਸ਼ਟੀ ਨੂੰ ਆਪਣੀ ਵੱਡੀ ਭੈਣ ਕੋਲ਼ ਭੇਜ ਦਿੱਤਾ।'' ਬਾਕੀ ਬਚੇ ਪਰਿਵਾਰ ਵਿੱਚ ਰਾਘਵ, ਉਨ੍ਹਾਂ ਦੀ ਪਤਨੀ ਗੌਰੀ ਦੇਵੀ, ਛੇ ਸਾਲਾ ਧੀ ਅਯੇਸ਼ਾ ਅਤੇ ਦੋ ਬਜ਼ੁਰਗ ਚਾਚੀਆਂ ਨੂੰ ਇੱਥੇ ਹੀ ਰਹਿਣਾ ਪਿਆ ਹੈ। ਦਿਨ ਵੇਲ਼ੇ ਉਹ ਆਪਣੇ ਘਰ ਹੀ ਰਹਿੰਦੇ ਹਨ ਪਰ ਤਿਰਕਾਲਾਂ ਵੇਲ਼ੇ ਸਾਰਾ ਪਰਿਵਾਰ ਸੌਣ ਵਾਸਤੇ ਸੰਸਕ੍ਰਿਤ ਮਹਾਂਵਿਦਿਆਲੇ ਸਕੂਲ ਚਲਾ ਜਾਂਦਾ ਹੈ ਜਿੱਥੇ ਇਸ ਹਿਮਾਲਿਅਨ ਕਸਬੇ ਦੇ ਬਾਸ਼ਿੰਦਿਆਂ ਲਈ ਆਰਜੀ ਠ੍ਹਾਰ ਸਥਾਪਤ ਕੀਤੀ ਗਈ ਹੈ। ਉਜੜੇ ਪਰਿਵਾਰਾਂ ਵਿੱਚੋਂ ਤਕਰੀਬਨ 25-30 ਪਰਿਵਾਰ ਇੱਥੇ ਰਹਿਣ ਆ ਗਏ ਹਨ।
21 ਜਨਵਰੀ 2023 ਨੂੰ ਚਮੋਲੀ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਜਾਰੀ ਇੱਕ ਬੁਲੇਟਿਨ ਮੁਤਾਬਕ ਜੋਸ਼ੀਮਠ ਦੇ ਨੌ ਵਾਰਡਾਂ ਦੇ ਕਰੀਬ 181 ਢਾਂਚਿਆਂ ਨੂੰ ਅਸੁਰੱਖਿਅਤ ਐਲਾਨ ਦਿੱਤਾ ਗਿਆ ਹੈ ਅਤੇ 863 ਇਮਾਰਤਾਂ ਅਜਿਹੀਆਂ ਹਨ ਜਿਨ੍ਹਾਂ ਦੀਆਂ ਕੰਧਾਂ, ਛੱਤਾਂ ਤੇ ਫ਼ਰਸ਼ਾਂ 'ਤੇ ਤ੍ਰੇੜਾਂ ਤੇ ਪਾੜ ਉੱਭਰ ਆਏ ਹਨ। ਰਾਘਵ, ਪਾਰੀ ਨੂੰ ਆਪਣੇ ਗੁਆਂਢ ਦੇ ਘਰਾਂ ਵਿੱਚ ਆਈ ਤ੍ਰੇੜਾਂ ਦਿਖਾਉਂਦੇ ਹਨ। ਉਹ ਜੋਸ਼ੀਮਠ ਨੂੰ ਇਸ ਬਿਪਤਾ ਵਿੱਚ ਲਿਆ ਸੁੱਟਣ ਵਾਲ਼ੇ ਬੇਲਗਾਮ ਵਿਕਾਸ ਦਾ ਹਵਾਲਾ ਦਿੰਦਿਆਂ ਕਹਿੰਦੇ ਹਨ,''ਇੱਥੇ ਹਰ ਘਰ ਜੋਸ਼ੀਮਠ ਦੀ ਕਹਾਣੀ ਸੁਣਾਉਂਦਾ ਜਾਪਦਾ ਹੈ।''
ਰਾਘਵ ਕਹਿੰਦੇ ਹਨ ਕਿ 3 ਜਨਵਰੀ 2023 ਦਾ ਦਿਨ ਸੀ ਜਦੋਂ ਜੋਸ਼ੀਮਠ ਦੀਆਂ ਇਮਾਰਤਾਂ ਦੀਆਂ ਕੰਧਾਂ, ਛੱਤਾਂ 'ਤੇ ਤ੍ਰੇੜਾਂ ਉੱਭਰਣ ਲੱਗੀਆਂ ਤੇ ਫ਼ਰਸ਼ ਦਰੜੇ ਜਾਣ ਲੱਗੇ। ਕੁਝ ਹੀ ਦਿਨਾਂ ਵਿੱਚ ਇਹ ਪੂਰਾ ਇਲਾਕਾ ਡੂੰਘੇ ਸੰਕਟ ਵਿੱਚ ਤਬਦੀਲ ਹੋ ਗਿਆ। ਇਹੀ ਉਹ ਸਮਾਂ ਸੀ, ਜਦੋਂ ਭਾਰਤੀ ਪੁਲਾੜ ਸੰਗਠਨ (ਇਸਰੋ) ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ (ਐੱਨਆਰਐੱਸਸੀ) ਨੇ ਜੋਸ਼ੀਮਠ ਵਿਖੇ ਦਸੰਬਰ 2022 ਦੇ ਅਖ਼ੀਰਲੇ ਸਮੇਂ ਅਤੇ ਜਨਵਰੀ 2023 ਦੇ ਸ਼ੁਰੂਆਤੀ ਸਮੇਂ ਦਰਮਿਆਨ 5.4 ਸੈਮੀ ਜ਼ਮੀਨ ਦੇ ਧਸਣ ਦੀਆਂ ਤਸਵੀਰਾਂ ਜਾਰੀ ਕੀਤੀਆਂ। ਵੈਸੇ ਉਹ ਤਸਵੀਰਾਂ ਐੱਨਆਰਐੱਸਸੀ ਵੈੱਬਸਾਈਟ 'ਤੇ ਲੱਭੀਆਂ ਨਹੀਂ ਜਾ ਸਕੀਆਂ।
ਸਿੰਘਦਾਰ ਵਾਰਡ, ਜਿੱਥੇ ਉਹ ਰਹਿੰਦੇ ਹਨ, ਵਿਖੇ 151 ਇਮਾਰਤਾਂ ਅਜਿਹੀਆਂ ਹਨ ਜਿੱਥੇ ਤ੍ਰੇੜਾਂ ਹੀ ਤ੍ਰੇੜਾਂ ਉੱਭਰ ਆਈਆਂ ਤੇ ਉਨ੍ਹਾਂ ਵਿੱਚੋਂ 98 ਇਮਾਰਤਾਂ ਅਸੁਰੱਖਿਅਤ ਜ਼ੋਨ ਵਿੱਚ ਹਨ। ਉਨ੍ਹਾਂ ਸਾਰੀਆਂ ਥਾਵਾਂ ਨੂੰ ਜ਼ਿਲ੍ਹਾ ਅਧਿਕਾਰੀਆਂ ਦੁਆਰਾ ਰੈੱਡ ਕਰਾਸ ਦੇ ਨਿਸ਼ਾਨ ਲਾ ਦਿੱਤੇ ਗਏ ਹਨ ਤਾਂ ਕਿ ਅਢੁੱਕਵੇਂ ਤੇ ਅਸੁਰੱਖਿਅਤ ਨਿਵਾਸਾਂ ਦੀ ਅੱਡ ਤੋਂ ਪਛਾਣ ਦੱਸੀ ਜਾ ਸਕੇ।


ਖੱਬੇ: ਪਰਿਵਾਰ ਨੇ ਕਮਰੇ ਤੋਂ ਹੀ ਰਸੋਈ ਦਾ ਕੰਮ ਲਿਆ ਹੈ, ਇਸ ਥਾਵੇਂ ਤ੍ਰੇੜਾਂ ਥੋੜ੍ਹੀਆਂ ਘੱਟ ਹਨ। ਸੱਜੇ: ਕੱਪੜੇ ਤੇ ਬਾਕੀ ਹੋਰ ਨਿੱਜੀ ਸਮਾਨ ਸੂਟਕੇਸਾਂ ਵਿੱਚ ਰੱਖ ਲਿਆ ਗਿਆ ਹੈ ਤਾਂ ਕਿ ਛੇਤੀ ਨਾਲ਼ ਥਾਂ ਛੱਡੀ ਜਾ ਸਕੇ


ਖੱਬੇ: ਇੱਕ ਗੁਆਂਢਣ ਆਪਣੀ ਛੱਤ 'ਤੇ ਬੈਠੀ ਹੈ ਅਤੇ ਗੌਰੀ ਦੇਵੀ (ਨਜ਼ਰੀਂ ਨਹੀਂ ਪੈਂਦੀ) ਨਾਲ਼ ਗੱਲ ਕਰ ਰਹੀ ਹੈ ; ਰਾਘਵ ਅਤੇ ਉਨ੍ਹਾਂ ਦੀ ਬੇਟੀ ਅਯੇਸ਼ਾ ਆਪਣੇ ਘਰ ਦੇ ਸਾਹਮਣੇ ਖੜ੍ਹੇ ਹਨ। ਸੱਜੇ ਪਾਸੇ: ਗੌਰੀ ਦੇਵੀ ਚਮੋਲੀ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਪ੍ਰਦਾਨ ਕੀਤੀ ਗਈ ਅਸਥਾਈ ਪਨਾਹਗਾਹ ਵਿੱਚ
ਰਾਘਵ ਜਿਨ੍ਹਾਂ ਨੇ ਇੱਥੇ ਰਹਿੰਦਿਆਂ ਆਪਣੀ ਉਮਰ ਲੰਘਾਈ ਹੈ, ਰੈਡ ਕ੍ਰਾਸ ਨਾਲ਼ ਆਪਣੇ ਘਰ 'ਤੇ ਹੋਣ ਵਾਲ਼ੀ ਨਿਸ਼ਾਨਦੇਹੀ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਉਹ ਕਹਿੰਦੇ ਹਨ,''ਮੈਂ ਆਪਣੇ ਘਰ ਮੁੜਨਾ ਚਾਹੁੰਦਾ ਹਾਂ ਤੇ ਛੱਤ 'ਤੇ ਬੈਠ ਧੁੱਪ ਸੇਕਦਾ ਹੋਇਆ ਪਹਾੜਾਂ ਨੂੰ ਨਿਹਾਰਨਾ ਚਾਹੁੰਦਾ ਹਾਂ।'' ਜਦੋਂ ਉਹ ਛੋਟੇ ਬੱਚੇ ਸਨ ਉਦੋਂ ਤੋਂ ਹੀ ਉਹ ਇੱਥੇ ਆਪਣੇ ਮਾਪਿਆਂ ਤੇ ਵੱਡੇ ਭਰਾ ਨਾਲ਼ ਰਹਿੰਦੇ ਰਹੇ ਹਨ। ਉਨ੍ਹਾਂ ਦਾ ਵੱਡਾ ਭਰਾ ਹੁਣ ਇਸ ਦੁਨੀਆ ਵਿੱਚ ਨਹੀਂ।
''ਰੈਡ ਕ੍ਰਾਸ ਦਾ ਮਤਲਬ ਕਿ ਅਧਿਕਾਰੀਆਂ (ਚਮੋਲੀ ਜ਼ਿਲ੍ਹਾ ਅਧਿਕਾਰੀਆਂ) ਵੱਲੋਂ ਇਹ ਥਾਂ ਸੀਲ ਕਰ ਦਿੱਤੀ ਜਾਵੇਗੀ। ਇਹਦਾ ਇਹ ਵੀ ਮਤਲਬ ਹੈ ਕਿ ਲੋਕੀਂ ਆਪਣੇ ਘਰਾਂ ਨੂੰ ਮੁੜ ਨਹੀਂ ਸਕਦੇ,'' ਉਹ ਗੱਲ ਸਮਝਾਉਂਦਿਆਂ ਕਹਿੰਦੇ ਹਨ।
ਰਾਤ ਪੈ ਗਈ ਹੈ ਤੇ ਪਰਿਵਾਰ ਨੇ ਰਾਤਰੀ ਭੋਜਨ ਕਰ ਲਿਆ ਹੈ। ਰਾਘਵ ਦੀ ਚਾਚੀ ਸੌਣ ਜਾਣ ਲਈ ਆਰਜੀ ਠ੍ਹਾਰ (ਸਕੂਲ) ਜਾਣ ਦੀ ਉਡੀਕ ਕਰ ਰਹੀ ਹਨ।
ਉਨ੍ਹਾਂ ਦੇ ਘਰ ਦਾ ਪੂਰਾ ਸਮਾਨ ਖਿੰਡਿਆ-ਪੁੰਡਿਆ ਹੈ: ਕੱਪੜਿਆਂ ਨਾਲ਼ ਭਰਿਆ ਸੂਟਕੇਸ ਪਿਆ ਹੈ; ਧਾਤੂ ਦੀ ਅਲਮਾਰੀ ਖਾਲੀ ਕਰ ਦਿੱਤੀ ਗਈ ਹੈ; ਫਰਿਜ ਨੂੰ ਕੰਧ ਨਾਲ਼ੋਂ ਧੂਹ ਕੇ ਪਰ੍ਹਾਂ ਕਰ ਦਿੱਤਾ ਗਿਆ ਹੈ ਤੇ ਪਰਿਵਾਰ ਦੇ ਲੋੜੀਂਦੇ ਸਮਾਨ, ਸਟੀਲ ਤੇ ਪਲਾਸਟਿਕ ਦੇ ਭਾਂਡਿਆਂ ਨਾਲ਼ ਭਰੇ ਬਕਸੇ ਤੇ ਛੋਟੇ ਥੈਲੇ ਇੱਧਰ-ਓਧਰ ਪਏ ਹੋਏ ਹਨ। ਪੂਰਾ ਸਮਾਨ ਗੱਡੀ ਵਿੱਚ ਲੱਦੇ ਜਾਣ ਨੂੰ ਤਿਆਰ ਪਿਆ ਹੈ।
''ਮੇਰੇ ਕੋਲ਼ (ਸਿਰਫ਼) 2,000 ਦਾ ਹੀ ਇੱਕ ਨੋਟ ਹੈ, ਇੰਨੇ ਕੁ ਪੈਸਿਆਂ ਨਾਲ਼ ਘਰ ਦਾ ਮਾਲ਼ ਲੱਦਣ ਵਾਸਤੇ ਟਰੱਕ ਵੀ ਬੁੱਕ ਨਹੀਂ ਹੋਣਾ,'' ਚੁਫ਼ੇਰੇ ਨਜ਼ਰ ਮਾਰਦਿਆਂ ਰਾਘਵ ਕਹਿੰਦੇ ਹਨ।


ਖੱਬੇ: ਆਪਣੇ ਗੁਆਂਢ ਵਿੱਚ ਜ਼ਮੀਨ 'ਤੇ ਆਈਆਂ ਤ੍ਰੇੜਾਂ ਦੀ ਜਾਂਚ ਕਰਦੇ ਰਾਘਵ ਤੇ ਅਯੇਸ਼ਾ। ਉਹ ਕਹਿੰਦੇ ਹਨ,'ਮੇਰੀ ਕਹਾਣੀ ਪੂਰੇ ਜੋਸ਼ੀਮਠ ਦੀ ਕਹਾਣੀ ਹੈ।' ਸੱਜੇ:ਇੱਕ ਘਰ 'ਤੇ ਲੱਗਿਆ ਰੈਡ ਕ੍ਰਾਸ ਜੋ ਉਨ੍ਹਾਂ ਘਰਾਂ ਦੀ ਪਛਾਣ ਕਰਦਾ ਹੈ ਜਿਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਸੀਲ ਕਰ ਦਿੱਤਾ ਗਿਆ ਹੈ ਤੇ ਇਹਦੇ ਵਾਸੀਆਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ


ਖੱਬੇ:ਆਪਣੇ ਘਰ ਦੀ ਛੱਤ 'ਤੇ ਖੜ੍ਹੇ ਰਾਘਵ ਤੇ ਅਯੇਸ਼ਾ। 'ਮੈਂ ਆਪਣੇ ਘਰ ਮੁੜਨਾ ਚਾਹੁੰਦਾ ਹਾਂ ਤੇ ਛੱਤ 'ਤੇ ਬੈਠ ਧੁੱਪ ਸੇਕਦਾ ਹੋਇਆ ਪਹਾੜਾਂ ਨੂੰ ਨਿਹਾਰਨਾ ਚਾਹੁੰਦਾ ਹਾਂ।' ਸੱਜੇ: ਜੋਸ਼ੀਮਠ ਕਸਬੇ ਦੀ ਇੱਕ ਝਲਕ ਤੇ ਉਹਦੇ ਨੇੜਲੇ ਪਹਾੜਾਂ ਦਾ ਦ੍ਰਿਸ਼ ਜਿੱਥੇ ਧਰਤੀ ਹੇਠਲੀ ਡ੍ਰਿਲਿੰਗ (ਪੁਟਾਈ) ਦਾ ਕੰਮ ਚੱਲ ਰਿਹਾ ਹੈ
ਉਨ੍ਹਾਂ (ਰਾਘਵ) ਦੀ ਪਤਨੀ ਉਨ੍ਹਾਂ ਨੂੰ ਚੇਤੇ ਕਰਵਾਉਂਦੀ ਹਨ ਕਿ ਜ਼ਿਲ੍ਹਾ ਅਧਿਕਾਰੀ ''ਮਾਈਕ ਵਿੱਚ ਬੋਲ-ਬੋਲ ਕੇ ਐਲਾਨ ਕਰ ਰਹੇ ਸਨ ਕਿ ਦੋ ਦਿਨਾਂ ਦੇ ਅੰਦਰ-ਅੰਦਰ ਘਰ ਖਾਲੀ ਕਰ ਦਿੱਤੇ ਜਾਣ।''
ਜਵਾਬ ਵਿੱਚ ਉਹ ਕਹਿੰਦੇ ਹਨ,''ਮੈਂ ਜੋਸ਼ੀਮਠ ਨਹੀਂ ਛੱਡਾਂਗਾ। ਮੈਂ ਭੱਜਾਂਗਾ ਨਹੀਂ। ਇਹ ਮੇਰਾ ਆਪਣੇ ਤਰੀਕੇ ਦਾ ਵਿਰੋਧ ਹੈ, ਮੇਰੀ ਲੜਾਈ ਹੈ।''
ਇਹ ਗੱਲ ਜਨਵਰੀ ਦੇ ਦੂਜੇ ਹਫ਼ਤੇ ਦੀ ਸੀ।
*****
ਇੱਕ ਹਫ਼ਤੇ ਬਾਅਦ 20 ਜਨਵਰੀ 2023 ਨੂੰ, ਰਾਘਵ ਦੋ ਦਿਹਾੜੀ ਮਜ਼ਦੂਰਾਂ ਨੂੰ ਲੈਣ ਗਏ। ਇੱਕ ਰਾਤ ਪਹਿਲਾਂ ਮਾਮਲਾ ਥੋੜ੍ਹਾ ਹੋਰ ਵਿਗੜ ਗਿਆ ਜਦੋਂ ਜੋਸ਼ੀਮਠ ਵਿਖੇ ਭਾਰੀ ਬਰਫ਼ਬਾਰੀ ਹੋ ਗਈ, ਜਿਸ ਨਾਲ਼ ਪਹਿਲਾਂ ਤੋਂ ਹੀ ਬਿਪਤਾ 'ਚ ਘਿਰੇ ਲੋਕਾਂ ਦੀਆਂ ਚਿੰਤਾਵਾਂ ਹੋਰ ਵੱਧ ਗਈਆਂ ਹਨ। ਦੁਪਹਿਰ ਦੇ 1 ਵਜੇ ਰਾਘਵ ਤੇ ਮਜ਼ਦੂਰਾਂ ਨੇ ਘਰ ਦੀਆਂ ਭਾਰੀ ਚੀਜ਼ਾਂ ਜਿਵੇਂ ਕਿ ਬੈੱਡ ਤੇ ਫਰਿਜ ਵਗ਼ੈਰਾ ਭੀੜੀਆਂ ਗਲ਼ੀਆਂ ਵਿੱਚੋਂ ਦੀ ਲਿਜਾ-ਲਿਜਾ ਕੇ ਟਰੱਕ ਵਿੱਚ ਲੱਦੀਆਂ ਸ਼ੁਰੂ ਕਰ ਦਿੱਤੀਆਂ ਹਨ।
ਫ਼ੋਨ 'ਤੇ ਹੋਈ ਗੱਲਬਾਤ ਦੌਰਾਨ ਰਾਘਵ ਦੱਸਦੇ ਹਨ,''ਬਰਫ਼ ਪੈਣੀ ਤਾਂ ਰੁੱਕ ਗਈ ਪਰ ਗਲ਼ੀਆਂ ਗਿੱਲੀਆਂ ਤੇ ਫਿਸਲਣ-ਭਰੀਆਂ ਹੋ ਗਈਆਂ ਹਨ। ਅਸੀਂ ਡਿੱਗ-ਡਿੱਗ ਪੈ ਰਹੇ ਹਾਂ।'' ਉਹ ਆਪਣੇ ਪਰਿਵਾਰ ਨੂੰ ਲੈ ਕੇ 60 ਕਿਲੋਮੀਟਰ ਦੂਰ ਨੰਦਪ੍ਰਯਾਗ ਕਸਬੇ ਜਾ ਰਹੇ ਹਨ। ਉੱਥੇ ਆਪਣੀ ਭੈਣ ਦੇ ਘਰ ਦੇ ਨੇੜੇ ਹੀ ਉਨ੍ਹਾਂ ਦੀ ਕਿਰਾਏ ਦਾ ਘਰ ਲੈਣ ਦੀ ਯੋਜਨਾ ਹੈ।
ਬਰਫ਼ ਦੀ ਮੋਟੀ ਚਾਦਰ ਨੇ ਜੋਸ਼ੀਮਠ ਕਸਬੇ ਦੇ ਸਾਰੇ ਇਲਾਕਿਆਂ ਨੂੰ ਢੱਕ ਲਿਆ ਹੈ, ਬਾਵਜੂਦ ਇਹਦੇ ਰੈਡ ਕ੍ਰਾਸ ਵਾਲ਼ੇ ਘਰਾਂ ਦੀਆਂ ਕੰਧਾਂ 'ਤੇ ਆਈਆਂ ਇਹ ਤ੍ਰੇੜਾਂ ਬਰਫ਼ ਦੀ ਚਾਦਰ ਨੂੰ ਪਾੜ ਕੇ ਬਾਹਰ ਦਿੱਸਣ ਲੱਗ ਪਈਆਂ ਹਨ। ਜਿਨ੍ਹਾਂ ਘਰਾਂ, ਦੁਕਾਨਾਂ ਤੇ ਹੋਰਨਾਂ ਇਮਾਰਤਾਂ ਦੀਆਂ ਨੀਂਹਾਂ ਵਿੱਚ ਡੂੰਘੀਆਂ ਤ੍ਰੇੜਾਂ ਆ ਗਈਆਂ ਹਨ, ਉੱਥੋਂ ਦੇ ਬਾਸ਼ਿੰਦਿਆਂ ਤੋਂ ਥਾਂ ਖਾਲੀ ਕਰਵਾ ਲਈ ਗਈ ਹੈ।


ਖੱਬੇ: ਜੋਸ਼ੀਮਠ ਦੇ ਆਪਣੇ ਘਰ ਦੇ ਬਾਹਰ ਖੜ੍ਹੇ ਰਣਜੀਤ ਸਿੰਘ ਚੌਹਾਨ, ਉਨ੍ਹਾਂ ਦੇ ਘਰ ਨੂੰ ਵੀ ਰਹਿਣ ਲਈ ਅਸੁਰੱਖਿਅਤ ਮੰਨਦਿਆਂ ਹੋਇਆਂ ਰੈਡ-ਕ੍ਰਾਸ ਕੀਤਾ ਗਿਆ ਹੈ। ਸੱਜੇ: ਮਨੋਹਰ ਬਾਗ਼ ਇਲਾਕੇ ਦਾ ਇੱਕ ਘਰ, ਇਹ ਇਲਾਕਾ ਜੋਸ਼ੀਮਠ ਦੀ ਖਿਸਕਦੀ ਜ਼ਮੀਨ ਨਾਲ਼ ਸਭ ਤੋਂ ਵੱਧ ਪ੍ਰਭਾਵਤ ਹੋਇਆ ਹੈ
43 ਸਾਲਾ ਰਣਜੀਤ ਸਿੰਘ ਚੌਹਾਨ ਸੁਨੀਵ ਵਾਰਡ ਵਿਖੇ ਪੈਂਦੇ ਆਪਣੇ ਦੋ-ਮੰਜ਼ਲਾ ਬਰਫ਼ ਨਾਲ਼ ਢੱਕੇ ਘਰ ਦੇ ਵਿਹੜੇ ਵਿੱਚ ਖੜ੍ਹੇ ਹਨ, ਉਨ੍ਹਾਂ ਦੇ ਘਰ ਨੂੰ ਰੈਡ-ਕ੍ਰਾਸ ਕੀਤਾ ਗਿਆ ਹੈ। ਸਿਘ, ਉਨ੍ਹਾਂ ਦੀ ਪਤਨੀ ਤੇ ਤਿੰਨ ਬੱਚਿਆਂ ਨੂੰ ਨੇੜਲੇ ਹੋਟਲ ਵਿੱਚ ਰਹਿਣ ਲਈ ਆਰਜੀ ਥਾਂ ਦਿੱਤੀ ਗਈ ਹੈ। ਉਨ੍ਹਾਂ ਦਾ ਲੋੜੀਂਦਾ ਕਾਫ਼ੀ ਸਾਰਾ ਸਮਾਨ ਅਜੇ ਘਰੇ ਹੀ ਪਿਆ ਹੈ। ਬਰਫ਼ ਪਈ ਹੋਣ ਦੇ ਬਾਵਜੂਦ ਵੀ ਸਿੰਘ ਹਰ ਰੋਜ਼ ਘਰ ਜਾਂਦੇ ਹਨ ਤਾਂ ਕਿ ਚੋਰੀ-ਚਕਾਰੀ ਤੋਂ ਬਚਾਅ ਰਹੇ।
''ਮੈਂ ਆਪਣੇ ਪਰਿਵਾਰ ਨੂੰ ਦੇਹਰਾਦੂਨ ਜਾਂ ਸ਼੍ਰੀਨਗਰ ਜਿਹੀ ਕਿਸੇ ਸੁਰੱਖਿਅਤ ਥਾਂ ਲਿਜਾਣ ਦੀ ਕੋਸ਼ਿਸ਼ ਕਰਾਂਗਾ,'' ਉਹ ਕਹਿੰਦੇ ਹਨ। ਚੌਹਾਨ ਬਦਰੀਨਾਥ ਵਿਖੇ ਹੋਟਲ ਚਲਾਉਂਦੇ ਹਨ ਜੋ ਗਰਮੀਆਂ ਦੇ ਮਹੀਨਿਆਂ ਦੌਰਾਨ ਖੁੱਲ੍ਹਦਾ ਹੈ। ਹਾਲ ਦੀ ਘੜੀ ਉਨ੍ਹਾਂ ਨੂੰ ਆਪਣਾ ਭਵਿੱਖ ਹਨ੍ਹੇਰੇ ਵਿੱਚ ਦਿਖਾਈ ਦੇ ਰਿਹਾ ਹੈ। ਪਰ ਉਨ੍ਹਾਂ ਲਈ ਸੁਰੱਖਿਅਤ ਰਹਿਣਾ ਸਭ ਤੋਂ ਵੱਡੀ ਲੋੜ ਹੈ। ਇਸ ਸਭ ਦੇ ਵਿਚਾਲੇ ਉਨ੍ਹਾਂ ਨੂੰ ਉਤਰਾਖੰਡ ਸਰਕਾਰ ਨੇ 11 ਜਨਵਰੀ 2023 ਨੂੰ ਐਲਾਨੀ ਉਸ 1.5 ਲੱਖ ਰੁਪਏ ਦੀ ਅੰਤਰਿਮ ਰਾਹਤ ਰਾਸ਼ੀ ਦੀ ਉਡੀਕ ਹੈ।
ਇਸ ਹਿਮਾਲਿਅਨ ਕਸਬੇ ਦੇ ਧਸਣ ਦੇ ਨਾਲ਼ ਹਰ ਥਾਂ ਪੈਸੇ ਦੀ ਤੰਗੀ ਆ ਗਈ ਹੈ। ਰਾਘਵ ਸਿਰਫ਼ ਆਪਣੇ ਘਰ ਦੇ ਹੋਏ ਨੁਕਸਾਨ ਨੂੰ ਲੈ ਕੇ ਹੀ ਬਰਬਾਦ ਨਹੀਂ ਹੋਏ ਸਗੋਂ ਉਸ ਪੈਸੇ ਦੀ ਮਾਰ ਤੋਂ ਵੀ ਪਰੇਸ਼ਾਨ ਹਨ ਜੋ ਉਨ੍ਹਾਂ ਇਸ ਘਰ ਨੂੰ ਬਣਾਉਣ ਵਿੱਚ ਲਗਾਏ ਸਨ। ''ਮੈਂ ਨਵਾਂ ਘਰ ਬਣਾਉਣ ਲਈ 5 ਲੱਖ ਰੁਪਏ ਖਰਚੇ। ਮੈਂ 3 ਲੱਖ ਰੁਪਏ ਦਾ ਹੋਰ ਕਰਜਾ ਚੁੱਕਿਆ ਜੋ ਅਜੇ ਚੁਕਾਉਣਾ ਬਾਕੀ ਹੈ,'' ਹਿਰਖੇ ਮਨ ਨਾਲ਼ ਰਾਘਵ ਕਹਿੰਦੇ ਹਨ। ਭਵਿੱਖ ਲਈ ਉਨ੍ਹਾਂ ਦੀਆਂ ਕਈ ਯੋਜਨਾਵਾਂ ਸਨ ਜਿਨ੍ਹਾਂ ਵਿੱਚੋਂ ਇੱਕ ਸੀ ਗੈਰਾਜ ਖੋਲ੍ਹਣ ਦੀ ਤੇ ਦੂਜੀ ਸੀ ਡਰਾਈਵਿੰਗ ਦੀ ਆਪਣੀ ਨੌਕਰੀ ਛੱਡਣ ਦੀ, ਕਿਉਂਕਿ ਉਨ੍ਹਾਂ ਨੂੰ ਖੱਬੀ ਅੱਖ ਵਿੱਚੋਂ ਦੀ ਦੇਖਣ ਵਿੱਚ ਕੁਝ ਦਿੱਕਤ ਹੁੰਦੀ ਹੈ। ''ਪਰ ਸਾਰੀਆਂ ਯੋਜਨਾਵਾਂ ਧਰੀਆਂ ਰਹਿ ਗਈਆਂ।''
*****
ਇੱਕ ਸ਼ਹਿਰ ਨੂੰ ਇਸ ਹਾਲਤ ਵਿੱਚ ਲਿਆ ਖੜ੍ਹਾ ਕਰਨ ਮਗਰ ਵਿਆਪਕ ਰੂਪ ਵਿੱਚ ਚੱਲਦੇ ਵਿਕਾਸ ਕਾਰਜਾਂ ਦੀ ਪੂਰੀ ਲੜੀ ਨੂੰ ਜ਼ਿੰਮੇਦਾਰ ਠਹਿਰਿਆ ਜਾਣਾ ਚਾਹੀਦਾ ਹੈ। ਜਿਨ੍ਹਾਂ ਵਿੱਚ ਖ਼ਾਸ ਕਰਕੇ ਰਾਸ਼ਟਰੀ ਥਰਮਲ ਕਾਰਪੋਰੇਸ਼ਨ (ਐੱਨਟੀਪੀਸੀ) ਵੱਲੋਂ ਤਪੋਵਨ ਵਿਸ਼ਣੂਗੜ੍ਹ ਹਾਈਡ੍ਰੋਇਲੈਕਟ੍ਰਿਕ ਪਲਾਂਟ ਵਾਸਤੇ ਸੁਰੰਗ ਦਾ ਪੁੱਟਿਆ ਜਾਣਾ ਮੁੱਖ ਹੈ। ਹਾਲ ਦੀ ਘੜੀ ਉਤਰਾਖੰਡ ਵਿੱਚ ਕਰੀਬ 42 ਹਾਈਡ੍ਰੋਪਾਵਰ ਪ੍ਰੋਜੈਕਟ ਚੱਲ ਰਹੇ ਹਨ, ਜਿਨ੍ਹਾਂ ਵਿੱਚੋਂ ਕਈ ਹੋਰਨਾਂ 'ਤੇ ਕੰਮ ਚੱਲ ਰਿਹਾ ਹੈ। ਹਾਈਡ੍ਰੋਪਾਵਰ ਨਾਲ਼ ਜੁੜੀ ਅਜਿਹੀ ਬਿਪਤਾ ਜੋਸ਼ੀਮਠ ਲਈ ਕੋਈ ਪਹਿਲੀ ਬਿਪਤਾ ਨਹੀਂ ਹੈ।
ਸ਼ਹਿਰ ਦੇ ਬਾਕੀ ਲੋਕਾਂ ਵਾਂਗਰ, ਰਾਘਵ ਸਥਾਨਕ ਤਹਿਸੀਲ ਦੇ ਦਫ਼ਤਰ ਦੇ ਬਾਹਰ ਐੱਨਟੀਪੀਸੀ ਵਿਰੁੱਧ ਚੱਲ ਰਹੇ ਧਰਨੇ ਵਿੱਚ ਹਰ ਰੋਜ਼ ਹਿੱਸਾ ਲੈਂਦੇ ਹਨ। ਇਸ ਵਿਰੋਧ ਪ੍ਰਦਸ਼ਨ ਵਿੱਚ ਸ਼ਾਮਲ ਸ਼ੁਰੂਆਤੀ ਲੋਕਾਂ ਵਿੱਚੋਂ ਇੱਕ ਅਨੀਤਾ ਲਾਂਬਾ ਕਹਿੰਦੀ ਹਨ,''ਸਾਡੇ ਘਰ ਤਾਂ ਬਰਬਾਦ ਹੋ ਗਏ, ਪਰ ਸਾਡਾ ਸ਼ਹਿਰ ਉਜੜਨਾ ਨਹੀਂ ਚਾਹੀਦਾ।'' 30 ਸਾਲਾ ਇਹ ਆਂਗਨਵਾੜੀ ਅਧਿਆਪਕਾ ਘਰ-ਘਰ ਜਾ ਕੇ ਲੋਕਾਂ ਨੂੰ ''ਐੱਨਟੀਪੀਸੀ ਅਤੇ ਉਨ੍ਹਾਂ ਦੀਆਂ ਤਬਾਹਕੁੰਨ ਯੋਜਨਾਵਾਂ ਨੂੰ ਖਦੇੜਨ ਖ਼ਿਲਾਫ਼ ਲਾਮਬੰਧ ਹੋਣ ਦਾ ਹੌਕਾ ਦਿੰਦੀ ਹਨ।''


ਖੱਬੇ ਪਾਸੇ: ਕਸਬੇ ਦੇ ਲੋਕ ਸੁਰੰਗਾਂ ਅਤੇ ਡਰਿਲਿੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ, ਜੋ ਸ਼ਹਿਰ ਦੇ ਧਸਣ ਲਈ ਜ਼ਿੰਮੇਵਾਰ ਹਨ। 'ਗੋ ਬੈਕ ਐਨਟੀਪੀਸੀ' ਕਹਿੰਦਾ ਇੱਕ ਪੋਸਟਰ ਇੱਕ ਸਥਾਨਕ ਡਿਲਿਵਰੀ ਏਜੰਟ ਦੇ ਵਾਹਨ 'ਤੇ ਚਿਪਕਾਇਆ ਗਿਆ ਹੈ। ਸੱਜੇ ਪਾਸੇ: ਜੋਸ਼ੀਮਠ ਅਤੇ ਆਸ-ਪਾਸ ਦੇ ਇਲਾਕਿਆਂ ਦੀਆਂ ਔਰਤਾਂ ਨੇ ਸ਼ਹਿਰ ਵਿੱਚ ਇੱਕ ਧਰਨੇ ਵਿੱਚ ਰੋਸ ਪ੍ਰਦਰਸ਼ਨ ਕੀਤਾ


ਖੱਬੇ ਪਾਸੇ: ਦੇਵਤਿਆਂ ਦੀਆਂ ਫੋਟੋਆਂ ਪੈਕ ਨਹੀਂ ਕੀਤੀਆਂ ਗਈਆਂ ਹਨ, ਅਤੇ ਰਾਘਵ ਇੱਕ ਕੁਰਸੀ 'ਤੇ ਖੜ੍ਹੇ ਪ੍ਰਾਰਥਨਾ ਕਰ ਰਹੇ ਹਨ। ਸੱਜੇ ਪਾਸੇ: ਅਯੇਸ਼ਾ ਆਪਣੀ ਮਾਂ ਗੌਰੀ ਦੇ ਚੁਨਿਆਤਯਾਰ ਤਿਉਹਾਰ ਲਈ ਚੂਨੀ ਰੋਟੀ ਬਣਾਉਂਦੀ ਨਜ਼ਰ ਆ ਰਹੀ ਹੈ
ਵਾਟਰ ਐਂਡ ਐਨਰਜੀ ਇੰਟਰਨੈਸ਼ਨਲ ਵਿੱਚ ਪ੍ਰਕਾਸ਼ਤ ' ਭਾਰਤੀ ਹਿਮਾਲਿਆ ਦੇ ਉੱਤਰਾਖੰਡ ਖੇਤਰ ਵਿੱਚ ਹਾਈਡ੍ਰੋਪਾਵਰ ਡਿਵੈਲਪਮੈਂਟ ' ਨੂੰ ਲੈ ਕੇ 2017 ਦੇ ਇੱਕ ਲੇਖ ਵਿੱਚ, ਲੇਖਕ ਸੰਚਿਤ ਸਰਨ ਅਗਰਵਾਲ ਅਤੇ ਐਮ ਐਲ ਕਾਂਸਲ ਉੱਤਰਾਖੰਡ ਵਿੱਚ ਪਣ-ਬਿਜਲੀ ਪ੍ਰੋਜੈਕਟਾਂ ਤੋਂ ਹੋਣ ਵਾਲ਼ੀਆਂ ਕਈ ਵਾਤਾਵਰਣਕ ਸਮੱਸਿਆਵਾਂ ਨੂੰ ਦਰਜ ਕਰਦੇ। ਇਸ ਤੋਂ ਇਲਾਵਾ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਵੱਲੋਂ ਬਣਾਏ ਜਾ ਰਹੇ ਚਾਰ ਧਾਮ ਪ੍ਰੋਜੈਕਟ ਅਤੇ ਹੈਲਾਂਗ ਬਾਈਪਾਸ ਦੇ ਨਿਰਮਾਣ ਨੇ ਮਾਮਲੇ ਨੂੰ ਹੋਰ ਵੀ ਬਦਤਰ ਬਣਾ ਦਿੱਤਾ ਹੈ।
ਅਤੁਲ ਸੱਤੀ ਇੱਕ ਵਾਤਾਵਰਣ ਕਾਰਕੁਨ ਹਨ ਜਿਨ੍ਹਾਂ ਨੇ ਜੋਸ਼ੀਮਠ ਵਿੱਚ ਇੱਕ ਹੋਰ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਬਦਰੀਨਾਥ ਦੀ ਤੀਰਥ ਯਾਤਰਾ ਨੂੰ ਹਰਮਨਪਿਆਰਾ ਬਣਾਉਣ ਤਹਿਤ ਹੋਟਲਾਂ ਅਤੇ ਵਪਾਰਕ ਇਮਾਰਤਾਂ ਦੀ ਤੇਜ਼ੀ ਨਾਲ਼ ਉਸਾਰੀ ਹੋਈ ਹੈ, ਜਿਸ ਨਾਲ਼ ਜ਼ਮੀਨ 'ਤੇ ਦਬਾਅ ਪੈ ਰਿਹਾ ਹੈ। ਇਹ ਸ਼ਹਿਰ ਪ੍ਰਮੁੱਖ ਧਾਰਮਿਕ ਸਥਲ, ਬਦਰੀਨਾਥ ਮੰਦਰ ਦੀ ਯਾਤਰਾ ਕਰਨ ਵਾਲੇ ਤੀਰਥ ਯਾਤਰੀਆਂ ਲਈ ਇੱਕ ਅਧਾਰ ਹੈ ਅਤੇ ਪਰਬਤਾਰੋਹਣ ਦੀਆਂ ਖੇਡਾਂ ਲਈ ਵੀ। 2021 ਵਿੱਚ, ਦੋਵਾਂ ਕਸਬਿਆਂ ਵਿੱਚ 3.5 ਲੱਖ ਸੈਲਾਨੀਆਂ ਦੀ ਸੰਯੁਕਤ ਆਮਦ ਵੇਖੀ ਗਈ, ਜੋ ਜੋਸ਼ੀਮਠ (ਮਰਦਮਸ਼ੁਮਾਰੀ 2011) ਦੀ ਆਬਾਦੀ ਤੋਂ 10 ਗੁਣਾ ਵੱਧ ਹੈ।
*****
ਰਾਘਵ ਨੇ ਕੁਰਸੀ 'ਤੇ ਇੱਕ ਅਗਰਬੱਤੀ ਸਟੈਂਡ ਟਿਕਾਇਆ ਹੋਇਆ ਹੈ ਜਿਸ ਵਿੱਚ ਅਗਰਬੱਤੀ ਦੀਆਂ ਤਿੰਨ ਬਲ਼ਦੀਆਂ ਤੀਲੀਆਂ ਨਾਲ਼ ਉਨ੍ਹਾਂ ਦਾ ਛੋਟਾ ਜਿਹਾ ਕਮਰਾ ਸੁਗੰਧਿਤ ਹੋਇਆ ਪਿਆ ਹੈ।
ਉਨ੍ਹਾਂ ਨੇ ਲੋੜ ਦਾ ਸਾਰਾ ਮਾਲ਼-ਅਸਬਾਬ ਬੰਨ੍ਹ ਕੇ ਰੱਖਿਆ ਹੋਇਆ ਹੈ, ਪਰ ਦੇਵਤਿਆਂ ਦੀਆਂ ਤਸਵੀਰਾਂ ਤੇ ਕੁਝ ਖਿਡੌਣਿਆਂ ਨੂੰ ਛੇੜਿਆ ਨਹੀਂ ਗਿਆ। ਉਦਾਸੀ ਦੇ ਆਲਮ ਤੇ ਵਾਪਰਨ ਵਾਲ਼ੇ ਹਰ ਹਾਦਸੇ ਨੂੰ ਜਾਣਦੇ-ਬੁੱਝਦੇ ਹੋਇਆਂ ਵੀ ਉਨ੍ਹਾਂ ਦਾ ਪਰਿਵਾਰ ਚੁਨਿਆਤਯਾਰ ਨੂੰ ਮਨਾਉਣ ਦਾ ਹੀਆ ਕਰ ਰਿਹਾ ਹੈ, ਜੋ ਸਰਦੀਆਂ ਦੀ ਵਾਢੀ ਨੂੰ ਦਰਸਾਉਂਦਾ ਇੱਕ ਤਿਓਹਾਰ ਹੈ। ਚੂਨੀ ਰੋਟੀ ਇੱਕ ਕਿਸਮ ਦੀ ਪਤਲੀ ਬ੍ਰੈੱਡ ਹੁੰਦੀ ਹੈ ਜੋ ਤਿਓਹਰ ਦੌਰਾਨ ਬਣਾਈ ਤੇ ਖਾਧੀ ਜਾਂਦੀ ਹੈ।
ਤਿਰਕਾਲਾਂ ਦੇ
ਘਿਰਦੇ ਧੁੰਦਲਕੇ ਵਿੱਚ ਅਯੇਸ਼ਾ ਆਪਣੇ ਪਿਤਾ ਦਾ ਨਾਅਰੇ ਦਹੁਰਾਉਂਦੀ ਹੈ:
''
ਚੂਨੀ ਰੋਟੀ
ਖਾਏਂਗੇ, ਜੋਸ਼ੀਮਠ ਬਚਾਏਂਗੇ।
''
ਮਨੀਸ਼ਾ ਉਨਿਯਾਲ ਦਿੱਲੀ ਅਧਾਰਤ ਇੱਕ ਫ਼ੋਟੋਗ੍ਰਾਫ਼ਰ ਤੇ ਵੀਡਿਓਗ੍ਰਾਫ਼ਰ ਹਨ
ਤਰਜਮਾ: ਕਮਲਜੀਤ ਕੌਰ