ਹਰੇਸ਼ਵਰ ਦਾਸ ਕਹਿੰਦੇ ਹਨ,''ਜਦੋਂ ਪਾਣੀ ਚੜ੍ਹਦਾ ਏ ਤਾਂ ਸਾਡੀ ਰੂਹ ਤੱਕ ਕੰਬ ਜਾਂਦੀ ਏ।'' ਅਸਾਮ ਦੇ ਬਾਗਰੀਬਾੜੀ ਦੇ ਇਸ ਵਸਨੀਕ ਦੇ ਅਨੁਸਾਰ, ਪਿੰਡ ਵਾਸੀਆਂ ਨੂੰ ਮਾਨਸੂਨ ਦੇ ਮਹੀਨਿਆਂ ਦੌਰਾਨ ਹਮੇਸ਼ਾ ਚੌਕਸ ਰਹਿਣਾ ਪੈਂਦਾ ਹੈ, ਕਿਉਂਕਿ ਨੇੜੇ ਦੀ ਪੁਥੀਮਾਰੀ ਨਦੀ ਵਿੱਚ ਪਾਣੀ ਦਾ ਪੱਧਰ ਵਧਣ ਨਾਲ਼ ਉਨ੍ਹਾਂ ਦੇ ਘਰ ਅਤੇ ਫ਼ਸਲਾਂ ਤਬਾਹ ਹੋ ਸਕਦੀਆਂ ਹਨ।
ਉਨ੍ਹਾਂ ਦੀ ਪਤਨੀ ਸਾਬਿਤਰੀ ਦਾਸ ਕਹਿੰਦੀ ਹਨ, "ਸਾਨੂੰ ਆਪਣੇ ਕੱਪੜੇ ਪੈਕ ਕਰਨੇ ਪੈਂਦੇ ਹਨ ਅਤੇ ਮੀਂਹ ਪੈਣ ਦੀ ਸੂਰਤ ਵਿੱਚ ਤਿਆਰ ਰਹਿਣਾ ਪੈਂਦਾ ਹੈ। ਪਿਛਲੀ ਵਾਰ ਹੜ੍ਹਾਂ ਨੇ ਦੋਵੇਂ ਕੱਚੇ ਮਕਾਨਾਂ ਨੂੰ ਤਬਾਹ ਕਰ ਦਿੱਤਾ ਸੀ। ਬਾਂਸ ਅਤੇ ਮਿੱਟੀ ਦੀਆਂ ਕੰਧਾਂ ਦੁਬਾਰਾ ਖੜ੍ਹੀਆਂ ਕਰਨੀਆਂ ਪਈਆਂ।''
"ਮੈਂ [ਹੁਣ ਟੁੱਟੇ ਹੋਏ] ਟੀਵੀ ਨੂੰ ਇੱਕ ਬੋਰੀ ਵਿੱਚ ਪਾ ਕੇ ਛੱਤ 'ਤੇ ਰੱਖ ਦਿੱਤਾ," ਨੀਰਦਾ ਦਾਸ ਕਹਿੰਦੀ ਹਨ, ਜਿਨ੍ਹਾਂ ਦਾ ਟੀਵੀ ਸੈੱਟ ਪਿਛਲੇ ਹੜ੍ਹ ਨੇ ਤਬਾਹ ਕਰ ਦਿੱਤਾ ਸੀ।
16 ਜੂਨ, 2023 ਦੀ ਰਾਤ ਨੂੰ ਲਗਾਤਾਰ ਮੀਂਹ ਪੈ ਰਿਹਾ ਸੀ। ਪਿਛਲੇ ਸਾਲ ਢਹਿ ਜਾਣ ਵਾਲ਼ੇ ਬੰਨ੍ਹ ਦੇ ਨਾਲ਼-ਨਾਲ਼ ਰੇਤ ਦੀਆਂ ਬੋਰੀਆਂ ਲਗਾਈਆਂ ਗਈਆਂ। ਦੋ ਦਿਨ ਬੀਤ ਗਏ ਪਰ ਮੀਂਹ ਨੇ ਰੁਕਣ ਦਾ ਨਾਂਅ ਤੱਕ ਨਾ ਲਿਆ। ਬਾਗਰੀਬਾੜੀ ਅਤੇ ਇਸ ਦੇ ਗੁਆਂਢੀ ਪਿੰਡ ਢੇਪਰਗਾਓਂ, ਮਦੋਇਕਾਟਾ, ਨੀਸ ਕੌਰਬਾਹਾ, ਖੰਡੀਕਰ, ਬਿਹਾਪਾਰਾ ਅਤੇ ਲਾਹਾਪਾਰਾ ਦੇ ਲੋਕੀਂ ਡਰੇ ਹੋਏ ਸਨ ਕਿ ਕਿਤੇ ਬੰਨ੍ਹ ਦਾ ਸਭ ਤੋਂ ਕਮਜ਼ੋਰ ਹਿੱਸਾ ਦੁਬਾਰਾ ਨਾ ਟੁੱਟ ਜਾਵੇ।
ਖੁਸ਼ੀ ਦੀ ਗੱਲ ਇਹ ਰਹੀ ਕਿ ਚਾਰ ਦਿਨਾਂ ਬਾਅਦ ਮੀਂਹ ਮੱਠਾ ਪੈ ਗਿਆ ਅਤੇ ਪਾਣੀ ਵੀ ਘੱਟ ਗਿਆ।
"ਜਦੋਂ ਬੰਨ੍ਹ ਟੁੱਟਦਾ ਏ, ਤਾਂ ਇਓਂ ਲੱਗਦੈ ਜਿਵੇਂ ਪਾਣੀ ਦਾ ਬੰਬ ਹੀ ਡਿੱਗ ਗਿਆ ਹੋਵੇ," ਇੱਕ ਸਥਾਨਕ ਅਧਿਆਪਕ, ਹਰੇਸ਼ਵਰ ਦਾਸ ਕਹਿੰਦੇ ਹਨ। ''ਉਹ ਰਾਹ ਵਿੱਚ ਆਉਣ ਵਾਲ਼ੀ ਹਰ ਚੀਜ਼ ਨੂੰ ਤਬਾਹ ਕਰ ਦਿੰਦਾ ਏ," 85 ਸਾਲਾ ਹਰੇਸ਼ਵਰ ਕੇ.ਬੀ. ਦੇਉਲਕੁਚੀ ਉੱਚ ਸੈਕੰਡਰੀ ਸਕੂਲ ਵਿੱਚ ਅਸਾਮੀ ਪੜ੍ਹਾਉਂਦੇ ਸਨ।
ਉਨ੍ਹਾਂ ਦੀ ਇਸ ਗੱਲ ਵਿੱਚ ਦਮ ਹੈ ਕਿ 1965 ਵਿੱਚ ਬਣੇ ਬੰਨ੍ਹ ਨੇ ਅਸਲ ਵਿੱਚ ਫ਼ਾਇਦਾ ਘੱਟ ਨੁਕਸਾਨ ਵੱਧ ਕੀਤਾ ਹੈ ਅਤੇ "ਫ਼ਸਲਾਂ ਵਾਲ਼ੀਆਂ ਜ਼ਮੀਨਾਂ ਸਿੰਝਣ ਦੀ ਬਜਾਏ ਡੁਬੋ ਛੱਡੀਆਂ।''

![His wife Sabitri (right) adds, 'The previous flood [2022] took away the two kutchha houses of ours. You see these clay walls, they are newly built; this month’s [June] incessant rain has damaged the chilly plants, spiny gourds and all other plants from our kitchen garden'](/media/images/02b-RUB09045-WR_and_PD-In_Bagribari-the_ri.max-1400x1120.jpg)
85 ਸਾਲਾ ਸੇਵਾਮੁਕਤ ਸਕੂਲ ਅਧਿਆਪਕ ਹਰੇਸ਼ਵਰ ਦਾਸ (ਖੱਬੇ) 12 ਵਾਰ ਹੜ੍ਹ ਦੇ ਗਵਾਹ ਬਣ ਚੁੱਕੇ ਹਨ। 'ਜਦੋਂ ਬੰਨ੍ਹ ਟੁੱਟਦਾ ਏ, ਤਾਂ ਇਓਂ ਲੱਗਦੈ ਜਿਵੇਂ ਪਾਣੀ ਦਾ ਬੰਬ ਹੀ ਡਿੱਗ ਗਿਆ ਹੋਵੇ। ਫਿਰ ਇਹ ਰੋੜ੍ਹ ਆਪਣੇ ਰਾਹ ਵਿੱਚ ਆਉਣ ਵਾਲ਼ੀ ਹਰ ਸ਼ੈਅ ਨੂੰ ਤਬਾਹ ਕਰਦਾ ਜਾਂਦਾ ਏ, ਫਿਰ ਭਾਵੇਂ ਫ਼ਸਲਾਂ ਹੀ ਕਿਉਂ ਨਾ ਹੋਣ।' ਉਨ੍ਹਾਂ ਦੀ ਪਤਨੀ ਸਾਬਿਤਰੀ (ਸੱਜੇ) ਕਹਿੰਦੀ ਹਨ, 'ਪਿਛਲੇ ਹੜ੍ਹ [2022] ਨੇ ਸਾਡੇ ਦੋ ਕੱਚੇ ਘਰ ਖੋਹ ਲਏ। ਇਨ੍ਹਾਂ ਮਿੱਟੀ ਦੀਆਂ ਕੰਧਾਂ ਨੂੰ ਦੇਖੋ, ਇਹ ਨਵੀਆਂ ਬਣਾਈਆਂ ਗਈਆਂ ਹਨ. ਇਸ ਮਹੀਨੇ (ਜੂਨ) ਲਗਾਤਾਰ ਮੀਂਹ ਨੇ ਮਿਰਚ ਦੇ ਪੌਦਿਆਂ, ਕੰਟੋਲਾ ਅਤੇ ਸਾਡੇ ਕਿਚਨ-ਗਾਰਡਨ ਦੇ ਹੋਰ ਸਾਰੇ ਪੌਦਿਆਂ ਨੂੰ ਨੁਕਸਾਨ ਪਹੁੰਚਾਇਆ ਹੈ'


ਖੱਬੇ: ਸਾਬਿਤਰੀ ਅਤੇ ਉਨ੍ਹਾਂ ਦਾ ਪਰਿਵਾਰ ਨੁਕਸਾਨ ਤੋਂ ਬਚਣ ਲਈ ਚੀਜ਼ਾਂ ਨੂੰ ਉੱਚੀ ਜਗ੍ਹਾ ' ਤੇ ਰੱਖਦੇ ਹਨ। ਮੀਂਹ ਪੈਣ ਦੀ ਸੂਰਤ ਵਿੱਚ , ਉਨ੍ਹਾਂ ਨੂੰ ਹਰ ਚੀਜ਼ ਤਿਆਰ ਅਤੇ ਪੈਕ ਕਰਕੇ ਰੱਖਣੀ ਪੈਂਦੀ ਹੈ। ਸੱਜੇ: ਹਾਲਾਂਕਿ ਬੀਜ ਬੀਜਣ ਦਾ ਸਮਾਂ ਆ ਗਿਆ ਹੈ , ਪਰ ਬਾਗਰੀਬਾੜੀ ਦਾ ਇੱਕ ਵੀ ਕਿਸਾਨ ਅਜਿਹਾ ਨਹੀਂ ਕਰ ਸਕਦਾ ਕਿਉਂਕਿ ਰੇਤ ਨਾਲ਼ ਢੱਕੀ ਜ਼ਮੀਨ ' ਤੇ ਖੇਤੀ ਕਰਨਾ ਅਸੰਭਵ ਹੈ
ਪੁਥੀਮਾਰੀ ਨਦੀ ਦੇ ਕੰਢੇ ਸਥਿਤ ਬਾਗਰੀਬਾੜੀ ਬ੍ਰਹਮਪੁੱਤਰ ਨਦੀ ਤੋਂ 50 ਕਿਲੋਮੀਟਰ ਦੂਰ ਹੈ, ਜਿੱਥੇ ਹਰ ਸਾਲ ਹੜ੍ਹ ਆਉਂਦਾ ਹੈ। ਮਾਨਸੂਨ ਦੇ ਮਹੀਨਿਆਂ ਦੌਰਾਨ, ਪਿੰਡ ਵਾਸੀ ਪਾਣੀ ਦੇ ਵਧਦੇ ਪੱਧਰ ਦੇ ਡਰੋਂ ਰਾਤ ਜਾਗਦਿਆਂ ਗੁਜ਼ਾਰਦੇ ਹਨ। ਇੱਥੇ ਬਕਸਾ ਜ਼ਿਲ੍ਹੇ ਵਿੱਚ, ਪਿੰਡ ਦੇ ਨੌਜਵਾਨ ਜੂਨ, ਜੁਲਾਈ ਅਤੇ ਅਗਸਤ ਦੌਰਾਨ ਸਾਰੀ ਰਾਤ ਜਾਗ ਕੇ ਬੰਨ੍ਹ ਦੇ ਪਾਣੀ ਦੀ ਨਿਗਰਾਨੀ ਕਰਦੇ ਹਨ। "ਅਸੀਂ ਸਾਲ ਵਿੱਚ ਪੰਜ ਮਹੀਨੇ ਹੜ੍ਹਾਂ ਨਾਲ਼ ਜੂਝਦਿਆਂ ਜਾਂ ਹੜ੍ਹਾਂ ਤੋਂ ਡਰਦਿਆਂ ਬਿਤਾਉਂਦੇ ਹਾਂ," ਹਰੇਸ਼ਵਰ ਕਹਿੰਦੇ ਹਨ।
"ਦਹਾਕਿਆਂ ਤੋਂ, ਲਗਭਗ ਹਰ ਮੌਨਸੂਨ ਵਿੱਚ, ਬੰਨ੍ਹ ਇੱਕ ਥਾਂਓਂ ਟੁੱਟਦਾ ਹੀ ਰਿਹਾ ਏ," ਪਿੰਡ ਦੇ ਵਸਨੀਕ ਯੋਗਮਾਯਾ ਦਾਸ ਕਹਿੰਦੀ ਹਨ।
ਸ਼ਾਇਦ ਇਹੀ ਕਾਰਨ ਹੈ ਕਿ ਅਤੁਲ ਦਾਸ ਦਾ ਬੇਟਾ ਹੀਰਕਜੋਤੀ ਹਾਲ ਹੀ ਵਿੱਚ ਅਸਾਮ ਪੁਲਿਸ ਦੀ ਨਿਹੱਥੀ ਸ਼ਾਖਾ ਵਿੱਚ ਕਾਂਸਟੇਬਲ ਭਰਤੀ ਹੋਏ ਹਨ। ਬੰਨ੍ਹਾਂ ਦੀ ਉਸਾਰੀ ਅਤੇ ਮੁਰੰਮਤ ਨੂੰ ਲੈ ਕੇ ਉਨ੍ਹਾਂ ਦਾ ਵਿਸ਼ਵਾਸ ਉੱਠ ਚੁੱਕਿਆ ਹੈ।
ਉਹ ਕਹਿੰਦੇ ਹਨ,"ਬੰਨ੍ਹ ਸੋਨਾਰ ਕਨੀ ਪਾਰਾ ਹਾਂਹ (ਸੋਨੇ ਦਾ ਅੰਡਾ ਦੇਣ ਵਾਲ਼ੀ ਬਤਖ) ਵਰਗਾ ਹੈ। ਜਦੋਂ ਵੀ ਇਹ ਢਹਿ-ਢੇਰੀ ਹੁੰਦਾ ਹੈ, ਪਾਰਟੀਆਂ ਅਤੇ ਸੰਗਠਨ ਆਉਂਦੇ ਹਨ। ਠੇਕੇਦਾਰ ਬੰਨ੍ਹ ਬਣਾ ਜਾਂਦਾ ਏ। ਪਰ ਫਿਰ ਹੜ੍ਹ ਆਉਂਦਿਆਂ ਹੀ ਉਹੀ ਹਾਲ ਹੋ ਜਾਂਦੇ ਏ,'' 53 ਸਾਲਾ ਹੀਰਕਜੋਤੀ ਅਨੁਸਾਰ, ਜਦੋਂ ਇਲਾਕੇ ਦੇ ਨੌਜਵਾਨ ਚੰਗੀ ਮੁਰੰਮਤ ਦੀ ਮੰਗ ਕਰਦੇ ਹਨ, ਤਾਂ "ਪੁਲਿਸ ਉਨ੍ਹਾਂ ਨੂੰ ਧਮਕਾਉਂਦੀ ਏ ਅਤੇ ਮੂੰਹ ਬੰਦ ਰੱਖਣ ਲਈ ਮਜ਼ਬੂਰ ਕਰਦੀ ਏ।"
ਬਾਗਰੀਬਾੜੀ ਦੇ ਖੇਤ, ਸੜਕਾਂ ਅਤੇ ਘਰ ਲੋਕਾਂ ਦੇ ਦਰਦ ਨੂੰ ਬਿਆਨ ਕਰਦੇ ਹਨ। ਦੇਖ ਕੇ ਇੰਝ ਨਹੀਂ ਲੱਗਦਾ ਕਿ ਇਸ ਸਮੱਸਿਆ ਤੋਂ ਜਲਦੀ ਖਹਿੜਾ ਛੁੱਟੇਗਾ। ਪੁਥੀਮਾਰੀ ਨਦੀ ਦੇ ਹਾਈਡ੍ਰੋਗ੍ਰਾਫਿਕ ਸਰਵੇਖਣ 'ਤੇ ਭਾਰਤੀ ਅੰਦਰੂਨੀ ਜਲ ਮਾਰਗ ਅਥਾਰਟੀ ਦੀ 2015 ਦੀ ਰਿਪੋਰਟ ਨੇ ਸਿੱਟਾ ਕੱਢਿਆ ਕਿ "ਬੰਨ੍ਹ ਬਣਾਉਣਾ ਅਤੇ ਮੁਰੰਮਤ ਕਰਨਾ ਇੱਕ ਸਥਾਈ ਮਾਮਲਾ ਜਾਪਦਾ ਹੈ"।


ਖੱਬੇ: ਬਾਗਰੀਬਾੜੀ ਦੇ ਮਜ਼ਦੂਰ ਪੁਥੀਮਾਰੀ ਨਦੀ 'ਤੇ ਬੰਨ੍ਹ ਦੇ ਨਾਲ਼ ਹੇਠਾਂ ਕਰਕੇ ਰੇਤ ਦੀਆਂ ਬੋਰੀਆਂ ਰੱਖ ਰਹੇ ਹਨ। ਸੱਜੇ: ਰਾਜ ਜਲ ਸਰੋਤ ਵਿਭਾਗ ਖੋਰਨ (ਕਟਾਈ) ਨੂੰ ਰੋਕਣ ਲਈ ਜੀਓਬੈਗ ਦੀ ਵਰਤੋਂ ਕਰਦਾ ਹੈ


ਖੱਬੇ: ਅਤੁਲ ਦਾਸ ਪੈਸੇ ਅਤੇ ਸਰੋਤਾਂ ਦੀ ਬਰਬਾਦੀ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ, 'ਬੰਨ੍ਹ ਸੋਨੇ ਦਾ ਆਂਡਾ ਦੇਣ ਵਾਲ਼ੀ ਬਤਖ ਜਾਪਦਾ ਹੈ।’ ਸੱਜੇ: ਰੇਤ ਦੀਆਂ ਬੋਰੀਆਂ ਦਾ ਇਸਤੇਮਾਲ ਪਏ ਪਾੜਾਂ ਦੇ ਉਨ੍ਹਾਂ ਹਿੱਸਿਆਂ ਨੂੰ ਦਰੁੱਸਤ ਰੱਖਣ ਲਈ ਕੀਤਾ ਜਾਂਦਾ ਸੀ ਜਿੱਥੇ 2021 ਵਿੱਚ ਇਹਦੇ ਟੁੱਟਣ ਨਾਲ਼ ਪਿੰਡਾਂ ਵਿੱਚ ਹੜ੍ਹ ਆਇਆ ਸੀ
*****
2022 ਵਿੱਚ, ਯੋਗਮਾਯਾ ਦਾਸ ਅਤੇ ਉਨ੍ਹਾਂ ਦੇ ਪਤੀ ਸ਼ੰਭੂਰਾਮ ਨੂੰ ਅੱਠ ਘੰਟਿਆਂ ਤੋਂ ਵੱਧ ਸਮੇਂ ਲਈ ਆਪਣੀਆਂ ਖਿੜਕੀਆਂ ਨਾਲ਼ ਚਿਪਕੇ ਰਹਿਣਾ ਪਿਆ ਜਦੋਂ ਘਰ ਅੰਦਰ ਧੌਣ ਤੀਕਰ ਹੜ੍ਹ ਦਾ ਪਾਣੀ ਵੜ੍ਹ ਆਇਆ ਸੀ। ਉਸ ਰਾਤ ਪਤੀ-ਪਤਨੀ ਕੱਚਾ ਮਕਾਨ ਛੱਡ ਨਾਲ਼ ਕਰਕੇ ਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣ ਰਹੇ ਆਪਣੇ ਨਵੇਂ ਘਰ ਵਿੱਚ ਚਲੇ ਗਏ ਸਨ। ਉਸ ਪੱਕੇ ਮਕਾਨ ਵਿੱਚ ਵੀ ਪਾਣੀ ਭਰ ਗਿਆ ਅਤੇ ਖਿੜਕੀਆਂ ਨਾਲ਼ ਚਿਪਕਣਾ ਹੀ ਬਚਣ ਦੀ ਆਖਰੀ ਉਮੀਦ ਬਣ ਗਿਆ।
"ਇਹ ਇੱਕ ਡਰਾਉਣਾ ਸੁਪਨਾ ਸੀ," ਯੋਗਮਾਯਾ ਕਹਿੰਦੀ ਹਨ, ਜਿਨ੍ਹਾਂ ਦੇ ਚਿਹਰੇ 'ਤੇ ਉਸ ਹਨ੍ਹੇਰੀ ਰਾਤ ਦਾ ਖੌਫ਼ ਹਾਲੇ ਤੀਕਰ ਦਿਖਾਈ ਦੇ ਰਿਹਾ ਸੀ।
ਹੜ੍ਹ ਪ੍ਰਭਾਵਿਤ ਆਪਣੇ ਘਰ ਦੇ ਦਰਵਾਜ਼ੇ 'ਤੇ ਖੜ੍ਹੀ, 40 ਸਾਲਾ ਯੋਗਮਾਯਾ 16 ਜੂਨ, 2022 ਦੀ ਰਾਤ ਨੂੰ ਆਪਣੀ ਹੱਢਬੀਤੀ ਯਾਦ ਕਰਦੀ ਹਨ,"ਮੇਰੇ ਪਤੀ ਨੇ ਮੈਨੂੰ ਵਾਰ-ਵਾਰ ਭਰੋਸਾ ਦਿੱਤਾ ਸੀ ਕਿ ਪਾਣੀ ਘੱਟ ਜਾਵੇਗਾ, ਬੰਨ੍ਹ ਨਹੀਂ ਟੁੱਟੇਗਾ। ਮੈਂ ਡਰੀ ਹੋਈ ਸਾਂ ਪਰ ਫਿਰ ਵੀ ਮੈਂ ਸੌਂ ਗਈ। ਅਚਾਨਕ, ਕਿਸੇ ਕੀੜੇ ਨੇ ਡੰਗ ਮਾਰਿਆ ਤੇ ਮੈਂ ਤ੍ਰਬਕ ਕੇ ਉੱਠੀ ਤੇ ਦੇਖਿਆ ਬਿਸਤਰਾ ਲਗਭਗ ਤੈਰ ਹੀ ਰਿਹਾ ਸੀ।''
ਪਿੰਡ ਦੇ ਹੋਰ ਵਸਨੀਕਾਂ ਵਾਂਗ ਕੋਚ-ਰਾਜਬੰਸ਼ੀ ਭਾਈਚਾਰੇ ਨਾਲ਼ ਤਾਅਲੁੱਕ ਰੱਖਣ ਵਾਲ਼ੇ ਇਹ ਪਤੀ-ਪਤਨੀ ਬ੍ਰਹਮਪੁੱਤਰ ਦੀ ਸਹਾਇਕ ਨਦੀ ਪੁਥੀਮਾਰੀ ਦੇ ਮੁੱਖ ਉੱਤਰੀ ਕੰਢੇ ਤੋਂ ਲਗਭਗ 200 ਮੀਟਰ ਦੀ ਦੂਰੀ 'ਤੇ ਰਹਿੰਦੇ ਹਨ।
"ਮੈਂ ਹਨ੍ਹੇਰੇ ਵਿੱਚ ਕੁਝ ਵੀ ਨਾ ਦੇਖ ਸਕੀ। ਅਸੀਂ ਕਿਸੇ ਤਰ੍ਹਾਂ ਖਿੜਕੀ ਤੱਕ ਪਹੁੰਚਣ ਵਿੱਚ ਕਾਮਯਾਬ ਰਹੇ। ਪਹਿਲਾਂ ਵੀ ਹੜ੍ਹ ਆਉਂਦੇ ਰਹੇ ਹਨ, ਪਰ ਮੈਂ ਆਪਣੀ ਜ਼ਿੰਦਗੀ ਵਿੱਚ ਇੰਨਾ ਪਾਣੀ ਕਦੇ ਨਹੀਂ ਦੇਖਿਆ। ਮੈਨੂੰ ਆਪਣੇ ਆਲ਼ੇ-ਦੁਆਲ਼ੇ ਕੀੜੇ ਅਤੇ ਸੱਪ ਘੁੰਮਦੇ ਮਹਿਸੂਸ ਹੋ ਰਹੇ ਸਨ। ਮੈਂ ਆਪਣੇ ਪਤੀ ਵੱਲ ਦੇਖ ਰਹੀ ਸਾਂ ਅਤੇ ਖਿੜਕੀ ਦੇ ਫਰੇਮ ਨੂੰ ਜਿੰਨਾ ਹੋ ਸਕੇ ਘੁੱਟ ਕੇ ਫੜ੍ਹੀ ਰੱਖਿਆ।'' ਬਚਾਅ ਦਲ ਦੇ ਆਉਣ ਤੋਂ ਬਾਅਦ ਸਵੇਰੇ 11 ਵਜੇ ਜਾ ਕੇ ਉਨ੍ਹਾਂ ਨੂੰ ਇਸ ਔਖ਼ੀ ਘੜੀ ਤੋਂ ਮੁਕਤੀ ਮਿਲ਼ੀ ਜੋ ਰਾਤ ਪੌਣੇ ਤਿੰਨ ਵਜੇ ਤੋਂ ਜਾਰੀ ਸੀ।
'ਪੁਥੀਮਾਰੀ ਨਦੀ 'ਤੇ ਬਣਿਆ ਬੰਨ੍ਹ ਕਈ ਦਹਾਕਿਆਂ ਤੋਂ ਲਗਭਗ ਹਰ ਦੂਜੇ ਮੌਨਸੂਨ ਦੌਰਾਨ ਉਸੇ ਥਾਂਓਂ ਟੁੱਟਦਾ ਰਿਹਾ ਹੈ'
ਮਕਾਨ ਬਣਾਉਣ ਦੀ ਸਾਲਾਨਾ ਲਾਗਤ ਤੋਂ ਤੰਗ ਆ ਚੁੱਕੇ ਪਿੰਡ ਵਾਸੀ ਇਸ ਸਾਲ ਹੜ੍ਹਾਂ ਅਤੇ ਉਸ ਤੋਂ ਬਾਅਦ ਹੋਈ ਬਾਰਸ਼ ਕਾਰਨ ਤਬਾਹ ਹੋਏ ਆਪਣੇ ਘਰਾਂ ਦੀ ਮੁਰੰਮਤ ਕਰਨ ਲਈ ਤਿਆਰ ਨਹੀਂ ਹਨ। ਕਈ ਪਰਿਵਾਰ ਹੜ੍ਹਾਂ ਵਿੱਚ ਆਪਣੇ ਘਰ ਗੁਆਉਣ ਬਾਅਦ ਜਾਂ ਵਾਪਸ ਜਾਣ ਦੇ ਡਰੋਂ ਹੁਣ ਬੰਨ੍ਹ 'ਤੇ ਅਸਥਾਈ ਟੈਂਟਾਂ ਵਿੱਚ ਡੇਰਾ ਲਾ ਰਹੇ ਹਨ।
ਮਾਧਵੀ ਦਾਸ (42) ਅਤੇ ਉਨ੍ਹਾਂ ਦੇ ਪਤੀ ਦੰਡੇਸ਼ਵਰ ਦਾਸ (53) ਆਪਣੇ ਘਰ ਦੀ ਮੁਰੰਮਤ ਕਰਨ ਵਿੱਚ ਸਫ਼ਲ ਰਹੇ ਹਨ, ਜੋ ਪਿਛਲੇ ਹੜ੍ਹ ਵਿੱਚ ਨੁਕਸਾਨਿਆ ਗਿਆ ਸੀ। ਪਰ ਉਹ ਉੱਥੇ ਸ਼ਾਂਤੀ ਨਾਲ਼ ਰਹਿ ਨਹੀਂ ਪਾਉਂਦੇ। ਮਾਧਵੀ ਕਹਿੰਦੀ ਹਨ,"ਜਦੋਂ ਪਾਣੀ ਚੜ੍ਹਿਆ, ਤਾਂ ਅਸੀਂ ਬੰਨ੍ਹ 'ਤੇ ਆ ਗਏ। ਮੈਂ ਇਸ ਵਾਰ ਕੋਈ ਖ਼ਤਰਾ ਨਹੀਂ ਲੈਣਾ ਚਾਹੁੰਦੀ।''
ਬੰਨ੍ਹ 'ਤੇ ਰਹਿਣ ਵਾਲ਼ਿਆਂ ਲਈ ਪੀਣ ਵਾਲ਼ਾ ਪਾਣੀ ਲੱਭਣਾ ਇੱਕ ਵੱਡੀ ਸਮੱਸਿਆ ਹੈ। ਮਾਧਵੀ ਮੁਤਾਬਕ ਹੜ੍ਹ ਤੋਂ ਬਾਅਦ ਕਈ ਟਿਊਬਵੈੱਲ ਰੇਤ ਹੇਠ ਦੱਬ ਗਏ। ਉਹ ਸਾਨੂੰ ਪਲਾਸਟਿਕ ਦੀਆਂ ਖਾਲੀ ਬੋਤਲਾਂ ਨਾਲ਼ ਭਰੀ ਬਾਲਟੀ ਦਿਖਾਉਂਦਿਆਂ ਕਹਿੰਦੀ ਹਨ,"ਪਾਣੀ ਵਿੱਚ ਬਹੁਤ ਸਾਰਾ ਆਇਰਨ ਹੈ। ਅਸੀਂ ਟਿਊਬਵੈੱਲ ਦੇ ਨੇੜੇ ਪਾਣੀ ਨੂੰ ਫਿਲਟਰ ਕਰਦੇ ਹਾਂ ਅਤੇ ਇਸ ਨੂੰ ਬਾਲਟੀਆਂ ਅਤੇ ਬੋਤਲਾਂ ਵਿੱਚ ਭਰ ਕੇ ਬੰਨ੍ਹ ਤੱਕ ਲਿਆਉਂਦੇ ਹਾਂ।"
ਅਤੁਲ ਦੀ ਪਤਨੀ ਨੀਰਦਾ ਦਾਸ ਕਹਿੰਦੀ ਹਨ, "ਇੱਥੇ ਖੇਤੀ ਕਰਨ ਜਾਂ ਘਰ ਬਣਾਉਣ ਦਾ ਕੋਈ ਮਤਲਬ ਨਹੀਂ। ਹੜ੍ਹ ਵਾਰ-ਵਾਰ ਆਉਂਦੇ ਨੇ ਅਤੇ ਸਭ ਕੁਝ ਰੋੜ੍ਹ ਲਿਜਾਂਦੇ ਨੇ। ਅਸੀਂ ਦੋ ਵਾਰ ਟੀਵੀ ਖਰੀਦਿਆ। ਦੋਵੇਂ ਹੜ੍ਹਾਂ ਵਿੱਚ ਟੁੱਟ ਗਏ," ਉਹ ਆਪਣੇ ਬਰਾਂਡੇ ਵਿੱਚ ਬਾਂਸ ਦੇ ਖੰਭੇ ਸਹਾਰੇ ਖੜ੍ਹੀ ਹੋ ਕੇ ਦੱਸ ਰਹੀ ਹਨ।
2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਬਾਗਰੀਬਾੜੀ ਦੇ ਵਸਨੀਕਾਂ ਦਾ ਮੁੱਖ ਕਿੱਤਾ ਖੇਤੀ ਸੀ, ਜਿੱਥੋਂ ਦੀ ਆਬਾਦੀ 739 ਹੈ। ਪਰ ਹੜ੍ਹ ਆਉਣ ਅਤੇ ਪਾਣੀ ਲੱਥਣ ਤੋਂ ਬਾਅਦ ਪਿੱਛੇ ਰਹਿ ਗਈ ਰੇਤ ਕਾਰਨ ਹੁਣ ਅਜਿਹਾ ਕਰਨਾ ਸੰਭਵ ਨਹੀਂ ਰਿਹਾ ਅਤੇ ਰੇਤੀ ਮਾਰੀ ਜ਼ਮੀਨ 'ਤੇ ਖੇਤੀ ਹੋ ਹੀ ਨਹੀਂ ਸਕਦੀ।


ਖੱਬੇ: ਮਾਧਵੀ ਦਾਸ ਘਰ ਵਿੱਚ ਰੇਤ ਨਾਲ਼ ਫਿਲਟਰ ਕੀਤਾ ਪਾਣੀ ਲਿਆਉਣ ਲਈ ਬੰਨ੍ਹ ਤੋਂ ਉਤਰਦੀ ਹੋਈ। ਜੂਨ 2023 ਤੋਂ, ਉਨ੍ਹਾਂ ਨੂੰ ਪੀਣ ਵਾਲ਼ੇ ਪਾਣੀ ਲਈ ਅਜਿਹੀਆਂ ਯਾਤਰਾਵਾਂ ਕਰਨੀਆਂ ਪਈਆਂ ਹਨ। ਸੱਜੇ: ਦੰਡੇਸ਼ਵਰ (ਜਾਮਨੀ ਰੰਗ ਦੀ ਟੀ-ਸ਼ਰਟ ਪਾਈ), ਜੋ ਮੌਸਮੀ ਕਿਸਾਨ ਅਤੇ ਬਾਕੀ ਸਮਾਂ ਰਾਜ-ਮਿਸਤਰੀ ਦਾ ਕੰਮ ਕਰਦੇ ਹਨ, ਕਹਿੰਦੇ ਹਨ, 'ਜਦੋਂ ਪਾਣੀ ਚੜ੍ਹਿਆ, ਤਾਂ ਅਸੀਂ ਬੰਨ੍ਹ 'ਤੇ ਆ ਗਏ। ਮੈਂ ਇਸ ਵਾਰ ਕੋਈ ਜੋਖ਼ਮ ਨਹੀਂ ਲੈਣਾ ਚਾਹੁੰਦਾ। ' ਉਨ੍ਹਾਂ ਦੇ ਪਿੱਛੇ ਦੁਜੇਨ ਦਾਸ ਦਿਖਾਈ ਦੇ ਰਹੇ ਹਨ
![Left: 'We bought a TV twice. Both were damaged by the floods. I have put the [second damaged] TV in a sack and put it on the roof,' says Nirada.](/media/images/07a-RUB09152_copy-WR_and_PD-In_Bagribari-t.max-1400x1120.jpg)

ਖੱਬੇ: ਨੀਰਦਾ ਕਹਿੰਦੀ ਹਨ,'ਅਸੀਂ ਦੋ ਵਾਰ ਟੀਵੀ ਖਰੀਦਿਆ। ਦੋਵੇਂ ਹੀ ਹੜ੍ਹ ਵਿੱਚ ਟੁੱਟ-ਭੱਜ ਗਏ। ਮੈਂ [ਦੂਜਾ ਖਰਾਬ] ਟੀਵੀ ਇੱਕ ਬੋਰੀ ਵਿੱਚ ਪੈਕ ਕਰਕੇ ਛੱਤ 'ਤੇ ਰੱਖ ਦਿੱਤਾ ਹੈ। ਸੱਜੇ: ਬਿਜਾਈ ਦਾ ਮੌਸਮ ਸ਼ੁਰੂ ਨਹੀਂ ਹੋ ਸਕਿਆ ਕਿਉਂਕਿ ਜ਼ਮੀਨ ਰੇਤ ਨਾਲ਼ ਢੱਕੀ ਹੋਈ ਹੈ
*****
"ਸਾਡੇ ਪਿਤਾ ਇਸ ਉਮੀਦ ਨਾਲ਼ ਇੱਥੇ ਆਏ ਸਨ ਕਿ ਇੱਥੋਂ ਦੀ ਜ਼ਮੀਨ ਖੇਤੀ ਲਈ ਵਧੇਰੇ ਢੁਕਵੀਂ ਹੈ," ਹਰੇਸ਼ਵਰ ਕਹਿੰਦੇ ਹਨ, ਜੋ ਆਪਣੇ ਮਾਪਿਆਂ ਨਾਲ਼ ਕਾਮਰੂਪ ਜ਼ਿਲ੍ਹੇ ਦੇ ਗੁਈਆ ਪਿੰਡ ਤੋਂ ਆਏ ਸਨ ਜਦੋਂ ਉਹ ਛੋਟੇ ਸਨ। ਇਹ ਪਰਿਵਾਰ ਬਾਗਰੀਬਾੜੀ ਵਿੱਚ ਨਦੀ ਦੇ ਉੱਪਰਲੇ ਕੰਢੇ 'ਤੇ ਵਸ ਗਿਆ। "ਇਸ ਹਰੇ-ਭਰੇ ਇਲਾਕੇ ਵਿੱਚ ਬਹੁਤ ਘੱਟ ਆਬਾਦੀ ਸੀ। ਉਨ੍ਹਾਂ (ਬਾਲਗਾਂ) ਨੇ ਝਾੜੀਆਂ ਕੱਟੀਆਂ, ਜ਼ਮੀਨ ਸਾਫ਼ ਕੀਤੀ ਅਤੇ ਜਿੰਨੀ ਕੁ ਜ਼ਮੀਨ ਉਹ ਖੇਤੀ ਕਰਨਾ ਚਾਹੁੰਦੇ ਸਨ, ਓਨੀ ਜ਼ਮੀਨ ਮਿਲ਼ ਹੀ ਗਈ। ਪਰ ਹੁਣ ਜ਼ਮੀਨ ਹੋਣ ਦੇ ਬਾਵਜੂਦ ਵੀ, ਅਸੀਂ ਇਸ 'ਤੇ ਖੇਤੀ ਨਹੀਂ ਕਰ ਸਕਦੇ।''
ਪਿਛਲੇ ਸਾਲ (2022 ਵਿੱਚ) ਹਰੇਸ਼ਵਰ ਨੇ ਪਹਿਲਾਂ ਹੀ ਝੋਨੇ ਦੇ ਬੀਜ ਬੀਜ ਦਿੱਤੇ ਅਤੇ ਜਦੋਂ ਹੜ੍ਹ ਆਇਆ ਤਾਂ ਉਹ ਖੇਤ ਵਿੱਚ ਪਨੀਰੀ ਲਾਉਣ ਹੀ ਵਾਲ਼ੇ ਸਨ। ਉਨ੍ਹਾਂ ਦਾ ਅੱਠ ਵਿੱਘੇ (ਲਗਭਗ 2.6 ਏਕੜ) ਖੇਤ ਪਾਣੀ ਵਿੱਚ ਡੁੱਬ ਗਿਆ ਅਤੇ ਬੂਟੇ ਪੁੱਟਣ ਤੋਂ ਪਹਿਲਾਂ ਖੇਤ ਵਿੱਚ ਹੀ ਸੜ-ਸੁੱਕ ਗਏ।
"ਇਸ ਵਾਰ ਵੀ, ਮੈਂ ਕੁਝ ਬੀਜ ਬੀਜੇ ਸਨ, ਪਰ ਵੱਧਦੇ ਪਾਣੀ ਨੇ ਸਭ ਕੁਝ ਬਰਬਾਦ ਕਰ ਦਿੱਤਾ। ਇਸ ਸਾਲ ਜੂਨ ਵਿੱਚ ਲਗਾਤਾਰ ਮੀਂਹ ਪੈਣ ਨਾਲ਼ ਉਨ੍ਹਾਂ ਦੇ ਕਿਚਨ-ਗਾਰਡਨ ਨੂੰ ਵੀ ਨੁਕਸਾਨ ਪਹੁੰਚਿਆ, ਮਿਰਚਾਂ, ਕੰਟੋਲਾ ਅਤੇ ਹੋਰ ਪੌਦੇ ਤਬਾਹ ਹੋ ਗਏ।
ਸਮਿੰਦਰ ਦਾਸ ਦਾ ਪਰਿਵਾਰ ਉਨ੍ਹਾਂ ਪਰਿਵਾਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਖੇਤੀ ਛੱਡਣੀ ਪਈ। 53 ਸਾਲਾ ਸਮਿੰਦਰ ਕਹਿੰਦੇ ਹਨ"ਸਾਡੇ ਕੋਲ਼ 10 ਵਿਘਾ (3.3 ਏਕੜ) ਖੇਤ ਹੁੰਦੇ ਸਨ। ਅੱਜ ਉਸ ਭੋਇੰ ਦਾ ਕੋਈ ਅਤਾ-ਪਤਾ ਨਹੀਂ। ਖੇਤਾਂ ਵਿੱਚ ਤਾਂ ਹੁਣ ਰੇਤ ਦੀ ਮੋਟੀ ਪਰਤ ਚੜ੍ਹ ਗਈ ਏ'' ਗੱਲ ਜਾਰੀ ਰੱਖਦਿਆਂ ਉਹ ਅੱਗੇ ਕਹਿੰਦੇ ਹਨ, "ਇਸ ਵਾਰ ਭਾਰੀ ਮੀਂਹ ਕਾਰਨ ਸਾਡੇ ਘਰ ਦੇ ਐਨ ਮਗਰਲੇ ਪਾਸੇ ਬੰਨ੍ਹ ਤੋਂ ਪਾਣੀ ਸਿੰਮ ਰਿਹਾ ਸੀ। ਜਿਵੇਂ ਹੀ ਨਦੀ ਵਿੱਚ ਪਾਣੀ ਵਧਿਆ, ਅਸੀਂ ਤੰਬੂ [ਬਾਂਸ ਦੇ ਖੰਭਿਆਂ ਅਤੇ ਤਰਪਾਲਾਂ ਨਾਲ਼ ਬਣਿਆ ਇੱਕ ਅਸਥਾਈ ਸਥਾਨ] ਵਿੱਚ ਵਾਪਸ ਚਲੇ ਗਏ।''


ਖੱਬੇ: ਸਮਿੰਦਰ ਨਾਥ ਦਾਸ ਕਹਿੰਦੇ ਹਨ, 'ਸਾਡੇ ਕੋਲ਼ 10 ਵਿਘੇ ਜ਼ਮੀਨ ਸੀ। ਹੁਣ ਉਸ ਦਾ ਕੋਈ ਅਤਾ-ਪਤਾ ਨਹੀਂ ਹੈ। ਇਹਦੇ ਉੱਤੇ ਰੇਤ ਦੀ ਮੋਟੀ ਪਰਤ ਚੜ੍ਹ ਗਈ ਹੈ।' ਸੱਜੇ: ਉਨ੍ਹਾਂ ਦੇ ਹੜ੍ਹ ਪ੍ਰਭਾਵਿਤ ਘਰ ਦੇ ਸਾਹਮਣੇ ਰਵਾਇਤੀ ਰੇਤ-ਚਾਰਕੋਲ ਫਿਲਟਰ। ਆਇਰਨ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਤੁਸੀਂ ਇੱਥੇ ਫਿਲਟਰ ਕੀਤੇ ਬਿਨਾਂ ਪਾਣੀ ਨਹੀਂ ਪੀ ਸਕਦੇ


ਖੱਬੇ: 'ਜਦੋਂ ਤੋਂ ਮੈਂ 2001 ਵਿੱਚ ਸ਼ੰਭੂਰਾਮ ਨਾਲ਼ ਵਿਆਹ ਕੇ ਇੱਥੇ ਆਈ ਹਾਂ, ਮੈਂ ਸਿਰਫ਼ ਹੜ੍ਹ ਹੀ ਵੇਖੇ ਹਨ,' ਯੋਗਮਾਯਾ ਕਹਿੰਦੀ ਹਨ। ਸੱਜੇ: ਜਦੋਂ 2022 ਦੇ ਹੜ੍ਹਾਂ ਨੇ ਉਨ੍ਹਾਂ ਦੇ ਝੋਨੇ ਦੇ ਖੇਤਾਂ ਵਿੱਚ ਰੇਤ ਭਰ ਦਿੱਤੀ ਤਾਂ ਯੋਗਮਾਯਾ ਅਤੇ ਉਨ੍ਹਾਂ ਦੇ ਪਤੀ ਸ਼ੰਭੂਰਾਮ ਦਾਸ ਨੂੰ ਦਿਹਾੜੀ ਧੱਪੇ ਕਰਨੇ ਪਏ
ਯੋਗਮਾਯਾ ਅਤੇ ਸ਼ੰਭੂਰਾਮ ਦੇ ਪਰਿਵਾਰ ਕੋਲ਼ ਤਿੰਨ ਵਿਘੇ (ਲਗਭਗ ਇੱਕ ਏਕੜ) ਖੇਤ ਸਨ, ਜਿੱਥੇ ਉਹ ਮੁੱਖ ਤੌਰ 'ਤੇ ਝੋਨੇ ਅਤੇ ਕਈ ਵਾਰ ਸਰ੍ਹੋਂ ਦੀ ਖੇਤੀ ਕਰਦੇ ਸਨ। ਯੋਗਮਾਯਾ ਯਾਦ ਕਰਦੀ ਹਨ ਕਿ 22 ਸਾਲ ਪਹਿਲਾਂ ਉਨ੍ਹਾਂ ਦੇ ਵਿਆਹ ਦੇ ਸਮੇਂ, ਗੁਹਾਟੀ ਤੋਂ 50 ਕਿਲੋਮੀਟਰ ਦੂਰ, ਇਸ ਪਿੰਡ ਵਿੱਚ ਹਰੀਆਂ-ਭਰੀਆਂ ਫ਼ਸਲਾਂ ਹੁੰਦੀਆਂ ਸਨ। ਹੁਣ ਇੱਥੇ ਸਿਰਫ਼ ਰੇਤ ਦੇ ਢੇਰ ਹਨ।
ਜ਼ਮੀਨ ਬੰਜਰ ਹੋਣ ਤੋਂ ਬਾਅਦ, ਸ਼ੰਭੂਰਾਮ ਨੂੰ ਖੇਤੀ ਛੱਡ ਕੇ ਦੂਜੀ ਨੌਕਰੀ ਲੱਭਣੀ ਪਈ। ਬਾਗਰੀਬਾੜੀ ਦੇ ਕਈ ਹੋਰ ਲੋਕਾਂ ਵਾਂਗ, ਉਹ ਵੀ ਦਿਹਾੜੀਦਾਰ ਮਜ਼ਦੂਰ ਬਣ ਗਏ। ਹੁਣ ਉਹ ਗੁਆਂਢੀ ਪਿੰਡਾਂ ਵਿੱਚ ਛੋਟੇ-ਮੋਟੇ ਕੰਮ ਕਰਕੇ 350 ਰੁਪਏ ਦਿਹਾੜੀ ਕਮਾਉਂਦੇ ਹਨ। "ਉਹਨੂੰ ਖੇਤੀ ਕਰਨਾ ਬੜਾ ਪਸੰਦ ਸੀ," ਯੋਗਮਾਯਾ ਕਹਿੰਦੀ ਹਨ।
ਪਰ ਕੰਮ ਵੀ ਹਮੇਸ਼ਾ ਤਾਂ ਨਹੀਂ ਮਿਲ਼ਦਾ। ਯੋਗਮਾਯਾ ਇੱਕ ਘਰੇਲੂ ਨੌਕਰ ਹਨ ਅਤੇ ਦਿਹਾੜੀ ਦੇ ਲਗਭਗ 100-150 ਰੁਪਏ ਕਮਾਉਂਦੀ ਹਨ। ਕਿਸੇ ਸਮੇਂ ਉਹ ਖੇਤਾਂ ਵਿੱਚ ਝੋਨੇ ਦੀ ਪਨੀਰੀ ਲਾਉਂਦੀ ਸਨ। ਕਈ ਵਾਰ, ਉਹ ਥੋੜ੍ਹੇ ਹੋਰ ਪੈਸੇ ਕਮਾਉਣ ਲਈ ਕਿਸੇ ਹੋਰ ਦੀ ਜ਼ਮੀਨ 'ਤੇ ਵੀ ਕੰਮ ਕਰਦੀ ਸਨ। ਖੇਤੀ ਤੋਂ ਇਲਾਵਾ, ਯੋਗਮਾਯਾ ਬੁਣਾਈ ਵਿੱਚ ਵੀ ਮਾਹਰ ਹਨ। ਉਨ੍ਹਾਂ ਦਾ ਆਪਣਾ ਕਰਘਾ ਹੈ, ਜਿਸ ਵਿੱਚ ਉਹ ਗਾਮੋਚਾ (ਹੱਥੀਂ ਬੁਣਿਆ ਤੌਲ਼ੀਆ) ਅਤੇ ਚਾਦਰ (ਅਸਾਮੀ ਔਰਤਾਂ ਦੁਆਰਾ ਪਾਈ ਜਾਣ ਵਾਲ਼ੀ ਚਾਦਰ) ਬੁਣਦੀ ਸਨ, ਜੋ ਆਮਦਨੀ ਦਾ ਇੱਕ ਸਰੋਤ ਵੀ ਸੀ।
ਕਿਉਂਕਿ ਖੇਤੀ ਹੁਣ ਕੋਈ ਵਿਵਹਾਰਕ ਵਿਕਲਪ ਨਹੀਂ ਰਹੀ, ਇਸ ਲਈ ਉਹ ਕਰਘਿਆਂ 'ਤੇ ਵਧੇਰੇ ਨਿਰਭਰ ਹੋ ਗਈ। ਪਰ ਨਦੀ ਨੇ ਇੱਕ ਫਿਰ ਵਾਰ ਸਾਰਾ ਕੁਝ ਚੌਪਟ ਕਰ ਦਿੱਤਾ। ਯੋਗਮਾਯਾ ਕਹਿੰਦੀ ਹਨ, "ਮੈਂ ਪਿਛਲੇ ਸਾਲ ਤੱਕ ਅਧਿਆ (ਕੁੱਲ ਉਤਪਾਦਨ ਦਾ ਅੱਧਾ ਹਿੱਸਾ ਮਾਲਕ ਨੂੰ ਦੇਣ ਦਾ ਸਮਝੌਤਾ) 'ਤੇ ਬੁਣਾਈ ਕਰ ਰਹੀ ਸਾਂ ਪਰ ਦੇਖੋ ਨਾ ਕਰਘੇ ਦਾ ਬੱਸ ਇਹੀ ਢਾਂਚਾ ਬਚਿਆ ਹੈ। ਤਕਲਾ, ਅਟੇਰਨ ਹਰ ਚੀਜ਼ ਵਿੱਚ ਹੜ੍ਹ ਵਿੱਚ ਰੁੜ੍ਹ ਗਈ।''
ਯੋਗਮਾਯਾ ਕਹਿੰਦੀ ਹਨ ਕਿ ਕੰਮ ਦੀ ਕਮੀ ਅਤੇ ਅਨਿਸ਼ਚਿਤ ਆਮਦਨੀ ਕਾਰਨ ਬੇਟੇ ਦੀ ਪੜ੍ਹਾਈ ਦਾ ਖਰਚਾ ਚੁੱਕਣਾ ਉਨ੍ਹਾਂ ਲਈ ਮੁਸ਼ਕਲ ਹੋ ਗਿਆ ਹੈ। ਰਾਜੀਬ (15) ਕੌਰਬਾਹਾ ਨਵਮਿਲਨ ਹਾਈ ਸਕੂਲ ਦਾ 10ਵੀਂ ਜਮਾਤ ਦਾ ਵਿਦਿਆਰਥੀ ਹੈ। ਪਿਛਲੇ ਸਾਲ ਇਸ ਘਟਨਾ ਤੋਂ ਠੀਕ ਪਹਿਲਾਂ ਉਸ ਦੇ ਮਾਪਿਆਂ ਨੇ ਉਸ ਨੂੰ ਬੰਨ੍ਹ ਨੇੜੇ ਰਹਿੰਦੇ ਇੱਕ ਰਿਸ਼ਤੇਦਾਰ ਦੇ ਘਰ ਭੇਜ ਦਿੱਤਾ ਸੀ। ਇਸ ਜੋੜੇ ਦੀਆਂ ਦੋ ਬੇਟੀਆਂ ਧ੍ਰਿਤਿਮਨੀ ਅਤੇ ਨਿਤੁਮਨੀ ਵੀ ਹਨ। ਦੋਵੇਂ ਵਿਆਹੁਤਾ ਹਨ ਅਤੇ ਕ੍ਰਮਵਾਰ ਕਟਾਨੀਪਾਰਾ ਅਤੇ ਕੇਂਡੁਕੋਨਾ ਵਿੱਚ ਰਹਿੰਦੀਆਂ ਹਨ।
*****


ਖੱਬੇ: ਅਤੁਲ ਦਾਸ ਅਤੇ ਉਨ੍ਹਾਂ ਦੀ ਪਤਨੀ ਨੀਰਦਾ ਆਪਣੀ ਸਾਰੀ ਜ਼ਿੰਦਗੀ ਹੜ੍ਹਾਂ ਨਾਲ਼ ਲੜਦੇ ਰਹੇ ਹਨ। ਸੱਜੇ: ਅਤੁਲ ਸਾਨੂੰ ਆਪਣਾ ਕੇਲੇ ਦਾ ਬਾਗ ਦਿਖਾਉਂਦੇ ਹਨ, ਜੋ ਜੂਨ 2023 ਦੇ ਤੀਜੇ ਹਫ਼ਤੇ ਵਿੱਚ ਨਦੀ ਦੇ ਤੇਜ਼ ਵਹਾਅ ਨਾਲ਼ ਤਬਾਹ ਹੋ ਗਿਆ ਸੀ। ਉਨ੍ਹਾਂ ਨੇ ਹੋਰ ਸਬਜ਼ੀਆਂ ਦੇ ਨਾਲ਼ ਨਿੰਬੂ ਵੀ ਲਗਾਏ ਸਨ, ਜੋ ਹੜ੍ਹਾਂ ਵਿੱਚ ਨੁਕਸਾਨੇ ਗਏ
ਪੁਥੀਮਾਰੀ ਨਦੀ ਵਿੱਚ ਵਾਰ-ਵਾਰ ਆਏ ਹੜ੍ਹਾਂ ਅਤੇ ਪਾਣੀ ਦੇ ਵਹਾਅ ਨੇ ਅਤੁਲ ਦਾਸ ਦੇ ਪਰਿਵਾਰ ਦੀ ਜ਼ਿੰਦਗੀ ਨੂੰ ਅਸਥਿਰ ਕਰ ਦਿੱਤਾ ਹੈ। "ਮੈਂ 3.5 ਵਿਘੇ (1.1 ਏਕੜ) ਜ਼ਮੀਨ 'ਤੇ ਕੇਲੇ ਅਤੇ ਇੱਕ ਵਿਘੇ (0.33 ਏਕੜ) ਵਿੱਚ ਨਿੰਬੂ ਲਗਾਏ। ਇੱਕ ਵਿਘੇ ਵਿੱਚ ਮੈਂ ਕੱਦੂ ਅਤੇ ਲੌਕੀ ਬੀਜੀ। ਇਸ ਵਾਰ, ਜਦੋਂ ਨਦੀ ਦਾ ਪਾਣੀ ਵਧਿਆ, ਤਾਂ ਸਾਰੀਆਂ ਫ਼ਸਲਾਂ ਤਬਾਹ ਹੋ ਗਈਆਂ,'' ਅਤੁਲ ਕਹਿੰਦੇ ਹਨ।
ਅਤੁਲ ਦੇ ਅਨੁਸਾਰ, ਖਰਾਬ ਸੜਕਾਂ ਕਾਰਨ ਬਹੁਤ ਸਾਰੇ ਪਿੰਡ ਵਾਸੀਆਂ ਨੂੰ ਖੇਤੀ ਛੱਡਣੀ ਪਈ ਹੈ। ਜਿਹੜੇ ਲੋਕ ਆਪਣੀ ਉਪਜ ਵੇਚਣਾ ਚਾਹੁੰਦੇ ਹਨ, ਉਨ੍ਹਾਂ ਲਈ ਬੰਨ੍ਹ ਟੁੱਟਣ ਕਾਰਨ ਬਾਜ਼ਾਰਾਂ ਵਿੱਚ ਜਾਣਾ ਲਗਭਗ ਅਸੰਭਵ ਹੋ ਗਿਆ ਹੈ, ਕਿਉਂਕਿ ਸੜਕਾਂ ਟੁੱਟੀਆਂ ਹੋਈਆਂ ਹਨ।
ਅਤੁਲ ਕਹਿੰਦੇ ਹਨ,"ਮੈਂ ਆਪਣੀ ਉਪਜ ਰੰਗੀਆ ਅਤੇ ਗੁਹਾਟੀ ਲੈ ਜਾਂਦਾ ਸੀ। ਇੱਕ ਸਮਾਂ ਸੀ ਜਦੋਂ ਮੈਂ ਰਾਤ ਨੂੰ ਆਪਣੀ ਉਪਜ ਜਿਵੇਂ ਕੇਲੇ ਅਤੇ ਨਿੰਬੂ ਨਾਲ਼ ਆਪਣੀ ਵੈਨ ਭਰ ਲਿਆ ਕਰਦਾ ਸੀ। ਅਗਲੀ ਸਵੇਰ, ਲਗਭਗ 5 ਵਜੇ, ਮੈਂ ਗੁਹਾਟੀ ਦੇ ਫੈਂਸੀ ਬਾਜ਼ਾਰ ਪਹੁੰਚ ਜਾਂਦਾ ਅਤੇ ਫ਼ਸਲ ਵੇਚਦਾ, ਅਤੇ ਉਸੇ ਦਿਨ ਸਵੇਰੇ 8 ਵਜੇ ਤੱਕ ਘਰ ਵੀ ਪਹੁੰਚ ਜਾਂਦਾ।'' ਪਰ ਪਿਛਲੇ ਹੜ੍ਹ ਤੋਂ ਬਾਅਦ ਇਹ ਸਭ ਵੀ ਅਸੰਭਵ ਹੋ ਗਿਆ।
ਅਤੁਲ ਗੱਲ ਜਾਰੀ ਰੱਖਦਿਆਂ ਕਹਿੰਦੇ ਹਨ,"ਮੈਂ ਆਪਣੀ ਉਪਜ ਨੂੰ ਕਿਸ਼ਤੀ ਰਾਹੀਂ ਧੂਲਾਬਾਰੀ ਲੈ ਜਾਂਦਾ ਸੀ। ਪਰ ਹੁਣ ਕਹਾਂ ਵੀ ਕੀ! 2001 ਤੋਂ ਬਾਅਦ ਇਹ ਬੰਨ੍ਹ ਕਈ ਵਾਰੀਂ ਟੁੱਟ ਚੁੱਕਾ ਹੈ। 2022 ਦੇ ਹੜ੍ਹਾਂ ਤੋਂ ਬਾਅਦ, ਇਸ ਦੀ ਮੁਰੰਮਤ ਕਰਨ ਵਿੱਚ ਪੰਜ ਮਹੀਨੇ ਲੱਗ ਗਏ।''
ਅਤੁਲ ਦੀ ਮਾਂ ਪ੍ਰਭਾਬਾਲਾ ਦਾਸ ਬੰਨ੍ਹ ਟੁੱਟਣ ਕਾਰਨ ਪੈਦਾ ਹੋਈ ਹਫੜਾ-ਦਫੜੀ ਨੂੰ ਚੇਤੇ ਕਰਕੇ ਅੱਜ ਵੀ ਦੁਖੀ ਹੋ ਜਾਂਦੀ ਹਨ। "ਹੜ੍ਹਾਂ ਨੇ ਸਾਨੂੰ ਸਾਰਿਆਂ ਨੂੰ ਤਬਾਹ ਕਰ ਛੱਡਿਐ," ਉਹ ਕਹਿੰਦੀ ਹਨ।
ਹਾਲਾਂਕਿ, ਜਿਓਂ ਹੀ ਅਸੀਂ ਵਿਦਾ ਲੈਣ ਲਈ ਬੰਨ੍ਹ 'ਤੇ ਚੜ੍ਹਦੇ ਹਾਂ ਤਾਂ ਉਨ੍ਹਾਂ ਦਾ ਬੇਟਾ ਸਾਡੇ ਵੱਲ ਦੇਖ ਕੇ ਮੁਸਕਰਾਉਂਦਾ ਹੈ ਅਤੇ ਕਹਿੰਦਾ ਹੈ, "ਪਿਛਲੀ ਵਾਰ ਵੀ ਤੁਸੀਂ ਓਦੋਂ ਆਏ ਸੀ ਜਦੋਂ ਹੜ੍ਹ ਆਇਆ ਸੀ। ਕਿਸੇ ਸ਼ੁੱਭ ਦਿਨ ਮੈਨੂੰ ਮਿਲ਼ਣ ਆਇਓ। ਮੈਂ ਤੁਹਾਨੂੰ ਆਪਣੇ ਖੇਤ ਤੋਂ ਸਬਜ਼ੀਆਂ ਭੇਜਾਂਗਾ।''
ਤਰਜਮਾ: ਕਮਲਜੀਤ ਕੌਰ