"ਇਹਦੀ ਕੀਮਤ 350 ਰੁਪਏ ਹੈ। ਭਾਅ ਨਾ ਘਟਾਓ, ਅਸੀਂ ਪਹਿਲਾਂ ਹੀ ਕਰੋਨਾ ਦੀ ਮਾਰ ਹੇਠ ਕੁਝ ਨਹੀਂ ਕਮਾ ਪਾ ਰਹੇ," ਜਦੋਂ ਗਾਹਕ ਨੇ ਬਹਿਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪ੍ਰਕਾਸ਼ ਕੋਕਰੇ ਨੇ ਅੱਗੋਂ ਕਿਹਾ। ਉਹਨੇ ਚਿੱਟੇ ਰੰਗ ਦਾ ਮੇਮਣਾ ਚੁੱਕਿਆ ਅਤੇ ਭੁੰਜੇ ਪਏ ਕੰਡੇ 'ਤੇ ਤੋਲ ਕੇ ਕਿਹਾ-"ਤਿੰਨ ਕਿਲੋ," ਉਹਨੇ ਉਨ੍ਹਾਂ ਦੋ ਗਾਹਕਾਂ ਨੂੰ ਕਿਹਾ ਜੋ ਪ੍ਰਤੀ ਕਿਲੋ 200 ਰੁਪਏ ਦੇਣ ਦੀ ਜ਼ਿੱਦ 'ਤੇ ਅੜੇ ਸਨ। "ਇਹ ਕੀਮਤ ਬਹੁਤ ਘੱਟ ਸੀ, ਪਰ ਮੈਨੂੰ ਪੈਸੇ ਦੀ ਲੋੜ ਹੈ," ਮੇਮਣੇ ਨੂੰ ਨਵੇਂ ਮਾਲਕ ਦੇ ਸਪੁਰਦ ਕਰਦਿਆਂ ਪ੍ਰਕਾਸ ਨੇ ਕਿਹਾ।
"ਇਹਨੂੰ ਜਾਣ ਦਿਓ, ਅਸੀਂ ਕਰ ਵੀ ਕੀ ਸਕਦੇ ਹਾਂ?" ਉਹਨੇ ਮੈਨੂੰ ਕਿਹਾ ਸੀ ਜਦੋਂ ਜੂਨ ਦੇ ਮਹੀਨਾ ਦਾ ਅਖੀਰਲਾ ਹਫ਼ਤਾ ਸੀ ਅਤੇ ਉਸੇ ਦੁਪਹਿਰੇ ਮੈਂ ਉਹਦੇ ਪਰਿਵਾਰ ਨੂੰ ਮਿਲ਼ੀ ਸਾਂ, ਜਿਨ੍ਹਾਂ ਨਾਲ਼ ਮੇਰੀ ਮੁਲਾਕਾਤ ਵਾੜਾ ਤਾਲੁਕਾ ਦੇ ਛੋਟੇ ਜਿਹੇ ਪਿੰਡ, ਦੇਸਾਈਪਾੜਾ ਦੇ ਖੁੱਲ੍ਹੇ ਖੇਤਾਂ ਵਿੱਚ ਹੋਈ। ਇਹ ਤਾਲਾਬੰਦੀ ਦਾ ਤੀਸਰਾ ਮਹੀਨਾ ਚੱਲ ਰਿਹਾ ਸੀ।
ਬਾਕੀ ਦੇ ਛੇ ਪਰਿਵਾਰਾਂ ਸਣੇ ਪ੍ਰਕਾਸ਼ ਦਾ ਪਰਿਵਾਰ, ਸਾਰੇ ਖ਼ਾਨਾਬਦੋਸ਼ ਆਜੜੀ ਧਾਂਗਰ ਭਾਈਚਾਰੇ ਦੇ ਸਨ, ਜਿਨ੍ਹਾਂ ਨੇ ਕਿ ਮਹਾਂਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਉਨ੍ਹਾਂ ਖ਼ੇਤਾਂ ਵਿੱਚ ਦੋ ਦਿਨਾਂ ਲਈ ਪਨਾਹ ਲਈ ਸੀ। ਕੁਝ ਔਰਤਾਂ ਨੇ ਨਾਈਲਨ ਦੀ ਜਾਲੀ ਲਗਾਈ ਹੋਈ ਜੋ ਕਿ ਜਾਨਵਰਾਂ ਦੇ ਛੋਟੇ ਬੱਚਿਆਂ ਨੂੰ ਇੱਧਰ-ਉੱਧਰ ਘੁੰਮਣ ਤੋਂ ਰੋਕਣ ਲਈ ਸੀ। ਅਨਾਜ ਦੀਆਂ ਬੋਰੀਆਂ, ਐਲੂਮੀਨੀਅਮ ਦੇ ਭਾਂਡੇ, ਪਲਾਸਟਿਕ ਦੀਆਂ ਬਾਲਟੀਆਂ ਅਤੇ ਹੋਰ ਵਸਤਾਂ ਖ਼ੇਤਾਂ ਵਿੱਚ ਖਿੰਡੀਆਂ ਪਈਆਂ ਸਨ। ਕੁਝ ਬੱਚੇ ਮੇਮਣਿਆਂ ਨਾਲ਼ ਮਸਤੀ ਕਰ ਰਹੇ ਸਨ।
ਮੇਮਣੇ, ਭੇਡਾਂ ਅਤੇ ਬੱਕਰੀਆਂ ਵੇਚਣਾ (ਜਿਵੇਂ ਕਿ ਪ੍ਰਕਾਸ਼ ਨੇ ਬਹਿਸ ਕਰਕੇ ਵੇਚਿਆ ਸੀ) ਇਹੀ ਧਾਂਗਰਿਆਂ ਦੀ ਟੋਲੀ ਦੇ ਗੁਜ਼ਾਰੇ ਦਾ ਵਸੀਲਾ ਹੈ। ਸੱਤਾਂ ਪਰਿਵਾਰਾਂ ਕੋਲ਼ ਲਗਭਗ 500 ਡੰਗਰ ਹਨ ਜਿਨ੍ਹਾਂ ਵਿੱਚ 20 ਘੋੜੇ ਹਨ। ਉਹ ਭੇਡਾਂ ਨੂੰ ਪਾਲ਼ਦੇ ਅਤੇ ਉਨ੍ਹਾਂ ਨੂੰ ਨਕਦੀ ਜਾਂ ਅਨਾਜ ਬਦਲੇ ਵੇਚ ਦਿੰਦੇ। ਹਨ। ਆਮ ਤੌਰ 'ਤੇ ਬੱਕਰੀਆਂ ਨੂੰ ਪਰਿਵਾਰਾਂ ਦੇ ਦੁੱਧ ਵਾਸਤੇ ਰੱਖ ਲੈਂਦੇ ਹਾਂ ਜਾਂ ਮੌਕੇ-ਕ-ਮੌਕੇ ਮੀਟ ਵਪਾਰੀਆਂ ਨੂੰ ਵੇਚ ਦਿੰਦੇ ਹਨ। ਇਸ ਦੌਰਾਨ, ਉਨ੍ਹਾਂ ਦੇ ਡੰਗਰ ਖਾਲੀ ਖੇਤਾਂ ਵਿੱਚ ਚਰਦੇ ਹਨ ਅਤੇ ਡੰਗਰਾਂ ਦੇ ਗੋਹੇ ਦੀ ਖਾਦ ਬਦਲੇ ਭੂਮੀ ਮਾਲਕ ਉਨ੍ਹਾਂ ਪਰਿਵਾਰਾਂ ਨੂੰ ਭੋਜਨ, ਪਾਣੀ ਅਤੇ ਕੁਝ ਦਿਨ ਰੁਕਣ ਦੀ ਥਾਂ ਦਿੰਦਾ ਹੈ।
"ਅਸੀਂ ਸਿਰਫ਼ ਮੇਂਧਾ (ਨਰ ਭੇਡ) ਨੂੰ ਹੀ ਵੇਚਦੇ ਹਾਂ ਅਤੇ ਮਾਦਾ ਭੇੜਾਂ ਨੂੰ ਆਪਣੇ ਕੋਲ਼ ਰੱਖਦੇ ਹਾਂ," 55 ਸਾਲ ਦੇ ਪ੍ਰਕਾਸ਼ ਨੇ ਦੱਸਿਆ ਜੋ ਕਿ ਇਨ੍ਹਾਂ ਆਜੜੀਆਂ ਦੇ ਦਲ ਦਾ ਮੁਖੀਆ ਹੈ। "ਕਿਸਾਨ ਸਾਡੇ ਕੋਲ਼ੋਂ ਭੇਡਾਂ ਖਰੀਦਦੇ ਹਨ ਕਿਉਂਕਿ ਉਹ ਉਨ੍ਹਾਂ ਦੇ ਖਾਲੀ ਪਏ ਖੇਤਾਂ ਨੂੰ ਚਰਨ ਲਈ ਸਹਾਇਕ ਹੁੰਦੀਆਂ ਹਨ। ਉਨ੍ਹਾਂ ਦੇ ਗੋਹੇ ਨਾਲ਼ ਭੂਮੀ ਜਰਖੇਜ ਬਣਦੀ ਹੈ।"

ਜੂਨ ਵਿੱਚ, ਪ੍ਰਕਾਸ਼ ਦੇ ਪਰਿਵਾਰ ਨੇ-ਜਿਸ ਵਿੱਚ ਉਹਦੀਆਂ ਧੀਆਂ ਮਨੀਸ਼ਾ ਅਤੇ ਪੋਤੇ-ਪੋਤੀਆਂ (ਖੱਬੇ)-ਅਤੇ ਧਾਂਗਰਿਆਂ ਦੇ ਸਮੂਹ ਦੇ ਹੋਰ ਕਈਆਂ ਨੇ ਮਹਾਰਾਸ਼ਟਰ ਦੇ ਵਾੜਾ ਤਾਲੁਕਾ ਵਿੱਚ ਡੇਰਾ ਪਾਇਆ ਸੀ
ਧਾਂਗਰ ਭਾਈਚਾਰੇ ਦੇ ਇਹ ਸੱਤ ਪਰਿਵਾਰ-ਜੋ ਕਿ ਮਹਾਂਰਾਸ਼ਟਰ ਦੇ ਖਾਨਾਬਦੋਸ਼ ਕਬੀਲਿਆਂ ਦੀ ਸੂਚੀ ਵਿੱਚ ਹਨ- ਲਗਭਗ ਨਵੰਬਰ ਵਿੱਚ ਖਰੀਫ਼ ਦੀ ਵਾਢੀ ਤੋਂ ਬਾਅਦ ਆਪਣੀ ਸਲਾਨਾ ਯਾਤਰਾ ਸ਼ੁਰੂ ਕਰਦੇ ਹਨ। (ਭਾਰਤ ਵਿੱਚ ਲਗਭਗ 3.6 ਮਿਲੀਅਨ ਧਾਂਗਰਾਂ ਹਨ- ਮਹਾਂਰਾਸ਼ਟਰ ਨੂੰ ਛੱਡ ਕੇ, ਬਿਹਾਰ, ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼, ਓੜੀਸਾ ਅਤੇ ਪੱਛਮੀ ਬੰਗਾਲ।)
ਇੱਕ ਵਾਰ ਚਾਲੇ ਪਾ ਲੈਣ 'ਤੇ ਸੱਤੋ ਪਰਿਵਾਰਾਂ ਦੇ ਕਰੀਬ 40 ਲੋਕ ਇੱਕ ਮਹੀਨੇ ਤੱਕ ਸੜਕਾਂ 'ਤੇ ਰਹਿੰਦੇ ਹਨ, ਕਈ ਵਾਰ ਹਰੇਕ ਪਿੰਡ ਵਿੱਚ ਵੀ, ਜਿੱਥੇ ਉਹ ਅਕਸਰ ਹਰੇਕ ਖੇਤ ਵਿੱਚ 2-3 ਦਿਨ ਰਹਿੰਦੇ ਹਨ ਅਤੇ ਫਿਰ ਦੂਜੇ ਖੇਤ ਚਲੇ ਜਾਂਦੇ ਹਨ, ਸਿਰਾਂ 'ਤੇ ਛੱਤ ਲਈ ਤਿਰਪਾਲਾਂ ਦੀ ਵਰਤੋਂ ਕਰ ਲੈਂਦੇ ਹਨ। ਸੜਕ 'ਤੇ ਰਹਿੰਦਿਆਂ ਜੇਕਰ ਉਹ ਪਿੰਡਾਂ ਤੋਂ ਦੂਰ ਹੋਣ ਤਾਂ ਉਹ ਜੰਗਲਾਂ ਵਿੱਚ ਵੀ ਰੁੱਕ ਜਾਂਦੇ ਹਨ।
ਪ੍ਰਕਾਸ਼ ਅਤੇ ਉਹਦੇ ਨਾਲ਼ ਦੇ ਬਾਕੀ ਅਹਿਮਦਨਗਰ ਜਿਲ੍ਹੇ ਦੇ ਪਿੰਡ ਧਾਵਲਪੁਰੀ ਤੋਂ ਹਨ। ਪਰ ਉਨ੍ਹਾਂ ਦੀ ਰਾਜ ਦੇ ਬਾਹਰ ਵਾਲਾ ਸਲਾਨਾ ਪ੍ਰਵਾਸ ਜੂਨ ਦੇ ਮਹੀਨੇ ਨਾਸਿਕ ਵਿੱਚ ਹੀ ਰੁੱਕ ਜਾਂਦਾ ਹੈ, ਜਿੱਥੇ ਉਹ ਵੱਖੋ-ਵੱਖ ਪਿੰਡਾਂ ਦੇ ਉਜਾੜ ਖੇਤਾਂ ਵਿੱਚ ਆਰਜੀ ਝੌਂਪੜੀਆਂ ਬਣਾ ਕੇ ਮਾਨਸੂਨ ਦੇ ਮਹੀਨੇ ਗੁਜਾਰਦੇ ਹਨ।
ਪਰ ਕੋਵਿਡ-19 ਕਰਕੇ 25 ਮਾਰਚ ਤੋਂ ਹੋਈ ਤਾਲਾਬੰਦੀ ਕਰਕੇ, ਕੋਕਰੇ ਕਬੀਲੇ ਵਾਸਤੇ ਆਪਣੇ ਆਮ ਰੂਟਾਂ 'ਤੇ ਨਿਕਲ਼ਣਾ ਦੂਬਰ ਹੋ ਗਿਆ।
ਵਾੜਾ ਤਾਲੁਕਾ ਪਹੁੰਚਣ ਤੋਂ ਪਹਿਲਾਂ, ਪਰਿਵਾਰਾਂ ਨੇ ਤਾਲਾਬੰਦੀ ਵਿੱਚ ਛੋਟ ਮਿਲ਼ਣ ਦੀ ਉਡੀਕ ਕਰਦਿਆਂ 40 ਦਿਨਾਂ ਵਾਸਤੇ ਪਾਲਘਰ ਦੇ ਵਾਂਗਾਓ ਪਿੰਡ ਦੇ ਖੇਤਾਂ ਵਿੱਚ ਆਸਰਾ ਲਿਆ ਜੋ ਕਿ ਵਾੜਾ ਤੋਂ ਕਰੀਬ 55 ਕਿਲੋਮੀਟਰ ਦੂਰ ਹੈ। ਜੂਨ ਵੇਲੇ, ਜਦੋਂ ਇੱਧਰ-ਉੱਧਰ ਜਾਣਾ ਕੁਝ ਅਸਾਨ ਹੋਇਆ, ਤਾਂ ਉਨ੍ਹਾਂ ਨੇ ਦੋਬਾਰਾ ਚਾਲੇ ਪਾ ਲਏ। "ਸਾਨੂੰ ਆਪਣੇ ਡੰਗਰਾਂ ਕਰਕੇ ਚੱਲਦੇ ਰਹਿਣਾ ਪੈਂਦਾ ਹੈ, ਇਸ ਤਰ੍ਹਾਂ ਪੁਲਿਸ ਵੀ ਸਾਨੂੰ ਤੰਗ ਨਹੀਂ ਕਰਦੀ," ਪ੍ਰਕਾਸ਼ ਨੇ ਕਿਹਾ। "ਲੋਕ ਵੀ ਚਾਹੁੰਦੇ ਸਨ ਕਿ ਅਸੀਂ ਉਨ੍ਹਾਂ ਦੇ ਪਿੰਡ ਛੱਡ ਦੇਈਏ।"

ਮੇਮਣੇ, ਭੇਡਾਂ ਅਤੇ ਬੱਕਰੀਆਂ ਵੇਚਣਾ ਹੀ ਧਾਂਗਰ ਪਰਿਵਾਰਾਂ ਦੀ ਰੋਜੀ ਰੋਟੀ ਦਾ ਵਸੀਲਾ ਹੈ, ਇਨ੍ਹਾਂ ਦਾ ਮੁਖੀਆ ਪ੍ਰਕਾਸ਼ (ਸੱਜੇ ਤਸਵੀਰ ਵਿੱਚ)- ਆਪਣੀ ਪਤਨੀ ਜੈ ਸ਼੍ਰੀ(ਖੱਬੇ) ਅਤੇ ਭਤੀਜੀ ਜ਼ਈ ਦੇ ਨਾਲ਼
ਉਹ ਇੱਕ ਘਟਨਾ ਯਾਦ ਕਰਦਾ ਹੈ ਜਦੋਂ ਅਪ੍ਰੈਲ ਦੇ ਮਹੀਨੇ ਵਾਂਗਾਓ ਦੇ ਵਾਸੀ ਉਹਦੇ ਪਰਿਵਾਰ 'ਤੇ ਵਰ੍ਹ ਪਏ। "ਉਨ੍ਹਾਂ ਨੇ ਕਿਹਾ ਅਸੀਂ ਉਨ੍ਹਾਂ ਦੀਆਂ ਜ਼ਮੀਨਾਂ 'ਤੇ ਡੇਰੇ ਪਾਏ ਹਨ ਅਤੇ ਅਸੀਂ ਉਨ੍ਹਾਂ ਦੀ ਜਾਨ ਲਈ ਖ਼ਤਰਾਂ ਹਾਂ ਅਤੇ ਉਨ੍ਹਾਂ ਨੇ ਸਾਨੂੰ ਆਪੋ-ਆਪਣੇ ਘਰ ਰੁਕਣ ਲਈ ਕਿਹਾ। ਪਰ ਸਦਾ ਤੋਂ ਇਹੀ ਤਾਂ ਸਾਡੇ ਰਹਿਣ ਦਾ ਤਰੀਕਾ ਰਿਹਾ ਹੈ। ਮੇਰੇ ਪਿਤਾ ਅਤੇ ਉਨ੍ਹਾਂ ਦੇ ਪਿਤਾ, ਸਾਨੂੰ ਸਾਰਿਆਂ ਨੂੰ ਆਪਣੇ ਡੰਗਰਾਂ ਵਾਸਤੇ ਘੁੰਮਦੇ ਰਹਿਣਾ ਪੈਂਦਾ ਹੈ। ਅਸੀਂ ਇੱਕ ਥਾਂ 'ਤੇ ਬੱਝ ਕੇ ਨਹੀਂ ਰਹਿ ਸਕਦੇ। ਸਾਡੇ ਕੋਲ਼ ਆਪੋ-ਆਪਣੇ ਘਰੇ ਰੁੱਕਣ ਲਈ ਵੀ ਘਰ ਨਹੀਂ ਹੈ।"
ਇਸੇ ਲਈ, ਤਾਲਾਬੰਦੀ ਨੇ ਉਨ੍ਹਾਂ ਦੇ ਮਨਾਂ ਅੰਦਰ ਇੱਛਾ ਪੈਦਾ ਕੀਤੀ ਕਿ ਕਾਸ਼ ਉਨ੍ਹਾਂ ਦਾ ਵੀ ਘਰ ਹੋਵੇ। "ਤਾਲਾਬੰਦੀ ਨਾਲ਼ ਸਾਡੇ ਲਈ ਚੀਜਾਂ ਔਖੀਆਂ ਹੋ ਗਈਆਂ," ਪ੍ਰਕਾਸ਼ ਨੇ ਅੱਗੇ ਕਿਹਾ। "ਜੇਕਰ ਇੱਕ ਘਰ ਹੁੰਦਾ ਤਾਂ ਇਹ ਸਭ ਅਸਾਨ ਹੋ ਜਾਂਦਾ..."
ਤਾਲਾਬੰਦੀ ਦੌਰਾਨ, ਆਵਾਜਾਈ ਦੇ ਵਿਕਲਪ ਦੇ ਬਾਮੁਸ਼ਕਲ ਹੋਣ 'ਤੇ, ਧਾਂਗਰਾ ਪਰਿਵਾਰਾਂ ਨੇ ਹੋਰ ਯੁੱਧਾਂ ਦਾ ਵੀ ਸਾਹਮਣਾ ਕੀਤਾ। ਇਨ੍ਹਾਂ ਖਾਨਾਬਦੋਸ਼ ਆਜੜੀਆਂ ਤੱਕ ਮੈਡੀਕਲ ਸਹੂਲਤਾਂ ਅਸਾਨੀ ਨਾਲ਼ ਨਹੀਂ ਪਹੁੰਚ ਪਾਈਆਂ, ਇੰਝ ਆਮ ਸਮੇਂ ਵੀ ਹੁੰਦਾ ਰਹਿੰਦਾ ਹੈ ਕਿਉਂਕਿ ਇਹ (ਕਬੀਲੇ) ਇੱਕ ਜਗ੍ਹਾ ਟਿਕ ਨਹੀਂ ਪਾਉਂਦੇ ਅਤੇ ਅਕਸਰ ਮਾੜੀ ਕੁਨੈਕਟੀਵਿਟੀ ਵਾਲੇ ਇਲਾਕਿਆਂ ਵਿੱਚ ਰਹਿੰਦੇ ਹਨ। ਪ੍ਰਕਾਸ਼ ਨੇ ਕਿਹਾ, "ਜੂਨ ਦੇ ਅੱਧ ਵਿੱਚ ਅਸੀਂ ਮੇਰੇ ਭਰਾ ਦੀ ਧੀ ਅਤੇ ਉਹਦੇ ਬੱਚੇ ਨੂੰ ਹੱਥੋਂ ਗੁਆ ਲਿਆ। ਉਹ ਗਰਭਵਤੀ ਸੀ।"
ਸੁਮਨ ਕੋਕਰੇ ਨੇੜੇ ਹੀ ਟੂਟੀ ਤੋਂ ਪਾਣੀ ਭਰਨ ਲਈ ਗਈ ਜਦੋਂ ਸੱਪ ਨੇ ਉਹਨੂੰ ਡੰਗ ਮਾਰ ਦਿੱਤਾ। ਕਬੀਲੇ ਦੇ ਕੁਝ ਮੈਂਬਰਾਂ ਨੇ ਉਹਨੂੰ ਲੱਭਿਆ। ਜਦੋਂ ਉਨ੍ਹਾਂ ਨੂੰ ਕੋਈ ਆਟੋ-ਰਿਕਸ਼ਾ ਨਾ ਲੱਭਿਆ ਤਾਂ ਉਨ੍ਹਾਂ ਨੇ ਕਿਸੇ ਪ੍ਰਾਈਵੇਟ ਵਾਹਨ ਨੂੰ ਬੁਲਾਇਆ। ਕੋਵਿਡ-19 ਦੇ ਮਾਮਲਿਆਂ ਦੇ ਦਬਾਓ ਕਰਕੇ ਪਾਲਘਰ ਦੇ ਹਸਪਤਾਲ ਨੇ ਉਹਨੂੰ ਦਾਖਲ ਕਰਨ ਤੋਂ ਮਨ੍ਹਾ ਕਰ ਦਿੱਤਾ। "ਅਸੀਂ ਘੰਟਿਆਂ-ਬੱਧੀ ਉਹਨੂੰ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਲੈ ਕੇ ਫਿਰਦੇ ਰਹੇ, ਪਰ ਕਿਸੇ ਨੇ ਵੀ ਹੱਥ ਨਾ ਪਾਇਆ। ਰਾਤ ਨੂੰ, ਅਸੀਂ ਉਲ੍ਹਾਸਨਗਰ (ਲਗਭਗ 100 ਕਿਲੋਮੀਟਰ ਦੂਰ) ਜਾਣ ਲਈ ਨਿਕਲੇ, ਪਰ ਰਸਤੇ ਵਿੱਚ ਹੀ ਉਹਦੀ ਮੌਤ ਹੋ ਗਈ। ਉੱਥੋਂ ਦੇ ਹਸਪਤਾਲ ਨੇ ਦੋ ਦਿਨਾਂ ਬਾਅਦ ਸਾਨੂੰ ਉਹਦੀ ਲਾਸ਼ ਦਿੱਤੀ," ਪ੍ਰਕਾਸ਼ ਨੇ ਕਿਹਾ।
"ਮੇਰੇ ਪੁੱਤਰ (ਉਮਰ 3 ਸਾਲ ਅਤੇ 4 ਸਾਲ) ਮੈਨੂੰ ਪੁੱਛਦੇ ਹਨ ਉਨ੍ਹਾਂ ਦੀ ਆਈ ਕਿੱਥੇ ਚਲੀ ਗਈ ਹੈ," ਸੁਮਨ ਦੇ ਪਤੀ ਸੰਤੋਸ਼ ਨੇ ਕਿਹਾ, ਜਿਹਦੀ ਉਮਰ 30 ਸਾਲ ਹੈ। "ਮੈਂ ਉਨ੍ਹਾਂ ਨੂੰ ਕੀ ਦੱਸਾਂ? ਮੇਰਾ ਬੱਚਾ (ਅਣਜੰਮਿਆ)ਅਤੇ ਮੇਰੀ ਪਤਨੀ ਦੋਵੇਂ ਮਰ ਗਏ। ਉਨ੍ਹਾਂ ਨੂੰ ਮੈਂ ਕੀ ਦੱਸਾਂ?"


'ਅਸੀਂ ਆਪਣਾ ਧਿਆਨ ਤਾਂ ਰੱਖ ਲਵਾਂਗੇ, ਪਰ ਸਾਡੀਆਂ ਭੇਡਾਂ ਨੂੰ ਚਾਰਾ ਅਤੇ ਪਾਣੀ ਚਾਹੀਦਾ ਹੈ' , ਜ਼ਈ ਕੋਕਰੇ ਦੱਸਦੀ ਹੈ (ਤਸਵੀਰ ਵਿੱਚ ਖੱਬੇ ਅਤੇ ਵਿਚਕਾਰ),ਉਹਦੀ ਆਂਟੀ ਜਗਨ, ਉਹਦਾ ਪੁੱਤਰ (ਵਿਚਕਾਰ) ਅਤੇ ਉਹਦੇ ਪਰਿਵਾਰ ਦੇ ਬਾਕੀ ਜੀਆਂ ਦੇ ਨਾਲ਼
ਆਜੜੀਆਂ ਦਾ ਇਹ ਦਲ ਮਹਾਂਮਾਰੀ ਵਿੱਚ ਰੱਖੇ ਜਾਣ ਵਾਲੇ ਪਰਹੇਜਾਂ ਬਾਰੇ ਤਾਂ ਜਾਣਦੇ ਹਨ, ਪਰ ਜੰਗਲੀ ਇਲਾਕਿਆਂ ਵਿੱਚ ਮੋਬਾਇਲ ਦਾ ਨੈਟਵਰਕ ਮਾੜਾ ਹੋਣ ਕਰਕੇ ਉਹ ਖ਼ਬਰਾਂ ਅਤੇ ਹੋਰ ਜਾਣਕਾਰੀ ਦੇ ਨਾਲ਼ ਜੁੜੇ ਨਹੀਂ ਰਹਿ ਪਾਉਂਦੇ। "ਅਸੀਂ ਰੇਡਿਓ ਸੁਣਦੇ," ਜ਼ਈ ਕੋਕਰੇ ਨੇ ਮੈਨੂੰ ਦੱਸਿਆ। "ਉਹ ਸਾਨੂੰ ਦੱਸਦੇ ਕਿ ਹੱਥ ਧੋਵੋ ਅਤੇ ਮਾਸਕ ਪਾਓ। ਜਦੋਂ ਅਸੀਂ ਪਿੰਡਾਂ ਵਿੱਚ ਜਾਂਦੇ ਤਾਂ ਅਸੀਂ ਪਦਰ (ਸਾੜੀ ਦੇ ਪੱਲੇ) ਨਾਲ਼ ਆਪਣੇ ਮੂੰਹ ਢੱਕ ਲੈਂਦੀਆਂ।"
ਇੱਕ ਦਿਨ, ਉਨ੍ਹਾਂ ਦੇ ਪਾਲਘਰ ਵਿੱਚ ਪਨਾਹ ਦੌਰਾਨ, ਪ੍ਰਕਾਸ਼ ਦੀ 23 ਸਾਲਾ ਭਤੀਜੀ ਜ਼ਈ, ਆਰਜੀ ਝੌਂਪੜੀ ਅੰਦਰ ਚੁੱਲ੍ਹਾ ਬਾਲ਼ ਕੇ ਜੋਵਾਰ ਭਾਕਰੀ ਰਿੰਨ੍ਹ ਰਹੀ ਸੀ, ਜਦੋਂਕਿ ਉਹਦਾ ਇੱਕ ਸਾਲਾ ਬੇਟਾ ਦਾਨੇਸ਼ ਨੇੜੇ ਹੀ ਖੇਡਦਾ ਰਿਹਾ। "ਅਸੀਂ ਖ਼ੁਦ ਇੱਕ ਡੰਗ ਦਾ ਖਾਣਾ ਖਾ ਕੇ ਵੀ ਗੁਜਾਰਾ ਕਰ ਲਵਾਂਗੇ, ਪਰ ਕ੍ਰਿਪਾ ਕਰਕੇ ਸਾਡੇ ਡੰਗਰਾਂ ਦਾ ਧਿਆਨ ਰੱਖੋ," ਉਹਨੇ ਉਸ ਘਟਨਾ ਦਾ ਜਿਕਰ ਕਰਦਿਆਂ ਕਿਹਾ ਜਦੋਂ ਲੋਕਾਂ ਨੇ ਧਾਂਗਰਾਂ ਨੂੰ ਵਾਂਗਾਓ ਛੱਡਣ ਲਈ ਕਿਹਾ ਸੀ। "ਜੇਕਰ ਤੁਸੀਂ ਸਾਨੂੰ ਇੱਕ ਥਾਂ ਦੇ ਦਿਓ ਜਿੱਥੇ ਸਾਡੇ ਡੰਗਰ ਰਹਿ ਸਕਣ ਤਾਂ ਅਸੀਂ ਵੀ ਖ਼ੁਸ਼ੀ-ਖ਼ੁਸ਼ੀ ਉੱਥੇ ਰਹਿ ਲਵਾਂਗੇ। ਭਾਵੇਂ ਉਹ ਥਾਂ ਫਿਰ ਜੰਗਲ ਵਿੱਚ ਹੀ ਕਿਉਂ ਨਾ ਹੋਵੇ। ਅਸੀਂ ਆਪਣਾ ਧਿਆਨ ਆਪੇ ਹੀ ਰੱਖ ਲਵਾਂਗੇ ਪਰ ਸਾਡੇ ਡੰਗਰਾਂ ਨੂੰ ਚਾਰਾ ਅਤੇ ਪਾਣੀ ਚਾਹੀਦਾ ਹੈ।"
ਤਾਲਾਬੰਦੀ ਤੋਂ ਪਹਿਲਾਂ, ਸੱਤੋ ਪਰਿਵਾਰ ਮਿਲ਼ ਕੇ ਹਫ਼ਤੇ ਵਿੱਚ 5-6 ਭੇਡਾਂ ਵੇਚ ਲੈਂਦੇ ਸਨ- ਭਾਵੇਂ ਇਸ ਸਮੇਂ ਇੱਕ ਹਫ਼ਤੇ ਅੰਦਰ ਇਹ ਗਿਣਤੀ ਸਿਰਫ਼ ਇੱਕ ਰਹਿ ਗਈ ਹੈ- ਅਤੇ, ਪ੍ਰਕਾਸ਼ ਕਹਿੰਦਾ ਹੈ, ਕਈ ਵਾਰੀ ਧਨੀ ਕਿਸਾਨ ਉਨ੍ਹਾਂ ਕੋਲ਼ੋਂ ਥੋਕ ਵਿੱਚ ਡੰਗਰ ਖਰੀਦ ਲੈਂਦੇ। ਉਹ ਆਮ ਕਰਕੇ ਵੀ ਹਰੇਕ ਮਹੀਨੇ 15 ਬੱਕਰੀਆਂ ਖ਼ਰੀਦ ਵੇਚ ਲੈਂਦੇ। "ਅਸੀਂ ਸਾਰੇ ਇੱਕੋ ਟੱਬਰ ਹਾਂ, ਅਸੀਂ ਇਕੱਠੇ ਰਹਿੰਦੇ ਹਾਂ," ਪ੍ਰਕਾਸ਼ ਨੇ ਕਿਹਾ।
ਤਾਲਾਬੰਦੀ ਦੌਰਾਨ, ਇਹ ਵਿਕਰੀ ਘੱਟ ਗਈ- ਪ੍ਰਕਾਸ਼ ਚੇਤੇ ਨਹੀਂ ਕਰਨਾ ਚਾਹੁੰਦਾ ਕਿ ਕਿਵੇਂ ਉਨ੍ਹਾਂ ਨੇ ਆਪਣੀ ਬੱਚਤ ਦੇ ਪੈਸਿਆਂ ਨਾਲ਼ ਡੰਗ ਟਪਾਇਆ- ਜਿੱਥੇ 50 ਰੁਪਏ ਕਿਲੋ ਵਾਲ਼ੇ ਚੌਲ 90 ਰੁਪਿਆਂ ਵਿੱਚ ਮਿਲ਼ੇ ਸਨ, ਅਤੇ ਕਣਕ ਦਾ ਭਾਅ ਵੀ 30 ਰੁਪਏ ਤੋਂ 60 ਰੁਪਏ ਹੋ ਕੇ ਅਸਮਾਨੀ ਚੜ੍ਹ ਗਿਆ। "ਸਾਰੀਆਂ ਹੀ ਦੁਕਾਨਾਂ (ਵਾੜਾ ਵਿੱਚ) ਸਾਨੂੰ ਲੁੱਟ ਰਹੀਆਂ ਹਨ," ਜ਼ਈ ਨੇ ਕਿਹਾ। "ਉਹ ਸਾਨੂੰ ਬੜੇ ਉੱਚੇ ਮੁੱਲਾਂ 'ਤੇ ਅਨਾਜ ਵੇਚਦੇ ਹਨ। ਹੁਣ ਸਾਨੂੰ ਆਪਣੀ ਅਗਲੀ ਠ੍ਹਾਰ ਤੱਕ ਰਾਸ਼ਨ ਬਚਾਉਣਾ ਪੈਣਾ ਹੈ। ਅੱਜਕੱਲ ਅਸੀਂ ਪੂਰੇ ਦਿਨ ਵਿੱਚ ਸਿਰਫ਼ ਇੱਕੋ ਵੇਲ਼ੇ ਰੋਟੀ ਖਾਂਦੇ ਹਾਂ।"
ਪਰਿਵਾਰ ਦੱਸਦੇ ਹਨ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਵੀ ਕੁਝ ਰਾਸ਼ਨ ਮਿਲ਼ਿਆ। "ਸਾਨੂੰ ਸੱਤਾਂ ਪਰਿਵਾਰਾਂ ਨੂੰ ਸਿਰਫ਼ 20 ਕਿਲੋ ਚੌਲ (ਅਹਿਮਦਨਗਰ ਅਧਿਕਾਰੀਆਂ ਵੱਲੋਂ) ਹੀ ਮਿਲ਼ੇ," ਪ੍ਰਕਾਸ਼ ਨੇ ਕਿਹਾ। ”ਤੁਸੀਂ ਹੀ ਮੈਨੂੰ ਦੱਸੋ, ਕੀ ਸਾਡੇ ਇੰਨੇ ਜਾਣਿਆਂ ਵਾਸਤੇ 20 ਕਿਲੋ ਚੌਲ ਕਾਫ਼ੀ ਹਨ? ਆਪਣੇ ਪਿੰਡ ਵਿੱਚ (ਧਵਲਪੁਰੀ, ਜਿੱਥੇ ਪਰਿਵਾਰ ਕਦੇ-ਕਦਾਈਂ ਜਾਂਦੇ ਹਨ) ਤਾਂ ਅਸੀਂ ਸਸਤੇ ਭਾਅ (ਪੀਡੀਐੱਸ) 'ਤੇ ਰਾਸ਼ਨ ਖਰੀਦ ਸਕਦੇ ਹਾਂ ਪਰ ਹੋਰਨਾਂ ਥਾਵਾਂ 'ਤੇ ਸਾਨੂੰ ਮਹਿੰਗੇ ਭਾਅ ਸਮਾਨ ਖਰੀਦਣਾ ਪੈਂਦਾ ਹੈ।"

ਯਾਤਰਾ ਦੌਰਾਨ, ਇਹ ਸਮੂਹ-ਜਿਸ ਵਿੱਚ ਗੰਗਾਧਰ (ਖੱਬੇ) ਅਤੇ ਰਤਨ ਕੁਰਾੜੇ- ਪਿਛਲੇ ਇੱਕ ਮਹੀਨੇ ਪਹਿਲਾਂ ਘੋੜਿਆਂ 'ਤੇ ਲੱਦ ਕੇ ਲੋੜੀਂਦਾ ਰਾਸ਼ਨ ਲਿਜਾਂਦਾ ਹੈ
ਯਾਤਰਾ ਦੌਰਾਨ, ਪਰਿਵਾਰਾਂ ਦਾ ਇਹ ਦਲ ਆਪਣੇ ਘੋੜਿਆਂ 'ਤੇ ਲੱਦ ਕੇ ਆਪਣੇ ਨਾਲ਼ ਕਾਫ਼ੀ ਰਾਸ਼ਨ ਲੈ ਜਾਂਦੇ ਹਨ। "ਕਈ ਵਾਰ, ਜੰਗਲਾਂ ਵਿੱਚ ਠਹਿਰਣ ਦੌਰਾਨ ਤੇਲ ਜਲਦੀ ਮੁੱਕ ਜਾਂਦਾ ਹੈ ਜਾਂ ਕਈ ਵਾਰੀ ਚੌਲ ਸਿਰਫ਼ 15 ਦਿਨਾਂ ਵਿੱਚ ਹੀ ਮੁੱਕ ਜਾਂਦੇ ਹਨ। ਫਿਰ ਸਾਨੂੰ ਨੇੜਲੇ ਪਿੰਡਾਂ ਵਿੱਚ ਵਾਪਸ ਜਾਣਾ ਪੈਂਦਾ ਹੈ ਅਤੇ ਅਨਾਜ ਖਰੀਦਣਾ ਪੈਂਦਾ ਹੈ," ਪ੍ਰਕਾਸ਼ ਕਹਿੰਦਾ ਹੈ।
"ਅਤੇ ਇਸ ਬੀਮਾਰੀ (ਕੋਵਿਡ-19) ਕਰਕੇ, ਮੇਰੇ ਬੱਚੇ ਵੀ ਸਾਡੇ ਨਾਲ਼ ਯਾਤਰਾ ਕਰ ਰਹੇ ਹਨ। ਉਨ੍ਹਾਂ ਨੂੰ ਸਕੂਲ ਦੀ ਪੜਾਈ ਕਰਦੇ ਹੋਣਾ ਚਾਹੀਦਾ ਸੀ," ਜਗਨ ਕੋਕਰੇ ਕਹਿੰਦੀ ਹੈ, ਜਿਹਦੀ ਉਮਰ 30 ਸਾਲ ਹੈ ਅਤੇ ਉਹ ਪ੍ਰਕਾਸ਼ ਦੀ ਭੈਣ ਹੈ। ਆਮ ਤੌਰ 'ਤੇ ਸਿਰਫ਼ ਛੋਟੇ ਬੱਚੇ ਹੀ ਆਪਣੇ ਮਾਪਿਆਂ ਨਾਲ਼ ਯਾਤਰਾ ਕਰਦੇ ਹਨ, ਜਦੋਂਕਿ 6 ਤੋਂ 8 ਸਾਲਾਂ ਦੀ ਉਮਰ ਦੇ ਬੱਚੇ ਧਾਵਲਪੁਰੀ ਦੇ ਰਿਹਾਇਸ਼ੀ ਸਕੂਲਾਂ (ਆਸ਼ਰਮਸ਼ਾਲਾ) ਵਿੱਚ ਰਹਿੰਦੇ ਹਨ। ਸਿਰਫ਼ ਗਰਮੀਆਂ ਦੌਰਾਨ, ਜਦੋਂ ਸਕੂਲ ਬੰਦ ਹੁੰਦੇ ਹਨ, ਵੱਡੇ ਬੱਚੇ ਵੀ ਆਪਣੇ ਮਾਪਿਆਂ ਨਾਲ਼ ਯਾਤਰਾਵਾਂ 'ਤੇ ਆਉਂਦੇ ਹਨ। "ਮੇਰਾ ਬੇਟਾ ਹੁਣ ਭੇਡਾਂ ਦਾ ਰੱਖਰਖਾਓ ਕਰਦਾ ਹੈ," ਜਗਨ ਕਹਿੰਦੀ ਹੈ। "ਮੈਂ ਕਰ ਵੀ ਕੀ ਸਕਦੀ ਸਾਂ? ਕਰੋਨਾ ਦੇ ਚੱਲਦਿਆਂ ਆਸ਼ਰਮਸ਼ਾਲਾਵਾਂ ਦੇ ਬੰਦ ਹੋਣ ਕਾਰਨ, ਸਾਨੂੰ ਉਨ੍ਹਾਂ ਨੂੰ ਆਪਣੇ ਨਾਲ਼ ਹੀ ਰੱਖਣਾ ਪੈਂਦਾ ਹੈ।"
ਜਗਨ ਦੇ ਦੋ ਬੇਟੇ, ਸਨੀ ਅਤੇ ਪਰਸ਼ਾਦ, ਧਵਲਪੁਰੀ ਵਿੱਚ ਜਮਾਤ 9ਵੀਂ ਅਤੇ 7ਵੀਂ ਵਿੱਚ ਪੜ੍ਹਦੇ ਹਨ; ਉਹਦੀ ਛੇ ਸਾਲਾਂ ਦੀ ਧੀ ਹਾਲੇ ਤੀਕਰ ਸਕੂਲ ਨਹੀਂ ਜਾਂਦੀ ਅਤੇ ਉਹ ਆਪਣਾ ਸਮਾਨ ਘੋੜਿਆਂ 'ਤੇ ਲੱਦਣ ਵਿੱਚ ਆਪਣੀ ਮਾਂ ਦੀ ਮਦਦ ਕਰਦੀ ਹੈ। "ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਵੀ ਸਾਡੇ ਵਾਂਗ ਬਿਨਾਂ ਛੱਤ ਤੋਂ ਇੱਕ ਥਾਂ ਤੋਂ ਦੂਸਰੀ ਥਾਂ ਘੁੰਮਦੇ ਰਹਿਣ," ਜਗਨ ਕਹਿੰਦੀ ਹੈ। "ਯਾਤਰਾ ਕਰਨੀ ਮੁਸ਼ਕਲ ਹੈ, ਪਰ ਅਸੀਂ ਆਪਣੇ ਡੰਗਰਾਂ ਵਾਸਤੇ ਇੰਝ ਕਰਦੇ ਹਾਂ।"
ਜਦੋਂ ਜੂਨ ਦੇ ਅਖ਼ੀਰ ਵਿੱਚ ਮੈਂ ਉਨ੍ਹਾਂ ਸੱਤਾਂ ਪਰਿਵਾਰਾਂ ਨੂੰ ਮਿਲ਼ੀ ਤਾਂ ਉਹ ਪਾਲਘਰ ਤੋਂ ਕੂਚ ਦੀ ਤਿਆਰੀ ਕਰ ਰਹੇ ਸਨ। "ਇਨ੍ਹਾਂ ਇਲਾਕਿਆਂ ਦੀਆਂ ਬਰਸਾਤਾਂ ਵਿੱਚ ਸਾਡੀਆਂ ਭੇਡਾਂ ਜਿਊਂਦੀਆਂ ਨਹੀਂ ਰਹਿਣਗੀਆਂ। ਇੱਥੋਂ ਦੀ ਮਿੱਟੀ ਚੀਕਣੀ ਅਤੇ ਇਹ ਉਨ੍ਹਾਂ ਲਈ ਬੀਮਾਰੀ ਦਾ ਸਬਬ ਬਣਦੀ ਹੈ," ਪ੍ਰਕਾਸ਼ ਨੇ ਦੱਸਿਆ ਸੀ। "ਇਸਲਈ ਸਾਨੂੰ ਨਾਸਿਕ ਵਾਪਸ ਜਾਣਾ ਹੀ ਪਵੇਗਾ, ਉੱਥੇ ਮੀਂਹ ਘੱਟ ਪੈਂਦੇ ਹਨ।"
ਜਦੋਂ ਪਿੱਛੇ ਜਿਹੇ ਸਾਡੀ ਫ਼ੋਨ 'ਤੇ ਗੱਲ ਹੋਈ, ਤਾਂ ਇਹ ਦਲ ਨਾਸਿਕ ਜ਼ਿਲ੍ਹੇ ਦੇ ਸਿੰਨਰ ਤਾਲੁਕਾ ਵਿੱਚੋਂ ਦੀ ਯਾਤਰਾ ਕਰ ਰਹੇ ਸਨ, ਉਨ੍ਹਾਂ ਦੇ ਨਾਲ਼ ਉਨ੍ਹਾਂ ਦੀਆਂ ਪੀੜ੍ਹੀਆਂ ਪੁਰਾਣਾ ਰੂਟ ਅਤੇ ਕਦਮਾਂ ਦੀ ਲੈਅ ਤਾਲ ਸੀ।
ਤਰਜਮਾ: ਕਮਲਜੀਤ ਕੌਰ