ਹਰ ਸਾਲ, ਬਹੁਤ ਸਾਰੇ ਨੌਜਵਾਨ ਸਾਨੂੰ ਪਾਰੀ ਵਿਖੇ ਇੰਟਰਨਸ਼ਿਪ ਲਈ ਲਿਖਦੇ ਹਨ। ਇਸ ਸਾਲ, ਇਹ ਗਿਣਤੀ ਕਈ ਗੁਣਾ ਵੱਧ ਗਈ ਹੈ- ਦੇਸ਼ ਭਰ ਤੋਂ ਸਿੱਖਿਆ ਦੇ ਵੱਖ-ਵੱਖ ਖੇਤਰਾਂ ਦੇ ਵਿਦਿਆਰਥੀਆਂ ਨੇ ਕੰਮ ਕਰਨ ਦੇ ਮੌਕਿਆਂ ਦੀ ਮੰਗ ਕਰਨ ਲਈ ਸਾਡੇ ਕੋਲ਼ ਪਹੁੰਚ ਕੀਤੀ ਹੈ। ਇਸ ਸੂਚੀ ਵਿੱਚ ਮੁੰਬਈ ਦੇ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼, ਬੈਂਗਲੁਰੂ ਦੀ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ, ਸੋਨੀਪਤ ਦੀ ਅਸ਼ੋਕਾ ਯੂਨੀਵਰਸਿਟੀ, ਪੁਣੇ ਦੀ ਫਲੇਮ ਯੂਨੀਵਰਸਿਟੀ, ਰਾਜਸਥਾਨ ਦੀ ਕੇਂਦਰੀ ਯੂਨੀਵਰਸਿਟੀ ਅਤੇ ਹੋਰ ਬਹੁਤ ਸਾਰੇ ਵਿਦਿਆਰਥੀ ਸ਼ਾਮਲ ਹਨ।
ਸਾਡਾ ਇੰਟਰਨਸ਼ਿਪ ਪ੍ਰੋਗਰਾਮ ਸਾਲ-ਦਰ-ਸਾਲ ਆਕਾਰ ਲੈ ਰਿਹਾ ਹੈ। ਇਹ ਆਪਣੇ ਆਕਾਰ ਅਤੇ ਦਾਇਰੇ ਦੋਵਾਂ ਵਿੱਚ ਵੱਧ ਰਿਹਾ ਹੈ। ਇਹ ਆਪਣੇ ਅੰਦਰ ਨਵੇਂ ਸਵਾਲਾਂ ਅਤੇ ਕਾਰਜਾਂ ਨੂੰ ਜੋੜ ਰਿਹਾ ਹੈ। ਇਸ ਸਭ ਦੇ ਬਾਵਜੂਦ, ਸਾਡੇ ਸਮੇਂ ਦੀਆਂ ਸਮੱਸਿਆਵਾਂ ਦੀ ਪੜਚੋਲ ਕਰਨ ਅਤੇ ਨੌਜਵਾਨਾਂ ਨੂੰ ਇਸ ਕੰਮ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਦੇ ਸਾਡੇ ਇਰਾਦੇ ਦੇ ਨਾਲ਼-ਨਾਲ਼ ਅਸਮਾਨਤਾ ਦੇ ਮਾਰੇ ਅਤੇ ਹਾਸ਼ੀਏ 'ਤੇ ਪਏ ਲੋਕਾਂ ਲਈ ਚਿੰਤਾ ਤੇ ਉਨ੍ਹਾਂ ਬਾਰੇ ਲਿਖਦੇ ਰਹਿਣ ਦਾ ਸਾਡਾ ਮਕਸਦ ਵੀ ਨਹੀਂ ਬਦਲਿਆ।
ਪਾਰੀ ਇੰਟਰਨਸ ਨੂੰ ਇਸ ਸਬੰਧ ਵਿੱਚ ਆਪਣੇ ਆਪ ਮੈਦਾਨ ਵਿੱਚ ਆਉਣਾ ਚਾਹੀਦਾ ਹੈ ਅਤੇ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ। ਇਸ ਮੰਤਵ ਲਈ, ਉਸਨੇ ਖੋਜ, ਇੰਟਰਵਿਊ, ਲਿਖਣ, ਸਮੀਖਿਆ, ਫ਼ੋਟੋਗ੍ਰਾਫ਼ੀ, ਫਿਲਮਾਂਕਣ ਅਤੇ ਪੇਂਡੂ ਤੇ ਹਾਸ਼ੀਏ 'ਤੇ ਰਹਿਣ ਵਾਲ਼ੇ ਭਾਈਚਾਰਿਆਂ ਦੀਆਂ ਕਹਾਣੀਆਂ ਨੂੰ ਦਰਸਾਇਆ ਹੈ ਅਤੇ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਅਰੁਣਾਚਲ ਪ੍ਰਦੇਸ਼, ਤਾਮਿਲਨਾਡੂ, ਓਡੀਸ਼ਾ, ਮਹਾਰਾਸ਼ਟਰ, ਕੇਰਲ, ਜੰਮੂ-ਕਸ਼ਮੀਰ ਤੋਂ ਆਪਣਾ ਕੰਮ ਭੇਜਿਆ ਹੈ।
ਉਹ ਲਾਈਬ੍ਰੇਰੀ ਰਿਪੋਰਟਾਂ, ਫ਼ਿਲਮਾਂ ਅਤੇ ਵੀਡੀਓ, ਸੋਸ਼ਲ ਮੀਡੀਆ ਪੋਸਟਾਂ ਨਾਲ਼ ਸਬੰਧਤ ਵਿਸ਼ਿਆਂ 'ਤੇ ਵੀ ਕੰਮ ਕਰਦੇ ਹਨ ਅਤੇ ਲੋੜ ਪੈਣ 'ਤੇ ਅਨੁਵਾਦ ਵਿੱਚ ਵੀ ਮਦਦ ਕਰਦੇ ਹਨ।
ਲਿੰਗ ਭੇਦਭਾਵ ਇੱਕ ਅਜਿਹਾ ਖੇਤਰ ਸੀ ਜਿਸ ਨੂੰ ਬਹੁਤ ਸਾਰੇ ਵਿਦਿਆਰਥੀ ਆਪਣੀ ਰਿਪੋਰਟਿੰਗ ਰਾਹੀਂ ਖੋਜਣ ਅਤੇ ਉਜਾਗਰ ਕਰਨਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਇੰਝ ਇਹ ਕੀਤਾ ਵੀ:
ਪੇਸ਼ਾਬ ਭਾਵੇਂ ਰੋਕ ਲਵੋ ਪਰ ਕੰਮ ਨਹੀਂ ਵਿੱਚ ਇੰਟਰਨ ਅਧਿਆਤਾ ਮਿਸ਼ਰਾ ਨੇ ਪੱਛਮੀ ਬੰਗਾਲ ਵਿੱਚ ਚਾਹ ਦੇ ਬਾਗਾਂ ਵਿੱਚ ਕੰਮ ਕਰਨ ਵਾਲ਼ੀਆਂ ਔਰਤਾਂ ਦੀ ਜ਼ਿੰਦਗੀ ਬਾਰੇ ਲਿਖਿਆ ਜੋ ਬਿਨਾਂ ਪੇਸ਼ਾਬ ਕਰਨ ਜਾਣ ਦੀ ਬਰੇਕ ਲਿਆਂ ਕੰਮ ਕਰਦੀਆਂ ਹਨ ਅਤੇ ਮੁਸ਼ਕਲਾਂ ਉਨ੍ਹਾਂ ਨੂੰ ਔਰਤ ਹੋਣ ਕਾਰਨ ਹੰਢਾਉਣੀਆਂ ਪੈਂਦੀਆਂ ਹਨ। ਅਧਿਆਤਾ, ਜੋ ਉਸ ਸਮੇਂ ਜਾਦਵਪੁਰ ਯੂਨੀਵਰਸਿਟੀ ਵਿੱਚ ਤੁਲਨਾਤਮਕ ਸਾਹਿਤ ਦੀ ਵਿਦਿਆਰਥਣ ਸਨ, ਨੂੰ ਬਗ਼ਾਨ ਅਤੇ ਮਜ਼ਦੂਰਾਂ ਦੀ ਪਛਾਣ 'ਤੇ ਧਿਆਨ ਨਾਲ਼ ਕੰਮ ਕਰਨਾ ਪਿਆ ਕਿਉਂਕਿ ਜੇ ਔਰਤਾਂ ਦੀ ਪਛਾਣ ਦਾ ਖੁਲਾਸਾ ਹੁੰਦਾ ਤਾਂ ਉਨ੍ਹਾਂ ਦਾ ਕੰਮ ਖਤਰੇ ਵਿੱਚ ਪੈ ਜਾਣਾ ਸੀ।


ਖੱਬੇ: ਆਧਿਆਤਾ ਮਿਸ਼ਰਾ ਦੀ ਇੱਕ ਰਿਪੋਰਟ ਕਿ ਕਿਵੇਂ ਪੱਛਮੀ ਬੰਗਾਲ ਵਿੱਚ ਚਾਹ ਦੇ ਬਾਗਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਪਖਾਨੇ ਦੀਆਂ ਸਹੂਲਤਾਂ ਦੀ ਘਾਟ ਕਾਰਨ ਖਤਰਨਾਕ ਜਗ੍ਹਾ ਵਿੱਚ ਪੇਸ਼ਾਬ ਕਰਨ ਜਾਣ ਨੂੰ ਮਜ਼ਬੂਰ ਹਨ। ਸੱਜੇ: ਦੀਪਸ਼ਿਖਾ ਸਿੰਘ ਬਿਹਾਰ ਵਿੱਚ ਆਰਕੈਸਟਰਾ ਸ਼ੋਅ ਵਿੱਚ ਡਾਂਸਰਾਂ ਵਜੋਂ ਕੰਮ ਕਰਨ ਵਾਲ਼ੀਆਂ ਨੌਜਵਾਨ ਕੁੜੀਆਂ ਨੂੰ ਦਰਪੇਸ਼ ਪਰੇਸ਼ਾਨੀ ਬਾਰੇ ਲਿਖਦੀ ਹਨ, ਇਨ੍ਹਾਂ ਔਰਤਾਂ ਕੋਲ਼ ਰੋਜ਼ੀ-ਰੋਟੀ ਦਾ ਕੋਈ ਹੋਰ ਵਿਕਲਪ ਨਹੀਂ ਹੈ
ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਵਿੱਚ ਵਿਕਾਸ ਅਧਿਐਨ ਦੀ ਐੱਮਏ ਪੱਧਰ ਦੀ ਵਿਦਿਆਰਥਣ ਦੀਪਸ਼ਿਖਾ ਸਿੰਘ ਜਦੋਂ ਬਿਹਾਰ ਵਿੱਚ ਸਨ ਤਾਂ ਉਹ ਸਾਡੀ ਇੰਟਰਨ ਵਜੋਂ ਕੰਮ ਕਰਦੀ ਰਹੀ। ਫਿਰ ਉਨ੍ਹਾਂ ਨੇ ਪੇਂਡੂ ਖੇਤਰਾਂ ਵਿੱਚ ਡਾਂਸਰਾਂ ਵਜੋਂ ਕੰਮ ਕਰਨ ਵਾਲ਼ੀਆਂ ਕੁੜੀਆਂ ਬਾਰੇ ਇਹ ਦਿਲ ਦਹਿਲਾ ਦੇਣ ਵਾਲ਼ੀ ਰਿਪੋਰਟ ਬਣਾਈ: ਬਿਹਾਰ: ਅਸ਼ਲੀਲ ਗਾਣਿਆਂ 'ਤੇ ਨੱਚੋ ਜਾਂ ਫਿਰ ਗੋਲ਼ੀ ਖਾਓ । "ਪਾਰੀ ਤੋਂ ਮੈਨੂੰ ਮਿਲੇ ਸਮਰਥਨ ਅਤੇ ਅਨਮੋਲ ਸਲਾਹ ਨੇ ਨਾ ਸਿਰਫ਼ ਮੇਰੀ ਰਿਪੋਰਟ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਬਲਕਿ ਇੱਕ ਲੇਖਕ ਵਜੋਂ ਮੈਨੂੰ ਵਧੇਰੇ ਵਿਸ਼ਵਾਸ ਵੀ ਦਿੱਤਾ। ਪਾਰੀ ਦੇ ਪਲੇਟਫਾਰਮ 'ਤੇ ਪ੍ਰਕਾਸ਼ਿਤ ਹੋਣਾ ਮੇਰੀ ਲਿਖਤ ਲਈ ਸੁਪਨੇ ਦੇ ਸੱਚ ਹੋਣ ਵਰਗਾ ਹੈ ... ਇਸ ਤਜ਼ਰਬੇ ਨੇ ਮੈਨੂੰ ਉਨ੍ਹਾਂ ਕਹਾਣੀਆਂ ਨੂੰ ਲੋਕਾਂ ਸਾਹਵੇਂ ਲਿਆਉਣ ਦੀ ਹਿੰਮਤ ਤੇ ਪ੍ਰੇਰਣਾ ਦਿੱਤੀ ਜੋ ਸੱਚੀਓ ਸਾਹਮਣੇ ਆਉਣੀ ਚਾਹੀਦੀਆਂ ਹਨ।"
ਸਾਲ ਦੇ ਅੰਤ ਵਿੱਚ, ਇੰਟਰਨ ਕੁਹੂ ਬਜਾਜ ਨੇ ਮੱਧ ਪ੍ਰਦੇਸ਼ ਦੇ ਦਮੋਹ ਕਸਬੇ ਤੋਂ ਕਈ ਇੰਟਰਵਿਊਆਂ ਕੀਤੀਆਂ ਤੇ ਬੀੜੀ ਦੇ ਧੂੰਏਂ ਤੋਂ ਵੀ ਧੁੰਦਲੀ ਬੀੜੀ ਮਜ਼ਦੂਰਾਂ ਦੀ ਹਯਾਤੀ ਸਟੋਰੀ ਲਿਖੀ। ਉਨ੍ਹਾਂ ਕਿਹਾ ਕਿ ਜ਼ਮੀਨੀ ਪੱਤਰਕਾਰੀ 'ਚ ਇਹ ਮੇਰਾ ਪਹਿਲਾ ਤਜ਼ਰਬਾ ਸੀ। ਮੈਂ ਇਸ ਤਜਰਬੇ ਤੋਂ ਬਹੁਤ ਕੁਝ ਸਿੱਖਿਆ ਹੈ ਅਤੇ ਮਹਿਸੂਸ ਕੀਤਾ ਹੈ ਕਿ ਹਰ ਕਹਾਣੀ ਨੂੰ ਰਿਪੋਰਟ ਕਰਨ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ," ਅਸ਼ੋਕਾ ਯੂਨੀਵਰਸਿਟੀ ਦੀ ਵਿਦਿਆਰਥਣ ਕਹਿੰਦੀ ਹਨ, ਜਿਨ੍ਹਾਂ ਦੀ ਰਿਪੋਰਟ ਬੀੜੀ ਵਲੇਟਣ ਵਾਲ਼ੀਆਂ ਔਰਤਾਂ ਦੀ ਸਖ਼ਤ ਮਿਹਨਤ ਅਤੇ ਸ਼ੋਸ਼ਣ ਦੀ ਰਹੱਸਮਈ ਤਸਵੀਰ ਪੇਸ਼ ਕਰਦੀ ਹੈ।


ਖੱਬੇ: ਕੁਹੂ ਬਜਾਜ ਦੀ ਰਿਪੋਰਟ ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਵਿੱਚ ਮਹਿਲਾ ਬੀੜੀ ਮਜ਼ਦੂਰਾਂ ਦੀ ਰੋਜ਼ੀ-ਰੋਟੀ 'ਤੇ ਚਾਨਣਾ ਪਾਉਂਦੀ ਹੈ। ਸੱਜੇ: ਸਾਡੀ ਜੂਨੀਅਰ ਰਿਪੋਰਟਰ ਹਨੀ ਮੰਜੂਨਾਥ ਤੁਮਕੁਰ ਜ਼ਿਲ੍ਹੇ ਦੇ ਆਪਣੇ ਪਿੰਡ ਦੀ ਇੱਕ ਪੇਂਡੂ ਡਾਕੀਏ ਰੇਣੂਕਾ ਪ੍ਰਸਾਦ ਬਾਰੇ ਲਿਖਦੀ ਹੈ
ਇਸ ਸਾਲ ਸਾਡੀ ਸਭ ਤੋਂ ਛੋਟੀ ਉਮਰ ਦੀ ਰਿਪੋਰਟਰ ਹਨੀ ਮੰਜੂਨਾਥ ਰਹੀ, ਜੋ 10ਵੀਂ ਜਮਾਤ ਦੀ ਵਿਦਿਆਰਥਣ ਹੈ, ਜਿਸ ਨੇ ਆਪਣੇ ਪਿੰਡ ਦੇਵਰਾਇਪਟਨਾ ਦੇ ਡਾਕੀਏ ਬਾਰੇ ਲਿਖਿਆ ਸੀ: ਦੇਵਰਾਇਆਪਟਨਾ, ਚਿੱਠੀ ਆਈ ਹੈ! ਚਿੱਠੀਆਂ ਵੰਡਣ ਦੀ ਯਾਦ ਦੇ ਨਾਲ਼-ਨਾਲ਼ ਪੇਂਡੂ ਡਾਕ ਕਾਮਿਆਂ ਦੀਆਂ ਨੌਕਰੀਆਂ ਦੀਆਂ ਕਠੋਰ ਹਕੀਕਤਾਂ ਨਾਲ਼ ਵੀ ਮੁਲਾਕਾਤ ਹੋ ਗਈ, ਜਿੱਥੇ ਸਾਰਾ-ਸਾਰਾ ਦਿਨ ਧੁੱਪੇ ਅਤੇ ਮੀਂਹ ਵਿੱਚ ਕੰਮ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਪੈਨਸ਼ਨ ਨਹੀਂ ਮਿਲ ਰਹੀ ਹੈ।
ਪਾਰੀ ਵਿੱਚ ਇੰਟਰਨ ਲਈ education@ruralindiaonline.org ਪਤੇ 'ਤੇ ਲਿਖੋ
ਸਾਡੇ ਕੰਮ ਵਿੱਚ ਜੇਕਰ ਤੁਹਾਡੀ ਦਿਲਚਸਪੀ ਬਣਦੀ ਹੈ ਤੇ ਤੁਸੀਂ ਪਾਰੀ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਕ੍ਰਿਪਾ ਕਰਕੇ ਸਾਨੂੰ contact@ruralindiaonline.org 'ਤੇ ਲਿਖੋ। ਤੁਹਾਡੇ ਨਾਲ਼ ਕੰਮ ਕਰਨ ਲਈ ਅਸੀਂ ਫ੍ਰੀਲਾਂਸ ਤੇ ਸੁਤੰਤਰ ਲੇਖਕਾਂ, ਪੱਤਰਕਾਰਾਂ, ਫ਼ੋਟੋਗ੍ਰਾਫ਼ਰਾਂ, ਫ਼ਿਲਮ ਨਿਰਮਾਤਾਵਾਂ, ਅਨੁਵਾਦਕਾਂ, ਸੰਪਾਦਕਾਂ, ਚਿੱਤਰਕਾਰਾਂ ਤੇ ਖ਼ੋਜਾਰਥੀਆਂ ਦਾ ਸੁਆਗਤ ਕਰਦੇ ਹਾਂ।
ਪਾਰੀ ਇੱਕ ਗ਼ੈਰ-ਲਾਭਕਾਰੀ ਸੰਸਥਾ ਹੈ ਤੇ ਸਾਡਾ ਭਰੋਸਾ ਉਨ੍ਹਾਂ ਲੋਕਾਂ ਦੇ ਦਾਨ ਸਿਰ ਰਹਿੰਦਾ ਹੈ ਜੋ ਸਾਡੀ ਬਹੁ-ਭਾਸ਼ਾਈ ਆਨਲਾਈਨ ਮੈਗ਼ਜ਼ੀਨ ਤੇ ਆਰਕਾਈਵ ਦੇ ਪ੍ਰਸ਼ੰਸਕ ਹਨ। ਜੇਕਰ ਤੁਸੀਂ ਪਾਰੀ ਨੂੰ ਦਾਨ ਦੇਣਾ ਚਾਹੁੰਦੇ ਹੋ ਤਾਂ ਕ੍ਰਿਪਾ ਕਰਕੇ DONATE 'ਤੇ ਕਲਿਕ ਕਰੋ।
ਤਰਜਮਾ: ਕਮਲਜੀਤ ਕੌਰ