ਸ਼ਾਸਤੀ ਭੁਨੀਆਂ ਨੇ ਪਿਛਲੇ ਸਾਲ ਸਕੂਲ ਛੱਡ ਦਿੱਤਾ ਸੀ। ਉਸ ਤੋਂ ਬਾਅਦ, ਉਹ ਸੁੰਦਰਬਨ ਖੇਤਰ ਦੇ ਆਪਣੇ ਪਿੰਡ ਸੀਤਾਰਾਮਪੁਰ ਤੋਂ 2000 ਕਿਲੋਮੀਟਰ ਦੂਰ ਬੈਂਗਲੂਰ ਜਾਣ ਲਈ ਰੇਲ ਗੱਡੀ ਵਿੱਚ ਸਵਾਰ ਹੋ ਗਈ। ਉਹ ਕਹਿੰਦੀ ਹੈ,''ਅਸੀਂ ਬਹੁਤ ਹੀ ਗਰੀਬ ਹਾਂ। ਮੈਨੂੰ ਮਿਡ-ਡੇ-ਮੀਲ ਵੀ ਨਹੀਂ ਮਿਲ਼ ਸਕਿਆ।'' ਸ਼ਾਸਤੀ ਦੀ ਉਮਰ 16 ਸਾਲ ਹੈ ਅਤੇ ਉਹ ਨੌਵੀਂ ਜਮਾਤ ਵਿੱਚ ਪੜ੍ਹਦੀ ਹੈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਪੱਛਮੀ ਬੰਗਾਲ ਅਤੇ ਪੂਰੇ ਭਾਰਤ ਵਿੱਚ, ਸਰਕਾਰੀ ਸਕੂਲਾਂ ਵਿੱਚ ਕੇਵਲ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਿਡ -ਡੇ ਮੀਲ ਦਿੱਤਾ ਜਾਂਦਾ ਹੈ।
ਸ਼ਾਸਤੀ ਇਸ ਸਾਲ ਮਾਰਚ ਵਿੱਚ ਦੱਖਣੀ 24 ਪਰਗਣਾ ਜ਼ਿਲ੍ਹੇ ਦੇ ਕਾਕਦੀਪ ਬਲਾਕ ਵਿੱਚ ਫਿਰ ਆਪਣੇ ਪਿੰਡ ਵਾਪਸ ਮੁੜ ਆਈ। ਕਿਉਂਕਿ ਬੇਂਗਲੁਰੂ ਵਿੱਚ ਤਾਲਾਬੰਦੀ ਸ਼ੁਰੂ ਹੋ ਚੁੱਕਾ ਸੀ ਅਤੇ ਉਸ ਹੱਥੋਂ ਘਰੇਲੂ ਕਾਮੇ ਦੀ ਨੌਕਰੀ ਵੀ ਖੁੱਸ ਗਈ। ਜਿਸ ਕਰਕੇ ਉਸ ਦੀ 7000 ਮਹੀਨੇ ਦੀ ਕਮਾਈ ਵੀ ਹੱਥੋਂ ਜਾਂਦੀ ਰਹੀ ਜਿਸ ਵਿੱਚੋਂ ਉਹ ਥੋੜ੍ਹੇ ਪੈਸੇ ਆਪਣੇ ਘਰਦਿਆਂ ਨੂੰ ਭੇਜ ਦਿੰਦੀ ਸੀ।
ਸ਼ਾਸਤੀ ਦੇ ਪਿਤਾ, 44 ਸਾਲਾ ਧਨੰਜੈ ਭੁਨੀਆ ਸੀਤਾਰਾਮਪੁਰ ਦੇ ਤੱਟ 'ਤੇ ਮਛੇਰੇ ਵਜੋਂ ਕੰਮ ਕਰਦੇ ਹਨ -ਜੋ ਇੱਥੋਂ ਦੇ ਜ਼ਿਆਦਾਤਰ ਲੋਕ ਕਰਦੇ ਹਨ। ਕਦੇ-ਕਦੇ ਉਹ ਨੰਗੇ ਹੱਥਾਂ ਨਾਲ਼ ਤੇ ਕਦੇ ਛੋਟੇ ਜਾਲ਼ਾਂ ਨਾਲ਼ ਮੱਛੀਆਂ ਅਤੇ ਕੇਕੜੇ ਫੜ੍ਹ ਕੇ ਨੇੜਲੇ ਬਾਜ਼ਾਰਾਂ ਵਿੱਚ ਵੇਚ ਦਿੰਦੇ ਹਨ ਅਤੇ ਹਰ 10-15 ਦਿਨਾਂ ਬਾਅਦ ਹੀ ਘਰ ਵਾਪਸ ਆਉਂਦੇ ਹਨ।
ਉਨ੍ਹਾਂ ਦੀ ਕੱਚੀ ਝੌਂਪੜੀ ਵਿੱਚ ਧਨੰਜੈ ਦੀ ਮਾਂ ਮਹਾਰਾਣੀ ਉਨ੍ਹਾਂ ਧੀਆਂ- 21 ਸਾਲਾ ਜੰਜਲੀ, 18 ਸਾਲਾ ਸ਼ਾਸਤੀ ਅਤੇ 14 ਸਾਲਾ ਬੇਟੇ ਸੂਬ੍ਰਤ ਨਾਲ਼ ਰਹਿੰਦੀ ਹੈ। ਸੁਬ੍ਰਤ ਦੇ ਜਨਮ ਤੋਂ ਕੁਝ ਮਹੀਨਿਆਂ ਬਾਅਦ ਹੀ ਉਹਨਾਂ ਦੀ ਪਤਨੀ ਦਾ ਇੰਤਕਾਲ ਹੋ ਗਿਆ। ਧਨੰਜੈ ਆਖਦੇ ਹਨ,''ਇਸ ਟਾਪੂ 'ਤੇ ਸਾਨੂੰ ਪਹਿਲਾਂ ਜਿੰਨੀਆਂ ਮੱਛੀਆਂ ਅਤੇ ਕੇਕੜੇ ਨਹੀਂ ਲੱਭਦੇ,(ਸਾਲ ਦਰ ਸਾਲ) ਸਾਡੀ ਕਮਾਈ ਬਹੁਤ ਹੀ ਘੱਟ ਗਈ ਹੈ।'' ਉਹ ਅਜੇ ਵੀ ਹਰ ਮਹੀਨੇ 2000 ਤੋਂ 3000 ਰੁਪਏ ਹੀ ਕਮਾ ਪਾਉਂਦੇ ਹਨ। ਉਹਨਾਂ ਦੇ ਅਨੁਸਾਰ,''ਸਾਨੂੰ ਗੁਜ਼ਾਰਾ ਕਰਨ ਲਈ ਮੱਛੀਆਂ ਅਤੇ ਕੇਕੜੇ ਫੜ੍ਹਨੇ ਪੈਂਦੇ ਹਨ। ਬੱਚਿਆਂ ਨੂੰ ਸਕੂਲ ਭੇਜ ਕੇ ਸਾਨੂੰ ਕੀ ਮਿਲ਼ ਜਾਏਗਾ?”
ਇਸ ਲਈ, ਜਿਸ ਤਰ੍ਹਾਂ ਸ਼ਾਸਤੀ ਨੇ ਸਕੂਲ ਜਾਣਾ ਛੱਡ ਦਿੱਤਾ, ਉਸੇ ਤਰ੍ਹਾਂ ਹੀ ਸੁੰਦਰਬਨ ਦੀਆਂ ਜਮਾਤਾਂ ਵਿੱਚੋਂ ਵਿਦਿਆਰਥੀ ਤੇਜ਼ੀ ਨਾਲ਼ ਗਾਇਬ ਹੁੰਦੇ ਜਾ ਰਹੇ ਹਨ। ਮਿੱਟੀ ਦੇ ਵੱਧਦੇ ਹੋਏ ਖਾਰੇਪਣ ਨੇ ਖੇਤੀ ਨੂੰ ਹੋਰ ਵੀ ਔਖਾ ਬਣਾ ਦਿੱਤਾ ਹੈ। ਚੌੜੀਆਂ ਹੁੰਦੀਆਂ ਜਾ ਰਹੀਆਂ ਨਦੀਆਂ ਅਤੇ ਵਾਰ-ਵਾਰ ਆਉਂਦੇ ਚੱਕਰਵਾਤ, ਉਹਨਾਂ ਦੇ ਘਰਾਂ ਨੂੰ ਉਜਾੜਦੇ ਰਹਿੰਦੇ ਹਨ। ਸਿੱਟੇ ਵਜੋਂ, ਇਸ ਖੇਤਰ ਦੇ ਪਿੰਡਾਂ ਦੇ ਲੋਕ ਰੋਜ਼ੀ-ਰੋਟੀ ਦੀ ਭਾਲ਼ ਵਿੱਚ ਪਲਾਇਨ ਕਰੀ ਜਾ ਰਹੇ ਹਨ। ਇੱਥੋਂ ਤੱਕ ਕਿ ਬੱਚਿਆਂ-ਜੋ ਆਪਣੀ ਪੀੜ੍ਹੀ ਦੇ ਪਹਿਲੇ ਪਾੜ੍ਹੇ ਸਨ- ਨੂੰ ਵੀ ਸਕੂਲ ਜਾਣ ਦਾ ਮੌਕਾ ਮਿਲ ਨਹੀਂ ਸਕਿਆ ਅਤੇ 13 ਜਾਂ 14 ਸਾਲ ਦੀ ਉਮਰੇ ਰੁਜ਼ਗਾਰ ਦੀ ਭਾਲ਼ ਵਾਸਤੇ ਪਲਾਇਨ ਕਰਨਾ ਉਹਨਾਂ ਦੀ ਮਜ਼ਬੂਰੀ ਬਣ ਗਈ ਹੈ। ਉਹ ਫਿਰ ਦੁਬਾਰਾ ਆਪਣੀਆਂ ਜਮਾਤਾਂ ਵਿੱਚ ਵਾਪਸ ਨਹੀਂ ਪਰਤ ਸਕਦੇ।


ਜੰਜਲੀ (ਖੱਬੇ ਪਾਸੇ) ਅਤੇ ਸ਼ਾਸਤੀ ਭੁਨੀਆ। ਸ਼ਾਸਤੀ ਨੇ ਸਕੂਲ ਛੱਡ ਦਿੱਤਾ ਅਤੇ ਘਰੇਲੂ ਕਾਮੇ ਵਜੋਂ ਕੰਮ ਕਰਨ ਲਈ ਬੰਗਲੌਰ ਚਲੀ ਗਈ; ਜਦੋਂ ਤਾਲਾਬੰਦੀ ਦੌਰਾਨ ਉਹ ਵਾਪਸ ਆਈ ਤਾਂ ਉਸ ਦੇ ਪਿਤਾ ਨੇ ਉਸ ਦਾ ਵਿਆਹ ਤਾਪਸ ਨਈਆ (ਸੱਜੇ ਪਾਸੇ) ਨਾਲ਼ ਕਰਵਾ ਦਿੱਤਾ
ਦੱਖਣੀ 24 ਪਰਗਨਾ ਜ਼ਿਲ੍ਹੇ ਦੇ 3,584 ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਇਮਰੀ ਸਕੂਲਾਂ ਵਿੱਚ 7,68,758 ਵਿਦਿਆਰਥੀ ਪੜ੍ਹਦੇ ਹਨ ਅਤੇ 803 ਅੱਪਰ ਪ੍ਰਾਇਮਰੀ ਸਕੂਲਾਂ ਵਿੱਚ 4,32,268 ਵਿਦਿਆਰਥੀ ਪੜ੍ਹਦੇ ਹਨ। ਜਿਨ੍ਹਾਂ ਸਕੂਲਾਂ ਦੇ ਜ਼ਿਆਦਾਤਰ ਬੱਚੇ ਸਕੂਲ ਛੱਡ ਜਾਂਦੇ ਹਨ, ਉਹਨਾਂ ਸਕੂਲਾਂ ਵਿੱਚ ਅਧਿਆਪਕਾਂ ਅਤੇ ਬਾਕੀ ਸਟਾਫ ਦੀ ਵੀ ਬਹੁਤ ਘਾਟ ਹੁੰਦੀ ਹੈ ਤੇ ਕਲਾਸਰੂਮ ਵੀ ਖਸਤਾ ਹਾਲਤ ਹੁੰਦੇ ਹਨ। ਇਨ੍ਹਾਂ ਕਾਰਨਾਂ ਕਰਕੇ ਬੱਚੇ ਉਹਨਾਂ ਸਕੂਲਾਂ ਵਿੱਚ ਵਾਪਸ ਨਹੀਂ ਮੁੜਦੇ।
ਸਾਗਰ ਬਲਾਕ ਦੇ ਘੋੜਾਮਾੜਾ ਟਾਪੂ ਦੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਅਸੋਕ ਬੇੜਾ ਆਖਦੇ ਹਨ,'' ਇੱਥੇ (ਸੁੰਦਰਬਨ ਇਲਾਕੇ ਵਿੱਚ) ਸਕੂਲ ਛੱਡਣ ਦੀ ਦਰ 2009 ਤੋਂ ਬਾਅਦ ਤੇਜ਼ੀ ਨਾਲ਼ ਵਧੀ ਹੈ।'' ਇਹ ਟਾਪੂ ਹੁਣ ਹੜ੍ਹਾਂ ਦੀ ਮਾਰ ਹੇਠ ਅਤੇ ਪਾਣੀ ਭਰਨ ਦੀ ਸਮੱਸਿਆ ਦੀ ਚਪੇਟ ਵਿੱਚ ਰਹਿੰਦਾ ਹੈ। ਅਸ਼ੋਕ ਉਸ ਸਾਲ ਦਾ ਜ਼ਿਕਰ ਕਰ ਰਹੇ ਹਨ, ਜਦੋਂ ਇਸ ਇਲਾਕੇ ਵਿੱਚ ਆਇਲਾ ਚੱਕਰਵਾਤ ਟਕਰਾਇਆ ਸੀ, ਜਿਸਨੇ ਇਸ ਇਲਾਕੇ ਵਿੱਚ ਭਾਰੀ ਤਬਾਹੀ ਮਚਾਈ ਅਤੇ ਲੋਕਾਂ ਨੂੰ ਉੱਥੋਂ ਜਾਣਾ ਪਿਆ, ਉਦੋਂ ਤੋਂ ਹੀ ਤੂਫ਼ਾਨਾਂ ਅਤੇ ਚੱਕਰਵਾਤਾਂ ਨੇ ਜ਼ਮੀਨ ਅਤੇ ਹੋਰ ਤਲਾਬਾਂ ਦੇ ਖਾਰੇਪਣ ਨੂੰ ਵਧਾਇਆ ਹੈ, ਜਿਸ ਨਾਲ਼ ਇੱਥੋਂ ਦੇ ਪਰਿਵਾਰਾਂ ਦੇ ਸਕੂਲ ਜਾਣ ਵਾਲੇ ਗਭਰੇਟ ਬੱਚਿਆਂ ਨੂੰ ਕੰਮ 'ਤੇ ਜਾਣ ਲਈ ਲਈ ਮਜ਼ਬੂਰ ਹੋਣਾ ਪਿਆ।
ਗੁਸਾਬਾ ਬਲਾਕ ਦੇ ਅਮਤਲੀ ਪਿੰਡ ਦੇ ਅੰਮ੍ਰਿਤਾ ਨਗਰ ਹਾਈ ਸਕੂਲ ਦੀ ਅਧਿਆਪਿਕਾ ਅਮਿਉ ਮੰਡਲ ਕਹਿੰਦੀ ਹੈ,''ਇੱਥੋਂ ਦੀ ਨਦੀ ਸਾਡੀਆਂ ਜਮੀਨਾਂ, ਘਰ ਅਤੇ ਆਸਰੇ ਖੋਹ ਲੈਂਦੀ ਹੈ ਅਤੇ ਤੂਫ਼ਾਨ ਵਿਦਿਆਰਥੀਆਂ ਨੂੰ। ਅਸੀਂ (ਅਧਿਆਪਕ) ਬੇਵੱਸ ਮਹਿਸੂਸ ਕਰਦੇ ਹਾਂ।''
ਇਹ ਖਾਲੀ ਜਮਾਤ ਦੇ ਕਮਰੇ, ਜੋ ਕਨੂੰਨਾਂ ਅਤੇ ਗਲੋਬਲ ਟੀਚਿਆ ਵਿੱਚ ਕੁਝ ਹੋਰ ਹੀ ਦਿਖਾਈ ਪੈਂਦੇ ਹਨ ਜ਼ਮੀਨੀ ਹਕੀਕਤ ਵਿੱਚ ਕੁਝ ਹੋਰ ਹੀ ਹਨ। 2015 ਵਿੱਚ, ਭਾਰਤ ਨੇ ਸਾਲ 2030 ਦੇ ਲਈ ਸੰਯੁਕਤ ਰਾਸ਼ਟਰ ਦੇ 17 ਟਿਕਾਊ ਵਿਕਾਸ ਟੀਚਿਆਂ ਨੂੰ ਅਪਣਾਇਆ ਸੀ; ਇਨ੍ਹਾਂ ਟੀਚਿਆਂ ਵਿੱਚੋਂ ਚੌਥਾ ''ਸਮਾਵੇਸ਼ੀ ਅਤੇ ਬਰਾਬਰ ਗੁਣਵੱਤਾ ਵਾਲੀ ਸਿੱਖਿਆ ਨੂੰ ਯਕੀਨੀ ਬਣਾਉਣਾ ਅਤੇ ਜੀਵਨ ਭਰ ਸਿੱਖਣ ਦੇ ਮੌਕੇ ਪ੍ਰਦਾਨ ਕਰਨਾ ਹੈ।'' ਦੇਸ਼ ਦਾ ਬੱਚਿਆਂ ਦਾ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਐਕਟ 2009 ਤਹਿਤ 6 ਤੋਂ 14 ਸਾਲ ਦੀ ਉਮਰ ਦੇ ਸਾਰੇ ਬੱਚੇ ਆ ਜਾਂਦੇ ਹਨ। ਰਾਸ਼ਟਰੀ ਪਾਠਕ੍ਰਮ ਦੀ ਰੂਪ ਰੇਖਾ,2005 ਸਮਾਵੇਸ਼ੀ ਜਮਾਤਾਂ ਦੇ ਮਹੱਤਵ 'ਤੇ ਜ਼ੋਰ ਦਿੰਦੀ ਹੈ, ਖ਼ਾਸ ਕਰਕੇ ਗ਼ਰੀਬ ਤਬਕਿਆਂ ਤੇ ਸਰੀਰਕ ਚੁਣੌਤੀਆਂ ਨਾਲ਼ ਜੂਝ ਰਹੇ ਵਿਦਿਆਰਥੀਆਂ ਲਈ। ਕੇਂਦਰ ਅਤੇ ਰਾਜ ਸਰਕਾਰਾਂ ਬੱਚਿਆਂ ਦੇ ਸਕੂਲ ਛੱਡਣ ਦੀ ਦਰ ਨੂੰ ਘਟਾਉਣ ਲਈ ਕਈ ਤਰ੍ਹਾਂ ਦੇ ਵਜ਼ੀਫੇ ਅਤੇ ਪ੍ਰੋਤਸਾਹਨ ਸਕੀਮਾਂ ਵੀ ਚਲਾ ਰਹੀਆਂ ਹਨ।
ਇਸ ਸਭ ਦੇ ਬਾਵਜੂਦ, ਸੁੰਦਰਬਨ ਡੈਲਟਾ ਖੇਤਰ ਦੇ ਸਕੂਲ ਆਪਣੇ ਵਿਦਿਆਰਥੀਆਂ ਨੂੰ ਗਵਾਉਂਦੇ ਹੀ ਜਾ ਰਹੇ ਹਨ ਇੱਥੇ ਇੱਕ ਅਧਿਆਪਕ ਹੋਣ ਦੇ ਨਾਤੇ ਕਮਰਿਆ ਵਿੱਚੋਂ ਅਲੋਪ ਹੋ ਰਹੇ ਵਿਦਿਆਰਥੀਆਂ ਦੇ ਚਿਹਰਿਆਂ ਦੀ ਭਾਲ਼ ਮੈਨੂੰ ਇੰਝ ਮਹਿਸੂਸ ਕਰਾਉਂਦੀ ਹੈ ਜਿਵੇਂ ਜ਼ਮੀਨ ਪਾੜ ਰਹੀ ਹੋਵੇ ਤੇ ਮੈਂ ਵਿਚਕਾਰ ਖੜ੍ਹਾ ਹੋਵਾਂ।

ਮੁਸਤਕੀਨ ਜਮਾਂਦਾਰ ਵੀ ਸਕੂਲ ਛੱਡਣ ਵਾਲ਼ਿਆਂ ਵਿੱਚ ਸ਼ਾਮਲ ਹੈ। ਉਸ ਦੇ ਪਿਤਾ ਕਹਿੰਦੇ ਹਨ, ' ਮੈਂ ਆਪਣੇ ਬੇਟੇ ਨੂੰ ਮੱਛੀਆਂ ਫੜ੍ਹਨ ਦੇ ਕੰਮ ਵਿੱਚ ਨਿਪੁੰਨ ਕਰ ਦਿੱਤਾ ਹੈ ਤਾਂ ਜੋ ਉਹ ਵੀ ਪਰਿਵਾਰ ਦੀ ਮਦਦ ਕਰ ਸਕੇ '
ਮੇਰੇ ਵਿਦਿਆਰਥੀ ਰਾਬੀਨ ਭੂਨੀਆਂ ਨੇ ਇਸ ਸਾਲ 20 ਮਈ ਨੂੰ ਚੱਕਰਵਾਤੀ ਤੂਫ਼ਾਨ ਅੰਫਾਨ ਦੇ ਪਾਥਰ ਪ੍ਰਤਿਮਾ ਬਲਾਕ ਵਿੱਚ ਉਸਦੇ ਪਿੰਡ ਬੁਡਾਬੁਦੀਰ ਟਾਟ ਨਾਲ਼ ਟਕਰਾਉਣ ਤੋਂ ਬਾਅਦ ਮੈਨੂੰ ਦੱਸਿਆ,''ਪੜ੍ਹਾਈ ਕਰਨ ਨਾਲ਼ ਕੀ ਹੋਵੇਗਾ? ਅਖ਼ੀਰ ਮੈਨੂੰ ਵੀ ਆਪਣੇ ਪਿਤਾ ਵਾਂਗ ਦਰਿਆ 'ਚੋਂ ਮੱਛੀਆਂ ਅਤੇ ਕੇਕੜੇ ਹੀ ਤਾਂ ਫੜ੍ਹਨੇ ਪੈਣਗੇ।'' 17 ਸਾਲਾ ਰਾਬੀਨ ਨੇ ਦੋ ਸਾਲ ਪਹਿਲਾਂ ਹੀ ਆਪਣੇ ਪਿਤਾ ਦੇ ਮੱਛੀ ਫੜ੍ਹਨ ਦੇ ਕਾਰੋਬਾਰ ਵਿੱਚ ਮਦਦ ਕਰਨ ਲਈ ਸਕੂਲ ਛੱਡ ਦਿੱਤਾ ਸੀ। ਚੱਕਰਵਾਤੀ ਤੂਫ਼ਾਨ ਅੰਫਾਨ ਨੇ ਉਸਦਾ ਘਰ ਤਬਾਹ ਕਰ ਦਿੱਤਾ ਸੀ ਅਤੇ ਖਾਰੇ ਪਾਣੀਆਂ ਦੇ ਥਪੇੜਿਆਂ ਕਾਰਨ ਉਸ ਦਾ ਪਿੰਡ ਡੁੱਬ ਗਿਆ ਸੀ। ਸਪਤਮੁਖੀ ਦੇ ਪਾਣੀਆਂ ਵੱਲ ਇਸ਼ਾਰਾ ਕਰਦਿਆਂ ਉਸ ਨੇ ਕਿਹਾ ਸੀ,''ਇਹ ਨਦੀ ਸਾਨੂੰ ਖ਼ਾਨਾਬਦੋਸ਼ (ਟੱਪਰੀਵਾਸ) ਬਣਾ ਦੇਵੇਗੀ।''
ਸਕੂਲ ਛੱਡਣ ਵਾਲਿਆਂ ਵਿੱਚ 17 ਸਾਲਾ ਮੁਸਕੀਨ ਜਮਾਦਾਰ ਵੀ ਸ਼ਾਮਲ ਹੈ, ਜੋ ਸ਼ਾਸਤੀ ਦੇ ਪਿੰਡ ਦਾ ਹੀ ਰਹਿਣ ਵਾਲ਼ਾ ਹੈ ਜਦੋਂ ਉਸ ਤੋਂ ਪੁੱਛਿਆ ਗਿਆ ਕਿ ਦੋ ਸਾਲ ਪਹਿਲਾਂ ਜਦੋਂ ਉਹ ਨੌਵੀਂ ਜਮਾਤ ਵਿੱਚ ਪੜ੍ਹਦਾ ਸੀ ਤਾਂ ਉਸਨੇ ਸਕੂਲ ਕਿਉਂ ਛੱਡ ਦਿੱਤਾ ਸੀ, ਜਵਾਬ ਵਿੱਚ ਉਸ ਨੇ ਕਿਹਾ,''ਮੈਨੂੰ ਪੜ੍ਹਾਈ ਵਿੱਚ ਮਜ਼ਾ ਨਹੀਂ ਆਉਂਦਾ।'' ਉਸ ਦੇ ਪਿਤਾ ਇਲਿਆਸ ਕਹਿੰਦੇ ਹਨ,''ਪੜ੍ਹ-ਲਿਖ ਕੇ ਮਿਲ਼ਣਾ ਹੀ ਕੀ ਹੈ? ਮੈਂ ਆਪਣੇ ਪੁੱਤਰ ਨੂੰ ਕਮਾਉਣ ਤੇ ਘਰ-ਪਰਿਵਾਰ ਦੀ ਮਦਦ ਕਰਨ ਵਾਸਤੇ ਪੂਰੀ ਤਰ੍ਹਾਂ ਮੱਛੀਆਂ ਫੜ੍ਹਨ ਦੇ ਕੰਮ ਵਿੱਚ ਲਗਾ ਲਿਆ ਹੈ। ਪੜ੍ਹ-ਲਿਖ ਕੇ ਕੁਝ ਵੀ ਹਾਸਿਲ ਹੋਣ ਵਾਲ਼ਾ ਨਹੀਂ ਹੈ। ਇਹਦੀ ਪੜ੍ਹਾਈ ਨਾਲ਼ ਮੈਨੂੰ ਕੋਈ ਫਾਇਦਾ ਨਹੀਂ ਹੋਇਆ।'' 49 ਸਾਲਾ ਇਲਿਆਸ ਨੇ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਛੇਵੀਂ ਜਮਾਤ ਤੋਂ ਬਾਅਦ ਹੀ ਪੜ੍ਹਾਈ ਛੱਡ ਦਿੱਤੀ ਸੀ ਅਤੇ ਉਸ ਤੋਂ ਬਾਅਦ ਰਾਜ ਮਿਸਤਰੀ ਦਾ ਕੰਮ ਕਰਨ ਲਈ ਕੇਰਲਾ ਚਲੇ ਗਏ ਸਨ।
ਸਕੂਲ ਛੱਡਣਾ ਖਾਸ ਕਰਕੇ ਕੁੜੀਆਂ ਨੂੰ ਪ੍ਰਭਾਵਿਤ ਕਰਦਾ ਹੈ -ਉਨ੍ਹਾਂ ਵਿੱਚੋਂ ਜ਼ਿਆਦਾਤਰ ਜਾਂ ਤਾਂ ਘਰ ਵਿੱਚ ਰਹਿੰਦੀਆਂ ਹਨ ਜਾਂ ਵਿਆਹੀਆਂ ਜਾਂਦੀਆਂ ਹਨ। ਕਾਕਦੀਪ ਬਲਾਕ ਦੇ ਸ਼ਿਬਕਾਲੀ ਨਗਰ ਪਿੰਡ ਦੇ ਆਈ.ਐੱਮ. ਹਾਈ ਸਕੂਲ ਦੇ ਹੈੱਡਮਾਸਟਰ ਦਿਲੀਪ ਬੈਰਾਗੀ ਨੇ 2019 ਵਿੱਚ ਮੈਨੂੰ ਦੱਸਿਆ,''ਜਦੋਂ ਮੈਂ ਰਾਖੀ ਹਾਜ਼ਰਾ (7ਵੀਂ ਜਮਾਤ ਦੀ ਵਿਦਿਆਰਥਣ ) ਨੂੰ ਪੁੱਛਿਆ ਕਿ ਉਹ 16 ਦਿਨਾਂ ਤੋਂ ਸਕੂਲ ਕਿਉਂ ਨਹੀਂ ਆਈ ਤਾਂ ਉਹ ਰੋਣ ਲੱਗ ਪਈ ਤੇ ਉਸ ਨੇ ਕਿਹਾ,''ਜਦੋਂ ਉਸਦੇ ਮਾਪੇ ਹੁਗਲੀ ਨਦੀ ਵਿੱਚ ਕੇਕੜੇ ਫੜਨ ਜਾਂਦੇ ਹਨ ਤਾਂ ਉਸ ਨੂੰ ਆਪਣੇ ਭਰਾ (ਜੋ ਤੀਜੀ ਜਮਾਤ ਵਿੱਚ ਹੈ) ਦੀ ਦੇਖਭਾਲ ਕਰਨੀ ਪੈਂਦੀ ਹੈ।''
ਤਾਲਾਬੰਦੀ ਕਾਰਨ ਸਕੂਲ ਛੱਡਣ ਦੇ ਅਜਿਹੇ ਮਾਮਲੇ ਵਧੇ ਹਨ। ਬੁਡਾਬੁਦੀਰ ਟਾਟ ਪਿੰਡ ਦੇ ਇੱਕ ਮਛੇਰੇ ਅਮਲ ਸ਼ੀਤ ਨੇ ਆਪਣੀ 16 ਸਾਲਾ ਧੀ ਕੁਮਕੁਮ, ਜੋ ਨੌਵੀਂ ਜਮਾਤ ਵਿੱਚ ਪੜ੍ਹਦੀ ਸੀ, ਨੂੰ ਸਕੂਲ ਛੱਡਣ ਲਈ ਕਿਹਾ ਜਦੋਂ ਪਰਿਵਾਰ ਨੇ ਆਪਣੇ ਆਰਥਿਕ ਸੰਕਟ ਨੂੰ ਦੂਰ ਕਰਨ ਲਈ ਉਸ ਦਾ ਵਿਆਹ ਕਰਵਾ ਦਿੱਤਾ। ਅਮਲ ਕਹਿੰਦੇ ਹਨ,''ਨਦੀ ਵਿੱਚ ਹੁਣ ਪਹਿਲਾਂ ਜਿੰਨੀਆਂ ਮੱਛੀਆਂ ਨਹੀਂ ਹਨ।'' ਉਹ ਆਪਣੇ 6 ਮੈਂਬਰੀ ਪਰਿਵਾਰ ਵਿੱਚ ਇਕੱਲਾ ਕਮਾਊ ਵਿਅਕਤੀ ਹੈ। ਉਸ ਅਨੁਸਾਰ,''ਇਸ ਲਈ ਮੈਂ ਤਾਲਾਬੰਦੀ ਦੌਰਾਨ ਉਸਦਾ ਵਿਆਹ ਕਰਵਾ ਦਿੱਤਾ ਜਦੋਂ ਉਹ ਅਜੇ ਪੜ੍ਹ ਰਹੀ ਸੀ।''
ਯੂਨੀਸੈਫ ਦੀ 2019 ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ 22.30 ਕਰੋੜ ਬਾਲ-ਲਾੜੀਆਂ (18 ਸਾਲ ਦੀ ਉਮਰ ਤੋਂ ਪਹਿਲਾਂ ਵਿਆਹੀਆ ਜਾਣ ਵਾਲੀਆਂ) ਵਿੱਚੋਂ 2.2 ਕਰੋੜ ਪੱਛਮੀ ਬੰਗਾਲ ਵਿੱਚ ਰਹਿੰਦੀਆਂ ਹਨ।

ਕੁਮਕੁਮ ( ਖੱਬੇ ਪਾਸੇ ) ਬੁਡਾਬੁਦੀਰ ਟਾਟ ਪਿੰਡ ਵਿਖੇ ਨੌਵੀਂ ਜਮਾਤ ਵਿੱਚ ਪੜ੍ਹਦੀ ਹੈ ਜਦੋਂ ਕਿ ਸੁਜਾਨ ਸ਼ੀਤ 6 ਵੀਂ ਜਮਾਤ ਵਿੱਚ ਹੈ। ਉਸ ਦੇ ਪਿਤਾ ਕਹਿੰਦੇ ਹਨ, ' ਨਦੀ ਵਿੱਚ ਹੁਣ ਪਹਿਲਾਂ ਜਿੰਨੀਆਂ ਮੱਛੀਆਂ ਨਹੀਂ ਮਿਲ਼ਦੀਆ। ਇਸ ਲਈ ਤਾਲਾਬੰਦੀ ਦੌਰਾਨ ਉਸਦਾ ( ਕੁਮਕੁਮ ਦਾ ) ਵਿਆਹ ਕਰਵਾ ਦਿੱਤਾ '
ਪਾਥਰ ਪ੍ਰਤਿਮਾ ਬਲਾਕ ਦੇ ਸ਼ਿਵਨਗਰ ਮੋਕਸ਼ਦਾ ਸੁੰਦਰੀ ਵਿਦਿਆ ਮੰਦਰ ਦੇ ਹੈੱਡ ਮਾਸਟਰ ਬਿਮਾਨ ਮੈਤੀ ਦਾ ਕਹਿਣਾ ਹੈ,''ਬੰਗਾਲ ਸਰਕਾਰ ਵੱਲੋਂ ਪ੍ਰੋਤਸਾਹਨ (ਪੜ੍ਹਾਈ ਜਾਰੀ ਰੱਖਣ ਲਈ) ਦੇ ਬਾਵਜੂਦ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਬਾਲ ਵਿਆਹ ਹੁੰਦੇ ਹਨ ਬਹੁਤੇ ਮਾਪੇ ਅਤੇ ਸਰਪ੍ਰਸਤ ਸੋਚਦੇ ਹਨ ਕਿ ਇੱਕ ਕੁੜੀ ਨੂੰ ਪੜ੍ਹਾਉਣ ਨਾਲ਼ ਪਰਿਵਾਰ ਨੂੰ ਕੋਈ ਲਾਭ ਨਹੀਂ ਹੁੰਦਾ ਅਤੇ ਘਰ ਵਿੱਚ ਰੋਟੀ ਖਾਣ ਵਾਲ਼ਾ ਇੱਕ ਵਿਅਕਤੀ ਵੀ ਘੱਟ ਜਾਂਦਾ ਤੇ ਪੈਸੇ ਬਚ ਜਾਂਦੇ ਹਨ।''
ਮੈਤੀ ਅੱਗੇ ਕਹਿੰਦੀ ਹੈਂ,''ਕੋਵਿਡ-19 ਤਾਲਾਬੰਦੀ ਲੱਗਣ ਕਾਰਨ, ਸਕੂਲ ਲੰਬੇ ਸਮੇਂ ਤੋਂ ਬੰਦ ਹਨ ਅਤੇ ਕੁਝ ਵੀ ਪੜ੍ਹਾਇਆ ਨਹੀਂ ਜਾ ਰਿਹਾ ਹੈ। ਵਿਦਿਆਰਥੀ ਪੜ੍ਹਾਈ ਤੋਂ ਦੂਰ ਹੁੰਦੇ ਜਾ ਰਹੇ ਹਨ ਇੰਨਾ ਨੁਕਸਾਨ ਹੋਣ ਤੋਂ ਬਾਅਦ, ਉਹ ਵਾਪਸ ਨਹੀਂ ਆਉਣਗੇ। ਉਹ ਗਾਇਬ ਹੋ ਜਾਣਗੇ, ਦੁਬਾਰਾ ਕਦੇ ਵੀ ਲੱਭੇ ਨਹੀਂ ਜਾ ਸਕਣਗੇ।''
ਅੱਧ ਜੂਨ ਵਿੱਚ ਜਦੋਂ ਸਾਸ਼ਤੀ ਭੁਨੀਆ ਬੰਗਲੁਰੂ ਤੋਂ ਮੁੜੀ ਤਾਂ ਉਸ ਦਾ ਵੀ ਵਿਆਹ ਕਰ ਦਿੱਤਾ ਗਿਆ। 21 ਸਾਲਾ ਤਾਪਸ ਨੈਯਾ ਨੇ ਵੀ ਸ਼ਾਸਤੀ ਦੇ ਹੀ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਅੱਠਵੀਂ ਜਮਾਤ ਵਿੱਚ 17 ਸਾਲ ਦੀ ਉਮਰੇ ਸਕੂਲ ਛੱਡ ਦਿੱਤਾ। ਉਹਦਾ ਪੜ੍ਹਾਈ ਵਿੱਚ ਮਨ ਨਾ ਲੱਗਦਾ ਤੇ ਉਹ ਆਪਣੇ ਪਰਿਵਾਰ ਦੀ ਮਦਦ ਕਰਨੀ ਚਾਹੁੰਦਾ ਸੀ, ਇਸ ਲਈ ਉਸ ਨੇ ਕੇਰਲਾ ਵਿੱਚ ਇੱਕ ਮਿਸਤਰੀ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਤਾਲਾਬੰਦੀ ਕਾਰਨ ਉਹ ਮਈ ਵਿੱਚ ਆਪਣੇ ਪਿੰਡ ਪਰਤਿਆ। ''ਉਹ ਹੁਣ ਸਿਬਕਾਲੀਨਗਰ ਵਿਖੇ ਚਿਕਨ ਦੀ ਇੱਕ ਦੁਕਾਨ 'ਤੇ ਕੰਮ ਕਰਦੇ ਹਨ।''
ਉਸ ਦੀ ਵੱਡੀ ਭੈਣ 21 ਸਾਲਾ ਜੰਜਲੀ ਭੁੰਨੀਆ ਜੋ ਨੇਤਰਹੀਣ ਅਤੇ ਸੁਣਨ ਤੋਂ ਅਸਮਰੱਥ ਹੈ, ਨੇ 18 ਸਾਲ ਦੀ ਉਮਰੇ ਪੜ੍ਹਾਈ ਛੱਡ ਦਿੱਤੀ ਸੀ, ਜਦੋਂ ਉਹ ਅੱਠਵੀਂ ਜਮਾਤ ਵਿੱਚ ਪੜ੍ਹਦੀ ਸੀ। ਇੱਕ ਸਾਲ ਬਾਅਦ ਉਸਦਾ ਵਿਆਹ ਉਤਪਲ ਮੰਡਲ ਨਾਲ਼ ਹੋਇਆ, ਜੋ ਹੁਣ 27 ਸਾਲਾਂ ਦਾ ਹੈ। ਜਦ ਉਹ 8ਵੀਂ ਜਮਾਤ ਵਿੱਚ ਸੀ ਤਾਂ ਉਸ ਨੇ ਕੁਲਪੀ ਬਲਾਕ ਵਿੱਚ ਆਪਣੇ ਪਿੰਡ ਨੂਤਨ ਤਿਆਗਚਾਰ ਵਿਖੇ ਆਪਣੀ ਪੜ੍ਹਾਈ ਛੱਡ ਦਿੱਤਾ ਸੀ। ਮੰਡਲ ਬਚਪਨ ਵਿੱਚ ਪੋਲੀਓ ਦਾ ਸ਼ਿਕਾਰ ਹੋ ਗਿਆ ਸੀ ਅਤੇ ਉਦੋਂ ਤੋਂ ਹੀ ਉਸ ਨੂੰ ਤੁਰਨ ਫਿਰਨ ਵਿੱਚ ਦਿੱਕਤ ਆਉਂਦੀ ਸੀ। ਉਹ ਕਹਿੰਦਾ ਹੈ,''ਮੈਂ ਹੱਥਾਂ ਪੈਰਾਂ ਦੇ ਦਮ 'ਤੇ ਸਕੂਲ ਨਹੀਂ ਜਾ ਸਕਦਾ ਸੀ ਅਤੇ ਸਾਡੇ ਕੋਲ਼ ਵੀਲ੍ਹ ਚੇਅਰ ਲੈਣ ਲਈ ਪੈਸੇ ਨਹੀਂ ਸਨ। ਮੈਂ ਪੜ੍ਹਾਈ ਨਹੀਂ ਕਰ ਸਕਿਆ, ਜਦੋਂ ਕਿ ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ।''
ਸ਼ਾਸਤੀ ਤੇ ਜੰਜਲੀ ਨੂੰ ਪਾਲ਼ਣ ਵਾਲ਼ੀ ਉਹਨਾਂ ਦੀ 88 ਸਾਲਾ ਦਾਦੀ ਮਹਾਰਾਣੀ ਕਹਿੰਦੀ ਹੈ,''ਮੇਰੀਆਂ ਦੋਵੇਂ ਪੋਤੀਆਂ ਪੜ੍ਹ ਨਹੀਂ ਸਕੀਆਂ।'' ਹੁਣ ਜਦੋਂ ਕੋਵਿਡ- 19 ਤਾਲਾਬੰਦੀ ਕਾਰਨ ਸਕੂਲ ਬੰਦ ਹਨ ਤਾਂ ਉਹ ਕਹਿੰਦੀ ਹੈ,''ਮੈਨੂੰ ਨਹੀਂ ਪਤਾ ਕਿ ਮੇਰਾ ਪੋਤਾ (ਸੁਬ੍ਰਤ ) ਪੜ੍ਹ ਵੀ ਸਕੇਗਾ ਜਾਂ ਨਹੀਂ।''

14 ਸਾਲਾ ਸਵਾਂਤਰ ਪਹਾਰ ਕਾਕਦੀਪ ਬਲਾਕ ਦੇ ਸੀਤਾਰਾਮਪੁਰ ਪਿੰਡ ਦੇ ਬਜ਼ਾਰਬੇਡੀਆ ਠਾਕੁਰਚਕ ਸਿੱਖਿਆ ਸਦਨ ਹਾਈ ਸਕੂਲ ਦੀ ਜਮਾਤ 8 ਵੀਂ ਵਿੱਚ ਹੈ। ਯੂਨੀਸੈਫ਼ ਦੀ 2019 ਦੀ ਇੱਕ ਰਿਪੋਰਟ ਅਨੁਸਾਰ ਭਾਰਤ ਵਿੱਚ 22 . 3 ਕਰੋੜ ਬਾਲ ਲਾੜੀਆਂ ਹਨ ( ਜਿਨ੍ਹਾਂ ਦਾ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਹੋਇਆ ) ਉਸ ਵਿੱਚੋਂ 2.2 ਕਰੋੜ ਪੱਛਮੀ ਬੰਗਾਲ ਵਿੱਚ ਰਹਿੰਦੀਆਂ ਹਨ

ਬਾਪੀ ਮੰਡਲ ( 11 ਸਾਲ ) ਨਾਮਖਾਨਾ ਬਲਾਕ ਦੇ ਬਲਿਆਰਾ ਹਾਈ ਸਕੂਲ ਪੰਜਵੀ ਜਮਾਤ ਦਾ ਵਿਦਿਆਰਥੀ ਹੈ । 20 ਮਈ ਨੂੰ ਅੰਫਨ ਚੱਕਰਵਾਤ ਆਉਣ ਤੋਂ ਬਾਅਦ ਉਹ ਅਤੇ ਉਸਦਾ ਪਰਿਵਾਰ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਰਾਹਤ ਸ਼ਿਵਰ ਵਿੱਚ ਰਿਹਾ , ਮਿੱਟੀ ਬਾਂਸ ਦੇ ਖੰਭਿਆਂ ਅਤੇ ਤਿਰਪਾਲਾਂ ਦੇ ਸਹਾਰੇ ਉਨ੍ਹਾਂ ਨੇ ਆਪਣਾ ਘਰ ਦੁਬਾਰਾ ਖੜ੍ਹਾ ਕੀਤਾ। ਤੂਫ਼ਾਨ ਅਤੇ ਚੱਕਰਵਾਤ ਦੀਆਂ ਵੱਧਦੀਆਂ ਘਟਨਾਵਾਂ ਨੇ ਮਿੱਟੀ ਅਤੇ ਤਲਾਬਾਂ ਦੇ ਖਾਰੇਪਣ ਨੂੰ ਵਧਾਇਆ ਹੈ । ਜਿਸ ਕਰਕੇ ਪਰਿਵਾਰ ਸਕੂਲ ਜਾਣ ਵਾਲ਼ੇ ਬੱਚਿਆਂ ਨੂੰ ਕੰਮ ' ਤੇ ਭੇਜਣ ਲਈ ਜ਼ਿਆਦਾ ਮਜ਼ਬੂਰ ਹੋ ਗਏ ਹਨ


9 ਸਾਲਾ ਸੁਜਾਤਾ ਜਾਨਾ ( ਖੱਬੇ ਪਾਸੇ ) ਤੀਜੀ ਜਮਾਤ ਦੀ ਵਿਦਿਆਰਥਣ ਹੈ ਅਤੇ 8 ਸਾਲਾ ਰਾਜੂ ਮੈਤੀ ( ਸੱਜੇ ਪਾਸੇ ) ਜਮਾਤ ਦੂਜੀ ਵਿੱਚ ਪੜ੍ਹਦਾ ਹੈ ; ਦੋਵੇਂ ਪਾਥਰਪ੍ਰਤਿਮਾ ਬਲਾਕ ਬੁਡਾਬੁਡੀਰ ਟਾਟ ਪਿੰਡ ਵਿੱਚ ਰਹਿੰਦੇ ਹਨ। ਉਹਨਾਂ ਦੇ ਪਿਤਾ ਮਛਵਾਰੇ ਹਨ , ਪਰੰਤੂ ਸਾਲ ਦਰ ਸਾਲ ਮੱਛੀਆਂ ਦਾ ਮਿਲਣਾ ਘੱਟ ਹੁੰਦਾ ਜਾ ਰਿਹਾ ਹੈ ਅਤੇ ਕੰਮ ਦੀ ਭਾਲ ਵਿੱਚ ਵੱਡੇ ਬੱਚਿਆਂ ਦੇ ਸਕੂਲ ਛੱਡਣ ਨਾਲ਼ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ


ਖੱਬੇ ਪਾਸੇ : ਪਾਥਰਪ੍ਰਤਿਮਾ ਬਲਾਕ ਦੇ ਸ਼ਿਬਨਗਰ ਮੋਕਸ਼ਦਾ ਸੁੰਦਰੀ ਵਿੱਦਿਆ ਮੰਦਰ ਦੀ ਵਿਦਿਆਰਥਣ ਆਪਣੇ ਮਿਡ-ਡੇ- ਮੀਲ ਦੇ ਨਾਲ਼ । ਸੱਜੇ ਪਾਸੇ : ਘੋੜਾਮਾਰਾ ਮਿਲਨ ਵਿਦਿਆ ਪੀਠ ਹਾਈ ਸਕੂਲ , ਘੋੜਾਮਾਰਾ ਦੀਪ। ਪੱਛਮੀ ਬੰਗਾਲ ਸਹਿਤ ਪੂਰੇ ਭਾਰਤ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਕੇਵਲ 8 ਵੀਂ ਤੱਕ ਹੀ ਮਿਡ - ਡੇ - ਮੀਲ ਦਿੱਤਾ ਜਾਂਦਾ ਹੈ ; ਬਹੁਤ ਸਾਰੇ ਬੱਚੇ ਇਸ ਦੇ ਬਾਵਜੂਦ ਸਕੂਲ ਜਾਣਾ ਛੱਡ ਦਿੰਦੇ ਹਨ


ਖੱਬੇ ਪਾਸੇ : ਅੱਠਵੀਂ ਜਮਾਤ ਦੀ ਵਿਦਿਆਰਥਣ ਦੇਬਿਕਾ ਬੇਡਾ , ਪਾਥਰਪ੍ਰਤਿਮਾ ਬਲਾਕ ਦੇ ਪਿੰਡ ਛੋਟੋ ਬਨਸ਼ਿਆਮ ਨਗਰ ਵਿੱਚ ਅੰਫਾਨ ਚੱਕਰਵਾਤ ਤਬਾਹੀ ਤੋਂ ਬਾਅਦ ਟੁੱਟੇ - ਫੁੱਟੇ ਘਰ ਵਿੱਚ ਖੜ੍ਹੀ । ਕਬਾੜ ਬਣ ਚੁੱਕਾ ਟੈਲੀਵਿਜ਼ਨ ਉਹਦੇ ਘਰ ਦਾ ਇੱਕਮਾਤਰ ਬਿਜਲੀ ਨਾਲ਼ ਚੱਲਣ ਵਾਲ਼ਾ ਉਪਕਰਣ ਸੀ ; ਤਾਲਾਬੰਦੀ ਦੇ ਦੌਰਾਨ ਉਸ ਦੇ ਅਤੇ ਉਸ ਦੀ 5 ਸਾਲਾ ਭੈਣ ਪੁਰੋਬੀ ਦੇ ਕੋਲ਼ ‘ ਈ-ਲਰਨਿੰਗ ' ਦੇ ਲਈ ਕੋਈ ਵੀ ਸਾਧਨ ਨਹੀਂ ਸੀ । ਸੱਜੇ ਪਾਸੇ : 14 ਸਾਲਾ ਸੰਪੂਰਨਾ ਹਾਜ਼ਰਾ , ਗੁਸਾਬਾ ਬਲਾਕ ਦੇ ਅਮਤਲੀ ਪਿੰਡ ਵਿੱਚ ਅੰਮ੍ਰਿਤਾ ਨਗਰ ਹਾਈ ਸਕੂਲ ਵਿੱਚ 8 ਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਉਸਦਾ ਭਰਾ ਜੋ ਤੀਜੀ ਜਮਾਤ ਵਿੱਚ ਪੜ੍ਹਦਾ ਹੈ

ਬੁਡਾਬੁਡੀਰ ਟਾਟ ਜੂਨੀਅਰ ਹਾਈ ਸਕੂਲ ਦੀ ਅੱਠਵੀ ਜਮਾਤ ਦਾ ਵਿਦਿਆਰਥੀ ਕ੍ਰਿਸ਼ਣੇਂਦੂ ਬੇਡਾ , ਅੰਫ਼ਨ ਚੱਕਰਵਾਦ ਤੋਂ ਬਾਅਦ ਤਬਾਹ ਹੋਏ ਘਰ ਦੇ ਸਾਹਮਣੇ ਖੜ੍ਹਾ ਹੈ । ਓਸਨੇ ਆਪਣੀਆ ਸਾਰੀਆਂ ਕਿਤਾਬਾਂ , ਕਲਮਾਂ , ਕਾਪੀਆਂ ਅਤੇ ਹੋਰ ਸਮਾਨ ਗੁਆ ਲਿਆ ਹੈ। ਜਦੋਂ ਇਹ ਤਸਵੀਰ ਖਿੱਚੀ ਗਈ ਸੀ , ਉਹ ਪਰਾਲ਼ੀ ਅਤੇ ਘਾਹ ਫੂਸ ਦੀ ਛੱਤ ਵਾਲ਼ਾ ਕੱਚਾ ਘਰ ਬਣਾਉਣ ਵਿੱਚ ਆਪਣੇ ਪਿਤਾ ਸਵਪਨ ਬੇਡਾ ਦੀ ਮਦਦ ਕਰ ਰਿਹਾ ਸੀ। ਪੜ੍ਹਾਈ ਤਾਂ ਪਿੱਛੇ ਹੀ ਛੁੱਟ ਗਈ ਹੈ

11 ਸਾਲਾ ਰੂਮੀ ਮੰਡਲ ਦੇ ਗੁਸਾਬਾ ਬਲਾਕ ਦੇ ਅੰਮ੍ਰਿਤਾ ਨਗਰ ਹਾਈ ਸਕੂਲ ਦੀ 6 ਵੀਂ ਜਮਾਤ ਦੀ ਵਿਦਿਆਰਥਣ ਹੈ। ਇਹ ਤਸਵੀਰ ਅੰਫਾਨ ਚੱਕਰਵਾਤ ਦੇ ਆਉਣ ਤੋਂ ਤੁਰੰਤ ਬਾਅਦ ਲਈ ਗਈ ਸੀ , ਜਦੋਂ ਉਹ ਐੱਨ . ਜੀ . ਓ ਅਤੇ ਹੋਰ ਸੰਗਠਨਾਂ ਤੋਂ ਰਾਹਤ ਸਮੱਗਰੀ ਲੈਣ ਵਿੱਚ ਆਪਣੀ ਮਾਂ ਦੀ ਮਦਦ ਕਰ ਰਹੀ ਸੀ । ਇੱਕ ਅਧਿਆਪਕ ਦਾ ਕਹਿਣਾ ਹੈ, ' ਇੱਥੋਂ ਦੀ ਨਦੀ ਸਾਡੀ ਜ਼ਮੀਨ, ਘਰ ਅਤੇ ਆਸਰਾ ਖੋਹ ਲੈਂਦੀ ਹੈ ਅਤੇ ਤੂਫ਼ਾਨ ਸਾਡੇ ਵਿਦਿਆਰਥੀਆਂ ਨੂੰ ਖੋਹ ਲੈਂਦਾ ਹੈ '

ਗੋਸਾਬਾ ਬਲਾਕ ਦੀ ਰੇਬਤੀ ਮੰਡਲ ਅੰਫਾਨ ਚੱਕਰਵਾਤ ਆਉਣ ਤੋਂ ਬਾਅਦ ਆਪਣੇ ਘਰ ਦੇ ਸਾਹਮਣੇ ਖੜ੍ਹੀ ਹੈ। ਆਪਣਾ ਘਰ ਅਤੇ ਸਾਰਾ ਸਮਾਨ ਗੁਆਉਣ ਤੋਂ ਬਾਅਦ ਉਨ੍ਹਾਂ ਦੇ ਬੱਚਿਆਂ- ਪ੍ਰਣਯ ਮੰਡਲ ( ਉਮਰ 16 ਸਾਲ ਜਮਾਤ ਦਸਵੀਂ ) ਅਤੇ ਪੂਜਾ ਮੰਡਲ ( ਉਮਰ 11 ਸਾਲ ਜਮਾਤ ਛੇਵੀਂ ) ਦੇ ਲਈ ਆਪਣੀ ਪੜ੍ਹਾਈ ਨੂੰ ਦੁਬਾਰਾ ਸ਼ੁਰੂ ਕਰਨਾ ਮੁਸ਼ਕਲ ਹੋ ਜਾਵੇਗਾ


ਖੱਬੇ ਪਾਸੇ : ਘੋੜਾਮਾੜਾ ਦੀਪ ਦੀ ਦੀਪਤੀ ਅੰਜੂਮਨ ਬੀਬੀ ਆਪਣੇ ਨੌਂ ਮਹੀਨੇ ਦੇ ਪੁੱਤਰ ਅਯਨੂਰ ਮੁੱਲਾਂ ਨੂੰ ਪੰਗੂੜਾ ਝੁਲਾ ਰਹੀ ਹੈ। ਉਹਨਾਂ ਦੇ ਵੱਡੇ ਪੁੱਤਰ ਮੁਜ਼ਫਰ ਰਹਿਮਾਨ ਨੇ ਆਪਣੇ ਪਰਿਵਾਰ ਦੀ ਮਦਦ ਕਰਨ ਲਈ ਅੱਠਵੀਂ ਜਮਾਤ ਵਿੱਚ ਹੀ ਸਕੂਲ ਛੱਡ ਦਿੱਤਾ ਸੀ। ਸੱਜੇ ਪਾਸੇ : 18 ਸਾਲ ਦੀ ਅਸਮੀਨਾ ਖ਼ਾਤੂੰਨ ਨੇ ਨਾਮਖਾਨਾ ਬਲਾਕ ਦੇ ਮੌਸੂਨੀ ਦੀਪ ਦੇ ਬਲਿਆਰਾ ਪਿੰਡ ਵਿੱਚ ਬਾਰ੍ਹਵੀਂ ਤੱਕ ਦੀ ਪੜ੍ਹਾਈ ਕੀਤੀ। ਉਹਨਾਂ ਦਾ ਭਰਾ 20 ਸਾਲਾ ਯਾਸ਼ਮੀਨ ਸ਼ਾਹ ਨੇ ਨੌਵੀਂ ਜਮਾਤ ਵਿੱਚ ਹੀ ਸਕੂਲ ਛੱਡ ਦਿੱਤਾ ਸੀ ਅਤੇ ਰਾਜ ਮਿਸਤਰੀ ਦਾ ਕੰਮ ਕਰਨ ਲਈ ਕੇਰਲਾ ਚਲਾ ਗਿਆ ਸੀ

ਸ਼ਾਸਤੀ ਅਤੇ ਜੰਜਲੀ ਦੀ 88 ਸਾਲਾਂ ਦਾਦੀ ਮਹਾਰਾਣੀ ਕਹਿੰਦੀ ਹੈ , ' ਮੇਰੀਆਂ ਦੋਵੇਂ ਪੋਤਰੀਆਂ ਪੜ੍ਹ ਨਹੀਂ ਸਕੀਆਂ । ' ਕੌਵਿਡ 19 ਤਾਲਾਬੰਦੀ ਲੱਗਣ ਕਾਰਨ ਬੰਦ ਹੋਏ ਸਕੂਲ ਬਾਰੇ ਉਨ੍ਹਾਂ ਦਾ ਕਹਿਣਾ ਹੈ, ' ਮੈਨੂੰ ਨਹੀਂ ਪਤਾ ਮੇਰਾ ਪੋਤਰਾ ( ਸੁਬਤ੍ਰ ) ਪੜ੍ਹ ਪਵੇਗਾ ਜਾਂ ਨਹੀ

ਦੱਖਣੀ 24 ਪਰਗਣਾ ਦੇ ਪਾਥਰਪ੍ਰਤਿਮਾ ਬਲਾਕ ਦੇ ਸ਼ਿਬਰਨਗਰ ਪਿੰਡ ਦੀਆਂ ਔਰਤਾਂ ; ਇਹਨਾਂ ਵਿੱਚੋਂ ਜਿਆਦਾਤਰ ਔਰਤਾ ਆਪਣੇ ਪਤੀਆਂ ਦੇ ਨਾਲ਼ ਮੱਛੀਆਂ ਅਤੇ ਕੇਕੜੇ ਫੜਨ ਦੇ ਘਰੇਲੂ ਕੰਮਾਂ ਵਿੱਚ ਲੱਗੀਆਂ ਹੋਈਆਂ ਹਨ। ਇਹੋ ਜਿਹੇ ਪਰਿਵਾਰਾਂ ਦੇ ਮੁੰਡੇ ਘਰਾਂ ਨੂੰ ਛੱਡ ਕੇ ਰਾਜ ਮਿਸਤਰੀ ਜਾਂ ਨਿਰਮਾਣ ਮਜ਼ਦੂਰ ਦਾ ਕੰਮ ਕਰਨ ਲਈ ਕੇਰਲਾ ਅਤੇ ਤਾਮਿਲਨਾਡੂ ਚਲੇ ਗਏ ਹਨ

ਵਿਦਿਆਰਥੀ ਨਯਾਚਾਰ ਦੀਪ ' ਤੇ ਆਪਣੀ ਆਰਜ਼ੀ ਝੌਂਪੜੀ ਵੱਲ ਵਾਪਸ ਮੁੜਦੇ ਹੋਏ , ਜਦੋਂ ਉੱਥੇ ਉਹਨਾਂ ਦੇ ਮਾਤਾ - ਪਿਤਾ ਰੋਜ਼ੀ ਰੋਟੀ ਲਈ ਮੱਛੀਆਂ ਅਤੇ ਕੇਕੜੇ ਫੜ੍ਹਦੇ ਹਨ


ਖੱਬੇ ਪਾਸੇ : ਅਮਤਲੀ ਪਿੰਡ ਦੀ ਵਿੱਦਿਆ ਨਦੀ ਵਿੱਚ ਮੱਛੀਆਂ ਫ਼ੜ੍ਹ ਕੇ ਜੀਵਨ ਨਿਰਵਾਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ । ਸੱਜੇ ਪਾਸੇ : ਧਨੰਜੈ ਭੁੰਨੀਆ ਨਵਾਂਚਾਰ ਦੀਪ ਦੇ ਸੀਤਾਰਾਮਪੁਰ ਵਿੱਚ ਸਥਿਤ ਆਪਣੇ ਘਰ ਵੱਲ ਮੁੜ ਰਹੇ ਹਨ

ਤਾਲਾਬੰਦੀ ਸ਼ੁਰੂ ਹੋਣ ਤੋਂ ਪਹਿਲਾਂ ਸੀਤਾਰਾਮਪੁਰ ਹਾਈ ਸਕੂਲ ਤੋਂ ਘਰ ਪਰਤਦੇ ਵਿਦਿਆਰਥੀ। ਤਾਲਾਬੰਦੀ ਨੇ ਪਹਿਲਾਂ ਹੀ ਮੁਸ਼ਕਿਲਾਂ ਨਾਲ਼ ਘਿਰੀ ਹੋਈ ਸਿੱਖਿਆ ਨੂੰ ਹੋਰ ਵੀ ਨੁਕਸਾਨ ਪਹੁੰਚਾਇਆ ਹੈ
ਉਤਾਂਹ ਕਵਰ ਫੋਟੋ : 14 ਸਾਲਾ ਰਾਬਿਨ ਰਾਏ ਨੇ 2018 ਵਿੱਚ ਸਕੂਲ ਜਾਣਾ ਬੰਦ ਕਰ ਦਿੱਤਾ ਸੀ ਅਤੇ ਕਲਕੱਤਾ ਦੇ ਭੋਜਨਘਰ ਵਿੱਚ ਵੇਟਰ ਦਾ ਕੰਮ ਕਰਨ ਲੱਗਾ । ਤਾਲਾਬੰਦੀ ਦੇ ਕਾਰਨ ਉਹ ਆਪਣੇ ਪਿੰਡ ਨੂਤਨ ਤਿਆਗਾਚਾਰ ਵਾਪਸ ਮੁੜ ਆਇਆ। ਉਹਦੀ ਭੈਣ , 12 ਸਾਲ ਪ੍ਰਿਯਾ, ਕੁਲਪੀ ਬਲਾਕ ਦੇ ਹਰਿਨਖੋਲਾ ਧਰੁਵਾ ਆਦਿਸਵਰ ਹਾਈ ਸਕੂਲ ਵਿਖੇ 6 ਵੀਂ ਜਮਾਤ ਦੀ ਵਿਦਿਆਰਥਣ ਹੈ।
ਤਰਜਮਾ: ਨਿਰਮਲਜੀਤ ਕੌਰ