13 ਫਰਵਰੀ ਨੂੰ ਪੰਜਾਬ ਤੋਂ ਸਮਾਜ ਸ਼ਾਸਤਰ ਦਾ ਇੱਕ ਵਿਦਿਆਰਥੀ, ਦਵਿੰਦਰ ਸਿੰਘ ਭੰਗੂ ਆਪਣੇ ਦੋਸਤਾਂ ਨਾਲ ਸ਼ੰਭੂ ਬਾਰਡਰ ’ਤੇ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਪਹੁੰਚਿਆ। ਜਦ ਉਹ ਦੁਪਹਿਰ 2 ਵਜੇ ਦੇ ਕਰੀਬ ਪਹੁੰਚੇ, ਬਾਰਡਰ ਦੇ ਹਰਿਆਣਾ ਵਾਲੇ ਪਾਸਿਓਂ ਰੈਪਿਡ ਐਕਸ਼ਨ ਫੋਰਸ (RAF) ਅਤੇ ਪੁਲੀਸ ਪਹਿਲਾਂ ਹੀ ਐਕਸ਼ਨ ਵਿੱਚ ਸਨ।
ਦਵਿੰਦਰ ਦੇ ਦੋਸਤ ਤਰਨਵੀਰ ਸਿੰਘ ਨੇ ਦੱਸਿਆ, “ਜਦ ਅਸੀਂ ਸ਼ਾਂਤੀਪੂਰਵਕ ਉੱਥੇ ਖੜ੍ਹੇ ਸੀ, ਤਾਂ ਉਸਦੀ ਖੱਬੀ ਅੱਖ ਵਿੱਚ ਰਬੜ ਪੈਲੇਟ (ਗੋਲੀ) ਆ ਕੇ ਵੱਜਿਆ। ਦਵਿੰਦਰ ਉਸੇ ਵੇਲੇ ਹੇਠਾਂ ਡਿੱਗ ਪਿਆ। ਜਦ ਅਸੀਂ ਉਹਨੂੰ ਚੁੱਕਣ ਲੱਗੇ ਤਾਂ ਪੁਲੀਸ ਨੇ ਸਾਡੇ ਵੱਲ ਤਿੰਨ-ਚਾਰ ਅੱਥਰੂ ਗੈਸ ਦੇ ਗੋਲੇ ਦਾਗ ਦਿੱਤੇ।” ਇਹ ਸਭ ਕੁਝ 3 ਵਜੇ ਦੇ ਕਰੀਬ ਹੋਇਆ, ਉਹਨਾਂ ਦੇ ਪ੍ਰਦਰਸ਼ਨ ਵਾਲੀ ਥਾਂ ਪਹੁੰਚਣ ਦੇ ਇੱਕ ਘੰਟੇ ਦੇ ਵਿੱਚ-ਵਿੱਚ।
ਕਿਸਾਨਾਂ ਨੇ ਹੋਰ ਮੰਗਾਂ ਦੇ ਨਾਲ ਘੱਟੋ-ਘੱਟ ਸਮਰਥਨ ਮੁੱਲ (MSP) ’ਤੇ ਕਾਨੂੰਨੀ ਗਰੰਟੀ ਦੀ ਮੰਗ ਕਰਦਿਆਂ 13 ਫਰਵਰੀ ਨੂੰ ਦਿੱਲੀ ਵੱਲ ਨੂੰ ਕੂਚ ਕੀਤਾ। ਉਹਨਾਂ ਨੂੰ ਪੰਜਾਬ ਅਤੇ ਹਰਿਆਣਾ ਦੇ ਵਿਚਕਾਰ ਪੈਂਦੇ ਸ਼ੰਭੂ ਬਾਰਡਰ ਉੱਤੇ ਪੁਲੀਸ ਅਤੇ RAF ਵੱਲੋਂ ਬੈਰੀਕੇਡ ਲਾ ਕੇ ਮਾਰਚ ਕਰਨ ਤੋਂ ਰੋਕਿਆ ਗਿਆ। ਜਦ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਉੱਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ। (ਇਹ ਵੀ ਪੜ੍ਹੋ: ਇਓਂ ਜਾਪ ਰਿਹਾ ਜਿਓਂ ਸ਼ੰਭੂ ਕੋਈ ਬਾਰਡਰ ਨਾ ਹੋ ਕੇ ਜੇਲ੍ਹ ਹੋਵੇ )
ਅੱਥਰੂ ਗੈਸ ਦੇ ਤਿੱਖੇ ਧੂੰਏਂ ਦੀ ਮਾਰ ਝੱਲਦਿਆਂ ਦਵਿੰਦਰ ਦੇ ਦੋਸਤਾਂ ਨੇ ਖੂਨ ਵਿੱਚ ਲਥਪਥ ਹੋਏ ਦਵਿੰਦਰ ਨੂੰ ਤੇਜ਼ੀ ਨਾਲ ਚੁੱਕਿਆ। ਉਹ 22 ਸਾਲਾ ਦਵਿੰਦਰ ਨੂੰ ਐਂਬੂਲੈਂਸ ਵਿੱਚ ਪਾ ਕੇ ਕਰੀਬ 20 ਕਿਲੋਮੀਟਰ ਪੈਂਦੇ ਬਨੂੜ ਦੇ ਸਰਕਾਰੀ ਹਸਪਤਾਲ ’ਚ ਲੈ ਕੇ ਗਏ। ਡਾਕਟਰਾਂ ਨੇ ਉਹਨੂੰ ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਜਿੱਥੇ 15 ਫਰਵਰੀ ਨੂੰ ਉਸਦੀ ਅੱਖ ਦਾ ਆਪ੍ਰੇਸ਼ਨ ਹੋਇਆ। ਡਾਕਟਰਾਂ ਦਾ ਕਹਿਣਾ ਹੈ ਕਿ ਉਹ (ਇਸ ਅੱਖ ਤੋਂ) ਸ਼ਾਇਦ ਹੀ ਕਦੇ ਦੇਖ ਪਾਏਗਾ।
ਦਵਿੰਦਰ ਦੇ ਪਿਤਾ ਮਨਜੀਤ ਸਿੰਘ, ਜੋ ਖੁਦ ਕਿਸਾਨ ਹਨ, ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਦੇ ਬੇਟੇ ਨੇ ਕਿਸੇ ਹੋਰ ਮੁਲਕ ਜਾਣ ਦੀ ਬਜਾਏ ਇੱਥੇ ਰਹਿਣ ਨੂੰ ਤਰਜੀਹ ਦਿੱਤੀ ਅਤੇ ਉਹ ਪੁਲੀਸ ਵਿੱਚ ਭਰਤੀ ਹੋਣ ਦੀ ਤਿਆਰੀ ਕਰ ਰਿਹਾ ਸੀ।


ਖੱਬੇ: ਦਵਿੰਦਰ ਸਿੰਘ ਭੰਗੂ ਆਪਣੇ ਦੋਸਤਾਂ ਨਾਲ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਸ਼ੰਭੂ ਬਾਰਡਰ ਉੱਤੇ ਪਹੁੰਚਿਆ ਸੀ। ਉਹਨਾਂ ਦੇ ਪਹੁੰਚਣ ਦੇ ਇੱਕ ਘੰਟੇ ਦੇ ਵਿੱਚ ਪੁਲੀਸ ਫੋਰਸ ਵੱਲੋਂ ਚਲਾਈ ਪੈਲੇਟ ਉਸਦੀ ਖੱਬੀ ਅੱਖ ਵਿੱਚ ਆ ਵੱਜੀ ਅਤੇ ਉਸਨੂੰ ਹਸਪਤਾਲ ਲਿਜਾਣਾ ਪਿਆ। ਸੱਜੇ: ਉਸਦੇ ਪਿਤਾ ਮਨਜੀਤ ਸਿੰਘ ਨੇ ਕਿਹਾ ਕਿ ਦਵਿੰਦਰ ਨੇ ਵਿਦੇਸ਼ ਜਾਣ ਦੀ ਥਾਂ ਇੱਥੇ ਰਹਿ ਕੇ ਪੁਲੀਸ ਵਿੱਚ ਭਰਤੀ ਹੋਣ ਨੂੰ ਤਰਜੀਹ ਦਿੱਤੀ


ਖੱਬੇ: ਸ਼ੰਭੂ ਉੱਤੇ ਟਰੈਕਟਰ ’ਤੇ ਬਣਾਈ ਅਸਥਾਈ ਸਟੇਜ ਵੱਲ ਨੂੰ ਜਾ ਰਹੇ ਕਿਸਾਨ। ਸੱਜੇ: ਕਿਸਾਨਾਂ ਦੁਆਰਾ ਚਿਪਕਾਇਆ ਇੱਕ ਪਰਚਾ ਜਿਸ ਉੱਤੇ ਲਿਖਿਆ ਹੈ – ‘ਅਸੀਂ ਕਿਸਾਨ ਹਾਂ, ਅੱਤਵਾਦੀ ਨਹੀਂ’
ਦਵਿੰਦਰ ਦੇ ਪਰਿਵਾਰ ਕੋਲ ਪਟਿਆਲਾ ਜ਼ਿਲ੍ਹੇ ਦੇ ਸ਼ੇਖੂਪੁਰ ਵਿੱਚ ਕਰੀਬ ਅੱਠ ਏਕੜ ਜ਼ਮੀਨ ਹੈ ਅਤੇ ਉਹ 2020-21 ਵਿੱਚ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੀਆਂ ਹੱਦਾਂ ’ਤੇ ਲੱਗੇ ਕਿਸਾਨੀ ਮੋਰਚੇ ਵਿੱਚ ਵੀ ਸ਼ਾਮਲ ਹੋਏ ਸਨ। ਕਿਸਾਨ ਅੰਦੋਲਨ ਬਾਰੇ PARI ਦੀਆਂ ਰਿਪੋਰਟਾਂ ਪੜ੍ਹੋ: Protest against farm laws: full coverage .
ਪ੍ਰਦਰਸ਼ਨ ਕਰ ਰਹੇ ਕਿਸਾਨ ਜਾਣਨਾ ਚਾਹੁੰਦੇ ਹਨ ਕਿ ਹਰਿਆਣਾ ਪੁਲੀਸ ਪੰਜਾਬ ਦੀ ਹੱਦ ਅੰਦਰ ਪੈਲੇਟ ਅਤੇ ਅੱਥਰੂ ਗੈਸ ਦੇ ਗੋਲੇ ਕਿਵੇਂ ਦਾਗ ਸਕਦੀ ਹੈ। “ਜੇ ਅਸੀਂ ਆਪਣੇ ਸੂਬੇ ਵਿੱਚ ਸੁਰੱਖਿਅਤ ਨਹੀਂ, ਤਾਂ ਹੋਰ ਕਿੱਥੇ ਹੋਵਾਂਗੇ?” ਉਹ ਪੁੱਛਦੇ ਹਨ ਅਤੇ ਕਹਿੰਦੇ ਹਨ ਕਿ ਪੁਲੀਸ ਨੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨੂੰ ਨਿਸ਼ਾਨਾ ਬਣਾਇਆ ਹੈ। “ਪੰਜਾਬ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹੈ,” ਉਹ ਕਹਿੰਦੇ ਹਨ।
ਕਿਸਾਨ ਆਗੂ ਗੁਰਅਮਨੀਤ ਸਿੰਘ ਨੇ PARI ਨੂੰ ਦੱਸਿਆ ਕਿ ਉਹਨਾਂ ਨੇ ਇਹ ਮੁੱਦਾ ਪੰਜਾਬ ਪੁਲੀਸ ਅਤੇ ਡਿਪਟੀ ਕਮਿਸ਼ਨਰ ਕੋਲ ਵੀ ਚੁੱਕਿਆ। ਉਹਨਾਂ ਨੂੰ ਦੱਸਿਆ ਗਿਆ ਕਿ ਪੁਲੀਸ ਨੇ ਅੰਬਾਲਾ ਪੁਲੀਸ ਨਾਲ ਇਸ ਬਾਰੇ ਗੱਲ ਕੀਤੀ ਹੈ। ਪਰ ਉਹਨਾਂ ਦਾ ਕਹਿਣਾ ਹੈ ਕਿ ਅੱਥਰੂ ਗੈਸ ਦੇ ਗੋਲੇ ਫੇਰ ਵੀ ਨਹੀਂ ਰੁਕੇ।
ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲਿਆਂ ਅਤੇ ਪੈਲੇਟ ਦੀ ਵਰਤੋਂ ਕਾਰਨ 100 ਤੋਂ ਵੱਧ ਕਿਸਾਨ ਜ਼ਖ਼ਮੀ ਹੋਏ ਹਨ। ਤਿੰਨ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ। ਪੰਜਾਬ ਦੇ ਸਿਹਤ ਮੰਤਰੀ ਨੇ ਤਾਂ ਹਰਿਆਣਾ ਪੁਲੀਸ ਦੀ ਕਿਸਾਨਾਂ ਉੱਤੇ ਇਸਦੇ ‘ਬਿਨ੍ਹਾਂ ਵਜ੍ਹਾ’ ਦੇ ਐਕਸ਼ਨ ਲਈ ਨਿਖੇਧੀ ਵੀ ਕੀਤੀ।
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਧਾਰੀਵਾਲ ਦੇ ਰਹਿਣ ਵਾਲੇ ਕਿਸਾਨ ਜਰਨੈਲ ਸਿੰਘ ਦੇ 13 ਫਰਵਰੀ ਨੂੰ ਲਾਠੀਚਾਰਜ ਦੌਰਾਨ ਸਿਰ ਵਿੱਚ ਸੱਟ ਲੱਗੀ। 44 ਸਾਲਾ ਕਿਸਾਨ ਦੇ ਸਿਰ ਵਿੱਚ ਪੰਜ ਟਾਂਕੇ ਲੱਗੇ ਹਨ ਪਰ ਫੇਰ ਵੀ ਉਹ ਘਰ ਨਹੀਂ ਜਾਣਾ ਚਾਹੁੰਦਾ। “ਸਾਰੇ ਇੱਥੇ ਨੇ, ਮੈਂ ਪਿੰਡ ਜਾ ਕੇ ਕੀ ਕਰਨਾ ਹੈ,” ਉਹਨਾਂ ਕਿਹਾ।
ਡਾ. ਮਨਦੀਪ ਸਿੰਘ ਜੋ ਪ੍ਰਦਰਸ਼ਨ ਵਾਲੀ ਥਾਂ ਮੈਡੀਕਲ ਕੈਂਪ ਚਲਾ ਰਹੇ ਹਨ, ਨੇ ਦੱਸਿਆ ਕਿ ਜਦ ਤੋਂ ਪ੍ਰਦਰਸ਼ਨ ਸ਼ੁਰੂ ਹੋਇਆ ਹੈ, ਉਹਨਾਂ ਕੋਲ ਜ਼ਖ਼ਮਾਂ ਅਤੇ ਹੋਰ ਬਿਮਾਰੀਆਂ ਵਾਲੇ ਘੱਟੋ-ਘੱਟ 400 ਮਰੀਜ਼ ਆ ਚੁੱਕੇ ਹਨ।


ਖੱਬੇ: ਕਿਸਾਨ ਆਪਣੀਆਂ ਟਰਾਲੀਆਂ ਲੈ ਕੇ ਪੂਰੀ ਤਿਆਰੀ ਨਾਲ ਪ੍ਰਦਰਸ਼ਨ ਕਰਨ ਲਈ ਪਹੁੰਚੇ ਹਨ। ਸੱਜੇ: ਡਾ. ਮਨਦੀਪ ਸਿੰਘ ਜਰਨੈਲ ਸਿੰਘ ਦੀ ਪੱਟੀ ਕਰ ਰਹੇ ਹਨ ਜਿਹਨਾਂ ਦੇ ਲਾਠੀਚਾਰਜ ਦੌਰਾਨ ਸਿਰ ਵਿੱਚ ਸੱਟ ਲੱਗੀ ਅਤੇ ਪੰਜ ਟਾਂਕੇ ਲਗਵਾਉਣੇ ਪਏ


ਖੱਬੇ: ਸ਼ਰਾਰਤੀ ਅਨਸਰਾਂ ਵੱਲੋਂ ਪੱਤਰਕਾਰਾਂ ਉੱਤੇ ਕਈ ਹਮਲੇ ਹੋਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਪੱਤਰਕਾਰਾਂ ਨੂੰ ਦਸਤਖ਼ਤ ਕੀਤੇ ਹੋਏ ਮੀਡੀਆ ਕਾਰਡ ਦੇਣੇ ਸ਼ੁਰੂ ਕਰ ਦਿੱਤੇ ਹਨ। ਕਿਸਾਨ ਆਗੂ ਰਣਜੀਤ ਸਿੰਘ ਰਾਜੂ (ਵਿਚਕਾਰ) ਪੱਤਰਕਾਰਾਂ ਦੇ ਵੇਰਵੇ ਨੋਟ ਕਰਦੇ ਹਨ ਅਤੇ ਉਹਨਾਂ ਨੂੰ ਆਪਣੇ ਲਾਏ ਵਲੰਟੀਅਰਾਂ ਬਾਰੇ ਦੱਸਦੇ ਹਨ। ਸੱਜੇ: ਕਿਸਾਨ ਜਥੇਬੰਦੀਆਂ ਵੱਲੋਂ ਲਾਏ ਵਲੰਟੀਅਰ ਸ਼ਰਾਰਤੀ ਅਨਸਰਾਂ ਉੱਤੇ ਨਜ਼ਰ ਰੱਖਣ ਲਈ ਸੁਰੱਖਿਆਕਰਮੀਆਂ ਜਾਂ ਪਹਿਰੇਦਾਰਾਂ ਵਜੋਂ ਕੰਮ ਕਰਦੇ ਹਨ
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਜੋ ਖ਼ੁਦ ਅੱਖਾਂ ਦੇ ਸਰਜਨ ਹਨ, ਪ੍ਰਦਰਸ਼ਨ ਦੌਰਾਨ ਜ਼ਖ਼ਮੀ ਹੋਏ ਕਿਸਾਨਾਂ ਦਾ ਹਾਲ-ਚਾਲ ਜਾਣਨ ਲਈ ਹਸਪਤਾਲਾਂ ਵਿੱਚ ਜਾ ਰਹੇ ਹਨ। 14 ਫਰਵਰੀ ਨੂੰ ਉਹਨਾਂ ਨੇ ਐਲਾਨ ਕੀਤਾ ਕਿ ਪ੍ਰਦਰਸ਼ਨ ਦੌਰਾਨ ਜ਼ਖ਼ਮੀ ਹੋਏ ਸਾਰੇ ਕਿਸਾਨਾਂ ਦੇ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ।
ਪ੍ਰਦਰਸ਼ਨ ਦੌਰਾਨ ਕਈ ਸਾਰੇ ਪੱਤਰਕਾਰਾਂ ਨਾਲ ਵੀ ਸ਼ਰਾਰਤੀ ਅਨਸਰਾਂ ਵੱਲੋਂ ਖਿੱਚ-ਧੂਹ ਕੀਤੀ ਗਈ। ਪ੍ਰੈਸ ਦੀ ਸੁਰੱਖਿਆ ਲਈ, ਅਤੇ ਅਜਿਹੇ ਸ਼ਰਾਰਤੀ ਅਨਸਰਾਂ ਨਾਲ ਨਜਿੱਠਣ ਲਈ, ਕਿਸਾਨ ਜਥੇਬੰਦੀਆਂ ਨੇ ਆਪਣੇ ਵੱਲੋਂ ਵਲੰਟੀਅਰਾਂ ਨੂੰ ਨਜ਼ਰ ਰੱਖਣ ਲਈ ਪਹਿਰੇਦਾਰ ਜਾਂ ਸੁਰੱਖਿਆਕਰਮੀ ਲਾਇਆ ਹੈ।
ਜਥੇਬੰਦੀਆਂ ਪ੍ਰਦਰਸ਼ਨ ਬਾਰੇ ਰਿਪੋਰਟ ਕਰਨ ਲਈ ਆ ਰਹੇ ਪੱਤਰਕਾਰਾਂ ਨੂੰ ਮੀਡੀਆ ਕਾਰਡ ਵੀ ਜਾਰੀ ਕਰਨ ਲੱਗ ਪਈਆਂ ਹਨ। ਕਿਸਾਨ ਆਗੂ ਰਣਜੀਤ ਸਿੰਘ ਰਾਜੂ ਦਾ ਕਹਿਣਾ ਹੈ ਕਿ ਇਹ ਪੱਤਰਕਾਰਾਂ ਦੀ ਸੁਰੱਖਿਆ ਲਈ ਹੈ। ਕਾਰਡ ਵਿੱਚ ਪੱਤਰਕਾਰ ਦੇ ਵੇਰਵੇ ਲਿਖੇ ਜਾਂਦੇ ਹਨ ਅਤੇ ਉਹਨਾਂ ਦੇ ਵੇਰਵੇ ਰਜਿਸਟਰ ਵਿੱਚ ਨੋਟ ਕਰ ਰਹੇ ਆਗੂ ਦੁਆਰਾ ਇਹਨਾਂ ਉੱਤੇ ਦਸਤਖ਼ਤ ਕੀਤੇ ਜਾਂਦੇ ਹਨ।
*****
ਦਵਿੰਦਰ ਦੀ ਤਰ੍ਹਾਂ ਸ਼ੰਭੂ ਬਾਰਡਰ ’ਤੇ ਪ੍ਰਦਰਸ਼ਨ ਕਰ ਰਹੇ ਬਹੁਤ ਸਾਰੇ ਕਿਸਾਨ 2020-2021 ਦੇ ਪ੍ਰਦਰਸ਼ਨਾਂ ਵਿੱਚ ਵੀ ਸ਼ਾਮਲ ਸਨ।
ਬਾਬਾ ਲਾਭ ਸਿੰਘ, ਜੋ ਕਾਰ ਸੇਵਾ ਟੀਮ ਨਾਲ ਪਹੁੰਚੇ ਹਨ, ਦੇ ਚਚੇਰੇ ਭਰਾ ਦੀ ਦਿੱਲੀ ਦੀਆਂ ਹੱਦਾਂ ’ਤੇ ਹੋਏ ਪ੍ਰਦਰਸ਼ਨ ਦੌਰਾਨ ਮੌਤ ਹੋ ਗਈ ਸੀ। “ਮੇਰੇ ਚਚੇਰੇ ਭਰਾ ਅਜੈਬ ਸਿੰਘ ਦੀ ਪ੍ਰਦਰਸ਼ਨ ਦੌਰਾਨ ਨਿਮੂਨੀਏ ਕਾਰਨ ਮੌਤ ਹੋ ਗਈ ਸੀ। ਉਸਦੀ ਪਤਨੀ ਦੀ ਉਸ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਉਹਨਾਂ ਦੇ ਦੋ ਬੱਚੇ ਯਤੀਮ ਹੋ ਗਏ ਹਨ,” 18 ਫਰਵਰੀ ਨੂੰ ਸ਼ੰਭੂ ਬਾਰਡਰ ਉੱਤੇ ਇਕੱਠ ਨੂੰ ਸੰਬੋਧਨ ਕਰਦਿਆਂ 62 ਸਾਲਾ ਲਾਭ ਸਿੰਘ ਨੇ ਕਿਹਾ।
“ਚੋਣਾਂ ਵੇਲੇ ਇਹ ਲੋਕ ਨੀਵੇਂ ਹੋ ਕੇ ਆਉਂਦੇ ਨੇ, ਪਰ ਜਦ ਸਾਡੀਆਂ ਮੰਗਾਂ ਦੀ ਗੱਲ ਹੋਵੇ ਤਾਂ ਸੁਣਦੇ ਵੀ ਨਹੀਂ,” ਉਹਨਾਂ ਕਿਹਾ ਅਤੇ ਨਾਲ ਹੀ ਕਿਹਾ ਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਹਨ, ਲੋਕਾਂ ਨੂੰ ਆਪਣੀ ਰਾਖੀ ਆਪ ਹੀ ਕਰਨੀ ਪੈਂਦੀ ਹੈ।


ਖੱਬੇ: ਬਾਬਾ ਲਾਭ ਸਿੰਘ, ਜਿਹਨਾਂ ਨੇ 2020-21 ਦੇ ਪ੍ਰਦਰਸ਼ਨ ਦੌਰਾਨ ਆਪਣੇ ਚਚੇਰੇ ਭਰਾ ਨੂੰ ਗੁਆਇਆ, ਸ਼ੰਭੂ ਬਾਰਡਰ ’ਤੇ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਹਨ। ਸੱਜੇ: ਹਰਭਜਨ ਕੌਰ (ਸੱਜੇ) ਦੋ ਦਿਨ ਦਾ ਸਫ਼ਰ ਤੈਅ ਕਰਕੇ ਸ਼ੰਭੂ ਪਹੁੰਚੇ ਹਨ। ‘ਮੇਰਾ ਬੇਟਾ ਮੈਨੂੰ ਲੈ ਕੇ ਨਹੀਂ ਸੀ ਆਉਂਦਾ ਪਰ ਮੈਂ ਕਿਹਾ ਮੈਂ ਤਾਂ ਜਾਣਾ ਹੀ ਜਾਣਾ,’ ਉਹਨਾਂ ਕਿਹਾ

![Right: Like many of the protestors, the vehicles at Shambhu border were also a part of the 2020-21 protests. The quote on this tractor reads: 'Haar paawange, haar puaawange...Sun Dilliye, par haar ke nahi jawange' [Will honour you and will be honoured...Listen Delhi, but we will not return defeated/dishonoured]](/media/images/07b-IMG_2634-AA-If_we_are_not_safe_in_our_.max-1400x1120.jpg)
ਖੱਬੇ: ਪ੍ਰਦਰਸ਼ਨਕਾਰੀ ਜਾਣਨਾ ਚਾਹੁੰਦੇ ਹਨ ਕਿ ਹਰਿਆਣਾ ਪੁਲੀਸ ਪੰਜਾਬ ਦੀ ਹੱਦ ਅੰਦਰ ਪੈਲੇਟ ਅਤੇ ਅੱਥਰੂ ਗੈਸ ਦੇ ਗੋਲੇ ਕਿਵੇਂ ਦਾਗ ਸਕਦੀ ਹੈ। ‘ਜੇ ਅਸੀਂ ਆਪਣੇ ਸੂਬੇ ਵਿੱਚ ਸੁਰੱਖਿਅਤ ਨਹੀਂ, ਤਾਂ ਹੋਰ ਕਿੱਥੇ ਹੋਵਾਂਗੇ?’ ਉਹ ਪੁੱਛਦੇ ਹਨ ਅਤੇ ਕਹਿੰਦੇ ਹਨ ਕਿ ਪੁਲੀਸ ਨੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨੂੰ ਨਿਸ਼ਾਨਾ ਬਣਾਇਆ। ਸੱਜੇ: ਹੋਰਨਾਂ ਪ੍ਰਦਰਸ਼ਨਕਾਰੀਆਂ ਦੀ ਤਰ੍ਹਾਂ ਸ਼ੰਭੂ ਬਾਰਡਰ ਤੇ ਪਹੁੰਚੇ ਵਾਹਨ ਵੀ 2020-21 ਦੇ ਪ੍ਰਦਰਸ਼ਨਾਂ ਦਾ ਹਿੱਸਾ ਸਨ। ਟਰੈਕਟਰ ਉੱਤੇ ਲਿਖਿਆ ਹੈ: ‘ਹਾਰ ਪਾਵਾਂਗੇ, ਹਾਰ ਪੁਆਵਾਂਗੇ...ਸੁਣ ਦਿੱਲੀਏ, ਪਰ ਹਾਰ ਕੇ ਨਹੀਂ ਜਾਵਾਂਗੇ’
ਹਰਭਜਨ ਕੌਰ ਗੁਰਦਾਸਪੁਰ ਦੇ ਡੁੱਗਰੀ ਪਿੰਡ ਤੋਂ ਆਈਆਂ ਔਰਤਾਂ ਦੇ ਸਮੂਹ ਦਾ ਹਿੱਸਾ ਹਨ। ਉਹ ਦੋ ਦਿਨ ਸਫ਼ਰ ਕਰਕੇ ਸ਼ੰਭੂ ਪਹੁੰਚੇ ਹਨ। “ਮੇਰਾ ਬੇਟਾ ਮੈਨੂੰ ਲੈ ਕੇ ਨਹੀਂ ਸੀ ਆਉਂਦਾ,” 78 ਸਾਲਾ ਹਰਭਜਨ ਕੌਰ ਨੇ ਕਿਹਾ, “ਮੈਂ ਕਿਹਾ ਕਿ ਮੈਂ ਇਕੱਲੀ ਪਿੰਡ ਵਿੱਚ ਕੀ ਕਰੂੰ? ਜੇ ਕੁਝ ਵੀ ਹੋਇਆ, ਮੈਂ ਪਹਿਲਾਂ ਮਰੂੰ।”
ਆਪਣੇ ਪਿੰਡ ਦੀਆਂ ਹੋਰਨਾਂ ਔਰਤਾਂ ਨਾਲ ਉਹ 2020-21 ਵਿੱਚ ਦਿੱਲੀ ਦੀਆਂ ਹੱਦਾਂ ਉੱਤੇ ਬੈਠੇ ਰਹੇ ਸਨ।
ਲੋਕ ਹੀ ਨਹੀਂ, ਪ੍ਰਦਰਸ਼ਨ ਵਿੱਚ ਉਹ ਵਾਹਨ ਵੀ ਖੜ੍ਹੇ ਹਨ ਜੋ ਪਿਛਲੇ ਪ੍ਰਦਰਸ਼ਨ ਦਾ ਹਿੱਸਾ ਸਨ। ਸ਼ੰਭੂ ਬਾਰਡਰ ਉੱਤੇ ਖੜ੍ਹੇ ਇੱਕ ਟਰੈਕਟਰ ’ਤੇ ਤਿੰਨ ਸਾਲ ਪਹਿਲਾਂ ਉਕਰੇ ਸ਼ਬਦ: “ਹਾਰ ਪਾਵਾਂਗੇ, ਹਾਰ ਪੁਆਵਾਂਗੇ...ਸੁਣ ਦਿੱਲੀਏ, ਪਰ ਹਾਰ ਕੇ ਨਹੀਂ ਜਾਵਾਂਗੇ”
ਇੱਕ ਕਾਰ ਉੱਤੇ ਲਿਖਿਆ ਹੈ: “ਜਦੋਂ ਪਤਾ ਹੋਵੇ ਸੀਨਿਆਂ ’ਚ ਛੇਕ ਹੋਣਗੇ, ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਓਂ ਹੁੰਦੇ”
ਕਿਸਾਨ ਆਗੂਆਂ ਨੇ ਐਤਵਾਰ ਨੂੰ ਕੇਂਦਰੀ ਮੰਤਰੀਆਂ ਵੱਲੋਂ ਸੁਝਾਏ MSP ਦੇ ਇੱਕ ਨਵੇਂ ਪ੍ਰਸਤਾਅ ਤੋਂ ਬਾਅਦ ਦਿੱਲੀ ਚੱਲੋ ਮਾਰਚ ਨੂੰ ਅਸਥਾਈ ਤੌਰ ’ਤੇ ਰੋਕ ਦਿੱਤਾ ਸੀ। ਇਸ ਬਾਰੇ ਸੋਚ ਵਿਚਾਰ ਕਰਨ ਤੋਂ ਬਾਅਦ ਕਿਸਾਨਾਂ ਨੇ ਪ੍ਰਸਤਾਅ ਰੱਦ ਕਰ ਦਿੱਤਾ ਅਤੇ 21 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕਰ ਦਿੱਤਾ ਹੈ।

ਪ੍ਰਦਰਸ਼ਨਕਾਰੀ ਕੰਕਰੀਟ ਦੇ ਬੈਰੀਕੇਡਾਂ ਉੱਤੇ ਹਰਿਆਣੇ ਵੱਲ ਨੂੰ ਮੂੰਹ ਕਰਕੇ ਬੈਠੇ ਹਨ

ਬੈਰੀਕੇਡਾਂ ਤੋਂ 100 ਮੀਟਰ ਦੂਰ ਇੱਕ ਪ੍ਰਦਰਸ਼ਕਾਰੀ ਕਿਸਾਨ ਗੁਰਬਾਣੀ ਦਾ ਪਾਠ ਕਰ ਰਿਹਾ ਹੈ

ਬੈਰੀਕੇਡਾਂ ਦੇ ਸਾਹਮਣੇ ਪ੍ਰਦਰਸ਼ਨਕਾਰੀ ਸਤਨਾਮ ਵਾਹਿਗੁਰੂ ਦਾ ਉਚਾਰਣ ਕਰ ਰਹੇ ਹਨ

ਬਜੁਰਗ ਕਿਸਾਨ ਆਪਣੀ ਯੂਨੀਅਨ ਦੇ ਝੰਡੇ ਨੂੰ ਹੱਥ ਵਿੱਚ ਫੜ ਕੇ ਬੈਠਾ ਹੈ

ਬਜੁਰਗ ਕਿਸਾਨ ਪ੍ਰਦਰਸ਼ਨ ਵਾਲੀ ਥਾਂ ’ਤੇ ਬੁਲਾਰਿਆਂ ਨੂੰ ਸੁਣਨ ਲਈ ਝੰਡਿਆਂ ਵਾਲੇ ਡੰਡਿਆਂ ਦਾ ਸਹਾਰਾ ਲੈ ਕੇ ਖੜ੍ਹੇ ਹਨ

ਸੜਕ ਦੇ ਦੂਜੇ ਪਾਸੇ, ਪ੍ਰਦਰਸ਼ਨਕਾਰੀ ਅਤੇ RAF ਘੱਗਰ ਦਰਿਆ ਦੇ ਕੰਢੇ ਆਹਮੋ-ਸਾਹਮਣੇ ਬੈਠੇ ਹਨ

ਸ਼ੰਭੂ ਬਾਰਡਰ ’ਤੇ ਕਿਸਾਨ ਅਤੇ ਹਰਿਆਣਾ ਪੁਲਿਸ ਤੇ RAF ਆਹਮੋ-ਸਾਹਮਣੇ

ਬੈਰੀਕੇਡਾਂ ਦੇ ਸਾਹਮਣੇ ਪਿਆ ਮਲਬਾ