ਕੋਈ ਦੂਰੋਂ ਚੀਕਦਾ ਹੈ-ਬ੍ਰੇਕ ਮੁੱਕ ਗਈ ਹੈ। ਇੱਕ ਨਿਗਰਾਨ ਕੰਮ ਸ਼ੁਰੂ ਕਰਦਾ ਹੈ, ਉਹ ਅਵਧੀ ਭਾਸ਼ਾ ਵਿੱਚ ਬੋਲਦਾ ਹੈ ਅਤੇ ਕੰਮ ਦੋਬਾਰਾ ਸ਼ੁਰੂ ਹੋ ਜਾਂਦਾ ਹੈ। ਰਾਮ ਮੋਹਨ ਨੂੰ ਇੱਕ ਛੋਟੇ ਜਿਹੇ ਤੰਬੂ ਦੀ ਬੁਨਿਆਦ ਵਾਸਤੇ ਕੰਮ ਕਰਨ ਲਈ ਮੈਦਾਨ ਦੇ ਸ਼ਾਂਤ ਕੋਨੇ ਵੱਲ ਭੇਜਿਆ ਗਿਆ ਹੈ।
23 ਜਨਵਰੀ ਦਿਨ ਸ਼ਨੀਵਾਰ ਹੈ, ਅਤੇ ਰਾਮ ਮੋਹਨ 10 ਘੰਟੇ ਦੀ ਸ਼ਿਫ਼ਟ ਵਿੱਚ ਕੰਮ ਕਰਨ ਵਾਲੇ ਉਨ੍ਹਾਂ 50 ਲੋਕਾਂ ਵਿੱਚੋਂ ਇੱਕ ਹਨ, ਜੋ ਉਨ੍ਹਾਂ ਹਜਾਰਾਂ ਕਿਸਾਨਾਂ ਲਈ ਪੰਡਾਲ (ਤੰਬੂ) ਤਿਆਰ ਕਰ ਰਹੇ ਹਨ ਜੋ ਤਿੰਨੋਂ ਖੇਤੀ ਕਨੂੰਨਾਂ ਦਾ ਵਿਰੋਧ ਕਰਨ ਅਤੇ ਉਨ੍ਹਾਂ ਕਨੂੰਨਾਂ ਨੂੰ ਰੱਦ ਕਰਨ ਦੀਆਂ ਆਪਣੀਆਂ ਮੰਗਾਂ ਨੂੰ ਬਾਰੰਬਾਰ ਦਹੁਰਾਉਣ ਲਈ 24 ਜਨਵਰੀ ਦੀ ਸਵੇਰ ਤੋਂ ਹੀ ਇੱਥੇ ਆਉਣ ਲੱਗਣਗੇ। ਰੈਲੀ 26 ਜਨਵਰੀ, ਗਣਤੰਤਰ ਦਿਵਸ ਮੌਕੇ 'ਤੇ ਖ਼ਤਮ ਹੋਵੇਗੀ।
ਉਹ ਅੰਦੋਲਨਕਾਰੀ ਕਿਸਾਨਾਂ ਵਿੱਚ ਸ਼ਾਮਲ ਹੋਣ ਲਈ ਦੱਖਣ ਮੁੰਬਈ ਦੇ ਅਜਾਦ ਮੈਦਾਨ ਵਿੱਚ ਰੁੱਕਣ ਦੀ ਯੋਜਨਾ ਬਣਾਉਂਦੇ ਹਨ। "ਮੈਂ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਹੋ ਕੀ ਰਿਹਾ ਹੈ ਅਤੇ ਮੈਂ ਸੁਣਨਾ ਚਾਹੁੰਦਾ ਹਾਂ ਕਿ ਹੋਰ ਕਿਸਾਨ ਕੀ ਕਹਿ ਰਹੇ ਹਨ- ਅਤੇ ਮੈਂ ਜਾਣਨਾ ਚਾਹੁੰਦਾ ਹਾਂ ਕਿ ਇਸ ਸਭ ਨਾਲ਼ (ਉਨ੍ਹਾਂ ਦੀਆਂ ਮੰਗਾਂ ਨਾਲ਼) ਸਾਨੂੰ ਕੀ ਲਾਭ ਹੋਵੇਗਾ," ਉਹ ਕਹਿੰਦੇ ਹਨ।
ਉਨ੍ਹਾਂ ਦਾ (ਰਾਮ ਦਾ) ਪਰਿਵਾਰ ਉੱਤਰ ਪ੍ਰਦੇਸ਼ ਦੇ ਗੋਂਡਾ ਜਿਲ੍ਹੇ ਦੇ ਉਮਰੀ ਬਡਗਾਮਗੰਜ ਪਿੰਡ ਵਿੱਚ ਕਣਕ ਅਤੇ ਝੋਨੇ ਦੀ ਕਾਸ਼ਤ ਕਰਦਾ ਹੈ। "6-7 ਵਿਘੇ (ਇੱਕ ਏਕੜ ਤੋਂ ਥੋੜ੍ਹੀ ਵੱਧ) ਨਾਲ਼ ਅਸੀਂ ਕੀ ਕਰ ਸਕਦੇ ਹਾਂ? ਤੁਸੀਂ ਬਾਮੁਸ਼ਕਲ ਡੰਗ ਟਪਾ ਸਕਦੇ ਹੋ, ਪਰ ਇਸ ਤੋਂ ਵੱਧ ਕੁਝ ਨਹੀਂ। ਉਨ੍ਹਾਂ ਨੂੰ ਉਮੀਦ ਹੈ ਕਿ ਜਿਸ ਰੈਲੀ ਲਈ ਉਹ ਤੰਬੂ ਗੱਡਣ ਵਿੱਚ ਮਸ਼ਰੂਫ਼ ਹਨ, ਉਹ ਉਨ੍ਹਾਂ ਦੇ ਅਤੇ ਹੋਰ ਕਿਸਾਨ ਪਰਿਵਾਰਾਂ ਦੀ ਉਪਜ ਲਈ ਬੇਹਤਰ ਭਾਅ ਪ੍ਰਦਾਨ ਕਰਨ ਵਿੱਚ ਮਦਦ ਕਰੇਗੀ।"
43 ਸਾਲਾ ਰਾਮ ਮੋਹਨ 23 ਸਾਲ ਤੋਂ ਮੁੰਬਈ ਵਿੱਚ ਬਤੌਰ ਦਿਹਾੜੀ ਮਜ਼ਦੂਰ ਕੰਮ ਕਰ ਰਹੇ ਹਨ। ਉਹ ਉੱਤਰੀ ਮੁੰਬਈ ਵਿੱਚ ਮਲਾੜ ਰੇਲਵੇ ਸਟੇਸ਼ਨ ਦੇ ਕੋਲ਼ ਲੇਬਰ ਨਾਕਾ 'ਤੇ ਖੜ੍ਹੇ ਹੋ ਕੇ ਦਿਹਾੜੀ ਲੱਗਣ ਦੀ ਉਡੀਕ ਕਰਦੇ ਹਨ- ਅਤੇ ਦਿਹਾੜੀ ਮਿਲ਼ਣ 'ਤੇ ਰੋਜ਼ਾਨਾ 700 ਰੁਪਏ ਤੱਕ ਕਮਾਉਂਦੇ ਹਨ।


ਰਾਮ ਮੋਹਨ ਨਵੇਂ ਖੇਤੀ ਕਨੂੰਨਾਂ ਦੇ ਖਿਲਾਫ਼ ਹੋਣ ਵਾਲੀ ਰੈਲੀ ਦੇ ਲਈ ਅਜ਼ਾਦ ਮੈਦਾਨ ਵਿੱਚ ਤੰਬੂ ਲਗਾਉਣ ਲਈ ਦੋ ਦਿਨਾਂ ਤੋਂ ਕੰਮ ਕਰ ਰਹੇ ਹਨ। ਜਿਸ ਰੈਲੀ ਵਿੱਚ ਉਹ ਸ਼ਾਮਲ ਦੀ ਉਮੀਦ ਰੱਖਦੇ ਹਨ
ਜਿਸ ਸਮੇਂ ਉਨ੍ਹਾਂ ਦੀ ਟੀਮ ਨੇ ਤੰਬੂ ਗੱਡੇ- ਉਦੋਂ ਉਹ ਇੱਕ ਕੰਪਨੀ ਦੇ ਠੇਕੇਦਾਰ ਦੁਆਰਾ ਇੱਥੇ ਲਿਆਂਦੇ ਗਏ, ਜੋ ਵੱਡੀਆਂ ਸਭਾਵਾਂ ਵਿੱਚ ਤੰਬੂ ਲਾਉਣ ਅਤੇ ਸਜਾਵਟ ਦਾ ਬੰਦੋਬਸਤ ਕਰਦੀ ਹੈ-ਕਿਸਾਨ ਅਜ਼ਾਦ ਮੈਦਾਨ ਵਿੱਚ ਆਉਣਾ ਸ਼ੁਰੂ ਕਰਨਗੇ। ਉਨ੍ਹਾਂ ਵਿੱਚੋਂ ਜਿਆਦਾਤਰ 23 ਜਨਵਰੀ ਨੂੰ ਇੱਥੋਂ 180 ਕਿਲੋਮੀਟਰ ਦੂਰ ਨਾਸਿਕ ਤੋਂ ਸ਼ੁਰੂ ਹੋਏ ਇੱਕ ਰੋਸ ਮਾਰਚ ਵਿੱਚ ਇੱਥੇ ਆਉਣਗੇ। ਸੰਯੁਕਤ ਸ਼ੇਤਕਾਰੀ ਕਾਮਗਾਰ ਮੋਰਚਾ ਦੁਆਰਾ ਮਾਰਚ ਅਤੇ ਅਜ਼ਾਦ ਮੈਦਾਨ ਰੈਲੀ ਦਾ ਅਯੋਜਨ ਕੀਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚਾ, ਕੁੱਲ ਭਾਰਤੀ ਕਿਸਾਨਾਂ ਦੇ ਸੰਘਰਸ਼ ਤਾਲਮੇਲ ਕਮੇਟੀ, ਟ੍ਰੇਡ ਯੂਨੀਅਨਾਂ ਦੀ ਸੰਯੁਕਤ ਕਾਰਵਾਈ ਕਮੇਟੀ, ਕਿਸਾਨਾਂ ਲਈ ਰਾਸ਼ਟਰ ਅਤੇ ਹੋਰ ਸਮੂਹਾਂ ਦਰਮਿਆਨ ਇੱਕ ਸਮਝੌਤਾ ਹੈ ਜੋ 26 ਨਵੰਬਰ ਤੋਂ ਦਿੱਲੀ ਦੀ ਸੀਮਾ 'ਤੇ ਕਿਸਾਨਾਂ ਦੇ ਅੰਦੋਲਨ ਵਿੱਚ ਇਕਜੁਟ ਹੋ ਗਿਆ ਹੈ।
ਕਿਸਾਨ ਉਨ੍ਹਾਂ ਤਿੰਨੋਂ ਖੇਤੀ ਕਨੂੰਨਾਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ ਜਿਨ੍ਹਾਂ ਨੂੰ ਸਤੰਬਰ 2020 ਨੂੰ ਸੰਸਦ ਵਿੱਚ ਪਾਸ ਕੀਤਾ ਗਿਆ। ਜਿਨ੍ਹਾਂ ਨੂੰ ਕੇਂਦਰ ਸਰਕਾਰ ਨੇ ਪਹਿਲੀ ਦਫਾ 5 ਜੂਨ 2020 ਨੂੰ ਆਰਡੀਨੈਂਸ ਵਜੋਂ ਜਾਰੀ ਕੀਤਾ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਬਤੌਰ ਖੇਤੀ ਬਿੱਲਾਂ ਦੇ ਪੇਸ਼ ਕੀਤਾ ਅਤੇ ਉਸੇ ਮਹੀਨੇ ਦੀ 20 ਤਰੀਕ ਆਉਂਦੇ-ਆਉਂਦੇ ਕਨੂੰਨ ਬਣਾ ਦਿੱਤਾ। ਉਹ ਜਿਨ੍ਹਾਂ ਕਨੂੰਨਾਂ ਦਾ ਵਿਰੋਧ ਕਰ ਰਹੇ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 ।
ਕਿਸਾਨ ਇਨ੍ਹਾਂ ਕਨੂੰਨਾਂ ਨੂੰ ਆਪਣੀ ਰੋਜੀ-ਰੋਟੀ ਲਈ ਵਿਨਾਸ਼ਕਾਰੀ ਦੇ ਰੂਪ ਵਿੱਚ ਦੇਖ ਰਹੇ ਹਨ ਕਿਉਂਕਿ ਇਹ ਕਨੂੰਨ ਵੱਡੇ ਕਾਰਪੋਰੇਟਾਂ ਨੂੰ ਕਿਸਾਨਾਂ ਅਤੇ ਖੇਤੀ 'ਤੇ ਜਿਆਦਾ ਅਧਿਕਾਰ ਪ੍ਰਦਾਨ ਕਰਦੇ ਹਨ। ਨਵੇਂ ਕਨੂੰਨ ਘੱਟੋਘੱਟ ਸਮਰਥਨ ਮੁੱਲ (MSP), ਖੇਤੀ ਪੈਦਾਵਾਰ ਮਾਰਕੀਟਿੰਗ ਕਮੇਟੀਆਂ (APMC), ਰਾਜ ਦੁਆਰਾ ਖ਼ਰੀਦ ਆਦਿ ਸਣੇ, ਕਿਸਾਨਾਂ ਦੀ ਸਹਾਇਤਾ ਕਰਨ ਵਾਲੇ ਮੁੱਖ ਰੂਪਾਂ ਨੂੰ ਵੀ ਕਮਜੋਰ ਕਰਦੇ ਹਨ। ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਹਰ ਭਾਰਤੀ ਨੂੰ ਪ੍ਰਭਾਵਤ ਕਰਨ ਵਾਲੇ ਹੈ। ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਦੇ ਅਧਿਕਾਰ ਨੂੰ ਅਯੋਗ ਕਰਦੇ ਹਨ।
ਜਦੋਂ ਤੱਕ ਵਿਰੋਧੀ ਅਜ਼ਾਦ ਮੈਦਾਨ ਤੱਕ ਨਹੀਂ ਪਹੁੰਚਦੇ, ਉਦੋਂ ਤੱਕ ਦਵਿੰਦਰ ਸਿੰਘ ਡਿਊਟੀ 'ਤੇ ਹਨ-ਜੋ ਉਨ੍ਹਾਂ ਡੈਕੋਰੇਟਰਾਂ ਦੀ ਟੀਮ ਵਿੱਚੋਂ ਹਨ, ਜੋ ਸਟੇਜਾਂ (ਸ਼ਾਬਦਿਕ ਤੌਰ 'ਤੇ) ਅਯੋਜਿਤ ਕਰਦੇ ਹਨ। ਉਨ੍ਹਾਂ ਦਾ ਅਨੁਮਾਨ ਹੈ ਕਿ ਰੈਲੀ ਲਈ ਤੰਬੂ ਤਿਆਰ ਕਰਨ ਲਈ 3000 ਬਾਂਸ, 4000 ਮੀਟਰ ਕੱਪੜਾ ਅਤੇ ਜੂਟ ਦੀ ਰੱਸੀ ਦੀਆਂ ਕਈ ਗੱਠਾਂ ਲੱਗਣੀਆਂ।

ਦਵਿੰਦਰ ਸਿੰਘ ਦਾ ਪਰਿਵਾਰ ਜੋ ਕਿ ਪਿਛਾਂਹ ਯੂ.ਪੀ. ਵਿੱਚ ਹੈ, ਤਿੰਨ ਵਿਘੇ ਵਿੱਚ ਕਾਸ਼ਤ ਕਰਦਾ ਹੈ। ਮੁੰਬਈ ਵਿੱਚ ਉਹ ਦਿਹਾੜੀ ਦੇ ਮਿਲ਼ਣ ਵਾਲੇ ਕੰਮ ਨੂੰ ਪਹਿਲ ਦਿੰਦੇ ਹਨ ਕਿਉਂਕਿ ਇੰਝ ਉਹ ਘਰ ਵਿੱਚ ਕਿਸੇ ਵੀ ਸਮੇਂ ਪੈਸੇ ਖਰਚ ਸਕਦੇ ਹੁੰਦੇ ਹਨ
40 ਸਾਲਾ ਦਵਿੰਦਰ ਜੋ ਕਿ ਉੱਤਰ ਪ੍ਰਦੇਸ਼ ਦੇ ਗੋਂਡਾ ਜਿਲ੍ਹੇ ਤੋਂ ਹਨ, ਮੈਦਾਨ ਵਿੱਚ ਤੰਬੂ ਗੱਡਣ ਵਾਲੇ ਉਨ੍ਹਾਂ ਕਾਮਿਆਂ ਵਿੱਚੋਂ ਇੱਕ ਹਨ। "ਪਿਛਲੇ 1-2 ਸਾਲਾਂ ਤੋਂ, ਸਰਕਾਰਾਂ (ਕੇਂਦਰ ਅਤੇ ਸੂਬਾ) ਕੋਰੋਨਾ ਕਰਕੇ ਖੁਦ ਮੁਸੀਬਤ ਵਿੱਚ ਹਨ," ਉਹ ਕਹਿੰਦੇ ਹਨ। "ਉਹ ਕਿਸਾਨਾਂ ਲਈ ਕੀ ਕਰ ਸਕਦੇ ਹਨ?"
ਕਰਨਲਗੰਜ ਬਲਾਕ ਦੇ ਰਾਜਟੋਲਾ ਪਿੰਡ ਵਿੱਚ ਦਵਿੰਦਰ ਦਾ ਪਰਿਵਾਰ ਜਿਸ ਵਿੱਚ ਉਨ੍ਹਾਂ ਦੇ ਮਾਤਾ-ਪਿਤਾ, ਪਤਨੀ ਅਤੇ ਤਿੰਨ ਬੱਚੇ ਹਨ-ਤਿੰਨ ਵਿਘੇ ਜ਼ਮੀਨ 'ਤੇ ਕਣਕ, ਝੋਨਾ ਅਤੇ ਮੱਕੀ ਦੀ ਕਾਸ਼ਤ ਕਰਦਾ ਹੈ। 2003 ਵਿੱਚ, ਉਹ ਕੰਮ ਦੀ ਭਾਲ਼ ਵਿੱਚ ਮੁੰਬਈ ਆਏ। "ਮੈਂ ਹਰ ਤਰ੍ਹਾਂ ਦਾ ਕੰਮ ਕੀਤਾ, ਪਰ ਮੈਨੂੰ ਇਹ (ਤੰਬੂ ਗੱਡਣ) ਕੰਮ ਸਭ ਤੋਂ ਜਿਆਦਾ ਪਸੰਦ ਹੈ।"
"ਜੇਕਰ ਤੁਸੀਂ ਕਿਸੇ ਹੋਰ ਥਾਵੇਂ ਕੰਮ ਕਰਦੇ ਹੋ, ਤਾਂ ਤੁਹਾਨੂੰ ਹਰ ਮਹੀਨੇ ਬੱਝੀ ਤਨਖਾਹ ਮਿਲੇਗੀ। ਪਰ ਜੇਕਰ ਤੁਹਾਡੇ ਘਰ ਕੋਈ ਸਮੱਸਿਆ ਹੈ ਅਤੇ ਉਨ੍ਹਾਂ ਨੂੰ (ਪਰਿਵਾਰ ਨੂੰ) ਪੈਸੇ ਦੀ ਲੋੜ ਹੈ, ਤਾਂ ਇੰਝ ਮੈਂ ਉਨ੍ਹਾਂ ਨੂੰ ਅਗਲੇ ਹੀ ਦਿਨ ਪੈਸੇ ਭੇਜ ਸਕਦਾ ਹਾਂ," ਉਹ ਦਿਹਾੜੀ ਕਰਕੇ ਹੱਥ ਵਿੱਚ ਆਉਣ ਵਾਲੀ ਨਗਦ ਰਾਸ਼ੀ- ਜੋ ਕਿ 500 ਰੁਪਏ ਹੈ, ਦਾ ਜਿਕਰ ਕਰਦਿਆਂ ਕਹਿੰਦੇ ਹਨ।
23 ਜਨਵਰੀ ਦਾ ਦਿਨ ਹੈ ਅਤੇ ਦੁਪਹਿਰ 1 ਤੋਂ 2 ਵਜੇ ਕਾਮਿਆਂ ਦੀ ਅੱਧੀ ਛੁੱਟੀ ਦਾ ਸਮਾਂ ਹੈ ਅਤੇ ਉਹ ਕਾਲੇ ਅਤੇ ਲਾਲ ਕੱਪੜੇ ਨਾਲ਼ ਅੱਧ-ਬਣੇ ਤੰਬੂ ਵਿੱਚ ਬਿੰਦ ਕੁ ਸਾਹ ਲੈ ਰਹੇ ਹਨ, ਜੋ ਤੰਬੂ ਅੱਧੀ ਛੁੱਟੀ ਖ਼ਤਮ ਹੋਣ 'ਤੇ ਪੰਡਾਲ ਦੀ ਛੱਤ ਬਣਦਿਆਂ ਹੀ ਮੁਕੰਮਲ ਰੂਪ ਧਾਰ ਲਵੇਗਾ। ਉਨ੍ਹਾਂ ਦੇ ਐਨ ਨਾਲ਼ ਕਰਕੇ ਗੋਂਡਾ ਦੇ ਲਕਸ਼ਣਪੁਰ ਪਿੰਡ ਦੇ 20 ਸਾਲਾ ਬ੍ਰਿਜੇਸ਼ ਕੁਮਾਰ ਬੈਠੇ ਹਨ। ਉਨ੍ਹਾਂ ਨੇ 16 ਸਾਲ ਦੀ ਉਮਰੇ ਮੁੰਬਈ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ 500 ਰੁਪਏ ਦਿਹਾੜੀ ਵਿੱਚ ਮਹੀਨੇ ਦੇ ਕਰੀਬ 20 ਦਿਨ ਕੰਮ ਕਰਦੇ ਹਨ। "ਸਾਨੂੰ ਜੋ ਵੀ ਕੰਮ ਮਿਲ਼ਦਾ ਹੈ ਅਸੀਂ ਕਰਦੇ ਹਾਂ," ਬ੍ਰਿਜੇਸ਼ ਕਹਿੰਦੇ ਹਨ, ਜਿਨ੍ਹਾਂ ਵਿੱਚ ਰੰਗ-ਰੋਗਣ ਕਰਨਾ, ਉਸਾਰੀ ਅਤੇ ਹੋਰ ਕਈ ਕੰਮ ਸ਼ਾਮਲ ਹਨ। ਇਹ ਪੁੱਛੇ ਜਾਣ 'ਤੇ ਕਿ ਉਨ੍ਹਾਂ ਨੇ ਇੰਨੇ ਵਿਸ਼ਾਲ ਪੰਡਾਲ ਲਗਾਉਣਾ ਕਿੱਥੋਂ ਸਿੱਖਿਆ ਹੈ? "ਸਾਡੇ ਤੋਂ ਪਹਿਲਾਂ ਆਉਣ ਵਾਲਾ ਹਰੇਕ ਵਿਅਕਤੀ ਜਾਣਦਾ ਸੀ ਕਿ ਕੀ ਕਰਨਾ ਹੈ," ਉਨ੍ਹਾਂ ਨੇ ਜਵਾਬ ਦਿੱਤਾ। "ਅਸੀਂ ਉਨ੍ਹਾਂ ਨਾਲ਼ ਕੰਮ ਕੀਤਾ, ਉਨ੍ਹਾਂ ਨੇ ਸਾਨੂੰ ਗੰਢਾਂ ਬੰਨ੍ਹਣਾ ਅਤੇ ਉਤਾਂਹ ਚੜ੍ਹਨਾ ਸਿਖਾਇਆ। ਬੱਸ ਇਸੇ ਤਰ੍ਹਾਂ ਅਸੀਂ ਸਿੱਖ ਗਏ। ਜੇਕਰ ਕੋਈ ਪਿੰਡੋਂ ਆਉਂਦਾ ਹੈ ਤਾਂ ਅਸੀਂ ਉਨ੍ਹਾਂ ਨੂੰ ਵੀ ਆਪਣੇ ਨਾਲ਼ ਲਗਾ ਲੈਂਦੇ ਹਾਂ।"
ਤੰਬੂ ਲਈ ਬਾਂਸ ਦੀ ਮਚਾਣ ਕਰੀਬ 18-20 ਫੁੱਚ ਉੱਚੀ ਜਾਂਦੀ ਹੈ। ਪਿਛਲੇ ਦੋ ਦਿਨਾਂ ਤੋਂ, ਸਵੇਰ ਦੇ 9 ਵਜੇ ਤੋਂ ਰਾਤ ਦੇ 9 ਵਜੇ ਤੱਕ ਲੋਕ ਬਿਨਾਂ ਕਿਸੇ ਸੁਰੱਖਿਆ ਉਪਕਰਣਾਂ ਦੇ, ਸਮੇਂ ਸਿਰ ਹਰ ਤਰ੍ਹਾਂ ਦੇ ਤੰਬੂ-ਵੱਡੇ ਅਤੇ ਛੋਟੇ ਗੱਡਣ ਲਈ ਉਤਾਂਹ ਚੜ੍ਹਦੇ ਰਹੇ ਹਨ। 22 ਜਨਵਰੀ ਨੂੰ ਸੂਰਜ ਡੁੱਬਣ ਬਾਅਦ, ਉਨ੍ਹਾਂ ਨੇ ਇੱਕ ਸਟ੍ਰੌਬ (ਝਿਲਮਿਲ ਰੌਸ਼ਨੀ) ਲਾਈਟ ਵਿੱਚ ਕੰਮ ਕੀਤਾ, ਦਵਿੰਦਰ ਇਹ ਯਕੀਨੀ ਬਣਾਇਆ ਕਿ ਹਰ ਬਾਂਸ ਨੂੰ ਨਿਸ਼ਚਿਤ ਉੱਚਾਈ 'ਤੇ ਬੰਨ੍ਹਿਆ ਗਿਆ ਹੋਵੇ।


' ਮੈਂ ਪ੍ਰਦਰਸ਼ਨ ਵਿੱਚ ਸ਼ਾਮਲ ਨਹੀਂ ਹੋਊਂਗਾ, ' ਸੰਤਰਮਨ (ਖੱਬੇ) ਕਹਿੰਦੇ ਹਨ। ਬ੍ਰਿਜੇਸ਼ ਅੱਗੇ ਕਹਿੰਦੇ ਹਨ : ' ਕੰਮ ਤੋਂ ਛੁੱਟ ਸਾਨੂੰ ਵਿਹਲ ਹੀ ਕਿੱਥੇ ਮਿਲ਼ਦੀ ਹੈ '
ਉਹ ਕਹਿੰਦੇ ਹਨ ਕਿ ਉਹ ਸਿਰਫ਼ ਮੁੰਬਈ ਵਿੱਚ ਹੀ ਕੰਮ ਕਰਦੇ ਹਨ। ਅਤੇ ਜਦੋਂ ਉਨ੍ਹਾਂ ਨੂੰ ਮੀਂਹ ਤੋਂ ਪਹਿਲਾਂ ਛਪਰੇ ਕਾ ਕਾਮ - ਰੇਸਤਰਾਂ, ਉੱਚੀਆਂ ਇਮਾਰਤਾਂ ਅਤੇ ਹੋਰਨਾਂ ਇਮਾਰਤਾਂ ਦੀਆਂ ਛੱਤਾਂ ਕੱਜਣ ਦਾ ਕੰਮ ਮਿਲ਼ਦਾ ਹੈ ਤਾਂ ਉਹ 30 ਤੋਂ 80 ਫੁੱਟ ਦੀ ਉਚਾਈ ਤੱਕ ਵੀ ਚੜ੍ਹ ਜਾਂਦੇ ਹਨ। "ਨਵੇਂ ਬੰਦੇ ਦੇ ਆਉਣ 'ਤੇ, ਅਸੀਂ ਉਹਨੂੰ ਬਾਂਸ ਚੁੱਕਣ ਦੇ ਕੰਮ 'ਤੇ ਲਾਉਂਦੇ ਹਾਂ। ਫਿਰ ਹੌਲੀ-ਹੌਲੀ ਅਸੀਂ ਉਹਨੂੰ ਹੇਠਲੇ ਬਾਂਸ ਬੰਨ੍ਹਣ ਦੇ ਕੰਮ 'ਤੇ ਲਾਉਂਦੇ ਹਾਂ ਅਤੇ ਫਿਰ ਕਿਤੇ ਜਾ ਕੇ ਉਹਨੂੰ ਚੜ੍ਹਨਾ ਸਿਖਾਉਂਦੇ ਹਾਂ," ਮੁਸਕਰਾਉਂਦਿਆਂ ਦਵਿੰਦਰ ਕਹਿੰਦੇ ਹਨ।
"ਜੇਕਰ ਅਸੀਂ ਇੱਥੇ ਮਜ਼ਦੂਰੀ (ਦਿਹਾਰੀ ਮਜ਼ਦੂਰ) ਨਹੀਂ ਕਰਦੇ, ਤਾਂ ਆਪਣੇ ਖੇਤਾਂ (ਮਗਰ ਪਿੰਡ ਵਿੱਚ) ਖੇਤੀ ਵੀ ਨਹੀਂ ਕਰ ਸਕਦੇ," ਰਾਮ ਮੋਹਨ ਕਹਿੰਦੇ ਹਨ। "ਖਾਦ, ਬੀਜ ਅਤੇ ਬਾਕੀ ਸਮਾਨ ਖਰੀਦਣ ਲਈ, ਸਾਨੂੰ ਪੈਸੇ ਚਾਹੀਦੇ ਹਨ- ਅਤੇ ਇਹ ਪੈਸੇ ਖੇਤੀ ਤੋਂ ਨਹੀਂ ਆਉਂਦੇ। ਬੱਸ ਇਸੇ ਕਾਰਨ ਅਸੀਂ ਇੱਥੇ (ਮੁੰਬਈ ਵਿੱਚ) ਕੰਮ ਕਰਦੇ ਹਾਂ।"
ਹਾਲਾਂਕਿ ਕਿ ਰਾਮ ਮੋਹਨ ਦੀ 24 ਜਨਵਰੀ ਨੂੰ ਦੱਖਣ ਮੁੰਬਈ ਦੇ ਅਜ਼ਾਦ ਮੈਦਾਨ ਤੋਂ ਸ਼ੁਰੂ ਹੋਣ ਵਾਲੀ ਰੈਲੀ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ, ਜਦੋਂਕਿ ਬਾਕੀ ਸਾਰੇ ਉੱਤਰੀ ਮੁੰਬਈ ਸਥਿਤ ਆਪਣੇ ਕਿਰਾਏ ਦੇ ਕਮਰਿਆਂ ਵਿੱਚ ਪਰਤ ਜਾਣਗੇ। "ਮੈਂ ਪ੍ਰਦਰਸ਼ਨ ਵਿੱਚ ਸ਼ਾਮਲ ਨਹੀਂ ਹੋਊਂਗਾ। ਅਤੇ ਮੈਨੂੰ ਇਨ੍ਹਾਂ (ਖੇਤੀ) ਕਨੂੰਨਾਂ ਬਾਰੇ ਬਹੁਤਾ ਵੀ ਨਹੀਂ ਪਤਾ। ਮੈਂ ਕੰਮ ਕਰਦਾ ਅਤੇ ਕਮਾਉਂਦਾ ਹਾਂ, ਬੱਸ ਇੰਨਾ ਹੀ," ਗੋਂਡਾ ਜਿਲ੍ਹੇ ਦੇ ਪਰਸਪੁਰ ਪਿੰਡ ਦੇ 26 ਸਾਲਾ ਸੰਤਰਮਨ ਦਾ ਕਹਿਣਾ ਹੈ, ਜਿਨ੍ਹਾਂ ਦੇ ਪਰਿਵਾਰ ਕੋਲ਼ ਆਪਣੀ ਕੋਈ ਜ਼ਮੀਨ ਨਹੀਂ।
" ਕਾਮ ਸੇ ਫੁਰਸਤ ਨਹੀਂ ਹੋਤੀ (ਸਾਨੂੰ ਕੰਮ ਤੋਂ ਵਿਹਲ ਹੀ ਨਹੀਂ ਮਿਲ਼ਦੀ)," ਬ੍ਰਿਜੇਸ਼ ਕਹਿੰਦੇ ਹਨ। "ਇੱਥੇ ਕੰਮ ਪੂਰਾ ਹੋ ਜਾਣ ਤੋਂ ਬਾਅਦ, ਅਸੀਂ ਕਿਤੇ ਹੋਰ ਕੰਮ ਕਰਨ ਚਲੇ ਜਾਵਾਂਗੇ। ਕਈ ਲੋਕ ਇਨ੍ਹਾਂ ਪ੍ਰਦਰਸਨਾਂ ਵਿੱਚ ਸ਼ਾਮਲ ਹਨ। ਪਰ ਜੇਕਰ ਅਸੀਂ ਕੰਮ ਨਹੀਂ ਕਰਾਂਗੇ ਤਾਂ ਖਾਵਾਂਗੇ ਕੀ?"

ਇੱਕ ਵਾਰ ਮਜਦੂਰਾਂ ਦੇ ਤੰਬੂ ਗੱਡਣ ਦਾ ਕੰਮ ਮੁਕੰਮਲ ਹੋ ਜਾਣ ' ਤੇ, ਤਾਂ 23 ਜਨਵਰੀ ਨੂੰ ਨਾਸਿਕ ਤੋਂ ਸ਼ੁਰੂ ਹੋਣ ਵਾਲੇ ਵਿਰੋਧ ਮਾਰਚ ਵਿੱਚ ਸ਼ਾਮਲ ਹੋਣ ਲਈ ਹਜਾਰਾਂ ਦੀ ਗਿਣਤੀ ਵਿੱਚ ਕਿਸਾਨ ਅਜ਼ਾਦ ਮੈਦਾਨ ਆਉਣ ਲੱਗਣਗੇ

ਸਾਈਟ ' ਤੇ ਬਾਂਸ ਦੇ ਮਚਾਨ ਦੀ ਉੱਚਾਈ 18-20 ਫੁੱਟ ਤੱਕ ਜਾਂਦੀ ਹੈ। ਪਿਛਲੇ ਦੋ ਦਿਨਾਂ ਤੋਂ, ਸਵੇਰ ਦੇ 9 ਵਜੇ ਤੋਂ ਰਾਤ ਦੇ 9 ਵਜੇ ਤੱਕ ਲੋਕ ਬਿਨਾਂ ਕਿਸੇ ਸੁਰੱਖਿਆ ਉਪਕਰਣਾਂ ਦੇ, ਸਮੇਂ ਸਿਰ ਤੰਬੂ ਗੱਡਣ ਲਈ ਉਤਾਂਹ ਚੜ੍ਹਦੇ ਰਹੇ ਹਨ।

ਸੂਰਜ ਡੁੱਬਣ ਬਾਅਦ, ਉਨ੍ਹਾਂ ਨੇ ਇੱਕ ਸਟ੍ਰੌਬ (ਝਿਲਮਿਲ ਰੌਸ਼ਨੀ) ਲਾਈਟ ਵਿੱਚ ਕੰਮ ਕੀਤਾ, ਮਜ਼ਦੂਰਾਂ ਵਿੱਚ 19 ਸਾਲਾ ਸ਼ੰਕਰ ਚੌਹਾਨ ਵੀ ਹਨ- ਇਹ ਯਕੀਨੀ ਬਣਾਉਂਦੇ ਹੋਏ ਕਿ ਹਰੇਕ ਕਤਾਰ ਦੇ ਬਾਂਸ ਇੱਕੋ ਜਿਹੀ ਉੱਚਾਈ ' ਤੇ ਬੰਨ੍ਹੇ ਹੋਣ

' ਸਾਨੂੰ ਜੋ ਕੰਮ ਮਿਲ਼ਦਾ ਹੈ ਅਸੀਂ ਉਹ ਕਰਦੇ ਹਾਂ ' , ਬ੍ਰਿਜੇਸ਼ ਕੁਮਾਰ ਕਹਿੰਦੇ ਹਨ-ਜਿਨ੍ਹਾਂ ਵਿੱਚ ਰੰਗ-ਰੋਗਣ ਕਰਨਾ, ਉਸਾਰੀ ਅਤੇ ਹੋਰ ਤਰ੍ਹਾਂ ਦੇ ਕੰਮ ਵੀ ਸ਼ਾਮਲ ਹਨ

ਰੈਲੀ ਲਈ ਤੰਬੂ ਤਿਆਰ ਕਰਨ ਲਈ 3000 ਬਾਂਸ, 4000 ਮੀਟਰ ਕੱਪੜਾ ਅਤੇ ਜੂਟ ਦੀ ਰੱਸੀ ਦੀਆਂ ਕਈ ਗੱਠਾਂ ਲੱਗਣੀਆਂ।

' ਸਾਡੇ ਤੋਂ ਪਹਿਲਾਂ ਆਉਣ ਵਾਲਾ ਹਰੇਕ ਵਿਅਕਤੀ ਜਾਣਦਾ ਸੀ ਕਿ ਕੀ ਕਰਨਾ ਹੈ, ' ਬ੍ਰਿਜੇਸ਼ (ਵਿਚਕਾਰ) ਕਹਿੰਦੇ ਹਨ- ਨਾਲ਼ ਮਹਿੰਦਰ ਸਿੰਘ (ਖੱਬੇ) ਅਤੇ ਰੁਪੇਂਦਰ ਕੁਮਾਰ ਸਿੰਘ। ' ਅਸੀਂ ਉਨ੍ਹਾਂ ਨਾਲ਼ ਕੰਮ ਕੀਤਾ, ਉਨ੍ਹਾਂ ਨੇ ਸਾਨੂੰ ਗੰਢਾਂ ਬੰਨ੍ਹਣਾ ਅਤੇ ਉਤਾਂਹ ਚੜ੍ਹਨਾ ਸਿਖਾਇਆ। ਬੱਸ ਇਸੇ ਤਰ੍ਹਾਂ ਅਸੀਂ ਸਿੱਖ ਗਏ। ਜੇਕਰ ਕੋਈ ਪਿੰਡੋਂ ਆਉਂਦਾ ਹੈ ਤਾਂ ਅਸੀਂ ਉਨ੍ਹਾਂ ਨੂੰ ਵੀ ਆਪਣੇ ਨਾਲ਼ ਲਗਾ ਲੈਂਦੇ ਹਾਂ। '

'ਨਵੇਂ ਬੰਦੇ ਦੇ ਆਉਣ 'ਤੇ, ਅਸੀਂ ਉਹਨੂੰ ਬਾਂਸ ਚੁੱਕਣ ਦੇ ਕੰਮ 'ਤੇ ਲਾਉਂਦੇ ਹਾਂ। ਫਿਰ ਹੌਲੀ-ਹੌਲੀ ਅਸੀਂ ਉਹਨੂੰ ਹੇਠਲੇ ਬਾਂਸ ਬੰਨ੍ਹਣ ਦੇ ਕੰਮ 'ਤੇ ਲਾਉਂਦੇ ਹਾਂ ਅਤੇ ਫਿਰ ਕਿਤੇ ਜਾ ਕੇ ਉਹਨੂੰ ਚੜ੍ਹਨਾ ਸਿਖਾਉਂਦੇ
ਹਾਂ,"
ਦਵਿੰਦਰ ਕਹਿੰਦੇ ਹਨ।

ਕੁਝ ਮਜ਼ਦੂਰਾਂ ਦਾ ਇੱਥੇ 24 ਜਨਵਰੀ
ਦੀ ਰੈਲੀ ਵਿੱਚ ਰੁੱਕਣ ਦਾ ਵਿਚਾਰ ਹੈ, ਜਦੋਂਕਿ ਬਾਕੀ ਉੱਤਰੀ ਮੁੰਬਈ ਵਿੱਚ ਆਪਣੇ ਕਿਰਾਏ ਦੇ
ਕਮਰਿਆਂ ਵਿੱਚ ਪਰਤ ਜਾਣਗੇ

' ਜੇਕਰ ਅਸੀਂ ਇੱਥੇ ਮਜ਼ਦੂਰੀ (ਦਿਹਾਰੀ ਮਜ਼ਦੂਰ) ਨਹੀਂ ਕਰਦੇ, ਤਾਂ ਆਪਣੇ ਖੇਤਾਂ (ਮਗਰ ਪਿੰਡ ਵਿੱਚ) ਖੇਤੀ ਵੀ ਨਹੀਂ ਕਰ ਸਕਦੇ, " ਰਾਮ ਮੋਹਨ ਕਹਿੰਦੇ ਹਨ। " ਖਾਦ, ਬੀਜ ਅਤੇ ਬਾਕੀ ਸਮਾਨ ਖਰੀਦਣ ਲਈ, ਸਾਨੂੰ ਪੈਸੇ ਚਾਹੀਦੇ ਹਨ- ਅਤੇ ਇਹ ਪੈਸੇ ਖੇਤੀ ਤੋਂ ਨਹੀਂ ਆਉਂਦੇ। '

' ਮੈਨੂੰ ਇਨ੍ਹਾਂ (ਖੇਤੀ) ਕਨੂੰਨਾਂ ਬਾਰੇ ਬਹੁਤਾ ਨਹੀਂ ਪਤਾ। ਮੈਂ ਕੰਮ ਕਰਦਾ ਅਤੇ ਕਮਾਉਂਦਾ ਹਾਂ, ਬੱਸ ਇੰਨਾ ਹੀ, ' ਸੰਤਰਮਨ (ਮਾਸਕ ਵਿੱਚ) ਕਹਿੰਦੇ ਹਨ-ਇੱਥੇ, ਯੂਪੀ ਦੇ ਗੋਂਡਾ ਜਿਲ੍ਹੇ ਦੇ ਹੋਰਨਾਂ ਮਜ਼ਦੂਰਾਂ ਦੇ ਨਾਲ਼

' ਇੱਥੇ ਕੰਮ ਪੂਰਾ ਹੋ ਜਾਣ ਤੋਂ ਬਾਅਦ, ਅਸੀਂ ਕਿਤੇ ਹੋਰ ਕੰਮ ਕਰਨ ਚਲੇ ਜਾਵਾਂਗੇ। ਕਈ ਲੋਕ ਇਨ੍ਹਾਂ ਪ੍ਰਦਰਸਨਾਂ ਵਿੱਚ ਸ਼ਾਮਲ ਹਨ। ਪਰ ਜੇਕਰ ਅਸੀਂ ਕੰਮ ਨਹੀਂ ਕਰਾਂਗੇ ਤਾਂ ਖਾਵਾਂਗੇ ਕੀ ? '
ਤਰਜਮਾ - ਕਮਲਜੀਤ ਕੌਰ