ਜਨਵਰੀ ਦੀ ਸਰਦ ਸ਼ਾਮ, 9 ਵਜੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਤੇ 400 ਦੇ ਕਰੀਬ ਦਰਸ਼ਕ ਪ੍ਰੋਗਰਾਮ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ। ਪ੍ਰੋਗਰਾਮ ਇੱਕ ਘੰਟਾ ਪਹਿਲਾਂ ਸ਼ੁਰੂ ਹੋਣਾ ਸੀ।
ਇੱਕਦਮ, ਸਾਹਮਣੇ ਬਣਾਈ ਅਸਥਾਈ ਸਟੇਜ ’ਤੇ ਹਲਚਲ ਸ਼ੁਰੂ ਹੋ ਗਈ। ਬਾਂਸ ਨੂੰ ਜੋੜ ਕੇ ਬਣਾਈ ਥਾਂ ’ਤੇ ਬੰਨ੍ਹਿਆ ਲਾਊਡਸਪੀਕਰ ਕੰਬਿਆ ਤੇ ਇੱਕ ਆਵਾਜ਼ ਆਈ: "ਅਸੀਂ ਜਲਦ ਹੀ ਮਾਂ ਬਨਬੀਬੀ (ਵਣਬੀਬੀ) ਨੂੰ ਸਮਰਪਿਤ ਕਾਵਿ ਨਾਟਕ ਪੇਸ਼ ਕਰਾਂਗੇ …ਜੋ ਹਰ ਬੁਰਾਈ ਤੋਂ ਬਚਾਉਂਦੀ ਹੈ!"
ਗੋਸਾਬਾ ਬਲਾਕ ਦੇ ਜਵਾਹਰ ਕਲੋਨੀ ਪਿੰਡ ’ਚ ਘੁੰਮ ਰਹੇ ਲੋਕ ਬੈਠਣਾ ਸ਼ੁਰੂ ਕਰ ਦਿੰਦੇ ਹਨ, ਜੋ ਮਾਂ ਬਨਬੀਬੀ (ਵਣਬੀਬੀ) ਦੇ ਹੱਥੋਂ ਅਠਾਰੋ ਭਾਤਿਰ ਦੇਸ਼ (18 ਧਾਰਾਵਾਂ ਦੀ ਧਰਤੀ) ’ਚ ਬੁਰਾਈ (ਦੁਸ਼ਟ ਭੂਤਾਂ, ਸੱਪਾਂ, ਮਗਰਮੱਛਾਂ, ਬਾਘ, ਸ਼ਹਿਦ ਵਾਲੀਆਂ ਮੱਖੀਆਂ) ਦੀ ਹਾਰ ਦੇਖਣ ਲਈ ਉਤਸੁਕ ਹਨ। ਇਹ ਸੁੰਦਰਬਨ ਹੈ, ਖਾਰੇ ਤੇ ਤਾਜ਼ੇ ਪਾਣੀ ਵਾਲੇ ਜਲ ਸਰੋਤਾਂ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਮੈਂਗਰੋਵ (ਜਵਾਰੀ ਰੁੱਖ) ਦਾ ਜੰਗਲ, ਜਿੱਥੇ ਜਾਨਵਰ, ਦਰੱਖਤ, ਪੰਛੀ, ਸੱਪ, ਥਣਧਾਰੀ ਜੀਵ-ਜੰਤੂ ਭਰੇ ਪਏ ਹਨ। ਇੱਥੇ, ਬਨਬੀਬੀ (ਵਣਬੀਬੀ) ਦੀਆਂ ਕਹਾਣੀਆਂ ਪੀੜ੍ਹੀ-ਦਰ-ਪੀੜ੍ਹੀ ਅੱਗੇ ਤੁਰਦੀਆਂ ਰਹਿੰਦੀਆਂ ਹਨ ਅਤੇ ਇਲਾਕੇ ਦੀ ਮੌਖਿਕ ਪਰੰਪਰਾ ਦਾ ਹਿੱਸਾ ਹਨ।
ਗਰੀਨ ਰੂਮ (ਸ਼ਿੰਗਾਰ ਵਾਲਾ ਕਮਰਾ), ਜਿਸ ਨੂੰ ਗਲੀ ਦੇ ਕੋਨੇ ’ਚ ਪਰਦਾ ਲਾ ਕੇ ਬਣਾਇਆ ਗਿਆ ਹੈ, ਉੱਥੋਂ ਦਰਸ਼ਕਾਂ ਦੀ ਭੀੜ ਲੰਘ ਰਹੀ ਹੈ ਤੇ ਕਲਾਕਾਰ ਸੰਗੀਤਕ ਨਾਟਕ, ਬਨਬੀਬੀ (ਵਣਬੀਬੀ) ਦੇ ਪਾਲਾ ਗਾਣ ਦੀ ਤਿਆਰੀ ਕਰ ਰਹੇ ਹਨ। ਵਾਰੀ ਦੇ ਇੰਤਜ਼ਾਰ ’ਚ, ਵੱਡੇ ਸ਼ਹਿਦ ਦੇ ਛੱਤੇ ਅਤੇ ਬਾਘ ਦੇ ਟੈਰਾਕੋਟਾ ਦੇ ਮੁਖੌਟੇ ਜਿਹਨਾਂ ਦਾ ਅੱਜ ਰਾਤ ਦੇ ਪ੍ਰਦਰਸ਼ਨ ’ਚ ਇਸਤੇਮਾਲ ਕੀਤਾ ਜਾਣਾ ਹੈ, ਤਰਪਾਲ ਦੀਆਂ ਦੀਵਾਰਾਂ ਦੇ ਨਾਲ ਰੱਖੇ ਹੋਏ ਹਨ। ਇਹਨਾਂ ਪ੍ਰਦਰਸ਼ਨਾਂ ਦੇ ਵਿਸ਼ੇ ਅਕਸਰ ਸੁੰਦਰਬਨ ’ਚ ਲੋਕਾਂ ਦੀ ਜ਼ਿੰਦਗੀ ਨਾਲ ਨੇੜਿਉਂ ਜੁੜੇ ਹੁੰਦੇ ਹਨ - ਜੋ 2020 ’ਚ 96 ਬਾਘਾਂ ਦਾ ਘਰ ਹੁੰਦਾ ਸੀ।
ਬੰਗਾਲੀ ਮਹੀਨੇ ਮਾਘ (ਜਨਵਰੀ-ਫਰਵਰੀ) ਦੇ ਪਹਿਲੇ ਦਿਨ, ਸੁੰਦਰਬਨ ਦੇ ਮੈਂਗਰੋਵ ’ ਤੇ ਨਿਰਭਰ ਪਰਿਵਾਰ ਬਾਘ, ਸ਼ਹਿਦ ਦੀਆਂ ਮੱਖੀਆਂ ਤੇ ਬੁਰੇ ਸ਼ਗਨ ਤੋਂ ਬਚਣ ਲਈ ਮਾਂ ਬਨਬੀਬੀ (ਵਣਬੀਬੀ) ਅੱਗੇ ਅਰਦਾਸ ਕਰਦੇ ਹਨ
ਸ਼ਿੰਗਾਰ ਵਾਲੇ ਕਮਰੇ ’ ਚ ਕਾਫੀ ਹਲਚਲ ਹੈ। ਪੁਸ਼ਾਕ ਪਾਉਣ ਵਿੱਚ ਇੱਕ ਦਰਸ਼ਕ ਇੱਕ ਅਦਾਕਾਰ ਦੀ ਮਦਦ ਕਰ ਰਿਹਾ ਹੈ
ਅਦਾਕਾਰ - ਜੋ ਕਿਸਾਨ, ਮਛਵਾਰੇ ਅਤੇ ਸ਼ਹਿਦ ਇਕੱਠਾ ਕਰਨ ਵਾਲੇ ਵੀ ਹਨ - ਆਪਣੀ ਪੁਸ਼ਾਕ ਤੇ ਸ਼ਿੰਗਾਰ ਨੂੰ ਅੰਤਿਮ ਛੋਹਾਂ ਦੇ ਰਹੇ ਹਨ। ਹਰ ਕਿਸੇ ਵਿੱਚ ਭਾਈਚਾਰੇ ਦੀ ਭਾਵਨਾ ਵੀ ਜ਼ਾਹਰ ਹੁੰਦੀ ਹੈ ਜਦ ਦਰਸ਼ਕ ਸਟੇਜ ਪਿੱਛੇ ਜਾ ਕੇ ਅਦਾਕਾਰਾਂ ਨੂੰ ਉਹਨਾਂ ਦੀਆਂ ਲਾਈਨਾਂ ਦਾ ਅਭਿਆਸ ਕਰਨ ਜਾਂ ਗਰੀਨ ਰੂਮ ’ਚ ਉਹਨਾਂ ਦੀ ਪੁਸ਼ਾਕ ਜਲਦ ਠੀਕ ਕਰਨ ’ਚ ਮਦਦ ਕਰਦੇ ਹਨ।
ਇੱਕ ਤਕਨੀਕੀ ਕਾਰੀਗਰ ਸਪੌਟਲਾਈਟ ’ਤੇ ਰੰਗਦਾਰ ਫਿਲਟਰ ਲਾ ਰਿਹਾ ਹੈ ਅਤੇ ਕੁਝ ਹੀ ਮਿੰਟਾਂ ’ਚ ਅੱਜ ਦੇ ਪ੍ਰਦਰਸ਼ਨ ਵਾਲੀ ਨਾਟਕੀ ਟੋਲੀ - ਰਾਧਾ ਕ੍ਰਿਸ਼ਨ ਗੀਤੀ ਨਾਟ ਅਤੇ ਬਨਬੀਬੀ (ਵਣਬੀਬੀ) ਜਾਤਰਾਪਾਲਾ - ਆਪਣਾ ਪ੍ਰਦਰਸ਼ਨ ਸ਼ੁਰੂ ਕਰੇਗੀ। ਬਨਬੀਬੀ (ਵਣਬੀਬੀ) ਪਾਲਾ ਗਾਣ ਜੋ ਦੁਖੇ ਯਾਤਰਾ ਦੇ ਨਾਂ ਨਾਲ ਮਸ਼ਹੂਰ ਹੈ, ਬੰਗਾਲੀ ਮਹੀਨੇ ਮਾਘ (ਜਨਵਰੀ-ਫਰਵਰੀ ਦੇ ਵਿਚਕਾਰ) ਦੇ ਪਹਿਲੇ ਦਿਨ ਪੇਸ਼ ਕੀਤਾ ਜਾਂਦਾ ਹੈ।
ਬਨਬੀਬੀ (ਵਣਬੀਬੀ) ਪਾਲਾ ਗਾਣ ਦੀ ਇਸ ਸਲਾਨਾ ਪੇਸ਼ਕਾਰੀ ਨੂੰ ਦੇਖਣ ਲਈ ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ’ਚ ਪੈਂਦੇ ਗੋਸਾਬਾ ਬਲਾਕ ਦੇ ਬਹੁਤ ਸਾਰੇ ਪਿੰਡਾਂ ਤੋਂ ਲੋਕ ਪਹੁੰਚੇ ਹਨ।
ਨਿੱਤਿਆਨੰਦ ਜੋਤਦਾਰ ਇਸ ਟੋਲੀ ਦੇ ਮੇਕਅੱਪ ਕਲਾਕਾਰ ਹਨ। ਉਹ ਇੱਕ ਅਦਾਕਾਰ ਦੇ ਸਿਰ ’ਤੇ ਰੰਗਦਾਰ ਮੁਕਟ ਰੱਖਦੇ ਹਨ, ਜਿਸ ’ਤੇ ਬਰੀਕੀ ਨਾਲ ਕਾਰੀਗਰੀ ਕੀਤੀ ਹੋਈ ਹੈ। ਉਹਨਾਂ ਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਪਾਲਾ ਗਾਣ ਨਾਲ ਜੁੜਿਆ ਹੋਇਆ ਹੈ। ਹਾਲਾਂਕਿ ਕਾਫ਼ੀ ਸਮੇਂ ਤੋਂ ਉਹਨਾਂ ਲਈ ਇਸਦੀ ਕਮਾਈ ਨਾਲ ਗੁਜ਼ਾਰਾ ਕਰਨਾ ਮੁਸ਼ਕਿਲ-ਦਰ-ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਉਹ ਕਹਿੰਦੇ ਹਨ, " ਪਾਲਾ ਗਾਣ ਦੀ ਕਮਾਈ ਨਾਲ ਕੋਈ ਵੀ ਪਰਿਵਾਰ ਨਹੀਂ ਚਲਾ ਸਕਦਾ। ਮੈਂ ਬਿਹਾਰ ਤੇ ਉੱਤਰ ਪ੍ਰਦੇਸ਼ ’ਚ ਕੇਟਰਿੰਗ (ਖਾਣਾ ਪ੍ਰਬੰਧਨ) ਦਾ ਕੰਮ ਕੀਤਾ।" ਪਰ ਕੋਵਿਡ-19 ਕਾਰਨ ਲੱਗੇ ਲੌਕਡਾਊਨ ਨੇ ਉਹ ਕਮਾਈ ਬੰਦ ਕਰ ਦਿੱਤੀ।
ਮੇਕਅੱਪ ਕਲਾਕਾਰ ਨਿੱਤਿਆਨੰਦ ਜੋਤਦਾਰ ਕਹਿੰਦਾ ਹੈ, ' ਲੋਕਾਂ ਨੂੰ ਵੱਖ-ਵੱਖ ਕਿਰਦਾਰਾਂ ’ ਚ ਬਦਲਣਾ ਮੈਨੂੰ ਬੜਾ ਪਸੰਦ ਹੈ'
ਦਲੀਪ ਮੰਡਲ ਵੱਲੋਂ ਨਿਭਾਏ ਜਾ ਰਹੇ ਦੱਖਿਣ ਰਾਏ ਦੇ ਕਿਰਦਾਰ ਨੂੰ ਮੁਕਟ ਪਹਿਨਾਉਂਦੇ ਨਿੱਤਿਆਨੰਦ
ਪਾਲਾ ਗਾਣ ਦੀ ਪੇਸ਼ਕਾਰੀ ਤੋਂ ਹੋਣ ਵਾਲੀ ਕਮਾਈ ਨਾਲ ਘਰ ਚਲਾਉਣ ਦੀਆਂ ਮੁਸ਼ਕਿਲਾਂ ਬਾਰੇ ਨਾਟਕੀ ਟੋਲੀ ਦੇ ਕਈ ਮੈਂਬਰਾਂ ਨੇ PARI ਨਾਲ ਗੱਲਬਾਤ ਕੀਤੀ। "ਸੁੰਦਰਬਨ ’ਚ ਪਾਲਾ ਗਾਣ ਦੀ ਬੁਕਿੰਗ ਪਿਛਲੇ ਸਾਲਾਂ ’ਚ ਤੇਜ਼ੀ ਨਾਲ ਘਟੀ ਹੈ," ਅਰੁਣ ਮੰਡਲ ਨਾਂ ਦੇ ਅਦਾਕਾਰ ਨੇ ਕਿਹਾ।
ਪਾਲਾ ਗਾਣ ਦੀ ਪੇਸ਼ਕਾਰੀ ਵਾਲੇ ਬਹੁਤ ਸਾਰੇ ਅਦਾਕਾਰ ਮੌਸਮੀ ਆਫ਼ਤਾਂ, ਘਟਦੇ ਮੈਂਗਰੋਵ ਅਤੇ ਰੰਗਮੰਚ ਦੀ ਘਟਦੀ ਪ੍ਰਸਿੱਧੀ ਕਾਰਨ ਕੰਮ ਦੀ ਤਲਾਸ਼ ’ਚ ਸ਼ਹਿਰਾਂ ਵੱਲ ਪਰਵਾਸ ਕਰ ਰਹੇ ਹਨ। ਨਿੱਤਿਆਨੰਦ, ਜੋ 30ਵਿਆਂ ’ਚ ਪੈਰ ਰੱਖ ਚੁੱਕਾ ਹੈ, ਕਲਕੱਤੇ ਵਿੱਚ ਅਤੇ ਕਲਕੱਤੇ ਦੇ ਆਲੇ-ਦੁਆਲੇ ਦੀਆਂ ਨਿਰਮਾਣ ਵਾਲੀਆਂ ਜਗ੍ਹਾਵਾਂ ’ਤੇ ਮਜ਼ਦੂਰੀ ਕਰਦਾ ਹੈ। "ਮੈਂ ਪਾਲਾ ਗਾਣ ਬਿਨ੍ਹਾਂ ਨਹੀਂ ਰਹਿ ਸਕਦਾ," ਉਸਨੇ ਕਿਹਾ। "ਤੇ ਇਸੇ ਕਰਕੇ ਮੈਂ ਅੱਜ ਰਾਤ ਇੱਥੇ ਅਦਾਕਾਰਾਂ ਦਾ ਸ਼ਿੰਗਾਰ ਕਰ ਰਿਹਾ ਹਾਂ।"
ਅਜਿਹੇ ਪ੍ਰੋਗਰਾਮਾਂ ਲਈ ਮਿਲਣ ਵਾਲੀ ਫੀਸ ਕਰੀਬ 7000 ਤੋਂ 15000 ਰੁਪਏ ਵਿਚਕਾਰ ਹੁੰਦੀ ਹੈ, ਤੇ ਅਜਿਹੇ ’ਚ ਹਰੇਕ ਅਦਾਕਾਰ ਨੂੰ ਪਾਲਾ ਗਾਣ ਦੀ ਪੇਸ਼ਕਾਰੀ ਲਈ ਬੇਹੱਦ ਮਾਮੂਲੀ ਰਕਮ ਮਿਲਦੀ ਹੈ। "ਇਸ ਬਨਬੀਬੀ (ਵਣਬੀਬੀ) ਦੇ ਪਾਲਾ ਗਾਣ ਲਈ 12000 ਰੁਪਏ ਮਿਲਣਗੇ। ਇਹ ਰਕਮ 20 ਤੋਂ ਵੀ ਜ਼ਿਆਦਾ ਅਦਾਕਾਰਾਂ ’ਚ ਤਕਸੀਮ ਕੀਤੀ ਜਾਵੇਗੀ," ਅਰੁਣ ਨੇ ਦੱਸਿਆ।
ਸਟੇਜ ਦੇ ਪਿੱਛੇ, ਊਸ਼ਾਰਾਣੀ ਘਰਾਣੀ ਇੱਕ ਸਾਥੀ ਕਲਾਕਾਰ ਦੀਆਂ ਅੱਖਾਂ ’ਚ ਸੁਰਮਾ ਪਾ ਰਹੀ ਹੈ। "ਸ਼ਹਿਰੀ ਅਦਾਕਾਰਾਂ ਦੇ ਉਲਟ, ਅਸੀਂ ਆਪਣਾ ਸਾਰਾ ਸ਼ਿੰਗਾਰ ਦਾ ਸਮਾਨ ਨਾਲ ਰੱਖਦੇ ਹਾਂ," ਅਦਾਕਾਰ ਨੇ ਮੁਸਕੁਰਾਉਂਦੇ ਹੋਏ ਕਿਹਾ। ਜਵਾਹਰ ਕਲੋਨੀ ਦੀ ਰਹਿਣ ਵਾਲੀ ਊਸ਼ਾਰਾਣੀ ਨੂੰ ਪਾਲਾ ਗਾਣ ’ਚ ਪੇਸ਼ਕਾਰੀ ਕਰਦੇ ਕਰੀਬ ਇੱਕ ਦਹਾਕਾ ਹੋ ਗਿਆ ਹੈ। ਅੱਜ ਰਾਤ ਉਹ ਮਾਂ ਬਨਬੀਬੀ (ਵਣਬੀਬੀ) ਸਣੇ ਤਿੰਨ ਵੱਖਰੇ ਕਿਰਦਾਰ ਨਿਭਾਉਣ ਲਈ ਤਿਆਰ ਹੈ।
ਊਸ਼ਾਰਾਣੀ ਘਰਾਣੀ ਉਦੈ ਮੰਡਲ ਦੀਆਂ ਅੱਖਾਂ ’ਚ ਸੁਰਮਾ ਪਾ ਰਹੀ ਹੈ; ਇਹ ਅਦਾਕਾਰ ਮਾਂ ਬਨਬੀਬੀ (ਵਣਬੀਬੀ) ਦੇ ਭਰਾ ਸ਼ਾਹ ਜੰਗਲੀ ਦਾ ਕਿਰਦਾਰ ਨਿਭਾ ਰਿਹਾ ਹੈ
ਸੁੰਦਰਬਨ ਦਾ ਮਸ਼ਹੂਰ ਪਾਲਾ ਗਾਣ ਅਦਾਕਾਰ ਬਣਮਾਲੀ ਬਪਾਰੀ ਸ਼ਹਿਦ ਦੀਆਂ ਮੱਖੀਆਂ ਦੇ ਛੱਤੇ ਕੋਲ ਖੜ੍ਹਾ ਹੈ, ਜੋ ਅੱਜ ਰਾਤ ਦੀ ਪੇਸ਼ਕਾਰੀ ਦੌਰਾਨ ਇਸਤੇਮਾਲ ਕੀਤਾ ਜਾਵੇਗਾ
ਸ਼ਿੰਗਾਰ ਵਾਲੇ ਕਮਰੇ ਦੇ ਦੂਜੇ ਪਾਸੇ ਬਣਮਾਲੀ ਬਪਾਰੀ ਖੜ੍ਹੇ ਹਨ। ਦੇਖਣ ਤੋਂ ਹੀ ਉਹ ਇੱਕ ਅਨੁਭਵੀ ਕਲਾਕਾਰ ਜਾਪਦੇ ਹਨ। ਪਿਛਲੇ ਸਾਲ ਰਜਤ ਜੁਬਲੀ ਪਿੰਡ ’ਚ ਮੈਂ ਉਹਨਾਂ ਨੂੰ ਮਾਂ ਮਨਸਾ ਦੇ ਪਾਲਾ ਗਾਣ ਦੀ ਪੇਸ਼ਕਾਰੀ ਕਰਦੇ ਦੇਖਿਆ ਸੀ। ਉਹ ਮੈਨੂੰ ਪਛਾਣ ਜਾਂਦੇ ਹਨ ਤੇ ਕੁਝ ਹੀ ਮਿੰਟ ਗੱਲ ਕਰਨ ਦੇ ਬਾਅਦ ਕਹਿੰਦੇ ਹਨ, "ਮੇਰੇ ਨਾਲ ਦੇ ਕਲਾਕਾਰ ਯਾਦ ਨੇ, ਜਿਹਨਾਂ ਦੀਆਂ ਤੁਸੀਂ ਤਸਵੀਰਾਂ ਲਈਆਂ ਸੀ? ਉਹ ਸਾਰੇ ਹੁਣ ਆਂਧਰਾ ਪ੍ਰਦੇਸ਼ ’ਚ ਝੋਨੇ ਦੇ ਖੇਤਾਂ ’ਚ ਮਜ਼ਦੂਰੀ ਕਰ ਰਹੇ ਹਨ।"
ਤਬਾਹਕੁੰਨ ਚੱਕਰਵਾਤਾਂ - 2020 ’ਚ ਆਏ ਅੰਫਾਨ ਤੇ 2021 ’ਚ ਆਏ ਯਾਸ - ਨੇ ਸੁੰਦਰਬਨ ’ਚ ਕਲਾਕਾਰਾਂ ਦੇ ਲਈ ਸੰਕਟ ਹੋਰ ਵਧਾ ਦਿੱਤਾ ਹੈ, ਜਿਸ ਕਾਰਨ ਇਲਾਕੇ ’ਚੋਂ ਮੌਸਮੀ ਪਰਵਾਸ ਵਧ ਗਿਆ ਹੈ। ਦਿਹਾੜੀ ਮਜ਼ਦੂਰਾਂ ਲਈ ਬਿਨ੍ਹਾਂ ਕਿਸੇ ਸਥਾਈ ਕਮਾਈ ਦੇ ਪਾਲਾ ਗਾਣ ਦੀ ਪੇਸ਼ਕਾਰੀ ਲਈ ਮੁੜਨਾ ਔਖਾ ਕੰਮ ਹੈ।
"ਮੇਰੇ ਨਾਲ ਦੇ ਕਲਾਕਾਰ ਤਿੰਨ ਮਹੀਨਿਆਂ ਲਈ ਆਂਧਰਾ ਪ੍ਰਦੇਸ਼ ’ਚ ਰਹਿਣਗੇ। ਫਰਵਰੀ ਤੋਂ ਬਾਅਦ ਮੁੜਨਗੇ," ਬਣਮਾਲੀ ਦੱਸਦੇ ਹਨ। "ਝੋਨੇ ਦੇ ਖੇਤਾਂ ’ਚ ਕੰਮ ਕਰਕੇ 70 ਤੋਂ 80 ਹਜ਼ਾਰ ਦੀ ਬੱਚਤ ਹੋ ਜਾਂਦੀ ਹੈ। ਸੁਣਨ ’ਚ ਤਾਂ ਇਹ ਬਹੁਤ ਜ਼ਿਆਦਾ ਪੈਸਾ ਲਗਦਾ ਹੈ, ਪਰ ਕੰਮ ਲੱਕ ਤੋੜਨ ਵਾਲਾ ਹੁੰਦਾ ਹੈ," ਉਹਨਾਂ ਦੱਸਿਆ।
ਇਸੇ ਕਰਕੇ ਬਣਮਾਲੀ ਇਸ ਸਾਲ ਆਂਧਰਾ ਪ੍ਰਦੇਸ਼ ਨਹੀਂ ਗਏ। "ਮੈਂ ਪਾਲਾ ਗਾਣ ਦੀ ਪੇਸ਼ਕਾਰੀ ਤੋਂ ਹੋਣ ਵਾਲੀ ਥੋੜ੍ਹੀ-ਬਹੁਤੀ ਕਮਾਈ ਤੋਂ ਹੀ ਖੁਸ਼ ਸੀ," ਉਹਨਾਂ ਕਿਹਾ।
ਖੱਬੇ : ਕਈ ਦਰਸ਼ਕ ਸ਼ਿੰਗਾਰ ਵਾਲੇ ਕਮਰੇ ’ ਚ ਉਤਸੁਕਤਾ ਨਾਲ ਅਦਾਕਾਰਾਂ ਨੂੰ ਮੇਕਅੱਪ ਕਰਦੇ ਦੇਖ ਰਹੇ ਹਨ. ਸੱਜੇ : ਜਾਨਵਰਾਂ ’ ਤੇ ਆਧਾਰਤ ਇਹਨਾਂ ਮੁਖੌਟਿਆਂ ਦਾ ਇਸਤੇਮਾਲ ਇਹਨਾਂ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਕਰਨਗੇ
ਬਨਬੀਬੀ (ਵਣਬੀਬੀ) ਦੀ ਇੱਕ ਪੇਸ਼ਕਾਰੀ ’ਤੇ ਪ੍ਰਬੰਧਕਾਂ ਦੇ ਕਰੀਬ 20000 ਰੁਪਏ ਖਰਚ ਹੁੰਦੇ ਨੇ, ਜਿਸ ਵਿੱਚੋਂ 12000 ਰੁਪਏ ਪੇਸ਼ਕਾਰਾਂ ਨੂੰ ਜਾਂਦੇ ਨੇ ਅਤੇ ਬਾਕੀ ਲਾਊਡਸਪੀਕਰ ਦੇ ਕਿਰਾਏ ਅਤੇ ਸਟੇਜ ਦੀ ਤਿਆਰੀ ’ਤੇ ਖਰਚ ਹੋ ਜਾਂਦੇ ਹਨ। ਘਟਦੀ ਕਮਾਈ ਦੇ ਬਾਵਜੂਦ ਵੀ, ਸਥਾਨਕ ਲੋਕ ਜੋ ਹਰ ਸਾਲ ਪੇਸ਼ਕਾਰੀ ਲਈ ਉੱਦਮ, ਸਹਿਯੋਗ ਅਤੇ ਆਰਥਿਕ ਮਦਦ ਕਰਦੇ ਨੇ, ਉਹਨਾਂ ਦੇ ਉਤਸ਼ਾਹ ਨਾਲ ਬਨਬੀਬੀ (ਵਣਬੀਬੀ) ਪਾਲਾ ਗਾਣ ਬਚਿਆ ਹੋਇਆ ਹੈ।
ਇਸ ਵਿਚਾਲੇ ਮੰਚ ਤਿਆਰ ਹੋ ਜਾਂਦਾ ਹੈ, ਦਰਸ਼ਕਾਂ ਵਾਲੀ ਜਗ੍ਹਾ ਖਚਾਖਚ ਭਰ ਜਾਂਦੀ ਹੈ, ਸੰਗੀਤ ਸੁਰ ਫੜਦਾ ਹੈ ਤੇ ਪੇਸ਼ਕਾਰੀ ਸ਼ੁਰੂ ਹੋਣ ਦਾ ਸਮਾਂ ਹੋ ਜਾਂਦਾ ਹੈ।
"ਮਾਂ ਬਨਬੀਬੀ (ਵਣਬੀਬੀ) ਦੇ ਅਸ਼ੀਰਵਾਦ ਨਾਲ, ਅਸੀਂ ਕਵੀ ਜਸੀਮੂਦੀਨ ਦੀ ਲਿਖੀ ਸਕਰਿਪਟ ’ਤੇ ਆਧਾਰਤ ਪੇਸ਼ਕਾਰੀ ਸ਼ੁਰੂ ਕਰਨ ਜਾ ਰਹੇ ਹਾਂ," ਊਸ਼ਾਰਾਣੀ ਨੇ ਐਲਾਨ ਕੀਤਾ। ਦਰਸ਼ਕਾਂ ਦੀ ਭੀੜ ਜੋ ਕਈ ਘੰਟਿਆਂ ਤੋਂ ਉਡੀਕ ਕਰ ਰਹੀ ਸੀ, ਸੁਚੇਤ ਹੋ ਜਾਂਦੀ ਹੈ ਤੇ ਅਗਲੇ 5 ਘੰਟੇ ਲਈ ਪੇਸ਼ਕਾਰੀ ਨਾਲ ਬੰਨ੍ਹੀ ਜਾਂਦੀ ਹੈ।
ਮਾਂ ਬਨਬੀਬੀ (ਵਣਬੀਬੀ) ਦੇਵੀ, ਮਾਂ ਮਨਸਾ ਅਤੇ ਸ਼ਿਬ ਠਾਕੁਰ ਨੂੰ ਸਮਰਪਿਤ ਪ੍ਰਾਰਥਨਾ ਗੀਤਾਂ ਨਾਲ ਬਾਕੀ ਦੀ ਸ਼ਾਮ ਲਈ ਸੁਰ ਤੈਅ ਹੋ ਗਿਆ। ਦਲੀਪ ਮੰਡਲ ਸੁੰਦਰਬਨ ਦਾ ਇੱਕ ਨਾਮਵਰ ਪਾਲਾ ਗਾਣ ਕਲਾਕਾਰ ਹੈ ਅਤੇ ਦੱਖਿਣ ਰਾਏ ਦਾ ਕਿਰਦਾਰ ਨਿਭਾਉਂਦਾ ਹੈ ਜੋ ਕਿ ਇੱਕ ਛਲੇਡਾ ਹੈ ਤੇ ਅਕਸਰ ਬਾਘ ਦਾ ਰੂਪ ਧਾਰਨ ਕਰ ਲੈਂਦਾ ਹੈ।
ਪੇਸ਼ਕਾਰੀ ਦਾ ਉਹ ਹਿੱਸਾ ਜਿੱਥੇ ਇੱਕ ਜਵਾਨ ਲੜਕੇ ਦੁਖੇ ਨੂੰ ਮਾਂ ਬਨਬੀਬੀ (ਵਣਬੀਬੀ) ਦੱਖਿਣ ਰਾਏ ਦੇ ਚੁੰਗਲ ’ਚੋਂ ਛੁਡਾਉਂਦੀ ਹੈ, ਦਰਸ਼ਕਾਂ ’ਚੋਂ ਕਈਆਂ ਨੂੰ ਭਾਵੁਕ ਕਰ ਦਿੰਦਾ ਹੈ। 1999 ਤੋਂ 2014 ਤੱਕ, ਸੁੰਦਰਬਨ ’ਚ ਜੰਗਲਾਂ ’ਚ ਦਾਖਲ ਹੋਣ ਜਾਂ ਲੰਘਣ ਵਾਲੇ 437 ਲੋਕਾਂ ਨੂੰ ਬਾਘ ਨੇ ਜ਼ਖਮੀ ਕਰ ਦਿੱਤਾ ਸੀ। ਜੰਗਲ ’ਚ ਹਰ ਕਦਮ ’ਤੇ ਬਾਘ ਦੇ ਹਮਲੇ ਦੇ ਡਰ ਕਾਰਨ ਸਥਾਨਕ ਲੋਕ ਦੁਖੇ ਦੇ ਡਰ ਅਤੇ ਮਾਂ ਬਨਬੀਬੀ (ਵਣਬੀਬੀ) ਦੇ ਅਸ਼ੀਰਵਾਦ ਲਈ ਉਸਦੀ ਤੀਬਰਤਾ ਨੂੰ ਚੰਗੀ ਤਰ੍ਹਾਂ ਸਮਝਦੇ ਨੇ।
ਖੱਬੇ : ਇੱਕ ਤਕਨੀਕੀ ਕਾਰੀਗਰ ਮੰਚ ’ਤੇ ਮਾਈਕ ਸੈੱਟ ਕਰ ਰਿਹਾ ਹੈ. ਸੱਜੇ :ਕਰੀਬ 400 ਲੋਕਾਂ ਦੀ ਭੀੜ ਪੇਸ਼ਕਾਰੀ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੀ ਹੈ
ਖੱਬੇ : ਨਾਟਕੀ ਟੋਲੀ ਦੇ ਪ੍ਰਬੰਧਕ ਜੋਗਿੰਦਰ ਮੰਡਲ ਲੋੜ ਪੈਣ ’ ਤੇ ਲਾਈਨਾਂ ਯਾਦ ਕਰਵਾਉਂਦੇ ਹਨ. ਸੱਜੇ : ਤਕਨੀਕੀ ਖਰਾਬੀਆਂ ਕਾਰਨ ਪਾਲਾ ਗਾਣ ਦੀ ਪੇਸ਼ਕਾਰੀ ਕਈ ਵਾਰ ਰੁਕਦੀ ਹੈ ਜਿਸ ਕਰਕੇ ਇੱਕ ਤਕਨੀਕੀ ਕਾਰੀਗਰ ਸੁਚੇਤ ਹੋ ਕੇ ਨੇੜੇ ਬੈਠਾ ਹੈ
ਅਚਾਨਕ ਭੀੜ ’ਚੋਂ ਕੋਈ ਚੀਕਦਾ ਹੈ, "ਮਾਈਕ ਵਾਲਾ ਆਦਮੀ ਐਨਾ ਮੂਰਖ ਕਿਉਂ ਹੈ! ਪਿਛਲੇ ਕੁਝ ਮਿੰਟਾਂ ਤੋਂ ਸਾਨੂੰ ਕੁਝ ਵੀ ਨਹੀਂ ਸੁਣ ਰਿਹਾ।" ਜਿੰਨੀ ਦੇਰ ਤਕਨੀਕੀ ਕਾਰੀਗਰ ਤਾਰਾਂ ਨੂੰ ਠੀਕ ਕਰਦੇ ਹਨ, ਪੇਸ਼ਕਾਰੀ ਰੁਕ ਜਾਂਦੀ ਹੈ। ਕਲਾਕਾਰਾਂ ਨੂੰ ਥੋੜ੍ਹੀ ਦੇਰ ਵਿਰਾਮ ਮਿਲ ਜਾਂਦਾ ਹੈ ਅਤੇ ਤਕਨੀਕੀ ਖਰਾਬੀ ਦੂਰ ਹੋਣ ’ਤੇ 10 ਮਿੰਟ ਬਾਅਦ ਪੇਸ਼ਕਾਰੀ ਮੁੜ ਸ਼ੁਰੂ ਹੋ ਜਾਂਦੀ ਹੈ।
ਨਾਟਕੀ ਟੋਲੀ ਜਾਤਰਾਪਾਲਾ ਦਾ ਪ੍ਰਬੰਧਕ ਜੋਗਿੰਦਰ ਮੰਡਲ ਸਟੇਜ ਦੇ ਅੱਗੇ ਇਸ ਤਰੀਕੇ ਬੈਠਾ ਹੈ ਕਿ ਜੇ ਕੋਈ ਅਦਾਕਾਰ ਆਪਣੀਆਂ ਸਤਰਾਂ ਭੁੱਲ ਜਾਵੇ ਤਾਂ ਉਹ ਉਹਨਾਂ ਨੂੰ ਇਸ਼ਾਰਾ ਕਰ ਸਕੇ। ਉਹ ਵੀ ਪਾਲਾ ਗਾਣ ਦੀ ਪੇਸ਼ਕਾਰੀ ਦੀ ਘਟਦੀ ਮੰਗ ਨੂੰ ਲੈ ਕੇ ਪਰੇਸ਼ਾਨ ਹੈ : "ਬੁਕਿੰਗ ਕਿੱਥੇ ਹੈ? ਪਹਿਲਾਂ ਸਾਨੂੰ ਇੱਕ ਪੇਸ਼ਕਾਰੀ ਤੋਂ ਅਗਲੀ ਪੇਸ਼ਕਾਰੀ ਵਿਚਾਲੇ ਮੁਸ਼ਕਿਲ ਨਾਲ ਹੀ ਸਮਾਂ ਮਿਲਦਾ ਸੀ। ਹੁਣ ਉਹ ਵੇਲਾ ਲੰਘ ਗਿਆ।"
ਜੋਗਿੰਦਰ ਵਰਗੇ ਪ੍ਰਬੰਧਕਾਂ ਨੂੰ ਹੁਣ ਟੋਲੀ ’ਚ ਨਵੇਂ ਲੋਕਾਂ ਨੂੰ ਸ਼ਾਮਲ ਕਰਨ ’ਚ ਮੁਸ਼ਕਿਲ ਆ ਰਹੀ ਹੈ ਕਿਉਂਕਿ ਇਸਦੀ ਕਮਾਈ ਨਾਲ ਗੁਜ਼ਾਰਾ ਨਹੀਂ ਹੁੰਦਾ। ਉਸਨੇ ਦੱਸਿਆ ਕਿ ਉਸਨੂੰ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਵੀ ਕਲਾਕਾਰ ਲਿਆਉਣੇ ਪਏ। "ਹੁਣ ਤੁਹਾਨੂੰ ਅਦਾਕਾਰ ਮਿਲਦੇ ਹੀ ਕਿੱਥੇ ਨੇ? ਪਾਲਾ ਗਾਣ ਦੇ ਸਾਰੇ ਅਦਾਕਾਰ ਮਜ਼ਦੂਰ ਬਣ ਚੁੱਕੇ ਹਨ।"
ਇਸ ਸਭ ਦੇ ਦਰਮਿਆਨ, ਕਈ ਘੰਟੇ ਤੇਜ਼ੀ ਨਾਲ ਬੀਤ ਗਏ ਤੇ ਬਨਬੀਬੀ (ਵਣਬੀਬੀ) ਦੇ ਪਾਲਾ ਗਾਣ ਦਾ ਆਖਰੀ ਕਾਂਡ ਸ਼ੁਰੂ ਹੋ ਗਿਆ। ਮੈਂ ਕਿਸੇ ਤਰ੍ਹਾਂ ਮੁੜ ਊਸ਼ਾਰਾਣੀ ਨਾਲ ਗੱਲ ਕੀਤੀ। ਪਾਲਾ ਗਾਣ ਤੋਂ ਇਲਾਵਾ ਉਹ ਗੋਸਾਬਾ ਬਲਾਕ ਦੇ ਵੱਖ-ਵੱਖ ਪਿੰਡਾਂ ’ਚ ਰਮਾਇਣ ’ਤੇ ਆਧਾਰਤ ਕਥਾਵਾਂ ਦੀ ਵੀ ਪੇਸ਼ਕਾਰੀ ਕਰਦੀ ਹੈ। ਪਰ ਉਸਦੀ ਕੋਈ ਸਥਾਈ ਆਮਦਨੀ ਨਹੀਂ ਹੈ। "ਕਿਸੇ ਮਹੀਨੇ ਮੈਂ 5000 ਰੁਪਏ ਤੱਕ ਕਮਾ ਲੈਂਦੀ ਹਾਂ। ਕਿਸੇ ਮਹੀਨੇ, ਕੁਝ ਵੀ ਨਹੀਂ।"
ਊਸ਼ਾਰਾਣੀ ਨੇ ਅਗਲੇ ਸਾਲ ਦੀ ਪੇਸ਼ਕਾਰੀ ਲਈ ਆਪਣਾ ਸਮਾਨ ਬੰਨ੍ਹਦੇ ਹੋਏ ਕਿਹਾ, "ਪਿਛਲੇ ਤਿੰਨ ਸਾਲਾਂ ’ਚ ਅਸੀਂ ਚੱਕਰਵਾਤ ਝੱਲੇ, ਕੋਵਿਡ-19 ਮਹਾਂਮਾਰੀ ਤੇ ਲੌਕਡਾਊਨ ਝੱਲੇ।" ਪਰ ਇਹਨਾਂ ਔਕੜਾਂ ਦੇ ਬਾਵਜੂਦ "ਅਸੀਂ ਪਾਲਾ ਗਾਣ ਨੂੰ ਮਰਨ ਨਹੀਂ ਦਿੱਤਾ।"
ਅਦਾਕਾਰ ਬਪਨ ਮੰਡਲ ਮੁਸਕੁਰਾਉਂਦੇ ਹੋਏ ਇੱਕ ਪਲਾਸਟਿਕ ਦੇ ਚੱਪੂ ਨਾਲ ਕੈਮਰੇ ਲਈ ਪੋਜ਼ ਕਰਦਾ ਹੈ
ਰਾਖੀ ਮੰਡਲ ਜੋ ਮਾਂ ਬਨਬੀਬੀ (ਵਣਬੀਬੀ) ਦੇ ਬਚਪਨ ਅਤੇ ਦੁਖੇ ਦਾ ਰੋਲ ਕਰਦੀ ਹੈ, ਆਪਣੇ ਸਾਥੀ ਕਲਾਕਾਰਾਂ ਨਾਲ ਗੱਲਾਂ ਕਰ ਰਹੀ ਹੈ
ਅਦਾਕਾਰ ਸ਼ਿੰਗਾਰ ਵਾਲੇ ਕਮਰੇ ’ ਚ ਆਪਣੀਆਂ ਲਾਈਨਾਂ ਦਾ ਅਭਿਆਸ ਕਰ ਰਹੇ ਹਨ। ਸਟੇਜ ’ ਤੇ ਜਾਣ ਦੇ ਸੰਕੇਤ ਦੇ ਇੰਤਜ਼ਾਰ ’ ਚ ਦਲੀਪ ਮੰਡਲ ਹੱਥ ’ ਚ ਤਲਵਾਰ ਲੈ ਕੇ ਇੱਕ ਕੁਰਸੀ ’ ਤੇ ਬੈਠੇ ਹਨ
ਮਾਂ ਬਨਬੀਬੀ (ਵਣਬੀਬੀ) , ਮਾਂ ਮਨਸਾ ਅਤੇ ਸ਼ਿਬ ਠਾਕੁਰ ਨੂੰ ਸਮਰਪਿਤ ਪ੍ਰਾਥਨਾਵਾਂ ਨਾਲ ਪਾਲਾ ਗਾਣ ਦੀ ਸ਼ੁਰੂਆਤ ਕਰਦੇ ਅਦਾਕਾਰ
ਬਨਬੀਬੀ (ਵਣਬੀਬੀ) ਪਾਲਾ ਗਾਣ ਦਾ ਇੱਕ ਸੀਨ ਪੇਸ਼ ਕਰਦੇ ਹੋਏ ਅਦਾਕਾਰ । ਗੋਲਾਬੀਬੀ (ਹਰੀ ਪੁਸ਼ਾਕ ’ ਚ) ਆਪਣੇ ਦੋ ਬੱਚਿਆਂ ਬਨਬੀਬੀ (ਵਣਬੀਬੀ) ਅਤੇ ਸ਼ਾਹ ਜੰਗਲੀ ’ ਚੋਂ ਇੱਕ ਨੂੰ ਚੁਣਨ ਲਈ ਮਜਬੂਰ ਹੁੰਦੀ ਹੈ। ਉਹ ਬਨਬੀਬੀ (ਵਣਬੀਬੀ) ਨੂੰ ਤਿਆਗਣ ਦਾ ਫੈਸਲਾ ਲੈਂਦੀ ਹੈ
ਰਾਖੀ ਮੰਡਲ ਅਤੇ ਅੰਜਲੀ ਮੰਡਲ ਬਨਬੀਬੀ (ਵਣਬੀਬੀ) ਤੇ ਸ਼ਾਹ ਜੰਗਲੀ ਦੇ ਬਚਪਨ ਦੀ ਭੂਮਿਕਾ ਨਿਭਾਉਂਦੇ ਹੋਏ
ਬਪਨ ਮੰਡਲ ਦੀ ਪੇਸ਼ਕਾਰੀ ਤੋਂ ਪ੍ਰਭਾਵਿਤ ਹੋ ਕੇ ਪਿੰਡ ਦੀ ਇੱਕ ਵਡੇਰੀ ਉਮਰ ਦੀ ਔਰਤ ਇਨਾਮ ਵਜੋਂ ਉਸਦੀ ਕਮੀਜ਼ ’ ਤੇ 10 ਰੁਪਏ ਦਾ ਨੋਟ ਨੱਥੀ ਕਰ ਰਹੀ ਹੈ
ਊਸ਼ਾਰਾਣੀ ਦੱਖਿਣ ਰਾਏ ਦੀ ਮਾਂ ਨਾਰਾਇਣੀ ਦੀ ਭੂਮਿਕਾ ’ ਚ ਆਪਣੀਆਂ ਲਾਈਨਾਂ ਬੋਲ ਰਹੀ ਹੈ। ਪਾਲਾ ਗਾਣ ’ ਚ ਉਹ ਬਨਬੀਬੀ (ਵਣਬੀਬੀ) ਅਤੇ ਫੂਲਬੀਬੀ ਦੀ ਭੂਮਿਕਾ ਵੀ ਨਿਭਾਉਂਦੀ ਹੈ
ਬਨਬੀਬੀ (ਵਣਬੀਬੀ) ਅਤੇ ਨਾਰਾਇਣੀ ਦੇ ਬਚਪਨ ਦੇ ਦਿਨਾਂ ਦੀ ਲੜਾਈ ਦਾ ਦ੍ਰਿਸ਼ ਨਿਭਾਉਂਦੇ ਕਲਾਕਾਰ
ਦਰਸ਼ਕਾਂ ’ ਚ ਬੈਠੀ ਜਵਾਹਰ ਕਲੋਨੀ ਪਿੰਡ ਦੀ ਇੱਕ ਬੱਚੀ ਪੇਸ਼ਕਾਰੀ ’ ਚ ਪੂਰੀ ਤਰ੍ਹਾਂ ਖੁਭੀ ਹੋਈ ਹੈ
ਬੀਬੀਜਾਨ ਆਪਣੇ ਬੇਟੇ ਦੁਖੇ ਨੂੰ ਅਲਵਿਦਾ ਕਹਿ ਰਹੀ ਹੈ, ਜਦ ਉਹ ਧਨ ਨਾਂ ਦੇ ਵਪਾਰੀ ਨਾਲ ਜੰਗਲ ’ ਚ ਸ਼ਹਿਦ ਇਕੱਠਾ ਕਰਨ ਦਾ ਕੰਮ ਸਿੱਖਣ ਜਾ ਰਿਹਾ ਹੈ। ਦਰਸ਼ਕਾਂ ’ ਚੋਂ ਬਹੁਤੇ ਇਸ ਸੀਨ ਨੂੰ ਦੇਖ ਕੇ ਭਾਵੁਕ ਹੋ ਜਾਂਦੇ ਹਨ
ਪਾਲਾ ਗਾਣ ਦਾ ਇੱਕ ਸੀਨ ਜਿੱਥੇ ਦੱਖਿਣ ਰਾਏ ਧਨ ਦੇ ਸੁਪਨੇ ’ ਚ ਆ ਕੇ ਜੰਗਲ ’ ਚੋਂ ਸ਼ਹਿਦ ਪ੍ਰਾਪਤ ਕਰਨ ਲਈ ਉਸਨੂੰ ਕਰ ਦੇ ਤੌਰ ’ ਤੇ ਦੁਖੇ ਨੂੰ ਕੁਰਬਾਨ ਕਰਨ ਲਈ ਕਹਿੰਦਾ ਹੈ
ਨਿਰਾਲੀ ਦਿੱਖ ’ ਚ ਮਾਂ ਬਨਬੀਬੀ (ਵਣਬੀਬੀ) ਦੇ ਰੂਪ ’ ਚ ਊਸ਼ਾਰਾਣੀ ਘਰਾਣੀ ਮੰਚ ’ ਤੇ ਆਉਂਦੀ ਹੈ
ਜੰਗਲ ’ ਚ ਇਕੱਲੇ ਛੱਡ ਦਿੱਤੇ ਜਾਣ ਬਾਅਦ ਦੁਖੇ ਦੱਖਿਣ ਰਾਏ ਤੋਂ ਬਚਾਉਣ ਲਈ ਮਾਂ ਬਨਬੀਬੀ (ਵਣਬੀਬੀ) ਨੂੰ ਪ੍ਰਾਥਨਾ ਕਰ ਰਿਹਾ ਹੈ। ਮਾਂ ਬਨਬੀਬੀ (ਵਣਬੀਬੀ) ਉਸਦੀ ਇੱਛਾ ਪੂਰੀ ਕਰਦੀ ਹੈ, ਦੱਖਿਣ ਰਾਏ ਨੂੰ ਹਰਾ ਦਿੰਦੀ ਹੈ ਅਤੇ ਦੁਖੇ ਨੂੰ ਸੁਰੱਖਿਅਤ ਉਸਦੀ ਮਾਂ ਬੀਬੀਜਾਨ ਨੂੰ ਵਾਪਸ ਕਰ ਦਿੰਦੀ ਹੈ। ਦੁਖੇ ਨੂੰ ਵਰਦਾਨ ਦੇ ਤੌਰ ’ ਤੇ ਬਹੁਤ ਸਾਰਾ ਸ਼ਹਿਦ ਵੀ ਮਿਲ ਜਾਂਦਾ ਹੈ ਜਿਸ ਨਾਲ ਉਹ ਕਾਫੀ ਅਮੀਰ ਹੋ ਜਾਂਦਾ ਹੈ
ਕਾਗਜ਼ ’ ਤੇ ਬਣਿਆ ਤਿਤਲੀ ਦਾ ਡਿਜ਼ਾਈਨ ਅਤੇ ‘ ਸਮਾਪਤ ’ ਲਫਜ਼ ਸਕਰਿਪਟ ਦੇ ਅੰਤ ਨੂੰ ਦਰਸਾਉਂਦੇ ਹਨ
ਤਰਜਮਾ : ਅਰਸ਼ਦੀਪ ਅਰਸ਼ੀ