ਸਥਾਨਕ ਡਾਕਖਾਨੇ ਦੀਆਂ ਖਿੜਕੀਆਂ ਖੁਲ੍ਹਦੀਆਂ ਹਨ ਅਤੇ ਡਾਕੀਆ ਆਪ ਖਿੜਕੀ ਵਿੱਚੋਂ ਸਾਨੂੰ ਆਉਂਦੇ ਹੋਏ ਦੇਖਦਾ ਹੈ।
ਰੇਨੁਕਾ ਇੱਕ ਮੁਸਕੁਰਾਹਟ ਨਾਲ਼ ਸਾਨੂੰ ਇੱਕ ਕਮਰੇ ਵਿੱਚ ਸਥਾਪਿਤ ਡਾਕਘਰ ਵੱਲ ਇਸ਼ਾਰਾ ਕਰਦੇ ਹਨ ਜਿਸਦਾ ਰਾਹ ਘਰ ਦੇ ਵਿਹੜੇ ਵਿੱਚੋਂ ਹੋ ਕੇ ਲੰਘਦਾ ਹੈ। ਜਦੋਂ ਹੀ ਅਸੀਂ ਇਸ ਛੋਟੀ ਜਿਹੀ ਕੰਮ ਵਾਲੀ ਜਗ੍ਹਾ ਵਿੱਚ ਪੈਰ ਰੱਖਦੇ ਹਾਂ, ਕਾਗਜ਼ ਅਤੇ ਸਿਆਹੀ ਦੀ ਮਹਿਕ ਸਾਡਾ ਸਵਾਗਤ ਕਰਦੀ ਹੈ। ਉਹ ਦਿਨ ਦੀ ਆਖਰੀ ਡਾਕ ਨੂੰ ਇੱਕ ਪਾਸੇ ਰੱਖ ਰਹੇ ਹਨ। ਮੁਸਕੁਰਾਉਂਦੇ ਹੋਏ ਉਹ ਮੈਨੂੰ ਬੈਠਣ ਲਈ ਇਸ਼ਾਰਾ ਕਰਦੇ ਹਨ, “ਆਓ, ਆਓ! ਅਰਾਮ ਨਾਲ਼ ਬੈਠੋ।”
ਬਾਹਰੀ ਮੌਸਮ ਦੇ ਮੁਕਾਬਲੇ ਡਾਕੀਏ ਦਾ ਘਰ ਅਤੇ ਦਫ਼ਤਰ ਦਾ ਅੰਦਰਲਾ ਹਿੱਸਾ ਠੰਡਾ ਹੈ। ਹਵਾ ਅੰਦਰ ਆਉਣ ਲਈ ਇਕੋ-ਇੱਕ ਖਿੜਕੀ ਖੁੱਲੀ ਹੋਈ ਹੈ। ਹੱਥਾਂ ਨਾਲ਼ ਬਣਾਏ ਕਈ ਪੋਸਟਰ, ਨਕਸ਼ੇ ਅਤੇ ਲਿਸਟਾਂ ਸਫ਼ੇਦ ਕੰਧਾਂ ਤੇ ਲਟਕ ਰਹੀਆਂ ਹਨ। ਇਹ ਛੋਟਾ ਕਮਰਾ ਪੂਰੀ ਤਰ੍ਹਾਂ ਸਾਫ਼-ਸੁਥਰਾ ਅਤੇ ਸੰਗਠਿਤ ਹੈ ਜਿਸ ਤੋਂ ਇਸ ਜਗ੍ਹਾਂ ਦੀ ਮਹੱਤਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਕਮਰੇ ਦੀ ਜ਼ਿਆਦਾਤਰ ਜਗ੍ਹਾ ਮੇਜ਼ ਅਤੇ ਕੁਝ ਸੈਲਫਾਂ ਨੇ ਘੇਰ ਰੱਖੀ ਹੈ ਪਰ ਫਿਰ ਵੀ ਇਹ ਤੰਗ ਜਿਹਾ ਨਹੀਂ ਮਹਿਸੂਸ ਹੁੰਦਾ।
64 ਸਾਲਾ ਰੇਨੁਕੱਪਾ ਟੁਮਕੁਰ ਜ਼ਿਲ੍ਹੇ ਦੇ ਦੇਵਰਾਇਆਪਟਨਾ ਕਸਬੇ ਵਿੱਚ ਇੱਕ ਪੇਂਡੂ ਡਾਕ ਕਰਮਚਾਰੀ ਵੱਜੋ ਸੇਵਾ ਨਿਭਾ ਰਹੇ ਹਨ ਅਤੇ ਉਹਨਾਂ ਅਧੀਨ ਛੇ ਪਿੰਡ ਆਉਂਦੇ ਹਨ।
ਦੇਵਰਾਇਆ ਵਿੱਚ ਪੈਂਦੇ ਇਸ ਡਾਕਘਰ ਦਾ ਅਧਿਕਾਰਿਤ ਸਮਾਂ ਸਵੇਰੇ 8:30 ਵਜੇ ਤੋਂ ਲੈ ਕੇ ਦੁਪਹਿਰ 1:00 ਵਜੇ ਤੱਕ ਹੈ ਪਰ ਰੇਨੁਕਾ ਪਰਸਾਦ, ਜੋ ਕਿ ਇਥੋਂ ਦੇ ਇਕੋ-ਇਕ ਕਰਮਚਾਰੀ ਹਨ, ਸਵੇਰੇ 7:00 ਵਜੇ ਤੋਂ ਆਪਣਾ ਕੰਮ ਸ਼ੁਰੂ ਕਰ ਦਿੰਦੇ ਹਨ ਅਤੇ ਸ਼ਾਮ 5:00 ਵਜੇ ਤੱਕ ਕਰਦੇ ਰਹਿੰਦੇ ਹਨ। “ਮੇਰੇ ਕੰਮ ਨੂੰ ਪੂਰਾ ਕਰਨ ਲਈ ਸਾਢੇ ਚਾਰ ਘੰਟੇ ਕਾਫੀ ਨਹੀਂ ਹਨ,” ਡਾਕ ਸੇਵਕ ਕਹਿੰਦੇ ਹਨ।

ਟੁਮਕੁਰ ਜ਼ਿਲ੍ਹੇ ਦੇ ਦੇਵਰਾਇਆਪਟਨਾ ਕਸਬੇ ਵਿੱਚ ਪੈਂਦੇ ਆਪਣੇ ਦਫ਼ਤਰ ਵਿੱਚ ਰੇਨੁਕਾ ਜੋ ਇੱਥੇ ਪੇਂਡੂ ਡਾਕ ਸੇਵਕ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਜਿਨ੍ਹਾਂ ਅਧੀਨ ਛੇ ਪਿੰਡ ਆਉਂਦੇ ਹਨ
ਇਸ ਡਾਕ ਸੇਵਕ ਦਾ ਕੰਮ ਪੱਤਰਾਂ, ਰਸਾਲਿਆਂ ਅਤੇ ਦਸਤਾਵੇਜ਼ਾਂ ਭਰੇ ਝੋਲ਼ੇ ਨਾਲ਼ ਸ਼ੁਰੂ ਹੁੰਦਾ ਹੈ ਜੋ ਟੁਮਕੁਰ ਜ਼ਿਲ੍ਹੇ ਦੇ ਨੇੜਲੇ ਪਿੰਡ ਬੇਲਗੰਬਾ ਤੋਂ ਸਵੇਰੇ-ਸਵੇਰੇ ਪਹੁੰਚਦੇ ਹਨ। ਸਭ ਤੋਂ ਪਹਿਲਾਂ ਉਹਨਾਂ ਨੂੰ ਸਾਰੀ ਡਾਕ ਰਜਿਸਟਰ ਕਰਨੀ ਪੈਂਦੀ ਹੈ ਅਤੇ ਫਿਰ ਉਹ ਲਗਭਗ 2 ਵਜੇ ਹਰ ਰੋਜ਼ ਉਹਨਾਂ ਨੂੰ ਵੰਡਣ ਲਈ ਨਿਕਲਦੇ ਹਨ। ਜਿਨ੍ਹਾਂ ਛੇ ਪਿੰਡਾਂ ਵਿੱਚ ਉਹ ਡਾਕ ਵੰਡਣ ਜਾਂਦੇ ਹਨ ਉਹ ਹਨ- ਦੇਵਰਾਇਆਪਟਨਾ, ਮਰਨਾਯਾਕਾਪਲਯਾ, ਪ੍ਰਸ਼ਾਂਤਨਾਗਰਾ, ਕੁੰਦੁਰੂ, ਬੰਡੇਪਾਲਯਾ ਅਤੇ ਸ਼੍ਰੀਨਾਗਰਾ, ਅਤੇ ਇਹ ਸਾਰੇ ਛੇ ਕਿਲੋਮੀਟਰ ਦੇ ਘੇਰੇ ਵਿੱਚ ਪੈਂਦੇ ਹਨ। ਉਹ ਆਪਣੀ ਧਰਮ ਪਤਨੀ ਰੇਣੁਕੰਬਾ ਨਾਲ਼ ਰਹਿੰਦੇ ਹਨ; ਉਹਨਾਂ ਦੀਆਂ ਤਿੰਨ ਧੀਆਂ, ਜੋ ਹੁਣ ਵੱਡੀਆਂ ਹੋ ਗਈਆਂ ਹਨ, ਇੱਥੋਂ ਚਲੀਆਂ ਗਈਆਂ ਹਨ।
ਉਹ ਸਾਨੂੰ ਆਪਣੇ ਮੇਜ਼ ਤੋਂ ਉੱਪਰ ਟੰਗਿਆ ਹੱਥੀਂ ਬਣਾਇਆ ਇੱਕ ਛੋਟੀ ਜਿਹਾ ਨਕਸ਼ਾ ਦਿਖਾਉਂਦੇ ਹਨ ਜਿਸ ਉੱਪਰ ਉਹ ਸਾਰੇ ਪਿੰਡਾਂ ਦੇ ਨਿਸ਼ਾਨ ਅਤੇ ਦੂਰੀ ਦਰਸਾਈ ਹੋਈ ਹੈ ਜਿੰਨ੍ਹਾਂ ਵਿੱਚ ਉਹਨਾਂ ਨੂੰ ਡਾਕ ਵੰਡਣ ਜਾਣਾ ਪੈਂਦਾ ਹੈ, ਅਤੇ ਜਿਸ ਉੱਤੇ ਕੰਨੜ ਭਾਸ਼ਾ ਵਿੱਚ ਚਾਰ ਦਿਸ਼ਾ ਬਿੰਦੂ ਅਤੇ ਇੱਕ ਨਿਰਦੇਸ਼ ਪੱਟੀ ਵੀ ਚਿੱਤਰੀ ਹੋਈ ਹੈ। ਮਰਨਾਯਾਕਾਪਲਯਾ ਸਭ ਤੋਂ ਨੇੜੇ ਦਾ ਪਿੰਡ ਹੈ ਜੋ ਪੂਰਬ ਵਿੱਚ 2 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਦੂਜੇ ਪਿੰਡ ਪ੍ਰਸ਼ਾਂਤਨਾਗਰਾ ਲਗਭਗ 2.5 ਕਿਲੋਮੀਟਰ ਪੱਛਮ ਵਿੱਚ, ਕੁੰਦੁਰੂ ਅਤੇ ਬੰਡੇਪਾਲਯਾ 3 ਕਿਲੋਮੀਟਰ ਕ੍ਰਮਵਾਰ ਉੱਤਰ ਅਤੇ ਦੱਖਣ ਵਿੱਚ ਪੈਂਦੇ ਹਨ, ਜਦਕਿ ਸ਼੍ਰੀਨਾਗਰਾ 5 ਕਿਲੋਮੀਟਰ ਦੂਰ ਪੈਂਦਾ ਹੈ।
ਰੇਨੁਕੱਪਾ ਇਕਲੌਤੇ ਡਾਕੀਆ ਹਨ ਜੋ ਧੁੱਪ-ਬਰਸਾਤ ਦੇ ਦਿਨਾਂ ਵਿੱਚ ਵੀ ਆਪਣੀ ਜਿੰਮੇਵਾਰੀ ਨਿਭਾਉਂਦੇ ਹਨ; ਅਜਿਹੇ ਡਾਕ ਸੇਵਕ ਜੋ ਹਮੇਸ਼ਾ ਡਾਕ ਪਹੁੰਚਾਉਂਦੇ ਹਨ।
ਪੁਰਾਣੀਆਂ ਕਹਾਣੀਆਂ ਦੇ ਡਾਕੀਏ ਵਾਂਗ ਇਸ ਦੂਰੀ ਨੂੰ ਤੈਅ ਕਰਨ ਲਈ ਉਹਨਾਂ ਕੋਲ ਇੱਕ ਪੁਰਾਣਾ ਸਾਈਕਲ ਹੈ ਜਿਸ ’ਤੇ ਸਵਾਰ ਹੋ ਕੇ ਉਹ ਪਿੰਡ-ਪਿੰਡ ਫਿਰਦੇ ਹਨ ਅਤੇ ਰਾਹ ਵਿੱਚ ਮਿਲਣ ਵਾਲੇ ਸਾਰੇ ਲੋਕਾਂ ਨੂੰ ਹੱਸ ਕੇ ਬੁਲਾਉਂਦੇ ਹਨ ਜੋ ਉਹਨਾਂ ਦੀ ਖੁਸ਼ੀ ਨਾਲ਼ ਆਓ-ਭਗਤ ਕਰਦੇ ਹਨ।
“ਰੇਨੁਕੱਪਾ, ਅੱਜ ਸਾਡੇ ਘਰ ਪੂਜਾ ਹੋਣੀ ਹੈ। ਤੁਸੀਂ ਜ਼ਰੂਰ ਆਉਣਾ!,” ਉਹਨਾਂ ਦੇ ਘਰ ਅੱਗੋਂ ਲੰਘਦੇ ਹੋਏ ਇੱਕ ਔਰਤ ਉਹਨਾਂ ਨੂੰ ਅਵਾਜ਼ ਦਿੰਦੀ ਹਨ। ਉਹ ਉਹਨਾਂ ਵੱਲ ਮੁਸਕੁਰਾਉਂਦੇ ਹਨ ਅਤੇ ਸਿਰ ਹਿਲਾਉਂਦੇ ਹਨ। ਇੱਕ ਹੋਰ ਪਿੰਡ ਵਾਸੀ ਕੋਲ਼ ਦੀ ਲੰਘਦਾ ਹੈ ਅਤੇ ਉਹਨਾਂ ਨੂੰ ਨਮਸਕਾਰ ਕਰਦਾ ਹੈ। ਰੇਨੁਕੱਪਾ ਮੁਸਕੁਰਾਉਂਦੇ ਹਨ ਅਤੇ ਬਦਲੇ ਵਿੱਚ ਹੱਥ ਹਿਲਾਉਂਦੇ ਹਨ। ਪਿੰਡ-ਵਾਸੀਆਂ ਅਤੇ ਉਹਨਾਂ ਦੇ ਡਾਕੀਏ ਦਾ ਨਿੱਘਾ ਰਿਸ਼ਤਾ ਜੱਗ ਜ਼ਾਹਿਰ ਹੁੰਦਾ ਹੈ।


ਰੇਨੁਕਾ (ਖੱਬੇ) ਆਪਣੀ ਸਾਈਕਲ ’ਤੇ ਡਾਕ ਵੰਡਣ ਜਾਂਦੇ ਹਨ। ਉਹ ਆਪਣੇ ਮੇਜ਼ ਉੱਪਰ ਟੰਗੇ ਪਿੰਡਾਂ ਦੇ ਹੱਥੀਂ ਖਿੱਚੇ ਗਏ ਨਕਸ਼ੇ (ਸੱਜੇ) ਦਾ ਹਵਾਲਾ ਲੈਂਦੇ ਹਨ
ਡਾਕ ਸੇਵਕ ਡਾਕ ਪਹੁੰਚਾਉਣ ਲਈ ਇਕ ਦਿਨ ਵਿੱਚ ਔਸਤਨ 10 ਕਿਲੋਮੀਟਰ ਦੂਰੀ ਤੈਅ ਕਰਦੇ ਹਨ। ਦਿਨ ਖ਼ਤਮ ਕਰਨ ਤੋਂ ਪਹਿਲਾਂ ਉਹਨਾਂ ਨੂੰ ਸਭ ਕੁਝ ਇੱਕ ਮੋਟੇ ਖਰੜੇ ਵਿੱਚ ਲਿਖਣਾ ਪੈਂਦਾ ਹੈ ਜੋ ਕੁਝ ਉਹ ਵੰਡ ਕੇ ਆਏ ਹਨ।
ਰੇਨੁਕੱਪਾ ਦਾ ਕਹਿਣਾ ਹੈ ਕਿ ਆਨਲਾਈਨ ਸੰਚਾਰ ਦੇ ਵਿਕਾਸ ਕਾਰਨ ਚਿੱਠੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ, “ਪਰ ਪਿਛਲੇ ਕੁਝ ਸਾਲਾਂ ਵਿੱਚ ਰਸਾਲਿਆਂ, ਬੈਂਕ ਦਸਤਾਵੇਜ਼ਾਂ ਆਦਿ ਦੀ ਗਿਣਤੀ ਦੁੱਗਣੀ ਹੋ ਗਈ ਹੈ ਅਤੇ ਇਸ ਲਈ ਮੇਰਾ ਕੰਮ ਸਗੋਂ ਵੱਧ ਗਿਆ ਹੈ।”
ਇਹਨਾਂ ਵਰਗੇ ਪੇਂਡੂ ਡਾਕ ਸੇਵਕ ਨੂੰ ‘ਵਾਧੂ ਵਿਭਾਗੀ ਕਰਮਚਾਰੀ’ ਸਮਝਿਆ ਜਾਂਦਾ ਹੈ ਅਤੇ ਇਸਦੇ ਬਦਲੇ ਉਹਨਾਂ ਨੂੰ ਤਨਖ਼ਾਹ (ਬਰਾਬਰ ਦੀ) ਤਾਂ ਕੀ ਪੈਨਸ਼ਨ ਵੀ ਨਹੀਂ ਦਿੱਤੀ ਜਾਂਦੀ। ਉਹਨਾਂ ਨੂੰ ਸਾਰੇ ਕਾਰਜ ਕਰਨੇ ਪੈਂਦੇ ਹਨ ਜਿਵੇਂ ਕਿ ਸਟੈਂਪਾਂ ਅਤੇ ਸਟੇਸ਼ਨਰੀ ਦੀ ਵਿਕਰੀ, ਡਾਕ ਲਿਆਉਣੀ ਤੇ ਦੇ ਕੇ ਆਉਣੀ ਅਤੇ ਹੋਰ ਦੂਜੀਆਂ ਡਾਕ ਸੇਵਾਵਾਂ ਆਦਿ। ਕਿਉਂਕਿ ਉਹ ਨਿਯਮਿਤ ਸਿਵਲ ਸੇਵਾਵਾਂ ਦਾ ਹਿੱਸਾ ਨਹੀਂ ਹਨ ਇਸ ਲਈ CCS (ਪੈਨਸ਼ਨ) ਨਿਯਮ, 2021 ਦੇ ਅਧੀਨ ਨਹੀਂ ਆਉਂਦੇ। ਵਰਤਮਾਨ ਵਿੱਚ ਸਰਕਾਰ ਕੋਲ ਉਹਨਾਂ ਨੂੰ ਸਰਵਿਸ ਡਿਸਚਾਰਜ ਬੈਨਿਫਿਟ ਸਕੀਮ(Service Discharge Benefit Scheme) ਜੋ ਕਿ 01/04/2011 ਤੋਂ ਲਾਗੂ ਹੋਈ ਹੈ, ਤੋਂ ਇਲਾਵਾ ਹੋਰ ਕੋਈ ਪੈਨਸ਼ਨ ਲਾਭ ਦੇਣ ਦਾ ਕੋਈ ਪ੍ਰਸਤਾਵ ਨਹੀਂ ਹੈ।
ਰੇਨੁਕੱਪਾ ਦੇ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਦੀ 20,000 ਮਹੀਨਾਵਾਰ ਤਨਖ਼ਾਹ ਬੰਦ ਹੋ ਜਾਵੇਗੀ ਅਤੇ ਉਹਨਾਂ ਨੂੰ ਕੋਈ ਪੈਨਸ਼ਨ ਨਹੀਂ ਮਿਲੇਗੀ। “ਮੇਰੇ ਵਰਗੇ ਡਾਕ ਸੇਵਕ ਇੰਨੇ ਸਾਲ ਇੰਤਜ਼ਾਰ ਕਰਦੇ ਰਹੇ ਕਿ ਕਾਸ਼ ਕਦੇ ਕੋਈ ਬਦਲਾਅ ਆਵੇਗਾ। ਅਸੀਂ ਇਹੀ ਉਡੀਕ ਕਰਦੇ ਰਹੇ ਹਾਂ ਕਿ ਕਦੇ ਕੋਈ ਸਾਡੀ ਵੀ ਮਿਹਨਤ ਦਾ ਮੁੱਲ ਪਾਵੇਗਾ। ਭਾਵੇਂ ਜੇ ਸਾਨੂੰ ਉਸ ਦਾ ਥੋੜ੍ਹਾ ਜਿਹਾ ਹਿੱਸਾ ਵੀ ਮਿਲਣ ਲੱਗ ਜਾਵੇ ਜਿੰਨੀ ਦੂਜਿਆਂ ਨੂੰ ਪੈਨਸ਼ਨ ਮਿਲਦੀ ਹੈ, ਜਿਵੇਂ ਕਿ ਇੱਕ ਜਾਂ ਦੋ ਕੁ ਹਜ਼ਾਰ, ਉਹ ਵੀ ਸਾਡੇ ਲਈ ਕਾਫੀ ਹੋਵੇਗਾ,” ਉਹ ਕਹਿੰਦੇ ਹਨ। “ਸ਼ਾਇਦ ਮੇਰੇ ਸੇਵਾਮੁਕਤ ਹੋਣ ਤੱਕ ਇਹ ਬਦਲਾਅ ਆ ਹੀ ਜਾਵੇ,” ਉਹ ਉਮੀਦ ਕਰਦੇ ਹਨ।


ਰੇਨੁਕਾ ਇਕ ਦਿਨ ਵਿੱਚ ਔਸਤਨ 10 ਕਿਲੋਮੀਟਰ ਤੱਕ ਡਾਕ ਵੰਡ ਕੇ ਆਉਂਦੇ ਹਨ

ਰੇਨੁਕਾ ਦਾ ਸਟੈਂਪ ਸੰਗ੍ਰਹਿ, ਜੋ ਉਹਨਾਂ ਨੇ ਅਖ਼ਬਾਰਾਂ ਦੀਆਂ ਕਾਤਰਾਂ ਵਿੱਚੋਂ ਸ਼ੌਂਕ ਵਜੋ ਇਕੱਠਾ ਕੀਤਾ ਹੈ
ਜਦੋਂ ਮੈਂ ਉਹਨਾਂ ਨੂੰ ਦੀਵਾਰ ’ਤੇ ਟੰਗੇ ਇੱਕ ਲੈਮੀਨੇਸ਼ਨ ਕੀਤੇ ਛੋਟੀਆਂ-ਛੋਟੀਆਂ ਫੋਟੋਆਂ ਨਾਲ਼ ਬਣਾਏ ਪੋਸਟਰ ਬਾਰੇ ਪੁੱਛਦੀ ਹਾਂ, ਉਹਨਾਂ ਦਾ ਚਿਹਰਾ ਚਮਕ ਉੱਠਦਾ ਹੈ। “ਇਹ ਪੋਸਟਰ ਮੈਨੂੰ ਅਨੰਦ ਦਿੰਦਾ ਹੈ। ਮੈਂ ਇਸ ਨੂੰ ਅੰਚੇਚੀਟੀ ( anchechiti / ಅಂಚೆಚೀಟಿ / stamp) ਪੋਸਟਰ ਆਖਦਾ ਹਾਂ,” ਉਹ ਕਹਿੰਦੇ ਹਨ।
“ਇਹ ਮੇਰਾ ਸ਼ੌਂਕ ਬਣ ਚੁੱਕਿਆ ਹੈ। ਕੁਝ ਸਾਲ ਪਹਿਲਾਂ ਅਖ਼ਬਾਰ ਨੇ ਮਸ਼ਹੂਰ
ਕਵੀਆਂ, ਅਜ਼ਾਦੀ ਘੁਟਾਲੀਆਂ ਦੇ ਨਾਲ਼-ਨਾਲ਼ ਹੋਰ ਉੱਘੀਆਂ ਹਸਤੀਆਂ ਨੂੰ ਸਨਮਾਨਿਤ ਕਰਨ ਲਈ ਅਖ਼ਬਾਰਾਂ
ਵਿੱਚ ਡਾਕ ਟਿਕਟਾਂ ਜਾਰੀ ਕਰਨੀਆਂ ਸ਼ੁਰੂ ਕੀਤੀਆਂ ਸੀ।” ਇਸ ਤਰ੍ਹਾਂ ਜਿਵੇਂ ਹੀ ਇਹ ਜਾਰੀ ਹੋਣ
ਲੱਗੀਆਂ ਰੇਨੁਕਾ ਨੇ ਇਹਨਾਂ ਨੂੰ ਅਖ਼ਬਾਰਾਂ ਵਿੱਚੋਂ ਕੱਟ ਕੇ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। “ਅਗਲੀ ਟਿਕਟ ਦੀ ਉਡੀਕ ਕਰਨ ਵਿੱਚ ਅਨੰਦ ਆਉਂਦਾ ਸੀ।”
ਅਸੀਂ TVS ਅਕੈਡਮੀ, ਟੁਮਕੁਰ ਦੇ ਅਧਿਆਪਕ ਸ਼ਵੇਤਾ ਸੱਤਿਆਨਾਰਾਇਣ ਦੀ ਇਸ ਲੇਖ ਲਈ ਉਹਨਾਂ ਦੇ ਕੀਮਤੀ ਸਹਿਯੋਗ ਲਈ ਧੰਨਵਾਦ ਕਰਦੇ ਹਾਂ। PARI ਐਜੁਕੇਸ਼ਨ ਨੇ ਅਦਿੱਤਯਾ, ਆਸਥਾ, ਦਰੁਤੀ, ਦਿਵਯਾਸ਼੍ਰੀ, ਖੁਸ਼ੀ ਜੈਨ, ਨੇਹਾ, ਪ੍ਰਨੀਥ, ਪ੍ਰਾਂਥੀ ਐੱਸ. ਪਰਾਂਜਲ, ਸਮਿਤਾ, ਗੁਨੋਥਮ, ਪ੍ਰੀਨੀਥਾ, ਨਿਰੁਥਾ ਅਤੇ ਉਸਤਵ ਨੂੰ ਕੰਮ ਕਰਨ ਵਿੱਚ ਪੂਰਾ ਸਹਿਯੋਗ ਕੀਤਾ।
ਤਰਜਮਾ: ਇੰਦਰਜੀਤ ਸਿੰਘ