ਫ਼ੋਟੋਗ੍ਰਾਫ਼ੀ ਹਮੇਸ਼ਾ ਹੀ ਹਾਸ਼ੀਏ ਵਾਲੇ ਸਮਾਜਾਂ ਦੀ ਪਹੁੰਚ ਤੋਂ ਬਾਹਰ ਰਹੀ ਹੈ, ਸਿਰਫ਼ ਇਸ ਲਈ ਨਹੀਂ ਕਿ ਉਹ ਕੈਮਰਾ ਨਹੀਂ ਖਰੀਦ ਸਕਦੇ। ਉਹਨਾਂ ਦੇ ਇਸ ਸੰਘਰਸ਼ ਨੂੰ ਸਮਝਦੇ ਹੋਏ, ਮੈਂ ਸੋਚਿਆ ਕਿ ਇਹ ਫ਼ਰਕ ਦੂਰ ਕਰਾਂ ਅਤੇ ਹਾਸ਼ੀਆਗ੍ਰਸਤ ਸਮਾਜ ਦੀ ਨਵੀਂ ਪੀੜ੍ਹੀ ਦੀ ਪਹੁੰਚ ਤੱਕ ਫ਼ੋਟੋਗ੍ਰਾਫ਼ੀ ਲੈ ਕੇ ਜਾਵਾਂ –ਖ਼ਾਸ ਕਰਕੇ ਦਲਿਤਾਂ, ਮਛਵਾਰਿਆਂ, ਟਰਾਂਸ ਸਮਾਜ, ਘੱਟਗਿਣਤੀ ਮੁਸਲਿਮ ਭਾਈਚਾਰੇ ਅਤੇ ਹੋਰ ਉਹ ਲੋਕ ਜੋ ਪੀੜ੍ਹੀਆਂ ਤੋਂ ਜ਼ੁਲਮ ਦਾ ਸ਼ਿਕਾਰ ਹੋ ਰਹੇ ਹਨ।
ਮੈਂ ਚਾਹੁੰਦਾ ਸਾਂ ਕਿ ਮੇਰੇ ਵਿਦਿਆਰਥੀ ਆਪਣੀਆਂ ਅਣਕਹੀਆਂ ਕਹਾਣੀਆਂ ਕਹਿਣ। ਇਹਨਾਂ ਵਰਕਸ਼ਾਪਾਂ ਵਿੱਚ ਉਹ ਆਪਣੀ ਰੋਜ਼ਾਨਾਜ਼ਿੰਦਗੀ ਦੀਆਂ ਚੀਜ਼ਾਂ ਦੀਆਂ ਤਸਵੀਰਾਂ ਲੈ ਰਹੇ ਹਨ। ਇਹ ਉਹਨਾਂ ਦੀਆਂ ਆਪਣੀਆਂ ਕਹਾਣੀਆਂ ਹਨ, ਜੋ ਉਹਨਾ ਦੇ ਦਿਲ ਦੇ ਬੇਹੱਦ ਕਰੀਬ ਹਨ। ਉਹ ਕੈਮਰੇ ਨਾਲ ਤਸਵੀਰਾਂ ਲੈਣੀਆਂ ਪਸੰਦ ਕਰਦੇ ਹਨ। ਮੈਂ ਚਾਹੁੰਦਾ ਹਾਂ ਕਿ ਉਹ ਇਹੀ ਕਰਨ ਅਤੇ ਫਰੇਮ ਕਿਵੇਂ ਬਣਾਉਣਾ ਹੈ ਜਾਂ ਕਿਸ ਐਂਗਲ ਤੋਂ ਤਸਵੀਰ ਲੈਣੀ ਹੈ, ਇਹ ਬਾਅਦ ਵਿੱਚ ਸੋਚਣ।
ਜੋ ਤਸਵੀਰਾਂ ਉਹ ਆਪਣੀ ਜਿੰਦਗੀ ’ਚੋਂ ਲੈਂਦੇ ਹਨ; ਉਹ ਵੱਖਰੀਆਂ ਹਨ।
ਜਦ ਉਹ ਮੈਨੂੰ ਤਸਵੀਰਾਂ ਦਿਖਾਉਂਦੇ ਹਨ ਤਾਂ ਮੈਂ ਤਸਵੀਰ ਵਿਚਲੀ ਸਿਆਸਤ ਬਾਰੇ ਅਤੇ ਹਾਲਾਤਾਂ ਬਾਰੇ ਤਸਵੀਰ ਕੀ ਕਹਿੰਦੀ ਹੈ, ਉਸ ਬਾਰੇ ਵੀ ਚਰਚਾ ਕਰਦਾ ਹਾਂ। ਵਰਕਸ਼ਾਪ ਤੋਂ ਬਾਅਦ ਉਹ ਵੱਡੇ ਸਮਾਜਿਕ-ਸਿਆਸੀ ਮੁੱਦਿਆਂ ਬਾਰੇ ਜਾਣੂੰ ਹੋ ਜਾਂਦੇ ਹਨ।


ਖੱਬੇ : ਮਾਗਾ ਅੱਕਾ ਨਾਗਾਪੱਟੀਣਮ ਤੱਟ ’ ਤੇ ਇੱਕ ਮਛਵਾਰੇ ਦੀਆਂ ਖਿੱਚੀਆਂ ਤਸਵੀਰਾਂ ਵਿਖਾ ਰਹੀ ਹੈ। ਸੱਜੇ : ਹਾਇਰੂ ਨਿਸ਼ਾ ਚੇਨੱਈ ਨੇੜੇ ਕੋਸਸਤਲਈਯਾਰ ਦਰਿਆ ’ ਚ ਤਸਵੀਰਾਂ ਖਿੱਚ ਰਹੀ ਹੈ

ਚੇਨੱਈ ਦੇ ਵਿਆਸਰਬਾੜੀ ਵਿੱਚ ਡਾ. ਅੰਬੇਦਕਰ ਪਗਥਰੀਵ ਪਾੜਾਸਾਲਾਈ ਦੇ ਵਿਦਿਆਰਥੀਆਂ ਦੀ ਫ਼ੋਟੋਗ੍ਰਾਫ਼ੀ ਕਲਾਸ ਲੈਂਦੇ ਹੋਏ ਐਮ. ਪਲਾਨੀ ਕੁਮਾਰ
ਜ਼ਿਆਦਾਤਰ ਤਸਵੀਰਾਂ ਨੇੜਿਉਂ ਲਈਆਂ ਹੋਈਆਂ ਹਨ ਅਤੇ ਉਹ ਹੀ ਐਨੀ ਨੇੜੇ ਜਾ ਸਕਦੇ ਹਨ ਕਿਉਂਕਿ ਇਹ ਉਹਨਾ ਦਾ ਆਪਣਾ ਪਰਿਵਾਰ ਤੇ ਘਰ ਹੈ। ਬਾਕੀ ਹਰ ਕੋਈ ਬਾਹਰਲਾ ਹੈ ਅਤੇ ਉਸਨੂੰ ਥੋੜ੍ਹੀ ਦੂਰੀ ਬਣਾ ਕੇ ਰੱਖਣੀ ਪਵੇਗੀ। ਉਹ ਦੂਰੀ ਨਹੀਂ ਬਣਾਉਂਦੇ ਕਿਉਂਕਿ ਉਹਨਾਂ ਨੇ ਜਿਸਦੀ ਤਸਵੀਰ ਲੈਣੀ ਹੈ, ਉਸ ਦਾ ਪਹਿਲਾਂ ਹੀ ਆਪਣੇ ’ਤੇ ਭਰੋਸਾ ਬਣਾ ਲਿਆ ਹੈ।
ਕੁਝ ਆਪਣੇ ਵਰਗੇ ਵਿਚਾਰਾਂ ਵਾਲੇ ਲੋਕਾਂ ਦੀ ਮਦਦ ਨਾਲ, ਮੈਂ ਵਿਦਿਆਰਥੀਆਂ ਲਈ ਕੈਮਰੇ ਖਰੀਦੇ –DSLR ਕੈਮਰੇ ਜਿਸ ਨਾਲ਼ ਉਨ੍ਹਾਂ ਨੂੰ ਪਹਿਲਾਂ ਅਨੁਭਵ ਹੋਵੇਗਾ ਤੇ ਬਾਅਦ ਵਿੱਚ ਪੇਸ਼ੇਵਰ ਤੌਰ ’ਤੇ ਫਾਇਦਾ ਵੀ।
ਉਹਨਾਂ ਦਾ ਕੀਤਾ ਕੁਝ ਕੰਮ ‘ਰੀਫਰੇਮਡ –ਨੌਜਵਾਨ ਬਸ਼ਿੰਦਿਆਂ ਦੀ ਨਜ਼ਰ ਵਿੱਚ ਉੱਤਰੀ ਚੇਨੱਈ’ ਤਹਿਤ ਦਰਜ ਕੀਤਾ ਗਿਆ ਹੈ। ਇਸਦਾ ਮਕਸਦ ਬਾਹਰੀ ਲੋਕਾਂ ਵੱਲੋਂ ਉੱਤਰੀ ਚੇਨੱਈ ਦੀ ਉਦਯੋਗ ਹੱਬ ਵਜੋਂ ਬਣਾਈ ਰੂੜ੍ਹੀਵਾਦੀ ਤਸਵੀਰ ਨੂੰ ਤੋੜਨ ਅਤੇ ਮੁੜ ਇਸਦੇ ਨਿਰਮਾਣ ਲਈ ਸਮਾਜ ਨੂੰ ਜਗਾਉਣਾ ਹੈ।
12 ਨੌਜਵਾਨ (ਉਮਰ 16 ਤੋਂ 21 ਸਾਲ) ਮੇਰੇ ਨਾਲ 10 ਦਿਨ ਦੀ ਵਰਕਸ਼ਾਪ ਵਿੱਚ ਸ਼ਾਮਲ ਹੋਏ ਜੋ ਮਦੁਰਾਈ ਦੇ ਮੰਜਮੇੜ ਦੇ ਸਫਾਈ ਵਰਕਰਾਂ ਦੇ ਬੱਚੇ ਹਨ। ਇਸ ਹਾਸ਼ੀਆਗ੍ਰਸਤ ਸਮਾਜ ਦੇ ਬੱਚਿਆਂ ਲਈ ਇਹ ਪਹਿਲੀ ਅਜਿਹੀ ਵਰਕਸ਼ਾਪ ਸੀ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੇ ਪਹਿਲੀ ਵਾਰ ਉਹ ਹਾਲਾਤ ਦੇਖੇ ਜਿਹਨਾਂ ਵਿੱਚ ਉਹਨਾਂ ਦੇ ਮਾਪੇ ਕੰਮ ਕਰਦੇ ਹਨ। ਉਹਨਾਂ ’ਚ ਆਪਣੀ ਕਹਾਣੀ ਦੁਨੀਆ ਨੂੰ ਦੱਸਣ ਦੀ ਚਾਹ ਜਾਗੀ।
ਮੈਂ ਓਡੀਸ਼ਾ ਦੇ ਕੰਜਮ ਦੀਆਂ ਸੱਤ ਮਛਵਾਰਨਾਂ ਅਤੇ ਤਮਿਲਨਾਡੂ ਦੇ ਨਾਗਾਪੱਟੀਣਮ ਦੀਆਂ ਅੱਠ ਮਛਵਾਰਨਾਂ ਲਈ ਵੀ ਤਿੰਨ ਮਹੀਨੇ ਦੀ ਵਰਕਸ਼ਾਪ ਲਾਈ। ਕੰਜਮ ਅਜਿਹਾ ਇਲਾਕਾ ਹੈ ਜਿਸ ’ਤੇ ਸਮੁੰਦਰੀ ਖੋਰ ਦਾ ਬਹੁਤ ਅਸਰ ਪਿਆ ਹੈ। ਨਾਗਾਪੱਟੀਣਮ ਐਸਾ ਤੱਟਵਰਤੀ ਇਲਾਕਾ ਹੈ ਜਿੱਥੇ ਕਾਫੀ ਸਾਰੇ ਪਰਵਾਸੀ ਕਾਮੇ ਅਤੇ ਮਛਵਾਰੇ ਹਨ ਜੋ ਲਗਾਤਾਰ ਸ੍ਰੀ ਲੰਕਾ ਦੀ ਜਲ ਸੈਨਾ ਦੇ ਨਿਸ਼ਾਨੇ ’ਤੇ ਰਹਿੰਦੇ ਹਨ।
ਇਹਨਾਂ ਵਰਕਸ਼ਾਪਾਂ ਨਾਲ ਉਹਨਾਂ ਦਰਪੇਸ਼ ਵੱਖਰੀਆਂ ਸਮੱਸਿਆਵਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ।


ਨਾਗਾਪੱਟੀਣਮ (ਖੱਬੇ) ਅਤੇ ਕੰਜਮ (ਸੱਜੇ) ਵਿੱਚ ਮਛਵਾਰਨਾਂ ਪਲਾਨੀ ਦੀ ਫ਼ੋਟੋਗ੍ਰਾਫ਼ੀ ਕਲਾਸ ਦੌਰਾਨ
ਚ.
ਪ੍ਰਤਿਮਾ, 22
ਦਕਸ਼ਿਨ ਫਾਊਂਡੇਸ਼ਨ ਵਿੱਚ ਫੀਲਡ ਸਟਾਫ
ਪੋੜਾਮਪੇਟਾ, ਕੰਜਮ, ਓਡੀਸ਼ਾ
ਤਸਵੀਰਾਂ ਖਿੱਚਣ ਨਾਲ ਮੈਂ ਆਪਣੇ ਸਮਾਜ ਦੇ ਕੰਮ ਪ੍ਰਤੀ ਆਦਰ ਦਿਖਾ ਸਕੀ ਅਤੇ ਇਸਨੇ ਮੈਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਦੇ ਹੋਰ ਕਰੀਬ ਲੈ ਆਂਦਾ।
ਖੇਡ-ਖੇਡ ਵਿੱਚ ਦਹਾਨੇ ’ਚ ਕਿਸ਼ਤੀ ਪਲਟਦੇ ਬੱਚਿਆਂ ਦੀ ਤਸਵੀਰ ਮੇਰੀਆਂ ਪਸੰਦੀਦਾ ਤਸਵੀਰਾਂ ’ਚੋਂ ਇੱਕ ਹੈ। ਤੁਰਦੇ ਜਾਂਦੇ ਸਮੇਂ ਦੇ ਕਿਸੇ ਪਲ ਨੂੰ ਰੋਕ ਦੇਣਾ ਇਹੀ ਫ਼ੋਟੋਗ੍ਰਾਫ਼ੀ ਦੀ ਹੀ ਤਾਕਤ ਹੈ ਜੋ ਮੈਨੂੰ ਸਮਝ ਆਈ।
ਮੈਂ ਆਪਣੇ ਮਛਵਾਰੇ ਸਮਾਜ ਦੇ ਇੱਕ ਮੈਂਬਰ ਦੀ ਤਸਵੀਰ ਲਈ ਜੋ ਸਮੁੰਦਰੀ ਖੋਰ ਨਾਲ ਨੁਕਸਾਨੇ ਗਏ ਘਰ ’ਚੋਂ ਸਮਾਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਤਸਵੀਰ ਜਲਵਾਯੂ ਪਰਿਵਰਤਨ ਕਾਰਨ ਹਾਸ਼ੀਆਗ੍ਰਸਤ ਸਮਾਜਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਦਰਸਾਉਂਦੀ ਹੈ ਅਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਇਹ ਤਸਵੀਰ ਲਈ।
ਜਦ ਮੈਨੂੰ ਪਹਿਲੀ ਵਾਰ ਕੈਮਰਾ ਮਿਲਿਆ, ਮੈਨੂੰ ਨਹੀਂ ਸੀ ਲੱਗਿਆ ਕਿ ਮੈਂ ਇਸ ਨੂੰ ਵਰਤ ਪਾਵਾਂਗੀ। ਮੈਨੂੰ ਮਹਿਸੂਸ ਹੋਇਆ ਜਿਵੇਂ ਮੈਂ ਕੋਈ ਭਾਰੀ ਮਸ਼ੀਨ ਚੁੱਕੀ ਹੋਵੇ। ਇਹ ਬਿਲਕੁਲ ਨਵਾਂ ਅਹਿਸਾਸ ਸੀ। ਪਹਿਲਾਂ ਮੈਂ ਆਪਣੇ ਫੋਨ ਨਾਲ ਬੇਤਰਤੀਬ ਤਸਵੀਰਾਂ ਲੈਂਦੀ ਸੀ ਪਰ ਇਸ ਵਰਕਸ਼ਾਪ ਨੇ ਮੈਨੂੰ ਤਾਲਮੇਲ ਬਿਠਾਉਣ ਅਤੇ ਤਸਵੀਰਾਂ ਜ਼ਰੀਏ ਕਹਾਣੀਆਂ ਕਹਿਣ ਦਾ ਹੁਨਰ ਸਿਖਾਇਆ। ਸ਼ੁਰੂਆਤ ਵਿੱਚ ਫ਼ੋਟੋਗ੍ਰਾਫ਼ੀ ਦੇ ਸਿਧਾਂਤ ਉਲਝਾਵੇਂ ਲੱਗੇ ਪਰ ਫੀਲਡ ਵਰਕਸ਼ਾਪ ਅਤੇ ਕੈਮਰੇ ’ਤੇ ਕੰਮ ਕਰਕੇ ਹਰ ਚੀਜ਼ ਸਮਝ ਆਉਂਦੀ ਗਈ ਅਤੇ ਮੈਂ ਕਲਾਸ ’ਚ ਦੱਸੇ ਗਏ ਸਿਧਾਤਾਂ ਨੂੰ ਅਸਲ ਜ਼ਿੰਦਗੀ’ਚ ਵਰਤ ਸਕੀ।

ਪੋੜਮਪੇਟਾ ਵਿੱਚ ਲੈਂਡਿੰਗ ਸੈਂਟਰ ’ਤੇ ਆਪਣੇ ਜਾਲ ਸਾਫ਼ ਕਰਦੇ ਮਛਵਾਰੇ

ਓਡੀਸ਼ਾ ਦੇ ਕੰਜਮ ਜ਼ਿਲ੍ਹੇ ’ ਚ ਮੱਛੀਆਂ ਫੜਨ ਲਈ ਜਾਲ ਸੁੱਟਣ ਦੀ ਤਿਆਰੀ ਕਰਦੇ ਮਛਵਾਰੇ

ਓਡੀਸ਼ਾ ਦੇ ਅਰਜੀਪੱਲੀ ਮੱਛੀ ਬੰਦਰਗਾਹ ’ਤੇ ਮੈਕਰਲ ਮੱਛੀ ਦੀ ਲੱਗਦੀ ਬੋਲੀ

ਪੋੜਾਮਪੇਟਾ ’ ਚ ਇੱਕ ਘਰ ਜੋ ਸਮੁੰਦਰੀ ਖੋਰ ਕਾਰਨ ਨੁਕਸਾਨਿਆ ਗਿਆ ਅਤੇ ਰਹਿਣ ਲਾਇਕ ਨਹੀਂ ਬਚਿਆ

ਪੋੜਮਪੇਟਾ ਪਿੰਡ ਦੀ ਇੱਕ ਵਿਦਿਆਰਥਣ ਸਕੂਲ ਤੋਂ ਘਰ ਪਰਤ ਰਹੀ ਹੈ। ਸਾਲਾਂ ਬੱਧੀ ਸਮੁੰਦਰੀ ਖੋਰ ਕਾਰਨ ਰਾਹ ਨੁਕਸਾਨਿਆ ਗਿਆ ਹੈ ; ਪੂਰਾ ਪਿੰਡ ਇਸੇ ਕਰਕੇ ਪਰਵਾਸ ਕਰ ਚੁੱਕਿਆ ਹੈ

ਲਗਾਤਾਰ ਹੋ ਰਹੇ ਸਮੁੰਦਰੀ ਖੋਰ ਨੇ ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ

ਓਡੀਸ਼ਾ ਦੇ ਕੰਜਮ ਜ਼ਿਲ੍ਹੇ ਦੇ ਅਰਜੀਪੱਲੀ ਪਿੰਡ ’ ਚ ਖੋਰ ਦੀ ਤਸਵੀਰ

ਪੋੜਾਮਪੇਟਾ ਪਿੰਡ ਵਿੱਚ ਇੱਕ ਘਰ ਦੇ ਬਚੇ ਅੰਸ਼ ਦੇਖ ਰਹੀ ਅਉਥੀ
*****
ਪੀ. ਇੰਦਰਾ,
22
BSc
ਭੌਤਿਕ ਵਿਗਿਆਨ, ਡਾ. ਅੰਬੇਦਕਰ ਈਵਨਿੰਗ
ਸਿੱਖਿਆ ਕੇਂਦਰ
ਆਰਾਪਾਲਾਇਅਮ, ਮਦੁਰਾਈ, ਤਮਿਲਨਾਡੂ
“ਆਪਣੇ ਆਪ ਨੂੰ, ਆਪਣੇ ਆਲੇ-ਦੁਆਲੇ ਨੂੰ ਅਤੇ ਆਪਣੇ ਲੋਕਾਂ ਨੂੰ ਕੰਮ ਕਰਦੇ ਹੋਏ ਡਾਕੂਮੈਂਟ ਕਰੋ।”
ਇਹ ਮੈਨੂੰ ਪਲਾਨੀ ਅੰਨਾ ਨੇ ਕੈਮਰਾ ਦਿੰਦੇ ਹੋਏ ਕਿਹਾ। ਮੈਂ ਵਰਕਸ਼ਾਪ ’ਚ ਆ ਕੇ ਬਹੁਤ ਖੁਸ਼ ਹੋਈ ਕਿਉਂਕਿ ਪਹਿਲਾਂ ਮੇਰੇ ਪਿਤਾ ਨੇ ਇਜਾਜ਼ਤ ਨਹੀਂ ਦਿੱਤੀ ਅਤੇ ਉਹਨਾਂ ਨੂੰ ਇਜਾਜ਼ਤ ਦੇਣ ਲਈ ਕਾਫ਼ੀ ਮਨਾਉਣਾ ਪਿਆ। ਆਖਰ ਨੂੰ ਉਹ ਮੇਰੀ ਫ਼ੋਟੋਗ੍ਰਾਫ਼ੀ ਦੇ ਪਾਤਰ ਬਣ ਗਏ।
ਮੈਂ ਸਫਾਈ ਕਰਮਚਾਰੀਆਂ ਵਿਚਕਾਰ ਰਹਿੰਦੀ ਹਾਂ। ਮੇਰੇ ਪਿਤਾ ਵਾਂਗ ਉਹ ਵੀ ਨਿਰਦਈ ਜਾਤ ਪ੍ਰਣਾਲੀ ਕਾਰਨ ਆਪਣੇ ਆਪ ਨੂੰ ਜੱਦੀ ਕੰਮ ਵਿੱਚ ਬੱਝਾ ਪਾਉਂਦੇ ਹਨ। ਵਰਕਸ਼ਾਪ ’ਚ ਸ਼ਾਮਲ ਹੋਣ ਤੋਂ ਪਹਿਲਾਂ ਮੈਂ ਉਹਨਾਂ ਦੇ ਕੰਮ ਅਤੇ ਚੁਣੌਤੀਆਂ ਤੋਂ ਜਾਣੂੰ ਨਹੀਂ ਸੀ, ਭਾਵੇਂ ਕਿ ਮੇਰੇ ਪਿਤਾ ਵੀ ਉਹਨਾਂ ’ਚੋਂ ਇੱਕ ਸਨ। ਮੈਨੂੰ ਸਿਰਫ਼ ਇੱਕ ਹੀ ਚੀਜ਼ ਦੱਸੀ ਜਾਂਦੀ ਸੀ ਕਿ ਚੰਗੀ ਪੜ੍ਹਾਈ ਕਰਕੇ ਸਰਕਾਰੀ ਨੌਕਰੀ ਲੈਣੀ ਹੈ ਅਤੇ ਕਦੇ ਵੀ ਸਫਾਈ ਕਰਮਚਾਰੀ ਨਹੀਂ ਬਣਨਾ – ਸਾਡੇ ਸਕੂਲ ਅਧਿਆਪਕ ਸਾਨੂੰ ਇਹੀ ਕਹਿੰਦੇ ਰਹਿੰਦੇ।
ਆਪਣੇ ਪਿਤਾ ਨਾਲ ਦੋ-ਤਿੰਨ ਦਿਨ ਉਹਨਾਂ ਦੇ ਕੰਮ ’ਤੇ ਜਾ ਕੇ ਅਤੇ ਉਹਨਾਂ ਨੂੰ ਡਾਕੂਮੈਂਟ ਕਰਕੇ ਮੈਨੂੰ ਆਪਣੇ ਪਿਤਾ ਦਾ ਕੰਮ ਸਮਝ ਆਇਆ। ਮੈਂ ਉਹ ਵਿਰੋਧਮਈ ਹਾਲਾਤ ਦੇਖੇ ਜਿਹਨਾਂ ’ਚ ਸਫਾਈ ਕਾਮੇ ਕੰਮ ਕਰਦੇ ਹਨ – ਘਰੇਲੂ ਅਤੇ ਜ਼ਹਿਰੀਲੇ ਕੂੜੇ ਨੂੰ ਬਿਨ੍ਹਾਂ ਸਹੀ ਦਸਤਾਨਿਆਂ ਅਤੇ ਜੁੱਤਿਆਂ ਦੇ ਸਾਂਭਣਾ। ਸਵੇਰੇ ਸਹੀ 6 ਵਜੇ ਉਹਨਾਂ ਨੇ ਪਹੁੰਚਣਾ ਹੁੰਦਾ ਹੈ, ਅਤੇ ਜੇ ਇੱਕ ਪਲ ਵੀ ਦੇਰ ਹੋ ਜਾਵੇ ਤਾਂ ਜਿਹਨਾਂ ਠੇਕੇਦਾਰਾਂ ਅਤੇ ਅਧਿਕਾਰੀਆਂ ਹੇਠਾਂ ਉਹ ਕੰਮ ਕਰਦੇ ਹਨ, ਉਹ ਉਹਨਾਂ ਨਾਲ ਅਣਮਨੁੱਖੀ ਵਿਹਾਰ ਕਰਦੇ ਹਨ।
ਆਪਣੀ ਜ਼ਿੰਦਗੀ ਬਾਰੇ ਜੋ ਚੀਜ਼ਾਂ ਮੇਰੀ ਨਜ਼ਰੀਂ ਨਹੀਂ ਸੀ ਪਈਆਂ, ਉਹ ਚੀਜ਼ਾਂ ਮੈਨੂੰ ਕੈਮਰੇ ਨੇ ਵਿਖਾਈਆਂ। ਇਸ ਤਰੀਕੇ ਇਹ ਤੀਸਰੀ ਅੱਖ ਖੁੱਲ੍ਹਣ ਵਰਗਾ ਸੀ। ਜਦ ਮੈਂ ਆਪਣੇ ਪਿਤਾ ਦੀਆਂ ਤਸਵੀਰਾਂ ਲਈਆਂ ਤਾਂ ਉਹਨਾਂ ਨੇ ਆਪਣੀਆਂ ਰੋਜ਼ਾਨਾ ਦੀਆਂ ਚੁਣੌਤੀਆਂ ਮੇਰੇ ਨਾਲ ਸਾਂਝੀਆਂ ਕੀਤੀਆਂ ਅਤੇ ਦੱਸਿਆ ਕਿ ਕਿਵੇਂ ਆਪਣੀ ਜਵਾਨੀ ਦੇ ਦਿਨਾਂ ਤੋਂ ਉਹ ਇਸੇ ਨੌਕਰੀ ਵਿੱਚ ਫਸੇ ਹੋਏ ਹਨ। ਇਹਨਾਂ ਵਾਰਤਾਲਾਪਾਂ ਨੇ ਸਾਡੇ ਵਿਚਕਾਰ ਸਾਂਝ ਨੂੰ ਹੋਰ ਮਜ਼ਬੂਤ ਕਰ ਦਿੱਤਾ।
ਇਹ ਵਰਕਸ਼ਾਪ ਸਾਡੇ ਸਾਰਿਆਂ ਦੀ ਜ਼ਿੰਦਗੀ’ਚ ਇੱਕ ਅਹਿਮ ਮੋੜ ਸੀ।

ਮਦੁਰਾਈ ਦੇ ਕੋਮਾਸ ਪਾਲਾਇਮ ਦੇ ਬਸ਼ਿੰਦੇ ਆਪਣੇ ਘਰ ਵਿੱਚ

ਇੰਦਰਾ ਦੇ ਪਿਤਾ ਪਾਂਡੀ, ਪੀ. ਨੂੰ 13 ਸਾਲ ਪਹਿਲਾਂ ਸਫਾਈ ਦੇ ਕੰਮ ’ ਚ ਪੈਣਾ ਪਿਆ ਕਿਉਂਕਿ ਉਹਨਾਂ ਦੇ ਮਾਪਿਆਂ ਕੋਲ ਉਹਨਾਂ ਦੀ ਪੜ੍ਹਾਈ ਲਈ ਪੈਸੇ ਨਹੀਂ ਸਨ – ਉਹ ਵੀ ਸਫਾਈ ਕਰਮਚਾਰੀ ਸਨ। ਉਹਨਾਂ ਵਰਗੇ ਕਾਮੇ ਸਹੀ ਤਰੀਕੇ ਦੇ ਦਸਤਾਨਿਆਂ ਅਤੇ ਜੁੱਤਿਆਂ ਦੀ ਅਣਹੋਂਦ ਕਾਰਨ ਚਮੜੀ ਦੇ ਰੋਗਾਂ ਅਤੇ ਹੋਰ ਬਿਮਾਰੀਆਂ ਤੋਂ ਪੀੜਤ ਹਨ

ਬਿਨ੍ਹਾਂ ਸੁਰੱਖਿਆ ਉਪਕਰਨਾਂ ਦੇ ਪਾਂਡੀ ਜਨਤਕ ਪਖਾਨੇ ਸਾਫ਼ ਕਰਦੇ ਹੋਏ। ਉਹਨਾਂ ਦੀ ਕਮਾਈ ਨਾਲ ਉਹਨਾਂ ਦੇ ਬੱਚੇ ਸਿੱਖਿਆ ਲੈ ਪਾ ਰਹੇ ਹਨ : ਅੱਜ ਦੇ ਸਮੇਂ ਉਹ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਹੇ ਹਨ

ਕਾਲੇਸ਼ਵਰੀ ਸਫਾਈ ਕਾਮੇ ਦੀ ਬੇਟੀ ਤੇ ਪਤਨੀ ਹੈ। ਉਸਦਾ ਕਹਿਣਾ ਹੈ ਕਿ ਸਿੱਖਿਆ ਇੱਕੋ-ਇੱਕ ਸਾਧਨ ਹੈ ਜਿਸ ਜ਼ਰੀਏ ਉਸਦੇ ਬੱਚੇ ਇਸ ਭਿਆਨਕ ਚੱਕਰ ’ ਚੋਂ ਨਿਕਲ ਸਕਦੇ ਹਨ
*****
ਸੁਗੰਥੀ ਮਾਣਿਕਾਵੇਲ, 27
ਮਛਵਾਰਨ
ਨਾਗਾਪੱਟੀਣਮ, ਤਮਿਲਨਾਡੂ
ਕੈਮਰੇ ਨੇ ਮੇਰਾ ਨਜ਼ਰੀਆ ਬਦਲ ਦਿੱਤਾ। ਕੈਮਰਾ ਫੜ ਕੇ ਮੈਨੂੰ ਸੁਤੰਤਰਤਾ ਅਤੇ ਆਪਣੇ ਆਪ ’ਤੇ ਭਰੋਸੇ ਦਾ ਅਹਿਸਾਸ ਹੋਇਆ। ਇਸ ਨਾਲ ਮੈਂ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕੀਤੀ। ਭਾਵੇਂ ਮੈਂ ਆਪਣੀ ਸਾਰੀ ਜ਼ਿੰਦਗੀ ਨਾਗਾਪੱਟੀਣਮ ਵਿੱਚ ਹੀ ਰਹੀ, ਪਰ ਇਹ ਪਹਿਲਾ ਮੌਕਾ ਸੀ ਜਦ ਮੈਂ ਕੈਮਰਾ ਲੈ ਕੇ ਬੰਦਰਗਾਹ ’ਤੇ ਗਈ।
ਮੈਂ ਆਪਣੇ 60 ਸਾਲਾ ਪਿਤਾ ਮਾਣੀਕਾਵੇਲ ਦੀਆਂ ਤਸਵੀਰਾਂ ਲਈਆਂ ਜੋ ਪੰਜ ਸਾਲ ਦੀ ਉਮਰ ਤੋਂ ਮੱਛੀਆਂ ਫੜ ਰਹੇ ਹਨ। ਉਹਨਾਂ ਦੇ ਪੈਰਾਂ ਦੀਆਂ ਉਂਗਲਾਂ ਲੰਮਾ ਸਮਾਂਖਾਰੇ ਪਾਣੀ ਦੇ ਸੰਪਰਕ ’ਚ ਰਹਿਣ ਕਰਕੇ ਸੁੰਨ ਹੋ ਚੁੱਕੀਆਂ ਹਨ; ਉਹਨਾਂ ਦੇ ਪੈਰਾਂ ’ਚ ਹੁਣ ਖੂਨ ਦਾ ਸੰਚਾਰ ਬਹੁਤ ਘੱਟ ਹੈ ਪਰ ਉਹ ਫੇਰ ਵੀ ਸਾਡੇ ਗੁਜ਼ਾਰੇ ਲਈ ਹਰ ਰੋਜ਼ ਮੱਛੀਆਂ ਫੜਦੇ ਹਨ।
ਪੂਪਥੀ ਅੰਮਾ, 56, ਵੇਲਾਪੱਲਮ ਤੋਂ ਹਨ। 2002 ’ਚ ਉਹਨਾਂ ਦੇ ਪਤੀ ਨੂੰ ਸ੍ਰੀ ਲੰਕਾ ਦੀ ਸਮੁੰਦਰੀ ਫੌਜ ਨੇ ਮਾਰ ਦਿੱਤਾ ਅਤੇ ਉਦੋਂ ਤੋਂ ਉਹਨਾਂ ਨੇ ਆਪਣੇ ਗੁਜ਼ਾਰੇ ਲਈ ਮੱਛੀ ਖਰੀਦਣੀ ਅਤੇ ਵੇਚਣੀ ਸ਼ੁਰੂ ਕਰ ਦਿੱਤੀ। ਇੱਕ ਹੋਰ ਮਛਵਾਰਨ ਥੰਗਮਲ ਜਿਸਦੀ ਮੈਂ ਤਸਵੀਰ ਲਈ, ਉਸਦੇ ਪਤੀ ਨੂੰ ਗਠੀਆ ਹੈ ਅਤੇ ਉਹਨਾਂ ਦੇ ਬੱਚੇ ਅਜੇ ਸਕੂਲ ਜਾਂਦੇ ਹਨ ਅਤੇ ਇਸ ਲਈ ਉਸਨੇ ਨਾਗਾਪੱਟੀਣਮ ਦੀਆਂ ਗਲੀਆਂ ’ਚ ਮੱਛੀ ਵੇਚਣੀ ਸ਼ੁਰੂ ਕੀਤੀ। ਪਲੰਗਲੀਮੇਦੂ ਦੀਆਂ ਔਰਤਾਂ ਸਮੁੰਦਰ ’ਚੋਂ ਝੀਂਗੇ ਦੇ ਜਾਲ ’ਚ ਮੱਛੀਆਂ ਫੜਦੀਆਂ ਹਨ ; ਮੈਂ ਦੋਵਾਂ ਹੀ ਤਰ੍ਹਾਂ ਦੇ ਰੁਜ਼ਗਾਰ ਦੀਆਂ ਤਸਵੀਰਾਂ ਲਈਆਂ।
ਭਾਵੇਂ ਮੈਂ ਮਛਵਾਰਿਆਂ ਦੇ ਪਿੰਡ ’ਚ ਜਨਮੀ, ਪਰ ਇੱਕ ਉਮਰ ਦੇ ਬਾਅਦ ਮੈਂ ਕਦੇ ਹੀ ਕਿਨਾਰੇ ’ਤੇ ਗਈ। ਜਦ ਮੈਂ ਤਸਵੀਰਾਂ ਜ਼ਰੀਏ ਦਸਤਾਵੇਜੀਕਰਨ ਕਰਨਾ ਸ਼ੁਰੂ ਕੀਤਾ ਤਾਂ ਮੈਂ ਆਪਣੇ ਸਮਾਜ ਅਤੇ ਰੋਜ਼ਾਨਾਦੀ ਜ਼ਿੰਦਗੀ ਦੀਆਂ ਆਪਣੀਆਂ ਸਮੱਸਿਆਵਾਂ ਨੂੰ ਸਮਝ ਪਾਈ।
ਮੈਂ ਇਸ ਵਰਕਸ਼ਾਪ ਨੂੰ ਆਪਣੀ ਜ਼ਿੰਦਗੀ ਦੇ ਸਭ ਤੋਂ ਅਹਿਮ ਮੌਕਿਆਂ ’ਚੋਂ ਇੱਕ ਮੰਨਦੀ ਹਾਂ।

ਨਾਗਾਪੱਟੀਣਮ ਦੇ ਵੇਲਾਪਮ ’ਚ ਸਕਤੀਵੇਲ ਅਤੇ ਵਿਜੇ ਝੀਂਗਿਆਂ ਨੂੰ ਫੜਨ ਲਈ ਲਾਏ ਜਾਲਾਂ ਨੂੰ ਖਿੱਚ ਰਹੇ ਹਨ

ਆਪਣੇ ਜਾਲਾਂ ’ਚੋਂ ਝੀਂਗੇ ਇਕੱਠੇ ਕਰਨ ਤੋਂ ਬਾਅਦ ਕੋਡੀਸੇਲਵੀ ਵਣਾਵਣਮਹਾਦੇਵੀ ’ਚ ਕਿਨਾਰੇ ’ਤੇ ਆਰਾਮ ਕਰ ਰਹੀ ਹੈ

ਨਾਗਾਪੱਟੀਣਮ ਦੇ ਵਣਾਵਣਮਹਾਦੇਵੀ ’ਚ ਆਰੂਮੁਗਮ ਅਤੇ ਕੁੱਪਾਮਾਲ ਆਪਣੇ ਜਾਲਾਂ ’ਚ ਫਸੇ ਝੀਂਗਿਆਂ ਨੂੰ ਲੱਭ ਰਹੇ ਹਨ।

ਇੰਦਰਾ ਗਾਂਧੀ (ਫੋਕਸ ਵਿੱਚ) ਝੀਂਗੇ ਦੇ ਜਾਲਾਂ ਨੂੰ ਖਿੱਚਣ ਦੀ ਤਿਆਰੀ ’ਚ

ਅਵਰੀਕਾੜ ਵਿੱਚ ਕੇਸਵਨ ਨਹਿਰ ’ਚ ਜਾਲ ਸੁੱਟਣ ਦੀ ਤਿਆਰੀ ਕਰਦਾ ਹੋਇਆ

ਜਦੋਂ ਛੋਟੀਆਂ ਸਮੁੰਦਰੀ ਮੱਛੀਆਂ ਦਾ ਮੌਸਮ ਹੁੰਦਾ ਹੈ ਤਾਂ ਇਹਨਾਂ ਨੂੰ ਫੜਨ ਲਈ ਕਈ ਮਛਵਾਰਿਆਂ ਦੀ ਲੋੜ ਪੈਂਦੀ ਹੈ
*****
ਲਕਸ਼ਮੀ
ਐਮ., 42
ਮਛਵਾਰਨ
ਥਿਰੂਮੁਲਈਵਾਸਲ, ਨਾਗਾਪੱਟੀਣਮ, ਤਮਿਲਨਾਡੂ
ਜਦੋਂ ਫ਼ੋਟੋਗ੍ਰਾਫ਼ਰ ਪਲਾਨੀ ਮਛਵਾਰਨਾਂ ਨੂੰ ਸਿਖਲਾਈ ਦੇਣ ਮਛਵਾਰਿਆਂ ਦੇ ਪਿੰਡ ਥਿਰੂਮੁਲਈਵਾਸਲ ਆਏ, ਤਾਂ ਅਸੀਂ ਸਾਰੇ ਇਸ ਗੱਲ ਨੂੰ ਲੈ ਕੇ ਬੇਚੈਨ ਸੀ ਕਿ ਅਸੀਂ ਕਿਸ ਚੀਜ਼ ਦੀ ਤਸਵੀਰ ਲਵਾਂਗੇ ਅਤੇ ਕਿਵੇਂ ਅਸੀਂ ਇਹ ਸਭ ਕਰਾਂਗੇ। ਪਰ ਜਿਵੇਂ ਹੀ ਅਸੀਂ ਆਪਣੇ ਹੱਥ ’ਚ ਕੈਮਰਾ ਫੜਿਆ, ਸਾਰੀਆਂ ਚਿੰਤਾਵਾਂ ਦੂਰ ਹੋ ਗਈਆਂ ਅਤੇ ਸਾਡਾ ਆਪਣੇ ਆਪ ’ਤੇ ਭਰੋਸਾ ਅਤੇ ਵਿਸ਼ਵਾਸ ਜਾਗਿਆ।
ਜਦ ਅਸੀਂ ਪਹਿਲੇ ਦਿਨ ਅਸਮਾਨ, ਤੱਟ ਅਤੇ ਹੋਰ ਚੀਜ਼ਾਂ ਦੀਆਂ ਤਸਵੀਰਾਂ ਲੈਣ ਕਿਨਾਰੇ ’ਤੇ ਗਈਆਂ ਤਾਂ ਸਾਨੂੰ ਪਿੰਡ ਦੇ ਮੁਖੀ ਨੇ ਰੋਕ ਲਿਆ ਤੇ ਸਵਾਲ ਕੀਤੇ ਕਿ ਅਸੀਂ ਕੀ ਕਰ ਰਹੀਆਂ ਹਾਂ। ਉਸਨੇ ਸਾਡੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ ਅਤੇ ਤਸਵੀਰਾਂ ਲੈਣ ਤੋਂ ਰੋਕਣ ’ਤੇ ਅੜ ਗਿਆ। ਜਦ ਅਸੀਂ ਅਗਲੇ ਪਿੰਡ ਚਿੰਨਾਕੁੱਟੀ ਗਈਆਂ ਤਾਂ ਅਸੀਂ ਪਿੰਡ ਦੇ ਪ੍ਰਧਾਨ ਤੋਂ ਪਹਿਲਾਂ ਹੀ ਇਜਾਜ਼ਤ ਮੰਗੀ ਤਾਂ ਕਿ ਅਜਿਹੀਆਂ ਰੁਕਾਵਟਾਂ ਨਾ ਆਉਣ।
ਪਲਾਨੀ ਹਮੇਸ਼ਾ ਜ਼ੋਰ ਪਾਉਂਦੇ ਹਨ ਕਿ ਅਸੀਂ ਧੁੰਦਲੀਆਂ ਤਸਵੀਰਾਂ ਮੁੜ ਲਈਏ; ਇਸ ਨਾਲ ਸਾਨੂੰ ਗਲਤੀਆਂ ਨੂੰ ਸਮਝਣ ਅਤੇ ਠੀਕ ਕਰਨ ’ਚ ਮਦਦ ਮਿਲਦੀ ਹੈ। ਮੈਨੂੰ ਸਮਝ ਆਇਆ ਕਿ ਫੈਸਲੇ ਲੈਣ ’ਚ ਕਾਹਲ ਨਹੀਂ ਕਰਨੀ ਚਾਹੀਦੀ। ਇਹ ਬੜਾ ਹੀ ਸਿਖਲਾਈ ਵਾਲਾ ਅਹਿਸਾਸ ਸੀ।
*****
ਨੂਰ
ਨਿਸ਼ਾ ਕੇ., 17
B.Voc
ਡਿਜੀਟਲ ਪੱਤਰਕਾਰੀ, ਲੋਯੋਲਾ ਕਾਲਜ
ਥਿਰਵੌਟਰਿਉਰ, ਉੱਤਰੀ ਚੇਨੱਈ, ਤਮਿਲਨਾਡੂ
ਜਦ ਮੈਨੂੰ ਪਹਿਲੀ ਵਾਰ ਕੈਮਰਾ ਮਿਲਿਆ ਤਾਂ ਮੈਨੂੰ ਨਹੀਂ ਪਤਾ ਸੀ ਕਿ ਇਸ ਨਾਲ ਕਿੰਨੇ ਵੱਡੇ ਬਦਲਾਅ ਆਉਣਗੇ। ਮੈਂ ਕਹਿ ਸਕਦੀ ਹਾਂ ਕਿ ਮੇਰੀ ਜ਼ਿੰਦਗੀ ਦੋ ਹਿੱਸਿਆਂ ’ਚ ਵੰਡ ਕੇ ਦੇਖੀ ਜਾ ਸਕਦੀ ਹੈ – ਫ਼ੋਟੋਗ੍ਰਾਫ਼ੀ ਤੋਂ ਪਹਿਲਾਂ ਅਤੇ ਬਾਅਦ। ਜਦ ਮੈਂ ਬਹੁਤ ਛੋਟੀ ਸੀ ਤਾਂ ਮੇਰੇ ਪਿਤਾ ਚੱਲ ਵਸੇ ਅਤੇ ਉਦੋਂ ਤੋਂ ਹੀ ਮੇਰੀ ਮਾਂ ਸਾਡੇ ਗੁਜ਼ਾਰੇ ਲਈ ਜੱਦੋਜਹਿਦ ਕਰ ਰਹੀ ਹੈ।
ਕੈਮਰੇ ਦੇ ਲੈਂਜ਼ ਦੇ ਜ਼ਰੀਏ ਪਲਾਨੀ ਅੰਨਾ ਨੇ ਮੈਨੂੰ ਇੱਕ ਬਿਲਕੁਲ ਵੱਖਰੀ ਦੁਨੀਆ ਵਿਖਾਈ ਜੋ ਮੇਰੇ ਲਈ ਬਿਲਕੁਲ ਨਵੀਂ ਸੀ। ਮੈਨੂੰ ਸਮਝ ਆਇਆ ਕਿ ਜੋ ਤਸਵੀਰਾਂ ਅਸੀਂ ਲੈਂਦੇ ਹਾਂ ਉਹ ਮਹਿਜ਼ ਤਸਵੀਰਾਂ ਨਹੀਂ ਸਗੋਂ ਅਜਿਹੇ ਦਸਤਾਵੇਜ਼ ਹਨ ਜਿਹਨਾਂ ਜ਼ਰੀਏ ਅਸੀਂ ਅਨਿਆਂ ’ਤੇ ਸਵਾਲ ਚੁੱਕ ਸਕਦੇ ਹਾਂ।
ਉਹ ਅਕਸਰ ਸਾਨੂੰ ਇੱਕੋ ਗੱਲ ਕਹਿੰਦੇ ਹਨ: “ਫ਼ੋਟੋਗ੍ਰਾਫ਼ੀ ’ਚ ਯਕੀਨ ਰੱਖੋ, ਇਹ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰੇਗੀ।” ਮੈਨੂੰ ਅਹਿਸਾਸ ਹੋਇਆ ਕਿ ਇਹ ਸੱਚ ਹੈ ਅਤੇ ਹੁਣ ਮੈਂ ਆਪਣੀ ਮਾਂ ਦੀ ਮਦਦ ਕਰ ਸਕਦੀ ਹਾਂ ਜੋ ਕਈ ਵਾਰ ਕੰਮ ’ਤੇ ਨਹੀਂ ਜਾ ਪਾਉਂਦੀ।

ਚੇਨੱਈ ਨੇੜਲੀ ਯੈਨੋਰ ਬੰਦਰਗਾਹ ’ਤੇ ਉਦਯੋਗਿਕ ਪ੍ਰਦੂਸ਼ਣ ਇਸਨੂੰ ਮਨੁੱਖਾਂ ਲਈ ਨਾ-ਰਹਿਣਯੋਗ ਬਣਾ ਰਿਹਾ ਹੈ। ਇਹਨਾਂ ਹਾਲਾਤਾਂ ਦੇ ਬਾਵਜੂਦ, ਬੱਚੇ ਖਿਡਾਰੀ ਬਣਨ ਲਈ ਤਿਆਰੀ ਕਰ ਰਹੇ ਹਨ

ਨੌਜਵਾਨ ਖਿਡਾਰੀਆਂ ਨੂੰ ਇਹਨਾਂ ਉਦਯੋਗਿਕ ਪਲਾਂਟਾਂ ਦੇ ਨੇੜੇ ਹੀ ਟ੍ਰੇਨਿੰਗ ਕਰਨੀ ਪੈਂਦੀ ਹੈ ਜੋ ਹਰ ਰੋਜ਼ ਜ਼ਹਿਰੀਲੀਆਂ ਗੈਸਾਂ ਛੱਡਦੇ ਹਨ
*****
ਐਸ. ਨੰਦਿਨੀ,
17
ਐਮ.ਓ.ਪੀ. ਵੈਸ਼ਨਵ ਕਾਲਜ (ਲੜਕੀਆਂ) ਵਿੱਚ ਪੱਤਰਕਾਰੀ ਦੀ ਵਿਦਿਆਰਥਣ
ਵਿਆਸਾਰਬਾੜੀ, ਉੱਤਰੀ ਚੇਨੱਈ, ਤਮਿਲਨਾਡੂ
ਮੇਰਾ ਸਭ ਤੋਂ ਪਹਿਲਾ ਵਿਸ਼ਾ ਮੇਰੇ ਘਰ ਨੇੜੇ ਖੇਡਦੇ ਬੱਚੇ ਸਨ। ਮੈਂ ਖੇਡਦੇ ਸਮੇਂ ਉਹਨਾਂ ਦੇ ਖੁਸ਼ਨੁਮਾ ਚਿਹਰਿਆਂ ਦੀਆਂ ਤਸਵੀਰਾਂ ਲਈਆਂ। ਮੈਂ ਕੈਮਰੇ ਦੀ ਨਜ਼ਰ ਤੋਂ ਦੁਨੀਆ ਨੂੰ ਦੇਖਣਾ ਸਿੱਖਿਆ। ਮੈਨੂੰ ਸਮਝ ਆਇਆ ਕਿ ਵਿਜ਼ੂਅਲ (ਦਿੱਖ) ਭਾਸ਼ਾ ਬਹੁਤ ਸੌਖਿਆਂ ਸਮਝ ਆ ਜਾਂਦੀ ਹੈ।
ਕਿਸੇ ਸਮੇਂ, ਫੋਟੋ ਵਾਕ (ਤਸਵੀਰਾਂ ਲੈਣ ਲਈ ਸੈਰ) ’ਤੇ ਜਾਂਦੇ ਸਮੇਂ ਤੁਸੀਂ ਕੁਝ ਅਜਿਹਾ ਦੇਖਦੇ ਹੋ ਜੋ ਤੁਸੀਂ ਸੋਚਿਆ ਨਹੀਂ ਹੁੰਦਾ ਅਤੇ ਮੇਰਾ ਉੱਥੋਂ ਹਿੱਲਣ ਦਾ ਜੀਅ ਨਹੀਂ ਕਰਦਾ ਹੁੰਦਾ। ਫ਼ੋਟੋਗ੍ਰਾਫ਼ੀ ਨਾਲ ਮੈਨੂੰ ਖੁਸ਼ੀ ਮਿਲਦੀ ਹੈ, ਉਵੇਂ ਹੀ ਜਿਵੇਂ ਪਰਿਵਾਰਕ ਨਿੱਘ ਦਾ ਅਹਿਸਾਸ ਹੁੰਦਾ ਹੈ।
ਇੱਕ ਦਿਨ, ਜਦ ਮੈਂ ਡਾ. ਅੰਬੇਦਕਰ ਪਗਥਰੀਵ ਪਾੜਾਸਲਾਈ ਵਿੱਚ ਪੜ੍ਹ ਰਹੀ ਸੀ, ਸਾਨੂੰ ਡਾ. ਅੰਬੇਦਕਰ ਮੈਮੋਰੀਅਲ ’ਤੇ ਲਿਜਾਇਆ ਗਿਆ। ਉਸ ਯਾਤਰਾ ਦੌਰਾਨ ਤਸਵੀਰਾਂ ਮੇਰੇ ਨਾਲ ਬੋਲਣ ਲੱਗੀਆਂ। ਪਲਾਨੀ ਅੰਨਾ ਨੇ ਇੱਕ ਹੱਥੀਂ ਸਫਾਈ ਕਰਨ ਵਾਲੇ ਕਾਮੇ ਦੀ ਮੌਤ ਅਤੇ ਉਸਦੇ ਗ਼ਮਗੀਨ ਪਰਿਵਾਰ ਦੀਆਂ ਤਸਵੀਰਾਂ ਲਈਆਂ ਸਨ। ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਉਹਨਾਂ ਦੇ ਦਰਦ, ਘਾਟੇ, ਅਤੇ ਦੁੱਖ ਨੂੰ ਇਸ ਤਰ੍ਹਾਂ ਬਿਆਨ ਕਰ ਰਹੀਆਂ ਸਨ ਜਿਵੇਂ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਜਦੋਂ ਅਸੀਂ ਉਹਨਾਂ ਨੂੰ ਉੱਥੇ ਮਿਲੇ, ਤਾਂ ਉਹਨਾਂ ਨੇ ਸਾਡਾ ਇਹ ਕਹਿ ਕੇ ਹੌਸਲਾ ਵਧਾਇਆ ਕਿ ਅਸੀਂ ਵੀ ਅਜਿਹੀਆਂ ਤਸਵੀਰਾਂ ਲੈਣ ਦੇ ਕਾਬਲ ਹਾਂ।
ਜਦੋਂ ਉਹਨਾਂ ਨੇ ਕਲਾਸਾਂ ਲੈਣੀਆਂ ਸ਼ੁਰੂ ਕੀਤੀਆਂ ਤਾਂ ਮੈਂ ਨਹੀਂ ਜਾ ਪਾਈ ਕਿਉਂਕਿ ਮੈਂ ਸਕੂਲੀ ਯਾਤਰਾ ’ਤੇ ਗਈ ਹੋਈ ਸੀ। ਪਰ ਫੇਰ ਵੀ ਮੇਰੇ ਵਾਪਸ ਪਰਤਣ ’ਤੇ, ਉਹਨਾਂ ਨੇ ਮੈਨੂੰ ਵੱਖਰੇ ਤੌਰ ’ਤੇ ਸਿਖਲਾਈ ਦਿੱਤੀ ਅਤੇ ਤਸਵੀਰਾਂ ਲੈਣ ਲਈ ਮੇਰਾ ਹੌਸਲਾ ਵਧਾਇਆ। ਕੈਮਰਾ ਕਿਵੇਂ ਕੰਮ ਕਰਦਾ ਹੈ, ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਸੀ, ਪਰ ਪਲਾਨੀ ਅੰਨਾ ਨੇ ਮੈਨੂੰ ਸਭ ਸਿਖਾਇਆ। ਉਹਨਾਂ ਨੇ ਸਾਨੂੰ ਸਾਡੀ ਫ਼ੋਟੋਗ੍ਰਾਫ਼ੀ ਦੇ ਵਿਸ਼ੇ ਨੂੰ ਸਮਝਣ ’ਚ ਵੀ ਮਦਦ ਕੀਤੀ। ਇਸ ਸਫ਼ਰ ’ਚ ਮੇਰੇ ਨਵੇਂ ਨਜ਼ਰੀਏ ਅਤੇ ਅਨੁਭਵ ਬਣੇ।
ਮੇਰੇ ਫ਼ੋਟੋਗ੍ਰਾਫ਼ੀ ਦੇ ਅਨੁਭਵ ਕਰਕੇ ਹੀ ਮੈਂ ਪੱਤਰਕਾਰੀ ਨੂੰ ਚੁਣਿਆ।

ਉੱਤਰੀ ਚੇਨੱਈ ਦੇ ਇਲਾਕੇ ਵਿਆਸਾਰਪਾੜੀ ਦਾ ਹਵਾਈ ਨਜ਼ਾਰਾ

ਨੰਦਿਨੀ ਦੇ ਘਰ ਬਾਬਾਸਾਹਿਬ ਅੰਬੇਦਕਰ ਦੀ ਇੱਕ ਤਸਵੀਰ

ਚੇਨੱਈ ਦੇ ਡਾ. ਅੰਬੇਦਕਰ ਪਗਥਰੀਵ ਪਾੜਾਸਾਲਾਈ ਦੇ ਵਿਦਿਆਰਥੀ

ਡਾ. ਅੰਬੇਦਕਰ ਪਗਥਰੀਵ ਪਾੜਾਸਾਲਾਈ ਵਿੱਚ ਪੁਰਜੋਸ਼ ਵਿਦਿਆਰਥੀ ਸਮਰਪਿਤ ਕੋਚਾਂ ਤੋਂ ਸਿਖਲਾਈ ਲੈਂਦੇ ਹਨ

ਕਬੱਡੀ ਖੇਡਦੇ ਬੱਚੇ

ਫੁਟਬਾਲ ਮੈਚ ਤੋਂ ਬਾਅਦ ਜੇਤੂ ਟੀਮ

‘ ਇਹ ਪੰਛੀ ਮੈਨੂੰ ਅਕਸਰ ਇਹ ਯਾਦ ਦਵਾਉਂਦੇ ਨੇ ਕਿ ਕਿਵੇਂ ਮੇਰਾ ਪੂਰਾ ਭਾਈਚਾਰਾ ਸਮਾਜ ਦੁਆਰਾ ਤਾੜਿਆ ਹੋਇਆ ਸੀ। ਮੈਨੂੰ ਯਕੀਨ ਹੈ ਕਿ ਸਾਡੇ ਲੀਡਰਾਂ ਦੀਆਂ ਸਿੱਖਿਆਵਾਂ ਅਤੇ ਸਾਡੇ ਸਿਧਾਂਤ ਸਾਨੂੰ ਇਹਨਾਂ ਪਿੰਜਰਿਆਂ ’ ਚੋਂ ਤੋੜ ਬਾਹਰ ਕੱਢਣਗੇ,' (ਫ਼ੋਟੋਗ੍ਰਾਫ਼ਰ) ਨੰਦਿਨੀ ਨੇ ਕਿਹਾ
*****
ਵੀ.
ਵਿਨੋਥਨੀ, 19
BCA
ਦੀ ਵਿਦਿਆਰਥਣ
ਵਿਆਸਰਬਾੜੀ, ਉੱਤਰੀ ਚੇਨੱਈ, ਤਮਿਲਨਾਡੂ
ਮੈਂ ਐਨੇ ਸਾਲਾਂ ਤੋਂ ਆਪਣੇ ਇਲਾਕੇ ਤੋਂ ਜਾਣੂੰ ਸੀ ਪਰ ਜਦ ਮੈਂ ਕੈਮਰੇ ਦੀ ਨਜ਼ਰ ਤੋਂ ਇਸਨੂੰ ਦੇਖਿਆ ਤਾਂ ਮੇਰਾ ਇਸ ਬਾਰੇ ਤਾਜ਼ਾ ਨਜ਼ਰੀਆ ਬਣਿਆ। “ਤਸਵੀਰਾਂ ’ਚ ਤੁਹਾਡੇ ਵਿਸ਼ੇ ਦੀ ਜ਼ਿੰਦਗੀ ਕੈਦ ਹੋਣੀ ਚਾਹੀਦੀ ਹੈ,” ਪਲਾਨੀ ਅੰਨਾ ਕਹਿੰਦੇ ਹਨ। ਜਦ ਉਹ ਆਪਣੇ ਅਨੁਭਵ ਬਿਆਨ ਕਰਦੇ ਹਨ ਤਾਂ ਹਰ ਕੋਈ ਉਹਨਾਂ ਦਾ ਤਸਵੀਰਾਂ, ਕਹਾਣੀਆਂ ਅਤੇ ਲੋਕਾਂ ਲਈ ਪਿਆਰ ਦੇਖ ਸਕਦਾ ਹੈ। ਜਦ ਉਹ ਆਪਣੀ ਮਛਵਾਰਨ ਮਾਂ ਦੀ ਬਟਨ ਵਾਲੇ ਫੋਨ ’ਤੇ ਤਸਵੀਰ ਲੈ ਰਹੇ ਸਨ, ਉਹ ਮੇਰੇ ਲਈ ਉਹਨਾਂ ਦੀ ਸਭ ਤੋਂ ਪਿਆਰੀ ਯਾਦ ਹੈ।
ਪਹਿਲੀ ਤਸਵੀਰ ਜਿਹੜੀ ਮੈਂ ਲਈ ਉਹ ਦੀਵਾਲੀ ’ਤੇ ਮੇਰੇ ਗੁਆਂਢੀਆਂ ਦੇ ਪਰਿਵਾਰ ਦੀ ਸੀ। ਬੜੀ ਵਧੀਆ ਤਸਵੀਰ ਆਈ। ਉਸ ਤੋਂ ਬਾਅਦ ਮੈਂ ਆਪਣੇ ਕਸਬੇ ਦਾ ਆਪਣੇ ਲੋਕਾਂ ਦੇ ਅਨੁਭਵਾਂ ਅਤੇ ਉਹਨਾਂ ਦੀਆਂ ਕਹਾਣੀਆਂ ਜ਼ਰੀਏ ਦਸਤਾਵੇਜੀਕਰਨ ਜਾਰੀ ਰੱਖਿਆ।
ਫ਼ੋਟੋਗ੍ਰਾਫ਼ੀ ਦੇ ਬਿਨ੍ਹਾਂ, ਮੈਨੂੰ ਕਦੇ ਆਪਣੇ ਆਪ ਨੂੰ ਦੇਖਣ ਦਾ ਮੌਕਾ ਨਹੀਂ ਸੀ ਮਿਲਣਾ।
*****
ਪੀ. ਪੂਕੋੜੀ
ਮਛਵਾਰਨ
ਸੇਰੁਤੂਰ, ਨਾਗਾਪੱਟੀਣਮ, ਤਮਿਲਨਾਡੂ
ਮੇਰੇ ਵਿਆਹ ਨੂੰ 14 ਸਾਲ ਹੋ ਚੁੱਕੇ ਹਨ। ਉਦੋਂ ਤੋਂ ਹੀ ਮੈਂ ਆਪਣੇ ਜੱਦੀ ਪਿੰਡ ਦੇ ਸਮੁੰਦਰੀ ਕਿਨਾਰੇ ’ਤੇ ਨਹੀਂ ਗਈ। ਪਰ ਕੈਮਰੇ ਜ਼ਰੀਏ ਮੈਂ ਸਮੁੰਦਰ ਤੱਕ ਚਲੀ ਗਈ। ਕਿਵੇਂ ਕਿਸ਼ਤੀਆਂ ਸਮੁੰਦਰ ’ਚ ਧੱਕੀਆਂ ਜਾਂਦੀਆਂ ਹਨ, ਮੱਛੀਆਂ ਫੜਨ ਦੀ ਤਕਨੀਕ, ਅਤੇ ਔਰਤਾਂ ਦਾ ਇਸ ਭਾਈਚਾਰੇ ’ਚ ਯੋਗਦਾਨ – ਮੈਂ ਇਸ ਸਭ ਦਾ ਦਸਤਾਵੇਜੀਕਰਨ ਕੀਤਾ।
ਕਿਸੇ ਨੂੰ ਸਿਰਫ਼ ਤਸਵੀਰਾਂ ਲੈਣੀਆਂ ਸਿਖਾਉਣਾ ਸੌਖਾ ਕੰਮ ਹੈ ਪਰ ਇੱਕ ਫ਼ੋਟੋਗ੍ਰਾਫ਼ਰ ਨੂੰ ਤਸਵੀਰਾਂ ਜ਼ਰੀਏ ਕਹਾਣੀਆਂ ਕਹਿਣ ਦੀ ਸਿਖਲਾਈ ਦੇਣਾ ਕੋਈ ਛੋਟੀ ਗੱਲ ਨਹੀਂ – ਪਲਾਨੀ ਸਾਡੇ ਲਈ ਇਹੀ ਕਰ ਰਹੇ ਹਨ। ਸਾਡੀ ਟ੍ਰੇਨਿੰਗ ’ਚ ਉਹਨਾਂ ਨੇ ਸਾਨੂੰ ਸਮਝਾਇਆ ਕਿ ਤਸਵੀਰ ਲੈਣ ਤੋਂ ਪਹਿਲਾਂ ਲੋਕਾਂ ਨਾਲ ਤਾਲਮੇਲ ਕਿਵੇਂ ਬਿਠਾਉਣਾ ਹੈ। ਮੇਰੇ ’ਚ ਲੋਕਾਂ ਦੀ ਤਸਵੀਰ ਲੈਣ ਦਾ ਵਿਸ਼ਵਾਸ ਜਾਗਿਆ।
ਮੈਂ ਮਛਵਾਰਾ ਭਾਈਚਾਰੇ ਦੇ ਵੱਖੋ-ਵੱਖਰੇ ਰੁਜ਼ਗਾਰਾਂ ਦੀਆਂ ਤਸਵੀਰਾਂ ਲਈਆਂ ਜਿਹਨਾਂ ਵਿੱਚ ਵੇਚਣਾ, ਸਾਫ਼ ਕਰਨਾ ਅਤੇ ਮੱਛੀਆਂ ਦੀ ਬੋਲੀ ਲਾਉਣਾ ਸ਼ਾਮਲ ਹਨ। ਇਸ ਮੌਕੇ ਨਾਲ ਮੈਨੂੰ ਇਸ ਭਾਈਚਾਰੇ ਦੀਆਂ ਮਹਿਲਾਵਾਂ ਜੋ ਵਿਕਰੇਤਾਵਾਂ ਦਾ ਕੰਮ ਕਰਦੀਆਂ ਹਨ, ਉਹਨਾਂ ਦਾ ਜੀਵਨ ਦੇਖਣ-ਸਮਝਣ ਵਿੱਚ ਵੀ ਮਦਦ ਮਿਲੀ। ਇਸ ਕੰਮ ਵਿੱਚ ਉਹਨਾਂ ਨੂੰ ਆਪਣੇ ਸਿਰ ’ਤੇ ਮੱਛੀਆਂ ਨਾਲ ਭਰੀਆਂ ਭਾਰੀ ਟੋਕਰੀਆਂ ਰੱਖਣੀਆਂ ਪੈਂਦੀਆਂ ਹਨ।
ਕੁੱਪੂਸਵਾਮੀ ’ਤੇ ਕੀਤੀ ਫੋਟੋ ਕਹਾਣੀ ਨਾਲ ਮੈਨੂੰ ਉਹਨਾਂ ਦੀ ਜ਼ਿੰਦਗੀ ਬਾਰੇ ਪਤਾ ਲੱਗਿਆ – ਕਿਵੇਂ ਉਹਨਾਂ ਨੂੰ ਸਰਹੱਦ ਨੇੜੇ ਮੱਛੀ ਫੜਦਿਆਂ ਸ੍ਰੀ ਲੰਕਾ ਦੀ ਸਮੁੰਦਰੀ ਫੌਜ ਨੇ ਗੋਲੀ ਮਾਰ ਦਿੱਤੀ। ਉਹਨਾਂ ਦੇ ਹੱਥ-ਲੱਤਾਂ ਨਕਾਰਾ ਹੋ ਗਏ ਅਤੇ ਉਹਨਾਂ ਦੇ ਬੋਲਣ ’ਤੇ ਵੀ ਇਸਦਾ ਅਸਰ ਪਿਆ।
ਮੈਂ ਉਹਨਾਂ ਨੂੰ ਮਿਲਣ ਗਈ ਅਤੇ ਉਹਨਾਂ ਦੇ ਨਿੱਤ ਦਿਨ ਦੇ ਕੰਮ ਜਿਵੇਂ ਕੱਪੜੇ ਧੋਣਾ, ਬਾਗਵਾਨੀ ਕਰਨਾ ਅਤੇ ਸਫਾਈ ਕਰਨਾ ਨੂੰ ਦੇਖਦੀ ਰਹੀ। ਮੈਂ ਦੇਖਿਆ ਕਿ ਉਹਨਾਂ ਨੂੰ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਹਨਾਂ ਦੇ ਹੱਥ ਅਤੇ ਲੱਤਾਂ ਕੰਮ ਨਹੀਂ ਕਰਦੀਆਂ। ਉਹਨਾਂ ਮੈਨੂੰ ਵਿਖਾਇਆ ਕਿ ਉਹ ਦੁਨਿਆਵੀ ਕੰਮ ਕਰਦੇ ਸਭ ਤੋਂ ਜ਼ਿਆਦਾ ਖੁਸ਼ ਸਨ। ਉਹਨਾਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਕਿ ਉਹਨਾਂ ਦੇ ਅਪਾਹਜ ਹੋਣ ਨੇ ਬਾਹਰੀ ਦੁਨੀਆ ਦਾ ਰਾਹ ਬੰਦ ਕਰ ਦਿੱਤਾ ਹੈ, ਅਤੇ ਕਈ ਵਾਰ ਉਹ ਕਹਿੰਦੇ ਹਨ ਕਿ ਉਹਨਾਂ ਅੰਦਰ ਇੱਕ ਖਾਲੀਪਣ ਹੈ ਜੋ ਉਹਨਾਂ ਨੂੰ ਮਰਨ ਲਈ ਉਕਸਾਉਂਦਾ ਹੈ।
ਮੈਂ ਛੋਟੀਆਂ ਮੱਛੀਆਂ ਫੜਦੇ ਮਛਵਾਰਿਆਂ ’ਤੇ ਇੱਕ ਫੋਟੋ ਲੜੀ ਬਣਾਈ। ਛੋਟੀਆਂ ਮੱਛੀਆਂ ਇੱਕੋ ਸਮੇਂ ਸੈਂਕੜਿਆਂ ਦੀ ਤਾਦਾਦ ’ਚ ਫੜੀਆਂ ਜਾਂਦੀਆਂ ਹਨ ਅਤੇ ਇਸੇ ਲਈ ਉਹਨਾਂ ਨੂੰ ਸਾਂਭਣਾ ਹੀ ਆਪਣੇ ਆਪ ਵਿੱਚ ਵੱਡੀ ਚੁਣੌਤੀ ਬਣ ਜਾਂਦਾ ਹੈ। ਕਿਵੇਂ ਪੁਰਸ਼ ਤੇ ਮਹਿਲਾਵਾਂ ਇਕੱਠੇ ਜਾਲਾਂ ਤੋਂ ਇਹਨਾਂ ਮੱਛੀਆਂ ਨੂੰ ਵੱਖ ਕਰਦੇ ਹਨ ਅਤੇ ਬਰਫ ਦੇ ਡੱਬੇ ’ਚ ਰੱਖਦੇ ਹਨ, ਮੈਂ ਇਸ ਸਭ ਦੀਆਂ ਤਸਵੀਰਾਂ ਲਈਆਂ।
ਇਸੇ ਸਮਾਜ ’ਚੋਂ ਹੋਣ ਦੇ ਬਾਵਜੂਦ ਇੱਕ ਮਹਿਲਾ ਫ਼ੋਟੋਗ੍ਰਾਫ਼ਰ ਹੋਣਾ ਇੱਕ ਚੁਣੌਤੀ ਹੈ, ਸਾਨੂੰ ਸਵਾਲ ਕੀਤੇ ਜਾਂਦੇ ਹਨ, “ਤੁਸੀਂ ਇਹਨਾਂ ਦੀਆਂ ਤਸਵੀਰਾਂ ਕਿਉਂ ਲੈ ਰਹੇ ਹੋ? ਔਰਤਾਂ ਤਸਵੀਰਾਂ ਕਿਉਂ ਲੈਣ?”
ਇਹ ਮਛਵਾਰਨ ਜੋ ਆਪਣੀ ਪਛਾਣ ਹੁਣ ਇੱਕ ਫ਼ੋਟੋਗ੍ਰਾਫ਼ਰ ਦੇ ਤੌਰ ’ਤੇ ਦੇਖਦੀ ਹੈ, ਪਲਾਨੀ ਅੰਨਾ ਉਸ ਪਿੱਛੇ ਇੱਕ ਵੱਡੀ ਤਾਕਤ ਹਨ।

ਵੀ. ਕੁੱਪੂਸਵਾਮੀ, 67, ਨੂੰ ਆਪਣੀ ਕੱਟੂਮਰਮ ਕਿਸ਼ਤੀ ’ਤੇ ਮੱਛੀਆਂ ਫੜਦਿਆਂ ਸ੍ਰੀ ਲੰਕਾ ਦੀ ਸਮੁੰਦਰੀ ਫੌਜ ਨੇ ਗੋਲੀ ਮਾਰ ਦਿੱਤੀ ਸੀ
*****

ਪਲਾਨੀ ਸਟੂਡੀਓ ਦੇ ਉਦਘਾਟਨੀ ਦਿਨ ’ਤੇ ਲਈ ਗਈ ਤਸਵੀਰ, ਪਲਾਨੀ ਦੀ ਫ਼ੋਟੋਗ੍ਰਾਫ਼ੀ ਦੀ ਜਿੰਦਗੀ ਦੇ ਤਿੰਨ ਸਤੰਭ : ਕਵਿਤਾ ਮੁਰਲੀਥਰਨ, ਇਜ਼੍ਹਿਲ ਅੰਨਾ ਅਤੇ ਪੀ. ਸਾਈਨਾਥ। ਸਟੂਡੀਓ ਦਾ ਮੰਤਵ ਸਮਾਜਿਕ ਤੇ ਆਰਥਿਕ ਤੌਰ ’ਤੇ ਪਛੜੇ ਭਾਈਚਾਰਿਆਂ ਦੇ ਨੌਜਵਾਨਾਂ ਨੂੰ ਸਿਖਲਾਈ ਦੇਣਾ ਹੈ

ਉਦਘਾਟਨੀ ਦਿਨ ’ਤੇ ਪਲਾਨੀ ਦੇ ਸਟੂਡੀਓ ਵਿੱਚ ਉਹਨਾਂ ਦੇ ਦੋਸਤ। ਸਟੂਡੀਓ ਜ਼ਰੀਏ ਪੂਰੇ ਤਮਿਲਨਾਡੂ ’ਚ ਹੁਣ ਤੱਕ 3 ਪੱਤਰਕਾਰੀ ਦੇ ਵਿਦਿਆਰਥੀ ਅਤੇ 30 ਫ਼ੋਟੋਗ੍ਰਾਫ਼ਰ ਨਿਕਲੇ ਹਨ
ਪਲਾਨੀ ਸਟੂਡੀਓ ਦੀ ਮਨਸ਼ਾ ਹਰ ਸਾਲ 10-10 ਭਾਗੀਦਾਰਾਂ ਨਾਲ ਦੋ ਵਰਕਸ਼ਾਪਾਂ ਕਰਨ ਦੀ ਹੈ। ਵਰਕਸ਼ਾਪ ਤੋਂ ਬਾਅਦ, ਭਾਗੀਦਾਰਾਂ ਨੂੰ ਛੇ ਮਹੀਨੇ ਤੱਕ ਆਪਣੀਆਂ ਕਹਾਣੀਆਂ ’ਤੇ ਕੰਮ ਕਰਨ ਲਈ ਗਰਾਂਟ ਦਿੱਤੀ ਜਾਵੇਗੀ। ਤਜਰਬੇਕਾਰ ਫ਼ੋਟੋਗ੍ਰਾਫ਼ਰਾਂ ਅਤੇ ਪੱਤਰਕਾਰਾਂ ਨੂੰ ਵਰਕਸ਼ਾਪ ਲਾਉਣ ਅਤੇ ਉਹਨਾਂ ਦਾ ਕੰਮ ਦੇਖਣ ਲਈ ਸੱਦਿਆ ਜਾਵੇਗਾ, ਜਿਸ ਦੀ ਬਾਅਦ ਵਿੱਚ ਨੁਮਾਇਸ਼ ਕੀਤੀ ਜਾਵੇਗੀ।
ਤਰਜਮਾ: ਅਰਸ਼ਦੀਪ ਅਰਸ਼ੀ