ਸੁਧੀਰ ਕੋਸਰੇ ਇੱਕ ਮੰਜੀ ’ਤੇ ਔਖੇ ਜਿਹੇ ਬਹਿ ਕੇ ਆਪਣੇ ਜ਼ਖਮ ਦਿਖਾਉਂਦੇ ਹਨ- ਉਨ੍ਹਾਂ ਦੇ ਸੱਜੇ ਪੈਰ ਵਿੱਚ ਇੱਕ ਡੂੰਘਾ ਪਾੜ; ਸੱਜੇ ਪੱਟੇ 'ਤੇ ਲਗਭਗ ਪੰਜ ਸੈਂਟੀਮੀਟਰ ਲੰਬਾ ਜ਼ਖਮ; ਉਹਨਾਂ ਦੀ ਸੱਜੀ ਬਾਂਹ ਹੇਠ ਇੱਕ ਲੰਬਾ, ਉਗਰ ਫੱਟ ਜਿਸਨੂੰ ਟਾਂਕੇ ਲਾਉਣੇ ਪਏ ਅਤੇ ਪੂਰੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਸਨ।
ਆਪਣੇ ਮੱਧਮ ਰੌਸ਼ਨੀ ਵਾਲੇ ਅਣਪੋਚਵੇਂ ਦੋ ਕਮਰਿਆਂ ਦੇ ਘਰ ਵਿੱਚ ਇੱਕ ਕਮਰੇ ਅੰਦਰ ਬੈਠੇ ਉਹ ਨਾ ਸਿਰਫ ਅੰਦਰ ਤੱਕ ਘਾਬਰੇ ਹੋਏ ਹਨ, ਬਲਕਿ ਕਾਫ਼ੀ ਦਰਦ ਵਿੱਚ ਨੇ ਤੇ ਕਿਸੇ ਵੀ ਤਰ੍ਹਾਂ ਸੌਖੇ ਨਹੀਂ। ਉਹਨਾਂ ਦੀ ਪਤਨੀ, ਮਾਂ ਅਤੇ ਭਰਾ ਉਹਨਾਂ ਦੇ ਕੋਲ ਹਨ। ਬਾਹਰ ਮੀਂਹ ਪੈ ਰਿਹਾ ਹੈ, ਲੰਬੀ, ਪਰੇਸ਼ਾਨ ਕਰਨ ਵਾਲੀ ਦੇਰੀ ਤੋਂ ਬਾਅਦ ਆਖਰਕਾਰ ਇਸ ਹਿੱਸੇ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ।
2 ਜੁਲਾਈ, 2023 ਦੀ ਸ਼ਾਮ ਨੂੰ, ਲੁਹਾਰ-ਗੱਡੀ (ਉਨ੍ਹਾਂ ਨੂੰ ਗਡੀ ਲੋਹਾਰ ਵੀ ਕਿਹਾ ਜਾਂਦਾ ਹੈ ਜੋ ਰਾਜ ਅੰਦਰ ਹੋਰ ਪਿਛੜੀ ਸ਼੍ਰੇਣੀ ਵਜੋਂ ਸੂਚੀਬੱਧ ਹਨ) ਨਾਲ਼ ਤਾਅਲੁੱਕਰ ਰੱਖਣ ਵਾਲ਼ੇ ਇੱਕ ਬੇਜ਼ਮੀਨੇ ਮਜ਼ਦੂਰ, ਸੁਧੀਰ ਜਿਸ ਖੇਤ ਵਿੱਚ ਉਹ ਕੰਮ ਕਰ ਰਹੇ ਸੀ ਉੱਥੇ ਇੱਕ ਭਾਰੀ ਅਤੇ ਖ਼ਤਰਨਾਕ ਜੰਗਲੀ ਸੂਰ ਦੇ ਹਮਲੇ ’ਚ ਜਿਵੇਂ-ਕਿਵੇਂ ਵਾਲ-ਵਾਲ ਬਚ ਗਏ। ਹਮਲੇ 'ਚ ਬੁਰੀ ਤਰ੍ਹਾਂ ਜ਼ਖਮੀ ਹੋਏ 30 ਸਾਲਾ ਖੇਤ ਮਜ਼ਦੂਰ ਦਾ ਕਹਿਣਾ ਹੈ ਕਿ ਖੁਸ਼ਕਿਸਮਤੀ ਨਾਲ਼ ਉਹਨਾਂ ਦੇ ਚਿਹਰੇ ਅਤੇ ਛਾਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
PARI ਦੀ ਟੀਮ 8 ਜੁਲਾਈ ਦੀ ਸ਼ਾਮ ਨੂੰ ਉਨ੍ਹਾਂ ਦੇ ਜੱਦੀ ਪਿੰਡ ਕਵਠੀ ਵਿੱਚ ਉਹਨਾਂ ਨਾਲ਼ ਮੁਲਾਕਾਤ ਕਰ ਰਹੀ ਹੈ, ਜੋ ਕਿ ਚੰਦਰਪੁਰ ਜ਼ਿਲ੍ਹੇ ਦੀ ਸਾਉਲੀ ਤਹਿਸੀਲ ਦੇ ਖੇਤਰੀ ਜੰਗਲਾਂ ਵਿੱਚ ਸਥਿਤ ਇੱਕ ਅਣਜਾਣ ਜਿਹਾ ਪਿੰਡ ਹੈ; ਉਹ ਹਸਪਤਾਲ ਤੋਂ ਛੁੱਟੀ ਲੈ ਕੇ ਕੁਝ ਸਮਾਂ ਪਹਿਲਾਂ ਹੀ ਘਰ ਪਰਤੇ ਹਨ।
ਉਹਨਾਂ ਯਾਦ ਕੀਤਾ ਕਿ ਕਿਵੇਂ ਖੇਤ ਵਿੱਚ ਟਰੈਕਟਰ ਚਲਾ ਰਹੇ ਇੱਕ ਸਾਥੀ ਮਜ਼ਦੂਰ ਨੇ ਉਸ ਦੀਆਂ ਚੀਕਾਂ ਸੁਣੀਆਂ ਅਤੇ ਕੁਝ ਸਮੇਂ ਲਈ ਆਪਣੀ ਸੁਰੱਖਿਆ ਨੂੰ ਤਾਕ ’ਤੇ ਰੱਖ ਕੇ ਸੂਰ 'ਤੇ ਪੱਥਰ ਸੁੱਟਦੇ ਹੋਏ ਉਹਨਾਂ (ਸੁਧੀਰ) ਵੱਲ ਭੱਜਿਆ।
ਜਾਨਵਰ –ਜੋ ਸ਼ਾਇਦ ਮਾਦਾ ਸੀ- ਨੇ ਉਹਨਾਂ ’ਤੇ ਆਪਣੇ ਦੰਦਾਂ ਨਾਲ਼ ਹਮਲਾ ਕਰ ਦਿੱਤਾ, ਜਦ ਉਹ ਡਿੱਗੇ ਤਾਂ ਉਹਨਾਂ ਦੀਆਂ ਅੱਖਾਂ ਬਹੁਤ ਹੀ ਭੈਭੀਤ ਤਰੀਕੇ ਨਾਲ਼ ਬੱਦਲਾਂ ਘਿਰੇ ਅਸਮਾਨ ਵੱਲ ਅੱਡੀਆਂ ਰਹਿ ਗਈਆਂ। “ਉਹ ਕਦੇ ਪਿਛਾਂਹ ਹਟਦਾ ਤੇ ਕਦੇ ਫਿਰ ਝਵੀਆਂ ਲੈ ਕੇ ਮੇਰੇ ਮਾਸ ’ਚ ਆਪਣੇ ਲੰਬੇ ਦੰਦ ਖੁਭੋ ਦਿੰਦਾ,” ਸੁਧੀਰ ਨੇ ਦੱਸਿਆ ਜਦ ਉਨ੍ਹਾਂ ਦੀ ਪਤਨੀ ਦਰਸ਼ਨਾ ਬੇਭਰੋਸਗੀ ਵਿੱਚ ਬੁੜਬੜਾ ਰਹੀ ਸਨ; ਉਹ ਜਾਣਦੀ ਹਨ ਕਿ ਉਨ੍ਹਾਂ ਦੇ ਪਤੀ ਦਾ ਮੌਤ ਨਾਲ਼ ਨੇੜਿਓਂ ਸਾਹਮਣਾ ਹੋਇਆ ਹੈ।
ਜਾਨਵਰ ਉਹਨਾਂ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰਕੇ ਨੇੜੇ ਦੀਆਂ ਝਾੜੀਆਂ ਵਿੱਚ ਭੱਜ ਗਿਆ।


ਸੁਧੀਰ ਕੋਸਰੇ ਜੁਲਾਈ 2023 ਵਿੱਚ ਹੋਏ ਜੰਗਲੀ ਸੂਰ ਦੇ ਹਮਲੇ ਤੋਂ ਬਾਅਦ ਠੀਕ ਹੋ ਰਹੇ ਹਨ। ਉਹ ਸਾਉਲੀ ਤਹਿਸੀਲ ਵਿੱਚ ਪੈਂਦੇ ਆਪਣੇ ਪਿੰਡ ਕਵਠੀ ਵਿਚਲੇ ਆਪਣੇ ਘਰ ਵਿੱਚ ਆਪਣੀ ਪਤਨੀ, ਦਰਸ਼ਨਾ ਅਤੇ ਮਾਂ, ਸ਼ਸ਼ੀਕਲਾ ਦੇ ਨਾਲ਼ ਹਨ। ਸੁਧੀਰ ਨੂੰ ਸੱਜੇ ਪੈਰ ਵਿੱਚ ਡੂੰਘੇ ਪਾੜ ਸਣੇ ਕਈ ਸੱਟਾਂ ਆਈਆਂ (ਸੱਜੇ)
ਜਿਸ ਖੇਤ ਵਿੱਚ ਸੁਧੀਰ ਕੰਮ ਕਰ ਰਹੇ ਸੀ, ਉਹ ਉਸ ਦਿਨ ਰੁਕ-ਰੁਕ ਕੇ ਹੋਈ ਬਾਰਿਸ਼ ਕਾਰਨ ਗਿੱਲਾ ਸੀ। ਬਿਜਾਈ ਇੱਕ ਪੰਦਰਵਾੜੇ ਤੋਂ ਵੱਧ ਦੇਰੀ ਤੋਂ ਬਾਅਦ ਆਖਰਕਾਰ ਸ਼ੁਰੂ ਹੋਈ ਸੀ। ਸੁਧੀਰ ਦਾ ਕੰਮ ਜੰਗਲੀ ਇਲਾਕੇ ਦੀ ਹੱਦ ਨਾਲ਼ ਲਗਦੇ ਬੰਨ੍ਹਾਂ ’ਤੇ ਬਿਜਾਈ ਕਰਨਾ ਸੀ। ਇਸ ਦੇ ਲਈ ਉਹਨਾਂ ਨੇ ਉਸ ਦਿਨ 400 ਰੁਪਏ ਕਮਾ ਲੈਣੇ ਸੀ; ਇਹ ਕੰਮ ਉਨ੍ਹਾਂ ਬਹੁਤ ਸਾਰੇ ਧੰਦਿਆਂਵਿੱਚੋਂ ਇੱਕ ਹੈ ਜੋ ਉਹ ਰੋਜ਼ੀ-ਰੋਟੀ ਕਮਾਉਣ ਲਈ ਕਰਦੇ ਹਨ। ਉਹ ਖੇਤਰ ਦੇ ਹੋਰ ਬੇਜ਼ਮੀਨੇ ਲੋਕਾਂ ਵਾਂਗ ਦੂਰ-ਦੁਰਾਡੀਆਂ ਥਾਵਾਂ 'ਤੇ ਪਰਵਾਸ ਕਰਨ ਦੀ ਬਜਾਏ ਇਸੇ ਦੀ ਉਡੀਕ ਕਰਨ ਨੂੰ ਤਰਜੀਹ ਦਿੰਦੇ ਹਨ।
ਉਸ ਰਾਤ ਸਾਉਲੀ ਦੇ ਸਰਕਾਰੀ ਪੇਂਡੂ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਤੋਂ ਬਾਅਦ, ਸੁਧੀਰ ਨੂੰ 30 ਕਿਲੋਮੀਟਰ ਦੂਰ, ਗੜ੍ਹਚਿਰੌਲੀ ਕਸਬੇ ਦੇ ਜ਼ਿਲ੍ਹਾ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਉਹਨਾਂ ਨੂੰਟਾਂਕੇ ਲਗਾਏ ਗਏ ਅਤੇ ਠੀਕ ਹੋਣ ਲਈ ਛੇ ਦਿਨਾਂ ਲਈ ਦਾਖਲ ਕਰਵਾਇਆ ਗਿਆ।
ਹਾਲਾਂਕਿ ਕਵਠੀ ਚੰਦਰਪੁਰ ਜ਼ਿਲ੍ਹੇ ਵਿੱਚ ਹੈ, ਪਰ ਚੰਦਰਪੁਰ ਜੋ ਕਿ 70 ਕਿਲੋਮੀਟਰ ਦੂਰ ਹੈ, ਨਾਲੋਂ ਗੜ੍ਹਚਿਰੌਲੀ ਸ਼ਹਿਰ ਉਹਨਾਂ ਨੂੰਨੇੜੇ ਪੈਂਦਾਹੈ। ਉਨ੍ਹਾਂ ਨੂੰ ਰੇਬੀਜ਼ ਅਤੇ ਹੋਰ ਸਾਂਭ-ਸੰਭਾਲ ਲਈ ਅਤੇ ਜ਼ਖ਼ਮਾਂ ਦੀ ਮੱਲ੍ਹਮ-ਪੱਟੀ ਲਈਰਾਬੀਪੁਰ ਦੇ ਟੀਕਿਆਂ ਲਈ ਸਾਉਲੀ ਦੇ ਕੌਟੇਜ (ਸਰਕਾਰੀ) ਹਸਪਤਾਲ ਜਾਣਾ ਪਵੇਗਾ।
ਜੰਗਲੀ ਸੂਰ ਦੁਆਰਾ ਹਮਲਾ ਕੀਤੇ ਜਾਣ ਦਾ ਸੁਧੀਰ ਦਾ ਅਨੁਭਵ ਖੇਤੀ ਵਿਚਲੇ ਜੋਖਮ ਨੂੰ ਇੱਕ ਨਵਾਂ ਹੀ ਅਰਥ ਦਿੰਦਾ ਹੈ। ਕੀਮਤਾਂ ਵਿੱਚ ਅਸਥਿਰਤਾ, ਜਲਵਾਯੂ ਵਿਗਾੜ ਅਤੇ ਕਈ ਹੋਰ ਕਾਰਨ ਖੇਤੀ ਨੂੰ ਸਭ ਤੋਂ ਖ਼ਤਰਨਾਕ ਕਿੱਤਿਆਂ ਵਿੱਚੋਂ ਇੱਕ ਬਣਾਉਂਦੇ ਹਨ। ਪਰ ਇੱਥੇ ਚੰਦਰਪੁਰ ਵਿੱਚ, ਅਤੇ ਅਸਲ ’ਚ ਭਾਰਤ ਦੇ ਸੁਰੱਖਿਅਤ ਅਤੇ ਗੈਰ-ਸੁਰੱਖਿਅਤ ਜੰਗਲਾਂ ਦੇ ਆਲ਼ੇ-ਦੁਆਲ਼ੇ ਦੇ ਬਹੁਤ ਸਾਰੇ ਖੇਤਰਾਂ ਵਿੱਚ, ਵਾਹੀਕਾਰ ਦਾ ਕੰਮ ਇੱਕ ਖੂਨੀ ਕਾਰੋਬਾਰ ਹੈ।
ਜੰਗਲੀ ਜਾਨਵਰ ਫਸਲਾਂ ਖਾ ਰਹੇ ਹਨ, ਜਿਸ ਕਾਰਨ ਕਿਸਾਨਾਂ ਨੂੰ ਚੌਕਸ ਰਹਿਣ ਲਈ ਉਨੀਂਦਰੀਆਂ ਰਾਤਾਂ ਗੁਜਾਰਨੀਆਂ ਪੈਂਦੀਆਂ ਹਨ ਅਤੇ ਆਪਣੀਆਂ ਫਸਲਾਂ ਦੀ ਰੱਖਿਆ ਲਈ ਅਜੀਬੋ-ਗਰੀਬ ਤਰੀਕੇ ਅਪਣਾਉਣੇ ਪੈਂਦੇ ਹਨ, ਜੋ ਉਨ੍ਹਾਂ ਦੀ ਆਮਦਨੀ ਦਾ ਇੱਕੋ-ਇੱਕ ਤਰੀਕਾ ਹੈ। ਪੜ੍ਹੋ: ‘ਇਹ ਨਵੀਂ ਹੀ ਕਿਸਮ ਦਾ ਸੋਕਾ ਹੈ’
ਅਗਸਤ 2022 ਤੋਂ, ਅਤੇ ਇਸ ਤੋਂ ਪਹਿਲਾਂ ਵੀ, ਇਸ ਪੱਤਰਕਾਰ ਨੇ ਬਾਘ, ਚੀਤੇ ਅਤੇ ਹੋਰ ਜੰਗਲੀ ਜਾਨਵਰਾਂ ਦੇ ਹਮਲਿਆਂ ਕਾਰਨਗੰਭੀਰ ਰੂਪ ਨਾਲ਼ ਜ਼ਖਮੀ ਹੋਏ, ਤੇ ਵਾਲ-ਵਾਲ ਬਚੇਮਰਦਾਂ ਅਤੇ ਔਰਤਾਂ, ਕਿਸਾਨਾਂ ਜਾਂ ਸੁਧੀਰ ਵਰਗੇ ਖੇਤ ਮਜ਼ਦੂਰਾਂ ਨਾਲ਼ ਮੁਲਾਕਾਤ ਕੀਤੀ ਹੈ ਅਤੇ ਉਹਨਾਂ ਦੀ ਇੰਟਰਵਿਊ ਕੀਤੀ ਹੈ। ਉਹ ਚੰਦਰਪੁਰ ਜ਼ਿਲ੍ਹੇ ਵਿੱਚ ਸੁਰੱਖਿਅਤ ਤਾੜੋਬਾ ਅੰਧਾਰੀ ਟਾਈਗਰ ਰਿਜ਼ਰਵ (TATR) ਦੇ ਆਲ਼ੇ-ਦੁਆਲ਼ੇ ਦੀਆਂ ਜੰਗਲੀ ਇਲਾਕੇ ਵਾਲੀਆਂ ਤਹਿਸੀਲਾਂ - ਮੂਲ, ਸਾਉਲੀ, ਸਿੰਦੇਵਾਹੀ, ਬ੍ਰਹਮਪੁਰੀ, ਭੱਦਰਾਵਤੀ, ਵਰੋਰਾ, ਚਿਮੂਰ - ਵਿੱਚ ਰਹਿੰਦੇ ਅਤੇ ਕੰਮ ਕਰਦੇ ਹਨ। ਜੰਗਲੀ ਜਾਨਵਰਾਂ ਅਤੇ ਮਨੁੱਖਾਂ ਵਿਚਲਾ ਟਕਰਾਅ, ਖਾਸ ਕਰਕੇ ਬਾਘਾਂ ਨਾਲ਼ ਟਕਰਾਅ ਪਿਛਲੇ ਦੋ ਦਹਾਕਿਆਂ ਤੋਂ ਇੱਥੇ ਖ਼ਬਰਾਂ ਦੀਆਂ ਸੁਰਖੀਆਂ ਵਿੱਚ ਰਿਹਾ ਹੈ।

ਚੰਦਰਪੁਰ ਜ਼ਿਲ੍ਹੇ ਵਿੱਚ ਤਾੜੋਬਾ ਅੰਧਾਰੀ ਟਾਈਗਰ ਰਿਜ਼ਰਵ (ਟੀਏਟੀਆਰ) ਦੀ ਸਰਹੱਦ ਨਾਲ਼ ਲਗਦੇ ਖੇਤ ਜਿੱਥੇ ਅਕਸਰ ਜੰਗਲੀ ਜਾਨਵਰ ਆਉਂਦੇ ਹਨ ਅਤੇ ਹਮਲਾ ਕਰਦੇ ਹਨ
ਇਸ ਪੱਤਰਕਾਰ ਦੁਆਰਾ ਇਕੱਤਰ ਕੀਤੇ ਗਏ ਜ਼ਿਲ੍ਹਾ ਜੰਗਲਾਤ ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਪਿਛਲੇ ਸਾਲਇਕੱਲੇ ਚੰਦਰਪੁਰ ਜ਼ਿਲ੍ਹੇ ਵਿੱਚ ਬਾਘਾਂ ਦੇ ਹਮਲੇ ਵਿੱਚ 53 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚੋਂ 30 ਸਾਉਲੀ ਅਤੇ ਸਿੰਦੇਵਾਹੀ ਇਲਾਕੇ ਦੇ ਸਨ। ਇਹ ਅੰਕੜਾ ਇਸ ਨੂੰ ਮਨੁੱਖ ਤੇ ਬਾਘ ਵਿਚਲੇ ਟਕਰਾਅ ਦਾ ਵੱਡਾ ਕੇਂਦਰ ਬਣਾਉਂਦਾ ਹੈ।
ਜ਼ਖਮਾਂ ਅਤੇ ਮੌਤਾਂ ਤੋਂ ਇਲਾਵਾ, TATR ਦੇ ਨੇੜਲੇ ਇਲਾਕਿਆਂ ਦੇ ਪਿੰਡਾਂ ਵਿੱਚ, ਬਫਰ ਜ਼ੋਨ ਅਤੇ ਇਸ ਦੇ ਬਾਹਰ ਦੋਵਾਂ ਥਾਵਾਂ ’ਤੇ ਡਰ ਅਤੇ ਦਹਿਸ਼ਤ ਫੈਲ ਚੁੱਕੀ ਹੈ। ਖੇਤੀ ਕਾਰਜਾਂ ਵਿੱਚ ਇਸਦੇ ਨਤੀਜੇ ਪਹਿਲਾਂ ਹੀ ਦਿਸਣ ਲੱਗੇ ਹਨ –ਜਾਨਵਰਾਂ ਦੇ ਡਰ ਅਤੇ ਇਸ ਡਰ ਤੋਂ ਕਿ ਜੰਗਲੀ ਸੂਰ, ਜਾਂ ਹਿਰਨ, ਜਾਂ ਨੀਲਗਾਵਾਂ (ਰੋਜ਼) ਕੁਝ ਵੀ ਵਾਢੀ ਯੋਗ ਨਹੀਂ ਛੱਡਣਗੇ, ਕਿਸਾਨ ਹਾੜ੍ਹੀ ਦੀ ਫਸਲ ਤੋਂ ਨਿਰਾਸ਼ ਹੋ ਚੁੱਕੇ ਨੇ।
ਸੁਧੀਰ ਖੁਸ਼ਕਿਸਮਤ ਹੈ ਕਿ ਉਹ ਜ਼ਿੰਦਾ ਹੈ - ਉਸ 'ਤੇ ਬਾਘ ਨੇ ਨਹੀਂ, ਜੰਗਲੀ ਸੂਰ ਨੇ ਹਮਲਾ ਕੀਤਾ ਸੀ। ਪੜ੍ਹੋ: ਖੋਲਦੋਡਾ: ਰਾਤਾਂ ਨੂੰ ਜਾਗੋ ਤੇ ਆਪਣੀਆਂ ਫ਼ਸਲਾਂ ਬਚਾਓ
*****
ਅਗਸਤ 2022 ਦੀ ਇੱਕ ਬਾਰਿਸ਼ ਵਾਲੀ ਦੁਪਹਿਰ ਨੂੰ, ਜਦੋਂ ਉਹ ਹੋਰ ਮਜ਼ਦੂਰਾਂ ਨਾਲ਼ ਖੇਤ ਵਿੱਚ ਝੋਨੇ ਦੀ ਬਿਜਾਈ ਕਰ ਰਹੇ ਸਨ, 20 ਸਾਲਾ ਭਾਵਿਕ ਜ਼ਾਰਕਾਰ ਨੂੰ ਉਨ੍ਹਾਂ ਦੇ ਪਿਤਾ ਦੇ ਦੋਸਤ ਵਸੰਤ ਪਿਪਰਖੇੜੇ ਦਾ ਫੋਨ ਆਇਆ।
ਉਸ ਦੇ ਪਿਤਾ ਦੇ ਦੋਸਤ ਪਿਪਰਖੇੜੇ ਨੇ ਉਸ ਨੂੰ ਫੋਨ 'ਤੇ ਦੱਸਿਆ ਕਿ ਉਸਦੇ ਪਿਤਾ ’ਤੇ ਕੁਝ ਦੇਰ ਪਹਿਲਾਂ ਬਾਘ ਨੇ ਹਮਲਾ ਕਰ ਦਿੱਤਾ। ਹਮਲੇ ਵਿਚ ਭਾਵਿਕ ਦੇ ਪਿਤਾ ਭਗਕਦਾ ਦੀ ਮੌਤ ਹੋ ਗਈ ਅਤੇ ਉਸ ਦੀ ਲਾਸ਼ ਨੂੰ ਜੰਗਲੀ ਬਿੱਲੀ ਜੰਗਲਾਂ ਵਿੱਚ ਖਿੱਚ ਕੇ ਲੈ ਗਈ।
45 ਸਾਲਾ ਪੀੜਤ ਅਤੇ ਉਸ ਦੇ ਤਿੰਨ ਦੋਸਤ ਜੰਗਲ ਦੇ ਕਿਨਾਰੇ ਇੱਕ ਖੇਤ 'ਚ ਕੰਮ ਕਰ ਰਹੇ ਸਨ, ਜਦੋਂ ਇੱਕ ਬਾਘ ਅਚਾਨਕ ਕਿਤਿਓਂ ਨਿਕਲ ਆਇਆ ਅਤੇ ਜ਼ਮੀਨ ’ਤੇ ਬੈਠੇ ਆਰਾਮ ਕਰ ਰਹੇ (ਭਕਤਦਾ ’ਤੇ) ਝਪਟ ਪਿਆ। ਵੱਡੀ ਬਿੱਲੀ ਨੇ ਪਿੱਛਿਓਂ ਛਾਲ ਮਾਰੀ ਤੇ ਭਕਤਦਾ ਨੂੰ ਗਰਦਨੋਂ ਫੜ ਲਿਆ, ਸ਼ਾਇਦ ਮਨੁੱਖ ਨੂੰ ਸ਼ਿਕਾਰ ਸਮਝ ਕੇ।
“ਬਾਘ ਨੂੰ ਆਪਣੇ ਦੋਸਤ ਨੂੰ ਝਾੜੀਆਂ ਵਿੱਚ ਖਿੱਚ ਕੇ ਲਿਜਾਂਦੇ ਵੇਖਣ ਤੋਂ ਇਲਾਵਾ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਸੀ,”ਪਿਪਰਖੇੜੇ ਦੱਸਦੇ ਹਨ, ਜੋ ਅਜੇ ਵੀ ਇਸ ਭਿਆਨਕ ਘਟਨਾ ਦੇ ਬੇਵੱਸ ਗਵਾਹ ਹੋਣ ’ਤੇ ਆਪਣੇ ਆਪ ਨੂੰ ਕਸੂਰਵਾਰ ਸਮਝਦੇ ਹਨ।
“ਅਸੀਂ ਬਹੁਤ ਰੌਲਾ ਪਾਇਆ,”ਇੱਕ ਹੋਰ ਮਜ਼ਦੂਰ ਅਤੇ ਘਟਨਾ ਦੇ ਗਵਾਹ, ਸੰਜੇ ਰਾਉਤ ਕਹਿੰਦੇ ਹਨ। “ਪਰ ਉਸ ਵੱਡੇ ਸਾਰੇ ਬਾਘ ਨੇ ਪਹਿਲਾਂ ਹੀ ਭਕਤਦਾ ਨੂੰ ਫੜ ਲਿਆ ਸੀ।”
ਦੋਵੇਂ ਦੋਸਤਾਂ ਦਾ ਕਹਿਣਾ ਹੈ ਕਿ (ਭਕਤਦਾ) ਦੀ ਬਜਾਏ ਆਸਾਨੀ ਨਾਲ਼ ਇਹ ਉਨ੍ਹਾਂ ਦੋਵਾਂ ਵਿੱਚੋਂ ਕੋਈ ਇੱਕ ਵੀ ਹੋ ਸਕਦਾ ਸੀ।


ਹੀਰਾਪੁਰ ਪਿੰਡ ਵਿੱਚ, 45 ਸਾਲਾ ਭਕਤਦਾ ਜ਼ਾਰਕਾਰ TATR ਅਤੇ ਇਸਦੇ ਆਲ਼ੇ-ਦੁਆਲ਼ੇ ਵਧ ਰਹੇ ਬਾਘ-ਮਨੁੱਖ ਟਕਰਾਅ ਦਾ ਸ਼ਿਕਾਰ ਹੋ ਗਏ। ਉਹਨਾਂ ਦੇ ਬੱਚੇ (ਖੱਬੇ) ਭਾਵਿਕ ਅਤੇ ਰਾਗਿਨੀ ਆਪਣੇ ਪਿਤਾ ਦੀ ਮੌਤ ਦੇ ਖੂਨੀ ਵੇਰਵੇ ਦੱਸ ਰਹੇ ਹਨ। ਪੀੜਤ ਦੇ ਦੋਸਤ (ਸੱਜੇ) ਸੰਜੇਰਾਉਤ ਅਤੇ ਵਸੰਤ ਪਿਪਰਖੇੜੇ ਇਸ ਘਟਨਾ ਦੇ ਗਵਾਹ ਸਨ। 'ਬਾਘ ਨੂੰ ਆਪਣੇ ਦੋਸਤ ਨੂੰ ਝਾੜੀਆਂ ਵਿਚ ਖਿੱਚ ਕੇ ਲਿਜਾਂਦੇ ਵੇਖਣ ਤੋਂ ਇਲਾਵਾ ਅਸੀਂ ਹੋਰ ਕੁਝ ਨਹੀਂ ਸੀ ਕਰ ਸਕਦੇ,' ਪਿਪਰਖੇੜੇ ਕਹਿੰਦੇ ਹਨ
ਬਾਘ ਇਲਾਕੇ ਵਿੱਚ ਘੁੰਮ ਰਿਹਾ ਸੀ, ਪਰ ਉਨ੍ਹਾਂ ਨੇ ਆਪਣੇ ਖੇਤ ਵਿੱਚ ਉਸ ਦਾ ਸਾਹਮਣਾ ਕਰਨ ਦੀ ਉਮੀਦ ਨਹੀਂ ਕੀਤੀ ਸੀ। ਭਕਤਦਾ ਦੀ ਮੌਤ ਬਾਘ ਦੇ ਹਮਲੇ ਵਿੱਚ ਪਿੰਡ ਦੀ ਪਹਿਲੀ ਮਨੁੱਖੀ ਮੌਤ ਸੀ - ਇਸ ਤੋਂ ਪਹਿਲਾਂ, ਪਿੰਡ ਵਾਸੀਆਂ ਨੇ ਪਸ਼ੂ ਅਤੇ ਭੇਡਾਂਗੁਆਈਆਂ ਹਨ। ਸਾਉਲੀ ਅਤੇ ਆਸ ਪਾਸ ਦੀਆਂ ਹੋਰ ਤਹਿਸੀਲਾਂ ਵਿੱਚ ਤਾਂ ਪਿਛਲੇ ਦੋ ਦਹਾਕਿਆਂ ਵਿੱਚ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਸਨ।
“ਮੈਂ ਉੱਥੇ ਹੀ ਪੱਥਰ ਹੋ ਗਿਆ,”ਹੀਰਾਪੁਰ ਪਿੰਡ, ਜੋ ਸੁਧੀਰ ਦੇ ਪਿੰਡ ਤੋਂ ਬਹੁਤੀ ਦੂਰ ਨਹੀਂ, ਵਿੱਚ ਆਪਣੇ ਘਰ ਵਿੱਚ ਆਪਣੀ 18 ਸਾਲਾ ਭੈਣ ਰਾਗਿਨੀ ਨਾਲ਼ ਬੈਠਾ ਭਾਵਿਕ ਯਾਦ ਕਰਦਾ ਹੈ। ਉਹ ਦੱਸਦਾ ਹੈ ਕਿ ਇਹ ਖ਼ਬਰ ਬਿਲਕੁਲ ਅਚਨਚੇਤ ਆਈ ਅਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਬਹੁਤ ਝਟਕਾ ਲੱਗਿਆ, ਉਹ ਅਜੇ ਵੀ ਆਪਣੇ ਪਿਤਾ ਦੇ ਦੁਖਦਾਈ ਅੰਤ ਦੇ ਕਾਰਨ ਸਦਮੇ ’ਚ ਸੀ।
ਦੋਵੇਂ ਭੈਣ-ਭਰਾ ਹੁਣ ਘਰ ਸਾਂਭਦੇ ਹਨ; ਜਦੋਂ PARI ਦੀ ਟੀਮ ਉਹਨਾਂ ਦੇ ਘਰ ਪਹੁੰਚੀ ਤਾਂ ਉਨ੍ਹਾਂ ਦੀ ਮਾਂ ਲਤਾਬਾਈ ਘਰ’ਚ ਨਹੀਂ। “ਉਹ ਅਜੇ ਸਦਮੇ ਤੋਂ ਬਾਹਰ ਨਹੀਂ ਆਈ,”ਰਾਗਿਨੀ ਨੇ ਕਿਹਾ। “ਬਾਘ ਦੇ ਹਮਲੇ ਵਿੱਚ ਮੇਰੇ ਪਿਤਾ ਦੀ ਮੌਤ ਨੂੰ ਸਮਝ ਪਾਉਣਾ ਅਤੇ ਭਾਣਾ ਮੰਨਣਾ ਮੁਸ਼ਕਲ ਹੈ,” ਉਹਨੇ ਕਿਹਾ।
ਪਿੰਡ ਵਿੱਚ ਡਰ ਦਾ ਮਾਹੌਲ ਹੈ ਅਤੇ ਕਿਸਾਨ ਕਹਿੰਦੇ ਹਨ, “ਅਜੇ ਵੀ ਕੋਈ ਵੀ ਇਕੱਲਾ ਬਾਹਰ ਨਹੀਂ ਜਾਂਦਾ।”
*****
ਝੋਨੇ ਦੀ ਕਾਸ਼ਤ ਲਈ ਮੀਂਹ ਦਾ ਪਾਣੀ ਬੰਨ੍ਹਾਂ ’ਚ ਇਕੱਠਾ ਕੀਤੇ ਜਾਣ ਕਾਰਨ ਝੋਨੇ ਦੇ ਖੇਤਾਂ ਨਾਲ਼ ਜੁੜਿਆ ਲੰਬੇ ਸਾਗਵਾਨ ਅਤੇ ਬਾਂਸ ਦੇ ਰੁੱਖਾਂ ਦਾ ਮਿਸ਼ਰਣ ਚੌਕੋਰ ਅਤੇ ਆਇਤਾਕਾਰ ਡੱਬਿਆਂ ਵਰਗਾ ਦਿਖਾਈ ਦਿੰਦਾ ਹੈ। ਇਹ ਚੰਦਰਪੁਰ ਜ਼ਿਲ੍ਹੇ ਦੇ ਸਭ ਤੋਂ ਵੱਧ ਜੈਵ-ਵਿਭਿੰਨਤਾ ਨਾਲ਼ ਭਰਪੂਰ ਹਿੱਸਿਆਂ ਵਿੱਚੋਂ ਇੱਕ ਹੈ।
ਸਾਉਲੀ ਅਤੇ ਸਿੰਦੇਵਾਹੀ ਤਾੜੋਬਾ ਦੇ ਜੰਗਲਾਂ ਦੇ ਦੱਖਣ ਵੱਲ ਹਨ, ਜਿੱਥੇ ਬਾਘਾਂ ਦੀ ਸੰਭਾਲ ਦਾ ਅਸਰ ਦਿਖਾਈ ਦੇ ਰਿਹਾ ਹੈ। ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ (NTCA) ਦੁਆਰਾ 2023 ਵਿੱਚ ਜਾਰੀ ਕੀਤੀ ਗਈ ਟਾਈਗਰ ਸਹਿ-ਪ੍ਰੀਡੇਟਰਾਂ ਦੀ ਸਟੇਟਸ ਰਿਪੋਰਟ ਵਿੱਚ ਕੀਤੇ ਜ਼ਿਕਰ ਅਨੁਸਾਰ, TATR ਵਿੱਚ ਦਰਜ ਕੀਤੇ ਗਏ ਬਾਘਾਂ ਦੀ ਗਿਣਤੀ ਜੋ 2018 ਵਿੱਚ 97 ਸੀ, ਵਧ ਕੇ ਇਸ ਸਾਲ 112 ਹੋ ਗਈ ਹੈ।
![Women farmers of Hirapur still fear going to the farms. 'Even today [a year after Bhaktada’s death in a tiger attack] , no one goes out alone,' they say](/media/images/05a-20230712_105603-JH-Chandrapurs_cultiva.max-1400x1120.jpg)
![Women farmers of Hirapur still fear going to the farms. 'Even today [a year after Bhaktada’s death in a tiger attack] , no one goes out alone,' they say](/media/images/05b-20230711_162655-JH-Chandrapurs_cultiva.max-1400x1120.jpg)
ਹੀਰਾਪੁਰ ਦੀਆਂ ਮਹਿਲਾ ਕਿਸਾਨ ਅਜੇ ਵੀ ਖੇਤਾਂ ਵਿੱਚ ਜਾਣ ਤੋਂ ਡਰਦੀਆਂ ਹਨ। 'ਅੱਜ ਵੀ (ਬਾਘ ਦੇ ਹਮਲੇ ਵਿੱਚ ਭਕਤਦਾ ਦੀ ਮੌਤ ਹੋਣ ਦੇ ਇੱਕ ਸਾਲ ਬਾਅਦ), ਕੋਈ ਵੀ ਇਕੱਲਾ ਬਾਹਰ ਨਹੀਂ ਜਾਂਦਾ,' ਉਹ ਕਹਿੰਦੇਹਨ
ਇਹਨਾਂ ਵਿੱਚੋਂ ਬਹੁਤ ਸਾਰੇ ਸੁਰੱਖਿਅਤ ਖੇਤਰਾਂ (PAs) ਤੋਂ ਬਾਹਰ, ਖੇਤਰੀ ਜੰਗਲਾਂ ਵਿੱਚ ਹਨ ਜਿੱਥੇ ਜਗ੍ਹਾ-ਜਗ੍ਹਾ ਮਨੁੱਖੀ ਵਸੋਂ ਹੈ। ਇਸ ਲਈ, ਸੁਰੱਖਿਅਤ ਖੇਤਰਾਂ ਤੋਂ ਬਾਹਰ ਨਿਕਲਦੀਆਂ ਜੰਗਲੀ ਬਿੱਲੀਆਂ ਜੋ ਭਾਰੀ ਮਨੁੱਖੀ ਵਸੋਂ ਵਿੱਚ ਘੁੰਮ ਰਹੀਆਂ ਹਨ, ਦੀ ਗਿਣਤੀ ਵਧਦੀ ਜਾ ਰਹੀ ਹੈ। ਬਫਰ ਜ਼ੋਨ ਅਤੇ ਆਸ ਪਾਸ ਦੇ ਇਲਾਕਿਆਂ ਦੇ ਨੇੜਲੇ ਜੰਗਲਾਂ ਅਤੇ ਖੇਤਾਂ ਵਿੱਚ ਬਾਘਾਂ ਦੇ ਹਮਲੇ ਸਭ ਤੋਂ ਵੱਧ ਸਨ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਕੁਝ ਬਾਘ ਰਿਜ਼ਰਵ ਤੋਂ ਬਾਹਰ ਨਿਕਲ ਰਹੇ ਹਨ।
ਜ਼ਿਆਦਾਤਰ ਹਮਲੇ ਬਫਰ ਜ਼ੋਨ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਸੁਰੱਖਿਅਤ ਖੇਤਰ ਤੋਂ ਬਾਹਰ ਹੋਏ; TATR ਦੇ ਇਲਾਕੇ ਵਿੱਚ ਕੀਤੇ 2013 ਦੇ ਇੱਕ ਸਰਵੇਖਣ ਅਨੁਸਾਰ, ਜੰਗਲ ਵਿੱਚ ਸਭ ਤੋਂ ਵੱਧ ਹਮਲੇ ਹੋਏ ਸਨ, ਇਸ ਤੋਂ ਬਾਅਦ ਖੇਤੀਬਾੜੀ ਵਾਲੀਆਂ ਜ਼ਮੀਨਾਂ ਅਤੇ ਘਟ ਰਹੇ ਜੰਗਲ ਅਤੇ ਉੱਤਰ-ਪੂਰਬੀ ਗਲਿਆਰੇ ਦੇ ਨਾਲ਼ ਜੁੜੇ ਇਲਾਕਿਆਂ ਵਿੱਚ ਹਮਲੇ ਹੋਏ ਸਨ ਜੋ ਰਿਜ਼ਰਵ, ਬਫਰ ਜ਼ੋਨ ਅਤੇ ਖੰਡਿਤ ਜੰਗਲਾਂ ਨੂੰ ਜੋੜਦਾ ਹੈ।
ਸੰਭਾਲ ’ਚ ਆਈ ਤੇਜ਼ੀ ਦਾ ਨੁਕਸਾਨ ਮਨੁੱਖ-ਬਾਘ ਵਿਚਾਲੇ ਟਕਰਾਅ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ, ਹਾਲ ਇਹ ਕਿ ਵਿਧਾਨ ਸਭਾ ਦੇ ਹਾਲ ਹੀ ਵਿੱਚ ਸਮਾਪਤ ਹੋਏ ਜੁਲਾਈ 2023 ਨੂੰ ਮੁੰਬਈ ਵਿੱਚ ਹੋਏ ਮਾਨਸੂਨ ਸੈਸ਼ਨ ਵਿੱਚ ਮਹਾਰਾਸ਼ਟਰ ਦੇ ਜੰਗਲਾਤ ਮੰਤਰੀ ਸੁਧੀਰ ਮੁੰਗਤੀਵਾਰ ਨੇ ਧਿਆਨ ਦਿਵਾਊ ਮਤੇ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ'ਟਾਈਗਰ ਟ੍ਰਾਂਸਲੋਕੇਸ਼ਨ' ਪ੍ਰਯੋਗ ਦੇ ਹਿੱਸੇ ਵਜੋਂ ਦੋ ਨੌਜਵਾਨ ਬਾਘਾਂ ਨੂੰ ਗੋਂਦੀਆ ਦੇ ਨਾਗਜ਼ੀਰਾ ਟਾਈਗਰ ਰਿਜ਼ਰਵ ਵਿੱਚ ਲਿਜਾਇਆ ਗਿਆ ਹੈ ਅਤੇ ਹੋਰ ਜੰਗਲੀ ਬਿੱਲੀਆਂ ਨੂੰ ਅਜਿਹੇ ਜੰਗਲਾਂ ਵਿੱਚ ਤਬਦੀਲ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਜਿੱਥੇ ਉਨ੍ਹਾਂ ਨੂੰ ਰੱਖਣ ਲਈ ਜਗ੍ਹਾ ਮੌਜੂਦ ਹੈ।
ਇਸੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਬਾਘਾਂ ਦੇ ਹਮਲਿਆਂ ਵਿੱਚ ਮੌਤਾਂ ਜਾਂ ਜ਼ਖਮੀਆਂ ਦੇ ਮਾਮਲੇ ਵਿੱਚ, ਫਸਲਾਂ ਦੇ ਨੁਕਸਾਨ ਅਤੇ ਮਾਰੇ ਗਏ ਪਸ਼ੂਆਂ ਦੀ ਗਿਣਤੀ ਦੇ ਆਧਾਰ 'ਤੇ ਪੀੜਤਾਂ ਨੂੰ ਦਿੱਤੀ ਜਾਣ ਵਾਲੀ ਐਕਸਗ੍ਰੇਸ਼ੀਆ ਰਾਸ਼ੀ ਵਿੱਚ ਵਾਧਾ ਕਰੇਗੀ। ਸਰਕਾਰ ਨੇ ਮਨੁੱਖੀ ਮੌਤ ਦੇ ਮਾਮਲੇ ਵਿੱਚ ਐਕਸਗ੍ਰੇਸ਼ੀਆ ਰਾਸ਼ੀ 20 ਲੱਖ ਰੁਪਏ ਤੋਂ ਵਧਾ ਕੇ 25 ਲੱਖ ਰੁਪਏ ਕਰ ਦਿੱਤੀ ਹੈ। ਪਰ ਫਸਲਾਂ ਦੇ ਨੁਕਸਾਨ ਅਤੇ ਪਸ਼ੂਆਂ ਦੀ ਮੌਤ ਲਈ ਮੁਆਵਜ਼ੇ ਦੀ ਰਕਮ ਵਿੱਚ ਵਾਧਾ ਨਹੀਂ ਕੀਤਾ ਗਿਆ- ਜੋ ਫਸਲਾਂ ਦੇ ਨੁਕਸਾਨ ਲਈ ਵੱਧ ਤੋਂ ਵੱਧ 25,000 ਰੁਪਏ ਅਤੇ ਪਸ਼ੂਆਂ ਦੀ ਮੌਤ ਲਈ 50,000 ਰੁਪਏ ਹੈ।
ਨਹੀਂ ਜਾਪਦਾ ਕਿ ਥੋੜ੍ਹੇ ਸਮੇਂ ’ਚ ਇਸਸੰਕਟ ਦਾ ਕੋਈ ਅੰਤ ਹੋਵੇਗਾ।

ਬਫਰ ਜ਼ੋਨ ਅਤੇ ਆਸ ਪਾਸ ਦੇ ਇਲਾਕਿਆਂ ਦੇ ਨੇੜਲੇ ਜੰਗਲਾਂ ਅਤੇ ਖੇਤਾਂ ਵਿੱਚ ਬਾਘਾਂ ਦੇ ਹਮਲੇ ਸਭ ਤੋਂ ਜ਼ਿਆਦਾ ਹਨ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਕੁਝ ਬਾਘ ਰਿਜ਼ਰਵ (TATR) ਤੋਂ ਬਾਹਰ ਨਿਕਲ ਰਹੇ ਹਨ
TATR ਲੈਂਡਸਕੇਪ (ਰਿਜ਼ਰਵ ਤੋਂ ਬਾਹਰਬਫਰ ਖੇਤਰ ਦੇ ਅੰਦਰ ਅਤੇ ਆਸ ਪਾਸ) ਵਿੱਚ ਕੀਤੇ ਗਏ ਇੱਕ ਵਿਆਪਕ ਅਧਿਐਨ ਵਿੱਚ ਕਿਹਾ ਗਿਆ ਹੈ, "ਭਾਰਤ ਦੇ ਮੱਧ ਵਿੱਚ ਪੈਂਦੇ ਸੂਬੇ ਮਹਾਰਾਸ਼ਟਰ ਵਿੱਚ ਤਾੜੋਬਾ-ਅੰਧਾਰੀ ਟਾਈਗਰ ਰਿਜ਼ਰਵ ਦੇ ਆਲ਼ੇ-ਦੁਆਲ਼ੇ ਪਿਛਲੇ ਦੋ ਦਹਾਕਿਆਂ ਵਿੱਚ ਮਨੁੱਖਾਂ 'ਤੇ ਮਾਸਾਹਾਰੀ ਜਾਨਵਰਾਂ ਦੇ ਹਮਲਿਆਂ ਵਿੱਚ ਤੇਜ਼ੀ ਨਾਲ਼ ਵਾਧਾ ਹੋਇਆ ਹੈ।”
ਸਾਲ 2005-11 ਦੌਰਾਨ ਕੀਤੇ ਗਏ ਅਧਿਐਨ ਵਿੱਚ “ਤਾੜੋਬਾ-ਅੰਧਾਰੀ ਟਾਈਗਰ ਰਿਜ਼ਰਵ ਅਤੇ ਇਸ ਦੇ ਆਸ ਪਾਸ ਮਨੁੱਖਾਂ 'ਤੇ ਬਾਘਾਂ ਅਤੇ ਚੀਤਿਆਂ ਦੇ ਹਮਲਿਆਂ ਦੇ ਮਨੁੱਖੀ ਅਤੇ ਵਾਤਾਵਰਣਕ ਪੱਖਾਂ ਦੀ ਜਾਂਚ ਕੀਤੀ ਗਈ ਤਾਂ ਜੋ ਲੋਕਾਂ ਅਤੇ ਵੱਡੇ ਮਾਸਾਹਾਰੀ ਜੀਵਾਂ ਵਿਚਕਾਰ ਟਕਰਾਅ ਨੂੰ ਰੋਕਣ ਜਾਂ ਘਟਾਉਣ ਲਈ ਸਿਫਾਰਸ਼ਾਂ ਕੀਤੀਆਂ ਜਾ ਸਕਣ।”132 ਹਮਲਿਆਂ ਵਿੱਚੋਂ ਕ੍ਰਮਵਾਰ 78 ਫੀਸਦੀ ਅਤੇ 22 ਫੀਸਦੀ ਹਮਲਿਆਂ ਲਈ ਬਾਘ ਅਤੇ ਚੀਤੇ ਜ਼ਿੰਮੇਵਾਰ ਸਨ।
ਅਧਿਐਨ 'ਚ ਕਿਹਾ ਗਿਆ ਹੈ ਕਿ “ਜ਼ਿਆਦਾਤਰ ਪੀੜਤਾਂ ’ਤੇ ਹੋਰ ਗਤੀਵਿਧੀਆਂ ਦੇ ਮੁਕਾਬਲੇ ਛੋਟੇ ਜੰਗਲੀ ਉਤਪਾਦਾਂ ਨੂੰ ਇਕੱਠਾ ਕਰਨ ਦੌਰਾਨ ਹਮਲਾ ਕੀਤਾ ਗਿਆ।”ਜਿੰਨਾ ਕੋਈ ਜੰਗਲਾਂ ਅਤੇ ਪਿੰਡਾਂ ਤੋਂ ਦੂਰ ਸੀ, ਓਨੀ ਹੀ ਹਮਲੇ ਦੀ ਸੰਭਾਵਨਾ ਘਟ ਜਾਂਦੀ ਸੀ। ਅਧਿਐਨ ਨੇ ਸਿੱਟਾ ਕੱਢਿਆ ਕਿ ਮਨੁੱਖੀ ਮੌਤ ਦਰ ਅਤੇਹਮਲਿਆਂ ਨੂੰ ਘਟਾਉਣ ਲਈ TATR ਦੇ ਨੇੜੇ ਮਨੁੱਖੀ ਗਤੀਵਿਧੀਆਂ ਨੂੰ ਜਿੰਨਾ ਸੰਭਵ ਹੋ ਸਕੇ ਨਿਯਮਤ ਅਤੇ ਸੀਮਤ ਕਰਨ ਦੀ ਜ਼ਰੂਰਤ ਹੈ ਅਤੇ ਕਿਹਾ ਕਿ, ਵਿਕਲਪਕ ਬਾਲਣ ਸਰੋਤਾਂ (ਉਦਾਹਰਨ ਲਈ ਬਾਇਓਗੈਸ ਅਤੇ ਸੂਰਜੀ ਊਰਜਾ) ਦੀ ਸਹੂਲਤ ਵਧਾਉਣ ਨਾਲ਼ ਸੁਰੱਖਿਅਤ ਖੇਤਰਾਂ ਵਿੱਚ ਲੱਕੜ ਦੀ ਕਟਾਈ ਦਾ ਦਬਾਅ (ਲੋੜ) ਘੱਟ ਹੋ ਸਕਦਾ ਹੈ।
ਜੰਗਲੀ ਸ਼ਿਕਾਰ ਦੀ ਘਾਟ ਵਾਲੇ ਮਨੁੱਖੀ ਦਬਦਬੇ ਵਾਲੇ ਖੇਤਰਾਂ ਵਿੱਚ ਮਾਸਾਹਾਰੀ ਜਾਨਵਰਾਂ ਦੇ ਫੈਲਣ ਦਾ ਵਿਆਪਕ ਵਿਹਾਰ ਬਾਘਾਂ ਨਾਲ਼ ਟਕਰਾਅ ਦੀ ਸੰਭਾਵਨਾ ਨੂੰ ਵਧਾ ਦਿੰਦਾ ਹੈ।
ਹਾਲਾਂਕਿ, ਹਾਲ ਹੀ ਦੇ ਸਾਲਾਂ ਵਿੱਚ ਵਾਪਰੀਆਂ ਘਟਨਾਵਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਖੇਤਾਂ ਵਿੱਚ ਜਦ ਲੋਕ ਕੰਮ 'ਤੇ ਹੁੰਦੇ ਹਨ ਤਾਂ ਬਾਘਾਂ ਦੇ ਹਮਲੇ ਵਧੇਰੇ ਹੁੰਦੇ ਹਨ, ਨਾ ਕਿ ਸਿਰਫ ਜੰਗਲਾਂ ਵਿੱਚ ਜਦੋਂ ਉਹ ਜੰਗਲ ਦੀ ਉਪਜ ਇਕੱਠੀ ਕਰ ਰਹੇ ਹੁੰਦੇ ਹਨ ਜਾਂ ਪਸ਼ੂਆਂ ਨੂੰ ਚਰਾ ਰਹੇ ਹੁੰਦੇ ਹਨ। ਚੰਦਰਪੁਰ ਜ਼ਿਲ੍ਹੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਜੰਗਲੀ ਜਾਨਵਰ, ਖਾਸ ਕਰਕੇ ਸ਼ਾਕਾਹਾਰੀ ਜਾਨਵਰ, ਫਸਲਾਂ ਚਰ ਜਾਂਦੇ ਹਨ, ਇਹ ਕਿਸਾਨਾਂ ਲਈ ਇੱਕ ਵੱਡਾ ਸਿਰਦਰਦ ਹੈ, ਪਰ TATR ਦੇ ਨੇੜੇ ਦੇ ਖੇਤਰਾਂ ਵਿੱਚ, ਖੇਤਾਂ ਜਾਂ ਜੰਗਲ ਦੇ ਕਿਨਾਰਿਆਂ ਵਿੱਚ ਬਾਘ ਅਤੇ ਚੀਤੇ ਦੇ ਹਮਲੇ ਚਿੰਤਾਜਨਕ ਅਨੁਪਾਤ ਵਿੱਚ ਆ ਗਏ ਹਨ ਅਤੇ ਕੋਈ ਰਾਹਤ ਨਜ਼ਰ ਨਹੀਂ ਆ ਰਹੀ।
ਪੂਰੇ ਖੇਤਰ ਵਿੱਚ ਯਾਤਰਾ ਕਰਨਤੋਂ ਬਾਅਦ ਜੰਗਲੀ ਜਾਨਵਰਾਂ ਅਤੇ ਬਾਘਾਂ ਦੇ ਹਮਲੇ ਲੋਕਾਂ ਦੀ ਸਭ ਤੋਂ ਵੱਡੀ ਚਿੰਤਾ ਵਜੋਂ ਉੱਭਰਦੇ ਹਨ। ਆਉਣ ਵਾਲੇ ਸਮੇਂ ਵਿੱਚ, ਜਿਵੇਂ ਕਿ ਪੁਣੇ ਦੇ ਜੰਗਲੀ ਜੀਵ ਵਿਗਿਆਨੀ ਡਾ. ਮਿਲਿੰਦ ਵਾਟਵੇ ਕਹਿੰਦੇ ਹਨ, ਇਸ ਮੁੱਦੇ ਦਾ ਭਾਰਤ ਦੀਆਂ ਸੰਭਾਲ ਦੀਆਂ ਜ਼ਰੂਰਤਾਂ 'ਤੇ ਵੀ ਅਸਰ ਪਵੇਗਾ। ਜੇ ਸਥਾਨਕ ਲੋਕ ਜੰਗਲੀ ਜੀਵਾਂ ਦੇ ਵਿਰੋਧੀ ਬਣ ਜਾਣ, ਜਿਵੇਂ ਕਿ ਉਹ ਕੁਦਰਤੀ ਤੌਰ 'ਤੇ ਹੁੰਦੇ ਹਨ, ਤਾਂ ਸੁਰੱਖਿਅਤ ਜੰਗਲਾਂ ਤੋਂ ਬਾਹਰ ਜੰਗਲੀ ਜਾਨਵਰ ਕਿਵੇਂ ਸੁਰੱਖਿਅਤ ਹੋ ਸਕਦੇ ਹਨ!


ਪਿੰਡ ਚਾਂਦਲੀ ਬੀਕੇ ਵਿਖੇ ਇੱਕ ਚਾਹ ਦੀ ਦੁਕਾਨ (ਖੱਬੇ) 'ਤੇ ਪਿੰਡ ਵਾਸੀ। ਇਹ ਸਟਾਲ ਸਵੇਰੇ 10 ਵਜੇ ਤੋਂ ਚਲਦੀ ਹੈ ਅਤੇ ਬਾਘ ਅਤੇ ਜੰਗਲੀ ਸੂਰਾਂ ਦੇ ਹਮਲਿਆਂ ਦੇ ਡਰੋਂਦੇਰ ਸ਼ਾਮ ਤੋਂ ਪਹਿਲਾਂ ਬੰਦ ਹੋ ਜਾਂਦੀ ਹੈ। ਇਹ ਘਟਨਾਵਾਂ ਅਰਧ-ਪਸ਼ੂਪਾਲਕ ਕੁਰਮਾਰ ਭਾਈਚਾਰੇ (ਸੱਜੇ) ਦੇ ਖੇਤੀ ਕਾਰਜਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ ਜੋ ਹਰ ਰੋਜ਼ ਆਪਣੇ ਘੱਟੋ ਘੱਟ 2-3 ਜਾਨਵਰਾਂ ਨੂੰ ਗੁਆ ਦਿੰਦੇ ਹਨ
ਮੌਜੂਦਾ ਸੰਕਟ ਕਿਸੇ ਇੱਕ ਬਾਘ ਕਾਰਨ ਨਹੀਂ ਹੈ; ਇਹ ਕਈ ਬਾਘ ਹਨ ਜੋ ਗਲਤੀ ਨਾਲ਼ ਮਨੁੱਖਾਂ ਨੂੰ ਸ਼ਿਕਾਰ ਸਮਝ ਕੇ ਉਹਨਾਂ 'ਤੇ ਹਮਲਾ ਕਰਦੇ ਹਨ। ਅਜਿਹੇ ਹਮਲਿਆਂ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆਉਣ ਵਾਲੇ ਪਰਿਵਾਰ ਅਤੇ ਹਮਲਿਆਂ ਦੇ ਗਵਾਹ ਬਣੇ ਲੋਕ ਇੱਕ ਨਾ ਖ਼ਤਮ ਹੋਣ ਵਾਲੇ ਸਦਮੇ ਨਾਲ਼ ਜਿਉਂਦੇ ਹਨ।
ਸਾਉਲੀ ਤਹਿਸੀਲ ਦੇ ਚਾਂਦਲੀ ਬੀਕੇ ਪਿੰਡ, ਜੋ ਹੀਰਾਪੁਰ ਤੋਂ ਲਗਭਗ 40 ਕਿਲੋਮੀਟਰ ਦੂਰ ਹੈ, ਦੇ ਪ੍ਰਸ਼ਾਂਤ ਯੇਲੱਟੀਵਾਰ ਇੱਕ ਐਸੇ ਹੀ ਪਰਿਵਾਰ ਤੋਂ ਹਨ। 15 ਦਸੰਬਰ, 2022 ਨੂੰਉਸ ਦੀ ਪਤਨੀ ਸਵਰੂਪਾ ਇੱਕ ਬਾਲਗ ਸ਼ੇਰ ਦਾ ਸ਼ਿਕਾਰ ਬਣ ਗਈ ਜਦਕਿ ਪਿੰਡ ਦੀਆਂ ਪੰਜ ਹੋਰ ਔਰਤਾਂ ਡਰ ਨਾਲ਼ ਭੈਭੀਤ ਹੋਈਆਂ ਨੇ ਜੰਗਲੀ ਬਿੱਲੀ ਨੂੰ ਉਸ ’ਤੇ ਹਮਲਾ ਕਰਦਿਆਂ ਅਤੇ ਫਿਰ ਉਸਦੀ ਲਾਸ਼ ਨੂੰ ਜੰਗਲ ਵਿੱਚ ਖਿੱਚਦੇ ਵੇਖਿਆ। ਇਹ ਘਟਨਾ 15 ਦਸੰਬਰ, 2022 ਨੂੰ ਸਵੇਰੇ ਕਰੀਬ 11 ਵਜੇ ਵਾਪਰੀ।
“ਉਸ ਦੀ ਮੌਤ ਹੋਈ ਨੂੰ ਛੇ ਮਹੀਨੇ ਹੋ ਗਏ,”2023 ਵਿੱਚ ਯੇਲੱਟੀਵਾਰ ਸਾਡੇ ਨਾਲ਼ ਗੱਲ ਕਰਦਿਆਂ ਕਹਿੰਦੇ ਹਨ। “ਮੈਨੂੰ ਸਮਝ ਨਹੀਂ ਲੱਗ ਸਕੀ ਕਿ ਕੀ ਹੋਇਆ ਸੀ।”
ਯੇਲੱਟੀਵਾਰਾਂ ਕੋਲ ਸਿਰਫ਼ ਇੱਕ ਏਕੜ ਜ਼ਮੀਨ ਹੈ, ਅਤੇਉਹ ਨਾਲ਼ ਹੀ ਖੇਤ ਮਜ਼ਦੂਰਾਂ ਵਜੋਂ ਕੰਮ ਕਰਦੇ ਹਨ। ਜਦੋਂ ਇਹ ਘਟਨਾ ਵਾਪਰੀ ਤਾਂ ਸਵਰੂਪਾ ਅਤੇ ਹੋਰ ਔਰਤਾਂ ਇੱਕ ਪਿੰਡ ਵਾਸੀ ਦੇ ਖੇਤ ਵਿੱਚ ਕਪਾਹ ਚੁਗਣ ਵਿੱਚ ਰੁੱਝੀਆਂ ਹੋਈਆਂ ਸਨ – ਇਸ ਮੁੱਖ ਤੌਰ 'ਤੇ ਝੋਨੇ ਦੀ ਪੱਟੀ ਲਈ ਕਪਾਹ ਦੀ ਫਸਲ ਨਵੀਂ ਹੈ। ਇੱਕ ਬਾਘ ਪਿੰਡ ਦੇ ਨੇੜਲੇ ਖੇਤ ਵਿੱਚ ਸਵਰੂਪਾ 'ਤੇ ਝਪਟਿਆ ਅਤੇ ਉਸਨੂੰ ਅੱਧਾ ਕਿਲੋਮੀਟਰ ਖਿੱਚ ਕੇ ਜੰਗਲੀ ਖੇਤਰ ਵਿੱਚ ਲੈ ਗਿਆ। ਪਿੰਡ ਵਾਸੀਆਂ ਨੇ ਜੰਗਲਾਤ ਅਧਿਕਾਰੀਆਂ ਅਤੇ ਗਾਰਡਾਂ ਦੀ ਮਦਦ ਨਾਲ਼ ਇਸ ਖੌਫ਼ਨਾਕ ਘਟਨਾ ਦੇ ਕੁਝ ਘੰਟਿਆਂ ਬਾਅਦ ਉਸ ਦੀ ਬੁਰੀ ਤਰ੍ਹਾਂ ਨੋਚੀ ਤੇ ਨਿਰਜੀਵ ਹੋ ਚੁੱਕੀ ਲਾਸ਼ ਬਰਾਮਦ ਕੀਤੀ। ਉਹ ਇਸ ਹਿੱਸੇ ਵਿੱਚ ਬਾਘਾਂ ਕਾਰਨ ਮੌਤ ਦੀ ਲੰਬੀ ਸੂਚੀ ਵਿੱਚ ਇੱਕ ਹੋਰ ਪੀੜਤ ਬਣ ਗਈ।
“ਸਾਨੂੰ ਬਾਘ ਨੂੰ ਡਰਾਉਣ ਲਈ ਬਹੁਤ ਰੌਲਾ ਪਾਉਣਾ ਪਿਆ, ਥਾਲੀਆਂ ਵਜਾਉਣੀਆਂ ਅਤੇ ਢੋਲ ਖੜਕਾਉਣੇ ਪਏ,”ਵਿਸਤਾਰੀ ਅਲੂਰਵਾਰ ਨੇ ਕਿਹਾ ਜੋ ਉਨ੍ਹਾਂ ਪਿੰਡ ਵਾਲਿਆਂ ਵਿੱਚ ਸ਼ਾਮਲ ਸਨ ਜੋ ਉਸਦੀ ਲਾਸ਼ ਲੈਣ ਗਏ ਸਨ।
“ਅਸੀਂ ਇਹ ਸਭ ਡਰਦੇ ਵਿੱਚ ਭੈਭੀਤ ਹੋਇਆਂ ਨੇ ਦੇਖਿਆ,”ਯੇਲੱਟੀਵਾਰਾਂ ਦੇ ਛੇ ਏਕੜ ਦੀ ਮਾਲਕੀ ਵਾਲੇ ਕਿਸਾਨ ਗੁਆਂਢੀ, ਸੂਰਿਆਕਾਂਤ ਮਾਰੂਤੀ ਪਾਡੇਵਰ ਨੇ ਦੱਸਿਆ। ਨਤੀਜਾ? “ਪਿੰਡ ਵਿੱਚ ਹਰ ਕੋਈ ਡਰਿਆਹੋਇਆ ਹੈ,”ਉਹ ਕਹਿੰਦੇ ਹਨ।


ਪ੍ਰਸ਼ਾਂਤ ਯੇਲੱਟੀਵਾਰ (ਖੱਬੇ) ਅਜੇ ਵੀ ਦਸੰਬਰ 2022 ਵਿੱਚ ਬਾਘ ਦੇ ਹਮਲੇ ਵਿੱਚ ਹੋਈ ਆਪਣੀ ਪਤਨੀ ਸਵਰੂਪਾ ਦੀ ਮੌਤ ਦਾ ਭਾਣਾ ਨਹੀਂ ਮੰਨ ਸਕੇ। ਸੱਜੇ: ਸਵਰੂਪਾ ਦੀ ਮਾਂ ਸਾਵਿਤਰੀਬਾਈ, ਭਾਬੀ ਨੰਦਤਾਈ ਯੇਲੱਟੀਵਾਰ, ਅਤੇ ਭਤੀਜੀ ਆਚਲ। ਪ੍ਰਸ਼ਾਂਤ ਨੂੰ ਆਪਣੀ ਪਤਨੀ ਦੀ ਮੌਤ ਲਈ ਮੁਆਵਜ਼ੇ ਵਜੋਂ 20 ਲੱਖ ਰੁਪਏ ਮਿਲੇ
ਗੁੱਸੇ ਦਾ ਬੋਲਬਾਲਾ ਹੋਇਆ; ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਜੰਗਲਾਤ ਵਿਭਾਗ ਸਮੱਸਿਆ ਖੜ੍ਹੀ ਕਰਨ ਵਾਲੇ ਬਾਘਾਂ ਨੂੰ ਫੜ ਲਵੇ ਜਾਂ ਉਨ੍ਹਾਂ ਨੂੰ ਬੇਅਸਰ ਕਰੇ ਅਤੇ ਉਨ੍ਹਾਂ ਨੂੰ (ਪਿੰਡ ਵਾਲਿਆਂ ਨੂੰ) ਰਾਹਤ ਦੇਵੇ, ਪਰ ਕੁਝ ਸਮੇਂ ਬਾਅਦ ਵਿਰੋਧ ਪ੍ਰਦਰਸ਼ਨ ਖ਼ਤਮ ਹੋ ਗਏ।
ਸਵਰੂਪਾ ਦੀ ਮੌਤ ਤੋਂ ਬਾਅਦ ਉਸਦੇ ਪਤੀ ਦੀ ਕੰਮ 'ਤੇ ਵਾਪਸ ਜਾਣ ਦੀ ਹਿੰਮਤ ਨਹੀਂ ਹੋਈ। ਉਹ ਕਹਿੰਦੇ ਹਨ ਕਿ ਇੱਕ ਬਾਘ ਅਜੇ ਵੀ ਇਸ ਪਿੰਡ ਦੇ ਆਸ-ਪਾਸ ਅਕਸਰ ਆਉਂਦਾ ਹੈ।
“ਅਸੀਂ ਇੱਕ ਹਫ਼ਤਾ ਪਹਿਲਾਂ ਆਪਣੇ ਖੇਤ ਵਿੱਚ ਇੱਕ ਬਾਘ ਦੇਖਿਆ ਸੀ,”ਸੱਤ ਏਕੜ ਜ਼ਮੀਨ ਵਾਲੇ ਕਿਸਾਨ, 49 ਸਾਲਾ ਦੀਦੀ ਜਗਲੂ ਬੱਦਮਵਾਰ ਕਹਿੰਦੇ ਹਨ। “ਅਸੀਂ ਕਦੇ ਵੀ ਕਿਸੇ ਕੰਮ ਲਈ ਖੇਤ ਵਿੱਚ ਵਾਪਸ ਨਹੀਂ ਗਏ,”ਉਹ ਜੁਲਾਈ ਦੇ ਸ਼ੁਰੂ ਵਿੱਚ ਉਸ ਵੇਲੇ ਇਹ ਕਹਿ ਰਹੇ ਹਨ ਜਦੋਂ ਚੰਗੀ ਬਾਰਿਸ਼ ਸ਼ੁਰੂ ਹੋਣ ਤੋਂ ਬਾਅਦ ਬਿਜਾਈ ਸ਼ੁਰੂ ਹੋਈ ਹੈ। “ਇਸ ਘਟਨਾ ਤੋਂ ਬਾਅਦ, ਕਿਸੇ ਨੇ ਵੀ ਹਾੜ੍ਹੀ ਦੀਆਂ ਫਸਲਾਂ ਦੀ ਕਾਸ਼ਤ ਨਹੀਂ ਕੀਤੀ।”
ਪ੍ਰਸ਼ਾਂਤ ਨੂੰ ਆਪਣੀ ਪਤਨੀ ਦੀ ਮੌਤ ਦਾ ਮੁਆਵਜ਼ਾ – 20 ਲੱਖ ਰੁਪਏ – ਮਿਲ ਗਿਆਪਰ ਇਸ ਨਾਲ਼ ਉਨ੍ਹਾਂ ਦੀ ਪਤਨੀ ਦੀ ਜ਼ਿੰਦਗੀ ਵਾਪਸ ਨਹੀਂ ਆਵੇਗੀ, ਉਹ ਕਹਿੰਦੇ ਹਨ। ਸਵਰੂਪਾ ਆਪਣੇ ਪਿੱਛੇ ਇੱਕ ਪੁੱਤਰ ਅਤੇ ਇੱਕ ਧੀ ਛੱਡ ਗਈ ਹੈ।
*****
2023 ਦਾ ਸਾਲ 2022 ਨਾਲੋਂ ਕਿਧਰੇ ਵੀ ਵੱਖਰਾ ਸਾਬਤ ਨਹੀਂ ਹੋ ਰਿਹਾ- ਚੰਦਰਪੁਰ ਜ਼ਿਲ੍ਹੇ ਦੇ ਵਿਸ਼ਾਲ TATRਇਲਾਕੇ ਦੇ ਖੇਤਾਂ ਵਿੱਚ ਬਾਘਾਂ ਦੇ ਹਮਲੇ, ਜੰਗਲੀ ਜਾਨਵਰਾਂ ਦਾ ਖ਼ਤਰਾ ਜਾਰੀ ਹੈ।
ਇੱਕ ਮਹੀਨਾ ਪਹਿਲਾਂ (25 ਅਗਸਤ, 2023) ਨੂੰ, 60 ਸਾਲਾ ਕਬਾਇਲੀ ਮਹਿਲਾ ਕਿਸਾਨ, ਲਕਸ਼ਮੀਬਾਈ ਕੰਨਾਕੇ, ਬਾਘ ਦੇ ਹਮਲੇ ਦਾ ਤਾਜ਼ਾ ਸ਼ਿਕਾਰ ਬਣੀ ਸੀ। ਉਨ੍ਹਾਂ ਦਾ ਪਿੰਡ, ਟੇਕਾੜੀ, TATR ਦੇ ਕਿਨਾਰੇ 'ਤੇ ਪੈਂਦੀਤਹਿਸੀਲ ਭੱਦਰਾਵਤੀ ਜੋਪ੍ਰਸਿੱਧ ਮੋਹਰਲੀ ਰੇਂਜ ਦੇ ਨੇੜੇ ਹੈ, ਉੱਥੇ ਪੈਂਦਾ ਹੈ ਜੋ ਇਸ ਸ਼ਾਨਦਾਰ ਜੰਗਲ ਵਿੱਚ ਦਾਖਲ ਹੋਣ ਲਈ ਮੁੱਖ ਰਾਹ ਹੈ।
ਉਸ ਮੰਦਭਾਗੇ ਦਿਨ ਦੀ ਸ਼ਾਮ ਨੂੰ, ਉਹ ਆਪਣੀ ਨੂੰਹ ਸੁਲੋਚਨਾ ਨਾਲ਼ ਇਰਾਈ ਡੈਮ ਦੇ ਪਿਛਲੇ ਪਾਸੇ ਦੇ ਪਾਣੀਆਂ ਨਾਲ਼ ਲਗਦੇ ਆਪਣੇ ਖੇਤ ਵਿੱਚ ਕੰਮ ਕਰ ਰਹੀ ਸੀ। ਸ਼ਾਮ ਨੂੰ ਕਰੀਬ 5:30 ਵਜੇ ਸੁਲੋਚਨਾ ਨੇ ਦੇਖਿਆ ਕਿ ਇੱਕ ਬਾਘਨੇ ਲਕਸ਼ਮੀਬਾਈ ’ਤੇ ਪਿਛਲੇ ਪਾਸਿਓਂ ਨਜ਼ਰ ਟਿਕਾਈ ਹੋਈ ਸੀ ਅਤੇ ਜੰਗਲੀ ਘਾਹ ਵਿੱਚੋਂ ਉਹ ਚੋਰੀਓਂ ਉਸ ਵੱਲ ਵਧ ਰਿਹਾ ਸੀ। ਇਸ ਤੋਂ ਪਹਿਲਾਂ ਕਿ ਉਹ ਚੀਕ ਕੇ ਆਪਣੀ ਸੱਸ ਨੂੰ ਸੂਚਿਤ ਕਰਦੀ, ਬਾਘ ਨੇ ਬੁੱਢੀ ਔਰਤ 'ਤੇ ਝਪਟਾ ਮਾਰ ਕੇ ਉਸਨੂੰ ਗਰਦਨ ਤੋਂ ਫੜ ਲਿਆ ਅਤੇ ਉਸ ਦੇ ਸਰੀਰ ਨੂੰ ਬੰਨ੍ਹ ਦੇ ਪਾਣੀ ਵਿੱਚ ਖਿੱਚ ਲਿਆ। ਸੁਲੋਚਨਾ ਸੁਰੱਖਿਅਤ ਭੱਜਣ ਵਿੱਚ ਕਾਮਯਾਬ ਰਹੀ ਅਤੇ ਹੋਰ ਲੋਕਾਂ ਨੂੰ ਖੇਤ ਵਿੱਚ ਬੁਲਾ ਕੇ ਲੈ ਆਈ। ਲਕਸ਼ਮੀਬਾਈ ਦੀ ਲਾਸ਼ ਨੂੰ ਕੁਝ ਘੰਟਿਆਂ ਬਾਅਦ ਪਾਣੀ ਦੇ ਸੋਮੇ’ਚੋਂ ਬਾਹਰ ਕੱਢਿਆ ਗਿਆ।


ਕਿਸਾਨ ਰਾਮਰਾਮ ਕੰਨਾਕੇ (ਖੱਬੇ) ਆਪਣੀ ਮਰਹੂਮ ਪਤਨੀ ਲਕਸ਼ਮੀ ਬਾਈ ਦੀ ਫਰੇਮ ਕੀਤੀ ਫੋਟੋ ਨਾਲ਼, ਜੋ 25 ਅਗਸਤ, 2023 ਨੂੰ ਟੇਕਾੜੀ ਪਿੰਡ ਵਿੱਚ ਬਾਘ ਦੇ ਹਮਲੇ ਵਿੱਚ ਮਾਰੀ ਗਈ ਸੀ।ਟੇਕਾੜੀ ਭੱਦਰਾਵਤੀ ਤਹਿਸੀਲ, ਜੋ ਮਸ਼ਹੂਰ ਮੋਹਰਲੀ ਰੇਂਜ ਦੇ ਨੇੜੇ ਹੈ, ਵਿੱਚ TATR ਦੇ ਕਿਨਾਰੇ ’ਤੇ ਪੈਂਦਾ ਹੈ
ਜੰਗਲਾਤ ਅਧਿਕਾਰੀਆਂ ਨੇ ਪਿੰਡ ਵਾਸੀਆਂ ਦੇ ਗੁੱਸੇ ਅਤੇ ਸੰਭਾਵਿਤ ਜਨਤਕ ਵਿਰੋਧ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ, ਤੁਰੰਤ ਉਸ ਦੇ ਅੰਤਿਮ ਸੰਸਕਾਰ ਲਈ 50,000 ਰੁਪਏ ਜਾਰੀ ਕੀਤੇ, ਅਤੇ ਕੁਝ ਦਿਨਾਂ ਬਾਅਦ, ਉਸਦੇ ਸੋਗਗ੍ਰਸਤ ਪਤੀ, 74 ਸਾਲਾ ਰਾਮਰਾਓ ਕੰਨਾਕੇ ਨੂੰ ਐਕਸਗ੍ਰੇਸ਼ੀਆ ਦੇ ਵਧਣ ਦੇ ਆਦੇਸ਼ ਦੇ ਚਲਦੇ 25 ਲੱਖ ਰੁਪਏ ਅਦਾ ਕੀਤੇ।
ਟੇਕਾੜੀ ਵਿੱਚ ਸੁਰੱਖਿਆਕਰਮੀਆਂ ਦੀ ਇੱਕ ਟੁਕੜੀ ਨਿਗਰਾਨੀ ਰੱਖਦੀ ਹੈ, ਬਾਘਾਂ ਦੀ ਹਰਕਤ 'ਤੇ ਨਜ਼ਰ ਰੱਖਣ ਲਈ ਕੈਮਰਾ ਟ੍ਰੈਪ ਲਗਾਏ ਗਏ ਹਨ, ਅਤੇ ਪਿੰਡ ਵਾਸੀ ਆਪਣੇ ਖੇਤਾਂ ਵਿੱਚ ਕੰਮ ਕਰਨ ਲਈ ਸਮੂਹਾਂ ਵਿੱਚ ਜਾਂਦੇ ਹਨ, ਕਿਉਂਕਿ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਉਸੇ ਤਹਿਸੀਲ (ਭੱਦਰਾਵਤੀ) ਵਿੱਚ, ਅਸੀਂ 20 ਸਾਲਾ ਮਨੋਜ ਨੀਲਕੰਠ ਖੇਰੇ ਨੂੰ ਮਿਲਦੇ ਹਾਂ, ਜੋ ਬੀਏ ਦੂਜੇ ਸਾਲ ਦਾ ਵਿਦਿਆਰਥੀ ਹੈ, ਜੋ 1 ਸਤੰਬਰ, 2023 ਦੀ ਸਵੇਰ ਨੂੰ ਜੰਗਲੀ ਸੂਰ ਦੇ ਹਮਲੇ ਵਿੱਚ ਹੋਏ ਗੰਭੀਰ ਜ਼ਖਮਾਂ ਤੋਂ ਠੀਕ ਹੋ ਰਿਹਾ ਹੈ।
ਮਨੋਜ ਨੇ ਦੱਸਿਆ, “ਮੈਂ ਆਪਣੇ ਪਿਤਾ ਦੇ ਖੇਤ ਵਿੱਚ ਨਦੀਨ ਕੱਟਣ ਦੇ ਕੰਮ ਦੀ ਨਿਗਰਾਨੀ ਕਰ ਰਿਹਾ ਸੀ, ਜਦ ਪਿਛਲੇ ਪਾਸਿਓਂ ਇੱਕ ਸੂਰ ਦੌੜਦਾ ਹੋਇਆ ਆਇਆ ਅਤੇ ਆਪਣੇ ਦੰਦਾਂ ਨਾਲ਼ ਮੇਰੇ ’ਤੇ ਹਮਲਾ ਕਰ ਦਿੱਤਾ।”
ਭੱਦਰਾਵਤੀ ਤਹਿਸੀਲ ਦੇ ਹੀ ਪਿੰਡ ਪਿਰਲੀ ਵਿੱਚ ਆਪਣੇ ਮਾਮੇ ਮੰਗੇਸ਼ ਆਸੂਟਕਰ ਦੇ ਘਰ ਇੱਕ ਮੰਜੀ'ਤੇ ਲੇਟੇ ਹੋਏ ਮਨੋਜ ਨੇ ਇਸ ਘਟਨਾ ਨੂੰ ਵਿਸਥਾਰਪੂਰਵਕ ਵੇਰਵਿਆਂ ਨਾਲ਼ ਬਿਆਨ ਕੀਤਾ। “ਇਹ ਸਭ 30 ਸਕਿੰਟਾਂ ਵਿੱਚ ਵਾਪਰਿਆ,” ਉਸਨੇ ਦੱਸਿਆ।
ਸੂਰ ਨੇ ਉਸ ਦੀ ਖੱਬੀ ਜੰਘ ਨੂੰ ਫਾੜ ਦਿੱਤਾ, ਜਿਸ 'ਤੇ ਹੁਣ ਪੱਟੀ ਬੰਨ੍ਹੀ ਹੋਈ ਹੈ, ਅਤੇ ਉਸ ਦੀ ਖੱਬੀ ਪਿੰਜਣੀਨੂੰ ਇੰਨੇ ਜੋਰ ਨਾਲ਼ ਵੱਢਿਆ ਕਿ ਉਸ ਦੀ ਪੂਰੀ ਪਿੰਜਣੀ ਦੀਆਂ ਮਾਸਪੇਸ਼ੀਆਂ ਉਸ ਦੀ ਲੱਤ ਤੋਂ ਵੱਖ ਹੋ ਗਈਆਂ- ਡਾਕਟਰਾਂ ਨੇ ਉਸ ਨੂੰ ਕਿਹਾ ਹੈ ਕਿ ਉਸ ਨੂੰ ਆਪਣੀ ਪਿੰਜਣੀ ਨੂੰ ਮੁੜ ਬਣਾਉਣ ਲਈ ਪਲਾਸਟਿਕ ਸਰਜਰੀ ਕਰਵਾਉਣ ਦੀ ਜ਼ਰੂਰਤ ਪਵੇਗੀ। ਇਸ ਦਾ ਮਤਲਬ ਹੈ ਕਿ ਉਸ ਦੇ ਪਰਿਵਾਰ ਨੂੰ ਉਸ ਦੇ ਇਲਾਜ 'ਤੇ ਵੱਡੀ ਰਕਮ ਖਰਚ ਕਰਨੀ ਪਵੇਗੀ। “ਮੈਂ ਖੁਸ਼ਕਿਸਮਤ ਹਾਂ ਕਿ ਮੈਂ ਹਮਲੇ ਵਿੱਚ ਬਚ ਗਿਆ,”ਉਸਨੇ ਕਿਹਾ। ਹੋਰ ਕੋਈ ਜ਼ਖਮੀ ਨਹੀਂ ਹੋਇਆ।


ਮਨੋਜ ਨੀਲਕੰਠ ਖੇਰੇ (ਖੱਬੇ) ਸਤੰਬਰ 2023 ਦੀ ਸ਼ੁਰੂਆਤ ਵਿੱਚ ਜੰਗਲੀ ਸੂਰ ਦੇ ਹਮਲੇ ਤੋਂ ਬਚ ਗਿਆ ਸੀ, ਪਰ ਉਸਦੇ ਜ਼ਖਮ ਗੰਭੀਰ ਸਨ। 20 ਸਾਲਾ ਨੌਜਵਾਨ ਵਡਗਾਓਂ ਪਿੰਡ 'ਚ ਆਪਣੇ ਪਿਤਾ ਦੇ ਖੇਤਾਂ 'ਚ ਕੰਮ ਕਰ ਰਿਹਾ ਸੀ, ਜਦ ਪਿੱਛਿਓਂ ‘ਇੱਕ ਸੂਰ ਦੌੜਦਾ ਹੋਇਆ ਆਇਆ ਅਤੇ ਉਸਨੇ ਮੈਨੂੰ ਆਪਣੇ ਦੰਦਾਂ ਨਾਲ਼ ਵੱਢਿਆ।’ ਖੇਤੀ ਕਰਨ ਵਾਲਿਆਂ ਨੇ ਸਮੂਹ (ਸੱਜੇ) ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਅਤੇ ਇਹਨਾਂ ਵਿੱਚੋਂ ਕੋਈ ਨਾ ਕੋਈ ਜੰਗਲੀ ਜਾਨਵਰਾਂ ’ਤੇ ਨਜ਼ਰ ਰੱਖਣ ਲਈ ਖੇਤਾਂ ਦੀ ਨਿਗਰਾਨੀ ਕਰਦਾ ਹੈ
ਮਨੋਜ ਇੱਕ ਰਿਸ਼ਟ-ਪੁਸ਼ਟ ਨੌਜਵਾਨ ਹੈ, ਆਪਣੇ ਕਿਸਾਨ ਮਾਪਿਆਂ ਦਾ ਇਕਲੌਤਾ ਪੁੱਤਰ ਹੈ। ਕਿਉਂਕਿ ਉਨ੍ਹਾਂ ਦਾ ਪਿੰਡ ਵਡਗਾਓਂ ਦੂਰ-ਦੁਰਾਡੇ ਹੈ ਅਤੇ ਇੱਥੇ ਜਨਤਕ ਆਵਾਜਾਈ ਦਾ ਕੋਈ ਸਾਧਨ ਨਹੀਂ ਹੈ, ਇਸ ਲਈ ਉਸ ਦਾ ਮਾਮਾ ਉਸ ਨੂੰ ਪਿਰਲੀ ਲੈ ਆਇਆ, ਜਿੱਥੋਂ 27 ਕਿਲੋਮੀਟਰ ਦੂਰ ਭੱਦਰਾਵਤੀ ਕਸਬੇ ਦੇ ਹਸਪਤਾਲ ਜਾਣਾ ਆਸਾਨ ਹੈ।
ਆਪਣੇ ਸਮਾਰਟਫੋਨ 'ਤੇ ਉਹ ਉਸ ਦਿਨ ਦੇ ਹਮਲੇ ਦੇ ਆਪਣੇ ਤਾਜ਼ਾ ਜ਼ਖਮਾਂ ਦੀਆਂ ਤਸਵੀਰਾਂ ਦਿਖਾਉਂਦਾ ਹੈ; ਤਸਵੀਰਾਂ ਦਰਸਾਉਂਦੀਆਂ ਹਨ ਕਿ ਉਸ ਦੇ ਜ਼ਖ਼ਮ ਕਿੰਨੇ ਗੰਭੀਰ ਸਨ।
ਚਾਂਦਲੀ ਪਿੰਡ ਦੇ ਅਰਧ-ਪਸ਼ੂਪਾਲਕ ਕੁਰਮਾਰ ਭਾਈਚਾਰੇ (ਰਾਜ ਵਿੱਚ ਹੋਰ ਪਛੜੀਆਂ ਜਾਤੀਆਂ ਵਜੋਂ ਸੂਚੀਬੱਧ) ਨਾਲ਼ ਸਬੰਧਤ ਇੱਕ ਸਮਾਜਿਕ ਕਾਰਕੁੰਨ ਚਿੰਤਾਮਨ ਬਾਲਮਵਾਰ ਕਹਿੰਦੇ ਹਨ ਕਿ ਲੋਕਾਂ ਦੀ ਮੌਤ ਅਤੇ ਉਹਨਾਂ ਦੇ ਵਿਕਲਾਂਗ ਹੋਣ ਤੋਂ ਇਲਾਵਾ, ਇਹ ਘਟਨਾਵਾਂ ਖੇਤੀ ਕਾਰਜਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ। “ਕਿਸਾਨ ਸ਼ਾਇਦ ਹੀ ਕਦੇ ਹਾੜ੍ਹੀ ਦੀਆਂ ਫਸਲਾਂ ਦੀ ਕਾਸ਼ਤ ਕਰਦੇ ਹਨ ਅਤੇ ਮਜ਼ਦੂਰ ਖੇਤਾਂ ਵਿੱਚ ਜਾਣ ਤੋਂ ਡਰਦੇ ਹਨ,”ਉਹਨਾਂ ਨੇ ਦੱਸਿਆ।
ਜੰਗਲੀ ਜਾਨਵਰਾਂ ਦੇ ਛਾਪੇ ਅਤੇ ਬਾਘਾਂ ਦੀ ਆਵਾਜਾਈ ਖਾਸ ਤੌਰ 'ਤੇ ਕਈ ਪਿੰਡਾਂ ਵਿੱਚ ਹਾੜ੍ਹੀ ਦੀ ਬਿਜਾਈ ਨੂੰ ਪ੍ਰਭਾਵਿਤ ਕਰਦੀ ਹੈ; ਰਾਤ ਵੇਲੇ ਨਿਗਰਾਨੀ ਲਗਭਗ ਬੰਦ ਹੋ ਗਈ ਹੈ, ਅਤੇ ਲੋਕ ਪਹਿਲਾਂ ਵਾਂਗ ਕਿਸੇ ਵੀ ਐਮਰਜੈਂਸੀ ਵਿੱਚ ਵੀ ਪਿੰਡ ਛੱਡਣ ਅਤੇ ਸ਼ਾਮ ਨੂੰ ਬਾਹਰ ਨਿਕਲਣ ਤੋਂ ਡਰਦੇ ਹਨ।
ਇਸ ਸਭ ਦੇ ਦੌਰਾਨ, ਕਵਠੀ ਵਿੱਚ, ਸੁਧੀਰ ਦੀ ਮਾਂ ਸ਼ਸ਼ੀਕਲਾਬਾਈ, ਜੋ ਇਸ ਪਿੰਡ ਵਿੱਚ ਇੱਕ ਪੁਰਾਣੀ ਖੇਤ ਮਜ਼ਦੂਰ ਹੈ, ਜਾਣਦੀ ਹੈ ਕਿ ਉਸ ਮੰਦਭਾਗੇ ਦਿਨ ਜੰਗਲੀ ਸੂਰ ਤੋਂ ਕਿਵੇਂ ਉਸਦੇ ਬੇਟੇ ਦਾ ਵਾਲ-ਵਾਲ ਬਚਾਅ ਹੋਇਆ।
“ ਅਜੀ ਮਾਝਾ ਪੋਰਗਾ ਵਾਚਲਾ ਜੀ, ” ਉਹ ਮੈਨੂੰ ਵਾਰ-ਵਾਰ ਮਰਾਠੀ ਵਿੱਚ ਦੱਸਦੀ ਹੈ, ਰੱਬ ਦਾ ਸ਼ੁਕਰੀਆ ਅਦਾ ਕਰਦੀ ਹੈ। ਮੇਰਾ ਮੁੰਡਾ ਉਸ ਦਿਨ ਮੌਤ ਤੋਂ ਬਚ ਗਿਆ, ਉਹ ਕਹਿ ਰਹੀ ਹੈ। “ਉਹ ਸਾਡਾ ਸਹਾਰਾ ਹੈ।” ਸੁਧੀਰ ਦੇ ਪਿਤਾ ਹੁਣ ਨਹੀਂ ਰਹੇ। ਉਹ ਬਹੁਤ ਪਹਿਲਾਂ ਗੁਜ਼ਰ ਗਏ ਸਨ। “ਕੀ ਹੁੰਦਾ,”ਮਾਂ ਪੁੱਛਦੀ ਹੈ, “ਜੇ ਉਹ ਸੂਰ ਨਾ ਹੋ ਕੇ ਬਾਘ ਹੁੰਦਾ?”
ਤਰਜਮਾ : ਅਰਸ਼ਦੀਪ ਅਰਸ਼ੀ