"ਜੇ ਇਹ ਪੇਸ਼ਾ ਅਲੋਪ ਹੋ ਜਾਂਦਾ ਹੈ ਤਾਂ ਮੇਰੇ ਕੋਲ਼ ਕੰਮ ਦੀ ਭਾਲ਼ ਵਿੱਚ ਕਿਸੇ ਹੋਰ ਰਾਜ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੋਣਾ," ਅਸਾਮ ਦੇ ਦਰਾਂਗ ਜ਼ਿਲ੍ਹੇ ਦੇ ਨਾ-ਮਾਤੀ ਪਿੰਡ ਦੀ ਬਾਂਸ ਟੋਕਰੀ ਬਣਾਉਣ ਵਾਲ਼ੀ ਮਜੀਦਾ ਬੇਗਮ ਕਹਿੰਦੀ ਹਨ।
25 ਸਾਲਾ ਕਾਰੀਗਰ ਦਿਹਾੜੀ-ਮਜ਼ਦੂਰ ਤੇ ਇਕੱਲੀ ਮਾਂ ਹੈ ਜੋ ਕੰਮ ਕਰਕੇ ਆਪਣੇ 10 ਸਾਲਾ ਬੇਟੇ ਅਤੇ ਬਿਮਾਰ ਮਾਂ ਦਾ ਪਾਲਣ ਪੋਸ਼ਣ ਕਰਦੀ ਹੈ। "ਮੈਂ ਦਿਹਾੜੀ ਦੀਆਂ 40 ਖਾਸਾ (ਟੋਕਰੀਆਂ) ਬਣਾ ਸਕਦੀ ਹਾਂ, ਪਰ ਹੁਣ ਮੈਂ ਸਿਰਫ਼ 20 ਖਾਸਾ ਹੀ ਬੁਣਦੀ ਹਾਂ," ਉਹ ਸਥਾਨਕ ਮੀਆਂ ਬੋਲੀ ਵਿੱਚ ਕਹਿੰਦੀ ਹਨ। ਮਜੀਦਾ ਹਰ 20 ਟੋਕਰੀਆਂ ਬੁਣਨ ਬਦਲੇ 160 ਰੁਪਏ ਕਮਾਉਂਦੀ ਹਨ। ਇਹ ਅਨੁਸੂਚਿਤ ਰੁਜ਼ਗਾਰ ਲਈ ਰਾਜ ਦੁਆਰਾ ਨਿਰਧਾਰਤ ਘੱਟੋ ਘੱਟ ਉਜਰਤ 241.92 ਰੁਪਏ ( ਘੱਟੋ ਘੱਟ ਉਜਰਤ ਐਕਟ, 1948, 2016 ਦੀ ਰਿਪੋਰਟ ) ਤੋਂ ਕਾਫੀ ਘੱਟ ਹੈ।
ਬਾਂਸ ਦੀਆਂ ਕੀਮਤਾਂ ਵਿੱਚ ਵਾਧੇ ਅਤੇ ਇੱਥੇ ਸਬਜ਼ੀ ਮੰਡੀਆਂ ਵਿੱਚ ਟੋਕਰੀਆਂ ਦੀ ਘਟਦੀ ਮੰਗ ਨੇ ਬਾਂਸ ਦੀਆਂ ਟੋਕਰੀਆਂ ਦੀ ਵਿਕਰੀ ਤੋਂ ਹੋਣ ਵਾਲ਼ੇ ਮਾਲੀਆ ਨੂੰ ਪ੍ਰਭਾਵਿਤ ਕੀਤਾ ਹੈ। ਦਰਾਂਗ ਵਿੱਚ ਅਸਾਮ ਦੀਆਂ ਦੋ ਵੱਡੀਆਂ ਮੰਡੀਆਂ ਹਨ: ਬੇਚਿਮਾਰੀ ਅਤੇ ਬਾਲੂਗਾਓਂ, ਜਿੱਥੋਂ ਖੇਤੀਬਾੜੀ ਉਤਪਾਦਾਂ ਦੀ ਸਪਲਾਈ ਉੱਤਰ-ਪੂਰਬੀ ਹਿੱਸਿਆਂ ਅਤੇ ਦਿੱਲੀ ਨੂੰ ਕੀਤੀ ਜਾਂਦੀ ਹੈ।
ਮਜੀਦਾ ਦੇ ਪ੍ਰਵਾਸ ਕਰਨ ਦੀ ਮਜ਼ਬੂਰੀ ਦਾ ਡਰ ਹਵਾਈ ਗੱਲ ਨਹੀਂ ਹੈ ਇੱਥੇ ਲਗਭਗ 80 ਤੋਂ 100 ਪਰਿਵਾਰ ਪਹਿਲਾਂ ਹੀ "ਚੰਗੇ ਕੰਮ" ਦੀ ਭਾਲ਼ ਵਿੱਚ ਦੂਰ-ਦੁਰਾਡੀਆਂ ਥਾਵਾਂ 'ਤੇ ਚਲੇ ਗਏ ਹਨ। 39 ਸਾਲਾ ਹਨੀਫ ਅਲੀ ਸਥਾਨਕ ਮਦਰੱਸੇ ਦੇ ਨੇੜੇ ਵਾਰਡ ਏ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ। ਕਿਸੇ ਸਮੇਂ, ਇਸ ਪਿੰਡ ਦੇ ਲਗਭਗ 150 ਪਰਿਵਾਰ ਬਾਂਸ ਦੀ ਕਾਰੀਗਰੀ ਕਰਦੇ ਸਨ। ਪਰ ਹੁਣ, ਬਹੁਤ ਸਾਰੇ ਘਰ ਖਾਲੀ ਹਨ ਕਿਉਂਕਿ ਉਹ ਕਾਰੀਗਰ ਕੌਫੀ ਦੇ ਬਾਗਾਂ ਵਿੱਚ ਕੰਮ ਕਰਨ ਲਈ ਕੇਰਲ ਅਤੇ ਕਰਨਾਟਕ ਵਰਗੇ ਹੋਰ ਰਾਜਾਂ ਵਿੱਚ ਚਲੇ ਗਏ ਹਨ।


ਖੱਬੇ: ਅਸਾਮ ਦੇ ਦਰਾਂਗ ਜ਼ਿਲ੍ਹੇ ਦੇ ਨਾ-ਮਾਤੀ ਪਿੰਡ ਦੀ ਮਜੇਦਾ ਬੇਗਮ, ਬਾਂਸ ਟੋਕਰੀ ਬੁਣਕਰ ਹਨ ਅਤੇ ਦਿਹਾੜੀ ਦੀਆਂ 40 ਟੋਕਰੀਆਂ ਬਣਾ ਸਕਦੀ ਹੈ ਪਰ ਹੁਣ ਮੰਗ ਘਟਣ ਕਾਰਨ ਉਹ ਅੱਧੀਆਂ ਟੋਕਰੀਆਂ ਹੀ ਬਣਾਉਂਦੀ ਹੈ। ਸੱਜੇ: ਹਨੀਫ ਅਲੀ ਟੋਲੀ ਬਣਾਉਣ ਦੀ ਪ੍ਰਕਿਰਿਆ ਜਾਂ ਟੋਕਰੀ ਦੇ ਬੇਸ ਫਰੇਮ ਨੂੰ ਦਰਸਾਉਂਦੇ ਹਨ ਜੋ ਬੁਣਨ-ਪ੍ਰਕਿਰਿਆ ਦਾ ਪਹਿਲਾ ਕਦਮ ਹੈ


ਖੱਬੇ: ਆਪਣੇ ਪਰਿਵਾਰ ਦਾ ਬਾਂਸ ਟੋਕਰੀ ਦਾ ਕਾਰੋਬਾਰ ਚਲਾਉਣ ਵਾਲ਼ੇ ਸਿਰਾਜ ਅਲੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਾਮਾਨ ਦੀ ਮੰਗ ਵਿੱਚ ਆਈ ਗਿਰਾਵਟ ਲਈ ਪਲਾਸਟਿਕ ਦੇ ਡੱਬੇ ਜ਼ਿੰਮੇਵਾਰ ਹਨ। ਸੱਜੇ: ਜਮੀਲਾ ਖਤੂਨ ਦੂਜੇ ਰਾਜਾਂ ਵਿੱਚ ਨਹੀਂ ਜਾ ਸਕਦੀ ਕਿਉਂਕਿ ਉਨ੍ਹਾਂ ਦੇ ਦੋਵੇਂ ਬੱਚੇ ਪਿੰਡ ਦੇ ਸਕੂਲ ਪੜ੍ਹਦੇ ਹਨ
ਕੋਵਿਡ -19 ਤਾਲਾਬੰਦੀ ਤੋਂ ਬਾਅਦ ਕਾਰੋਬਾਰ ਬੁਰੀ ਤਰ੍ਹਾਂ ਠੱਪ ਹੋ ਗਿਆ ਹੈ। "ਪਹਿਲਾਂ, ਅਸੀਂ ਹਰ ਹਫ਼ਤੇ 400-500 ਖਾਸਾ ਵੇਚਦੇ ਸੀ, ਪਰ ਹੁਣ ਅਸੀਂ ਸਿਰਫ਼ 100-150 ਖਾਸਾ ਹੀ ਵੇਚ ਪਾ ਰਹੇ ਹਾਂ," ਸਿਰਾਜ ਅਲੀ ਕਹਿੰਦੇ ਹਨ। 28 ਸਾਲਾ ਇਹ ਨੌਜਵਾਨ ਆਪਣੇ ਪਰਿਵਾਰ ਦਾ ਬਾਂਸ ਟੋਕਰੀ ਦਾ ਕਾਰੋਬਾਰ ਚਲਾਉਂਦਾ ਹੈ। "ਮਹਾਂਮਾਰੀ ਦੌਰਾਨ, ਸਬਜ਼ੀ ਵਿਕਰੇਤਾਵਾਂ ਨੇ ਆਪਣੀ ਉਪਜ ਨੂੰ ਪੈਕ ਕਰਨ ਅਤੇ ਸਟੋਰ ਕਰਨ ਲਈ ਪਲਾਸਟਿਕ ਟ੍ਰੇ ਅਤੇ ਬੈਗਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਉਸ ਸਮੇਂ ਅਸੀਂ ਤੁਕਰੀਆਂ (ਬਾਂਸ ਦੀਆਂ ਛੋਟੀਆਂ ਟੋਕਰੀਆਂ) ਨਹੀਂ ਵੇਚ ਸਕਦੇ ਸੀ," ਉਹ ਕਹਿੰਦੇ ਹਨ।
ਸਿਰਾਜ ਆਪਣੇ ਪੰਜ ਮੈਂਬਰੀਂ ਪਰਿਵਾਰ ਨਾਲ਼ ਵਾਰਡ ਏ ਖੇਤਰ ਵਿੱਚ ਰਹਿੰਦੇ ਹਨ। "ਭਾਵੇਂ ਅਸੀਂ ਸਾਰੇ ਜਣੇ ਕੰਮ ਕਰ ਰਹੇ ਹਾਂ, ਪਰ ਅਸੀਂ ਹਫ਼ਤੇ ਵਿੱਚ ਸਿਰਫ਼ 3,000-4,000 ਰੁਪਏ ਹੀ ਕਮਾ ਪਾ ਰਹੇ ਹਾਂ," ਉਹ ਕਹਿੰਦੇ ਹਨ। "ਮਜ਼ਦੂਰਾਂ ਦੀ ਤਨਖਾਹ ਅਤੇ ਬਾਂਸ ਇਕੱਠਾ ਕਰਨ 'ਤੇ ਹੋਏ ਖਰਚੇ ਨੂੰ ਕੱਟਣ ਤੋਂ ਬਾਅਦ, ਮੇਰੇ ਪਰਿਵਾਰ ਦੀ ਕਮਾਈ 250-300 ਰੁਪਏ ਪ੍ਰਤੀ ਦਿਨ ਰਹਿ ਜਾਂਦੀ ਹੈ। "ਜੇ ਹਾਲਾਤ ਇੰਝ ਹੀ ਬਣੇ ਰਹੇ, ਤਾਂ ਮੈਨੂੰ ਵੀ ਜਾਣਾ ਪਵੇਗਾ," ਉਹ ਕਹਿੰਦੇ ਹਨ।
ਪਰ ਹਰ ਕੋਈ ਥੋੜ੍ਹੀ ਜਾ ਸਕਦਾ। "ਮੈਂ ਪ੍ਰਵਾਸ ਕਰਕੇ ਕੇਰਲ ਨਹੀਂ ਜਾ ਸਕਦੀ ਕਿਉਂਕਿ ਮੇਰੇ ਦੋ ਬੱਚੇ ਇੱਥੇ ਸਕੂਲ ਪੜ੍ਹਦੇ ਹਨ," 35 ਸਾਲਾ ਜਮੀਲਾ ਖਤੂਨ ਕਹਿੰਦੀ ਹਨ ਜੋ ਵੀ ਟੋਕਰੀ ਬੁਣਕਰ ਹੀ ਹਨ। ਪਿੰਡ ਦੇ ਹੋਰ ਘਰਾਂ ਵਾਂਗ, ਉਨ੍ਹਾਂ ਦੇ ਘਰ ਵਿੱਚ ਵੀ ਨਾ ਪਖਾਨੇ ਦੀ ਸਹੂਲਤ ਹੈ ਤੇ ਨਾ ਹੀ ਗੈਸ ਸਿਲੰਡਰ ਦਾ ਕੁਨੈਕਸ਼ਨ ਹੀ। "ਅਸੀਂ ਪ੍ਰਾਈਵੇਟ ਸਕੂਲਾਂ ਦੀ ਫੀਸ ਨਹੀਂ ਭਰ ਸਕਦੇ। ਜੇ ਅਸੀਂ ਪ੍ਰਵਾਸ ਕਰਦੇ ਹਾਂ, ਤਾਂ ਬੱਚਿਆਂ ਦੀ ਪੜ੍ਹਾਈ ਬਰਬਾਦ ਹੋ ਜਾਵੇਗੀ," ਨਾ-ਮਾਤੀ ਦੇ ਇਹ ਵਸਨੀਕ ਕਹਿੰਦੀ ਹੈ।
ਇਸ ਪਿੰਡ ਦੇ ਜ਼ਿਆਦਾਤਰ ਟੋਕਰੀ-ਬੁਣਕਰ ਮੌਜੂਦਾ ਬੰਗਲਾਦੇਸ਼ ਦੇ ਮੈਮਨਸਿੰਘ ਤੋਂ ਆਏ ਪ੍ਰਵਾਸੀਆਂ ਦੇ ਵੰਸ਼ਜ ਹਨ। ਜਦੋਂ ਬਸਤੀਵਾਦੀ ਸ਼ਾਸਨ ਦੌਰਾਨ ਬੰਗਾਲ ਦੀ ਵੰਡ ਨਹੀਂ ਸੀ ਹੋਈ ਤਾਂ ਉਨ੍ਹਾਂ ਲੋਕਾਂ ਨੇ ਕੰਮ ਦੀ ਭਾਲ਼ ਵਿੱਚ ਆਪਣੇ ਘਰ ਛੱਡ ਦਿੱਤੇ। 'ਮੀਆਂ' ਸ਼ਬਦ ਦਾ ਸ਼ਾਬਦਿਕ ਅਰਥ ਹੈ 'ਸੱਜਣ', ਜੋ ਅਸਾਮੀ ਨਸਲੀ-ਰਾਸ਼ਟਰਵਾਦੀਆਂ ਵੱਲੋਂ ਬੰਗਲਾ-ਭਾਸ਼ੀਆਂ ਨੂੰ "ਗੈਰ-ਕਾਨੂੰਨੀ ਪ੍ਰਵਾਸੀ" ਕਹਿਣ ਲਈ ਅਪਮਾਨ ਦੇ ਤੌਰ 'ਤੇ ਵਰਤਿਆ ਜਾਂਦਾ ਹੈ।


ਖੱਬੇ: ਨਾ-ਮਾਤੀ ਪਿੰਡ ਬਾਂਸ ਟੋਕਰੀ ਬੁਣਕਰਾਂ ਦਾ ਕੇਂਦਰ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮੀਆਂ ਭਾਈਚਾਰੇ ਨਾਲ਼ ਸਬੰਧਤ ਹਨ। ਸੱਜੇ: ਮਿਆਰੁੱਦੀਨ ਛੋਟੀ ਉਮਰ ਤੋਂ ਹੀ ਟੋਕਰੀ ਬੁਣਨ ਦਾ ਕੰਮ ਕਰ ਰਹੇ ਹਨ। ਉਹ ਬਾਂਸ ਦੀਆਂ ਟੋਕਰੀਆਂ ਵੇਚ ਕੇ ਆਪਣੇ ਪੰਜ ਮੈਂਬਰੀ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ


ਅਧਾਰ (ਖੱਬੇ) ਹੀ ਟੋਕਰੀ ਦੇ ਆਕਾਰ ਨੂੰ ਨਿਰਧਾਰਤ ਕਰਦਾ ਹੈ। ਇੱਕ ਵਾਰ ਅਧਾਰ ਬਣ ਜਾਣ ਤੋਂ ਬਾਅਦ, ਔਰਤਾਂ ਇਸ ਵਿੱਚ (ਸੱਜੇ) ਪਤਲੀਆਂ ਪੱਟੀਆਂ ਬੁਣਨ ਲੱਗਦੀਆਂ ਹਨ
ਗੁਹਾਟੀ ਤੋਂ ਲਗਭਗ 110 ਕਿਲੋਮੀਟਰ ਦੀ ਦੂਰੀ 'ਤੇ ਸਥਿਤ, ਨਾ-ਮਾਤੀ ਪਿੰਡ ਦਰਾਂਗ ਜ਼ਿਲ੍ਹੇ ਵਿੱਚ ਬਾਂਸ ਦੇ ਦਸਤਕਾਰੀ ਦਾ ਕੇਂਦਰ ਹੈ, ਜੋ ਰਵਾਇਤੀ ਤੌਰ 'ਤੇ ਬਾਂਸ ਦੀਆਂ ਟੋਕਰੀਆਂ ਬੁਣਦਾ ਹੈ ਜਿਸ ਨੂੰ ਸਥਾਨਕ ਤੌਰ 'ਤੇ ਖਾਸਾ ਕਿਹਾ ਜਾਂਦਾ ਹੈ। ਕੱਚੀ ਸੜਕਾਂ ਅਤੇ ਗਲ਼ੀਆਂ ਲਗਭਗ 50 ਪਰਿਵਾਰਾਂ ਦੀਆਂ ਦੋ ਢਾਣੀਆਂ ਵੱਲ ਜਾਂਦੀਆਂ ਹਨ, ਜਿੱਥੇ ਇਹ ਬੰਗਾਲੀ ਬੋਲਣ ਵਾਲ਼ੇ ਮੁਸਲਮਾਨ ਰਹਿੰਦੇ ਹਨ, ਜਿੱਥੇ ਕੁਝ ਗਿਣਤੀ ਬਾਂਸ-ਘਾਹ ਜਾਂ ਟੀਨ ਦੀ ਕੰਧ ਵਾਲ਼ੇ ਘਰਾਂ ਅਤੇ ਕੁਝ ਤੰਗਨੀ ਨਦੀ ਦੇ ਹੜ੍ਹ ਦੇ ਮੈਦਾਨਾਂ ਵਿੱਚ ਕੁਝ ਲੋਕ ਕੰਕਰੀਟ ਘਰਾਂ ਵਿੱਚ ਰਹਿੰਦੇ ਹਨ।
ਖੇਤਰ ਦੇ ਨਾਮ- ਖਾਸਾਪੱਟੀ ਤੋਂ ਮਤਲਬ ਹੈ 'ਬਾਂਸ ਦੀਆਂ ਟੋਕਰੀਆਂ ਵਾਲ਼ਾ ਹਿੱਸਾ' ਅਤੇ ਇੱਥੋਂ ਦੇ ਜ਼ਿਆਦਾਤਰ ਘਰਾਂ ਦੇ ਸਾਹਮਣੇ ਬਾਂਸ ਦੀਆਂ ਟੋਕਰੀਆਂ ਦੇ ਢੇਰ ਲੱਗੇ ਹੋਏ ਰਹਿੰਦੇ ਹਨ। "ਜਦੋਂ ਤੋਂ ਮੇਰਾ ਜਨਮ ਹੋਇਆ ਹੈ, ਸਾਡੇ ਇਲਾਕੇ ਦੇ ਲੋਕ ਲਾਲਪੂਲ, ਬੇਚਿਮਾਰੀ ਅਤੇ ਬਲੂਗਾਓਂ ਮੰਡੀਆਂ ਦੀਆਂ ਰੋਜ਼ਾਨਾ ਅਤੇ ਹਫ਼ਤਾਵਾਰੀ ਸਬਜ਼ੀ ਮੰਡੀਆਂ ਵਿੱਚ ਬਾਂਸ ਦੀਆਂ ਟੋਕਰੀਆਂ ਦੀ ਸਪਲਾਈ ਕਰ ਰਹੇ ਹਨ," 30 ਸਾਲਾ ਮੁਰਸ਼ਿਦਾ ਬੇਗਮ ਕਹਿੰਦੀ ਹਨ।
ਹਨੀਫ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਇਸ ਕਾਰੋਬਾਰ ਨਾਲ਼ ਜੁੜੀਆਂ ਹੋਈਆਂ ਹਨ। "ਖਾਸਾਪੱਟੀ ਵਿੱਚ ਪੈਰ ਪਾਉਂਦਿਆਂ ਹੀ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਇਸੇ ਪਿੰਡ ਬਾਰੇ ਗੱਲ ਕਰ ਰਹੇ ਹੋ। ਹਾਲਾਂਕਿ ਇੱਥੇ ਹਰ ਕੋਈ ਕਾਰੀਗਰ ਨਹੀਂ ਹੈ, ਪਰ ਇੱਥੇ ਹੀ ਖਾਸਾ ਬੁਣਕਰਾਂ ਦੀ ਪਹਿਲੀ ਪੀੜ੍ਹੀ ਨੇ ਆਪਣਾ ਕੰਮ ਸ਼ੁਰੂ ਕੀਤਾ।''
ਹਨੀਫ ਬਾਂਸ ਕਾਰੀਗਰਾਂ ਦਾ ਇੱਕ ਰਜਿਸਟਰਡ ਸਵੈ-ਸਹਾਇਤਾ ਸਮੂਹ (ਐਸਐਚਜੀਜੀਜੀ) ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। "ਜੇ ਸਰਕਾਰ ਸਾਨੂੰ ਵਰਕਸ਼ਾਪ ਸਥਾਪਤ ਕਰਨ ਲਈ ਤਕਨੀਕੀ ਅਤੇ ਵਿੱਤੀ ਸਹਾਇਤਾ ਦਿੰਦੀ ਹੈ, ਤਾਂ ਇਹ ਕਲਾ ਬੱਚ ਜਾਵੇਗੀ," ਉਹ ਉਮੀਦ ਕਰਦੇ ਹਨ।
ਇਸ ਕਲਾ ਵਿੱਚ ਮੁੱਖ ਤੌਰ 'ਤੇ ਲੱਗੇ ਮੁਸਲਮਾਨ ਭਾਈਚਾਰੇ ਦੇ ਲੋਕ ਬੇਜ਼ਮੀਨੇ ਸਨ ਤੇ ਜਿਸ ਕਾਰਨ ਉਹ ਖੇਤੀਬਾੜੀ ਨਹੀਂ ਕਰ ਸਕਦੇ ਸਨ। ਸੋ ਉਨ੍ਹਾਂ ਨੇ ਇਹ ਪੇਸ਼ਾ ਅਪਣਾਇਆ। "ਬਾਂਸ ਦੀਆਂ ਟੋਕਰੀਆਂ ਸਬਜ਼ੀਆਂ ਦੇ ਕਾਰੋਬਾਰ ਦੀ ਲੜੀ ਦਾ ਇੱਕ ਅਨਿੱਖੜਵਾਂ ਅੰਗ ਹਨ ਕਿਉਂਕਿ ਇਹ ਖੇਤਰ ਵੀ ਖੇਤੀਬਾੜੀ 'ਤੇ ਹੀ ਨਿਰਭਰ ਹੈ," ਵਾਰਡ ਏ ਖੇਤਰ ਦੇ ਇੱਕ ਟੋਕਰੀ ਬੁਣਕਰ ਅਤੇ ਸਮਾਜ ਸੇਵੀ, 61 ਸਾਲਾ ਅਬਦੁਲ ਜਲੀਲ ਕਹਿੰਦੇ ਹਨ।
"ਸਥਾਨਕ ਲੋਕਾਂ ਨੂੰ ਆਪਣੀ ਉਪਜ ਨੂੰ ਬਾਜ਼ਾਰ ਲਿਜਾਣ ਲਈ ਤੁਕਰੀਆਂ ਦੀ ਲੋੜ ਰਹਿੰਦੀ ਅਤੇ ਵਿਕਰੇਤਾਵਾਂ ਨੂੰ ਸਬਜ਼ੀਆਂ ਦੀ ਢੋਆ-ਢੁਆਈ ਲਈ ਉਨ੍ਹਾਂ ਵਿੱਚ ਹਰ ਸ਼ੈਅ ਨੂੰ ਪੈਕ ਕਰਨ ਦੀ ਲੋੜ ਰਹਿੰਦੀ। ਇਸ ਤਰ੍ਹਾਂ, ਅਸੀਂ ਪੀੜ੍ਹੀਆਂ ਤੋਂ ਇਹ ਟੋਕਰੀਆਂ ਬਣਾਉਂਦੇ ਆ ਰਹੇ ਹਾਂ," ਉਹ ਦੱਸਦੇ ਹਨ।


ਖੱਬੇ: ਮੁਰਸ਼ੀਦਾ ਬੇਗਮ ਦੇ ਇਲਾਕੇ ਦੇ ਕਈ ਪਰਿਵਾਰ ਕਰਨਾਟਕ ਅਤੇ ਕੇਰਲ ਵਰਗੇ ਹੋਰ ਰਾਜਾਂ ਵਿੱਚ ਚਲੇ ਗਏ ਹਨ। ਸੱਜੇ: ਟੋਕਰੀ ਬਣਾਉਣ ਵਾਲ਼ੇ ਅਤੇ ਸਮਾਜ ਸੇਵੀ ਅਬਦੁਲ ਜਲੀਲ ਕਹਿੰਦੇ ਹਨ , ' ਅਸੀਂ ਇਸ ਕੰਮ ਵਿੱਚ ਆਪਣਾ ਖੂਨ-ਪਸੀਨਾ ਲਗਾਉਂਦੇ ਹਾਂ , ਪਰ ਵਾਜਬ ਕੀਮਤ ਨਹੀਂ ਮਿਲ਼ਦੀ '


ਖੱਬੇ: ਮੁਨਸੇਰ ਅਲੀ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਟੋਕਰੀ ਨਿਰਮਾਤਾਵਾਂ ਨੂੰ ਬਾਂਸ ਵੇਚ ਰਹੇ ਹਨ । ਸੱਜੇ: ਵਿਕਰੀ ਵਿੱਚ ਆਈ ਗਿਰਾਵਟ ਦੇ ਨਾਲ਼, ਬੁਣਕਰਾਂ ਦੇ ਘਰਾਂ ਵਿੱਚ ਟੋਕਰੀਆਂ ਦਾ ਢੇਰ ਲੱਗ ਗਿਆ ਹੈ
ਕਾਮਿਆਂ ਦਾ ਕਹਿਣਾ ਹੈ ਕਿ ਕੱਚੇ ਮਾਲ ਦੀ ਖਰੀਦ ਲਾਗਤ ਵਿੱਚ ਵਾਧਾ ਵੀ ਟੋਕਰੀਆਂ ਦੀਆਂ ਕੀਮਤਾਂ ਵਿੱਚ ਵਾਧੇ ਲਈ ਜ਼ਿੰਮੇਵਾਰ ਹੈ। ਚਾਪੋਰੀ ਢਾਣੀ (ਕਲੱਸਟਰ) ਦੇ 43 ਸਾਲਾ ਬਾਂਸ ਕਾਰੀਗਰ, ਅਫਾਜ਼ ਉਦੀਨ ਕਹਿੰਦੇ ਹਨ ਕਿ 50 ਰੁਪਏ ਦੀ ਹਰੇਕ ਟੋਕਰੀ ਲਈ ਉਨ੍ਹਾਂ ਨੂੰ ਬਾਂਸ, ਤੰਦਾਂ, ਬੁਣਕਰਾਂ ਦਾ ਭੁਗਤਾਨ ਅਤੇ ਸਥਾਨਕ ਆਵਾਜਾਈ ਦੇ ਖਰਚਿਆਂ ਸਮੇਤ ਲਗਭਗ 40 ਰੁਪਏ ਖਰਚ ਕਰਨੇ ਪੈਂਦੇ ਹਨ।
ਮੁਨਸਰ ਅਲੀ ਦੋ ਦਹਾਕਿਆਂ ਤੋਂ ਵੱਖ-ਵੱਖ ਥਾਵਾਂ ਤੋਂ ਬਾਂਸ ਖਰੀਦ ਰਹੇ ਹਨ ਅਤੇ ਇਸ ਨੂੰ ਬੇਚਿਮਾਰੀ ਬਾਜ਼ਾਰ ਵਿੱਚ ਵੇਚ ਰਹੇ ਹਨ। 43 ਸਾਲਾ ਅਲੀ ਦਾ ਕਹਿਣਾ ਹੈ ਕਿ ਢੋਆ-ਢੁਆਈ (ਆਵਾਜਾਈ) ਇਸ ਕਾਰੋਬਾਰ ਲਈ ਮੁੱਖ ਰੁਕਾਵਟ ਹੈ। ਮੋਟਰ ਵਹੀਕਲ (ਸੋਧ) ਐਕਟ, 2019 ਦੇ ਅਨੁਸਾਰ, ਵਾਹਨ ਦੀ ਓਵਰਲੋਡਿੰਗ 'ਤੇ 20,000 ਰੁਪਏ ਦਾ ਜੁਰਮਾਨਾ ਲੱਗੇਗਾ ਅਤੇ ਹਰੇਕ ਵਾਧੂ ਟਨ ਲੋਡ ਲਈ 2,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।
ਹਾਲਾਂਕਿ, ਅਸਾਮ ਦੀ ਦਸਤਕਾਰੀ ਨੀਤੀ ( 2022 ) ਨਿਰਧਾਰਤ ਕਰਦੀ ਹੈ ਕਿ ਬਾਂਸ ਦੀ ਸੋਰਸਿੰਗ (ਉਪਲਬਧਤਾ/ਸਪਲਾਈ) ਦੀ ਜ਼ਿੰਮੇਵਾਰੀ ਰਾਜ ਬਾਂਸ ਮਿਸ਼ਨ, ਜੰਗਲਾਤ ਵਿਭਾਗ ਦੀਆਂ ਹੋਰ ਏਜੰਸੀਆਂ ਅਤੇ ਪੰਚਾਇਤਾਂ ਦੀ ਹੈ।
ਕੀਮਤਾਂ ਵਿੱਚ ਵਾਧੇ ਕਾਰਨ ਮੁਨਸਰ ਅਲੀ ਨੇ ਆਪਣੇ ਪ੍ਰਮੁੱਖ ਗਾਹਕ, ਬਾਂਸ ਟੋਕਰੀ ਨਿਰਮਾਤਾਵਾਂ ਨੂੰ ਗੁਆ ਦਿੱਤਾ ਹੈ। "ਉਨ੍ਹਾਂ ਨੂੰ ਬਾਂਸ ਦੀ ਇੱਕ ਬੈਂਤ 130-150 ਰੁਪਏ ਵਿੱਚ ਖਰੀਦਣੀ ਪੈਂਦੀ ਹੈ," ਉਹ ਕਹਿੰਦੇ ਹਨ। "ਜੇ ਉਨ੍ਹਾਂ ਨੂੰ ਇੱਕ ਟੋਕਰੀ 100 ਰੁਪਏ ਵਿੱਚ ਵੇਚਣੀ ਪਵੇ ਤਾਂ ਕੋਈ ਫਾਇਦਾ ਹੈ?"
*****
ਅਬਦੁਲ ਜਲੀਲ ਦਾ ਕਹਿਣਾ ਹੈ ਕਿ ਖਾਸਾ ਬਣਾਉਣ ਦੀ ਵਿਸਤ੍ਰਿਤ ਪ੍ਰਕਿਰਿਆ ਬਾਂਸ ਇਕੱਠਾ ਕਰਨ ਤੋਂ ਸ਼ੁਰੂ ਹੁੰਦੀ ਹੈ। "ਲਗਭਗ 20 ਜਾਂ 30 ਸਾਲ ਪਹਿਲਾਂ, ਅਸੀਂ ਦਰਾਂਗ ਜ਼ਿਲ੍ਹੇ ਦੇ ਪਿੰਡਾਂ ਵਿੱਚ ਬਾਂਸ ਇਕੱਠਾ ਕਰਨ ਜਾਂਦੇ ਸੀ। ਪਰ ਸਮੇਂ ਦੇ ਨਾਲ਼ ਬਾਂਸ ਦੇ ਬਾਗਾਂ ਵਿੱਚ ਆਈ ਗਿਰਾਵਟ ਨਾਲ਼ ਇੱਥੇ ਬਾਂਸ ਦੀ ਘਾਟ ਹੋ ਗਈ, ਵਪਾਰੀਆਂ ਨੇ ਕਾਰਬੀ ਆਂਗਲੌਂਗ ਅਤੇ ਲਖੀਮਪੁਰ ਜ਼ਿਲ੍ਹਿਆਂ ਜਾਂ ਅਰੁਣਾਚਲ ਪ੍ਰਦੇਸ਼ ਅਤੇ ਹੋਰ ਪਹਾੜੀ ਖੇਤਰਾਂ ਵਰਗੀਆਂ ਵੱਖ-ਵੱਖ ਥਾਵਾਂ ਤੋਂ ਇਸ ਦੀ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ।''
ਨਾ-ਮਾਤੀ ਦੇ ਕਈ ਪਰਿਵਾਰ ਬਾਂਸ ਦੀ ਕਾਰੀਗਰੀ ਵਿੱਚ ਸ਼ਾਮਲ ਰਹੇ ਸਨ। ਹੁਣ ਕੰਮ ਦੀ ਭਾਲ਼ ਵਿੱਚ ਕੌਫ਼ੀ ਬਗ਼ਾਨਾਂ ਨੂੰ ਪ੍ਰਵਾਸ ਕਰ ਗਏ ਇਨ੍ਹਾਂ ਕਾਰੀਗਰਾਂ ਦੇ ਘਰ ਖਾਲੀ ਪਏ ਹਨ
ਇੱਕ ਵਾਰ ਜਦੋਂ ਬਾਂਸ ਬੁਣਕਰ ਦੇ ਘਰ ਪਹੁੰਚ ਗਿਆ, ਪਰਿਵਾਰ ਦੇ ਆਦਮੀ ਟੋਕਰੀ ਦਾ ਅਧਾਰ ਬਣਾਉਣ ਲਈ ਹੇਠਾਂ (ਬਾਂਸ ਦੇ) ਤੋਂ 3.5 ਫੁੱਟ-4.5 ਫੁੱਟ ਤੱਕ ਦੇ ਵੱਖ-ਵੱਖ ਆਕਾਰ ਦੀਆਂ ਬੀਟੀਆਂ (ਪੱਟੀਆਂ) ਕੱਟਦੇ ਹਨ। ਜੋੜਨ ਦਾ ਕੰਮ ਕਰਨ ਵਾਲ਼ੀਆਂ 8, 12 ਜਾਂ 16 ਫੁੱਟੀ ਪੱਟੀਆਂ ਨੂੰ ਬਾਂਸ ਦੇ ਵਿਚਕਾਰੋਂ ਕੱਟਿਆ ਜਾਂਦਾ ਹੈ ਅਤੇ ਉੱਪਰਲੇ ਕੁਲਮ ਦੀ ਵਰਤੋਂ ਟੋਕਰੀ ਦੇ ਸਿਖਰ ਨੂੰ ਪੂਰਾ ਕਰਨ ਲਈ ਲੋੜੀਂਦੀਆਂ ਪੱਟੀਆਂ ਬਣਾਉਣ ਲਈ ਕੀਤੀ ਜਾਂਦੀ ਹੈ।
ਟੋਕਰੀ ਟੋਲੀ (ਅਧਾਰ ਜਾਂ ਫਰੇਮ) ਬਣਾਉਣ ਲਈ ਮੁਕਾਬਲਤਨ ਮੋਟੀਆਂ ਪੱਟੀਆਂ ਦੀ ਵਰਤੋਂ ਕੀਤੀ ਜਾਂਦੀ ਹੈ। " ਟੋਲੀ ਹੀ ਟੋਕਰੀ ਦੇ ਆਕਾਰ ਨੂੰ ਪਰਿਭਾਸ਼ਿਤ ਕਰਦਾ ਹੈ। ਅਧਾਰ ਤਿਆਰ ਹੋਣ ਤੋਂ ਬਾਅਦ, ਔਰਤਾਂ ਅਤੇ ਬੱਚੇ ਟੋਕਰੀ ਦੀਆਂ ਵਿਚਕਾਰਲੀਆਂ ਲਚੀਲੀਆਂ ਪਤਲੀਆਂ ਪੱਟੀਆਂ ਬੁਣਦੇ ਹਨ। ਇਨ੍ਹਾਂ ਪੱਟੀਆਂ ਨੂੰ ਪੇਚਨੀ ਬੀਟੀ ਕਿਹਾ ਜਾਂਦਾ ਹੈ," ਜਲੀਲ ਦੱਸਦੇ ਹਨ।
"ਟੋਕਰੀ ਦੇ ਉਪਰਲੇ ਸਿਰੇ ਦੀ ਬੁਣਾਈ-ਪ੍ਰਕਿਰਿਆ ਖ਼ਤਮ ਕਰਨ ਲਈ ਮਜ਼ਬੂਤ ਪੱਟੀਆਂ ਦੇ ਦੋ ਜਾਂ ਤਿੰਨ ਗੇੜਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨੂੰ ਅਸੀਂ ਪੇਚਨੀ ਕਹਿੰਦੇ ਹਾਂ। ਟੋਕਰੀ ਨੂੰ ਪੂਰਾ ਕਰਨ ਲਈ, ਹੇਠਾਂ ਦੇ ਬਾਕੀ ਸਿਰਿਆਂ ਨੂੰ ਤੋੜ ਕੇ ਬੁਣੇ ਹੋਏ ਬਾਂਸ ਦੀਆਂ ਤੰਦਾਂ ਵਿੱਚ ਹੀ ਵਾੜ੍ਹ ਦਿੱਤਾ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਅਸੀਂ ਮੁਰੀ ਭੰਗਾ ਕਹਿੰਦੇ ਹਾਂ," ਉਹ ਕਹਿੰਦੇ ਹਨ।
ਮੁਰਸ਼ੀਦਾ ਕਹਿੰਦੀ ਹਨ ਕਿ ਸਾਰੀ ਪ੍ਰਕਿਰਿਆ ਹੱਥੀਂ ਕੀਤੀ ਜਾਂਦੀ ਹੈ: "ਬਾਂਸ ਨੂੰ ਲੋੜੀਂਦੇ ਆਕਾਰ ਵਿੱਚ ਕੱਟਣ ਲਈ, ਅਸੀਂ ਆਰੀ ਦੀ ਵਰਤੋਂ ਕਰਦੇ ਹਾਂ। ਅਸੀਂ ਬਾਂਸ ਦੇ ਤਣੇ ਕੱਟਣ ਲਈ ਕੁਰਹੇਲ [ਕੁਹਾੜੀ] ਜਾਂ ਦਾਓ [ਚਾਕੂ] ਦੀ ਵਰਤੋਂ ਕਰਦੇ ਹਾਂ। ਬਾਂਸ ਦੀਆਂ ਤੰਦਾਂ ਬਣਾਉਣ ਲਈ, ਅਸੀਂ ਅਤਿ-ਤਿੱਖੇ ਸੰਦ ਦੀ ਵਰਤੋਂ ਕਰਦੇ ਹਾਂ। ਟੋਕਰੀ ਦੇ ਉੱਪਰਲੇ ਸਿਰਿਆਂ ਨੂੰ ਬੰਨ੍ਹਣ ਲਈ, ਟੋਲੀਰ ਬੇਟੀ ਦੇ ਬਾਕੀ ਸਿਰਿਆਂ ਨੂੰ ਪੇਚਨੀ ਬੇਟੀ ਵਿੱਚ ਵਾੜ੍ਹਨ ਲਈ ਬਟਾਲੀ [ਛੈਣੀ] ਵਰਗੇ ਔਜ਼ਾਰ ਦੀ ਵਰਤੋਂ ਕਰਦੇ ਹਾਂ।
ਮੁਰੀ ਭੰਗਾ ਅਤੇ ਟੋਲੀ ਭੰਗਾ ਪ੍ਰਕਿਰਿਆ ਤੋਂ ਇਲਾਵਾ, ਟੋਕਰੀ ਬੁਣਨ ਵਿੱਚ ਲਗਭਗ 20 ਤੋਂ 25 ਮਿੰਟ ਲੱਗਦੇ ਹਨ। ਹਫ਼ਤਾਵਾਰੀ ਮੇਲੇ ਦੀ ਪੂਰਵ ਸੰਧਿਆ 'ਤੇ, ਔਰਤਾਂ ਕਈ ਵਾਰ ਵੱਧ ਤੋਂ ਵੱਧ ਟੋਕਰੀਆਂ ਬਣਾਉਣ ਲਈ ਰਾਤ-ਰਾਤ ਤੱਕ ਕੰਮ ਕਰਦੀਆਂ ਹਨ। ਇਹ ਕੰਮ ਉਨ੍ਹਾਂ ਦੀ ਸਰੀਰਕ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ।
"ਸਾਡੀ ਪਿੱਠ ਦਰਦ ਕਰਦੀ ਹੈ, ਸਾਡੇ ਹੱਥਾਂ ਵਿੱਚ ਜਕੜਨ ਹੁੰਦੀ ਹੈ, ਬਾਂਸ ਦੇ ਤਿੱਖੇ ਸਿਰਿਆਂ ਨਾਲ਼ ਸਾਡੇ ਹੱਥ ਚੀਰੇ ਜਾਂਦੇ ਹਨ," ਮੁਰਸ਼ਿਦਾ ਕਹਿੰਦੀ ਹਨ। "ਕਈ ਵਾਰ ਬਾਂਸ ਦੀਆਂ ਛਿੱਲਤਾਂ ਸਾਡੀ ਚਮੜੀ ਨੂੰ ਚੀਰਦੀਆਂ ਅੰਦਰ ਵੜ੍ਹ ਜਾਂਦੀਆਂ ਹਨ, ਜਿਸ ਨਾਲ਼ ਬਹੁਤ ਦਰਦ ਹੁੰਦਾ ਹੈ। ਹਫ਼ਤਾਵਾਰੀ ਬਾਜ਼ਾਰ ਤੋਂ ਪਹਿਲਾਂ, ਅਸੀਂ ਦੇਰ ਰਾਤ ਤੱਕ ਕੰਮ ਕਰਦੀਆਂ ਹਾਂ ਅਤੇ ਅਗਲੇ ਦਿਨ ਅਸਹਿ ਦਰਦ ਕਾਰਨ ਸੌਂ ਵੀ ਨਹੀਂ ਪਾਉਂਦੀਆਂ।''
ਇਹ ਕਹਾਣੀ ਮ੍ਰਿਣਾਲਿਨੀ ਮੁਖਰਜੀ ਫਾਉਂਡੇਸ਼ਨ (MMF) ਫੈਲੋਸ਼ਿੱਪ ਦੁਆਰਾ ਸਮਰਥਤ ਹੈ।
ਪੰਜਾਬੀ ਤਰਜਮਾ: ਕਮਲਜੀਤ ਕੌਰ