ਉਹ ਬਸ ਸ਼ਹਿਰ 'ਚੋਂ ਲੰਘ ਰਹੇ ਸਨ - ਹਜ਼ਾਰਾਂ ਦੀ ਗਿਣਤੀ 'ਚ। ਉਹ ਰੋਜ਼ ਆਉਂਦੇ, ਪੈਦਲ, ਸਾਈਕਲਾਂ 'ਤੇ, ਟਰੱਕਾਂ 'ਤੇ, ਬੱਸਾਂ 'ਚ, ਕਿਸੇ ਵੀ ਵਾਹਨ ਦੇ ਵਿੱਚ ਜਾਂ ਉੱਤੇ ਬੈਠ ਕੇ, ਜੋ ਵੀ ਉਹਨਾਂ ਨੂੰ ਮਿਲ ਜਾਂਦਾ। ਥੱਕੇ, ਹੰਭੇ, ਘਰ ਪਹੁੰਚਣ ਲਈ ਬੇਤਾਬ। ਹਰ ਉਮਰ ਦੇ ਪੁਰਸ਼ ਤੇ ਮਹਿਲਾਵਾਂ ਤੇ ਬਹੁਤ ਸਾਰੇ ਬੱਚੇ ਵੀ।
ਇਹ ਲੋਕ ਹੈਦਰਾਬਾਦ ਤੇ ਉਸ ਤੋਂ ਵੀ ਪਰ੍ਹੇ ਤੋਂ, ਮੁੰਬਈ ਤੇ ਗੁਜਰਾਤ ਤੋਂ ਜਾਂ ਵਿਦਰਭਾ ਦੇ ਪਾਰੋਂ ਤੇ ਪੱਛਮੀ ਮਹਾਰਾਸ਼ਟਰ ਤੋਂ ਆ ਰਹੇ ਸਨ ਅਤੇ ਉੱਤਰ ਜਾਂ ਪੂਰਬ 'ਚ - ਬਿਹਾਰ, ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼, ਓਡੀਸ਼ਾ, ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਵੱਲ ਜਾ ਰਹੇ ਸਨ।
ਜਦ ਉਹਨਾਂ ਦੀਆਂ ਜ਼ਿੰਦਗੀਆਂ ਠੱਪ ਹੋ ਗਈਆਂ, ਲੌਕਡਾਊਨ ਨਾਲ ਉਹਨਾਂ ਦੀ ਰੋਜ਼ੀ-ਰੋਟੀ ਬੰਦ ਹੋ ਗਈ ਤਾਂ ਦੇਸ਼ ਦੇ ਲੱਖਾਂ ਲੋਕਾਂ ਨੇ ਇਹੀ ਕਦਮ ਚੁੱਕਿਆ : ਉਹ ਆਪਣੇ ਪਿੰਡਾਂ 'ਚ, ਆਪਣੇ ਪਰਿਵਾਰਾਂ ਤੇ ਚਾਹੁਣ ਵਾਲਿਆਂ ਕੋਲ ਵਾਪਸ ਜਾਣਗੇ। ਭਾਵੇਂ ਸਫ਼ਰ ਕਿੰਨਾ ਵੀ ਔਖਾ ਹੋਵੇ, ਇਹੀ ਬਿਹਤਰ ਰਹੇਗਾ।
ਤੇ ਇਹਨਾਂ 'ਚੋਂ ਬਹੁਤ ਸਾਰੇ ਦੇਸ਼ ਦੇ ਭੂਗੋਲਿਕ ਮੱਧ ਤੇ ਆਮ ਦਿਨਾਂ 'ਚ ਸਭ ਤੋਂ ਅਹਿਮ ਰੇਲ ਜੰਕਸ਼ਨਾਂ 'ਚੋਂ ਇੱਕ, ਨਾਗਪੁਰ 'ਚੋਂ ਲੰਘ ਰਹੇ ਹਨ। ਇਹ ਵਹਿਣ ਹਫਤੇ-ਦਰ-ਹਫਤੇ ਇਸੇ ਤਰ੍ਹਾਂ ਵਹਿੰਦਾ ਰਿਹਾ। ਮਈ 'ਚ ਕਿਤੇ ਜਾ ਕੇ ਸੂਬਾ ਤੇ ਕੇਂਦਰ ਸਰਕਾਰਾਂ ਨੇ ਕੁਝ ਪਰਵਾਸੀਆਂ ਨੂੰ ਬੱਸਾਂ ਤੇ ਰੇਲ ਗੱਡੀਆਂ 'ਚ ਢੋਣਾ ਸ਼ੁਰੂ ਕੀਤਾ। ਪਰ ਹਜ਼ਾਰਾਂ ਲੋਕ ਜਿਹਨਾਂ ਨੂੰ ਸੀਟ ਨਾ ਮਿਲੀ, ਕਿਸੇ ਵੀ ਤਰ੍ਹਾਂ ਆਪਣੇ ਘਰ ਵੱਲ ਲੰਬੇ ਸਫ਼ਰ 'ਤੇ ਚਲਦੇ ਰਹੇ।

ਸਮਾਨ ਦਾ ਬੋਝ ਚੁੱਕੀ ਪਿਤਾ, ਜਵਾਨ ਮਾਂ ਸੁੱਤੀ ਜਵਾਕੜੀ ਨੂੰ ਮੋਢੇ ਨਾਲ ਲਾਈ, ਇਸ ਵੇਲੇ ਪਰਿਵਾਰ ਹੈਦਰਾਬਾਦ ਤੋਂ ਨਾਗਪੁਰ ਦੇ ਸਫ਼ਰ 'ਤੇ ਹੈ
ਉਹਨਾਂ ਦੇ ਵਿੱਚੋਂ ਹੀ ਇੱਕ ਨੌਜਵਾਨ ਜੋੜਾ ਆਪਣੀ 44 ਦਿਨ ਦੀ ਬੱਚੀ ਨੂੰ ਨਾਲ਼ ਲਈ 40 ਡਿਗਰੀ ਤੋਂ ਉੱਤੇ ਦੇ ਤਾਪਮਾਨ 'ਚ, ਕਿਰਾਏ 'ਤੇ ਲਏ ਮੋਟਰਸਾਈਕਲ 'ਤੇ ਹੈਦਰਾਬਾਦ ਤੋਂ ਗੋਰਖਪੁਰ ਦਾ ਸਫ਼ਰ ਤੈਅ ਕਰਦਾ ਰਿਹਾ।
ਛੱਤੀਸਗੜ੍ਹ ਦੇ ਧਮਤਰੀ ਜ਼ਿਲ੍ਹੇ ਦੇ ਪਿੰਡਾਂ ਦੀਆਂ 34 ਨੌਜਵਾਨ ਲੜਕੀਆਂ ਜੋ ਅਹਿਮਦਾਬਾਦ 'ਚ ਸਕਿਲ ਡਿਵੈਲਪਮੈਂਟ ਪ੍ਰੋਗਰਾਮ ਦੇ ਤਹਿਤ ਸਿਖਲਾਈ ਲਈ ਗਈਆਂ ਸਨ, ਆਪਣੇ ਘਰ ਵਾਪਸ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਸਨ।
ਨਵੀਆਂ ਖਰੀਦੀਆਂ ਸਾਈਕਲਾਂ 'ਤੇ ਪੰਜ ਨੌਜਵਾਨ, ਓਡੀਸ਼ਾ ਦੇ ਰਾਇਗਾੜਾ ਜ਼ਿਲ੍ਹੇ ਵੱਲ ਨੂੰ ਕੂਚ ਕਰ ਰਹੇ ਹਨ।
ਨਾਗਪੁਰ ਦੀ ਬਾਹਰਲੀ ਰਿੰਗ ਰੋਡ 'ਤੇ, ਅਜੇ ਵੀ ਸੈਂਕੜੇ ਪਰਵਾਸੀ ਨੈਸ਼ਨਲ ਹਾਈਵੇਅ 6 ਤੇ 7 ਤੋਂ ਹਰ ਰੋਜ਼ ਪਹੁੰਚ ਰਹੇ ਨੇ। ਜ਼ਿਲ੍ਹਾ ਪ੍ਰਸ਼ਾਸਨ ਤੇ ਕਈ ਸਾਰੇ NGO ਤੇ ਲੋਕ ਇਕਾਈਆਂ ਵੱਲੋਂ ਕਈ ਥਾਵਾਂ 'ਤੇ ਉਹਨਾਂ ਨੂੰ ਖਾਣਾ ਤੇ ਟੋਲ ਪਲਾਜ਼ੇ ਕੋਲ ਰਹਿਣ ਲਈ ਬਸੇਰਾ ਮੁਹੱਈਆ ਕਰਾਇਆ ਜਾ ਰਿਹਾ ਹੈ। ਮਜ਼ਦੂਰ ਤਪਦੀ ਗਰਮੀ 'ਚ ਦਿਨ ਵੇਲੇ ਆਰਾਮ ਕਰਦੇ ਨੇ ਤੇ ਸ਼ਾਮ ਵੇਲੇ ਫੇਰ ਆਪਣੇ ਸਫ਼ਰ ਤੇ ਚੱਲ ਪੈਂਦੇ ਨੇ। ਮਹਾਰਾਸ਼ਟਰ ਸਰਕਾਰ ਨੇ ਹੁਣ ਹਰ ਦਿਨ ਉਹਨਾਂ ਨੂੰ ਵੱਖ-ਵੱਖ ਸੂਬਿਆਂ ਦੀਆਂ ਹੱਦਾਂ ਤੱਕ ਛੱਡਣ ਲਈ ਬੱਸਾਂ ਦਾ ਇੰਤਜ਼ਾਮ ਕੀਤਾ ਹੈ। ਹੁਣ ਭੀੜ ਘਟਣੀ ਸ਼ੁਰੂ ਹੋਣ ਲੱਗੀ ਹੈ - ਤੇ ਲੋਕ ਸ਼ਾਇਦ ਆਪਣੇ ਘਰਾਂ ਨੂੰ ਸੁਰੱਖਿਅਤ ਪਹੁੰਚ ਜਾਣਗੇ - ਤੇ ਐਨਾ ਕੁ ਹੀ ਉਹ ਚਾਹੁੰਦੇ ਹਨ।

ਨਾਗਪੁਰ ਦੇ ਬਾਹਰਵਾਰ ਹੈਦਰਾਬਾਦ ਤੋਂ ਆਏ ਇੱਕ ਟਰੱਕ ਤੋਂ ਉੱਤਰ ਕੇ ਮਜ਼ਦੂਰਾਂ ਦਾ ਸਮੂਹ ਭੋਜਨ - ਆਸਰੇ ਵੱਲ ਜਾਂਦਾ ਹੋਇਆ

ਮਈ ਦੇ ਤਪਦੇ ਸੇਕ ' ਚ ਕਈ ਕਿਲੋ ਵਜ਼ਨ ਚੁੱਕੀ ਕਿਲੋਮੀਟਰਾਂ ਦਾ ਪੈਂਡਾ ਤੈਅ ਕਰਦਾ ਮਜ਼ਦੂਰਾਂ ਦਾ ਇੱਕ ਸਮੂਹ ਜੋ ਘਰ ਵਾਪਸ ਜਾ ਰਿਹਾ ਹੈ। ਲੌਕਡਾਊਨ ਦੇ ਐਲਾਨ ਤੋਂ ਬਾਅਦ ਹਰ ਦਿਨ ਨਾਗਪੁਰ ਨੇ ਪ੍ਰਵਾਸੀਆਂ ਦੇ ਸਮੂਹਾਂ ਨੂੰ ਘਰ ਵੱਲ, ਸਾਰੀਆਂ ਦਿਸ਼ਾਵਾਂ ਵਿੱਚ ਕੂਚ ਕਰਦੇ ਦੇਖਿਆ ਹੈ

ਪੰਜਰੀ ਦੇ ਕੋਲ ਨਾਗਪੁਰ ਦੇ ਬਾਹਰਵਾਰ , ਨੌਜਵਾਨਾਂ ਦਾ ਇੱਕ ਸਮੂਹ ਭੋਜਨ - ਆਸਰੇ ਵੱਲ ਨੂੰ ਜਾਂਦਾ ਹੋਇਆ ; ਇਹ ਹੈਦਰਾਬਾਦ ਤੋਂ ਆਏ ਸਨ ਜਿੱਥੇ ਇਹਨਾਂ ਨੇ ਕੰਮ ਲਈ ਪਰਵਾਸ ਕੀਤਾ ਸੀ

ਅਣਗਿਣਤ ਪਰਵਾਸੀ ਹਰ ਰੋਜ਼ ਨਾਗਪੁਰ ਦੇ ਬਾਹਰਵਾਰ ਪੰਜਰੀ ਪਿੰਡ ਪਹੁੰਚ ਰਹੇ ਹਨ ਤੇ ਇੱਥੋਂ ਦੇਸ਼ ਦੇ ਦੂਰ - ਦੁਰਾਡੇ ਇਲਾਕਿਆਂ ਦੇ ਪਿੰਡਾਂ ਵੱਲ ਜਾ ਰਹੇ ਹਨ

ਨਾਗਪੁਰ ਸ਼ਹਿਰ ਨੇੜੇ ਹਾਈਵੇਅ ' ਤੇ ਪੈਂਦੇ ਫਲਾਈਓਵਰ ਦੀ ਛਾਂ ' ਚ ਭੋਜਨ ਤੇ ਪਾਣੀ ਲਈ ਇੱਕ ਅਹਿਮ ਪੜਾਅ

ਆਪਣੇ ਪਿੰਡਾਂ ਤੇ ਪਰਿਵਾਰਾਂ ਤੱਕ ਪਹੁੰਚਣ ਲਈ ਬੇਤਾਬ ਥੱਕੇ - ਹਾਰੇ ਪਰਵਾਸੀ ਮਜ਼ਦੂਰਾਂ ਨਾਲ ਭਰਿਆ ਟਰੱਕ ਚੱਲਣ ਲਈ ਤਿਆਰ

ਉਹਨਾਂ ਲਈ ਸਫ਼ਰ ਮੁੜ ਸ਼ੁਰੂ , ਜਿਹਨਾਂ ਨੂੰ ਇਸ ਟਰੱਕ ' ਚ ਪੈਰ ਧਰਨ ਲਈ ਜਗ੍ਹਾ ਮਿਲ ਗਈ

ਜਦਕਿ ਕੁਝ ਆਪਣੇ ਅਗਲੇਰੇ ਸਫ਼ਰ ਲਈ ਹੋਰ ਟਰੱਕ 'ਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਹੋਏ। ਇਹ ਨਾਗਪੁਰ ਦੀ ਬਾਹਰਲੀ ਰਿੰਗ ਰੋਡ ਦੇ ਨੇੜੇ ਦੇ ਟੋਲ ਪਲਾਜ਼ੇ ਦੀ ਤਸਵੀਰ ਹੈ, ਜੋ NH 6 ਤੇ 7 ਨੂੰ ਜੋੜਦੀ ਹੈ

ਇਹ ਸਭ ਵੀ ਉਦੋਂ ਹੋ ਰਿਹਾ ਹੈ ਜਦੋਂ ਤਾਪਮਾਨ ਵੀ 40 ਡਿਗਰੀ ਤੋਂ ਪਾਰ ਜਾ ਪੁੱਜਾ ਹੈ

ਇਹ ਆਪਣੇ ਪਰਿਵਾਰਾਂ ਨੂੰ ਵੇਖਣ ਦੀ ਉਮੀਦ ਹੀ ਹੈ ਜੋ ਸ਼ਾਇਦ ਸੇਕ ਤੇ ਭੁੱਖ , ਭੀੜ ਤੇ ਥਕਾਵਟ ਨੂੰ ਕੁਝ ਕੁ ਸਹਿਣਯੋਗ ਬਣਾ ਦਿੰਦੀ ਹੈ

3 ਪੁਰਸ਼ ਨਵੀਆਂ ਖਰੀਦੀਆਂ ਸਾਈਕਲਾਂ ' ਤੇ ਮੁੰਬਈ ਤੋਂ ਓਡੀਸ਼ਾ ਦਾ ਔਖਾ ਸਫ਼ਰ ਤੈਅ ਕਰਦੇ ਹੋਏ , ਜੋ ਉਹਨਾਂ ਨੂੰ ਤੈਅ ਕਰਨਾ ਪਿਆ ਕਿਉਂਕਿ ਹੋਰ ਕੋਈ ਚਾਰਾ ਨਹੀਂ ਸੀ

ਪਰਵਾਸੀ ਅਕਸਰ ਹਾਈਵੇਅ ਜਾਂ ਮੁੱਖ ਸੜਕਾਂ ਰਾਹੀਂ ਨਹੀਂ ਬਲਕਿ ਖੇਤਾਂ ਤੇ ਜੰਗਲੀ ਰਸਤਿਆਂ ਰਾਹੀਂ ਪੈਦਲ ਸਫ਼ਰ ਕਰਦੇ ਹਨ

ਆਪਣੇ ਹੱਥੀਂ ਤਿਆਰ ਕੀਤੇ ਸ਼ਹਿਰਾਂ ਨੂੰ ਛੱਡ ਜਾਂਦੇ ਨਿਰਾਸ਼ ਮਜ਼ਦੂਰ , ਦੁੱਖ ਇਸ ਗੱਲ ਦਾ ਹੈ ਕਿ ਜਦੋਂ ਬਿਪਤਾ ਆਣ ਪਈ ਤਾਂ ਇਨ੍ਹਾਂ ਸ਼ਹਿਰਾਂ ਨੇ ਇਨ੍ਹਾਂ ਮਜ਼ਦੂਰਾਂ ਨੂੰ ਕੋਈ ਵੀ ਆਸਰਾ ਜਾਂ ਅਰਾਮ ਨਾ ਦਿੱਤਾ
ਤਰਜ਼ਮਾ: ਅਰਸ਼ਦੀਪ ਅਰਸ਼ੀ