"ਮੈਂ ਨਹੀਂ ਜਾਣਦੀ ਕਿ ਇਹ ਸਭ ਕਾਹਦੇ ਬਾਰੇ ਹੈ, ਮੈਨੂੰ ਜਾਪਦਾ ਹੈ ਕਿ ਜੋ ਵੀ ਹੋਵੇ ਇਹ ਮੋਦੀ ਨਾਲ਼ ਸਬੰਧਤ ਹੈ। ਮੈਂ ਤਾਂ ਇੱਥੇ ਖਾਣੇ ਵਾਸਤੇ ਆਉਂਦੀ ਹਾਂ। ਸਾਨੂੰ ਹੁਣ ਭੁੱਖੇ ਢਿੱਡ ਸੌਣ ਦੀ ਚਿੰਤਾ ਨਹੀਂ ਰਹੀ," 16 ਸਾਲ ਦੀ ਰੇਖਾ (ਇਸ ਕਹਾਣੀ ਅੰਦਰਲੇ ਕਈ ਲੋਕਾਂ ਵਾਂਗ ਉਹ ਵੀ ਆਪਣਾ ਛੋਟਾ ਨਾਮ ਹੀ ਵਰਤਣਾ ਪਸੰਦ ਕਰਦੀ ਹੈ) ਕਹਿੰਦੀ ਹੈ। ਉਹ ਕੂੜਾ ਚੁਗਣ ਦਾ ਕੰਮ ਕਰਦੀ ਹੈ, ਅਤੇ ਕੂੜੇ ਵਿੱਚੋਂ ਦੋਬਾਰਾ ਇਸਤੇਮਾਲ ਹੋਣ ਵਾਲੀਆਂ ਚੀਜਾਂ ਚੁੱਗਦੀ ਹੈ, ਰੇਖਾ ਉੱਤਰੀ ਦਿੱਲੀ ਦੇ ਅਲੀਪੁਰ ਵਿੱਚ ਰਹਿੰਦੀ ਹੈ ਜੋ ਕਿ ਧਰਨਾ-ਸਥਲ ਤੋਂ ਲਗਭਗ 8 ਕਿਲੋਮੀਟਰ ਦੂਰ ਹੈ।
ਉਹ ਦਿੱਲੀ-ਹਰਿਆਣਾ ਸੀਮਾ ਸਥਿਤ ਸਿੰਘੂ ਨਾਕੇਬੰਦੀ 'ਤੇ ਮੌਜੂਦ ਹੈ, ਜਿੱਥੇ ਕਿਸਾਨ ਬੀਤੀ 26 ਨਵੰਬਰ ਤੋਂ ਸਰਕਾਰ ਵੱਲੋਂ ਸਤੰਬਰ ਮਹੀਨੇ ਵਿੱਚ ਪਾਸ ਕੀਤੇ ਤਿੰਨੋਂ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਧਰਨੇ ਨੇ ਕਈ ਹਜਾਰਾਂ ਦੀ ਗਿਣਤੀ ਵਿੱਚ ਕਿਸਾਨਾਂ, ਸਮਰਥਕਾਂ, ਕੁਝ ਉਤਸੁਕ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਹੈ ਅਤੇ ਇਨ੍ਹਾਂ ਵਿੱਚ ਕੁਝ ਭੁੱਖ ਨਾਲ਼ ਵਿਲ਼ਕਦੇ ਲੋਕ ਵੀ ਸ਼ਾਮਲ ਹਨ ਜੋ ਕਿਸਾਨਾਂ ਅਤੇ ਗੁਰੂਦੁਆਰਿਆਂ ਦੁਆਰਾ ਚਲਾਏ ਜਾ ਰਹੇ ਲੰਗਰਾਂ ਵਿੱਚ ਖਾਣਾ ਖਾਂਦੇ ਹਨ। ਇਨ੍ਹਾਂ ਭਾਚੀਚਾਰਕ ਰਸੋਈਆਂ ਵਿੱਚ ਕੰਮ ਕਰਨ ਵਾਲੇ ਲੋਕ ਲੰਗਰ ਛਕਣ ਆਏ ਹਰੇਕ ਵਿਅਕਤੀ ਦਾ ਸੁਆਗਤ ਕਰਦੇ ਹਨ।
ਇਨ੍ਹਾਂ ਵਿੱਚੋਂ ਬਹੁਤੇਰੇ ਕਈ ਪਰਿਵਾਰ ਨੇੜਲੇ ਫੁੱਟਪਾਥਾਂ ਅਤੇ ਝੁੱਗੀ ਬਸਤੀਆਂ ਵਿੱਚ ਰਹਿਣ ਵਾਲੇ ਹਨ, ਜੋ ਧਰਨਾ-ਸਥਲ 'ਤੇ ਸਵੇਰੇ 8 ਵਜੇ ਤੋਂ ਰਾਤ 9 ਵਜੇ ਤੱਕ ਪੂਰਾ ਦਿਨ ਛਕਾਏ ਜਾਣ ਵਾਲੇ ਲੰਗਰ (ਮੁਫ਼ਤ ਖਾਣੇ), ਚੌਲ, ਦਾਲ, ਪਕੌੜੇ, ਲੱਡੂ, ਸਾਗ, ਮੱਕੀ ਦੀ ਰੋਟੀ, ਪਾਣੀ, ਜੂਸ ਆਦਿ ਵਾਸਤੇ ਆਉਂਦੇ ਹਨ। ਵਲੰਟੀਅਰ (ਸਵੈ-ਸੇਵਕ) ਵੱਡੀ ਗਿਣਤੀ ਵਿੱਚ ਵਰਤੋਂ ਦੀਆਂ ਬਹੁਤ ਸਾਰੀਆਂ ਚੀਜਾਂ ਜਿਵੇਂ ਦਵਾਈਆਂ, ਕੰਬਲ, ਸਾਬਣ, ਸਲੀਪਰ, ਕੱਪੜੇ ਅਤੇ ਹੋਰ ਵੀ ਸਮਾਨ ਮੁਫ਼ਤ ਹੀ ਵੰਡ ਰਹੇ ਹਨ।
ਇਨ੍ਹਾਂ ਵਲੰਟੀਅਰਾਂ ਵਿੱਚ 23 ਸਾਲ ਦਾ ਕਿਸਾਨ ਹਰਪ੍ਰੀਤ ਸਿੰਘ ਵੀ ਹੈ ਜੋ ਕਿ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਘੁੰਮਣ ਕਲਾਂ ਦਾ ਵਾਸੀ ਹੈ ਅਤੇ ਬੀਐੱਸੀ ਡਿਗਰੀ ਦੀ ਪੜ੍ਹਾਈ ਵੀ ਕਰ ਰਿਹਾ ਹੈ। "ਸਾਡਾ ਮੰਨਣਾ ਹੈ ਕਿ ਇਹ ਕਾਨੂੰਨ ਗ਼ਲਤ ਹਨ," ਉਹ ਕਹਿੰਦਾ ਹੈ। "ਇਹ ਜ਼ਮੀਨਾਂ ਸਾਡੇ ਪੁਰਖਿਆਂ ਦੁਆਰਾ ਜੋਤੀਆਂ ਗਈਆਂ ਅਤੇ ਉਨ੍ਹਾਂ ਦੀ ਮਲਕੀਅਤ ਹਨ ਅਤੇ ਹੁਣ ਸਰਕਾਰ ਸਾਨੂੰ ਸਾਡੀਆਂ ਹੀ ਜ਼ਮੀਨਾਂ ਤੋਂ ਬਾਹਰ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਇਨ੍ਹਾਂ ਕਾਨੂੰਨਾਂ ਦਾ ਸਮਰਥਨ ਨਹੀਂ ਕਰਦੇ। ਜੇਕਰ ਅਸੀਂ ਰੋਟੀ ਖਾਣਾ ਹੀ ਨਹੀਂ ਚਾਹੁੰਦੇ ਤਾਂ ਕੋਈ ਸਾਨੂੰ ਧੱਕੇ ਨਾਲ਼ ਕਿਵੇਂ ਖਵਾ ਸਕਦਾ ਹੈ? ਇਨ੍ਹਾਂ ਕਾਨੂੰਨਾਂ ਨੇ ਵਾਪਸ ਜਾਣਾ ਹੀ ਜਾਣਾ ਹੈ।"

"ਤਾਲਾਬੰਦੀ ਦੌਰਾਨ, ਸਾਡੇ ਕੋਲ਼ ਖਾਣ ਨੂੰ ਕੁਝ ਵੀ ਨਹੀਂ ਸੀ, ਚੰਗੇ ਖਾਣੇ ਦੀ ਤਾਂ ਗੱਲ ਹੀ ਦੂਰ ਰਹੀ, "30 ਸਾਲਾਂ ਦੀ ਮੀਨਾ (ਹਰੇ ਪੱਲੇ ਨਾਲ਼ ਸਿਰ ਢੱਕੀ) ਕਹਿੰਦੀ ਹੈ, ਜੋ ਉੱਤਰੀ ਦਿੱਲੀ ਦੇ ਅਲੀਪੁਰ ਵਿੱਚ ਰਹਿੰਦੀ ਹੈ, ਇਹ ਇਲਾਕਾ ਸਿੰਘੂ ਬਾਰਡਰ ਤੋਂ ਕਰੀਬ 8 ਕਿਲੋਮੀਟਰ ਦੂਰ ਹੈ, ਮੀਨਾ ਗੁਜ਼ਰ-ਬਸਰ ਲਈ ਗੁਬਾਰੇ ਵੇਚਦੀ ਹੈ। "ਇੱਥੇ ਅਸੀਂ ਜੋ ਵੀ ਖਾਣਾ ਖਾਂਦੇ ਹਾਂ ਇਹੋ ਜਿਹਾ ਖਾਣਾ ਅਸਾਂ ਪਹਿਲਾਂ ਕਦੇ ਨਹੀਂ ਖਾਧਾ। ਕਿਸਾਨ ਸਾਨੂੰ ਪੂਰਾ ਦਿਨ ਖੁੱਲ੍ਹੇ ਹੱਥੀਂ ਖਾਣਾ ਦਿੰਦੇ ਹਨ। ਅਸੀਂ ਇੱਥੇ ਇੱਕ ਹਫ਼ਤੇ ਤੋਂ ਆ ਰਹੇ ਹਾਂ ਅਤੇ ਦਿਨ ਵਿੱਚ ਦੋ ਵਾਰੀ ਆਉਂਦੇ ਹਾਂ।"

ਹਰਪ੍ਰੀਤ ਸਿੰਘ (ਨੀਲੀ ਪੱਗ ਵਿੱਚ), ਜੋ 23 ਸਾਲਾ ਕਿਸਾਨ ਹੈ ਅਤੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਘੁੰਮਣ ਕਲਾ ਦਾ ਵਾਸੀ ਹੈ ਅਤੇ ਬੀਐੱਸਸੀ ਡਿਗਰੀ ਦੀ ਪੜ੍ਹਾਈ ਕਰ ਰਿਹਾ ਹੈ, ਨੇ ਧਰਨੇ ਵਿੱਚ ਸ਼ਾਮਲ ਹੋਣ ਦੇ ਮਿਲੇ ਇੱਕੋ ਸੱਦੇ 'ਤੇ ਹੀ ਘਰ ਛੱਡ ਦਿੱਤਾ। "ਅਸੀਂ ਸਾਰੇ ਕਿਸਾਨ ਹਾਂ ਤੇ ਸਾਡਾ ਮੰਨਣਾ ਹੈ ਕਿ ਇਹ ਕਾਨੂੰਨ ਗ਼ਲਤ ਹਨ। ਇਹ ਜ਼ਮੀਨਾਂ ਸਾਡੇ ਪੁਰਖਿਆਂ ਦੁਆਰਾ ਜੋਤੀਆਂ ਗਈਆਂ ਅਤੇ ਉਨ੍ਹਾਂ ਦੀ ਮਲਕੀਅਤ ਹਨ ਅਤੇ ਹੁਣ ਸਰਕਾਰ ਸਾਨੂੰ ਸਾਡੀਆਂ ਹੀ ਜ਼ਮੀਨਾਂ ਤੋਂ ਬਾਹਰ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਇਨ੍ਹਾਂ ਕਾਨੂੰਨਾਂ ਦਾ ਸਮਰਥਨ ਨਹੀਂ ਕਰਦੇ। ਜੇਕਰ ਅਸੀਂ ਰੋਟੀ ਖਾਣਾ ਹੀ ਨਹੀਂ ਚਾਹੁੰਦੇ ਤਾਂ ਕੋਈ ਸਾਨੂੰ ਧੱਕੇ ਨਾਲ਼ ਕਿਵੇਂ ਖਵਾ ਸਕਦਾ ਹੈ? ਇਨ੍ਹਾਂ ਕਾਨੂੰਨਾਂ ਨੇ ਵਾਪਸ ਜਾਣਾ ਹੀ ਜਾਣਾ ਹੈ," ਉਹ ਜ਼ੋਰ ਦਿੰਦਾ ਹੈ।

"ਮੈਂ ਇੱਥੇ ਆਪਣੇ ਭਰਾਵਾਂ ਨਾਲ਼ ਸੇਵਾ ਕਰਦਾ ਹਾਂ,"ਹਰਪ੍ਰੀਤ ਕਹਿੰਦਾ ਹੈ (ਇਸ ਫ਼ੋਟੋ ਵਿੱਚ ਨਹੀਂ)। "ਇਹ ਸਾਡੇ ਗੁਰੂ ਦਾ ਲੰਗਰ ਹੈ। ਇਹ ਕਦੇ ਨਹੀਂ ਮੁੱਕੇਗਾ। ਇਹ ਸਾਨੂੰ ਅਤੇ ਹਜ਼ਾਰਾਂ ਹੋਰ ਲੋਕਾਂ ਨੂੰ ਖੁਆਉਂਦਾ ਹੈ। ਕਈ ਲੋਕ ਸਾਡੀ ਮਦਦ ਵਾਸਤੇ ਆਉਂਦੇ ਹਨ ਅਤੇ ਇਸ ਕਾਰਜ ਵਾਸਤੇ ਦਾਨ ਕਰਦੇ ਹਨ। ਅਸੀਂ ਇੱਥੇ ਲੰਬੇ ਤੋਂ ਲੰਬਾ ਸਮਾਂ ਰੁੱਕਣ ਲਈ ਤਿਆਰ ਹਾਂ ਜਦੋਂ ਤੱਕ ਕਿ ਇਹ ਕਾਨੂੰਨ ਰੱਦ ਨਹੀਂ ਹੁੰਦੇ। ਅਸੀਂ ਇੱਥੇ ਪੂਰਾ ਦਿਨ ਲੰਗਰ ਚਲਾਉਂਦੇ ਹਾਂ ਅਤੇ ਇਹ ਯਕੀਨੀ ਬਣਾਉਂਦੇ ਹਾਂ ਕਿ ਇੱਥੇ ਆਉਣ ਅਤੇ ਇੱਥੋਂ ਜਾਣ ਵਾਲੇ ਹਰੇਕ ਵਿਅਕਤੀ ਦਾ ਢਿੱਡ ਭਰਿਆ ਹੋਵੇ। "

ਰਜਵੰਤ ਤੌਰ (ਜਿਹਨੇ ਅਤੇ ਜਿਹਦੀਆਂ ਸਾਥਣਾਂ ਨੇ ਲਾਲ ਚੁੰਨ੍ਹੀ ਨਾਲ਼ ਸਿਰ ਢੱਕੇ ਹਨ), ਉਮਰ 50 ਸਾਲ, ਜੋ ਉੱਤਰ-ਪੱਛਮੀ ਦਿੱਲੀ ਦੇ ਰੋਹਿਨੀ ਇਲਾਕੇ ਤੋਂ ਹੈ ਅਤੇ ਗ੍ਰਹਿਣੀ ਹੈ। ਉਹਦਾ ਬੇਟਾ ਹਰ ਰੋਜ਼ ਇੱਥੇ ਸਾਂਝੀਆਂ ਰਸੋਈਆਂ ਵਿੱਚ ਸੇਵਾ ਕਰਨ ਆਉਂਦਾ ਹੈ ਅਤੇ ਇਸੇ ਗੱਲ ਨੇ ਉਹਨੂੰ ਇਸ ਘੋਲ਼ ਵਿੱਚ ਆਉਣ ਲਈ ਪ੍ਰੇਰਿਤ ਕੀਤਾ। "ਇਸ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈ ਜਿਸ ਰਾਹੀਂ ਮੈਂ ਆਪਣੀ ਹਿਮਾਇਤ ਦਰਜ਼ ਕਰਾ ਸਕਦੀ,"ਉਹ ਕਹਿੰਦੀ ਹੈ। "ਇਸਲਈ ਮੈਂ ਖਾਣਾ ਪਕਾਉਣ ਅਤੇ ਹਜ਼ਾਰਾਂ ਲੋਕਾਂ ਨੂੰ ਲੰਗਰ ਛਕਾਉਣ ਵਿੱਚ ਆਪਣੇ ਬੇਟੇ ਦਾ ਸਾਥ ਦੇਣ ਦਾ ਫੈਸਲਾ ਕੀਤਾ। ਇੱਥੇ ਕੰਮ ਕਰਨਾ ਅਤੇ ਆਪਣੇ ਕਿਸਾਨ ਭਰਾਵਾਂ ਦੀ ਸੇਵਾ ਕਰਨਾ ਮੈਨੂੰ ਬੜਾ ਚੰਗਾ ਮਹਿਸੂਸ ਕਰਾਉਂਦਾ ਹੈ।"

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਪੈਂਦੇ ਮਲੇਰਕੋਟਲੇ ਤੋਂ ਆਏ ਮੁਸਲਮਾਨਾਂ ਦਾ ਇੱਕ ਦਲ, ਜ਼ਰਦੇ (zarda) ਦੀ ਸੇਵਾ ਕਰਦਾ ਹੈ, ਇਹ ਪਕਵਾਨ ਉਨ੍ਹਾਂ ਦੇ ਖਾਸ ਤਰ੍ਹਾਂ ਦੇ ਚਾਵਲ ਹਨ ਅਤੇ ਇਹ ਦਲ ਪ੍ਰਦਰਸ਼ਨ ਦੇ ਪਹਿਲੇ ਦਿਨ ਤੋਂ ਹੀ ਇੱਥੇ ਹੈ। ਮੁਸਲਿਮ ਫੈਡਰੇਸ਼ਨ ਆਫ਼ ਪੰਜਾਬ, ਮਲੇਰਕੋਟਲਾ, ਦੇ ਆਲਮ ਤਾਰਿਕ ਮਨਜ਼ੂਰ ਦਾ ਕਹਿਣਾ ਕਿ ਉਹ ਅਜਿਹੇ ਖਿੱਤੇ ਨਾਲ਼ ਸਬੰਧ ਰੱਖਦੇ ਹਨ ਜਿੱਥੇ ਮੁਸਲਮਾਨ ਅਤੇ ਸਿੱਖ ਭਰਾ ਸਦੀਆਂ ਤੋਂ ਇੱਕ ਦੂਜੇ ਲਈ ਖੜ੍ਹੇ ਹੁੰਦੇ ਆਏ ਹਨ। ਕਿਸਾਨਾਂ ਦੇ ਕਾਰਜ ਵਿੱਚ ਮਦਦ ਕਰਨ ਲਈ, ਉਹ ਆਪਣੇ ਨਾਲ਼ ਉਨ੍ਹਾਂ ਦੀ ਪਛਾਣ ਦਰਸਾਉਂਦਾ ਪਕਵਾਨ ਲਿਆਏ ਹਨ। "ਜਿੰਨਾ ਲੰਬਾ ਚਿਰ ਸਾਡੇ ਕਿਸਾਨ ਭਰਾਵਾਂ ਨੇ ਲੜਨਾ ਹੈ, ਅਸੀਂ ਉਨ੍ਹਾਂ ਦੀ ਹਿਮਾਇਤ ਕਰਦੇ ਰਹਾਂਗੇ, " ਤਾਰਿਕ ਦਾ ਕਹਿਣਾ ਹੈ,"ਅਸੀਂ ਉਨ੍ਹਾਂ ਦੇ ਨਾਲ਼ ਖੜ੍ਹੇ ਹਾਂ।"

ਕਰਨਵੀਰ ਸਿੰਘ ਦੀ ਉਮਰ 11 ਸਾਲ ਹੈ। ਸਿੰਘੂ ਬਾਰਡਰ 'ਤੇ ਉਹਦਾ ਪਿਤਾ ਠੇਲ੍ਹੇ 'ਤੇ ਚਾਊਮਿਨ ਵੇਚਦਾ ਹੈ। "ਮੇਰੇ ਦੋਸਤਾਂ ਨੇ ਮੈਨੂੰ ਇੱਥੇ ਆਉਣ ਲਈ ਕਿਹਾ। ਅਸੀਂ ਗਾਜਰ ਦਾ ਹਲਵਾ ਖਾਣਾ ਚਾਹੁੰਦੇ ਸਾਂ," ਜ਼ਰਦਾ ਖਾਂਦਿਆਂ, ਹੱਸਦਾ ਕਰਨਵੀਰ ਕਹਿੰਦਾ ਹੈ, ਇਹ ਜ਼ਰਦਾ ਕੇਸਰੀ ਰੰਗ ਦੇ ਚੌਲ ਹਨ।

ਮੁੰਨੀ, ਜੋ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਪੈਂਦੇ ਕੁੰਡਲੀ ਪਿੰਡ ਤੋਂ ਹੈ, ਉਹ ਨਿਰਮਾਣ-ਸਥਲਾਂ 'ਤੇ ਕੰਮ ਕਰਦੀ ਹੈ। ਉਹ ਖਾਣੇ ਵਾਸਤੇ ਆਪਣੇ ਬੱਚਿਆਂ ਨਾਲ਼ ਧਰਨਾ-ਸਥਲ 'ਤੇ ਆਈ ਹੈ। "ਮੇਰੇ ਛੋਟੇ-ਛੋਟੇ ਬੱਚੇ ਹਨ ਜੋ ਕੁਝ ਨਾ ਕੁਝ ਖਾਣਾ ਚਾਹੁੰਦੇ ਹੁੰਦੇ ਹਨ," ਉਹ ਕਹਿੰਦੀ ਹੈ। "ਮੈਂ ਉਨ੍ਹਾਂ ਨੂੰ ਆਪਣੇ ਨਾਲ਼ ਲਿਆਈ ਹਾਂ। ਮੈਂ ਇਸ ਧਰਨੇ ਬਾਰੇ ਕੁਝ ਨਹੀਂ ਜਾਣਦੀ, ਬੱਸ ਮੈਨੂੰ ਇੰਨਾ ਜ਼ਰੂਰ ਲੱਗਦਾ ਹੈ ਕਿ ਸ਼ਾਇਦ ਇਹ ਲੋਕ ਫ਼ਸਲਾਂ ਅਤੇ ਜ਼ਮੀਨ ਨੂੰ ਲੈ ਕੇ ਲੜ ਰਹੇ ਹਨ।"

ਨਿਰੰਤਰ ਮਿਲਣ ਵਾਲੇ ਖਾਣੇ ਦੀ ਥਾਂ ਤੋਂ ਛੁੱਟ, ਧਰਨਾ-ਸਥਲ ਕਈ ਲੋਕਾਂ ਵਾਸਤੇ ਰੋਜ਼ੀ-ਰੋਟੀ ਦਾ ਜ਼ਰੀਆ ਵੀ ਬਣ ਗਿਆ ਹੈ, ਜਿਵੇਂ ਕਿ ਪੂਜਾ ਕੂੜਾ ਚੁੱਗਣ ਵਾਲੀ ਹੈ, ਜੋ ਕਈ ਦਫ਼ਤਰਾਂ ਤੋਂ ਰੱਦੀ ਚੁੱਕਿਆ ਕਰਦੀ ਸੀ। ਉਹ ਕੁੰਡਲੀ ਦੇ ਸੇਰਸਾ ਬਲਾਕ ਵਿੱਚ ਰਹਿੰਦੀ ਹੈ ਅਤੇ ਸਿੰਘੂ ਬਾਰਡਰ 'ਤੇ ਆਪਣੇ ਪਤੀ ਦੇ ਨਾਲ਼ ਬੋਤਲਾਂ ਅਤੇ ਡੱਬੇ ਚੁੱਕਣ ਆਉਂਦੀ ਹੈ। "ਮੈਂ ਫ਼ਰਸ਼ ਹੂੰਝਦੀ ਅਤੇ ਕੂੜਾ ਚੁੱਕਦੀ ਹਾਂ,"ਉਹ ਕਹਿੰਦੀ ਹੈ। "ਉਹ ਮੈਨੂੰ ਖਾਣਾ ਅਤੇ ਮੇਰੀ ਬੇਟੀ ਲਈ ਦੁੱਧ ਦਿੰਦੇ ਹਨ। ਜਦੋਂ ਤੋਂ ਇਨ੍ਹਾਂ ਨੇ ਇੱਥੇ ਕੈਂਪ ਲਗਾਏ ਹਨ ਉਦੋਂ ਤੋਂ ਅਸੀਂ ਇੱਥੇ ਰੋਜ਼ ਆਉਂਦੇ ਹਾਂ। ਉਹ ਜੋ ਕੁਝ ਵੰਡਦੇ ਹਨ ਸਾਨੂੰ ਬਹੁਤ ਪਸੰਦ ਆਉਂਦਾ ਹੈ। ਕਈ ਵਾਰ ਕੇਲੇ ਅਤੇ ਸੰਤਰੇ ਵੰਡੇ ਜਾਂਦੇ ਹਨ ਅਤੇ ਕਈ ਵਾਰ ਸਾਬਣ ਅਤੇ ਕੰਬਲ ਵੀ। ਮੈਂ ਬੋਤਲਾਂ ਵੇਚਦੀ ਹਾਂ ਅਤੇ 200-300 ਰੁਪਏ ਦਿਹਾੜੀ ਬਣਾ ਲੈਂਦੀ ਹਾਂ। ਇਹ ਕਮਾਈ ਮੇਰੇ ਬੱਚਿਆਂ ਦਾ ਖ਼ਰਚਾ ਚੁੱਕਣ ਵਿੱਚ ਮੇਰੀ ਮਦਦ ਕਰਦੀ ਹੈ। ਮੈਂ ਚਾਹੁੰਦੀ ਹਾਂ ਵਾਹਿਗੁਰੂ ਧਰਨੇ 'ਤੇ ਬੈਠੇ ਇਨ੍ਹਾਂ ਕਿਸਾਨਾਂ ਦੀ ਹਰ ਇੱਛਾ ਪੂਰੀ ਕਰਨ, ਉਹ ਸਾਡੇ ਪ੍ਰਤੀ ਬਹੁਤ ਦਿਆਲੂ ਹਨ।"

ਹਰਿਆਣਾ, ਕਰਨਾਲ ਦੇ ਆਸਰਮ ਤੋਂ ਆਏ ਵਲੰਟੀਅਰ, ਕਿਸਾਨਾਂ ਵਾਸਤੇ ਸੁਆਦਲਾ ਦੁੱਧ ਤਿਆਰ ਕਰਦੇ ਹਨ ਜੋ ਰਾਤ ਵੇਲੇ ਉਨ੍ਹਾਂ ਨੂੰ ਨਿੱਘ ਦਿੰਦਾ ਹੈ। ਦੁੱਧ ਵਿੱਚ ਬਦਾਮ, ਕਿਸ਼ਮਿਸ਼, ਕਾਜੂ, ਘਿਓ, ਖਜੂਰਾਂ (ਛੁਹਾਰੇ), ਕੇਸਰ ਅਤੇ ਸ਼ਹਿਦ ਹੁੰਦਾ ਹੈ। ਕਰਨਾਲ ਦੀਆਂ ਡੇਅਰੀਆਂ ਤੋਂ ਹਰ ਰੋਜ਼ ਤਾਜ਼ਾ ਦੁੱਧ ਲਿਆਂਦਾ ਜਾਂਦਾ ਹੈ।

ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੀ ਵੈਲਫੇਅਰ ਸੋਸਾਇਟੀ ਦੇ ਵਲੰਟੀਅਰ, ਸ਼ਾਮ ਦੇ ਨਾਸ਼ਤੇ ਲਈ ਪਕੌੜੇ ਤਲ਼ਦੇ ਹੋਏ। ਆਮ ਤੌਰ 'ਤੇ ਇਹ ਧਰਨਾ-ਸਥਲ ਦਾ ਸਭ ਤੋਂ ਵੱਧ ਭੀੜ ਵਾਲਾ ਸਟਾਲ ਹੁੰਦਾ ਹੈ।

8 ਸਾਲਾਂ ਦਾ ਅਕਸ਼ੈ ਅਤੇ 4 ਸਾਲਾਂ ਦਾ ਸਾਹਿਲ। "ਸਾਡੇ ਮਾਪੇ ਇੱਕ ਫੈਕਟਰੀ ਵਿੱਚ ਕੰਮ ਕਰਦੇ ਹਨ। ਮੇਰੀ ਮਾਂ ਸਵੇਰੇ ਤੜਕੇ ਹੀ ਕੰਮ ਲਈ ਨਿਕਲ਼ ਜਾਂਦੀ ਹੈ ਇਸਲਈ ਉਹ ਸਾਡੇ ਲਈ ਨਾਸ਼ਤਾ ਨਹੀਂ ਬਣਾ ਪਾਉਂਦੀ। ਇਸੇ ਕਰਕੇ ਅਸੀਂ ਹਰ ਰੋਜ਼ ਇੱਥੇ ਖਾਣ ਲਈ ਆਉਂਦੇ ਹਾਂ, " ਉਹ ਕਹਿੰਦੇ ਹਨ। "ਮੈਨੂੰ ਸਪਰਾਈਟ ਪਸੰਦ ਹੈ," ਅਕਸ਼ੈ ਕਹਿੰਦਾ ਹੈ, "ਅਤੇ ਸਾਹਿਲ ਨੂੰ ਬਿਸਕੁਟ।"

ਆਂਚਲ ਅਤੇ ਸਾਕਸ਼ੀ (ਸਹੇਲੀਆਂ), ਉਮਰ 9 ਸਾਲ ਅਤੇ 7 ਸਾਲ (ਭੁੰਜੇ ਬੈਠੀਆਂ), ਕਹਿੰਦੀਆਂ ਹਨ,"ਸਾਡੇ ਗੁਆਂਢੀ ਨੇ ਕਿਹਾ ਕਿ ਬਾਰਡਰ 'ਤੇ ਜਾਓ, ਉੱਥੇ ਖਾਣ ਨੂੰ ਬਹੁਤ ਕੁਝ ਹੈ। "

ਧਰਨਾ-ਸਥਲ ਮੈਡੀਕਲ ਕੈਂਪ ਅਤੇ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਉਂਦਾ ਹੈ, ਨਾ ਸਿਰਫ਼ ਕਿਸਾਨਾਂ ਲਈ ਸਗੋਂ ਸਟਾਲ 'ਤੇ ਆਉਣ ਵਾਲੇ ਹਰ ਕਿਸੇ ਲਈ। ਨਾਲ਼ ਲੱਗਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਇਨ੍ਹਾਂ ਮੈਡੀਕਲ ਕੈਂਪਾਂ ਵਿੱਚ ਆਉਂਦੇ ਹਨ।

ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੀ ਰਹਿਣ ਵਾਲੀ 37 ਸਾਲਾ ਕੰਚਨ ਨੇ ਕਿਹਾ ਕਿ ਉਹ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ ਜਿੱਥੇ ਉਹਨੂੰ 6500 ਰੁਪਏ ਮਿਲ਼ਦੇ ਹਨ। "ਮੈਨੂੰ ਕਈ ਦਿਨਾਂ ਤੋਂ ਬੁਖਾਰ ਸੀ। ਮੈਂ ਇਲਾਜ 'ਤੇ ਕਾਫੀ ਪੈਸੇ ਖਰਚ ਕੀਤੇ। ਮੇਰੀ ਫੈਕਟਰੀ ਵਿੱਚ ਕਿਸੇ ਨੇ ਮੈਨੂੰ ਦੱਸਿਆ ਕਿ ਸਿੰਘੂ ਬਾਰਡਰ 'ਤੇ ਮੁਫ਼ਤ ਦਵਾਈਆਂ ਦੇ ਰਹੇ ਹਨ। ਮੈਂ ਇੱਥੇ ਆਈ ਅਤੇ ਲੋੜੀਂਦੀਆਂ ਦਵਾਈਆਂ ਲਈਆਂ। ਮੈਂ ਸੱਚੇ-ਮਨੋਂ ਆਪਣੇ ਭਰਾਵਾਂ ਦਾ ਧੰਨਵਾਦ ਕਰਦੀ ਹਾਂ ਜੋ ਲੋੜਵੰਦਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਨੇ ਸਾਨੂੰ ਖਾਣਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ, ਨਹੀਂ ਤਾਂ ਇਨ੍ਹਾਂ ਦੇ ਬਦਲੇ ਮੈਨੂੰ ਸੈਂਕੜੇ ਰੁਪਏ ਖਰਚਣੇ ਪੈਂਦੇ।"

ਸੁਖਪਾਲ ਸਿੰਘ, ਉਮਰ 20, ਪੰਜਾਬ ਦੇ ਤਰਨ ਤਾਰਨ ਦਾ ਵਾਸੀ, ਟੂਥ-ਪੇਸਟ, ਸਾਬਣ ਅਤੇ ਬਿਸਕੁਟ ਵੰਡ ਰਿਹਾ ਹੈ। ਕਿਉਂਕਿ ਦਿੱਲੀ-ਹਰਿਆਣਾ ਬਾਰਡਰ ਸੜਕਾਂ ਦੀ ਨਾਕਾਬੰਦੀ ਅਜੇ ਵੀ ਜਾਰੀ ਹੈ, ਟਰੈਕਟਰਾਂ ਦੀ ਇਹ ਲੰਬੀ ਕਤਾਰ ਸੈਨੇਟਰੀ ਨੈਪਕਿਨ ਤੋਂ ਲੈ ਕੇ ਕੰਬਲਾਂ, ਖਾਣੇ ਤੋਂ ਲੈ ਕੇ ਦਵਾਈਆਂ ਇੱਥੋਂ ਤੱਕ ਕਿ ਟੂਥ-ਬੁਰਸ਼ ਅਤੇ ਸਾਬਣ ਵੰਡ ਕੇ ਨਾ ਸਿਰਫ਼ ਕਿਸਾਨਾਂ ਦੀ ਸਗੋਂ ਨੇੜੇ-ਤੇੜੇ ਰਹਿੰਦੇ ਲੋਕਾਂ ਦੀ ਵੀ ਸੇਵਾ ਕਰ ਰਹੀ ਹੈ।
ਤਰਜਮਾ: ਕਮਲਜੀਤ ਕੌਰ