"ਇੱਥੇ ਇੱਕ ਵੱਡਾ ਸਖੁਵਾ ਗਾਚ (ਰੁੱਖ) ਸੀ। ਉਸ ਸਮੇਂ, ਹਿਜਲਾ ਪਿੰਡ ਅਤੇ ਆਸ ਪਾਸ ਦੇ ਇਲਾਕਿਆਂ ਦੇ ਲੋਕ ਇਸ ਜਗ੍ਹਾ 'ਤੇ ਇਕੱਠੇ ਹੁੰਦੇ ਸਨ ਅਤੇ ਬੈਸੀ (ਮੀਟਿੰਗ) ਕਰਿਆ ਕਰਦੇ। ਇਨ੍ਹਾਂ ਰੋਜ਼ਾਨਾ ਦੇ ਇਕੱਠਾਂ ਨੂੰ ਦੇਖਦੇ ਹੋਏ, ਅੰਗਰੇਜ਼ਾਂ ਨੇ ਰੁੱਖ ਕੱਟਣ ਦਾ ਫੈਸਲਾ ਕੀਤਾ ... ਬੜਾ ਲਹੂ ਡੁਲ੍ਹਿਆ। ਰੁੱਖ ਦਾ ਉਹ ਮੁੱਢ ਪੱਥਰ ਵਿੱਚ ਬਦਲ ਗਿਆ।''
ਰਾਜੇਂਦਰ ਬਾਸਕੀ ਝਾਰਖੰਡ ਦੇ ਦੁਮਕਾ ਜ਼ਿਲ੍ਹੇ ਵਿੱਚ ਉਸ ਥਾਵੇਂ ਬੈਠ ਸਦੀਆਂ ਪੁਰਾਣੀ ਕਹਾਣੀ ਸੁਣਾਉਂਦੇ ਹਨ ਜਿੱਥੇ ਕਦੇ ਉਹ ਰੁੱਖ ਉੱਚਾ ਖੜ੍ਹਾ ਹੁੰਦਾ ਸੀ। "ਉਸ ਰੁੱਖ ਦਾ ਤਣਾ ਹੁਣ ਉਹ ਪਵਿੱਤਰ ਸਥਾਨ ਹੈ ਜਿੱਥੇ ਮਾਰੰਗ ਬੁਰੂ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ," 30 ਸਾਲਾ ਬਾਸਕੀ ਕਹਿੰਦੇ ਹਨ। ਸੰਥਾਲ (ਜਿਸ ਨੂੰ ਸੰਤਾਲ ਵੀ ਕਿਹਾ ਜਾਂਦਾ ਹੈ) ਆਦਿਵਾਸੀ ਭਾਈਚਾਰੇ ਦੇ ਲੋਕ ਝਾਰਖੰਡ, ਬਿਹਾਰ ਅਤੇ ਬੰਗਾਲ ਤੋਂ ਆਪਣੀਆਂ ਪ੍ਰਾਰਥਨਾਵਾਂ ਕਰਨ ਲਈ ਇਸੇ ਸਥਾਨ 'ਤੇ ਆਉਂਦੇ ਹਨ। ਬਾਸਕੀ, ਜੋ ਪੇਸ਼ੇ ਤੋਂ ਕਿਸਾਨ ਹਨ, ਇਸ ਸਮੇਂ ਮਾਰੰਗ ਬੁਰੂ ਦੇ ਨਾਇਕੀ (ਪੁਜਾਰੀ) ਵਜੋਂ ਸੇਵਾ ਨਿਭਾ ਰਹੇ ਹਨ।
ਹਿਜਲਾ ਪਿੰਡ ਦੁਮਕਾ ਕਸਬੇ ਦੇ ਬਾਹਰੀ ਇਲਾਕੇ ਵਿੱਚ ਸੰਥਾਲ ਪਰਗਨਾ ਡਿਵੀਜ਼ਨ ਵਿੱਚ ਸਥਿਤ ਹੈ ਅਤੇ 2011 ਦੀ ਮਰਦਮਸ਼ੁਮਾਰੀ ਅਨੁਸਾਰ ਇਸਦੀ ਆਬਾਦੀ 640 ਲੋਕਾਂ ਦੀ ਹੈ। ਅੰਗਰੇਜ਼ ਹਕੂਮਤ ਵਿਰੁੱਧ ਸੰਤਾਲਾਂ ਦੀ ਬਗਾਵਤ 30 ਜੂਨ, 1855 ਨੂੰ ਹਿਜਲਾ ਤੋਂ ਲਗਭਗ 100 ਕਿਲੋਮੀਟਰ ਦੂਰ ਭਗਨਾਡੀਹ ਪਿੰਡ (ਜਿਸ ਨੂੰ ਭੋਗਨਾਡੀਹ ਵੀ ਕਿਹਾ ਜਾਂਦਾ ਹੈ) ਦੇ ਸੀਡੋ ਅਤੇ ਕਾਨਹੂ ਮੁਰਮੂ ਦੀ ਅਗਵਾਈ ਹੇਠ ਸ਼ੁਰੂ ਹੋਈ।


ਖੱਬੇ: ਰੁੱਖ ਦਾ ਉਹ ਮੁੱਢ ਜਿੱਥੇ ਸੰਤਾਲ ਹੁਣ ਮਾਰੰਗ ਬੁਰੂ ਦੀ ਪੂਜਾ ਕਰਦੇ ਹਨ। ਸੱਜੇ: ਰਾਜੇਂਦਰ ਬਾਸਕੀ ਮਾਰੰਗ ਬੁਰੂ ਦੇ ਮੌਜੂਦਾ ਨਾਇਕਾ (ਪੁਜਾਰੀ) ਹਨ


ਖੱਬੇ: 19 ਵੀਂ ਸਦੀ ਵਿੱਚ ਅੰਗਰੇਜ਼ਾਂ ਦੁਆਰਾ ਇਮਾਰਤ ਦੇ ਆਲ਼ੇ-ਦੁਆਲ਼ੇ ਬਣਾਇਆ ਗਿਆ ਇੱਕ ਗੇਟ। ਸੱਜੇ: ਮੇਲੇ ਵਿੱਚ ਪ੍ਰਦਰਸ਼ਨ ਕਰ ਰਹੇ ਸੰਥਾਲ ਕਲਾਕਾਰ
ਹਿਜਲਾ ਪਿੰਡ ਹਿਜਲਾ ਪਹਾੜੀ ਦੇ ਆਸ-ਪਾਸ ਸਥਿਤ ਹੈ। ਇਹ ਪਹਾੜੀ ਰਾਜਮਹਿਲ ਰੇਂਜ ਦਾ ਵਿਸਥਾਰ ਹੈ। ਸੋ, ਤੁਸੀਂ ਇਸ ਕਸਬੇ ਦੇ ਕਿਸੇ ਪਾਸੇ ਤੋਂ ਵੀ ਚੱਲਣਾ ਸ਼ੁਰੂ ਕਰੋ, ਚੱਕਰ ਕੱਟ ਕੇ ਤੁਸੀਂ ਇੱਥੇ ਹੀ ਪਹੁੰਚ ਜਾਓਗੇ।
"ਇਸੇ ਰੁੱਖ ਹੇਠ ਬਹਿ ਕੇ ਸਾਡੇ ਪੁਰਖੇ ਸਾਰਾ ਸਾਲ ਕਾਇਦੇ ਤੇ ਨਿਯਮ ਬਣਾਉਂਦੇ ਸਨ," 50 ਸਾਲਾ ਸੁਨੀਲਾਲ ਹੰਸਦਾ ਕਹਿੰਦੇ ਹਨ, ਜੋ 2008 ਤੋਂ ਪਿੰਡ ਦੇ ਮੁਖੀ ਹਨ। ਹੰਸਦਾ ਦਾ ਕਹਿਣਾ ਹੈ ਕਿ ਰੁੱਖ ਦੇ ਹੇਠਾਂ ਬਣੀ ਸੱਥਨੁਮਾ ਥਾਂ ਮੀਟਿੰਗਾਂ ਲਈ ਇੱਕ ਪ੍ਰਸਿੱਧ ਸਥਾਨ ਹੋਇਆ ਕਰਦੀ।
ਹੰਸਦਾ ਕੋਲ਼ ਹਿਜਲਾ ਵਿਖੇ 12 ਬੀਘੇ ਜ਼ਮੀਨ ਹੈ ਅਤੇ ਉਹ ਸਾਉਣੀ ਦੀਆਂ ਫ਼ਸਲਾਂ ਬੀਜਦੇ ਹਨ। ਬਾਕੀ ਦੇ ਮਹੀਨੇ ਉਹ ਦੁਮਕਾ ਕਸਬੇ ਵਿੱਚ ਉਸਾਰੀ ਵਾਲ਼ੀਆਂ ਥਾਵਾਂ 'ਤੇ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦੇ ਹਨ ਅਤੇ ਦਿਹਾੜੀ ਲੱਗਣ 'ਤੇ 300 ਰੁਪਏ ਦਿਹਾੜੀ ਕਮਾ ਲੈਂਦੇ ਹਨ। ਹਿਜਲਾ ਵਿੱਚ ਰਹਿਣ ਵਾਲ਼ੇ ਕੁੱਲ 132 ਪਰਿਵਾਰ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੰਤਾਲ ਹਨ, ਆਪਣੀ ਰੋਜ਼ੀ-ਰੋਟੀ ਲਈ ਖੇਤੀਬਾੜੀ ਅਤੇ ਦਿਹਾੜੀ-ਧੱਪੇ 'ਤੇ ਨਿਰਭਰ ਕਰਦੇ ਹਨ। ਪਿਛਲੇ ਕੁਝ ਸਾਲਾਂ ਵਿੱਚ ਬਾਰਸ਼ ਦੀ ਅਨਿਸ਼ਚਿਤਤਾ ਵਿੱਚ ਹੋਏ ਵਾਧੇ ਨੇ ਮੁਸੀਬਤਾਂ ਨੂੰ ਵਧਾ ਦਿੱਤਾ ਹੈ ਅਤੇ ਇੱਥੋਂ ਦੇ ਲੋਕਾਂ ਨੂੰ ਵੱਧ ਤੋਂ ਵੱਧ ਪ੍ਰਵਾਸ ਕਰਨ ਲਈ ਮਜਬੂਰ ਕੀਤਾ ਹੈ।


ਹਰ ਸਾਲ ਫਰਵਰੀ ਅਤੇ ਮਾਰਚ ਦੇ ਵਿਚਕਾਰ ਆਯੋਜਿਤ ਹਿਜਲਾ ਮੇਲੇ ਵਿੱਚ ਡਾਂਸ ਪ੍ਰਦਰਸ਼ਨ ਆਯੋਜਿਤ ਕੀਤੇ ਜਾਂਦੇ ਹਨ


ਖੱਬੇ: ਹਿਜਲਾ ਮੇਲੇ ਦਾ ਇੱਕ ਦ੍ਰਿਸ਼। ਸੱਜੇ: ਸੀਤਾਰਾਮ ਸੋਰੇਨ , ਮਾਰੰਗ ਬੁਰੂ ਦੇ ਸਾਬਕਾ ਕਪਤਾਨ
ਹਿਜਲਾ ਵਿਖੇ ਮਾਰੰਗ ਬੁਰੂ ਨੂੰ ਸਮਰਪਿਤ ਇੱਕ ਮਹੱਤਵਪੂਰਨ ਮੇਲਾ ਵੀ ਆਯੋਜਿਤ ਕੀਤਾ ਜਾਂਦਾ ਹੈ। ਫਰਵਰੀ ਵਿੱਚ ਬਸੰਤ ਪੰਚਮੀ ਦੌਰਾਨ ਹੋਣ ਵਾਲ਼ਾ ਸਾਲਾਨਾ ਸਮਾਗਮ ਮਯੂਰਾਕਸ਼ੀ ਨਦੀ ਦੇ ਕੰਢੇ ਆਯੋਜਿਤ ਕੀਤਾ ਜਾਂਦਾ ਹੈ। ਝਾਰਖੰਡ ਸਰਕਾਰ ਦੇ ਨੋਟਿਸ ਅਨੁਸਾਰ ਇਹ ਮੇਲਾ 1890 ਵਿੱਚ ਸੰਥਾਲ ਪਰਗਨਾ ਦੇ ਤਤਕਾਲੀ ਡਿਪਟੀ ਕਮਿਸ਼ਨਰ ਆਰ. ਕੈਸਟੇਰਸ ਦੇ ਸ਼ਾਸਨ ਅਧੀਨ ਸ਼ੁਰੂ ਹੋਇਆ ਸੀ।
ਦੁਮਕਾ ਦੀ ਸੀਡੋ ਕਾਨਹੂ ਮੁਰਮੂ ਯੂਨੀਵਰਸਿਟੀ ਦੀ ਸੰਥਾਲੀ ਪ੍ਰੋਫੈਸਰ ਡਾ. ਸ਼ਰਮੀਲਾ ਸੋਰੇਨ ਦਾ ਕਹਿਣਾ ਹੈ ਕਿ ਕੋਵਿਡ-19 ਮਹਾਂਮਾਰੀ ਦੇ ਦੋ ਸਾਲਾਂ ਨੂੰ ਛੱਡ ਕੇ ਹਰ ਸਾਲ ਹਿਜਲਾ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਮੇਲੇ ਵਿੱਚ ਭਾਲਾ ਅਤੇ ਤਲਵਾਰ ਤੋਂ ਲੈ ਕੇ ਢੋਲ ਅਤੇ ਦੌਰਾ ਤੱਕ ਕਈ ਤਰ੍ਹਾਂ ਦੀਆਂ ਚੀਜ਼ਾਂ ਵਿਕਰੀ ਲਈ ਰੱਖੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ, ਮਰਦ ਅਤੇ ਔਰਤਾਂ ਡਾਂਸ ਵੀ ਪੇਸ਼ ਕਰਦੇ ਹਨ।
ਪਰ ਸਥਾਨਕ ਲੋਕਾਂ ਦੇ ਪ੍ਰਵਾਸ ਕਰਨ ਨਾਲ਼, "ਇਸ ਮੇਲੇ ਵਿੱਚ ਕਬਾਇਲੀ ਸੱਭਿਆਚਾਰ ਦਾ ਦਬਦਬਾ ਬਾਕੀ ਰਹਿਣਾ ਹੁਣ ਸੰਭਵ ਨਹੀਂ ਹੈ," ਮਾਰੰਗਬੁਰੂ ਦੇ ਸਾਬਕਾ ਨੇਤਾ, 60 ਸਾਲਾ ਸੀਤਾਰਾਮ ਸੋਰੇਨ ਕਹਿੰਦੇ ਹਨ। "ਸਾਡੀਆਂ ਪਰੰਪਰਾਵਾਂ ਆਪਣੇ ਪ੍ਰਭਾਵ ਗੁਆ ਰਹੀਆਂ ਹਨ ਅਤੇ ਸ਼ਹਿਰਾਂ ਦੇ ਪ੍ਰਭਾਵ ਹੁਣ ਹਾਵੀ ਹੋ ਰਹੇ ਹਨ।"
ਪੰਜਾਬੀ ਤਰਜਮਾ: ਕਮਲਜੀਤ ਕੌਰ