''ਇਹ ਅਸੀਂ ਹੀ ਹਾਂ ਜੋ ਪਸ਼ਮੀਨਾ ਸ਼ਾਲਾਂ ਨੂੰ ਉਨ੍ਹਾਂ ਦੀ ਰੇਸ਼ਮੀ ਫਿਨਿਸ਼ ਦਿੰਦੇ ਹਾਂ। ''
ਸ੍ਰੀਨਗਰ ਵਿਖੇ ਪੈਂਦੇ ਅਬਦੁਲ ਮਜੀਦ ਲੋਨ ਦੇ ਘਰ ਥਾਂ-ਥਾਂ ਧਾਗਿਆਂ ਦੀਆਂ ਗੁੰਝਲਾਂ ਨਜਰੀਂ ਪੈਂਦੀਆਂ ਹਨ। ਫਰਸ਼ 'ਤੇ ਬੈਠਿਆਂ ਤੇ ਹੱਥ ਵਿੱਚ ਵਾਉਚ (ਲੋਹੇ ਦਾ ਇੱਕ ਚੌੜਾ, ਤਿੱਖਾ ਔਜ਼ਾਰ/ਕਟਰ) ਫੜ੍ਹੀ ਉਹ ਬੜੇ ਸਲੀਕੇ ਨਾਲ਼ ਨਵੇਂ-ਬੁਣੇ ਪਸ਼ਮੀਨਾ ਸ਼ਾਲ ਦੇ ਫ਼ਾਲਤੂ ਧਾਗੇ ਤੇ ਰੂੰਏ ਕੁਰਤਦੇ ਜਾਂਦੇ ਹਨ। ''ਟਾਂਵੇਂ ਹੀ ਲੋਕ ਹੀ ਜਾਣਦੇ ਹਨ ਕਿ ਸਾਡੀ ਸ਼ਿਲਪਕਾਰੀ ਜਿਹੀ ਵੀ ਕੋਈ ਕਲਾ ਮੌਜੂਦ ਹੈ,'' ਉਹ ਕਹਿੰਦੇ ਹਨ।
42 ਸਾਲਾ ਇਹ ਕਾਰੀਗਰ ਸ੍ਰੀਨਗਰ ਜ਼ਿਲ੍ਹੇ ਦੇ ਨਵਾਕਾ ਦਲ ਵਾਰਡ ਵਿਖੇ ਰਹਿੰਦਾ ਹੈ। ਉਹ ਕੀਮਤੀ ਪਸ਼ਮੀਨਾ ਸ਼ਾਲਾਂ 'ਤੇ ਲਮਕਣ ਵਾਲ਼ੇ ਪੁਰਜ਼ (ਰੂੰਏ ਜਾਂ ਧਾਗੇ) ਨੂੰ ਵਾਉਚ ਸਹਾਰੇ ਕੱਟਦੇ ਹਨ। ਇਸ ਕੰਮ ਨੂੰ ਪੁਰਜ਼ਗਰੀ ਕਹਿੰਦੇ ਹਨ ਤੇ ਇਕੱਲੇ ਸ੍ਰੀਨਗਰ ਵਿੱਚ ਇਸ ਕੰਮ ਨੂੰ ਕਰਨ ਵਾਲ਼ੇ ਘੱਟੋ-ਘੱਟ 200 ਕਾਰੀਗਰ ਮੌਜੂਦ ਹਨ। ਅਬਦੁਲ ਪਿਛਲੇ ਦੋ ਦਹਾਕਿਆਂ ਤੋਂ ਪੁਰਜ਼ਗਰ ਕਾਰੀਗਰ ਹਨ ਤੇ ਅੱਜ ਦੀ ਤਰੀਕ ਵਿੱਚ ਅੱਠ ਘੰਟੇ ਕੰਮ ਕਰਕੇ 200 ਰੁਪਏ ਕਮਾਉਂਦੇ ਹਨ।
ਪਸ਼ਮੀਨਾ ਦੀ ਹਰੇਕ ਕਿਸਮ ਭਾਵ ਉਣੀ ਹੋਈ, ਰੰਗੀ ਹੋਈ ਤੇ ਕੱਢੀ ਹੋਈ ਹਰੇਕ ਸ਼ਾਲ ਦੀ ਪੁਰਜ਼ਗਰੀ ਹੱਥੀਂ ਹੀ ਕੀਤੀ ਜਾਂਦੀ ਹੈ। ਇਸ ਕੱਪੜੇ ਦਾ ਮਲ਼ੂਕ ਖ਼ਾਸਾ ਮਸ਼ੀਨ ਨੂੰ ਨਹੀਂ ਸਗੋਂ ਕਾਰੀਗਰ ਦੇ ਹੁਨਰਮੰਦ ਹੱਥਾਂ ਨੂੰ ਅਹਿਮੀਅਤ ਦਿੰਦਾ ਹੈ।
ਵਾਉਚ ਪੁਰਜ਼ਗਰੀ ਦਾ ਲੋੜੀਂਦਾ ਸੰਦ ਹੈ। ਲੱਕੜ ਦੀ ਖੱਡੀ 'ਤੇ ਖਿੱਚ ਕੇ ਬੰਨ੍ਹੀ ਸ਼ਾਲ ਦੇ ਸਾਹਮਣੇ ਬੈਠੇ ਆਪਣੀ ਘੋਖਵੀਂ ਨਜ਼ਰ ਜਮਾਈ ਅਬਦੁਲ ਕਹਿੰਦੇ ਹਨ,''ਸਾਡੀ ਪੂਰੀ ਕਮਾਈ ਇੱਕ ਵਾਉਚ ਅਤੇ ਇਹਦੀ ਕੁਆਲਿਟੀ 'ਤੇ ਨਿਰਭਰ ਹੈ। ਸਾਡੇ ਵਾਸਤੇ ਇਸ ਵਾਉਚ ਤੋਂ ਬਗ਼ੈਰ ਪਸ਼ਮੀਨਾ ਦੀ ਸੁਧਾਈ ਕਰਨਾ ਮੁਸ਼ਕਲ ਹੈ।''

ਲੱਕੜ ਦੀ ਖੱਡੀ ' ਤੇ ਖਿੱਚ ਕੇ ਬੰਨ੍ਹੀ ਪਸ਼ਮੀਨਾ ਸ਼ਾਲ ਦੇ ਸਾਹਮਣੇ ਬੈਠ ਕੇ ਕੰਮ ਕਰਦੇ ਅਬਦੁਲ ਮਜੀਦ ਲੋਨ

ਲੋਹੇ ਦੇ ਵਾਉਚ ਸਹਾਰੇ ਕੰਮ ਕਰਦਿਆਂ, ਅਬਦੁਲ ਸ਼ਾਲ ਤੋਂ ਬੇਲੋੜੇ ਧਾਗਿਆਂ ਤੇ ਰੂੰਇਆਂ ਨੂੰ ਲਾਹੁੰਦੇ ਹੋਏ
ਪਿਛਲੇ ਕੁਝ ਸਮੇਂ ਤੋਂ, ਸ੍ਰੀਨਗਰ ਦੇ ਪੁਰਜ਼ਗਰ ਕਾਮੇ ਲੁਹਾਰਾਂ ਨੂੰ ਲੱਭਣ ਲਈ ਸੰਘਰਸ਼ ਕਰ ਰਹੇ ਹਨ ਜੋ ਵਾਉਚ ਬਣਾਉਂਦੇ ਹੋਣ ਜਾਂ ਉਨ੍ਹਾਂ ਨੂੰ ਸਹੀ ਢੰਗ ਨਾਲ਼ ਤਿੱਖਾ ਕਰਦੇ ਹੋਣ। ਅਬਦੁਲ ਚਿੰਤਾ ਭਰੀ ਸੁਰ ਵਿੱਚ ਕਹਿੰਦੇ ਹਨ, "ਉਹ ਸਮਾਂ ਆਵੇਗਾ ਜਦੋਂ ਵਾਉਚਾਂ ਦੀ ਘਾਟ ਕਾਰਨ ਪੁਰਜ਼ਗਰੀ ਕਲਾ ਅਲੋਪ ਹੋ ਜਾਵੇਗੀ। "ਮੈਂ ਆਪਣੇ ਆਖਰੀ ਔਜ਼ਾਰ ਦੀ ਵਰਤੋਂ ਕਰ ਰਿਹਾ ਹਾਂ। ਜੇ ਇਹ ਖੁੰਡਾ ਹੋ ਗਿਆ ਤਾਂ ਮੈਂ ਵੀ ਬੇਰੁਜ਼ਗਾਰ ਹੋ ਜਾਊਂਗਾ।"
ਅਬਦੁਲ ਦੇ ਘਰ ਤੋਂ 20 ਮਿੰਟ ਦੀ ਦੂਰੀ 'ਤੇ ਲੁਹਾਰ ਅਲੀ ਮੁਹੰਮਦ ਅਹੰਗਰ ਦੀ ਦੁਕਾਨ ਹੈ। ਸ੍ਰੀਨਗਰ ਜ਼ਿਲ੍ਹੇ ਦੇ ਅਲੀ ਕਦਲ ਖੇਤਰ ਵਿੱਚ ਲੁਹਾਰਾਂ ਦੀਆਂ ਲਗਭਗ ਇੱਕ ਦਰਜਨ ਦੁਕਾਨਾਂ ਹਨ ਅਤੇ ਅਲੀ ਉਨ੍ਹਾਂ ਵਿੱਚੋਂ ਸਭ ਤੋਂ ਪੁਰਾਣੇ ਹਨ। ਅਲੀ ਸਮੇਤ ਕਿਸੇ ਵੀ ਲੁਹਾਰ ਨੂੰ ਹੁਣ ਵਾਉਚ ਬਣਾਉਣਾ ਜ਼ਰੂਰੀ ਨਹੀਂ ਲੱਗਦਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸੰਦ ਨੂੰ ਬਣਾਉਣ ਲਈ ਲੱਗਣ ਵਾਲ਼ੀ ਮਿਹਨਤ ਤੇ ਸਮੇਂ ਨੂੰ ਓਨਾ ਮੁੱਲ ਨਹੀਂ ਪੈਂਦਾ।
"ਵਾਉਚ ਬਣਾਉਣਾ ਬੜੇ ਹੁਨਰ ਦੀ ਮੰਗ ਕਰਦਾ ਹੈ। ਵਾਉਚ ਇੰਨਾ ਤਿੱਖਾ ਹੋਣਾ ਚਾਹੀਦਾ ਹੈ ਕਿ ਪਸ਼ਮੀਨਾ ਸ਼ਾਲ ਵਿੱਚੋਂ ਛੋਟੇ ਤੋਂ ਛੋਟਾ ਰੂੰਆਂ/ਤੰਦ ਵੀ ਤੋੜ ਸਕਦਾ ਹੋਵੇ," 50 ਸਾਲਾ ਅਲੀ ਨੇ ਕਿਹਾ। ਉਨ੍ਹਾਂ ਦੀ ਗੱਲ ਤੋਂ ਇੰਝ ਜਾਪਿਆਂ ਜਿਵੇਂ ਸੰਦ ਨੂੰ ਬਣਾਉਣ ਵਾਸਤੇ ਆਰੀ ਨੂੰ ਹਥੌੜਾ ਮਾਰ-ਮਾਰ ਕੇ ਅਕਾਰ ਦੇਣਾ ਪੈਂਦਾ ਹੋਣਾ। ਉਹ ਅੱਗੇ ਕਹਿੰਦੇ ਹਨ,"ਪਰ ਜੇਕਰ ਮੈਨੂੰ ਵਾਉਚ ਬਣਾਉਣ ਪਵੇ ਤਾਂ ਮੈਨੂੰ ਯਕੀਨ ਹੈ ਕਿ ਮੈਂ ਨਹੀਂ ਬਣਾ ਸਕਾਂਗਾ। ਸਿਰਫ਼ ਨੂਰ ਹੀ ਵਾਉਚ ਬਣਾਉਣ ਵਿੱਚ ਮਾਹਰ ਸੀ।''
ਸ੍ਰੀਨਗਰ ਵਿੱਚ ਇੱਕ ਮਸ਼ਹੂਰ ਵਾਉਚ ਨਿਰਮਾਤਾ ਨੂਰ ਮੁਹੰਮਦ ਦਾ 15 ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਸ੍ਰੀਨਗਰ ਦੇ ਡਾਊਨਟਾਊਨ ਵਿੱਚ ਅਤੇ ਇਸਦੇ ਆਸ-ਪਾਸ ਵਰਤੋਂ ਵਿੱਚ ਆਉਣ ਵਾਲ਼ੇ ਵਾਉਚ ਉਹਨਾਂ ਦੁਆਰਾ ਬਣਾਏ ਜਾਂਦੇ ਸਨ। ਪੁਰਜ਼ਗਰਾਂ ਨੂੰ ਚਿੰਤਾ ਇਸ ਗੱਲ ਦੀ ਹੈ ਕਿ "ਨੂਰ ਨੇ ਇਹ ਸਿੱਖਿਆ ਸਿਰਫ਼ ਆਪਣੇ ਪੁੱਤਰ ਨੂੰ ਹੀ ਦਿੱਤੀ ਸੀ ਅਤੇ ਉਹਦੇ ਪੁੱਤਰ ਨੂੰ ਵਾਉਚ ਬਣਾਉਣ ਵਿੱਚ ਕੋਈ ਦਿਲਚਸਪੀ ਨਹੀਂ ਹੈ। ਉਹ ਇੱਕ ਨਿੱਜੀ ਬੈਂਕ ਵਿੱਚ ਨੌਕਰੀ ਕਰਦਾ ਹੈ ਜਿਸ ਤੋਂ ਹੋਣ ਵਾਲ਼ੀ ਕਮਾਈ ਵਾਉਚ ਬਣਾਉਣ ਨਾਲ਼ੋਂ ਕਿਤੇ ਬਿਹਤਰ ਹੈ," ਫਿਰੋਜ਼ ਅਹਿਮਦ ਕਹਿੰਦੇ ਹਨ, ਇੱਕ ਨੌਜਵਾਨ ਪੁਰਜ਼ਗਰ , ਜੋ ਮਿਰਜਾਨਪੁਰ ਵਿੱਚ ਇੱਕ ਵਰਕਸ਼ਾਪ ਵਿੱਚ ਕੰਮ ਕਰਦਾ ਹੈ।
30 ਸਾਲਾ ਫਿਰੋਜ਼, ਜੋ ਵਰਕਸ਼ਾਪ ਵਿੱਚ ਬਾਰ੍ਹਾਂ ਹੋਰ ਪੁਰਜ਼ਗਰ ਕਾਰੀਗਰਾਂ ਨਾਲ਼ ਕੰਮ ਕਰਦੇ ਹਨ, ਪਿਛਲੇ ਦੋ ਸਾਲਾਂ ਤੋਂ ਇੱਕ ਅਜਿਹੇ ਵਾਉਚ ਸਹਾਰੇ ਕੰਮ ਕਰ ਰਹੇ ਹਨ ਜਿਸਨੂੰ ਧਾਰ ਨਹੀਂ ਲਾਈ ਗਈ। " ਪੁਰਜ਼ਗਰੀ ਦੇ ਕੰਮ ਵਿੱਚ ਕੋਈ ਤਰੱਕੀ ਨਹੀਂ ਹੋਈ।'' ਉਹ ਅਫਸੋਸ ਨਾਲ਼ ਕਹਿੰਦੇ ਹਨ, "ਮੈਂ ਅੱਜ ਵੀ ਓਨਾ ਹੀ ਕਮਾ ਰਿਹਾ ਹਾਂ, ਜਿੰਨਾ ਮੈਂ 10 ਸਾਲ ਪਹਿਲਾਂ ਕਮਾਉਂਦਾ ਸਾਂ।''

ਸ੍ਰੀਨਗਰ ਦੇ ਅਲੀ ਕਦਲ ਇਲਾਕੇ ਦੇ ਇੱਕ ਲੁਹਾਰ ਅਲੀ ਮੁਹੰਮਦ ਅਹੰਗਰ ਕਹਿੰਦੇ ਹਨ , ' ਮੈਂ ਕੋਸ਼ਿਸ਼ ਕਰਾਂ ਤਾਂ ਵੀ ਮੈਨੂੰ ਯਕੀਨ ਹੈ ਕਿ ਮੈਂ ਵਾਉਚ ਨਹੀਂ ਬਣਾ ਸਕਾਂਗਾ '


ਮਿਰਜਾਨਪੁਰ ਦੀ ਇੱਕ ਵਰਕਸ਼ਾਪ ਵਿੱਚ ਇੱਕ ਪੁਰਜ਼ਗਰ ਕਾਰੀਗਰ ਫਿਰੋਜ਼ ਅਹਿਮਦ ਪਿਛਲੇ ਦੋ ਸਾਲਾਂ ਤੋਂ ਇੱਕ ਅਜਿਹੇ ਵਾਉਚ ਸਹਾਰੇ ਕੰਮ ਕਰ ਰਹੇ ਹਨ ਜਿਸਨੂੰ ਧਾਰ ਨਹੀਂ ਲਾਈ ਗਈ
"ਮੈਂ 40 ਸਾਲਾਂ ਤੋਂ ਇੱਕ ਪੁਰਜ਼ਗਰ ਵਜੋਂ ਕੰਮ ਕਰ ਰਿਹਾ ਹਾਂ। ਮੈਂ ਹੁਣ ਤੱਕ ਇਸ ਕੰਮ ਵਿੱਚ ਕਦੇ ਵੀ ਇੰਨਾ ਮੁਸ਼ਕਲ ਸਮਾਂ ਨਹੀਂ ਵੇਖਿਆ," ਨਜ਼ੀਰ ਅਹਿਮਦ ਭੱਟ ਕਹਿੰਦੇ ਹਨ। "ਵੀਹ ਸਾਲ ਪਹਿਲਾਂ ਮੈਨੂੰ ਇੱਕ ਸ਼ਾਲ ਬਦਲੇ 30 ਰੁਪਏ ਦਿੱਤੇ ਜਾਂਦੇ ਸਨ। ਹੁਣ ਮੈਨੂੰ 50 ਰੁਪਏ ਮਿਲ਼ਦੇ ਹਨ।" ਦੇਖਿਆ ਜਾਵੇ ਤਾਂ ਉਨ੍ਹਾਂ ਦੀ ਕਮਾਈ ਵਿੱਚ ਹਰ ਸਾਲ ਸਿਰਫ਼ ਇੱਕ ਰੁਪਿਆ ਹੀ ਵਾਧਾ ਹੁੰਦਾ ਰਿਹਾ।
ਜੰਮੂ-ਕਸ਼ਮੀਰ ਸਰਕਾਰ ਦੇ ਦਸਤਕਾਰੀ ਅਤੇ ਹੈਂਡਲੂਮ ਵਿਭਾਗ ਦੇ ਅਨੁਸਾਰ, ਪੁਰਜ਼ਗਰਾਂ ਦੀਆਂ ਮੁਸੀਬਤਾਂ ਪਿਛਲੇ ਦਹਾਕੇ ਵਿੱਚ ਕਸ਼ਮੀਰੀ ਸ਼ਾਲਾਂ ਦੇ ਨਿਰਯਾਤ ਦੇ ਅੰਕੜਿਆਂ ਵਿੱਚ ਤੇਜ਼ੀ ਨਾਲ਼ ਆਈ ਗਿਰਾਵਟ ਤੋਂ ਸਾਫ਼ ਝਲਕਦੀਆਂ ਹਨ – ਨਿਰਯਾਤ, ਜੋ 2012-13 ਵਿੱਚ 620 ਕਰੋੜ ਸੀ 2021-22 ਵਿੱਚ ਘੱਟ ਕੇ 165.98 ਕਰੋੜ ਰਹਿ ਗਿਆ।
ਦੋ ਮਹੀਨੇ ਨਿਰੰਤਰ ਵਰਤਣ ਤੋਂ ਬਾਅਦ, ਵਾਉਚ ਨੂੰ ਤਿੱਖਾ ਕਰਨ ਦੀ ਲੋੜ ਪੈਂਦੀ ਹੈ। ਕਾਰੋਬਾਰ ਦੀ ਮੱਠੀ ਪੈਂਦੀ ਚਾਲ਼ ਵਿੱਚ ਕੋਈ ਵਿਰਲ਼ਾ ਹੀ ਲੁਹਾਰ ਬਚਿਆ ਹੋਣਾ ਜੋ ਇਸ ਹੁਨਰ ਨੂੰ ਸਿੱਖਣ ਲਈ ਤਿਆਰ ਹੋਵੇ।
" ਪੁਰਜ਼ਗਰ ਕਾਮੇ ਨਹੀਂ ਜਾਣਦੇ ਕਿ ਵਾਉਚ ਬਣਾਉਣਾ ਕਿਵੇਂ ਹੈ ਤੇ ਤਿੱਖਾ ਕਿਵੇਂ ਕਰਨਾ ਹੈ," ਨਜ਼ੀਰ ਕਹਿੰਦੇ ਹਨ, ਜਿਨ੍ਹਾਂ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਇਸੇ ਕੰਮ ਵਿੱਚ ਰੁੱਝਿਆ ਹੋਇਆ ਹੈ। ਕੁਝ ਲੋਕ ਰੇਤੀ ਨਾਲ਼ ਰਗੜ ਕੇ ਵਾਉਚ ਨੂੰ ਤਿੱਖਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਨਜ਼ੀਰ ਦਾ ਕਹਿਣਾ ਹੈ ਕਿ ਨਤੀਜਾ ਤਸੱਲੀਬਖਸ਼ ਨਹੀਂ ਨਿਕਲ਼ਦਾ।
ਉਹ ਕਹਿੰਦੇ ਹਨ, "ਅਸੀਂ ਜਿਵੇਂ-ਕਿਵੇਂ ਕੰਮ ਸਾਰ ਰਹੇ ਹਾਂ।''

' ਸਾਡੀਆਂ ਤਨਖਾਹਾਂ ਘੱਟ ਹਨ , ਸਾਜ਼ੋ-ਸਾਮਾਨ ਦੀ ਘਾਟ ਹੈ ਅਤੇ ਸਾਡੇ ਕੰਮ ਲਈ ਸਾਨੂੰ ਕੋਈ ਮਾਨਤਾ ਨਹੀਂ ਮਿਲ ਰਹੀ ਹੈ ,' ਨਜ਼ੀਰ ਅਹਿਮਦ ਭੱਟ ਸ਼ਾਲ ਤੋਂ ਬੇਲੋੜੇ ਧਾਗੇ ਤੇ ਰੂੰਏਂ ਨੂੰ ਸਾਫ਼ ਕਰਨ ਦੌਰਾਨ ਕਹਿੰਦੇ ਹਨ


ਖੱਬੇ ਪਾਸੇ: ਨਜ਼ੀਰ ਰੇਤੀ ਦੀ ਵਰਤੋਂ ਕਰਕੇ ਵਾਉਚ ਨੂੰ ਤਿੱਖਾ ਕਰਦੇ ਹੋਏ , ਪਰ ਇਹ ਤਸੱਲੀਬਖਸ਼ ਨਹੀਂ ਹੁੰਦਾ। ਸੱਜੇ ਪਾਸੇ: ਜਾਂਚ ਕਰਦੇ ਹੋਏ ਕਿ ਕੀ ਵਾਉਚ ਦੇ ਕਿਨਾਰੇ ਇੰਨੇ ਕੁ ਤਿੱਖੇ ਹੋ ਗਏ ਹਨ ਕਿ ਨਾਜ਼ੁਕ ਪਸ਼ਮੀਨਾ ਸ਼ਾਲਾਂ ਵਿੱਚੋਂ ਰੂੰਇਆਂ ਨੂੰ ਖਿੱਚਿਆ ਜਾ ਸਕੇ
ਵਰਕਸ਼ਾਪ ਵਿੱਚ ਕੰਮ ਕਰਨ ਵਾਲ਼ੇ ਆਸ਼ਿਕ ਅਹਿਮਦ ਨੇ ਆਪਣੇ ਹੱਥ ਵਿੱਚ ਫੜ੍ਹੇ ਸੰਦ ਦੇ ਦੰਦਿਆਂ ਵੱਲ ਇਸ਼ਾਰਾ ਕਰਦਿਆਂ, "ਦੇਖੋ, ਇਹ ਵਾਉਚ ਤਿੱਖਾ ਨਹੀਂ ਹੈ। ਇੰਝ ਦਿਹਾੜੀ ਵਿੱਚ 2-3 ਸ਼ਾਲਾਂ ਨੂੰ ਪੂਰਾ ਕਰਨਾ ਵੀ ਮੁਸ਼ਕਿਲ ਹੁੰਦਾ ਹੈ। ਉਂਝ ਮੈਂ 200 ਰੁਪਏ ਦਿਹਾੜੀ ਕਮਾਉਂਦਾ ਹਾਂ।'' ਖੁੰਡੇ ਵਾਉਚ ਨਾਲ਼ ਕੰਮ ਕਰਨ ਵਿੱਚ ਵੱਧ ਸਮਾਂ ਲੱਗਦਾ ਹੈ। ਜੇਕਰ ਇਹੀ ਸੰਦ ਤਿੱਖਾ ਹੋਵੇ ਤਾਂ ਉਨ੍ਹਾਂ ਦੇ ਕੰਮ ਦੀ ਗਤੀ ਅਤੇ ਗੁਣਵੱਤਾ ਵੱਧਦੀ ਹੈ ਅਤੇ ਉਸ ਤਰ੍ਹਾਂ ਉਹ 500 ਰੁਪਏ ਦਿਹਾੜੀ ਤੱਕ ਕਮਾ ਸਕਦੇ ਹਨ।
ਲਗਭਗ 40x80 ਇੰਚ ਦੇ ਸਾਦੇ ਪਸ਼ਮੀਨਾ ਸ਼ਾਲਾਂ ਲਈ, ਪੁਰਜ਼ਗਰ ਕਾਮੇ ਪ੍ਰਤੀ ਪੀਸ 50 ਰੁਪਏ ਤੱਕ ਕਮਾ ਸਕਦੇ ਹਨ। ਕਢਾਈ ਵਾਲੀ ਸ਼ਾਲ, ਜਿਸ ਨੂੰ ਸਥਾਨਕ ਤੌਰ 'ਤੇ 'ਕਾਨੀ' ਵਜੋਂ ਜਾਣਿਆ ਜਾਂਦਾ ਹੈ, ਨੂੰ ਸਾਫ਼ ਕਰਨ ਬਦਲੇ ਉਨ੍ਹਾਂ ਨੂੰ ਲਗਭਗ 200 ਰੁਪਏ ਦੀ ਆਮਦਨ ਹੁੰਦੀ ਹੈ।
ਇਨ੍ਹਾਂ ਵਿੱਚੋਂ ਕੁਝ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਵਜੋਂ, ਰਾਜ ਸਰਕਾਰ ਨੇ ਆਪਣੇ ਦਸਤਕਾਰੀ ਅਤੇ ਹੈਂਡਲੂਮ ਵਿਭਾਗ ਅਧੀਨ ਪੁਰਜ਼ਗਰ ਕਾਮਿਆਂ ਨੂੰ ਰਜਿਸਟਰ ਕਰਨ ਲਈ ਪਹਿਲ ਕਦਮੀ ਲੈਣੀ ਸ਼ੁਰੂ ਕੀਤੀ। ਵਿਭਾਗ ਦੇ ਡਾਇਰੈਕਟਰ ਮਹਿਮੂਦ ਅਹਿਮਦ ਸ਼ਾਹ ਦਾ ਕਹਿਣਾ ਹੈ ਕਿ ਇਸ ਸਾਲ ਮਾਰਚ-ਅਪ੍ਰੈਲ ਨੂੰ ਹੋਣ ਵਾਲ਼ੀ ਰਜਿਸਟ੍ਰੇਸ਼ਨ ਨਾਲ਼ ਪੁਰਜ਼ਗਰ ਕਾਮਿਆਂ ਨੂੰ ਅਸਾਨੀ ਨਾਲ਼ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਿੱਚ ਮਦਦ ਮਿਲ਼ੇਗੀ।
ਜਿੱਥੇ ਰਜਿਸਟ੍ਰੇਸ਼ਨ ਨੇ ਚੰਗੇ ਦਿਨਾਂ ਦੀ ਆਮਦ ਦਾ ਵਾਅਦਾ ਕੀਤਾ ਹੈ, ਉੱਥੇ ਹੀ ਪੁਰਜ਼ਗਰ ਕਾਮੇ ਹਾਲ਼ ਦੀ ਘੜੀ ਰੋਜ਼ੀ-ਰੋਟੀ ਕਮਾਉਣ ਲਈ ਸੰਘਰਸ਼ ਕਰ ਰਹੇ ਹਨ।


ਖੱਬੇ ਪਾਸੇ : ਪੁਰਜ਼ਗਰ ਦਾ ਕੰਮ ਕਰਨ ਵਾਲ਼ਾ ਇੱਕ ਮਜ਼ਦੂਰ ਪਸ਼ਮੀਨਾ ਸ਼ਾਲ ਵਿੱਚੋਂ ਫਾਲਤੂ ਤੰਦਾਂ ਤੇ ਰੇਸ਼ਿਆਂ ਨੂੰ ਹਟਾਉਣ ਲਈ ਤੋਰੀ ਦੇ ਸੁੱਕੇ ਝਾਵੇ ਦੀ ਵਰਤੋਂ ਕਰ ਰਿਹਾ ਹੈ । ਸੱਜੇ ਪਾਸੇ: ਪੁਰਜ਼ਗਰ ਵਰਕਰ, ਆਸ਼ਿਕ ਸਵੇਰ ਤੋਂ ਲੈ ਕੇ ਹੁਣ ਤੱਕ ਕੀਤੀ ਸਫਾਈ ਵਿੱਚੋਂ ਨਿਕਲ਼ੇ ਰੇਸ਼ੇ, ਧਾਗੇ ਤੇ ਰੂੰਇਆਂ ਦੀ ਅੱਟੀ ਜਿਹੀ ਦਿਖਾਉਂਦੇ ਹੋਏ


ਖੱਬੇ ਪਾਸੇ : ਖੁਰਸ਼ੀਦ ਅਹਿਮਦ ਭੱਟ ਕਾਨੀ ਸ਼ਾਲ ' ਤੇ ਕੰਮ ਕਰਦੇ ਹੋਏ। ਸੱਜੇ ਪਾਸੇ: ਜੇ ਕੋਈ ਸ਼ਾਲ ਸਟੈਂਡਰਡ 40 x 80 ਇੰਚ ਤੋਂ ਵੱਡੀ ਹੈ , ਤਾਂ ਦੋ ਪੁਰਜ਼ਗਰ ਵਰਕਰ ਲੂਮ ' ਤੇ ਇਕੱਠੇ ਕੰਮ ਕਰਦੇ ਹਨ
ਬਹੁਤ ਸਾਰੇ ਨੌਜਵਾਨ ਪੁਰਜ਼ਗਰ ਕਾਮੇ ਚਿੰਤਤ ਹਨ ਕਿ ਉਹ ਆਪਣੇ ਕਿੱਤੇ ਰਾਹੀਂ ਸਥਿਰ ਆਮਦਨੀ ਕਮਾਉਣ ਦੇ ਯੋਗ ਨਹੀਂ ਹੋ ਪਾਏ। ਫਿਰੋਜ਼ ਕਹਿੰਦੇ ਹਨ, "ਜਦੋਂ ਮੈਨੂੰ ਮੌਕਾ ਮਿਲੇਗਾ, ਮੈਂ ਕੋਈ ਹੋਰ ਕੰਮ ਕਰਾਂਗਾ।'' ਉਨ੍ਹਾਂ ਦੇ ਇੱਕ ਸਾਥੀ ਨੇ ਕਿਹਾ, "ਕੀ ਤੁਸੀਂ ਮੰਨ ਸਕਦੇ ਹੋ ਕਿ ਮੇਰਾ ਵਿਆਹ 45 ਸਾਲ ਦੀ ਉਮਰੇ ਹੋਇਆ? ਕੋਈ ਵੀ ਘੱਟ ਤਨਖਾਹ ਵਾਲ਼ੇ ਪੁਰਜ਼ਗਰ ਕਾਮਿਆਂ ਨਾਲ਼ ਵਿਆਹ ਨਹੀਂ ਕਰਨਾ ਚਾਹੁੰਦਾ। ਹਰ ਕੋਈ ਕਮਾਊ ਦੁਲਹਾ ਚਾਹੁੰਦਾ ਹੈ।"
"ਇਹ ਇੰਨਾ ਸੌਖਾ ਨਹੀਂ ਹੈ,'' 62 ਸਾਲਾ ਫਿਆਜ਼ ਅਹਿਮਦ ਸ਼ਾਲਾ ਅੰਦਰ ਵੜ੍ਹਦਿਆਂ ਕਹਿੰਦੇ ਹਨ। ਉਹ ਦੋ ਨੌਜਵਾਨ ਪੁਰਜ਼ਗਰਾਂ ਦੀ ਗੱਲ ਧਿਆਨ ਨਾਲ਼ ਸੁਣ ਰਹੇ ਸਨ। ਫਿਆਜ਼ ਇਹ ਕੰਮ ਉਦੋਂ ਤੋਂ ਕਰ ਰਹੇ ਹਨ ਜਦੋਂ ਉਹ ਬਾਰ੍ਹਾਂ ਸਾਲਾਂ ਦੇ ਸਨ। ਉਨ੍ਹਾਂ ਬੀਤੇ ਵੇਲ਼ਿਆਂ ਦੀਆਂ ਗੱਲਾਂ ਕਰਦਿਆਂ ਕਿਹਾ,"ਮੈਨੂੰ ਇਹ ਹੁਨਰ ਮੇਰੇ ਪਿਤਾ ਹਬੀਬ-ਉਲ-ਸ਼ਾਲਾ ਤੋਂ ਮਿਲ਼ਿਆ ਹੈ। ਦਰਅਸਲ, ਸ੍ਰੀਨਗਰ ਸ਼ਹਿਰ ਦੇ ਜ਼ਿਆਦਾਤਰ ਲੋਕਾਂ ਨੇ ਇਹ ਕਲਾ ਮੇਰੇ ਪਿਤਾ ਤੋਂ ਹੀ ਸਿੱਖੀ ਹੈ।''
ਅਨਿਸ਼ਚਿਤਤਾਵਾਂ ਦੇ ਬਾਵਜੂਦ, ਫਿਆਜ਼ ਪੁਰਜ਼ਗਰੀ ਛੱਡਣ ਲਈ ਤਿਆਰ ਨਹੀਂ ਹਨ। ਉਨ੍ਹਾਂ ਨੇ ਕੋਈ ਹੋਰ ਕੰਮ ਕਰਨ ਦੇ ਵਿਚਾਰ ਨੂੰ ਖਾਰਜ ਕਰਦਿਆਂ ਕਿਹਾ, "ਮੈਨੂੰ ਕਿਸੇ ਹੋਰ ਕੰਮ ਦੀ ਥੋੜ੍ਹੀ ਜਿਹੀ ਵੀ ਜਾਣਕਾਰੀ ਨਹੀਂ ਹੈ।'' ਆਪਣੇ ਹੁਨਰਮੰਦ ਹੱਥਾਂ ਨਾਲ਼ ਪਸ਼ਮੀਨਾ ਸ਼ਾਲ ਦੇ ਰੇਸ਼ੇ ਖਿੱਚਦਿਆਂ ਉਨ੍ਹਾਂ ਕਿਹਾ, "ਮੈਨੂੰ ਸਿਰਫ਼ ਪੁਰਜ਼ਗਰੀ ਦਾ ਹੀ ਪਤਾ ਹੈ।"
ਤਰਜਮਾ: ਕਮਲਜੀਤ ਕੌਰ