"ਚਾਦਰ ਬਾਦਨੀ ਕਠਪੁਤਲੀ ਦਾ ਸਾਡੇ ਪੁਰਖਿਆਂ ਨਾਲ਼ ਬਹੁਤ ਡੂੰਘਾ ਸਬੰਧ ਰਿਹਾ ਹੈ। ਜਦੋਂ ਮੈਂ ਇਸ ਕਠਪੁਤਲੀ ਦੀ ਡੋਰੀ ਫੜ੍ਹਦਾ ਹਾਂ ਤਾਂ ਮੈਨੂੰ ਇਓਂ ਜਾਪਦਾ ਹੈ ਜਿਓਂ ਉਹ ਮੇਰੇ ਆਲ਼ੇ-ਦੁਆਲ਼ੇ ਜੀ ਉੱਠੀਆਂ ਹੋਣ,'' ਤਪਨ ਮੁਰਮੂ ਕਹਿੰਦੇ ਹਨ।
ਜਨਵਰੀ 2023 ਦੇ ਸ਼ੁਰੂ ਵਿੱਚ, ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਖਜਾਨਪੁਰ ਪਿੰਡ ਦੇ ਇੱਕ ਦੂਰ-ਦੁਰਾਡੇ ਦੇ ਪਿੰਡ, ਸਰਪੁਕੁਰਦੰਗਾ ਵਿੱਚ ਵਾਢੀ ਦੇ ਤਿਉਹਾਰ ਬਾਂਦਨਾ ਦਾ ਆਯੋਜਨ ਕੀਤਾ ਗਿਆ। 30 ਸਾਲਾਂ ਨੂੰ ਢੁਕਣ ਵਾਲ਼ੇ ਤਪਨ ਪੇਸ਼ੇ ਤੋਂ ਕਿਸਾਨ ਹਨ। ਉਨ੍ਹਾਂ ਨੂੰ ਆਪਣੇ ਸੰਤਾਲ ਭਾਈਚਾਰੇ ਦੀ ਅਮੀਰ ਵਿਰਾਸਤ 'ਤੇ ਬੜਾ ਮਾਣ ਹੈ, ਖ਼ਾਸ ਕਰਕੇ ਕਠਪੁਤਲੀ ਦੀ ਮਨਮੋਹਕ ਪੇਸ਼ਕਾਰੀ, ਜਿਸ ਨੂੰ ਚਾਦਰ ਬਾਦਨੀ ਵਜੋਂ ਜਾਣਿਆ ਜਾਂਦਾ ਹੈ।
ਪਾਰੀ ਨਾਲ਼ ਗੱਲ ਕਰਦੇ ਵੇਲ਼ੇ ਤਪਨ ਨੇ ਹੱਥ ਵਿੱਚ ਗੁੰਬਦਨੁਮਾ ਪਿੰਜਰਾ ਫੜ੍ਹਿਆ ਹੋਇਆ ਸੀ, ਜਿਸ ਦੁਆਲ਼ੇ ਜਾਲ਼ੀ ਵਰਗਾ ਲਾਲ ਕੱਪੜਾ ਲਪੇਟਿਆ ਹੋਇਆ ਹੈ। ਇਸ ਦੇ ਅੰਦਰ ਮਨੁੱਖੀ ਸ਼ਕਲ ਦੇ ਬਹੁਤ ਸਾਰੇ ਲੱਕੜ ਦੇ ਬਾਵੇ ਪਏ ਸਨ। ਦਰਅਸਲ ਇਹ ਬਾਵੇ ਹੀ ਕਠਪੁਤਲੀਆਂ ਹਨ ਜਿਨ੍ਹਾਂ ਨੂੰ ਲੀਵਰ, ਬਾਂਸ ਦੀਆਂ ਡੰਡੀਆਂ ਤੇ ਇੱਕ ਰੱਸੀ ਦੀ ਗੁੰਝਲਦਾਰ ਪ੍ਰਣਾਲੀ ਨਾਲ਼ ਚਲਾਇਆ ਜਾਣਾ ਹੈ।
"ਮੇਰੇ ਪੈਰਾਂ ਵੱਲ ਦੇਖੋ, ਦੇਖੋ ਮੈਂ ਇਨ੍ਹਾਂ ਬਾਵਿਆਂ ਨੂੰ ਕਿਵੇਂ ਨਚਾਉਂਦਾ ਹਾਂ," ਕਿਸਾਨ ਦੇ ਪੈਰ ਸੁੱਤੇਸਿੱਧ ਹੀ ਹਰਕਤ ਫੜ੍ਹ ਲੈਂਦੇ ਹਨ ਜਿਓਂ ਹੀ ਉਹ ਆਪਣੀ ਮਾਂ-ਬੋਲੀ ਸੰਤਾਲੀ ਵਿੱਚ ਗੀਤ ਗਾਉਣਾ ਸ਼ੁਰੂ ਕਰਦਾ ਹੈ।


ਖੱਬੇ ਪਾਸੇ: ਚਾਦਰ ਬਾਦਨੀ ਸੰਤਾਲ ਆਦਿਵਾਸੀ ਭਾਈਚਾਰੇ ਦੀ ਇੱਕ ਰਵਾਇਤੀ ਕਠਪੁਤਲੀ ਪੇਸ਼ਕਾਰੀ ਹੈ। ਸੱਜੇ ਪਾਸੇ: ਤਪਨ ਮੁਰਮੂ ਕਠਪੁਤਲੀਆਂ ਨੂੰ ਨਚਾਉਣ ਵਾਸਤੇ ਬੜੀ ਕੁਸ਼ਲਤਾ ਨਾਲ਼ ਆਪਣੇ ਪੈਰ ਹਿਲਾਉਂਦੇ ਹਨ

ਤਪਨ ਮੁਰਮੂ , ਸਰਪੁਕੁਰਦੰਗਾ ਪਿੰਡ ਦੇ ਇੱਕ ਸੰਤਾਲ ਆਦਿਵਾਸੀ ਕਿਸਾਨ , ਲਾਲ ਗੁੰਬਦਨੁਮਾ ਪਿੰਜਰੇ ਦੇ ਕੋਲ਼ ਖੜ੍ਹੇ ਹਨ ਜਿਸ ਵਿੱਚ ਲੱਕੜ ਦੇ ਕਈ ਛੋਟੇ ਬਾਵੇ ਰੱਖੇ ਹੋਏ ਹਨ
"ਚਾਦਰ ਬਾਦਨੀ ਵਿੱਚ ਜੋ ਤੁਸੀਂ ਦੇਖਦੇ ਹੋ ਉਹ ਦਰਅਸਲ ਤਿਓਹਾਰ ਮਨਾਉਣ ਲਈ ਕੀਤਾ ਜਾਣ ਵਾਲ਼ਾ ਨਾਚ ਹੈ। ਕਠਪੁਤਲੀ ਦਾ ਇਹ ਖੇਡ ਸਾਡੇ ਤਿਓਹਾਰਾਂ ਦਾ ਇੱਕ ਹਿੱਸਾ ਹੈ, ਜੋ ਬਾਂਦਨਾ (ਵਾਢੀ), ਵਿਆਹ-ਸ਼ਾਦੀਆਂ ਦੇ ਮੌਕਿਆਂ, ਦਸਾਯ (ਸੰਤਾਲ ਆਦਿਵਾਸੀਆਂ ਦਾ ਇੱਕ ਤਿਓਹਾਰ), ਦੁਰਗਾਪੂਜਾ ਮੌਕੇ ਹੁੰਦਾ ਹੈ,'' ਤਪਨ ਕਹਿੰਦੇ ਹਨ।
ਉਹ ਕਠਪੁਤਲੀ ਵੱਲ ਇਸ਼ਾਰਾ ਕਰਦਿਆਂ ਕਹਿੰਦੇ ਹਨ, "ਵਿਚਕਾਰ ਜੋ ਬੈਠਾ ਹੈ, ਉਹ ਮੋਰੋਲ [ਪਿੰਡ ਦਾ ਮੁਖੀਆ] ਹੈ। ਉਹ ਬਨਮ (ਲੱਕੜ ਦਾ ਬਣਿਆ ਇਕਤਾਰਾ) ਤੇ ਰਵਾਇਤੀ ਬੰਸਰੀ ਜਿਹੇ ਸਾਜ ਵਜਾਉਂਦਾ ਹੈ। ਇੱਕ ਪਾਸੇ ਔਰਤਾਂ ਨੱਚਦੀਆਂ ਹਨ ਤੇ ਇਨ੍ਹਾਂ ਸਾਹਮਣੇ ਖੜ੍ਹੇ ਪੁਰਸ਼ ਧਾਮਸਾ ਤੇ ਮਾਦਲ (ਆਦਿਵਾਸੀਆਂ ਦੇ ਥਪਕੀ ਵਾਲ਼ੇ ਸਾਜ਼) ਵਜਾਉਂਦੇ ਹਨ। "
ਬਾਂਦਨਾ (ਜਿਸ ਨੂੰ ਸੋਹਰਾਈ ਵੀ ਕਿਹਾ ਜਾਂਦਾ ਹੈ) ਬੀਰਭੂਮ ਜ਼ਿਲ੍ਹੇ ਦੇ ਸੰਤਾਲ ਆਦਿਵਾਸੀਆਂ ਦਾ ਸਭ ਤੋਂ ਵੱਡਾ ਵਾਢੀ ਦਾ ਤਿਉਹਾਰ ਹੈ, ਜਿਸ ਦੌਰਾਨ ਕਈ ਤਰ੍ਹਾਂ ਦੇ ਪ੍ਰਦਰਸ਼ਨ ਅਤੇ ਜਸ਼ਨ ਮਨਾਏ ਜਾਂਦੇ ਹਨ।
ਇਸ ਰਸਮ ਵਿੱਚ ਵਰਤੀਆਂ ਜਾਂਦੀਆਂ ਕਠਪੁਤਲੀਆਂ ਆਮ ਤੌਰ 'ਤੇ ਬਾਂਸ ਜਾਂ ਲੱਕੜ ਦੀਆਂ ਬਣੀਆਂ ਹੁੰਦੀਆਂ ਹਨ ਅਤੇ ਲਗਭਗ ਨੌਂ ਇੰਚ ਉੱਚੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਛੋਟੇ ਜਿਹੇ ਪਲੇਟਫਾਰਮ 'ਤੇ ਬਣੇ ਇੱਕ ਮੰਡਪ ਵਿੱਚ ਰੱਖਿਆ ਜਾਂਦਾ ਹੈ। ਤਾਰ, ਲੀਵਰ ਤੇ ਕਮਾਨੀਆਂ ਇੱਕ ਚਾਦਰ ਹੇਠ ਸਫ਼ਾਈ ਨਾਲ਼ ਲੁਕਾਏ ਗਏ ਹੁੰਦੇ ਹਨ ਤੇ ਮੰਚ ਦੇ ਹੇਠੋਂ ਚਲਾਏ ਜਾਂਦੇ ਹਨ। ਤਾਰਾਂ ਜ਼ਰੀਏ ਤਮਾਸ਼ਾ ਦਿਖਾਉਣ ਵਾਲ਼ਾ ਲੀਵਰ ਨੂੰ ਚਲਉਂਦਾ ਹੈ, ਜਿਸ ਨਾਲ਼ ਕਠਪੁਤਲੀਆਂ ਦੇ ਅੰਗਾਂ ਨੂੰ ਮਨਭਾਉਂਦੀ ਹਰਕਤ ਪੈਦਾ ਕੀਤੀ ਜਾਂਦੀ ਹੈ।
ਭਾਈਚਾਰੇ ਦੇ ਬਜ਼ੁਰਗ ਦੱਸਦੇ ਹਨ ਕਿ ਚਾਦਰ ਬਾਦਨੀ ਦੇ ਨਾਮ ਦਾ ਸਿਲਸਿਲਾ ਢੱਕੇ ਜਾਣ ਵਾਲ਼ੀ ਚਾਦਰ ਜਾਂ ਚਾਦੋਰ ਤੋਂ, ਜੋ ਉਸ ਪੂਰੇ ਢਾਂਚੇ ਨੂੰ ਬੰਨ੍ਹੀ ਰੱਖਦੀ ਹੈ ਜਿੱਥੇ ਕਠਪੁਤਲੀਆਂ ਰੱਖੀਆਂ ਜਾਂਦੀਆਂ ਹਨ, ਨਾਲ਼ ਸ਼ੁਰੂ ਹੋਇਆ ਹੈ।
ਤਪਨ ਦਾ ਕਠਪੁਤਲੀ ਸ਼ੋਅ ਇੱਕ ਰਵਾਇਤੀ ਸੰਤਾਲੀ ਨਾਚ ਨੂੰ ਦਰਸਾਉਂਦਾ ਹੈ। ਦੁਪਹਿਰ ਦੇ ਦੂਜੇ ਪਹਿਰ ਅਸੀਂ ਇਸ ਪੇਸ਼ਕਾਰੀ ਦੇ ਪਿੱਛੇ ਦੀ ਪ੍ਰੇਰਣਾ, ਭਾਵ ਹਕੀਕੀ ਨਾਚ ਦੇਖਦੇ ਹਾਂ
ਤਪਨ ਦੱਸਦੇ ਹਨ ਕਿ ਪਿੰਡ ਦੇ ਗਿਣੇ-ਚੁਣੇ ਬਜ਼ੁਰਗ ਹੀ ਇਸ ਕਲਾ ਨਾਲ਼ ਗਾਏ ਜਾਣ ਵਾਲ਼ੇ ਗੀਤਾਂ ਨੂੰ ਜਾਣਦੇ ਹਨ। ਔਰਤਾਂ ਆਪਣੇ-ਆਪਣੇ ਪਿੰਡਾਂ ਵਿੱਚ ਇਹ ਗੀਤ ਗਾਉਂਦੀਆਂ ਹਨ, ਜਦੋਂਕਿ ਪੁਰਸ਼ ਚਾਦਰ ਬਾਦਨੀ ਕਠਪੁਤਲੀਆਂ ਦੇ ਨਾਲ਼-ਨਾਲ਼ ਆਪਣੇ ਨੇੜਲੇ ਇਲਾਕਿਆਂ ਵਿੱਚ ਘੁੰਮਦੇ ਹਨ। ''ਅਸੀਂ ਸੱਤ ਜਾਂ ਅੱਠ ਲੋਕ ਇਸ ਇਲਾਕੇ ਦੇ ਆਦਿਵਾਸੀ ਪਿੰਡਾਂ ਵਿੱਚ ਧਾਮਸਾ ਤੇ ਮਾਦਲ ਜਿਹੇ ਆਪਣੇ ਸਾਜ਼ਾਂ ਨਾ਼ਲ਼ ਘੁੰਮਦੇ ਹਨ। ਕਠਪੁਤਲੀ ਦੇ ਇਸ ਖੇਡ ਵਿੱਚ ਕਾਫ਼ੀ ਸਾਰੇ ਸਾਜ਼ਾਂ ਦੀ ਲੋੜ ਪੈਂਦੀ ਹੈ।''
ਤਪਨ ਇਸ ਤਿਉਹਾਰਾਂ ਦੇ ਮੌਸਮ ਵਿੱਚ ਭਾਈਚਾਰੇ ਦੇ ਉਤਸ਼ਾਹ ਬਾਰੇ ਵੀ ਗੱਲ ਕਰਦੇ ਹਨ, ਜੋ ਕਿ ਜਨਵਰੀ ਦੇ ਸ਼ੁਰੂ ਵਿੱਚ 10 ਦਿਨਾਂ ਤੋਂ ਵੀ ਵੱਧ ਸਮੇਂ ਲਈ ਮਨਾਇਆ ਜਾਂਦਾ ਹੈ ਅਤੇ ਜਨਵਰੀ ਦੇ ਅੱਧ ਵਿੱਚ ਪੌਸ ਸੰਕ੍ਰਾਂਤੀ ਤੋਂ ਪਹਿਲਾਂ ਖਤਮ ਹੁੰਦਾ ਹੈ।
"ਜਦੋਂ ਝੋਨੇ ਦੀ ਨਵੀਂ ਕੱਟੀ ਫ਼ਸਲ ਨਾਲ਼ ਘਰ ਭਰ ਜਾਂਦਾ ਹੈ ਤਾਂ ਸਾਡੇ ਮਨ ਵੀ ਖੁਸ਼ੀ ਨਾਲ਼ ਭਰ ਜਾਂਦੇ ਹਨ। ਇਹ ਖੁਸ਼ੀ ਦਾ ਇੱਕ ਮੌਕਾ ਹੁੰਦਾ ਹੈ। ਇਸ ਤਿਉਹਾਰ ਨਾਲ਼ ਬਹੁਤ ਸਾਰੀਆਂ ਰਸਮਾਂ ਜੁੜੀਆਂ ਹੋਈਆਂ ਹਨ। ਇਸ ਮੌਕੇ 'ਤੇ, ਹਰ ਕੋਈ ਨਵੇਂ ਕੱਪੜੇ ਪਹਿਨਦਾ ਹੈ," ਉਹ ਕਹਿੰਦੇ ਹਨ।
ਸੰਤਾਲ ਆਦਿਵਾਸੀ ਇਸ ਮੌਕੇ 'ਤੇ ਆਪਣੇ ਪੁਰਖਿਆਂ ਦੇ ਪ੍ਰਤੀਕ ਪੱਥਰਾਂ ਅਤੇ ਰੁੱਖਾਂ ਨੂੰ ਮੱਥਾ ਟੇਕਦੇ ਹਨ। "ਵਿਸ਼ੇਸ਼ ਭੋਜਨ ਤਿਆਰ ਕੀਤਾ ਜਾਂਦਾ ਹੈ; ਅਸੀਂ ਆਪਣੀ ਰਵਾਇਤੀ ਸ਼ਰਾਬ, ਹਾਨਰੀਆ ਬਣਾਉਂਦੇ ਹਾਂ, ਜੋ ਤਾਜ਼ੀ ਕੱਟੀ ਚੌਲ਼ਾਂ ਦੀ ਫ਼ਸਲ ਤੋਂ ਬਣਾਈ ਜਾਂਦੀ ਹੈ। ਰਵਾਇਤਾਂ ਮੁਤਾਬਕ ਅਸੀਂ ਸ਼ਿਕਾਰ 'ਤੇ ਜਾਂਦੇ ਹਾਂ ਅਤੇ ਆਪਣੇ ਘਰਾਂ ਨੂੰ ਸਾਫ਼ ਕਰਦੇ ਹਾਂ ਅਤੇ ਉਨ੍ਹਾਂ ਨੂੰ ਸਜਾਉਂਦੇ ਹਾਂ। ਅਸੀਂ ਆਪਣੇ ਖੇਤੀ ਸੰਦਾਂ ਦੀ ਮੁਰੰਮਤ ਕਰਦੇ ਹਾਂ ਅਤੇ ਇਹਨਾਂ ਨੂੰ ਧੋਂਦੇ ਹਾਂ। ਅਸੀਂ ਆਪਣੀਆਂ ਗਾਵਾਂ ਅਤੇ ਬੈਲਾਂ ਦੀ ਪੂਜਾ ਕਰਦੇ ਹਾਂ।''
ਇਸ ਮੌਸਮ ਵਿੱਚ, ਸਾਰਾ ਭਾਈਚਾਰਾ ਇਕੱਠਾ ਹੁੰਦਾ ਹੈ ਅਤੇ ਪਿੰਡ ਲਈ ਚੰਗੀ ਫ਼ਸਲ ਲਈ ਪ੍ਰਾਰਥਨਾ ਕਰਦਾ ਹੈ। ਤਪਨ ਕਹਿੰਦੇ ਹਨ, "ਹਰ ਚੀਜ਼ ਜੋ [ਸਾਨੂੰ] ਜੀਉਣ ਵਿੱਚ ਮਦਦ ਕਰਦੀ ਹੈ, ਪਵਿੱਤਰ ਹੈ ਅਤੇ ਇਸ ਪਰਬ [ਤਿਉਹਾਰ] ਦੌਰਾਨ ਉਨ੍ਹਾਂ ਸਾਰਿਆਂ ਦੀ ਪੂਜਾ ਕੀਤੀ ਜਾਂਦੀ ਹੈ।'' ਸ਼ਾਮ ਨੂੰ, ਭਾਈਚਾਰਾ ਪਿੰਡ ਦੇ ਵਿਚਕਾਰ ਮਾਝਿਰ ਥਾਨ (ਪੁਰਖਿਆਂ ਦਾ ਪਵਿੱਤਰ ਸਥਾਨ) ਵਿਖੇ ਇਕੱਠਾ ਹੁੰਦਾ ਹੈ। ਉਹ ਕਹਿੰਦੇ ਹਨ, "ਮਰਦ, ਔਰਤਾਂ, ਮੁੰਡੇ ਅਤੇ ਕੁੜੀਆਂ, ਛੋਟੇ ਬੱਚੇ ਅਤੇ ਬਜ਼ੁਰਗ ਸਾਰੇ ਹਿੱਸਾ ਲੈਂਦੇ ਹਨ।''


ਖੱਬੇ ਪਾਸੇ: ਬਾਂਦਨਾ ਦੇ ਤਿਉਹਾਰ ਦੌਰਾਨ ਵਸਨੀਕ ਆਪਣੇ ਘਰ ਨੂੰ ਸਜਾਉਂਦੇ ਹੋਏ। ਸੱਜੇ ਪਾਸੇ: ਤਪਨ ਦੇ ਜੱਦੀ ਸ਼ਹਿਰ, ਸਰਪੁਕੁਰਦੰਗਾ ਵਿੱਚ ਤਿਉਹਾਰਾਂ ਦਾ ਜਸ਼ਨ ਚੱਲ ਰਿਹਾ ਹੈ। ਭਾਈਚਾਰੇ ਦੇ ਮੈਂਬਰਾਂ ਨੂੰ ਇਕੱਠਿਆਂ ਨੱਚਦੇ ਅਤੇ ਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ


ਖੱਬੇ ਪਾਸੇ: ਪਰੰਪਰਾਗਤ ਸ਼ਰਾਬ, ਹਾਨਰੀਆ ਬਣਾਉਣ ਲਈ ਮਿੱਟੀ ਦੇ ਘੜਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਸੱਜੇ ਪਾਸੇ: ਮਾਝਿਰ ਥਾਨ ਦੇ ਸਾਹਮਣੇ ਖੜ੍ਹੇ ਤਪਨ। ਇਹ ਪਵਿੱਤਰ ਸਥਲ ਪਿੰਡ ਦੇ ਐਨ ਵਿਚਕਾਰ ਸਥਿਤ ਹੈ। ਇਹੀ ਉਹ ਥਾਂ ਹੈ ਜਿੱਥੇ ਸਾਰੇ ਦੇਵਤਾਵਾਂ (ਪਵਿੱਤਰ ਪੱਥਰ) ਦੀ ਸਥਾਪਨਾ ਕੀਤੀ ਜਾਂਦੀ ਹੈ
ਤਪਨ ਦੀ ਕਠਪੁਤਲੀਆਂ ਦਾ ਖੇਡ, ਜਿਸ ਵਿੱਚ ਇੱਕ ਰਵਾਇਤੀ ਸੰਤਾਲੀ ਨਾਚ ਦਾ ਚਿਤਰਣ ਕੀਤਾ ਗਿਆ ਹੈ, ਸਿਰਫ਼ ਪਹਿਲੀ ਪਰਫਾਰਮੈਂਸ ਹੈ। ਦਿਨ ਦੇ ਦੂਜੇ ਪਹਿਰ, ਉਹ ਇਹਦੇ ਮਗਰ ਕੰਮ ਕਰਦੀ ਪ੍ਰੇਰਣਾ ਨੂੰ ਦੇਖਣ ਵਾਸਤੇ ਸੱਦੇ ਜਾਂਦੇ ਹਨ, ਜੋ ਕਿ ਇੱਕ ਅਸਲੀ ਨਾਚ ਹੁੰਦਾ ਹੈ।
ਰੰਗ-ਬਿਰੰਗੇ ਪਹਿਰਾਵਿਆਂ ਦੇ ਨਾਲ਼ ਸੁੰਦਰ ਸਾਫ਼ੇ ਤੇ ਫੁੱਲ-ਪੱਤੀਆਂ ਨਾਲ਼ ਸੱਜੀਆਂ ਲੱਕੜੀ ਦੀਆਂ ਇਹ ਕਠਪੁਤਲੀਆਂ ਜਿਊਂਦੇ-ਜਾਗਦੇ ਤੇ ਸਾਹ ਲੈਂਦੇ ਇਨਸਾਨਾਂ ਵਿੱਚ ਬਦਲ ਜਾਂਦੀਆਂ ਹਨ, ਜੋ ਪਰੰਪਰਾਗਤ ਸੰਤਾਲੀ ਕੱਪੜਿਆਂ ਵਿੱਚ ਹੁੰਦੇ ਹਨ। ਪੁਰਸ਼ ਆਪਣੇ ਸਿਰ 'ਤੇ ਪੱਗੜੀ ਬੰਨ੍ਹਦੇ ਹਨ, ਜਦੋਂਕਿ ਔਰਤਾਂ ਆਪਣੇ ਜੂੜੇ ਵਿੱਚ ਤਾਜ਼ਾ ਫੁੱਲ ਸਜਾਉਂਦੀਆਂ ਹਨ। ਇਹ ਇੱਕ ਚਹਿਲਭਰੀ ਸ਼ਾਮ ਹੈ, ਕਿਉਂਕਿ ਧਾਮਸਾ ਤੇ ਮਾਦਲ ਦੀ ਥਾਪ 'ਤੇ ਨਾਚਿਆਂ ਦੀ ਮੰਡਲੀ ਥਿਰਕ ਰਹੀ ਹੈ।
ਭਾਈਚਾਰੇ ਦੇ ਬਜ਼ੁਰਗ ਇਨ੍ਹਾਂ ਕਠਪੁਤਲੀਆਂ ਬਾਰੇ ਪੀੜ੍ਹੀਆਂ ਤੋਂ ਚੱਲੀ ਆ ਰਹੀ ਇੱਕ ਕਥਾ ਸੁਣਾਉਂਦੇ ਹਨ। ਕਹਾਣੀ ਕੁਝ ਅਜਿਹੀ ਹੈ: ਨਾਚ ਸਿਖਾਉਣ ਵਾਲ਼ੇ ਇੱਕ ਗੁਰੂ ਨੇ ਇੱਕ ਵਾਰ ਪਿੰਡ ਦੇ ਮੁਖੀਆ ਤੋਂ ਕੁਝ ਅਜਿਹੇ ਨਾਚਿਆਂ ਨੂੰ ਇਕੱਠਾ ਕਰਨ ਦਾ ਬਿਨੈ ਕੀਤਾ, ਜੋ ਉਨ੍ਹਾਂ ਨਾਲ਼ ਆਸਪਾਸ ਦੇ ਇਲਾਕਿਆਂ ਵਿੱਚ ਪੇਸ਼ਕਾਰੀਆਂ ਕਰ ਸਕਣ। ਸੰਤਾਲੀ ਭਾਈਚਾਰੇ ਦੇ ਪੁਰਸ਼ਾਂ ਨੇ ਆਪਣੀਆਂ ਧੀਆਂ ਤੇ ਪਤਨੀਆਂ ਨੂੰ ਭੇਜਣ ਤੋਂ ਮਨ੍ਹਾ ਕਰ ਦਿੱਤਾ, ਉਂਝ ਸਾਜ਼ ਵਜਾਉਣ ਲਈ ਉਹ ਤਿਆਰ ਜ਼ਰੂਰ ਹੋ ਗਈਆਂ। ਕੋਈ ਹੋਰ ਚਾਰਾ ਨਾ ਹੋਣ ਕਾਰਨ, ਗੁਰੂ ਨੇ ਆਪਣੀ ਯਾਦ ਦੇ ਅਧਾਰ 'ਤੇ ਔਰਤਾਂ ਦੇ ਨੈਣ-ਨਕਸ਼ ਵਾਲ਼ੀਆਂ ਇਨ੍ਹਾਂ ਕਠਪੁਤਲੀਆਂ ਦਾ ਨਿਰਮਾਣ ਕਰ ਦਿੱਤਾ ਤੇ ਇੰਝ ਚਾਦਰ ਬਾਦਨੀ ਕਠਪੁਤਲੀਆਂ ਵਜੂਦ ਵਿੱਚ ਆਈਆਂ।
ਤਪਨ ਕਹਿੰਦੇ ਹਨ, "ਅੱਜ-ਕੱਲ੍ਹ ਸਾਡੀ ਪੀੜ੍ਹੀ ਸਾਡੀ ਜੀਵਨ-ਸ਼ੈਲੀ ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਉਨ੍ਹਾਂ ਨੂੰ ਇਸ ਕਠਪੁਤਲੀ ਕਲਾ, ਅਲੋਪ ਹੁੰਦੇ ਝੋਨੇ ਦੇ ਬੀਜਾਂ, ਸ਼ਿਲਪਕਲਾਵਾਂ, ਕਹਾਣੀਆਂ, ਗੀਤਾਂ ਤੇ ਅਜਿਹੀਆਂ ਹੋਰ ਕਾਫ਼ੀ ਸਾਰੀਆਂ ਚੀਜ਼ਾਂ ਬਾਰੇ ਕੁਝ ਵੀ ਨਹੀਂ ਪਤਾ।''
ਧਿਆਨ ਨਾਲ਼ ਗੱਲ ਕਰਦੇ ਹੋਏ ਤਾਂ ਕਿ ਤਿਉਹਾਰਾਂ ਦੀ ਭਾਵਨਾ ਖਤਮ ਨਾ ਹੋਵੇ, ਉਹ ਕਹਿੰਦਾ ਹੈ, "ਇਨ੍ਹਾਂ (ਪਰੰਪਰਾਵਾਂ) ਨੂੰ ਬਚਾਉਣਾ ਬਹੁਤ ਮਹੱਤਵਪੂਰਨ ਹੈ। ਮੈਂ ਉਹ ਸਭ ਕੁਝ ਕਰ ਰਿਹਾ ਹਾਂ, ਜੋ ਮੈਂ ਕਰ ਸਕਦਾ ਹਾਂ।"
ਤਰਜਮਾ: ਕਮਲਜੀਤ ਕੌਰ