ਇਹ ਵਤਸਲਾ ਹੀ ਸੀ ਜਿਹਨੇ ਮਨੀਰਾਮ ਦੀ ਜ਼ਿੰਦਗੀ ਬਚਾਈ।
''ਅਸੀਂ ਪਾਂਡਵ ਫਾਲ (ਝਰਨਾ) ਦੇਖਣ ਗਏ ਸਾਂ,'' ਮਨੀਰਾਮ ਗੱਲ ਸ਼ੁਰੂ ਕਰਦੇ ਹਨ,''ਤੇ ਵਤਸਲਾ ਚਰਨ ਲਈ ਇੱਧਰ-ਉੱਧਰ ਫਿਰਨ ਲੱਗੀ। ਜਿਓਂ ਹੀ ਮੈਂ ਚੀਤਾ ਦੇਖਿਆ ਮੈਂ ਵਤਸਲਾ ਨੂੰ ਮੋੜਨ ਲਈ ਉਹਦੇ ਵੱਲ ਭੱਜਿਆ।''
ਜਦੋਂ ਮਨੀਰਾਮ ਮਦਦ ਲਈ ਚੀਕਿਆ,''ਉਹ ਭੱਜਦੀ ਹੋਈ ਆਈ ਤੇ ਆਪਣਾ ਅਗਲਾ ਪੈਰ ਇਓਂ ਚੁੱਕਿਆ ਕਿ ਮੈਂ ਉਹਦੀ ਪਿੱਠ 'ਤੇ ਚੜ੍ਹ ਸਕਾਂ। ਜਿਓਂ ਹੀ ਮੈਂ ਉਹਦੀ ਪਿੱਠ 'ਤੇ ਬੈਠਾ, ਗੁੱਸੇ ਵਿੱਚ ਉਹਨੇ ਆਪਣੇ ਪੈਰ ਚੁੱਕੇ ਤੇ ਰੁੱਖ ਪਾੜਨ ਲੱਗੀ। ਚੀਤਾ ਭਾਗ ਗਯਾ, '' ਸੁਰਖ਼ਰੂ ਹੋਇਆ ਮਹਾਵਤ ਬੋਲਦਾ ਰਿਹਾ।
ਦਰਅਸਲ ਵਤਸਲਾ ਪੰਨਾ ਟਾਈਗਰ ਰਿਜ਼ਰਵ ਦੀ ਸਭ ਤੋਂ ਬਜ਼ੁਰਗ ਹਾਥੀ/ਹਥਣੀ ਮੰਨੀ ਜਾਂਦੀ ਹੈ ਜਿਹਦੀ ਉਮਰ 100 ਤੋਂ ਵੀ ਵੱਧ ਹੋਣ ਦਾ ਕਿਆਸ ਹੈ- ਇਹੀ ਗੱਲ ਉਹਨੂੰ ਦੁਨੀਆ ਦਾ ਸਭ ਤੋਂ ਵੱਡ-ਉਮਰਾ ਹਾਥੀ ਬਣਾ ਦਿੰਦੀ ਹੈ। ''ਕੋਈ ਉਹਦੀ ਉਮਰ 110 ਸਾਲ ਦੱਸਦਾ ਹੈ ਤੇ ਕੋਈ 115 ਸਾਲ। ਮੈਨੂੰ ਜਾਪਦਾ ਹੈ ਉਹ ਸਹੀ ਕਹਿੰਦੇ ਨੇ,'' ਮਨੀਰਾਮ ਕਹਿੰਦੇ ਹਨ, ਇਹ ਗੋਂਡ ਆਦਿਵਾਸੀ 1996 ਤੋਂ ਵਤਸਲਾ ਦੀ ਦੇਖਭਾਲ਼ ਕਰਦਾ ਆਇਆ ਹੈ।
ਵਤਸਲਾ ਏਸ਼ੀਆਈ ਹਾਥੀ (ਐਲਫਾਸ ਮੈਕਸੀਮਸ) ਹੈ ਜੋ ਕੇਰਲਾ ਤੇ ਮੱਧ ਪ੍ਰਦੇਸ਼ ਵੀ ਰਹਿ ਚੁੱਕੀ ਹੈ। ਮਨੀਰਾਮ ਦਾ ਕਹਿਣਾ ਹੈ ਕਿ ਉਂਝ ਭਾਵੇਂ ਦੇਖਿਆ ਉਹ ਨਿਮਰ ਤੇ ਮਲ਼ੂਕ ਜਿਹੀ ਲੱਗਦੀ ਹੋਵੇ ਪਰ ਛੋਟੇ ਹੁੰਦਿਆਂ ਉਹਦੇ ਉਗਰ ਹੋਣ ਦੀ ਪੂਰੀ ਸੰਭਾਵਨਾ ਰਹਿੰਦੀ ਰਹੀ। ਸਮੇਂ ਦੇ ਨਾਲ਼ ਕਮਜ਼ੋਰ ਪੈ ਚੁੱਕੀ ਨਜ਼ਰ ਤੇ ਘੱਟ ਚੁੱਕੀ ਸੁਣਨਸ਼ਕਤੀ ਦੇ ਬਾਵਜੂਦ ਵੀ ਉਹ ਆਪਣੇ ਦੋਸਤਾਂ ਦੇ ਝੁੰਡ ਨੂੰ ਕਿਸੇ ਵੀ ਖ਼ਤਰੇ ਤੋਂ ਆਗਾਹ ਕਰਨ ਦੀ ਤਾਕਤ ਰੱਖਦੀ ਹੈ।
ਮਨੀਰਾਮ ਦੱਸਦੇ ਹਨ ਕਿ ਉਹਦੀ ਸੁੰਘਣਸ਼ਕਤੀ ਅਜੇ ਵੀ ਮਜ਼ਬੂਤ ਹੈ ਅਤੇ ਇਹ ਇੱਕ ਪਲ ਵਿੱਚ ਹੀ ਕਿਸੇ ਹੋਰ ਜਾਨਵਰ ਦੀ ਮੌਜੂਦਗੀ ਨੂੰ ਮਹਿਸੂਸ ਕਰ ਸਕਦੀ ਹੈ। ਅਜਿਹੇ ਮਾਮਲਿਆਂ ਵਿੱਚ ਵਤਸਲਾ ਤੁਰੰਤ ਆਪਣੇ ਸਮੂਹ ਨੂੰ ਚੀਕ ਕੇ ਸੰਕੇਤ ਦਿੰਦੀ ਹੈ ਤੇ ਝੁੰਡ ਬੱਚਿਆਂ ਨੂੰ ਆਪਣੇ ਵਿਚਕਾਰ ਮਹਿਫੂਜ ਰੱਖੀ ਇਕੱਠੇ ਹੋ ਤੁਰਨ ਲੱਗਦਾ ਹੈ। ਮਨੀਰਾਮ ਕਹਿੰਦੇ ਹਨ, "ਜੇ ਸਾਹਮਣੇ ਵਾਲ਼ਾ ਜਾਨਵਰ ਝੁੰਡ 'ਤੇ ਹਮਲਾ ਕਰਨ ਵੀ ਲੱਗੇ ਤਾਂ ਉਹ ਆਪਣੀ ਸੁੰਡ ਵਿੱਚ ਕੋਈ ਪੱਥਰ, ਡੰਡਾ ਜਾਂ ਮੋਛਾ ਫੜ੍ਹੀ ਉਹਦਾ ਪਿੱਛਾ ਕਰਦੇ ਹਨ, '' ਮਨੀਰਾਮ ਦੋਬਾਰਾ ਕਹਿੰਦੇ ਹਨ, '' ਪਹਿਲੇ ਬਹੁਤ ਤੇਜ ਥੀ । ''


ਖੱਬੇ: ਮੱਧ ਪ੍ਰਦੇਸ਼ ਦੇ ਪੰਨਾ ਟਾਈਗਰ ਰਿਜ਼ਰਵ ਵਿੱਚ ਵਤਸਲਾ ਅਤੇ ਉਸ ਦਾ ਮਹੌਤ ਮਨੀਰਾਮ। ਸੱਜੇ: ਵਤਸਲਾ ਨੂੰ ਦੁਨੀਆ ਦਾ ਸਭ ਤੋਂ ਪੁਰਾਣਾ ਹਾਥੀ ਮੰਨਿਆ ਜਾਂਦਾ ਹੈ , ਉਹ 100 ਸਾਲ ਤੋਂ ਵੱਧ ਉਮਰ ਦੀ ਹੈ


ਵਤਸਲਾ ਇੱਕ ਏਸ਼ੀਆਈ ਹਾਥੀ (ਐਲੀਫਾਸ ਮੈਕਸੀਮਸ) ਹੈ। ਉਸਦਾ ਜਨਮ ਕੇਰਲ ਵਿੱਚ ਹੋਇਆ ਸੀ ਅਤੇ ਉਸਨੂੰ 1993 ਵਿੱਚ ਮੱਧ ਪ੍ਰਦੇਸ਼ ਦੇ ਹੌਸ਼ੰਗਾਬਾਦ (ਬਦਲਿਆ ਨਾਮ ਨਰਮਦਾਪੁਰਮ) ਲਿਆਂਦਾ ਗਿਆ
ਵਤਸਲਾ ਵਾਂਗ, ਮਨੀਰਾਮ ਵੀ ਸ਼ੇਰ ਹੋਵੇ ਜਾਂ ਕੋਈ ਹੋਰ ਜੰਗਲੀ ਜਾਨਵਰ, ਡਰਦੇ ਨਹੀਂ। 2022 ਦੀ ਰਿਪੋਰਟ ਮੁਤਾਬਕ ਪੰਨਾ ਟਾਈਗਰ ਰਿਜ਼ਰਵ 'ਚ ਕਰੀਬ 57 ਤੋਂ 60 ਸ਼ੇਰ ਹਨ। "ਹਾਥੀ ਕੇ ਸਾਥ ਰਹਤੇ ਥੇ , ਤੋ ਟਾਈਗਰ ਕਾ ਡਰ ਨਹੀਂ ਰਹਤਾ ਥਾ ," ਉਹ ਕਹਿੰਦੇ ਹਨ।
ਪੰਨਾ ਟਾਈਗਰ ਰਿਜ਼ਰਵ ਦੇ ਹਿਨਾਵੁਟਾ ਗੇਟ ਨੇੜੇ ਹਾਥੀ ਦੇ ਵਾੜੇ ਕੋਲ਼ ਪਾਰੀ, ਮਨੀਰਾਮ ਨਾਲ਼ ਗੱਲ ਕਰ ਰਹੀ ਹੁੰਦੀ ਹੈ। ਉੱਥੇ ਹੀ 10 ਕੁ ਹਾਥੀਆਂ ਦਾ ਝੁੰਡ, ਜਿਸ ਵਿੱਚ ਇੱਕ ਬੱਚਾ ਵੀ ਹੈ, ਆਪਣੇ ਪਹਿਲੇ ਖਾਣੇ ਦੀ ਉਡੀਕ ਕਰ ਰਿਹਾ ਹੁੰਦਾ ਹੈ। ਮਨੀਰਾਮ ਸਾਨੂੰ ਵਤਸਲਾ ਕੋਲ਼ ਲੈ ਜਾਂਦੇ ਹਨ, ਜੋ ਇੱਕ ਰੁੱਖ ਦੇ ਹੇਠਾਂ ਖੜ੍ਹੀ ਸੀ। ਜ਼ਮੀਨ ਵਿੱਚ ਗੱਡੇ ਲੱਕੜ ਦੇ ਕਿੱਲਿਆਂ ਨਾਲ਼ ਉਹਦੀਆਂ ਲੱਤਾਂ ਸੰਗਲਾਂ (ਆਰਜ਼ੀ) ਨਾਲ਼ ਬੰਨ੍ਹੀਆਂ ਹਨ। ਵਤਸਲਾ ਦੇ ਨੇੜੇ ਹੀ ਕ੍ਰਿਸ਼ਨਾਕਲੀ ਆਪਣੇ ਦੋ ਮਹੀਨੇ ਦੇ ਬੱਚੇ ਨਾਲ਼ ਖੜ੍ਹੀ ਸੀ।
ਵਤਸਲਾ ਦਾ ਆਪਣਾ ਕੋਈ ਬੱਚਾ ਨਹੀਂ ਹੈ। "ਪਰ ਉਹ ਹਮੇਸ਼ਾ ਦੂਜੇ ਹਾਥੀਆਂ ਦੇ ਬੱਚਿਆਂ ਦੀ ਦੇਖਭਾਲ਼ ਕਰਦੀ ਹੈ। ਦੂਸਰੀ ਕੀ ਬੱਚੀਓਂ ਕੋ ਬਹੁਤ ਚਾਹਤੀ ਹੈ ," ਮਨੀਰਾਮ ਉਦਾਸੀ ਭਰੀ ਮੁਸਕਾਨ ਲਈ ਕਹਿੰਦੇ ਹਨ, "ਉਹ ਬੱਚਿਆਂ ਨਾਲ਼ ਖੇਡਦੀ ਹੈ।''
*****
ਜਿੱਥੋਂ ਤੱਕ ਮੱਧ ਪ੍ਰਦੇਸ਼ ਦੇ ਉੱਤਰ-ਪੂਰਬੀ ਖੇਤਰ ਦੇ ਪੰਨਾ ਜ਼ਿਲ੍ਹੇ ਦਾ ਸਬੰਧ ਹੈ, ਵਤਸਲਾ ਅਤੇ ਮਨੀਰਾਮ ਦੋਵੇਂ ਪ੍ਰਵਾਸੀ ਹਨ, ਜਿੱਥੇ 50 ਪ੍ਰਤੀਸ਼ਤ ਤੋਂ ਵੱਧ ਦਾ ਖੇਤਰ ਜੰਗਲਾਂ ਨਾਲ਼ ਢਕਿਆ ਹੋਇਆ ਹੈ। ਕੇਰਲ 'ਚ ਜਨਮੀ ਵਤਸਲਾ ਨੂੰ 1993 'ਚ ਮੱਧ ਪ੍ਰਦੇਸ਼ ਦੇ ਹੌਸ਼ੰਗਾਬਾਦ (ਬਦਲਿਆ ਨਾਮ ਨਰਮਦਾਪੁਰਮ) ਲਿਆਂਦਾ ਗਿਆ। ਮਨੀਰਾਮ ਦਾ ਜਨਮ ਅਤੇ ਪਾਲਣ-ਪੋਸ਼ਣ ਉੱਥੇ ਹੋਇਆ ਸੀ ਅਤੇ ਉੱਥੇ ਹੀ ਉਹ ਵਤਸਲਾ ਨੂੰ ਪਹਿਲੀ ਵਾਰ ਮਿਲ਼ੇ ਸਨ।
"ਮੈਨੂੰ ਸ਼ੁਰੂ ਤੋਂ ਹਾਥੀਆਂ ਨਾਲ਼ ਪ੍ਰੇਮ ਰਿਹਾ ਹੈ," 50 ਸਾਲਾ ਮਨੀਰਾਮ ਕਹਿੰਦੇ ਹਨ। ਉਨ੍ਹਾਂ ਦੇ ਪਰਿਵਾਰ ਵਿੱਚ ਕਿਸੇ ਨੇ ਵੀ ਮਹੌਤ ਵਜੋਂ ਕੰਮ ਨਹੀਂ ਕੀਤਾ। ਉਨ੍ਹਾਂ ਦੇ ਪਿਤਾ ਆਪਣੀ ਪੰਜ ਏਕੜ ਜ਼ਮੀਨ 'ਤੇ ਖੇਤੀ ਕਰਦੇ ਸਨ ਅਤੇ ਮਨੀਰਾਮ ਦਾ ਬੇਟਾ ਵੀ ਹੁਣ ਕਿਸਾਨ ਹੈ। "ਅਸੀਂ ਗੇਂਹੂ (ਕਣਕ), ਚਨਾ ਅਤੇ ਤਿਲੀ [ਤਿਲ] ਉਗਾਉਂਦੇ ਹਾਂ," ਉਹ ਕਹਿੰਦੇ ਹਨ।
ਕਿਹਾ ਜਾਂਦਾ ਹੈ ਕਿ ਵਤਸਲਾ ਦੀ ਉਮਰ 100 ਸਾਲ ਤੋਂ ਵੱਧ ਹੈ– ਇਹ ਗੱਲ ਉਹਨੂੰ ਦੁਨੀਆ ਦਾ ਸਭ ਤੋਂ ਵੱਡ-ਉਮਰਾ ਹਾਥੀ ਬਣਾਉਂਦੀ ਹੈ, ਉਸ ਦੇ ਮਹੌਤ ਮਨੀਰਾਮ, ਜੋ ਗੋਂਡ ਆਦਿਵਾਸੀ ਭਾਈਚਾਰੇ ਨਾਲ਼ ਸਬੰਧਤ ਹਨ, ਕਹਿੰਦੇ ਹਨ
ਜਦੋਂ ਵਤਸਲਾ ਹੌਸ਼ੰਗਾਬਾਦ ਪਹੁੰਚੀ ਉਸ ਵੇਲ਼ੇ ਮਨੀਰਾਮ ਕਿਸੇ ਮਹਾਵਤ ਦੇ ਸਹਾਇਕ ਸਨ। "ਉਸ (ਵਤਸਲਾ) ਨੂੰ ਇੱਕ ਲਾਰੀ ਵਿੱਚ ਮੋਛੇ ਲੱਦਣ ਦਾ ਕੰਮ ਸੌਂਪਿਆ ਗਿਆ," ਉਹ ਯਾਦ ਕਰਦੇ ਹਨ। ਕੁਝ ਸਾਲਾਂ ਬਾਅਦ, ਵਤਸਲਾ ਨੂੰ ਪੰਨਾ ਜੰਗਲ ਭੇਜ ਦਿੱਤਾ ਗਿਆ। "ਫਿਰ, ਕੁਝ ਸਾਲਾਂ ਬਾਅਦ, ਪੰਨਾ ਦੇ ਮਹਾਵਤ ਨੇ ਤਬਾਦਲਾ ਕਰਾਇਆ ਤੇ ਉੱਥੋਂ ਚਲਿਆ ਗਿਆ, ਇੰਝ ਮੈਨੂੰ ਉਸ ਅਹੁਦੇ 'ਤੇ ਨਿਯੁਕਤ ਕਰ ਦਿੱਤਾ," ਯਾਦ ਕਰਦਿਆਂ ਮਨੀਰਾਮ ਕਹਿੰਦੇ ਹਨ। ਉਦੋਂ ਤੋਂ, ਉਹ ਪੰਨਾ ਟਾਈਗਰ ਰਿਜ਼ਰਵ ਵਿਖੇ ਆਪਣੇ ਦੋ ਕਮਰਿਆਂ ਦੇ ਘਰ ਵਿੱਚ ਰਹਿ ਰਹੇ ਹਨ ਅਤੇ ਇਸ ਬਜ਼ੁਰਗ ਹਾਥੀ ਦੀ ਦੇਖਭਾਲ਼ ਕਰ ਰਹੇ ਹਨ।
ਆਪਣੇ ਦੋਸਤ ਵਾਂਗ, ਮਨੀਰਾਮ ਜੰਗਲਾਤ ਵਿਭਾਗ ਦੇ ਸਥਾਈ ਕਰਮਚਾਰੀ ਨਹੀਂ ਹਨ। ਉਹ ਕਹਿੰਦੇ ਹਨ, " ਜਬ ਸ਼ਾਸਨ ਰਿਟਾਇਰ ਕਰਾ ਦੇਂਗੇ , ਤਬ ਚਲੇ ਜਾਏਂਗੇ। '' ਉਨ੍ਹਾਂ ਦਾ 21,000 ਰੁਪਏ ਪ੍ਰਤੀ ਮਹੀਨਾ ਦਾ ਇਕਰਾਰਨਾਮਾ ਸਾਲਾਨਾ ਨਵਿਆਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਪੱਕਾ ਪਤਾ ਨਹੀਂ ਹੈ ਕਿ ਉਹ ਕਿੰਨੇ ਸਮੇਂ ਤੱਕ ਹੋਰ ਕੰਮ ਕਰ ਸਕਣਗੇ।
"ਮੇਰਾ ਦਿਨ ਸਵੇਰੇ 5 ਵਜੇ ਸ਼ੁਰੂ ਹੁੰਦਾ ਹੈ," ਮਨੀਰਾਮ ਕਹਿੰਦੇ ਹਨ,"ਮੈਂ ਦਲੀਆ ਪਕਾਉਂਦਾ ਤੇ ਵਤਸਲਾ ਨੂੰ ਖੁਆਉਂਦਾ ਹਾਂ ਅਤੇ ਫਿਰ ਉਹਨੂੰ ਜੰਗਲ ਵਿੱਚ ਛੱਡ ਦਿੰਦਾ ਹਾਂ।" ਜਿੰਨਾ ਚਿਰ ਉਹ ਆਪਣੇ 20 (ਜਾਂ ਵੱਧ) ਹੋਰ ਦੋਸਤ ਹਾਥੀਆਂ ਨਾਲ਼ ਚਰ ਰਹੀ ਹੁੰਦੀ ਹੈ, ਉਹ ਉਹਦਾ ਵਾੜਾ ਸਾਫ਼ ਕਰਕੇ ਰਾਤ ਵਾਸਤੇ 10 ਕਿੱਲੋ ਹੋਰ ਦਲੀਆ ਰਿੰਨ੍ਹ ਲੈਂਦੇ ਹਨ। ਫਿਰ ਉਹ ਆਪਣੇ ਲਈ ਦਾਲ਼ ਚੌਲ਼ ਤਿਆਰ ਕਰਦੇ ਹਨ। ਹਾਥੀ 4 ਵਜੇ ਵਾਪਸ ਮੁੜਦੇ ਹਨ ਤੇ ਇਹੀ ਸਮਾਂ ਵਾਤਸਾਲਾ ਦੇ ਨਹਾਉਣ ਦਾ ਵੀ ਹੁੰਦਾ ਹੈ। ਇਸ ਤੋਂ ਬਾਅਦ ਵਤਸਾਲਾ ਖਾਣਾ ਖਾਂਦੀ ਹੈ, ਇੰਝ ਇੱਕ ਦਿਨ ਪੂਰਾ ਹੁੰਦਾ ਹੈ।
"ਉਹ ਖੂਬ ਚੌਲ਼ ਖਾਇਆ ਕਰਦੀ ਜਦੋਂ ਉਹ ਕੇਰਲ ਵਿੱਚ ਸੀ," ਮਨੀਰਾਮ ਕਹਿੰਦੇ ਹਨ। ਪਰ 15 ਸਾਲ ਪਹਿਲਾਂ ਚੀਜ਼ਾਂ ਉਦੋਂ ਬਦਲੀਆਂ ਜਦੋਂ ਰਾਮ ਬਹਾਦੁਰ ਨਾਮ ਦੇ ਇੱਕ ਨਰ ਹਾਥੀ ਨੇ 90-100 ਸਾਲਾ ਵਤਸਲਾ 'ਤੇ ਹਮਲਾ ਕਰ ਦਿੱਤਾ। ਨਤੀਜੇ ਵਜੋਂ, ਉਸ ਦੀ ਪਿੱਠ ਅਤੇ ਪੇਟ 'ਤੇ ਸੱਟਾਂ ਲੱਗੀਆਂ। ਡਾਕਟਰ ਨੂੰ ਬੁਲਾਇਆ ਗਿਆ। "ਡਾਕਟਰ ਸਾਬ ਅਤੇ ਮੈਂ ਉਹਦੀ ਦੇਖਭਾਲ਼ ਕਰਦੇ ਰਹੇ," ਮਨੀਰਾਮ ਕਹਿੰਦੇ ਹਨ। ਪਰ ਹਮਲੇ ਨੇ ਉਸਨੂੰ ਬਹੁਤ ਕਮਜ਼ੋਰ ਕਰ ਦਿੱਤਾ ਅਤੇ ਉਹਦੀ ਖੁਰਾਕ ਵਿੱਚ ਤਬਦੀਲੀਆਂ ਕਰਨ ਦੀ ਲੋੜ ਆਣ ਪਈ ਤਾਂ ਜੋ ਉਸਨੂੰ ਗੁਆਚੀ ਹੋਈ ਕੁਝ ਊਰਜਾ ਨੂੰ ਮੁੜ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਜਾ ਸਕੇ।


ਖੱਬੇ: ਜੰਗਲਾਤ ਇੰਚਾਰਜ ਆਸ਼ੀਸ਼ ਹਾਥੀਆਂ ਲਈ ਦਲੀਆ ਤਿਆਰ ਕਰ ਰਹੇ ਹਨ। ਸੱਜੇ: ਮਨੀਰਾਮ, ਵਤਸਲਾ ਨੂੰ ਨਾਸ਼ਤਾ ਕਰਾਉਣ ਲਿਜਾਂਦੇ ਹੋਏ


15 ਸਾਲ ਪਹਿਲਾਂ ਚੀਜ਼ਾਂ ਉਦੋਂ ਬਦਲੀਆਂ ਜਦੋਂ ਰਾਮ ਬਹਾਦੁਰ ਨਾਮ ਦੇ ਇੱਕ ਨਰ ਹਾਥੀ ਨੇ 90-100 ਸਾਲਾ ਵਤਸਲਾ 'ਤੇ ਹਮਲਾ ਕਰ ਦਿੱਤਾ। ਨਤੀਜੇ ਵਜੋਂ, ਉਸ ਦੀ ਪਿੱਠ ਅਤੇ ਪੇਟ 'ਤੇ ਸੱਟਾਂ ਲੱਗੀਆਂ। 'ਹਮਲੇ ਨੇ ਉਸਨੂੰ ਬਹੁਤ ਕਮਜ਼ੋਰ ਕਰ ਦਿੱਤਾ ਅਤੇ ਉਹਦੀ ਖੁਰਾਕ ਵਿੱਚ ਤਬਦੀਲੀਆਂ ਕਰਨ ਦੀ ਲੋੜ ਆਣ ਪਈ ਤਾਂ ਜੋ ਉਸਨੂੰ ਗੁਆਚੀ ਹੋਈ ਕੁਝ ਊਰਜਾ ਨੂੰ ਮੁੜ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਜਾ ਸਕੇ,' ਉਹਦੇ ਮਹੌਤ ਕਹਿੰਦੇ ਹਨ
ਉਸ ਹਾਦਸੇ ਤੋਂ ਬਾਅਦ ਉਹਨੂੰ ਕੰਮ ਤੋਂ ਰਿਟਾਇਰ ਕਰ ਦਿੱਤਾ। ਹੁਣ ਉਹਨੂੰ ਲਾਰੀ ਵਿੱਚ ਮੋਛੇ ਲੱਦਣ ਦੇ ਕੰਮ ਤੋਂ ਹਟਾ ਕੇ ਸ਼ੇਰਾਂ ਦਾ ਪਤਾ ਲਗਾਉਣ ਅਤੇ ਜੰਗਲ ਵਿੱਚ ਗਸ਼ਤ ਕਰਨ ਦੇ ਕੰਮ ਲਾ ਦਿੱਤਾ ਗਿਆ।
ਜਦੋਂ ਦੋਵੇਂ ਦੋਸਤ ਇੱਕ ਦੂਜੇ ਤੋਂ ਜੁਦਾ ਹੁੰਦੇ ਹਨ ਤਾਂ ਦੋਵੇਂ ਹੀ ਇੱਕ ਦੂਜੇ ਲਈ ਬੜਾ ਤਰਸਦੇ ਹਨ। "ਜਦੋਂ ਮੈਂ ਘਰ ਹੁੰਦਾ ਹਾਂ ਤਾਂ ਵੀ ਉਹਨੂੰ ਹੀ ਚੇਤੇ ਕਰਦਾ ਰਹਿੰਦਾ ਹਾਂ। ਮੈਂ ਇਹੀ ਸੋਚਦਾ ਰਹਿੰਦਾ ਕੀ ਉਹ ਠੀਕ ਹੋਵੇਗੀ, ਕੀ ਉਹਨੂੰ ਰੱਜਵਾਂ ਖਾਣਾ ਖਾ ਲਿਆ ਹੋਣਾ ਜਾਂ ਨਹੀਂ..." ਹਾਥੀ ਵੀ ਆਪਣੇ ਦੋਸਤ ਬਾਰੇ ਇਹੀ ਖਿਆਲ ਰੱਖਦਾ ਹੈ- ਜੇ ਵਤਸਲਾ ਦਾ ਮਹੌਤ ਇੱਕ ਹਫ਼ਤੇ ਤੋਂ ਵੱਧ ਸਮੇਂ ਲਈ ਛੁੱਟੀ ਲੈ ਲਵੇ ਤਾਂ ਉਹ ਰੱਜਵਾਂ ਖਾਣਾ ਨਹੀਂ ਖਾਂਦੀ।
ਮਨੀਰਾਮ ਕਹਿੰਦੇ ਹਨ, " ਉਸਕੋ ਪਤਾ ਚਲਤੀ ਹੈ ਕਿ ਅਬ ਮਹਾਵਤ ਸਭ ਆ ਗਏ । '' ਜੇ ਉਹ ਗੇਟ 'ਤੇ ਖੜ੍ਹਿਆ ਹੋਵੇ ਜਾਂ 400-500 ਮੀਟਰ ਦੀ ਦੂਰ ਹੀ ਹੋਵੇ ਤਾਂ ਉਹ ਚੀਕ ਕੇ ਉਹਦਾ ਸਵਾਗਤ ਕਰਦੀ ਹੈ।
ਸਾਲਾਂ ਦੇ ਰਿਸ਼ਤੇ ਵਿੱਚ ਹੋਰ-ਹੋਰ ਮਜ਼ਬੂਤੀ ਆਉਂਦੀ ਚਲੀ ਗਈ। "ਮੇਰੀ ਦਾਦੀ ਜੈਸੀ ਲੱਗਤੀ ਹੈ ," ਇੰਨਾ ਕਹਿ ਉਹ ਠਹਾਕਾ ਲਾਉਂਦੇ ਹਨ।
ਪੱਤਰਕਾਰ ਦੇਵਾਸ਼੍ਰੀ ਸੋਮਾਨੀ ਦਾ ਇਸ ਸਟੋਰੀ ਲਈ ਮਦਦ ਦੇਣ ਲਈ ਸ਼ੁਕਰੀਆ ਅਦਾ ਕਰਦੇ ਹਨ।
ਤਰਜਮਾ: ਕਮਲਜੀਤ ਕੌਰ