“ ਹਮੇਂ ਪਤਾ ਨਹੀਂ ਹਮਾਰਾ ਬੇਟਾ ਏਕਦਮ ਕੈਸੇ ਮਰਾ, ਕੰਪਨੀ ਨੇ ਹਮੇਂ ਬਤਾਇਆ ਭੀ ਨਹੀਂ ,” ਨੀਲਮ ਯਾਦਵ ਨੇ ਕਿਹਾ।
33 ਸਾਲਾ ਨੀਲਮ ਸੋਨੀਪਤ ਦੇ ਰਾਈ ਕਸਬੇ ਵਿੱਚ ਆਪਣੇ ਘਰ ਵਿੱਚ ਖੜ੍ਹੀ ਹੈ, ਗੱਲ ਕਰਦਿਆਂ ਨਜ਼ਰ ਮਿਲਾਉਣ ਤੋਂ ਬਚਦੀ ਹੋਈ। ਤਕਰੀਬਨ ਛੇ ਮਹੀਨੇ ਪਹਿਲਾਂ ਉਸਦੇ ਜੇਠ ਦਾ ਬੇਟਾ ਰਾਮ ਕਮਲ, ਜਿਸਨੂੰ 2007 ਵਿੱਚ ਆਪਣੇ ਵਿਆਹ ਤੋਂ ਲੈ ਕੇ ਉਸੇ ਨੇ ਪਾਲਿਆ, ਦੀ ਸਥਾਨਕ ਫੂਡ ਰਿਟੇਲ ਦੀ ਫੈਕਟਰੀ ਵਿੱਚ ਕੰਮ ਕਰਦਿਆਂ ਮੌਤ ਹੋ ਗਈ, ਜਿੱਥੇ 27 ਸਾਲ ਦਾ ਉਹ ਨੌਜਵਾਨ ਏਸੀ ਰਿਪੇਅਰ ਯੂਨਿਟ ਵਿੱਚ ਕੰਮ ਕਰਦਾ ਸੀ।
29 ਜੂਨ 2023 ਦਾ ਦਿਨ ਸੀ ਅਤੇ ਨੀਲਮ ਯਾਦ ਕਰਦੀ ਹੈ ਕਿ ਸੂਰਜ ਉਸ ਦਿਨ ਸਿਖਰਾਂ ’ਤੇ ਸੀ। ਉਸਦੇ ਤਿੰਨ ਬੱਚੇ – ਦੋ ਬੇਟੀਆਂ ਤੇ ਇੱਕ ਬੇਟਾ, ਅਤੇ ਉਸਦਾ ਸਹੁਰਾ, ਸ਼ੋਭਨਾਥ ਨੇ ਉਸਦਾ ਬਣਾਇਆ ਦੁਪਹਿਰ ਦਾ ਖਾਣਾ, ਦਾਲ ਭਾਤ (ਦਾਲ ਚਾਵਲ), ਖਾ ਕੇ ਹਟੇ ਸਨ। ਉਹ ਰਸੋਈ ਸਾਫ਼ ਕਰ ਰਹੀ ਸੀ ਤੇ ਸ਼ੋਭਨਾਥ ਦੁਪਹਿਰ ਦੀ ਨੀਂਦ ਲਈ ਲੰਮਾ ਪਿਆ ਸੀ।
ਤਕਰੀਬਨ ਇੱਕ ਵਜੇ ਘੰਟੀ ਵੱਜੀ। ਉਸਨੇ ਹੱਥ ਸਾਫ਼ ਕੀਤੇ ਅਤੇ ਆਪਣੀ ਚੁੰਨੀ ਠੀਕ ਕਰਦੀ ਹੋਈ ਦੇਖਣ ਗਈ ਕਿ ਕੌਣ ਹੈ। ਨੀਲੀ ਵਰਦੀ ਵਿੱਚ ਦੋ ਵਿਅਕਤੀ ਮੋਟਰਸਾਈਕਲ ਦੀਆਂ ਚਾਬੀਆਂ ਛਣਕਾਉਂਦੇ ਖੜ੍ਹੇ ਸਨ। ਉਸਨੇ ਪਛਾਣ ਕੀਤੀ ਕਿ ਇਹ ਉਸੇ ਕੰਪਨੀ ਤੋਂ ਹਨ ਜਿੱਥੇ ਰਾਮ ਕਮਲ ਕੰਮ ਕਰਦਾ ਹੈ। ਨੀਲਮ ਨੇ ਯਾਦ ਕੀਤਾ ਕਿ ਉਹਨਾਂ ਵਿੱਚੋਂ ਇੱਕ ਨੇ ਉਸਨੂੰ ਦੱਸਿਆ, “ਰਾਮ ਨੂੰ ਕਰੰਟ ਲੱਗ ਗਿਆ ਹੈ। ਛੇਤੀ ਸਿਵਲ ਹਸਪਤਾਲ ਚੱਲੋ।”
“ਮੈਂ ਵਾਰ-ਵਾਰ ਪੁੱਛਿਆ ਕਿ ਉਹ ਕਿਵੇਂ ਹੈ, ਠੀਕ ਹੈ, ਸੁਰਤ ਵਿੱਚ ਹੈ ਜਾਂ ਨਹੀਂ। ਉਹਨਾਂ ਨੇ ਬਸ ਇਹੀ ਕਿਹਾ ਕਿ ਨਹੀਂ,” ਕੰਬਦੀ ਆਵਾਜ਼ ਵਿੱਚ ਨੀਲਮ ਨੇ ਕਿਹਾ। ਸ਼ੋਭਨਾਥ ਅਤੇ ਉਸਨੇ ਬੱਸ ਆਦਿ ਦਾ ਇੰਤਜ਼ਾਰਕਰਨ ਵਿੱਚ ਸਮਾਂ ਗੁਆਉਣ ਦੀ ਬਜਾਏ ਉਹਨਾਂ ਵਿਅਕਤੀਆਂ ਨੂੰ ਆਪਣੇ ਮੋਟਰਸਾਈਕਲਾਂ ਉੱਤੇ ਉਹਨਾਂ ਨੂੰ ਹਸਪਤਾਲ ਲਿਜਾਣ ਲਈ ਮਿੰਨਤ ਕੀਤੀ। ਉਹਨਾਂ ਨੂੰ ਹਸਪਤਾਲ ਪਹੁੰਚਣ ਵਿੱਚ 20 ਕੁ ਮਿੰਟ ਲੱਗ ਗਏ।


ਖੱਬੇ : ਛੇ ਮਹੀਨੇ ਪਹਿਲਾਂ 27 ਸਾਲਾ ਰਾਮ ਕੁਮਾਰ ਦੀ ਇੱਕ ਫੂਡ ਰਿਟੇਲ ਫੈਕਟਰੀ ਵਿੱਚ ਕੰਮ ਕਰਦਿਆਂ ਜਾਨ ਚਲੀ ਗਈ। ਉਹ ਏਸੀ ਰਿਪੇਅਰ ਯੂਨਿਟ ਵਿੱਚ ਤਕਨੀਕੀ ਕੰਮ ਕਰਦਾ ਸੀ। ਸੱਜੇ : ਹਰਿਆਣਾ ਦੇ ਸੋਨੀਪਤ ਵਿੱਚ ਆਪਣੇ ਘਰ ਬਾਹਰ ਖੜ੍ਹੇ ਰਾਮ ਦੇ ਚਾਚਾ, ਮੋਤੀਲਾਲ


ਖੱਬੇ : ਉਹ ਅਲਮਾਰੀ ਜਿਸ ਵਿੱਚ ਰਾਮ ਕਮਲ ਦੇ ਕਾਗਜ਼ਾਤਅਤੇ ਕੇਸ ਨਾਲ ਜੁੜੇ ਸਬੂਤ ਸਾਂਭ ਕੇ ਰੱਖੇ ਹਨ। ਸੱਜੇ : ਰਾਮ 2003 ਤੋਂ ਸੋਨੀਪਤ ਵਿੱਚ ਆਪਣੇ ਚਾਚਾ-ਚਾਚੀ ਦੇ ਘਰ ਰਹਿੰਦਾ ਸੀ
ਨੀਲਮ ਦਾ ਪਤੀ ਤੇ ਰਾਮ ਦਾ ਚਾਚਾ, ਮੋਤੀਲਾਲ ਕੰਮ ’ਤੇ ਸੀ ਜਦ ਉਸਨੂੰ ਉਸਦੀ ਪਤਨੀ ਨੇ ਫੋਨ ਕੀਤਾ। ਉਹ ਰੋਹਤਕ ਦੇ ਸਮਚਾਨਾ ਵਿੱਚ ਇੱਕ ਉਸਾਰੀ ਵਾਲੀ ਜਗ੍ਹਾ ’ਤੇ ਕੰਮ ਕਰਦਾ ਹੈ ਅਤੇ ਆਪਣੇ ਸਕੂਟਰ ’ਤੇ ਅੱਧੇ ਘੰਟੇ ਵਿੱਚ 20 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਹਸਪਤਾਲ ਪਹੁੰਚਿਆ।
“ਉਹਨਾਂ ਨੇ ਉਸਨੂੰ ਪੋਸਟਮਾਰਟਮ ਯੂਨਿਟ ਵਿੱਚ ਰੱਖਿਆ ਹੋਇਆ ਸੀ,” ਉਸਦੇ 75 ਸਾਲਾ ਦਾਦਾ ਸ਼ੋਭਨਾਥ ਨੇ ਕਿਹਾ। ਉਸਦੀ ਚਾਚੀ ਨੀਲਮ ਯਾਦ ਕਰਦੀ ਹੈ ਕਿ ਉਸਦਾ ਰੋਣ ਦਾ ਮਨ ਕੀਤਾ ਸੀ: “ਮੇਰੇ ਤੋਂ ਉਸਨੂੰ ਦੇਖਿਆ ਨਹੀਂ ਸੀ ਜਾ ਰਿਹਾ। ਉਹਨਾਂ ਨੇ ਉਸਨੂੰ ਕਾਲੇ ਕੱਪੜੇ ਨਾਲ ਢਕ ਰੱਖਿਆ ਸੀ। ਮੈਂ ਉਸਨੂੰ ਆਵਾਜ਼ਾਂਦਿੰਦੀ ਰਹੀ,” ਉਸਨੇ ਦੱਸਿਆ।
*****
ਮਰਹੂਮ ਨੌਜਵਾਨ ਨੂੰ ਉਸਦੇ ਮਾਪਿਆਂ, ਗੁਲਾਬ ਅਤੇ ਸ਼ੀਲਾ ਯਾਦਵ ਨੇ ਉਸਦੇ ਚਾਚੇ-ਚਾਚੀ ਕੋਲ ਰਹਿਣ ਲਈ ਭੇਜਿਆ ਸੀ। ਉਹ ਉਦੋਂ ਮਹਿਜ਼ ਸੱਤ ਸਾਲ ਦਾ ਸੀ ਅਤੇ ਮੋਤੀਲਾਲ ਉਸਨੂੰ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ ਦੀਨਿਜ਼ਾਮਾਬਾਦ ਤਹਿਸੀਲ ਵਿੱਚ ਉਹਨਾਂ ਦੇ ਘਰੋਂ ਲੈ ਕੇ ਆਇਆ ਸੀ। “ਅਸੀਂ ਉਸਨੂੰ ਪਾਲਿਆ,” ਮੋਤੀਲਾਲ ਨੇ ਕਿਹਾ।
ਰਾਮ ਕਮਲ ਜਨਵਰੀ 2023 ਤੋਂ ਫੈਕਟਰੀ ਵਿੱਚ ਕੰਮ ਕਰ ਰਿਹਾ ਸੀ ਅਤੇ ਮਹੀਨੇ ਦੇ 22,000 ਰੁਪਏ ਕਮਾ ਰਿਹਾ ਸੀ। ਉਹ ਅੱਧੀ ਤਨਖਾਹ ਆਪਣੇ ਪਰਿਵਾਰ ਦੇ ਚਾਰ ਜੀਆਂ – ਆਪਣੀ ਮਾਂ, ਪਿਉ, ਪਤਨੀ ਅਤੇ ਅੱਠ ਮਹੀਨੇ ਦੀ ਬੇਟੀ – ਲਈ ਭੇਜਦਾ ਸੀ।
“ਉਹ ਆਪਣੀ ਬੇਟੀ ਲਈ ਕਮਾ ਰਿਹਾ ਸੀ, ਹੁਣ ਉਸਦਾ ਕੀ ਬਣੇਗਾ? ਕੰਪਨੀ ਨੇ ਉਸ (ਬੇਟੀ) ਬਾਰੇ ਇੱਕ ਵਾਰ ਵੀ ਨਹੀਂ ਪੁੱਛਿਆ,” ਸ਼ੋਭਨਾਥ ਨੇ ਕਿਹਾ। ਕੰਪਨੀ ਦਾ ਮਾਲਕ ਅਜੇ ਤੱਕ ਪਰਿਵਾਰ ਨੂੰ ਮਿਲਣ ਨਹੀਂ ਆਇਆ।
!['If this tragedy took place at their home [the employers], what would they have done?' asks Shobhnath, Ram's grandfather.](/media/images/04a-5-NA.max-1400x1120.jpg)

“ ਜੇ ਅਜਿਹੀ ਤ੍ਰਾਸਦੀ ਉਹਨਾਂ (ਮਾਲਕਾਂ) ਦੇ ਘਰ ਹੁੰਦੀ, ਉਹ ਕੀ ਕਰਦੇ ?’ ਰਾਮ ਦੇ ਦਾਦਾ, ਸ਼ੋਭਨਾਥ ਨੇ ਸਵਾਲ ਕੀਤਾ। ਸੱਜੇ : ਰਾਮ ਦੇ ਨਾਲ ਕੰਮ ਕਰਨ ਵਾਲੇ ਦੋ ਕਾਮਿਆਂ ਨੇ ਨੀਲਮ ਨੂੰ ਰਾਮ ਦੀ ਹਾਲਤ ਬਾਰੇ ਦੱਸਿਆ
ਰਾਮ ਆਪਣੀ ਮੌਤ ਤੋਂ ਪਿਛਲੀ ਰਾਤ ਘਰ ਨਹੀਂ ਸੀ ਆਇਆ, ਨੀਲਮ ਨੇ ਯਾਦ ਕਰਦਿਆਂ ਕਿਹਾ: “ਉਸਨੇ ਕਿਹਾ ਸੀ ਕਿ ਉਹ ਕੰਮ ਵਿੱਚ ਵਿਅਸਤ ਹੈ। ਰਾਮ 24 ਘੰਟੇ ਕੰਮ ਕਰਦਾ ਰਿਹਾ ਸੀ।” ਪਰਿਵਾਰ ਨੂੰ ਉਸਦੇ ਕੰਮ ਦੇ ਘੰਟਿਆਂ ਬਾਰੇ ਬਹੁਤਾ ਨਹੀਂ ਸੀ ਪਤਾ। ਕਈ ਵਾਰ ਉਹ ਖਾਣਾ ਖਾਧੇ ਬਿਨ੍ਹਾਂ ਕੰਮ ਕਰਦਾ ਰਹਿੰਦਾ ਸੀ। ਤੇ ਕਈ ਵਾਰ ਉਹ ਫੈਕਟਰੀ ਵਿੱਚ ਕੰਪਨੀ ਦੀ ਝੌਂਪੜੀ ਵਿੱਚ ਸੌਂ ਜਾਂਦਾ ਸੀ। “ਸਾਡਾ ਬੇਟਾ ਬਹੁਤ ਮਿਹਨਤੀ ਸੀ,” ਮੋਤੀਲਾਲ ਨੇ ਮੁਸਕੁਰਾਉਂਦਿਆਂ ਕਿਹਾ। ਵਿਹਲੇ ਸਮੇਂ, ਰਾਮ ਆਪਣੀ ਬੇਟੀ ਕਾਵਿਆ ਨੂੰ ਵੀਡੀਓ ਕਾਲ ਕਰਨਾ ਪਸੰਦ ਕਰਦਾ ਸੀ।
ਪਰਿਵਾਰ ਨੂੰ ਫੈਕਟਰੀ ਦੇ ਹੋਰਨਾਂ ਕਾਮਿਆਂ ਤੋਂ ਪਤਾ ਲੱਗਿਆ ਕਿ ਰਾਮ ਇੱਕ ਠੰਢਕ ਵਾਲੀ ਪਾਈਪਲਾਈਨ ਰਿਪੇਅਰ ਕਰ ਰਿਹਾ ਸੀ – ਅਜਿਹਾ ਕੰਮ ਜਿਸ ਲਈ ਉਸਨੂੰ ਕੋਈ ਵੀ ਸੁਰੱਖਿਆ ਉਪਕਰਨ ਜਾਂ ਸਾਵਧਾਨੀ ਲਈ ਸਮਾਨ ਨਹੀਂ ਦਿੱਤਾ ਗਿਆ। “ਜਦ ਉਹ ਏਸੀ ਪਾਈਪ ਸਪਰੇਅ ਅਤੇ ਪਲਾਸ ਲੈ ਕੇ ਉਸ ਪਾਸੇ ਵੱਲ ਗਿਆ, ਉਸ ਵੇਲੇ ਉਸਨੇ ਚੱਪਲ ਨਹੀਂ ਪਾਈ ਸੀ ਤੇ ਉਸਦੇ ਹੱਥ ਗਿੱਲੇ ਸਨ। ਜੇ ਕੰਪਨੀ ਮੈਨੇਜਰ ਨੇ ਉਸਨੂੰ ਖ਼ਬਰਦਾਰ ਕੀਤਾ ਹੁੰਦਾ ਤਾਂ ਅਸੀਂ ਆਪਣਾ ਬੇਟਾ ਨਾ ਗਵਾਇਆ ਹੁੰਦਾ,” ਉਸਦੇ ਚਾਚਾ ਮੋਤੀਲਾਲ ਨੇ ਕਿਹਾ।
ਆਪਣੇ ਬੇਟੇ ਦਾ ਸੁਣ ਕੇ ਇੱਕ ਦਿਨ ਬਾਅਦ ਰਾਮ ਦੇ ਪਿਤਾ ਗੁਲਾਬ ਯਾਦਵ ਆਪਣੇ ਬੇਟੇ ਦੇ ਅੰਤਿਮ ਸਸਕਾਰ ਲਈ ਸੋਨੀਪਤ ਆ ਗਏ। ਕੁਝ ਦਿਨ ਬਾਅਦ ਉਹ ਕੰਪਨੀ ਦੇ ਖਿਲਾਫ਼ ਅਣਗਹਿਲੀ ਦੀ ਸ਼ਿਕਾਇਤ ਲਿਖਾਉਣ ਹਰਿਆਣਾ ਦੇ ਰਾਈ ਪੁਲਿਸ ਥਾਣੇ ਗਏ। ਪਰਿਵਾਰ ਨੇ ਦੱਸਿਆ ਕਿ ਕੇਸ ਦੀ ਜਾਂਚ ਕਰ ਰਹੇ ਅਧਿਕਾਰੀ ਸੁਮਿਤ ਕੁਮਾਰ ਨੇ ਰਾਮ ਦੇ ਪਰਿਵਾਰ ਨੂੰ ਸਮਝੌਤਾ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ।
“ਪੁਲਿਸ ਨੇ ਸਾਨੂੰ ਇੱਕ ਲੱਖ (ਰੁਪਏ) ਵਿੱਚ ਸਮਝੌਤਾ ਕਰਨ ਲਈ ਕਿਹਾ। ਪਰ ਕੁਝ ਨਹੀਂ ਹੋਣਾ। ਹੁਣ ਅਦਾਲਤ ਹੀ ਦੇਖੇਗੀ,” ਮੋਤੀਲਾਲ ਨੇ ਕਿਹਾ।

ਸੋਨੀਪਤ ਦੇ ਰਾਈ ਥਾਣੇ ਦੀ ਪੁਲਿਸ ਨੇ ਰਾਮ ਦੇ ਪਰਿਵਾਰ ਨੂੰ ਸਮਝੌਤਾ ਕਰਨ ਲਈ ਕਿਹਾ
ਸੋਨੀਪਤ, ਜੋ ਪਿਛਲੇ ਦੋ ਕੁ ਦਹਾਕਿਆਂ ਵਿੱਚ ਉਦਯੋਗ ਦਾ ਕੇਂਦਰ ਬਣ ਕੇ ਉੱਭਰਿਆ ਹੈ, ਵਿੱਚ ਫੈਕਟਰੀ ਕਾਮਿਆਂ ਦੀਆਂ ਮੌਤਾਂ ਦੀਆਂ ਘਟਨਾਵਾਂ ਵਿਰਲੀਆਂ ਨਹੀਂ। ਇੱਥੇ ਜ਼ਿਆਦਾਤਰਕਾਮੇ ਉੱਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ ਦੇ ਪਰਵਾਸੀ ਹਨ
ਇਹ ਮਹਿਸੂਸ ਕਰਦਿਆਂ ਕਿ ਪੁਲਿਸ ਉਸਨੂੰ ਨਜ਼ਰਅੰਦਾਜ਼ ਕਰ ਰਹੀ ਹੈ, ਮੋਤੀਲਾਲ ਨੇ ਘਟਨਾ ਤੋਂ ਇੱਕ ਮਹੀਨਾ ਬਾਅਦ ਅਦਾਲਤ ਵਿੱਚ ਕੇਸ ਕਰਨ ਦਾ ਫੈਸਲਾ ਲਿਆ। ਰਾਈ ਦੀ ਲੇਬਰ ਅਦਾਲਤ ਵਿੱਚ ਰਾਮ ਵੱਲੋਂ ਕੇਸ ਲੜ ਰਹੇ ਵਕੀਲ ਸੰਦੀਪ ਦਹੀਆ ਸਿਰਫ਼ ਕਾਗਜ਼ੀਕਾਰਵਾਈ ਲਈ ਹੀ 10,000 ਰੁਪਏ ਲੈਂਦੇ ਹਨ। 35,000 ਰੁਪਏ ਮਹੀਨਾ ਦੀ ਕਮਾਈ ਵਾਲੇ ਪਰਿਵਾਰ ਲਈ ਇਹ ਰਕਮ ਬਹੁਤ ਵੱਡੀ ਹੈ। “ਸਾਡੇ ਕੋਲ ਹੋਰ ਕੋਈ ਚਾਰਾ ਨਹੀਂ, ਪਰ ਮੈਨੂੰ ਨਹੀਂ ਪਤਾ ਕਿ ਸਾਨੂੰ ਅਦਾਲਤ ਦੇ ਕਿੰਨੇ ਚੱਕਰ ਲਾਉਣੇ ਪੈਣਗੇ,” ਪਰਿਵਾਰ ਦੇ ਹੁਣ ਇੱਕੋ ਕਮਾਊ ਮੈਂਬਰ, ਮੋਤੀਲਾਲ ਨੇ ਕਿਹਾ।
ਜਿਸ ਸਕੂਟੀ ’ਤੇ ਰਾਮ ਘਰ ਤੋਂ 10 ਕਿਲੋਮੀਟਰ ਦੂਰ ਫੈਕਟਰੀ ਵਿੱਚ ਜਾਂਦਾ ਸੀ, ਉਹ ਸਕੂਟੀ ਰਿਕਵਰ ਕਰਾਉਣ ਵਿੱਚ ਵੀ ਪੁਲਿਸ ਅਧਿਕਾਰੀ ਗੁਲਾਬ ਅਤੇ ਮੋਤੀਲਾਲ ਦੀ ਮਦਦ ਨਹੀਂ ਕਰ ਪਾਏ। ਕੰਪਨੀ ਕੋਲ ਸਕੂਟੀ ਲੈਣ ਜਾਣ ਤੋਂ ਪਹਿਲਾਂ ਮੋਤੀਲਾਲ ਨੇ ਪੁਲਿਸ ਥਾਣੇ ਫੋਨ ਕੀਤਾ ਸੀ। ਇੱਕ ਅਧਿਕਾਰੀ ਨੇ ਉਸਨੂੰ ਫੈਕਟਰੀ ਦੇ ਸੁਪਰਵਾਈਜ਼ਰ ਨਾਲ ਸਿੱਧੀ ਗੱਲ ਕਰਨ ਲਈ ਕਿਹਾ। ਪਰ ਸੁਪਰਵਾਈਜ਼ਰ ਨੇ ਮੋਤੀਲਾਲ ਦੀ ਬੇਨਤੀ ਠੁਕਰਾ ਦਿੱਤੀ: “ਜਦ ਮੈਂ ਸਕੂਟੀ ਵਾਪਸ ਲੈਣ ਗਿਆ ਤਾਂ ਸੁਪਰਵਾਈਜ਼ਰ ਨੇ ਪੁੱਛਿਆ ਕਿ ਅਸੀਂ ਸਮਝੌਤਾ ਕਿਉਂ ਨਹੀਂ ਕੀਤਾ? ਅਸੀਂ ਕੇਸ ਕਿਉਂ ਕੀਤਾ?”
ਮੋਤੀਲਾਲ ਇਹ ਵੀ ਨਹੀਂ ਜਾਣਦਾ ਕਿ ਰਾਮ ਦਾ ਕਰਮਚਾਰੀ ਪਛਾਣ ਪੱਤਰ ਕਿੱਥੇ ਹੈ। “FIR ਵਿੱਚ ਉਸਨੂੰ ਠੇਕਾ ਕਰਮਚਾਰੀ ਦੱਸਿਆ ਗਿਆ ਹੈ। ਪਰ ਉਸਦੀ ਤਨਖਾਹ ਮੁੱਖ ਕੰਪਨੀ ਤੋਂ ਆਉਂਦੀ ਸੀ। ਉਸਨੂੰ ਕਰਮਚਾਰੀ ਪਛਾਣ (ID) ਵੀ ਦਿੱਤੀ ਗਈ ਸੀ, ਪਰ ਉਹਨਾਂ ਨੇ ਇਹ ਅਜੇ ਤੱਕ ਸਾਨੂੰ ਨਹੀਂ ਦਿੱਤੀ।” ਉਸਨੇ ਦੱਸਿਆ ਕਿ ਅਜੇ ਤੱਕ ਕੰਪਨੀ ਨੇ ਕੋਈ ਸੀਸੀਟੀਵੀ ਫੁਟੇਜ ਵੀ ਨਹੀਂ ਦਿੱਤੀ।
ਸੁਪਰਵਾਈਜ਼ਰ ਦਾ ਕਹਿਣਾ ਹੈ ਕਿ, “ਲੜਕੇ ਨੇ ਅਣਗਹਿਲੀ ਵਰਤੀ। ਉਸਨੇ ਪਹਿਲਾਂ ਹੀ ਇੱਕ ਏਸੀ ਦੀ ਸਰਵਿਸ ਕੀਤੀ ਸੀ...ਉਸਦੇ ਹੱਥ ਅਤੇ ਲੱਤਾਂ ਗਿੱਲੀਆਂ ਸਨ, ਜਿਸ ਕਾਰਨ ਕਰੰਟ ਲੱਗਿਆ।” ਉਹ ਆਪਣੇ ਉੱਪਰ ਕਿਸੇ ਵੀ ਤਰ੍ਹਾਂ ਦੀ ਜ਼ਿੰਮੇਵਾਰੀਲੈਣੋਂ ਇਨਕਾਰੀ ਹੈ।


ਖੱਬੇ: ਰਾਮ ਕਮਲ ਦੀ ਪੋਸਟਮਾਰਟਮ ਰਿਪੋਰਟ ਮੁਤਾਬਕ ਪਹਿਲਾ ਜ਼ਖਮ ਉਸਦੀ ਖੱਬੀ ਉਂਗਲੀ ’ਤੇ ਸੀ, ਪਰ ਪਰਿਵਾਰ ਨੂੰ ਨਤੀਜਿਆਂ ’ਤੇ ਭਰੋਸਾ ਨਹੀਂ। ਸੱਜੇ: ਅਮਰ ਉਜਾਲਾ ਅਖਬਾਰ ਵਿੱਚ ਰਾਮ ਦੀ ਮੌਤ ਬਾਰੇ ਲੇਖ
ਪੋਸਟਮਾਰਟਮ ਰਿਪੋਰਟ ਮੁਤਾਬਕ ਕਮਲ ਦੇ “ਕਰੰਟ ਲੱਗਣ ਤੋਂ ਹੋਇਆ ਜ਼ਖਮ ਉਸਦੀ ਖੱਬੀ ਚੀਚੀ ਦੇ ਉੱਪਰਲੇ ਪਾਸੇ ਹੈ।” ਪਰ ਪਰਿਵਾਰ ਇਸਨੂੰ ਸੱਚ ਨਹੀਂ ਮੰਨਦਾ, ਖ਼ਾਸਕਰਕੇ ਇਸ ਲਈ ਕਿ ਰਾਮ ਸੱਜੇ ਹੱਥ ਨਾਲ ਕੰਮ ਕਰਦਾ ਸੀ। ਨੀਲਮ ਨੇ ਕਿਹਾ, “ਕਰੰਟ ਲੱਗਣ ਤੋਂ ਬਾਅਦ ਲੋਕਾਂ ਦੇ ਸੜਨ ਦੇ ਨਿਸ਼ਾਨ ਪੈਂਦੇ ਹਨ, ਉਹਨਾਂ ਦਾ ਚਿਹਰਾ ਕਾਲਾ ਪੈ ਜਾਂਦਾ ਹੈ। ਉਸਦਾ ਚਿਹਰਾ ਬਿਲਕੁਲ ਸਾਫ਼ ਸੀ।”
ਸੋਨੀਪਤ, ਜੋ ਪਿਛਲੇ ਦੋ ਕੁ ਦਹਾਕਿਆਂ ਵਿੱਚ ਉਦਯੋਗ ਦਾ ਕੇਂਦਰ ਬਣ ਕੇ ਉੱਭਰਿਆ ਹੈ, ਵਿੱਚ ਫੈਕਟਰੀ ਦੇ ਕਾਮਿਆਂ ਦੀਆਂ ਮੌਤਾਂ ਦੀਆਂ ਘਟਨਾਵਾਂ ਵਿਰਲੀਆਂ ਨਹੀਂ। ਇੱਥੇ ਜ਼ਿਆਦਾਤਰਕਾਮੇ ਉੱਤਰ ਪ੍ਰਦੇਸ਼, ਅਤੇ ਉਸ ਤੋਂ ਬਾਅਦ ਬਿਹਾਰ ਅਤੇ ਦਿੱਲੀ (2011 ਦੀ ਜਨਗਣਨਾ ਦੇ ਮੁਤਾਬਕ) ਤੋਂ ਆਏ ਪਰਵਾਸੀ ਹਨ। ਪੁਲਿਸ ਦਾ ਕਹਿਣਾ ਹੈ ਕਿ ਨੇੜਲੀਆਂ ਫੈਕਟਰੀਆਂ ਵਿੱਚ ਹਰ ਮਹੀਨੇ ਕਾਮਿਆਂ ਦੇ ਜ਼ਖਮੀ ਹੋਣ ਦੀਆਂ ਘੱਟੋ-ਘੱਟੋ ਪੰਜ ਘਟਨਾਵਾਂ ਵਾਪਰ ਜਾਂਦੀਆਂ ਹਨ। “ਕਈ ਮਾਮਲਿਆਂ ਵਿੱਚ, ਜਦ ਕੋਈ ਕਾਮਾ ਜ਼ਖਮੀ ਹੁੰਦਾ ਹੈ, ਮਾਮਲਾ ਪੁਲਿਸ ਥਾਣੇ ਤੱਕ ਨਹੀਂ ਪਹੁੰਚਦਾ। ਪਹਿਲਾਂ ਹੀ ਸਮਝੌਤਾ ਹੋ ਜਾਂਦਾ ਹੈ,” ਉਸਨੇ ਦੱਸਿਆ।
ਦਹੀਆ ਦਾ ਕਹਿਣਾ ਹੈ ਕਿ ਰਾਮ ਦੇ ਅਦਾਲਤੀ ਕੇਸ ਕਰਕੇ, ਸਹੀ ਤਰੀਕੇ ਦੇ ਸਮਝੌਤੇ ਦੀ ਗੁੰਜਾਇਜ਼ ਹੈ। “ਕਿੰਨੇ ਹੀ ਲੋਕ ਮਰ ਜਾਂਦੇ ਹਨ, ਉਹਨਾਂ ਬਾਰੇ ਕੌਣ ਪੁੱਛਦਾ ਹੈ? ਇਹ IPC ਦੀ ਧਾਰਾ 304 ਦਾ ਕੇਸ ਹੈ ਅਤੇ ਮੈਂ ਨਿੱਕੀ ਬੱਚੀ ਦੇ ਭਵਿੱਖ ਲਈ ਲੜਾਂਗਾ,” ਉਹਨਾਂ ਕਿਹਾ। ਭਾਰਤੀ ਨਿਆਂ ਪ੍ਰਣਾਲੀ ਦਾ ਭਾਗ 304 “ਕਤਲ ਦੀ ਸ਼੍ਰੇਣੀ ਵਿੱਚ ਨਾ ਆਉਣ ਵਾਲੇ ਗ਼ੈਰ-ਇਰਾਦਤਨ ਕਤਲ”ਨਾਲ ਨਿਪਟਣ ਲਈ ਹੈ।
ਆਰਥਿਕ ਅਤੇ ਭਾਵਨਾਤਮਕ ਮੁਸ਼ਕਿਲਾਂ ਦੇ ਬਾਵਜੂਦ ਰਾਮ ਦਾ ਪਰਿਵਾਰ ਵੀ ਅੜਿਆ ਹੋਇਆ ਹੈ। ਸ਼ੋਭਨਾਥ ਦਾ ਕਹਿਣਾ ਹੈ, “ਜੇ ਇਹ ਤ੍ਰਾਸਦੀ ਉਹਨਾਂ (ਮਾਲਕਾਂ) ਦੇ ਘਰ ਹੋਈ ਹੁੰਦੀ, ਉਹ ਕੀ ਕਰਦੇ? ਅਸੀਂ ਵੀ ਉਹੀ ਕਰ ਰਹੇ ਹਾਂ,” ਅਤੇ ਨਾਲ ਹੀ ਕਿਹਾ, “ਜੋ ਗਿਆ ਵੋ ਤੋ ਵਾਪਿਸ ਨਾ ਆਏਗਾ। ਪਰ ਪੈਸਾ ਚਾਹੇ ਕਮ ਦੇ, ਹਮੇਂ ਨਿਆਏ ਮਿਲਨਾ ਚਾਹੀਏ (ਜੋ ਚਲਾ ਗਿਆ ਉਹ ਤਾਂ ਵਾਪਸ ਨਹੀਂ ਆਉਣਾ। ਪਰ ਪੈਸਾ ਚਾਹੇ ਘੱਟ ਦੇਣ, ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ)।”
ਤਰਜਮਾ: ਅਰਸ਼ਦੀਪ ਅਰਸ਼ੀ