ਗਨੀ ਸਾਮਾ 37 ਸਾਲਾ ਕੁਦਰਤਵਾਦੀ ਅਤੇ ਨਲ ਸਰੋਵਰ ਝੀਲ ਵਿੱਚ ਇੱਕ ਕਿਸ਼ਤੀ ਚਾਲਕ ਹਨ ਜੋ ਗੁਜਰਾਤ ਦੀ ਪੰਛੀ ਰੱਖ (bird sanctuary)ਵੱਜੋ ਜਾਣੀ ਜਾਂਦੀ ਹੈ। ਅਹਿਮਦਾਬਾਦ ਜ਼ਿਲ੍ਹੇ ਦੀ ਵਿਰਮਗਾਮ ਤਹਿਸੀਲ ਵਿੱਚ 120 ਵਰਗ ਕਿਲੋਮੀਟਰ ਦੇ ਘੇਰੇ ਵਿੱਚ ਫੈਲੀ ਇਹ ਝੀਲ ਆਰਕਟਿਕ ਮਹਾਸਾਗਰ ਤੋਂ ਹਿੰਦ ਮਹਾਸਾਗਰ ਤੱਕ ਮੱਧ ਏਸ਼ੀਆਈ ਫਲਾਈਵੇਅ (Central Asian Flyway) ਰਾਹੀਂ ਆਉਣ ਵਾਲੇ ਬਹੁਤ ਸਾਰੇ ਪ੍ਰਵਾਸੀ ਪੰਛੀਆਂ ਨੂੰ ਆਕਰਸ਼ਿਤ ਕਰਦੀ ਹੈ।
“ਮੈਂ ਪੰਛੀਆਂ ਦੀਆਂ 350 ਤੋਂ ਵੀ ਵੱਧ ਕਿਸਮਾਂ ਨੂੰ ਪਛਾਣ ਸਕਦਾ ਹਾਂ,” ਉਹ ਕਹਿੰਦੇ ਹਨ, ਜਿਸ ਵਿੱਚ ਨਲ ਸਰੋਵਰ ’ਤੇ ਆਉਣ ਵਾਲੀਆਂ ਇਹਨਾਂ ਪ੍ਰਵਾਸੀ ਪੰਛੀਆਂ ਦੀਆਂ ਕਿਸਮਾਂ ਵੀ ਸ਼ਾਮਿਲ ਹਨ। “ਪਹਿਲਾਂ ਇੱਥੇ ਪੰਛੀਆਂ ਦੀਆਂ ਕਰੀਬ 240 ਕਿਸਮਾਂ ਦਿਖਦੀਆਂ ਸਨ, ਪਰ ਹੁਣ ਇਹ ਗਿਣਤੀ 315 ਨੂੰ ਵੀ ਪਾਰ ਕਰ ਚੁੱਕੀ ਹੈ।”
ਗਨੀ ਨੇ ਆਪਣਾ ਬਚਪਨ ਇਸ ਝੀਲ ਦੇ ਆਲੇ-ਦੁਆਲੇ ਹੀ ਬਤੀਤ ਕੀਤਾ ਹੈ। “ਮੇਰੇ ਪਿਤਾ ਅਤੇ ਮੇਰੇ ਦਾਦਾ ਜੀ ਇੰਨ੍ਹਾਂ ਪੰਛੀਆਂ ਦੀ ਸਾਂਭ-ਸੰਭਾਲ ਵਿੱਚ ਜੰਗਲਾਤ ਵਿਭਾਗ ਦੀ ਮਦਦ ਕਰਿਆ ਕਰਦੇ ਸਨ ਅਤੇ ਮੈਂ ਵੀ ਹੁਣ ਇਹੀ ਕਰਦਾ ਹਾਂ,” ਉਹ ਕਹਿੰਦੇ ਹਨ। “1997 ਵਿੱਚ [ਜਦੋਂ] ਮੈਂ ਇਹ ਕੰਮ ਸ਼ੁਰੂ ਕੀਤਾ ਸੀ, ਕਦੇ-ਕਦਾਈਂ ਮੈਨੂੰ ਕੰਮ ਮਿਲ ਜਾਂਦਾ ਸੀ ਅਤੇ ਕਦੇ-ਕਦੇ ਕੁਝ ਵੀ ਨਹੀਂ,” ਉਹ ਯਾਦ ਕਰਦੇ ਹਨ।
ਹਾਲਾਤ ਉਦੋਂ ਬਦਲੇ, ਜਦੋਂ 2004 ਵਿੱਚ ਜੰਗਲਾਤ ਵਿਭਾਗ ਨੇ ਪੰਛੀਆਂ ਦੀ ਸਾਂਭ-ਸੰਭਾਲ ਅਤੇ ਗਸ਼ਤ ਲਈ ਉਹਨਾਂ ਨੂੰ ਕਿਸ਼ਤੀ ਚਾਲਕ ਵਜੋਂ ਨੌਕਰੀ ’ਤੇ ਰੱਖ ਲਿਆ ਅਤੇ, “ਹੁਣ ਮੈਂ ਮਹੀਨੇ ਦੇ 19,000 ਰੁਪਏ ਦੇ ਲਗਭਗ ਕਮਾ ਲੈਂਦਾ ਹੈ।”


ਗੁਜਰਾਤ ਦੀ ਨਲ ਸਰੋਵਰ ਝੀਲ ਵਿੱਚ ਇੱਕ ਕਿਸ਼ਤੀ ’ਤੇ ਆਪਣੇ ਕੈਮਰੇ ਅਤੇ ਸਾਜੋ-ਸਮਾਨ ਨਾਲ ਫੋਟੋਆਂ ਖਿੱਚਣ ਲਈ ਪੰਛੀਆਂ ਨੂੰ ਦੇਖਦੇ ਹੋਏ ਗਨੀ


ਖੱਬੇ: ਪਾਣੀ ’ਤੇ ਇੱਕ ਪੰਛੀ ਵੱਲ ਇਸ਼ਾਰਾ ਕਰਦੇ ਹੋਏ ਗਨੀ। ਸੱਜੇ: ਇਸ ਪੰਛੀ ਰੱਖਾ (ਸੈਂਕਚੁਰੀ) ਵਿੱਚ ਵੱਖ-ਵੱਖ ਪੰਛੀ ਆਉਂਦੇ ਹਨ
ਤੀਜੀ ਪੀੜ੍ਹੀ ਦੇ ਇਹ ਕਿਸ਼ਤੀ ਚਾਲਕ ਅਤੇ ਪੰਛੀਆਂ ਦੇ ਸ਼ੌਕੀਨ ਵੇਕਰੀਆ ਪਿੰਡ ਵਿੱਚ ਵੱਡੇ ਹੋਏ ਹਨ ਜੋ ਕਿ ਨਲ ਸਰੋਵਰ ਤੋਂ ਤਿੰਨ ਕਿਲੋਮੀਟਰ ਦੂਰ ਪੈਂਦਾ ਹੈ। ਇਸ ਝੀਲ ’ਤੇ ਸੈਰ-ਸਪਾਟੇ ਨਾਲ ਸਬੰਧਤ ਕੰਮ ਹੀ ਪਿੰਡ ਦੇ ਲੋਕਾਂ ਦੀ ਆਮਦਨ ਦਾ ਇੱਕੋ-ਇੱਕ ਸਾਧਨ ਹੈ।
ਗਨੀ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਵਿੱਚ ਕੀਤੀ ਪਰ ਪਰਿਵਾਰ ਦੀ ਵਿੱਤੀ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਸੱਤਵੀਂ ਜਮਾਤ ਤੋਂ ਬਾਅਦ ਸਕੂਲ ਛੱਡਣਾ ਪਿਆ। ਉਹਨਾਂ ਦੇ ਦੋ ਭਰਾ ਅਤੇ ਦੋ ਭੈਣਾ ਹਨ। 14 ਵਰ੍ਹਿਆਂ ਦੀ ਉਮਰ ਵਿੱਚ ਗਨੀ ਨੇ ਨਲ ਸਰੋਵਰ ’ਤੇ ਨਿੱਜੀ ਕਿਸ਼ਤੀ ਚਾਲਕ ਵੱਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ।
ਆਪਣੀ ਰਸਮੀ ਪੜ੍ਹਾਈ ਛੱਡਣ ਦੇ ਬਾਵਜੂਦ ਵੀ ਗਨੀ ਪਹਿਲੀ ਤੱਕਣੀ ਵਿੱਚ ਹੀ ਕਿਸੇ ਪੰਛੀ ਦੀ ਪਛਾਣ ਤੇ ਨਾਮ ਦੱਸ ਸਕਦੇ ਹਨ। ਸ਼ੁਰੂਆਤੀ ਸਮੇਂ ਵਿੱਚ ਕਿਸੇ ਪੇਸ਼ੇਵਰ ਕੈਮਰੇ ਦੀ ਘਾਟ ਉਹਨਾਂ ਨੂੰ ਜੰਗਲੀ ਜੀਵਨ (wildlife) ਦੀਆਂ ਤਸਵੀਰਾਂ ਖਿੱਚਣ ਤੋਂ ਨਹੀਂ ਰੋਕ ਸਕੀ। “ਜਦੋਂ ਮੇਰੇ ਕੋਲ ਕੋਈ ਕੈਮਰਾ ਨਹੀਂ ਸੀ, ਮੈਂ ਆਪਣਾ ਫੋਨ ਦੂਰਬੀਨ ’ਤੇ ਰੱਖ ਕੇ ਪੰਛੀਆਂ ਦੀਆਂ ਫੋਟੋਆਂ ਖਿੱਚਿਆ ਕਰਦਾ ਸੀ।” ਸਾਲ 2023 ਵਿੱਚ ਉਹਨਾਂ ਨੇ Nikon COOLPIX P950 ਕੈਮਰਾ ਅਤੇ ਦੂਰਬੀਨ ਪ੍ਰਾਪਤ ਕੀਤੀ। “ਆਰ. ਜੇ. ਪ੍ਰਜਾਪਤੀ [ਡਿਪਟੀ ਕੰਜਰਵੇਟਰ ਆਫ ਫੋਰੈਸਟ] ਅਤੇ ਡੀ. ਐੱਮ ਸੋਲਾਂਕੀ [ਰੇਂਜ ਫੋਰੈਸਟ ਅਫਸਰ] ਨੇ ਮੈਨੂੰ ਇੱਕ ਕੈਮਰਾ ਅਤੇ ਦੂਰਬੀਰ ਖਰੀਦਣ ’ਚ ਮਦਦ ਕੀਤੀ ਸੀ।”
ਗਨੀ ਨੇ ਖੋਜਕਰਤਾਵਾਂ ਦੀ ਵੀ ਸਹਾਇਤੀ ਕੀਤੀ ਅਤੇ ਇਸਦੇ ਨਾਲ ਉਹਨਾਂ ਦੁਆਰਾ ਨਲ ਸਰੋਵਰ ਵਿਖੇ ਖਿੱਚੀਆਂ ਗਈਆਂ ਪ੍ਰਵਾਸੀ ਪੰਛੀਆਂ ਦੀਆਂ ਤਸਵੀਰਾਂ ਨੂੰ ਅੰਤਰਰਾਸ਼ਟਰੀ ਮਾਨਤਾ ਵੀ ਮਿਲੀ। “ਮੈਂ ਰੂਸ ਦੇ ਇੱਕੋ ਆਲ੍ਹਣੇ ਤੋਂ ਆਏ ਦੋ ਪੰਛੀਆਂ ਦੀਆਂ ਤਸਵੀਰਾਂ ਖਿੱਚੀਆਂ ਸੀ ਜਿਨ੍ਹਾਂ ਨੂੰ U3 ਅਤੇ U4 ਵਜੋਂ ਨਾਮਜਦ ਕੀਤਾ ਗਿਆ ਸੀ। 2022 ਵਿੱਚ, ਮੈਨੂੰ U3 ਮਿਲਿਆ ਜਦੋਂ ਇਹ ਇੱਥੇ ਆਇਆ ਸੀ; ਇਸ ਸਾਲ [2023] ਮੈਨੂੰ U4 ਮਿਲਿਆ। ਜਦੋਂ ਇਹ ਫੋਟੋਆਂ ਵਾਈਲਡਲਾਈਫ ਫੈਡਰੇਸ਼ਨ ਆਫ ਇੰਡੀਆਂ (Wildlife Federation of India) ਦੁਆਰਾ ਇੱਕ ਰੂਸੀ ਵਿਗਿਆਨੀ ਨੂੰ ਭੇਜੀਆਂ ਗਈਆਂ ਤਾਂ ਉਸ ਵਿਗਿਆਨੀ ਨੇ ਦੱਸਿਆ ਕਿ ਇਹ ਪੰਛੀ ਇੱਕੋ ਆਲ੍ਹਣੇ ਤੋਂ ਆਏ ਹਨ। ਦੋਨੋ ਪੰਛੀ ਨਲ ਸਰੋਵਰ ਵਿਖੇ ਆਏ ਸਨ,” ਉਹ ਬੜੇ ਚਾਅ ਨਾਲ ਕਹਿੰਦੇ ਹਨ।
ਉਹਨਾਂ ਦਾ ਕਹਿਣਾ ਹੈ ਕਿ ਰੂਸੀ ਵਿਗਿਆਨੀ ਨੇ ਉਹਨਾਂ ਦੇ ਦ੍ਰਿਸ਼ਾਂ ਨੂੰ ਦਰਜ ਕੀਤਾ ਹੈ। “ਮੈਂਨੂੰ ਡੇਮੋਇਸੇਲ ਕਰੇਨ (ਗਰੁਸ ਵਰਗੋ) ਨਾਮਕ ਕਰੀਬ ਅੱਠ ਰਿੰਗ ਵਾਲੇ ਪੰਛੀ ਮਿਲੇ ਸਨ। ਮੈਂ ਇਹਨਾਂ ਪੰਛੀਆਂ ਦੀਆਂ ਤਸਵੀਰਾਂ ਲਈਆਂ ਸੀ ਜੋ ਉਦੋਂ ਭੇਜੀਆਂ ਗਈਆਂ ਅਤੇ ਦਰਜ ਕੀਤੀਆਂ ਗਈਆਂ ਸਨ।”


ਖੱਬੇ: ਇੱਕ ਸਮੁੰਦਰੀ ਪੰਛੀ ਸੂਟੀ ਟਰਨ (Sooty Tern) ਜੋ ਸਾਲ 2023 ਵਿੱਚ ਬਿਪਰਜੋਏ ਚੱਕਰਵਾਤ ਦੌਰਾਨ ਨਲ ਸਰੋਵਰ ਵਿਖੇ ਆਇਆ ਸੀ। ਸੱਜੇ: ਗਨੀ ਦੁਆਰਾ ਇੱਕ ਬਰਾਊਨ ਨੋਡੀ ਦਾ ਖਿੱਚਿਆ ਗਿਆ ਨਜ਼ਦੀਕੀ ਦ੍ਰਿਸ਼


ਖੱਬੇ: ਝੀਲ ਕੋਲ ਇੱਕ ਸਾਰਸ ਕਰੇਨ (Sarus cranes) ਦਾ ਇੱਕ ਜੋੜਾ। ਸੱਜੇ: ਪਾਣੀ ਵਿੱਚ ਸੂਰਜ ਡੁੱਬਣ ਵੇਲੇ ਗਨੀ ਵੱਲੋਂ ਖਿੱਚੀ ਗਈ ਫਲੇਮਿੰਗੋ (flamingos) ਪੰਛੀਆਂ ਦੀ ਤਸਵੀਰ
ਗਨੀ ਨੇ ਜਲਵਾਯੂ ਪਰਿਵਰਤਨ ਕਾਰਨ ਨਲ ਸਰੋਵਰ ਵਿੱਚ ਹੋ ਰਹੇ ਪਰਿਵਰਤਨ ਨੂੰ ਮਹਿਸੂਸ ਕੀਤਾ ਹੈ। “ਜੂਨ ਮਹੀਨੇ ਗੁਜਰਾਤ ਵਿੱਚ ਆਏ ਬਿਪਰਜੋਏ ਚੱਕਰਵਾਤ ਦੇ ਪ੍ਰਭਾਵ ਕਾਰਨ ਇੱਥੇ ਪਹਿਲੀ ਵਾਰ ਕੁਝ ਨਵੇਂ ਸਮੁੰਦਰੀ ਪੰਛੀਆਂ ਦੀਆਂ ਕਿਸਮਾਂ ਦੇਖਣ ਨੂੰ ਮਿਲੀਆਂ ਸਨ ਜਿਵੇਂ ਕਿ ਬਰਾਊਨ ਨੋਡੀ (Brown noddy/ Anous stolidus ), ਸੂਟੀ ਟਰਨ (Sooty tern/ Onychoprion fuscatus ), ਆਰਕਟਿਕ ਸਕੂਆ (Arctic Skua/ Stercorarius parasiticus ), ਅਤੇ ਬ੍ਰਿਡਲਡ ਟਰਨ (Bridled tern/ Onychoprion anaethetus ).”
ਰੈੱਡ ਬਰੈਸਟਡ ਗੂਜ਼ (Red-breasted goose/ Branta ruficollis ) ਮੱਧ ਏਸ਼ੀਆਈ ਫਲਾਈਵੇਅ (Central Asian Flyway) ਤੋਂ ਹੋ ਕੇ ਇੱਥੇ ਆਉਂਦੀ ਹੈ ਜੋ ਕਿ ਸਰਦੀਆਂ ਵਿੱਚ ਨਲ ਸਰੋਵਰ ਦੀ ਖਿੱਚ ਦਾ ਕੇਂਦਰ ਹੁੰਦੀ ਹੈ। ਇਹ ਪਿਛਲੇ ਤਿੰਨ ਸਾਲਾਂ ਤੋਂ ਇੱਥੇ ਆ ਰਹੀ ਹੈ। ਇਹ ਮੰਗੋਲੀਆ ਅਤੇ ਕਜ਼ਾਕਸਤਾਨ ਵਰਗੇ ਸਥਾਨਾਂ ਤੋਂ ਆਉਂਦੀ ਹੈ। “ਉਹ ਪੰਛੀ ਇੱਥੇ ਪਿਛਲੇ ਤਿੰਨ ਸਾਲਾਂ ਤੋਂ ਆ ਰਿਹਾ ਹੈ। ਇਹ ਇੱਥੇ ਲਗਾਤਾਰ ਆ ਰਿਹਾ ਹੈ,” ਗਨੀ ਦੱਸਦੇ ਹਨ। ਉਹ ਗੰਭੀਰ ਤੌਰ ’ਤੇ ਖਤਰੇ ਵਾਲੀ ਨਸਲ ਸੋਸੀਏਬਲ ਲੋਪਵਿੰਗ (sociable lapwing/ Vanellus gregarius ) ਦਾ ਵੀ ਜ਼ਿਕਰ ਕਰਦੇ ਹਨ ਜੋ ਇਸ ਬਰਡ ਸੈਂਕਚੁਰੀ (bird sanctuary) ਵਿੱਚ ਆਉਂਦਾ ਹੈ।
“ਇੱਕ [ਪੰਛੀ] ਦਾ ਨਾਮ ਮੇਰੇ ਨਾਮ ਉੱਤੇ ਰੱਖਿਆ ਗਿਆ ਹੈ,’ ਕਰੇਨ ਬਾਰੇ ਗੱਲ ਕਰਦੇ ਹੋਏ ਗਨੀ ਕਹਿੰਦੇ ਹਨ। “ਉਹ ਕਰੇਨ ਇਸ ਸਮੇਂ ਰੂਸ ਵਿੱਚ ਹੈ; ਇਹ ਰੂਸ ਚਲਾ ਗਿਆ ਸੀ ਅਤੇ ਫਿਰ ਗੁਜਰਾਤ ਵਾਪਸ ਆਇਆ ਅਤੇ ਦੁਬਾਰਾ ਫਿਰ ਰੂਸ ਵਾਪਸ ਚਲਾ ਗਿਆ,” ਉਹ ਯਾਦ ਕਰਦੇ ਹਨ।
“ਮੈਂ ਅਕਸਰ ਆਪਣੀਆਂ ਤਸਵੀਰਾਂ ਅਖ਼ਬਾਰਾਂ ਵਿੱਚ ਦਿੰਦਾ ਰਹਿੰਦਾ ਹਾਂ। ਉਹ ਮੇਰਾ ਨਾਮ ਨਹੀਂ ਛਾਪਦੇ। ਪਰ ਮੈਂ ਉੱਥੇ ਉਹ ਤਸਵੀਰਾਂ ਦੇਖ ਕੇ ਖੁਸ਼ ਹੁੰਦਾ ਹਾਂ,” ਗਨੀ ਕਹਿੰਦੇ ਹਨ।
ਤਰਜਮਾ: ਇੰਦਰਜੀਤ ਸਿੰਘ