ਸਵੇਰ ਦੇ 7 ਵਜੇ ਡਾਲਟਨਗੰਜ ਕਸਬੇ ਦੇ ਸਾਦਿਕ ਮੰਜਿਲ ਚੌਂਕ ਵਿੱਚ ਚਹਿਲ ਪਹਿਲ ਹੈ- ਟਰੱਕਾਂ ਦਾ ਸ਼ੋਰ, ਦੁਕਾਨਾਂ ਦੇ ਖੁੱਲ੍ਹਦੇ ਸ਼ਟਰ ਅਤੇ ਨੇੜਲੇ ਇੱਕ ਮੰਦਿਰ ਤੋਂ ਧੀਮੀ ਜਿਹੀ ਹਨੁੰਮਾਨ ਚਾਲੀਸਾ ਦੀ ਰਿਕਾਰਡਿੰਗ ਸੁਣਾਈ ਦੇ ਰਹੀ ਹੈ।
ਦੁਕਾਨ ਦੀਆਂ ਪੌੜੀਆਂ 'ਤੇ ਬੈਠੇ ਰਿਸ਼ੀ ਮਿਸ਼ਰਾ ਸਿਗਰੇਟ ਪੀਂਦੇ ਹੋਏ ਉੱਚੀ ਆਵਾਜ ਵਿੱਚ ਆਲੇ ਦੁਆਲੇ ਲੋਕਾਂ ਨਾਲ ਗੱਲਾਂ ਕਰ ਰਹੇ ਹਨ। ਉਹਨਾਂ ਦੀ ਇਸ ਸਵੇਰ ਦੀ ਗੱਲਬਾਤ ਦਾ ਵਿਸ਼ਾ ਹਾਲ ਵਿੱਚ ਹੀ ਖਤਮ ਹੋਈਆਂ ਆਮ ਚੋਣਾਂ ਤੇ ਨਵੀਂ ਬਣਨ ਵਾਲੀ ਸਰਕਾਰ ਹੈ। ਨਾਲ ਦਿਆਂ ਦੀ ਬਹਿਸ ਨੂੰ ਸੁਣ ਕੇ ਤਲ਼ੀ 'ਤੇ ਤੰਬਾਕੂ ਮਲ ਰਹੇ ਨਜਰੁੱਦੀਨ ਅਹਿਮਦ ਕਹਿੰਦੇ ਹਨ, “ਤੁਸੀਂ ਕਿਉਂ ਬਹਿਸ ਰਹੇ ਹੋ? ਸਰਕਾਰ ਕਿਸੇ ਦੀ ਵੀ ਬਣੇ, ਸਾਨੂੰ ਤਾਂ ਰੋਜੀ ਰੋਟੀ ਦਾ ਵਸੀਲਾ ਕਰਨਾ ਹੀ ਪਵੇਗਾ।”
ਰਿਸ਼ੀ ਤੇ ਨਜਰੁੱਦੀਨ ਉਹਨਾਂ ਕਈ ਦਿਹਾੜੀਦਾਰਾਂ ਵਿੱਚੋਂ ਹਨ ਜੋ ਹਰ ਰੋਜ ਸਵੇਰੇ ਇਸ ਥਾਂ ਇਕੱਠੇ ਹੁੰਦੇ ਹਨ ਜਿਸ ਨੂੰ ‘ਮਜਦੂਰ ਚੌਂਕ’ ਕਹਿੰਦੇ ਹਨ। ਉਹ ਦੱਸਦੇ ਹਨ ਕਿ ਪਾਲਮੂ ਲਾਗੇ ਕਿਸੇ ਪਿੰਡ ਵਿੱਚ ਕੋਈ ਕੰਮ ਨਹੀਂ ਮਿਲਦਾ। ਲਗਭਗ 25-30 ਮਜਦੂਰ ਸਾਦਿਕ ਮੰਜਿਲ ਦੇ ਮਜਦੂਰ ਚੌਂਕ ਵਿੱਚ ਦਿਹਾੜੀ ਤੇ ਕੰਮ ਮਿਲਣ ਦਾ ਇੰਤਜਾਰ ਕਰਦੇ ਹਨ। ਇਹ ਇਸ ਕਸਬੇ ਵਿੱਚ ਪੈਂਦੇ ਪੰਜ ਅਜਿਹੇ ਚੌਂਕਾਂ ਵਿੱਚੋਂ ਇੱਕ ਹੈ ਜਿੱਥੇ ਰੋਜ ਸਵੇਰੇ ਝਾਰਖੰਡ ਦੇ ਨੇੜਲੇ ਪਿੰਡਾਂ ਵਿੱਚੋਂ ਲੋਕ ਕੰਮ ਦੀ ਤਲਾਸ਼ ਵਿੱਚ ਆਉਂਦੇ ਹਨ।


ਪਾਲਮੂ ਜਿਲੇ ਦੇ ਪਿੰਡ ਸਿੰਗਰਾਹਾ ਕਲਾਂ ਤੋਂ ਰਿਸ਼ੀ ਮਿਸ਼ਰਾ ( ਖੱਬੇ ) ਅਤੇ ਨਿਉਰਾ ਪਿੰਡ ਤੋਂ ਨਜਰੁੱਦੀਨ ( ਸੱਜੇ ) ਉਹਨਾਂ ਦਿਹਾੜੀਦਾਰ ਮਜਦੂਰਾਂ ਵਿੱਚੋਂ ਹਨ ਜੋ ਰੋਜ ਸਵੇਰੇ ਡਾਲਟਨਗੰਜ ਦੇ ਸਾਦਿਕ ਮੰਜਿਲ ਵਿੱਚ ਕੰਮ ਦੀ ਤਲਾਸ਼ ਲਈ ਇਕੱਠੇ ਹੁੰਦੇ ਹਨ । ਮਜਦੂਰਾਂ ਦਾ ਕਹਿਣਾ ਹੈ ਕਿ ਪਿੰਡਾਂ ਵਿੱਚ ਕੋਈ ਕੰਮ ਨਹੀਂ


ਸਾਦਿਕ ਮੰਜਿਲ ਜਿਸ ਨੂੰ ‘ ਮਜਦੂਰ ਚੌਂਕ ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ , ਡਾਲਟਨਗੰਜ ਦੇ ਪੰਜ ਅਜਿਹੇ ਜੰਕਸ਼ਨਾਂ ਵਿੱਚੋਂ ਇੱਕ ਹੈ । ‘ ਇੱਥੇ ਹਰ ਰੋਜ 500 ਲੋਕ ਆਉਂਦੇ ਹਨ । ਸਿਰਫ ਦਸਾਂ ਨੂੰ ਹੀ ਕੰਮ ਮਿਲਦਾ ਹੈ ਬਾਕੀ ਸਭ ਇੱਥੋਂ ਖਾਲੀ ਹੱਥ ਹੀ ਪਰਤਦੇ ਹਨ ,’ ਨਜਰੁੱਦੀਨ ਦੱਸਦੇ ਹਨ
“ਅੱਠ ਵੱਜਣ ਦਿਉ ਫਿਰ ਦੇਖਿਉ ਇੱਥੇ ਤਿਲ ਧਰਨ ਨੂੰ ਥਾਂ ਨਹੀਂ ਹੋਣੀ,” ਰਿਸ਼ੀ ਆਪਣੇ ਮੋਬਾਇਲ ਫੋਨ 'ਤੇ ਸਮਾਂ ਦੇਖਦੇ ਹੋਏ ਕਹਿੰਦੇ ਹਨ।
ਰਿਸ਼ੀ ਨੇ 2014 ਵਿੱਚ ਆਈ.ਟੀ.ਆਈ. ਟਰੇਨਿੰਗ ਪੂਰੀ ਕੀਤੀ ਸੀ ਤੇ ਉਹ ਡਰਿੱਲ ਚਲਾ ਲੈਂਦੇ ਹਨ, ਜਿਸ ਕੰਮ ਦੇ ਮਿਲਣ ਦੀ ਅੱਜ ਉਹਨਾਂ ਨੂੰ ਆਸ ਹੈ। “ਅਸੀਂ ਨੌਕਰੀ ਦੀ ਆਸ ਵਿੱਚ ਇਸ ਸਰਕਾਰ ਨੂੰ ਵੋਟਾਂ ਪਾਈਆਂ ਸਨ। (ਨਰਿੰਦਰ) ਮੋਦੀ ਨੂੰ ਸੱਤਾ ਵਿੱਚ 10 ਸਾਲ ਹੋ ਚੁੱਕੇ ਹਨ। ਹੁਣ ਤੱਕ ਕਿੰਨੀਆਂ ਅਸਾਮੀਆਂ ਦਾ ਐਲਾਨ ਹੋਇਆ ਤੇ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲਿਆ?,” ਸਿੰਗਰਾਹਾ ਕਲਾਂ ਦਾ ਇਹ 28 ਸਾਲਾ ਨੌਜਵਾਨ ਸਵਾਲ ਕਰਦਾ ਹੈ। “ਜੇ ਹੋਰ ਪੰਜ ਸਾਲ ਇਹੀ ਸਰਕਾਰ ਰਹਿੰਦੀ ਹੈ ਤਾਂ ਸਾਡੇ ਅੰਦਰ ਕੋਈ ਉਮੀਦ ਬਾਕੀ ਨਹੀਂ ਰਹਿਣੀ।”
45 ਸਾਲਾਂ ਦੇ ਨਜਰੁੱਦੀਨ ਦਾ ਵੀ ਇਹੀ ਸੋਚਣਾ ਹੈ। ਨਿਉਰਾ ਪਿੰਡ ਦਾ ਇਹ ਮਿਸਤਰੀ ਸੱਤ ਜੀਆਂ ਦੇ ਪਰਿਵਾਰ ਵਿੱਚ ਇਕੱਲਾ ਕਮਾਉਣ ਵਾਲਾ ਹੈ। “ਗਰੀਬਾਂ ਤੇ ਕਿਸਾਨਾਂ ਦੀ ਫਿਕਰ ਹੈ ਕਿਸ ਨੂੰ?,” ਨਜਰੁੱਦੀਨ ਪੁੱਛਦੇ ਹਨ। ਹਰ ਰੋਜ ਇੱਥੇ 500 ਲੋਕ ਆਉਂਦੇ ਹਨ। ਕੰਮ ਸਿਰਫ ਦਸਾਂ ਨੂੰ ਮਿਲੇਗਾ ਬਾਕੀ ਸਭ ਖਾਲੀ ਹੱਥ ਘਰਾਂ ਨੂੰ ਪਰਤਣਗੇ।”


ਮਜਦੂਰ , ਆਦਮੀ ਤੇ ਔਰਤਾਂ , ਸੜਕ ਦੇ ਦੋਵੇਂ ਪਾਸੇ ਕਤਾਰਾਂ ਲਾਈ ਖੜੇ ਹਨ । ਜਿਵੇਂ ਹੀ ਕੋਈ ਆਉਂਦਾ ਹੈ ਸਭ ਉਸ ਦੇ ਦੁਆਲੇ ਕੰਮ ਮਿਲਣ ਦੀ ਉਮੀਦ ਵਿੱਚ ਇਕੱਠੇ ਹੋ ਜਾਂਦੇ ਹਨ
ਇਸ ਗੱਲਬਾਤ 'ਤੇ ਵਿਰਾਮ ਮੋਟਰਸਾਈਕਲ 'ਤੇ ਇੱਕ ਆਦਮੀ ਦੇ ਆਉਣ ਨਾਲ ਲੱਗਦਾ ਹੈ। ਸਾਰੇ ਆਦਮੀ ਕੰਮ ਮਿਲਣ ਦੀ ਆਸ ਵਿੱਚ ਉਸ ਦੇ ਦੁਆਲੇ ਇਕੱਠੇ ਹੋ ਜਾਂਦੇ ਹਨ। ਮਜਦੂਰੀ ਤੈਅ ਹੋ ਜਾਣ ਤੇ ਉਹ ਇੱਕ ਨੌਜਵਾਨ ਨੂੰ ਆਪਣੇ ਪਿੱਛੇ ਬਿਠਾ ਕੇ ਲੈ ਜਾਂਦਾ ਹੈ।
ਰਿਸ਼ੀ ਅਤੇ ਉਸ ਦੇ ਸਾਥੀ ਵਾਪਿਸ ਆਪੋ ਆਪਣੀ ਥਾਂ ਖੜ੍ਹੋ ਜਾਂਦੇ ਹਨ। “ਕੀ ਤਮਾਸ਼ਾ (ਸਰਕਸ) ਹੈ, ਇੱਕ ਬੰਦਾ ਆਇਆ ਨਹੀਂ ਕਿ ਸਭ ਭੱਜ ਕੇ ਇਕੱਠੇ ਹੋ ਜਾਂਦੇ ਹਨ,” ਰਿਸ਼ੀ ਜ਼ਬਰਦਸਤੀ ਮੁਸਕਰਾਉਣ ਦੀ ਕੋਸ਼ਿਸ਼ ਕਰਦਿਆਂ ਕਹਿੰਦੇ ਹਨ।
ਵਾਪਿਸ ਬੈਠਦਿਆਂ ਉਹ ਕਹਿੰਦੇ ਹਨ, “ਕੋਈ ਵੀ ਸਰਕਾਰ ਬਣੇ ਉਸ ਨੂੰ ਗਰੀਬਾਂ ਬਾਰੇ ਸੋਚਣਾ ਚਾਹੀਦਾ ਹੈ। ਮਹਿੰਗਾਈ ਦਾ ਹੱਲ ਹੋਣਾ ਚਾਹੀਦਾ ਹੈ। ਕੀ ਮੰਦਿਰ ਬਣਾਉਣ ਨਾਲ ਗਰੀਬਾਂ ਦਾ ਢਿੱਡ ਭਰ ਜਾਵੇਗਾ?”
ਤਰਜਮਾ: ਨਵਨੀਤ ਕੌਰ ਧਾਲੀਵਾਲ