ਮੈਂ ਸਜਾਉਟੀ ਸਮਾਨ ਬਣਾਉਣ ਲਈ ਸ਼ੋਲਾਪੀਠ ( ਏਸ਼ੀਨੋਮੀਨ ਅਸਪੇਰੀ ਐੱਲ. ਪੌਦੇ ਦਾ ਕਾਰਕ) ਦਾ ਇਸਤੇਮਾਲ ਕਰਦਾ ਹਾਂ। ਇਹ ਬਹੁ-ਉਪਯੋਗੀ ਪਦਾਰਥ ਹੈ, ਜਿਹਨੂੰ ਵੰਨ-ਸੁਵੰਨੇ ਅਕਾਰਾਂ ਅਤੇ ਡਿਜ਼ਾਇਨ ਵਿੱਚ ਕੱਟਿਆ ਜਾ ਸਕਦਾ ਹੈ ਤੇ ਇਹ ਵਜ਼ਨ ਵਿੱਚ ਵੀ ਹੌਲ਼ਾ ਹੁੰਦਾ ਹੈ। ਅਸੀਂ ਇਹਨੂੰ ਓੜੀਸਾ ਵਿਖੇ ਸ਼ੋਲਾਪੀਠ ਕਾਮ (ਸ਼ੋਲਾਪੀਠ ਦਾ ਕੰਮ) ਕਹਿੰਦੇ ਹਾਂ।
ਮੈਂ ਗਲ਼ੇ ਦਾ ਹਾਰ, ਦੁਸ਼ਹਿਰੇ ਦੀ ਕਢਾਈ, ਫੁੱਲ ਅਤੇ ਹੋਰ ਸਜਾਉਟੀ ਸਮਾਨ ਬਣਾ ਸਕਦਾ ਹਾਂ, ਪਰ ਮੇਰਾ ਬਣਾਇਆ ਟਾਹੀਆ ਸਭ ਤੋਂ ਵੱਧ ਹਰਮਨਪਿਆਰਾ ਹੈ। ਮੰਚ 'ਤੇ ਪਰਫ਼ਾਰਮ ਕਰਨ ਦੌਰਾਨ ਓੜੀਸ਼ੀ ਨਾਚੇ ਸਿਰ 'ਤੇ ਜੋ ਸਜਾਵਟੀ ਮੁਕੁਟ ਜਿਹਾ ਪਾਉਂਦੇ ਹਨ, ਉਹਨੂੰ ਹੀ ਟਾਹੀਆ ਕਹਿੰਦੇ ਹਨ।
ਬਜ਼ਾਰੋਂ ਪਲਾਸਟਿਕ ਦੇ ਬਣੇ-ਬਣਾਏ ਟਾਹੀਆ ਵੀ ਮਿਲ਼ਦੇ ਹਨ, ਪਰ ਉਨ੍ਹਾਂ ਨੂੰ ਪਾਉਣ ਨਾਲ਼ ਨਾਚਿਆ ਦੇ ਮੱਥੇ ਦੀ ਚਮੜੀ 'ਤੇ ਥੋੜ੍ਹੀ ਪਰੇਸ਼ਾਨੀ ਮਹਿਸੂਸ ਹੁੰਦੀ ਹੈ। ਇਸਲਈ ਉਹ ਇਨ੍ਹਾਂ ਨੂੰ ਬਹੁਤੀ ਦੇਰ ਨਹੀਂ ਪਾ ਪਾਉਂਦੇ। ਇਸ ਤੋਂ ਇਲਾਵਾ ਪਲਾਸਟਿਕ ਨੂੰ ਅੱਡੋ-ਅੱਡ ਅਕਾਰਾਂ ਵਿੱਚ ਨਹੀਂ ਢਾਲ਼ਿਆ ਜਾ ਸਕਦਾ।
ਬਹੁਤ ਸਾਰੇ ਕਾਰੀਗਰਾਂ ਨੇ ਟਾਹੀਆ ਬਣਾਉਣਾ ਹੀ ਬੰਦ ਕਰ ਦਿੱਤਾ ਹੈ, ਪਰ ਮੈਨੂੰ ਇਹ ਬਣਾਉਣਾ ਚੰਗਾ ਲੱਗਦਾ ਹੈ।


ਖੱਬੇ ਪਾਸੇ: ਉਪੇਂਦਰ, ਸ਼ੋਲਾਪੀਠ ਜ਼ਰੀਏ ਸ਼ੇਰਨੀ ਦਾ ਬੁੱਤ ਬਣਾ ਰਹੇ ਹਨ। ਸੱਜੇ ਪਾਸੇ: ਟਾਹੀਆ ਬਣਾਉਣ ਲਈ ਵਰਤੀਂਦੇ ਸੰਦ


ਖੱਬੇ ਪਾਸੇ: ਫੁੱਲ ਬਣਾਉਣ ਲਈ ਸ਼ੋਲਾ ਦੇ ਰੋਲ਼ ਨੂੰ ਬਰਾਬਰ-ਬਰਾਬਰ ਕੱਟਿਆ ਜਾਂਦਾ ਹੈ। ਸੱਜੇ ਪਾਸੇ: ਸ਼ੋਲਾ ਦੀਆਂ ਪਤਲੀਆਂ ਪੱਟੀਆਂ ਇਸਤੇਮਾਲ ਕਰਕੇ ਫੁੱਲ ਬਣਾਏ ਜਾਂਦੇ ਹਨ
ਪਹਿਲਾਂ ਕਲਾਸੀਕਲ ਨਾਚੇ ਵਾਲ਼ਾਂ ਵਿੱਚ ਫੁੱਲਾਂ ਦੇ ਬਣੇ ਸਜਾਉਟੀ ਮੁਕੁਟ ਪਾਉਂਦੇ ਸਨ। ਮਹਾਨ ਓੜੀਸੀ ਨਾਚੇ ਕੇਲੁਚਰਣ ਮਹਾਪਾਤਰ ਦੇ ਮਿੱਤਰ ਕਾਸ਼ੀ ਮਹਾਪਾਤਰ ਨੂੰ ਇਹ ਵਿਚਾਰ ਆਇਆ ਸੀ ਕਿ ਇਹਦੀ ਥਾਵੇਂ ਸ਼ੋਲਾਪੀਠ ਤੋਂ ਬਣਿਆ ਟਾਹੀਆ ਪਹਿਨਿਆ ਜਾਵੇ। ਡਿਜ਼ਾਇਨ 'ਤੇ ਕੰਮ ਫਿਰ ਮੈਂ ਕੀਤਾ।
ਟਾਹੀਆ ਬਣਾਉਣ ਵਾਸਤੇ ਸ਼ੋਲਾਪੀਠ ਤੋਂ ਇਲਾਵਾ, ਤੁਹਾਨੂੰ ਬੁਕਰਮ, ਤਾਰ, ਫੈਵੀਕੋਲ, ਕਾਲ਼ਾ ਧਾਗਾ, ਚੂਨਾ, ਕਾਲ਼ਾ ਤੇ ਹਰਾ ਕਾਗ਼ਜ਼ ਚਾਹੀਦਾ ਹੁੰਦਾ ਹੈ। ਜੇਕਰ ਕੋਈ ਕਾਰੀਗਰ ਇਕੱਲਾ ਹੀ ਟਾਹੀਆ ਬਣਾਵੇ ਤਾਂ ਉਹ ਇੱਕ ਦਿਨ ਵਿੱਚ ਦੋ ਤੋਂ ਵੱਧ ਟਾਹੀਏ ਬਣਾ ਸਕੇਗਾ। ਪਰ ਇਹਨੂੰ ਬਣਾਉਣ ਦੀ ਪ੍ਰਕਿਰਿਆ ਵਿੱਚ ਕਈ ਲੋਕ ਲੱਗੇ ਹੁੰਦੇ ਹਨ- ਕਦੇ-ਕਦੇ ਤਾਂ 6 ਤੋਂ 7 ਲੋਕ ਵੀ ਸ਼ਾਮਲ ਹੁੰਦੇ ਹਨ।
ਨਾਗੇਸ਼ਵਰ (ਭਾਰਤੀ ਗੁਲਾਬ ਸ਼ਾਹਬਲੂਤ) ਅਤੇ ਸੇਬਤੀ (ਗੁਲਦਾਊਦੀ), ਟਾਹੀਆ ਦੇ ਉਤਪਾਦਨ ਵਿੱਚ ਇਸਤੇਮਾਲ ਹੋਣ ਵਾਲ਼ੇ ਮਹੱਤਵਪੂਰਨ ਫੁੱਲ ਹਨ। ਦੂਸਰੇ ਫੁੱਲਾਂ ਦੇ ਮੁਕਾਬਲੇ, ਸੇਬਤੀ ਦੇ ਫੁੱਲ ਕਰੀਬ 8 ਦਿਨ ਚੱਲ ਜਾਂਦੇ ਹਨ, ਜਦੋਂਕਿ ਨਾਗੇਸ਼ਵਰ ਦੇ ਫੁੱਲ 15 ਦਿਨਾਂ ਤੱਕ ਚੱਲ ਜਾਂਦੇ ਹਨ। ਇਹੀ ਕਾਰਨ ਹੈ ਕਿ ਟਾਹੀਆ ਬਣਾਉਣ ਵਾਸਤੇ ਪਹਿਲਾਂ ਇਨ੍ਹਾਂ ਫੁੱਲਾਂ ਦਾ ਹੀ ਇਸਤੇਮਾਲ ਕੀਤਾ ਜਾਂਦਾ ਸੀ। ਅਸੀਂ ਸ਼ੋਲਾਪੀਠ ਜ਼ਰੀਏ ਇਨ੍ਹਾਂ ਦੀ ਨਕਲ ਤਿਆਰ ਕਰਦੇ ਹਾਂ।


ਖੱਬੇ ਪਾਸੇ: ਉਪੇਂਦਰ, ਸ਼ੋਲਾਪੀਠ ਦੀਆਂ ਕਲ਼ੀਆਂ ਨਾਲ਼ ਓੜੀਸ਼ੀ ਨਾਚਿਆਂ ਦੇ ਮੁਕੁਟ ਤਿਆਰ ਕਰਨ ਵਾਸਤੇ ਤੀਲ਼ੀਆਂ ਤਿਆਰ ਕਰ ਰਹੇ ਹਨ। ਸੱਜੇ ਪਾਸੇ: ਮੁਕੁਟ ਵਿੱਚ ਸ਼ੋਲਾਪੀਠ ਦੀ ਦੂਜੀ ਪੱਟੀ ਲਾਈ ਜਾ ਰਹੀ ਹੈ


ਸ਼ੋਲਾਪੀਠ ਦੇ ਚੁਫ਼ੇਰੇ ਜ਼ਰੀ ਲਪੇਟ ਕੇ ਡਿਜ਼ਾਇਨ ਬਣਾਇਆ ਜਾ ਰਿਹਾ ਹੈ
ਕਲ਼ੀਆਂ, ਖ਼ਾਸ ਕਰਕੇ ਮੱਲੀ (ਚਮੇਲੀ) ਦਾ ਇਸਤੇਮਾਲ ਕਰਕੇ ਟਾਹੀਆ ਦੇ ਮੁਕੁਟ ਵਾਲ਼ੇ ਡਿਜ਼ਾਇਨ ਘੜ੍ਹੇ ਜਾਂਦੇ ਹਨ। ਕਲ਼ੀਆਂ ਆਮ ਤੌਰ 'ਤੇ ਖਿੜਨ ਤੋਂ ਪਹਿਲਾਂ ਚਿੱਟੀਆਂ ਹੁੰਦੀਆਂ ਹਨ, ਇਸਲਈ ਜਦੋਂ ਅਸੀਂ ਟਾਹੀਆ ਬਣਾਉਂਦੇ ਹਾਂ ਤਾਂ ਇਹਨੂੰ ਵੀ ਚਿੱਟਾ ਹੀ ਰੱਖਿਆ ਜਾਂਦਾ ਹੈ
ਕਈ ਵਾਰੀਂ ਕੋਈ ਡਿਜ਼ਾਇਨ ਦੇਣ ਵਾਸਤੇ ਕੁਝ ਕਲ਼ੀਆਂ ਨੂੰ ਥੋੜ੍ਹਾ ਦੱਬਿਆ ਵੀ ਜਾਂਦਾ ਹੈ। ਇਸ ਨਾਜ਼ੁਕ ਜਿਹੇ ਕੰਮ ਨੂੰ ਜ਼ਿਆਦਾਤਰ ਔਰਤਾਂ ਹੀ ਕਰਦੀਆਂ ਹਨ।
ਇੰਝ ਕਿਹਾ ਜਾਂਦਾ ਹੈ ਕਿ ਪੁਰੀ ਵਿੱਚ ਭਗਵਾਨ ਜਗਨਨਾਥ ਦੀ ਪੂਜਾ ਵਾਸਤੇ ਸ਼ੋਲਾਪੀਠ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਹੁਣ ਹੋਟਲਾਂ ਵਿੱਚ ਤੇ ਅੱਡ-ਅੱਡ ਮੌਕਿਆਂ ਅਤੇ ਸਮਾਗਮਾਂ ਵਿੱਚ ਸ਼ੋਲਾਪੀਠ ਦੇ ਬਣੇ ਡਿਜ਼ਾਇਨਾਂ ਨਾਲ਼ ਹੀ ਸਜਾਵਟ ਕੀਤੀ ਜਾਂਦੀ ਹੈ।
ਜਦੋਂ ਅਸੀਂ ਕੰਮ ਸ਼ੁਰੂ ਕਰਦੇ ਹਾਂ ਤਾਂ ਇਹਦੇ ਖ਼ਤਮ ਹੋਣ ਦਾ ਕੋਈ ਤੈਅ ਸਮੇਂ-ਸੀਮਾ ਨਹੀਂ ਹੁੰਦੀ। ਅਸੀਂ ਭਾਵੇਂ ਸਵੇਰੇ 6 ਵਜੇ ਜਾਂ 7 ਵਜੇ ਉੱਠੀਏ ਜਾਂ ਫਿਰ ਸਾਜਰੇ 4 ਵਜੇ ਉੱਠ ਕੇ ਕੰਮ ਸ਼ੁਰੂ ਕਰ ਲਈਏ, ਕੰਮ ਤਾਂ ਅੱਧੀ ਰਾਤ ਦੇ 1 ਜਾਂ 2 ਵਜੇ ਹੀ ਜਾ ਕੇ ਮੁੱਕਦਾ ਹੈ। ਇੱਕ ਟਾਹੀਆ ਬਣਾਉਣ ਬਦਲੇ ਇੱਕ ਕਾਰੀਗਰ ਨੂੰ 1,500 ਤੋਂ 2,000 ਰੁਪਏ ਤੱਕ ਮਿਲ਼ ਜਾਂਦੇ ਹਨ।


ਖੱਬੇ ਪਾਸੇ: 6 ਅੱਡ-ਅੱਡ ਕਿਸਮਾਂ ਦੇ ਸ਼ੋਲਾ ਫੁੱਲ। ਸੱਜੇ ਪਾਸੇ: ਉਪੇਂਦਰ, ਸ਼ੋਲਾਪੀਠ ਦਾ ਬਣਿਆ ਮੋਰ ਦਿਖਾ ਰਹੇ ਹਨ, ਜਿਹਨੂੰ ਅਕਸਰ ਪੁਰੀ ਦੇ ਹੋਟਲਾਂ ਵਿੱਚ ਸਜਾਵਟ ਲਈ ਰੱਖਿਆ ਜਾਂਦਾ ਹੈ
ਮੈਨੂੰ 1996 ਵਿੱਚ ਇਸ ਕਲਾ ਵਾਸਤੇ ਸਨਮਾਨ ਵੀ ਮਿਲ਼ਿਆ ਸੀ, ਜਦੋਂ ਮੈਂ ਸੰਬਲਪੁਰ ਵਿਖੇ ਸਰਤ ਮੋਹੰਤੀ ਪਾਸੋਂ ਸਿਖਲਾਈ ਲੈ ਰਿਹਾ ਸਾਂ।
'' ਕਲਾਕਾਰ ਜਮਾ ਕਹਰੀ ਸੰਪਤੀ ਨੁਹੇ। ਕਲਾ ਹੀਂ ਏਪਰੀ ਸੰਪਤੀ, ਨਿਜੇ ਨਿਜਾ ਕਥਾ ਕੁਹੇ। (ਕਾਰੀਗਰ ਦੀ ਕੋਈ ਕੀਮਤ ਜਾਂ ਸਰਮਾਇਆ ਨਹੀਂ ਹੁੰਦਾ। ਕਲਾ ਹੀ ਸਰਮਾਇਆ ਹੁੰਦਾ ਹੈ ਤੇ ਇਹ ਆਪਣੇ ਬਾਰੇ ਵੀ ਖ਼ੁਦ ਹੀ ਬੋਲਦੀ ਹੈ।)''
ਉਪੇਂਦਰ ਕੁਮਾਰ ਪੁਰੋਹਿਤ ਕਹਿੰਦੇ ਹਨ,''37 ਸਾਲ ਪੁਰਾਣੀ ਮੇਰੀ ਕਲਾ ਹੀ ਮੇਰੀ ਪੂੰਜੀ ਹੈ। ਇਹੀ ਕਾਰਨ ਹੈ ਕਿ ਮੇਰਾ ਪਰਿਵਾਰ ਕਦੇ ਭੁੱਖੇ ਢਿੱਡ ਨਹੀਂ ਸੌਂਦਾ।''
ਤਰਜਮਾ: ਕਮਲਜੀਤ ਕੌਰ