ਇੱਕ ਨੌਜਵਾਨ ਪਰਦੇ ਦੇ ਪਿੱਛਿਓਂ ਭੱਜਦਾ ਹੋਇਆ ਆਉਂਦਾ ਹੈ ਅਤੇ ਦੀਵੇ ਤੱਕ ਪਹੁੰਚਦਾ ਹੈ ਤਾਂ ਜੋ ਇਹ ਬੁੱਝ ਨਾ ਜਾਵੇ। ਇੱਕ ਘੰਟੇ ਦੇ ਪ੍ਰਦਰਸ਼ਨ ਦੌਰਾਨ, ਉਸਨੂੰ ਕਈ ਵਾਰ ਇਹ ਯਕੀਨੀ ਬਣਾਉਣਾ ਪੈਂਦਾ ਹੈ। ਉਸ ਨੂੰ ਇਹ ਵੀ ਧਿਆਨ ਰੱਖਣਾ ਪੈਂਦਾ ਹੈ ਕਿ ਪੇਸ਼ਕਾਰੀ ਦੌਰਾਨ ਉਹ ਗ਼ਲਤੀ ਨਾਲ਼ ਆਪਣੇ ਸਾਥੀਆਂ ਜਾਂ ਸਾਜ਼ੋ-ਸਾਮਾਨ ਨੂੰ ਵੀ ਛੇੜ ਨਾ ਦੇਵੇ।
ਇਹ ਸਾਰੇ ਤੋਲਪਾਵਕੂਤੁ ਕਠਪੁਤਲੀ ਕਲਾਕਾਰ ਹਨ। ਇਹ ਅਦਾਕਾਰ ਪ੍ਰਦਰਸ਼ਨ ਦੌਰਾਨ ਹਮੇਸ਼ਾ ਪਰਦੇ ਦੇ ਪਿੱਛੇ ਹੀ ਹੁੰਦੇ ਹਨ।
ਇਸ ਚਿੱਟੇ ਸੂਤੀ ਪਰਦੇ ਦੇ ਦੂਜੇ ਪਾਸੇ, ਹੱਥਾਂ ਵਿੱਚ ਚਮੜੇ ਦੀਆਂ ਕਠਪੁਤਲੀਆਂ ਲੈ ਕੇ ਇਹ ਕਲਾਕਾਰ ਇੱਧਰ-ਉੱਧਰ ਘੁੰਮਦੇ ਰਹਿੰਦੇ ਹਨ। ਉਨ੍ਹਾਂ ਦੇ ਪੈਰਾਂ ਦੇ ਨੇੜੇ ਲਗਭਗ 50-60 ਹੋਰ ਕਠਪੁਤਲੀਆਂ ਪਈਆਂ ਹਨ, ਜੋ ਵਰਤੇ ਜਾਣ ਲਈ ਤਿਆਰ ਹਨ। ਬਾਹਰ, ਸਪੀਕਰ 'ਤੇ ਕਿੱਸਾਗੋਈ ਦੀ ਆਵਾਜ਼ ਸੁਣਾਈ ਦੇ ਰਹੀ ਹੈ ਅਤੇ ਪਰਦੇ 'ਤੇ ਉਸ ਨੂੰ ਪਰਛਾਵੇਂ ਦਰਸਾਉਂਦੇ ਨਜ਼ਰੀਂ ਪੈ ਰਹੇ ਹਨ।
ਇਸ ਕਲਾ ਦਾ ਖ਼ਾਸਾ ਅਜਿਹਾ ਹੈ ਕਿ ਕਲਾਕਾਰਾਂ ਦੀ ਅਸਲ ਮਿਹਨਤ ਅਤੇ ਪ੍ਰਦਰਸ਼ਨ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਇਸ ਲਈ 2021 'ਚ ਜਦੋਂ ਕਠਪੁਤਲੀ ਕਲਾਕਾਰ ਰਾਮਚੰਦਰ ਪੁਲਵਾਰ ਨੂੰ ਦੇਸ਼ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ਼ ਸਨਮਾਨਿਤ ਕੀਤਾ ਗਿਆ ਤਾਂ ਇਹ ਜਸ਼ਨ ਦਾ ਪਲ ਸੀ ਅਤੇ ਪਰਦੇ ਦੇ ਪਿੱਛੇ ਦੇ ਕਲਾਕਾਰ ਦੁਨੀਆ ਦੇ ਸਾਹਮਣੇ ਨਜ਼ਰ ਆਏ। ਆਪਣੇ ਭਾਸ਼ਣ ਵਿੱਚ ਉਨ੍ਹਾਂ ਕਿਹਾ,"ਇਹ ਪੁਰਸਕਾਰ... ਇਹ ਕਲਾਕਾਰਾਂ ਦੇ ਸਮੂਹਿਕ ਯਤਨਾਂ ਦਾ ਨਤੀਜਾ ਹੈ ਜਿਨ੍ਹਾਂ ਨੇ ਪਿਛਲੇ ਕਈ ਸਾਲਾਂ ਤੋਂ ਇਸ ਕਲਾ ਨੂੰ ਜ਼ਿੰਦਾ ਰੱਖਿਆ ਹੈ।''
ਹਾਲਾਂਕਿ, ਪੁਲਵਾਰ ਅਤੇ ਉਨ੍ਹਾਂ ਦੀ ਮੰਡਲੀ ਨੂੰ ਇਸ ਸਫਲਤਾ ਦੀ ਕੀਮਤ ਅਦਾ ਕਰਨੀ ਪਈ। ਉਨ੍ਹਾਂ ਦੇ ਆਲੋਚਕਾਂ ਅਤੇ ਸ਼ਰਧਾਲੂਆਂ ਨੇ ਉਨ੍ਹਾਂ 'ਤੇ ਕਲਾ ਨੂੰ ਕਾਰੋਬਾਰ ਵਿੱਚ ਬਦਲਣ ਦਾ ਦੋਸ਼ ਲਾਇਆ ਹੈ। ਪਰ ਇਨ੍ਹਾਂ ਆਲੋਚਨਾਵਾਂ ਦਾ ਰਾਮਚੰਦਰ 'ਤੇ ਜ਼ਿਆਦਾ ਅਸਰ ਨਹੀਂ ਹੋਇਆ ਹੈ। "ਆਪਣਾ ਢਿੱਡ ਭਰਨ ਲਈ ਇਹਨੂੰ ਵਪਾਰਕ ਹੋਣਾ ਚਾਹੀਦਾ ਹੈ," ਉਹ ਕਹਿੰਦੇ ਹਨ। ''ਜੇ ਅਦਾਕਾਰ ਅਤੇ ਡਾਂਸਰ ਆਪਣੇ ਕੰਮ ਲਈ ਪੈਸੇ ਲੈ ਸਕਦੇ ਹਨ, ਤਾਂ ਅਸੀਂ ਕਠਪੁਤਲੀ ਕਲਾਕਾਰ ਪੈਸੇ ਕਿਉਂ ਨਹੀਂ ਲੈ ਸਕਦੇ?''


ਖੱਬੇ: ਭਾਰਤ ਦੇ ਪੁਲਾੜ ਮਿਸ਼ਨ 'ਤੇ ਅਧਾਰਤ ਤੋਲਪਾਵਕੂਟੂ ਦਾ ਪ੍ਰਦਰਸ਼ਨ। ਰਾਮਚੰਦਰ ਦੀ ਮੰਡਲੀ ਨੇ ਸਕੂਲ ਦੇ ਸਾਲਾਨਾ ਸਮਾਰੋਹ ਦੌਰਾਨ ਪ੍ਰਦਰਸ਼ਨ ਕੀਤਾ ਸੀ। ਸੱਜੇ: ਸ਼ੈਡੋ ਪਪੇਟਰੀ ਜ਼ਰੀਏ ਗਾਂਧੀ ਦੀ ਕਹਾਣੀ ਬਿਆਨ ਹੁੰਦੀ ਹੋਈ
ਰਵਾਇਤੀ ਤੌਰ 'ਤੇ, ਤੋਲਪਾਵਕੂਤੁ ਸਿਰਫ਼ ਕੇਰਲ ਦੇ ਮੰਦਰ ਕੰਪਲੈਕਸਾਂ ਵਿੱਚ ਅਤੇ ਵਾਢੀ ਦੇ ਤਿਉਹਾਰਾਂ ਦੌਰਾਨ ਕੀਤਾ ਜਾਂਦਾ ਸੀ। ਪਰ ਪਿਛਲੇ 20 ਸਾਲਾਂ ਵਿੱਚ, ਪਲੱਕੜ ਜ਼ਿਲ੍ਹੇ ਦੇ ਕਵਲੱਪਰਾ ਕਠਪੁਤਲੀ ਮੰਡਲੀ ਦੇ 63 ਸਾਲਾ ਰਾਮਚੰਦਰ ਅਤੇ ਉਨ੍ਹਾਂ ਦੀ ਟੀਮ ਪੁਰਾਣੇ ਤਰੀਕਿਆਂ ਤੋਂ ਬਾਹਰ ਆ ਗਈ ਹੈ ਅਤੇ ਨਵੇਂ ਯੁੱਗ ਦੇ ਅਨੁਕੂਲ ਹੋਣ ਲਈ ਵੱਖ-ਵੱਖ ਥਾਵਾਂ 'ਤੇ ਤੋਲਪਾਵਕੂਤੁ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ, ਸ਼ੈਡੋ ਕਠਪੁਤਲੀ ਥੀਏਟਰ ਦੀ ਕਲਾ ਸ਼ੈਲੀ ਬਹੁਤ ਸਾਰੀਆਂ ਨਵੀਆਂ ਤਬਦੀਲੀਆਂ ਅਤੇ ਵੱਖ-ਵੱਖ ਪ੍ਰਯੋਗਾਂ ਵਿੱਚੋਂ ਲੰਘੀ ਹੈ। ਤਿਉਹਾਰਾਂ ਦੇ ਮੌਕਿਆਂ 'ਤੇ ਰਵਾਇਤੀ ਕਠਪੁਤਲੀ ਪ੍ਰਦਰਸ਼ਨ ਇੱਥੇ। ਦੇਖੋ: ਅਵਾਮ ਨੂੰ ਸਮਰਪਤ ਤੋਲਪਾਵਕੂਤੁ ਸ਼ੈਲੀ ਦੀ ਕਠਪੁਤਲੀ ਕਲਾ
ਇਹ ਰਾਮਚੰਦਰ ਦੇ ਪਿਤਾ ਕ੍ਰਿਸ਼ਣਨਕੁੱਟੀ ਪੁਲਾਵਰ ਦੁਆਰਾ ਸ਼ੁਰੂ ਕੀਤਾ ਗਿਆ ਸੀ ਜਿਸ ਨੇ ਤੋਲਪਾਵਕੂਤੁ ਨੂੰ ਰਵਾਇਤੀ ਸੰਸਾਰ ਤੋਂ ਬਾਹਰ ਲਿਜਾਣ ਦਾ ਫੈਸਲਾ ਕੀਤਾ ਸੀ। ਪਹਿਲਾਂ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਰਾਮਾਇਣ ਵਰਗੇ ਹਿੰਦੂ ਮਹਾਂਕਾਵਿ ਹੀ ਦਿਖਾਏ ਜਾਂਦੇ ਸਨ, ਪਰ ਹੁਣ ਉਨ੍ਹਾਂ ਵਿੱਚ ਕਈ ਹੋਰ ਕਹਾਣੀਆਂ ਵੀ ਦਰਸਾਈਆਂ ਜਾ ਰਹੀਆਂ ਹਨ। ਮਹਾਤਮਾ ਗਾਂਧੀ ਦੀ ਕਹਾਣੀ, ਕੇਰਲ ਦੀ ਰਵਾਇਤੀ ਕਠਪੁਤਲੀ ਸ਼ੈਲੀ ਵਿੱਚ, ਪਹਿਲੀ ਵਾਰ ਅਕਤੂਬਰ 2004 ਵਿੱਚ ਐਡੱਪਲ ਵਿਖੇ ਪ੍ਰਦਰਸ਼ਿਤ ਕੀਤੀ ਗਈ ਸੀ। ਉਦੋਂ ਤੋਂ, ਇਹ 220 ਤੋਂ ਵੱਧ ਵਾਰ ਪੇਸ਼ ਕੀਤਾ ਜਾ ਚੁੱਕਿਆ ਹੈ।
ਇਸਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ, ਜਿਸ ਤੋਂ ਬਾਅਦ ਕਵਲੱਪਰਾ ਮੰਡਲੀ ਲਈ ਨਵੇਂ ਦਰਵਾਜ਼ੇ ਖੁੱਲ੍ਹ ਗਏ। ਉਨ੍ਹਾਂ ਨੇ ਨਵੀਆਂ ਸਕ੍ਰਿਪਟਾਂ ਤਿਆਰ ਕਰਨੀਆਂ ਸ਼ੁਰੂ ਕੀਤੀਆਂ, ਕਠਪੁਤਲੀ ਬਣਾਉਣ ਲਈ ਕਠਪੁਤਲੀ ਦੇ ਸਕੈਚ ਡਿਜ਼ਾਈਨ ਕੀਤੇ, ਕਲਾ ਦੀਆਂ ਨਵੀਆਂ ਤਕਨੀਕਾਂ ਪੈਦਾ ਕੀਤੀਆਂ, ਬਿਰਤਾਂਤ ਪੇਸ਼ ਕੀਤੇ, ਗੀਤ ਲਿਖਣੇ ਸ਼ੁਰੂ ਕੀਤੇ ਅਤੇ ਉਨ੍ਹਾਂ ਨੂੰ ਸਟੂਡੀਓ ਵਿੱਚ ਰਿਕਾਰਡ ਕਰਨਾ ਸ਼ੁਰੂ ਕੀਤਾ। ਮੰਡਲੀ ਨੇ ਯਿਸੂ ਮਸੀਹ ਦੇ ਜਨਮ, ਮਹਾਬਲੀ, ਪੰਚਤੰਤਰ ਵਰਗੇ ਵਿਸ਼ਿਆਂ 'ਤੇ ਅਧਾਰਤ ਵੱਖ-ਵੱਖ ਪਟਕਥਾ ਵਿਕਸਿਤ ਕੀਤੇ ਹਨ।
ਕਵਲੱਪਰਾ ਦੇ ਕਠਪੁਤਲੀ ਕਲਾਕਾਰਾਂ ਨੇ ਕੁਮਾਰਨ ਆਸ਼ਨ ਦੁਆਰਾ ਲਿਖੀ ਕਵਿਤਾ 'ਚੰਦਲਭਿਕਸ਼ੁਕੀ' ਵਰਗੀਆਂ ਰਚਨਾਵਾਂ 'ਤੇ ਅਧਾਰਤ ਕਹਾਣੀਆਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਵੀ ਕੀਤਾ ਹੈ। ਚੰਦਲਭਿਕਸ਼ੁਕੀ ਦੀ ਕਵਿਤਾ ਬੁੱਧ ਦੇ ਅਧਿਆਤਮਿਕ ਪ੍ਰਭਾਵ ਨੂੰ ਦਰਸਾਉਂਦੀ ਹੈ। ਇਸੇ ਤਰ੍ਹਾਂ, 2000 ਦੇ ਦਹਾਕੇ ਤੋਂ, ਉਨ੍ਹਾਂ ਨੇ ਐੱਚਆਈਵੀ, ਜੰਗਲਾਂ ਦੀ ਕਟਾਈ ਅਤੇ ਚੋਣ ਪ੍ਰਚਾਰ ਬਾਰੇ ਜਾਗਰੂਕਤਾ ਫੈਲਾਉਣ ਲਈ ਵੀ ਕੰਮ ਕੀਤਾ ਹੈ। ਕਠਪੁਤਲੀ ਕਲਾਕਾਰਾਂ ਨੇ ਵਿਭਿੰਨ ਕਲਾ ਰੂਪਾਂ ਅਤੇ ਕਲਾਕਾਰਾਂ ਨਾਲ਼ ਵੀ ਕੰਮ ਕੀਤਾ ਅਤੇ ਰਲ਼ੇ-ਮਿਲ਼ੇ ਪ੍ਰਦਰਸ਼ਨ ਕੀਤੇ।
ਅੱਜ ਦੇ ਯੁੱਗ ਵਿੱਚ ਤੋਲਪਾਵਕੂਤੁ ਦੀ ਨਵੀਨਤਾ, ਲਗਨ ਅਤੇ ਹੋਂਦ ਬਚਾਈ ਰੱਖਣ ਦੀ ਭਾਵਨਾ 'ਤੇ ਅਧਾਰਤ ਇੱਕ ਦਸਤਾਵੇਜ਼ੀ ਫਿਲਮ।
ਇਹ ਕਹਾਣੀ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ (ਐੱਮਐੱਮਐੱਫ) ਦੀ ਫੈਲੋਸ਼ਿਪ ਤਹਿਤ ਲਿਖੀ ਗਈ ਹੈ।
ਤਰਜਮਾ: ਕਮਲਜੀਤ ਕੌਰ