''ਇੱਥੇ ਮੱਛੀ ਕੱਟਣ ਦੇ ਕੰਮੇ ਲੱਗੀਆਂ ਔਰਤਾਂ ਲਈ ਕੋਈ ਥਾਂ ਨਹੀਂ,'' ਕਲਾ ਨੇ ਦੱਸਿਆ ਜੋ ਕੁਡਲੌਰ ਜ਼ਿਲ੍ਹੇ ਦੇ ਪਿੰਡ ਕਿੰਜਮਪੇੱਟਈ ਦੀ ਇੱਕ ਫ਼ਿਸ਼-ਕਟਰ (ਮੱਛੀ ਕੱਟਣ ਵਾਲ਼ੀ) ਹਨ।
60 ਸਾਲਾ ਇਹ ਮਹਿਲਾ ਸਿੰਗਰਤੋਪੇ ਪੁਲ ਹੇਠਾਂ ਬੈਠੀ ਹੋਈ ਹੈ। ਕੰਕਰੀਟ ਤੇ ਧਾਤੂ ਦੀਆਂ ਛੜਾਂ ਨਾਲ਼ ਬਣਿਆ ਇਹ ਢਾਂਚਾ ਕੁਡਲੌਰ ਓਲਡ ਟਾਊਨ ਬੰਦਰਗਾਹ ਦੇ ਬਾਹਰਵਾਰ ਸਥਿਤ ਹੈ। ਇੱਥੇ 20 ਤੋਂ 30 ਮੱਛੀ ਵਿਕ੍ਰੇਤਾ ਅਤੇ ਫਿਸ਼-ਕਟਰ ਹਨ ਜੋ ਸਾਰੇ ਦੀਆਂ ਸਾਰੀਆਂ ਔਰਤਾਂ ਹੀ ਹਨ।
ਜ਼ਿਲ੍ਹੇ ਦੀ ਤਟਰੇਖਾ ਕੋਈ 57.5 ਕਿਲੋਮੀਟਰ ਲੰਬੀ ਹੈ ਤੇ ਬੰਦਰਗਾਹ ਦਾ ਇਹ ਇਲਾਕਾ ਗੁਦਾਮਾਂ, ਮਾਲ਼ਖਾਨੇ, ਦੁਕਾਨਾਂ ਤੇ ਮੱਛੀ ਫੜ੍ਹਨ ਵਾਲ਼ੀਆਂ ਬੇੜੀਆਂ ਨਾਲ਼ ਤੂਸਰਿਆ ਪਿਆ ਹੈ।
''ਜਿਵੇਂ ਜਿਵੇਂ ਹੋਰ-ਹੋਰ ਵਪਾਰੀਆਂ ਅਤੇ ਟਰੱਕਾਂ ਨੇ ਬੰਦਰਗਾਹ ਆਉਣਾ ਸ਼ੁਰੂ ਕੀਤਾ, ਓਵੇਂ-ਓਵੇਂ ਸਾਡੇ ਲਈ ਥਾਂ ਘੱਟਦੀ ਚਲੀ ਗਈ,'' ਕਲਾ ਦੱਸਦੀ ਹਨ,''ਸਾਨੂੰ ਧੱਕ ਕੇ ਬਾਹਰ ਕੱਢ ਦਿੱਤਾ ਗਿਆ ਤੇ ਫਿਰ ਇੰਝ ਅਸੀਂ ਪੁਲ ਹੇਠਾਂ ਆਪਣਾ ਡੇਰਾ ਜਮਾਇਆ। ਵੈਸੇ ਇਹ ਥਾਂ ਬੰਦਰਗਾਹ ਦੇ ਬਾਹਰਵਾਰ ਹੈ।''
ਕਲਾ ਵਾਂਗਰ ਮੱਛੀਆਂ ਵੇਚਣ, ਕੱਟਣ, ਸੁਕਾਉਣ ਤੇ ਉਨ੍ਹਾਂ ਦੀ ਰਹਿੰਦ-ਖੂੰਹਦ ਵੇਚਣ ਦੇ ਕੰਮੇ ਲੱਗੀਆਂ ਔਰਤਾਂ ਹੌਲ਼ੀ-ਹੌਲ਼ੀ ਹਾਸ਼ੀਆ ਵੱਲ ਧੱਕੀਆਂ ਜਾਂਦੀਆਂ ਰਹੀਆਂ। ਪੜ੍ਹੋ: ਮੱਛੀ ਦੇ ਅਵਸ਼ੇਸ਼ਾਂ ਵਿੱਚੋਂ ਰੋਟੀ ਤਲਾਸ਼ਦੀ ਪੁਲੀ ।
ਉਂਝ ਤਾਂ ਮਛੇਰਾ ਔਰਤਾਂ ਨੂੰ ਅਕਸਰ ਮੱਛੀ ਵਿਕ੍ਰੇਤਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਪਰ ਸਰਮਾਏ ਤੋਂ ਸੱਖਣੀਆਂ ਤੇ ਬੀਮਾਰੀ ਤੋਂ ਪੀੜਤ ਬਹੁਤੇਰੀਆਂ ਔਰਤਾਂ ਦੇ ਹਿੱਸੇ ਵਿਕ੍ਰੇਤਾਵਾਂ ਦੇ ਕੋਲ਼ ਬਹਿ ਕੇ ਮੱਛੀ ਕੱਟਣ ਤੋਂ ਲੈ ਕੇ ਸਾਫ਼ ਕਰਨ ਜਿਹੇ ਕੰਮ ਹੀ ਆਉਂਦੇ ਹਨ।
ਕਲਾ ਆਪਣੇ ਕੰਮ ਬਾਰੇ ਦੱਸਦਿਆਂ ਕਹਿੰਦੀ ਹਨ,''ਸਾਨੂੰ ਇਨ੍ਹਾਂ ਵਿਕ੍ਰੇਤਾਵਾਂ ਦੇ ਕੋਲ਼ ਹੀ ਬਹਿਣਾ ਪੈਂਦਾ ਹੈ ਕਿਉਂਕਿ ਉਨ੍ਹਾਂ ਕੋਲ਼ੋਂ ਮੱਛੀਆਂ ਖ਼ਰੀਦਣ ਵਾਲ਼ੇ ਗਾਹਕ ਫਿਰ ਸਾਡੇ ਕੋਲ਼ੋਂ ਹੀ ਮੱਛੀਆਂ ਕਟਵਾਉਂਦੇ ਤੇ ਸਾਫ਼ ਕਰਵਾਉਂਦੇ ਹਨ। ਜੇਕਰ ਅਸੀਂ ਉਨ੍ਹਾਂ (ਵਿਕ੍ਰੇਤਾਵਾਂ) ਦੇ ਕੋਲ਼ ਨਾ ਬਹੀਏ ਤਾਂ ਸਾਡਾ ਕੰਮ ਹੀ ਨਹੀਂ ਚੱਲ਼ਣਾ।''


ਖੱਬੇ ਪਾਸੇ: ਕੁਡਲੌਰ ਓਲਡ ਟਾਊਨ ਬੰਦਰਗਾਹ ਵਿਖੇ 20 ਤੋਂ 30 ਮੱਛੀ ਕੱਟਣ ਵਾਲ਼ੇ ਤੇ ਮੱਛੀ ਵਿਕ੍ਰੇਤਾ ਹਨ ਅਤੇ ਉਹ ਸਾਰੇ ਦੀਆਂ ਸਾਰੀਆਂ ਔਰਤਾਂ ਹੀ ਹਨ। ਸੱਜੇ ਪਾਸੇ: ਸਿੰਗਰਤੋਪੇ ਪੁਲ ਹੇਠਾਂ ਬੈਠੀ ਕਲਾ ਨੇੜਲੇ ਭੋਜਨਾਲੇ ਤੋਂ ਲੈ ਕੇ ਰੋਟੀ ਖਾ ਰਹੀ ਹਨ। ਉਹ ਕਹਿੰਦੀ ਹਨ,'ਇੱਕ ਡੰਗ ਦਾ ਖਾਣਾ ਕੋਈ 30-40 ਰੁਪਈਆਂ ਦਾ ਆਉਂਦਾ ਹੈ। ਇਹ ਵੀ ਇਸ ਗੱਲ਼ 'ਤੇ ਨਿਰਭਰ ਕਰਦਾ ਹੈ ਕਿ ਮੈਂ ਅੱਡ ਤੋਂ ਮੱਛੀ ਦਾ ਟੁਕੜਾ ਜਾਂ ਤਰੀ ਲੈਂਦੀ ਹਾਂ ਕਿ ਨਹੀਂ। ਮੈਨੂੰ ਅਕਸਰ ਰੋਟੀ ਖਾਣ ਵਿੱਚ ਦੇਰੀ ਹੋ ਹੀ ਜਾਂਦੀ ਹੈ'
ਕੁਡਲੌਰ ਬੰਦਰਗਾਹ ਓੱਪਨਾਰ ਅਤੇ ਪਰਵਨਾਰ ਨਦੀਆਂ ਦੇ ਸੰਗਮ 'ਤੇ ਸਥਿਤ ਹੈ। ਇਹ ਦੋਵੇਂ ਨਦੀਆਂ ਬੰਗਾਲ ਦੀ ਖਾੜੀ ਵਿੱਚ ਮਿਲ਼ ਜਾਂਦੀਆਂ ਹਨ। ਭਾਰਤ ਦੀ ਇਹ 7,500 ਕਿਲੋਮੀਟਰ ਲੰਬੀ ਤਟਰੇਖਾ ਕੇਂਦਰ ਸਰਕਾਰ ਵੱਲੋਂ ਚੱਲ ਰਹੇ ਸਾਗਰਮਾਲਾ ਪ੍ਰੋਜੈਕਟ ਦਾ ਹਿੱਸਾ ਹਨ ਜਿਨ੍ਹਾਂ ਦਾ ਆਧੁਨਿਕੀਕਰਨ ਤੇ ਵਿਕਾਸ ਕੀਤਾ ਜਾ ਰਿਹਾ ਹੈ।
ਅਜਿਹਾ ਵਿਕਾਸ ਮੱਛੀ ਦੇ ਕਾਰੋਬਾਰ ਨਾਲ਼ ਜੁੜੀਆਂ ਕਲਾ ਜਿਹੀਆਂ ਕਈ ਔਰਤਾਂ ਲਈ ਪਰੇਸ਼ਾਨੀ ਦਾ ਸਬਬ ਬਣੇਗਾ। ਕਲਾ, ਜਿਨ੍ਹਾਂ ਨੇ ਕਿਹਾ,''ਮੈਨੂੰ ਕਈ ਦਫ਼ਾ ਓਰਾਂ-ਪਰ੍ਹਾਂ ਕੀਤਾ ਜਾਂਦਾ ਰਿਹਾ ਹੈ ਤੇ ਮੈਨੂੰ ਇਸ ਗੱਲ 'ਤੇ ਅਜੇ ਵੀ ਭਰੋਸਾ ਨਹੀਂ ਕਿ ਮੇਰੀ ਥਾਂ ਦੋਬਾਰਾ ਨਹੀਂ ਬਦਲੀ ਜਾਵੇਗੀ।'' ਉਹ ਖ਼ਾਸ ਕਰਕੇ ਕੁਡਲੌਰ ਬੰਦਰਗਾਹ ਦੀ ਮੁੜ-ਉਸਾਰੀ ਵੱਲ ਇਸ਼ਾਰਾ ਕਰ ਰਹੀ ਹਨ, ਜਿਸ ਬਾਰੇ ਉਨ੍ਹਾਂ ਦਾ ਮੰਨਣਾ ਹੈ ਕਿ ਮੱਛੀਆਂ ਦੇ ਕੰਮਾਂ ਨਾਲ਼ ਜੁੜੀਆਂ ਕਈ ਔਰਤਾਂ, ਖ਼ਾਸ ਕਰਕੇ ਫਿਸ਼-ਕਟਰ ਔਰਤਾਂ ਨੂੰ ਥਾਂ ਦੇਣ ਤੋਂ ਲਾਂਭੇ ਹੀ ਰੱਖਿਆ ਜਾਵੇਗਾ।
ਆਧੁਨਿਕੀਕਰਨ ਵੱਲ ਨੂੰ ਵੱਧ ਰਹੀ ਕੁਡਲੌਰ ਬੰਦਰਗਾਹ ਤੋਂ ਤੇਲ ਰਿਫ਼ਾਇਨਰੀ, ਥਰਮਲ ਪਾਵਰ ਪਲਾਂਟ ਤੇ ਹੋਰਨਾਂ ਸਨਅਤਾਂ ਦੀ ਸੇਵਾ ਲੇਖੇ ਲੱਗਣ ਦੀ ਉਮੀਦ ਹੈ ਅਤੇ ਸਾਰਾ ਕੁਝ ਪੂਮਪੁਹਾਰ ਤਟੀ ਆਰਥਿਕ ਖੇਤਰ (ਸੀਈਜ਼ੈੱਡ) ਦਾ ਹਿੱਸਾ ਹੈ। ਦਰਅਸਲ CEZs ਦਾ ਮਤਲਬ ਇੱਕ ਤਟੀ ਜ਼ਿਲ੍ਹੇ ਦੇ ਵੱਡੇ ਹਿੱਸੇ ਜਾਂ ਫਿਰ ਤਟਵਰਤੀ ਜ਼ਿਲ੍ਹਿਆਂ ਦੇ ਕਈ ਸਮੂਹਾਂ ਹੇਠ ਆਉਣ ਵਾਲ਼ੇ ਵੱਡੇ ਇਲਾਕਿਆਂ ਦੇ ਬੰਦਰਗਾਹਾਂ ਨਾਲ਼ ਮਜ਼ਬੂਤ ਸਬੰਧ ਹੋਣਾ ਹੁੰਦਾ ਹੈ। ਇਨ੍ਹਾਂ ਦਾ ਮਕਸਦ ਮਾਲ਼ ਢੁਆਈ ਵਿੱਚ ਵਾਧਾ ਕਰਦਿਆਂ ਘਰੇਲੂ ਅਤੇ ਬਰਾਮਦੀ-ਦਰਾਮਦੀ ਕਾਰਗੋ ਲਈ ਰਸਦ (ਲੌਜਿਸਟਿਕ) ਲਾਗਤਾਂ ਨੂੰ ਘਟਾਉਣਾ ਹੈ।
*****
ਕਲਾ ਦਾ ਜਨਮ ਤਮਿਲਨਾਡੂ ਦੇ ਨਾਗਪੱਟੀਨਮ ਜ਼ਿਲ੍ਹੇ ਦੇ ਪਿੰਡ ਤੀਰੂਮੁੱਲਈਵਸਲ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਕੱਟਮਰਮ 'ਚੋਂ ਮੱਛੀਆਂ ਫੜ੍ਹਦੇ ਤੇ ਮਾਂ ਬਜ਼ਾਰ ਵਿੱਚ ਓਹੀ ਮੱਛੀਆਂ ਵੇਚਿਆ ਕਰਦੀ। 17 ਸਾਲਾਂ ਦੀ ਉਮਰੇ ਵਿਆਹੀ ਗਈ ਕਲਾ, ਵਿਆਹ ਤੋਂ ਮਗਰੋਂ ਆਪਣੇ ਪਤੀ ਦੇ ਨਾਲ਼ ਕੁਡਲੌਰ ਕਸਬੇ ਦੇ ਨੇੜਲੇ ਪਿੰਡ ਕਿੰਜਮਪੇੱਟਈ ਰਹਿਣ ਚਲੀ ਗਈ।
ਬੀਤੇ ਵੇਲ਼ੇ ਨੂੰ ਚੇਤੇ ਕਰਦਿਆਂ ਕਲਾ ਕਹਿੰਦੀ ਹਨ,''ਮੈਨੂੰ ਮੱਛੀਆਂ ਦੇ ਕਾਰੋਬਾਰ ਨਾਲ਼ ਜੋੜਨ ਵਾਲ਼ੀ ਮੇਰੀ ਸੱਸ, ਮੁਨੀਅੰਮਾ ਸਨ। ਅਸੀਂ ਰਲ਼ ਕੇ ਕਿੰਜਮਪੇੱਟਈ ਮੰਡੀ ਵਿੱਚ ਗਾਹਕਾਂ ਨੂੰ ਮੱਛੀਆਂ ਵੇਚਿਆਂ ਕਰਦੀਆਂ।'' ਜੇ ਕਿਤੇ ਨਾਤਿਲੀ (ਏਨਕੋਵੀ), ਕੋਡੂਵਾ (ਬਾਰਾਮੁੰਡੀ), ਸੂਰਾ (ਸ਼ਾਰਕ), ਕੇਰਾ (ਟੂਨਾ) ਪ੍ਰਜਾਤੀ ਦੀਆਂ ਮੱਛੀਆਂ ਫੜ੍ਹੀਆਂ ਜਾਂਦੀਆਂ ਤਾਂ ਉਹ ਇਹ ਸਭ ਵੀ ਵੇਚਿਆਂ ਕਰਦੀਆਂ।
ਕਰੀਬ ਦੋ ਦਹਾਕੇ ਪਹਿਲਾਂ ਬੀਮਾਰੀ ਕਾਰਨ ਮੁਨੀਅੰਮਾ ਦਾ ਦੇਹਾਂਤ ਹੋ ਗਿਆ ਅਤੇ ਹੁਣ ਕਲਾ ਨੇ ਇਹ ਕੰਮ ਜਾਰੀ ਰੱਖਿਆ ਹੋਇਆ ਹੈ। ਪਰਿਵਾਰ ਵਿੱਚ ਕਲਾ ਉਨ੍ਹਾਂ ਦੇ ਪਤੀ, ਰਮਨ, ਤੇ ਚਾਰ ਬੱਚੇ- ਦੋ ਬੇਟੇ ਅਤੇ ਦੇ ਧੀਆਂ ਰਹਿ ਗਏ। ਕਲਾ ਅਤੇ ਉਨ੍ਹਾਂ ਦਾ ਪਰਿਵਾਰ ਪੱਟਨਾਵਰ ਭਾਈਚਾਰੇ ਨਾਲ਼ ਤਾਅਲੁੱਕ ਰੱਖਦਾ ਹੈ ਜੋ ਤਮਿਲਨਾਡੂ ਦੀਆਂ ਸਭ ਤੋਂ ਪਿਛੜੀਆਂ ਸ਼੍ਰੇਣੀਆਂ ਦੀ ਸੂਚੀ ਵਿੱਚ ਆਉਂਦਾ ਹੈ।


ਖੱਬੇ ਪਾਸੇ : ਕਲਾ ਪਿਛਲੇ 15 ਸਾਲਾਂ ਤੋਂ ਮੱਛੀ ਕੱਟਦੀ ਆਈ ਹਨ। ਇਹ ਕੰਮ ਕਰਨ ਤੋਂ ਪਹਿਲਾਂ ਕਰੀਬ ਦੋ ਦਹਾਕਿਆਂ ਤੱਕ ਉਨ੍ਹਾਂ ਨੇ ਮੱਛੀਆਂ ਵੇਚੀਆਂ। ' ਜਦੋਂ ਮੈਂ ਦੁਲਹਨ ਬਣ ਆਪਣੇ ਪਤੀ ਨਾਲ਼ ਕਿੰਜਮਪੇੱਟਈ ਰਹਿਣ ਆਈ ਤਾਂ ਮੇਰੀ ਸੱਸ ਨੇ ਮੈਨੂੰ ਇਸ ਕੰਮ ਬਾਰੇ ਦੱਸਿਆ। ' ਸੱਜੇ ਪਾਸੇ : ' ਸਾਨੂੰ ਵਿਕ੍ਰੇਤਾਵਾਂ ਦੇ ਨਾਲ਼ ਨਾਲ਼ ਬਹਿਣਾ ਪੈਂਦਾ ਹੈ ਕਿਉਂਕਿ ਉਨ੍ਹਾਂ ਕੋਲ਼ੋਂ ਮੱਛੀ ਖ਼ਰੀਦਣ ਵਾਲ਼ੇ ਗਾਹਕ ਫਿਰ ਸਾਡੇ ਕੋਲ਼ੋਂ ਹੀ ਮੱਛੀ ਕਟਵਾਉਂਦੇ ਤੇ ਸਾਫ਼ ਵੀ ਕਰਵਾਉਂਦੇ ਹਨ। ਜੇ ਅਸੀਂ ਇਨ੍ਹਾਂ ਦੇ ਕੋਲ਼ ਨਾ ਬਹੀਏ ਤਾਂ ਸਾਡਾ ਕੰਮ ਨਹੀਂ ਚੱਲਣਾ'
2001 ਵਿੱਚ, ਕਲਾ ਨੇ ਮਹਿਸੂਸ ਕੀਤਾ ਜਿਵੇਂ ਉਨ੍ਹਾਂ ਨੂੰ ਦਿਲ ਦੀ ਸਮੱਸਿਆ ਹੋ ਗਈ। ਉਨ੍ਹਾਂ ਨੇ ਚੇਤੇ ਕਰਦਿਆਂ ਕਿਹਾ,''ਮੇਰਾ ਸਾਹ ਔਖ਼ਾ ਰਹਿਣ ਲੱਗਿਆ ਤੇ ਹਰ ਵੇਲ਼ੇ ਮੈਂ ਥੱਕੀ-ਥੱਕੀ ਰਹਿਣ ਲੱਗੀ।'' ਆਪਣੀ ਬੀਮਾਰੀ ਮਗਰਲਾ ਕਾਰਨ ਉਹ ਵਿਤੋਂਵੱਧ ਚੁੱਕੇ ਭਾਰ ਨੂੰ ਮੰਨਦੀ ਹਨ। ਉਦੋਂ ਉਹ 20-25 ਕਿਲੋ ਮੱਛੀਆਂ ਦਾ ਟੋਕਰਾ ਸਿਰ 'ਤੇ ਲੱਦੀ ਬੰਦਰਗਾਹ ਤੋਂ ਬਜ਼ਾਰ ਤੱਕ ਲਿਜਾਂਦੀ। ਇੰਨਾ ਹੀ ਨਹੀਂ ਫਿਰ ਮੱਛੀ ਵੇਚਣ ਲਈ ਗਲ਼ੀਓ-ਗਲ਼ੀਏ ਵੀ ਜਾਂਦੀ। ਇਹੀ ਉਹ ਸਮਾਂ ਸੀ ਜਦੋਂ ਕਲਾ ਦੇ 45 ਸਾਲਾ ਪਤੀ, ਰਮਨ ਨੂੰ ਮੱਛੀ ਫੜ੍ਹਨ ਦੌਰਾਨ ਸਮੁੰਦਰ ਦੀਆਂ ਖੂੰਖਾਰ ਲਹਿਰਾਂ ਨਿਗ਼ਲ ਗਈਆਂ।
''ਉਹ ਬੜਾ ਔਖ਼ਾ ਦੌਰ ਸੀ,'' ਵਲੂੰਧਰੇ ਮਨ ਨਾਲ਼ ਉਹ ਚੇਤੇ ਕਰਦੀ ਹਨ। ਫਿਰ 2005 ਵਿੱਚ ਡਿੱਗਣ ਕਾਰਨ ਜਦੋਂ ਕਲਾ ਦੀ ਲੱਤ ਜ਼ਖ਼ਮੀ ਹੋਈ ਤਾਂ ਹਾਲਾਤ ਬਦ ਤੋਂ ਬਦਤਰ ਰਹਿਣ ਲੱਗੇ। ਫੱਟੜ ਹੋਈ ਲੱਤ ਅਤੇ ਦਿਲ ਦੀ ਬੀਮਾਰੀ ਕਾਰਨ ਕਲਾ ਅੰਦਰ ਸਿਰ 'ਤੇ ਭਾਰ ਚੁੱਕੀ ਬਹੁਤਾ ਤੁਰਨ ਦੀ ਤਾਕਤ ਬਚੀ ਨਾ ਰਹੀ, ਬੱਸ ਇਹੀ ਉਹ ਸਮਾਂ ਸੀ ਜਿਸ ਬਾਰੇ ਉਹ ਕਹਿੰਦੀ ਹਨ,''ਮੈਂ ਬੰਦਰਗਾਹ ਵਿਖੇ ਮੱਛੀਆਂ ਦੀ ਕਟਾਈ ਦਾ ਕੰਮ ਕਰਨ ਦਾ ਫ਼ੈਸਲਾ ਕੀਤਾ।''
ਕਲਾ ਨੇ ਚਾਰ ਫ਼ੀਸਦ ਵਿਆਜ ਦਰ 'ਤੇ 20,000 ਰੁਪਏ ਉਧਾਰ ਚੁੱਕੇ। ਉਸ ਪੈਸੇ ਵਿੱਚੋਂ ਉਨ੍ਹਾਂ ਨੇ 800 ਰੁਪਏ ਦਾ ਬੋਟੀ ਚਾਕੂ ਅਤੇ 400 ਰੁਪਏ ਦਾ ਇੱਕ ਹੋਰ ਚਾਕੂ ਖਰੀਦਿਆ। 200 ਰੁਪਏ ਕੁਰਸੀ 'ਤੇ ਖ਼ਰਚ ਹੋ ਗਏ। ਬਾਕੀ ਬਚੇ ਪੈਸੇ ਘਰ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਖਰਚੇ ਗਏ। ਅੱਜ ਵੀ ਉਹ ਪੈਸੇ ਚੁਕਾ ਰਹੀ ਹਨ।
ਰਾਜ ਦੀਆਂ ਨੀਤੀਆਂ ਮੱਛੀਆਂ ਵੇਚਣ ਦੇ ਕੰਮਾਂ ਨਾਲ਼ ਜੁੜੀਆਂ ਔਰਤਾਂ ਨੂੰ ਨਜ਼ਰਅੰਦਾਜ਼ ਕਰਦੀਆਂ ਹਨ। ਮੱਛੀ ਕੱਟਣ ਦੇ ਕੰਮੇ ਲੱਗੀਆਂ ਕਲਾ ਜਿਹੀਆਂ ਔਰਤਾਂ ਦੇ ਕੰਮ ਨੂੰ ਰਾਸ਼ਟਰੀ ਸਮੁੰਦਰੀ ਮੱਛੀ ਪਾਲਣ ਨੀਤੀ 2017 ਵੱਲੋਂ ਪ੍ਰਵਾਨਿਆ ਗਿਆ। ਨੀਤੀ ਕਹਿੰਦੀ ਹੈ,''ਮੱਛੀ ਫੜ੍ਹੇ ਜਾਣ ਤੋਂ ਬਾਅਦ ਦੀਆਂ ਪੂਰੀਆਂ ਗਤੀਵਿਧੀਆਂ ਵਿੱਚ ਲੱਗਣ ਵਾਲ਼ੇ ਕਾਰਜ-ਬਲ ਦਾ 66 ਹਿੱਸਾ ਔਰਤਾਂ ਦਾ ਹੈ। ਆਪਣੇ ਟੱਬਰ ਪਾਲਣ ਤੋਂ ਇਲਾਵਾ, ਔਰਤਾਂ ਮੱਛੀਆਂ ਦੇ ਪ੍ਰਚੂਨ ਕਾਰੋਬਾਰ, ਮੱਛੀਆਂ ਸੁਕਾਉਣ ਤੇ ਮੁੱਲ ਵਧਾਊ ਹੋਰ ਸਿਰਜਣਾਤਮਕ ਗਤੀਵਿਧੀਆਂ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ...''
ਹਾਲਾਂਕਿ, ਇਨ੍ਹਾਂ ਨੀਤੀਆਂ ਦੇ ਐਲਾਨੇ ਦਾਅਵਿਆਂ ਦੀ ਪਾਲਣਾ ਬਹੁਤ ਘੱਟ ਹੀ ਕਿਤੇ ਹੁੰਦੀ ਹੈ।
*****
ਇਸ ਸਮੇਂ ਕਲਾ 20 ਅਤੇ 30 ਰੁਪਏ ਵਿੱਚ ਇੱਕ ਕਿਲੋ ਮੱਛੀ ਅਤੇ ਝੀਂਗਾ ਸਾਫ਼ ਕਰਦੀ ਹੋਈ ਮੋਟਾ-ਮੋਟੀ 500 ਰੁਪਏ ਦਿਹਾੜੀ ਬਣਾ ਲੈਂਦੀ ਹਨ। ਜੇ ਉਹ ਮੱਛੀ ਵਿਕ੍ਰੇਤਾ ਹੀ ਰਹਿੰਦੀ ਤਾਂ ਮੱਛੀਆਂ ਦੇ ਸੀਜ਼ਨ ਮੁਤਾਬਕ ਉਹ ਇਸ ਤੋਂ ਦੋਗੁਣੀ ਕਮਾਈ ਕਰ ਸਕਦੀ ਸਨ।
ਉਹ ਪਹੁ-ਫ਼ੁਟਾਲ਼ੇ ਤੋਂ ਪਹਿਲਾਂ ਉੱਠ ਕੇ ਸਵੇਰੇ 4 ਵਜੇ ਪੁਲ ਹੇਠ ਡੇਰਾ ਲਾ ਲੈਂਦੀ ਹਨ। 13 ਘੰਟਿਆਂ ਦੀ ਲੰਬੀ ਦਿਹਾੜੀ ਤੋਂ ਬਾਅਦ ਉਹ ਸ਼ਾਮੀਂ 5 ਵਜੇ ਘਰ ਮੁੜਦੀ ਹਨ। ਕਲਾ ਨੇ ਦੱਸਿਆ,''ਸਵੇਰ ਦਾ ਵੇਲ਼ਾ ਬੜਾ ਰੁਝੇਵੇਂ ਭਰਿਆ ਰਹਿੰਦਾ ਹੈ, ਉਦੋਂ ਗਾਹਕ ਤੇ ਕੁਝ ਛੋਟੇ ਹੋਟਲਾਂ ਵਾਲ਼ੇ ਮੱਛੀ ਖ਼ਰੀਦਣ ਆਉਂਦੇ ਹਨ ਤੇ ਫਿਰ ਕਟਾਈ ਤੋਂ ਬਾਅਦ ਸਾਫ਼-ਸਫ਼ਾਈ ਦਾ ਕੰਮ ਚੱਲਦਾ ਹੀ ਰਹਿੰਦਾ ਹੈ।'' ਆਥਣ ਵੇਲ਼ੇ ਹੀ ਕਲਾ ਨੂੰ ਥੋੜ੍ਹਾ ਚੈਨ ਮਿਲ਼ਦਾ ਹੈ। ਉਹ ਰਾਤ ਦਾ ਖਾਣਾ ਪਕਾਉਂਦਿਆਂ ਹੋਇਆਂ ਹੀ ਟੀਵੀ ਡਰਾਮੇ ਦੇਖਦੀ ਹਨ।


ਕਲਾ ਸਵੇਰੇ 4 ਵਜੇ ਬੰਦਰਗਾਹ ਜਾਂਦੀ ਹਨ ਤੇ ਸ਼ਾਮੀਂ 5 ਵਜੇ ਮੁੜਦੀ ਹਨ। ਸਵੇਰ ਦਾ ਸਮਾਂ ਬਹੁਤਾ ਰੁਝੇਵੇਂ ਭਰਿਆ ਹੁੰਦਾ ਹੈ ਉਦੋਂ ਮੱਛੀ ਖਰੀਦਣ, ਕਟਵਾਉਣ ਤੇ ਸਾਫ਼ ਕਰਾਉਣ ਵਾਲ਼ੇ ਬਹੁਤੇ ਗਾਹਕ ਆਉਂਦੇ ਹਨ'


ਖੱਬੇ ਪਾਸੇ: 2001 ਵਿੱਚ ਕਲਾ ਨੂੰ ਦਿਲ ਦੀ ਬੀਮਾਰੀ ਦਾ ਪਤਾ ਲੱਗਿਆ। 'ਮੇਰਾ ਸਾਹ ਔਖ਼ਾ ਰਹਿਣ ਲੱਗਿਆ ਤੇ ਹਰ ਵੇਲ਼ੇ ਮੈਂ ਥੱਕੀ-ਥੱਕੀ ਰਹਿਣ ਲੱਗੀ।' ਹਾਲਾਤ ਓਦੋਂ ਹੋਰ ਬਦਤਰ ਹੋ ਗਏ ਜਦੋਂ 2005 ਵਿੱਚ ਡਿੱਗਣ ਕਾਰਨ ਉਨ੍ਹਾਂ ਦੀ ਲੱਤ ਫੱਟੜ ਹੋ ਗਈ ਤੇ ਉਨ੍ਹਾਂ ਲਈ ਥੋੜ੍ਹਾ ਜਿਹਾ ਤੁਰਨਾ ਵੀ ਔਖ਼ਾ ਹੋ ਗਿਆ। ਸੱਜੇ ਪਾਸੇ: ਰਾਤ ਦਾ ਖਾਣਾ ਪਕਾਉਂਦੇ ਵੇਲ਼ੇ ਟੀਵੀ ਦੇਖਣ ਦੌਰਾਨ ਹੀ ਕਲਾ ਥੋੜ੍ਹਾ ਚੈਨ ਲੈਂਦੀ ਹੋਈ; ਉਨ੍ਹਾਂ ਲਈ ਚੈਨ ਦਾ ਇੱਕ ਪਲ਼ ਕੱਢਣਾ ਵੀ ਔਖ਼ਾ ਹੈ
ਕਲਾ ਦੀ ਰੋਜ਼ੀਰੋਟੀ ਨੂੰ ਇੱਕ ਹੋਰ ਝਟਕਾ ਉਦੋਂ ਲੱਗਿਆ ਜਦੋਂ 2018 ਵਿੱਚ ਪ੍ਰਭਾਵਤ ਹੋਏ ਮੱਛੀ ਦੇ ਪ੍ਰਜਨਨ ਅਤੇ ਸਮੁੰਦਰੀ ਵਾਤਾਵਰਣ ਦੇ ਵਿਨਾਸ਼ ਤੋਂ ਨਿਜ਼ਾਤ ਪਾਉਣ ਦੇ ਕਦਮ ਵਜੋਂ ਰਿੰਗ ਸੀਨ ਜਾਲ 'ਤੇ ਹੀ ਪਾਬੰਦੀ ਲਾ ਦਿੱਤੀ ਗਈ। ਇਸ ਪਾਬੰਦੀ ਦਾ ਨਤੀਜਾ ਇਹ ਨਿਕਲ਼ਿਆ ਕਿ ਕਈ ਪੁਰਸ਼ਾਂ ਤੇ ਔਰਤਾਂ ਨੂੰ ਆਪਣੀ ਰੋਜੀਰੋਟੀ ਤੋਂ ਹੱਥ ਧੋਣਾ ਪਿਆ; ਕਈ ਔਰਤਾਂ ਨੂੰ ਮੱਛੀ ਦੀ ਕਟਾਈ ਦੇ ਕੰਮ ਵੱਲ ਜਾਣਾ ਪਿਆ।
ਬਾਕੀ ਰਹਿੰਦੀ-ਖੂੰਹਦੀ ਕਸਰ ਕੋਵਿਡ-19 ਮਹਾਮਾਰੀ ਨੇ ਪੂਰੀ ਕਰ ਦਿੱਤੀ। ਜਿਸ ਕਾਰਨ ਕਈ ਲੋਕੀਂ ਮੱਛੀ ਕਟਾਈ ਦੇ ਕੰਮ ਵੱਲ ਧੱਕੇ ਗਏ। ਪਹਿਲਾਂ, ਪੱਟਨਾਵਰ ਭਾਈਚਾਰੇ ਦੀਆਂ ਬਹੁਤੇਰੀਆਂ ਔਰਤਾਂ ਇਸੇ ਕੰਮ ਲੱਗੀਆਂ ਦੇਖੀਆਂ ਜਾ ਸਕਦੀਆਂ ਸਨ। ਪਰ ਤਾਲਾਬੰਦੀ ਕਾਰਨ ਕੰਮ ਦੇ ਦਾਇਰੇ ਦੇ ਸੁੰਗੜ ਜਾਣ ਕਾਰਨ, ਹੋਰ ਪਿਛੜੀਆਂ ਜਾਤੀਆਂ (ਓਬੀਸੀ) ਅਤੇ ਅਨੁਸੂਚਿਤ ਜਾਤੀਆਂ (ਐੱਸਸੀ) ਦੀਆਂ ਔਰਤਾਂ ਨੇ ਮਜ਼ਦੂਰੀ ਦੀ ਇਸ ਮੰਡੀ ਵਿੱਚ ਪ੍ਰਵੇਸ਼ ਕੀਤਾ ਤੇ ਬੰਦਰਗਾਹ ਵਿਖੇ ਕੰਮ ਦੀ ਭਾਲ਼ ਕਰਨੀ ਸ਼ੁਰੂ ਕੀਤੀ। ''ਇਸ ਸਭ ਕਾਸੇ ਨੇ ਚੀਜ਼ਾਂ ਨੂੰ ਹੋਰ ਵੀ ਅਨਿਸ਼ਚਤ ਕਰਕੇ ਰੱਖ ਦਿੱਤਾ,'' ਉਨ੍ਹਾਂ ਦੱਸਿਆ।
''ਭਵਿੱਖ ਹਨ੍ਹੇਰਾ ਖ਼ੂਹ ਜਾਪਦਾ ਹੈ। ਪਰ ਜਦੋਂ ਤੱਕ ਮੇਰੇ ਸਾਹ ਚੱਲਦੇ ਨੇ ਮੈਂ ਕੰਮ ਕਰਾਂਗੀ ਹੀ। ਮੈਂ ਆਪਣਾ ਵੀ ਖ਼ਿਆਲ ਰੱਖਣਾ ਹੈ ਤੇ ਆਪਣੇ ਦੋਵੇਂ ਪੋਤੇ-ਪੋਤੀਆਂ ਦਾ ਵੀ। ਅਜੇ ਮੈਂ ਹਥਿਆਰ ਸੁੱਟਣ ਬਾਰੇ ਨਹੀਂ ਸੋਚਦੀ,'' ਦ੍ਰਿੜਤਾ ਭਰੀ ਅਵਾਜ਼ ਵਿੱਚ ਕਲਾ ਨੇ ਕਿਹਾ।
ਸੰਗੀਤਾ ਧਰਮਰਾਜਨ ਅਤੇ ਯੂ. ਧੀਵਿਆਉਤੀਰਨ ਦੇ ਸਹਿਯੋਗ ਨਾਲ਼।
ਤਰਜਮਾ: ਕਮਲਜੀਤ ਕੌਰ