ਝਾਰਖੰਡ ਦੇ ਬੋਰੋਤਿਕਾ ਵਿਖੇ, ਗਰਭ ਅਵਸਥਾ ਦੌਰਾਨ
ਦਿੱਕਤਾਂ ਦਾ ਸਾਹਮਣਾ ਕਰ ਰਹੀ ਕਿਸੇ ਵੀ ਔਰਤ ਨੂੰ ਡਾਕਟਰ ਨੂੰ ਦਿਖਾਉਣ ਵਾਸਤੇ
ਸਰਹੱਦ ਪਾਰ ਕਰਕੇ
ਓੜੀਸਾ
ਜਾਣਾ ਪੈਂਦਾ ਹੈ।
ਇਹ ਸਿਰਫ਼ ਇਕੱਲੀ ਉਸਦੀ ਕਹਾਣੀ ਨਹੀਂ ਹੈ – ਜੇ ਤੁਸੀਂ ਇੱਕ ਪੇਂਡੂ ਖੇਤਰ ਵਿੱਚ ਰਹਿਣ ਵਾਲ਼ੀ ਔਰਤ ਹੋ, ਤਾਂ ਨੇੜੇ-ਤੇੜੇ ਕਿਸੇ ਗਾਇਨੀਕੋਲੋਜਿਸਟ ਜਾਂ ਸਰਜਨ ਨੂੰ ਲੱਭਣਾ ਕੋਈ ਆਸਾਨ ਕੰਮ ਨਹੀਂ ਹੈ। ਇਨ੍ਹਾਂ ਖੇਤਰਾਂ ਵਿੱਚ ਕਮਿਊਨਿਟੀ ਹੈਲਥ ਸੈਂਟਰਾਂ (ਸੀਐਚਸੀ) ਵਿੱਚ ਉਪਲਬਧ ਬੁਨਿਆਦੀ ਢਾਂਚੇ ਵਿੱਚ ਲੋੜੀਂਦੇ ਜਣੇਪਾ ਮਾਹਰਾਂ ਦੀ ਗਿਣਤੀ ਵਿੱਚ 74.2 ਪ੍ਰਤੀਸ਼ਤ ਦੀ ਕਮੀ ਹੈ।
ਜੇ ਤੁਸੀਂ ਇੱਕ ਜਵਾਨ ਮਾਂ ਹੋ ਅਤੇ ਤੁਹਾਡਾ ਬੱਚਾ ਬਿਮਾਰ ਹੈ ਤਾਂ ਸੀਐੱਚਸੀ ਵਿਖੇ ਕਿਸੇ ਬੱਚਿਆਂ ਦੇ ਮਾਹਰ ਡਾਕਟਰ ਨੂੰ ਮਿਲਣਾ ਵੀ ਆਸਾਨ ਨਹੀਂ ਹੈ। ਇਹ ਇਸ ਲਈ ਹੈ ਕਿਉਂਕਿ ਡਾਕਟਰਾਂ ਅਤੇ ਬੱਚਿਆਂ ਦੇ ਮਾਹਰਾਂ ਦੀਆਂ 80 ਪ੍ਰਤੀਸ਼ਤ ਅਸਾਮੀਆਂ ਭਰੀਆਂ ਨਹੀਂ ਗਈਆਂ।
ਸਾਨੂੰ ਇਹ ਜਾਣਕਾਰੀ 2021-22 ਦੀ ਪੇਂਡੂ ਸਿਹਤ ਸੰਖਿਆਕੀ ਰਿਪੋਰਟ ਤੋਂ ਮਿਲੀ ਹੈ। ਇਹ ਅਤੇ ਹੋਰ ਮਹੱਤਵਪੂਰਨ ਰਿਪੋਰਟਾਂ, ਖੋਜ ਪੱਤਰ ਅਤੇ ਅੰਕੜੇ, ਕਾਨੂੰਨ ਅਤੇ ਨਿਯਮਵਲੀਆਂ PARI ਹੈਲਥ ਆਰਕਾਈਵਜ਼ ਸੈਕਸ਼ਨ ਵਿੱਚ ਉਪਲਬਧ ਹਨ ਅਤੇ ਭਾਰਤ ਵਿੱਚ ਔਰਤਾਂ ਦੀ ਸਿਹਤ ਸਥਿਤੀ ਦਾ ਵਰਣਨ ਕਰਨ ਅਤੇ ਬਿਹਤਰ ਤਰੀਕੇ ਨਾਲ਼ ਸਮਝਣ ਲਈ ਅਹਿਮ ਸਰੋਤਾਂ ਵਜੋਂ ਕੰਮ ਕਰਦੀਆਂ ਹਨ।
ਲਾਈਬ੍ਰੇਰੀ ਦਾ ਇਹ ਕੋਨਾ ਪੇਂਡੂ ਭਾਰਤ ਦੀਆਂ ਔਰਤਾਂ ਦੀ ਸਿਹਤ ਤੇ ਉਨ੍ਹਾਂ ਦੇ ਸੁਭਾਅ ਦੀਆਂ ਅਨਿਸ਼ਚਤਤਾਵਾਂ 'ਤੇ ਚਾਨਣਾ ਪਾਉਂਦਾ ਹੈ। ਪ੍ਰਜਨਨ ਸਿਹਤ ਤੋਂ ਲੈ ਕੇ ਜਿਨਸੀ ਹਿੰਸਾ ਤੱਕ, ਮਾਨਸਿਕ ਸਿਹਤ ਤੋਂ ਲੈ ਕੇ ਕੋਵਿਡ -19 ਮਹਾਂਮਾਰੀ ਦੇ ਪ੍ਰਭਾਵ ਤੱਕ, ਪਾਰੀ ਹੈਲਥ ਆਰਕਾਈਵ ਨੇ ਔਰਤਾਂ ਦੀ ਸਿਹਤ ਦੇ ਕਈ ਪਹਿਲੂਆਂ ਨੂੰ ਕਵਰ ਕੀਤਾ ਹੈ ਤਾਂ ਜੋ 'ਆਮ ਲੋਕਾਂ ਦੇ ਰੋਜ਼ਮੱਰਾ ਦੇ ਜੀਵਨ' ਨੂੰ ਕਵਰ ਕਰਨ ਦੀ ਪਾਰੀ ਦੀ ਕੋਸ਼ਿਸ਼ ਨੂੰ ਅਰਥਪੂਰਨ ਬਣਾਇਆ ਜਾ ਸਕੇ।


PARI ਹੈਲਥ ਆਰਕਾਈਵ, ਜੋ ਕਿ PARI ਲਾਈਬ੍ਰੇਰੀ ਦਾ ਹੀ ਇੱਕ ਹਿੱਸਾ ਹੈ, ਕੋਲ਼ 256 ਦਸਤਾਵੇਜ਼ ਹਨ, ਜਿੰਨ੍ਹਾਂ ਵਿੱਚ ਸਰਕਾਰ, ਸੁਤੰਤਰ ਏਜੰਸੀਆਂ ਅਤੇ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਦੀਆਂ ਰਿਪੋਰਟਾਂ ਵੀ ਸ਼ਾਮਲ ਹਨ। ਇਸ ਸਮੱਗਰੀ ਵਿੱਚ ਸੰਸਾਰਕ ਮੁੱਦਿਆਂ ਤੋਂ ਲੈ ਕੇ ਰਾਸ਼ਟਰੀ ਮੁੱਦਿਆਂ ਅਤੇ ਦੇਸ਼ ਦੇ ਮਹੱਤਵਪੂਰਨ ਇਲਾਕਿਆਂ ਨਾਲ਼ ਸਬੰਧਤ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਇੱਕ ਬੀੜੀ ਮਜ਼ਦੂਰ ਤਨੁਜਾ ਕਹਿੰਦੀ ਹੈ, "ਡਾਕਟਰ ਨੇ ਮੈਨੂੰ ਦੱਸਿਆ ਕਿ ਮੈਨੂੰ ਕੈਲਸ਼ੀਅਮ ਅਤੇ ਆਇਰਨ ਦੀ ਕਮੀ ਦੀ ਸਮੱਸਿਆ ਹੈ ਅਤੇ ਮੈਨੂੰ ਕਦੇ ਵੀ ਫਰਸ਼ 'ਤੇ ਨਹੀਂ ਬੈਠਣਾ ਚਾਹੀਦਾ।
ਨੀਲਗਿਰੀ ਦੇ ਆਦਿਵਾਸੀ ਹਸਪਤਾਲ ਦੀ ਡਾਕਟਰ ਸ਼ੈਲਜਾ ਕਹਿੰਦੀ ਹਨ, "ਸਾਡੇ ਕੋਲ਼ ਅਜੇ ਵੀ ਅਜਿਹੀਆਂ ਆਦਿਵਾਸੀ ਔਰਤਾਂ ਆਉਂਦੀਆਂ ਹਨ ਜਿਨ੍ਹਾਂ ਦੇ ਸਰੀਰ ਵਿੱਚ ਖ਼ੂਨ ਦੀ ਭਿਆਨਕ ਘਾਟ ਹੁੰਦੀ ਹੈ। ਉਨ੍ਹਾਂ ਦਾ ਹੀਮੋਗਲੋਬਿਨ ਦਾ ਪੱਧਰ 2 ਗ੍ਰਾਮ ਪ੍ਰਤੀ ਡੈਸੀਲਿਟਰ ਹੁੰਦਾ ਹੈ! ਹੋ ਸਕਦਾ ਹੈ ਇਸ ਤੋਂ ਘੱਟ ਹੁੰਦਾ ਹੋਵੇ, ਪਰ ਸਾਨੂੰ ਇਹਦਾ ਪਤਾ ਨਹੀਂ ਲੱਗ ਪਾਉਂਦਾ।''
ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ( ਐਨਐਫਐਚਐਸ-5 2019-21 ) ਦੀ ਤਾਜ਼ਾ ਰਿਪੋਰਟ ਅਨੁਸਾਰ, 2015-16 ਤੋਂ ਬਾਅਦ ਔਰਤਾਂ ਵਿੱਚ ਅਨੀਮੀਆ ਦਾ ਪੱਧਰ ਹੋਰ ਵਿਗੜ ਗਿਆ ਹੈ। ਇਸ ਸਰਵੇਖਣ ਵਿੱਚ ਭਾਰਤ ਦੇ 28 ਰਾਜਾਂ, ਅੱਠ ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ 707 ਜ਼ਿਲ੍ਹਿਆਂ ਵਿੱਚ ਆਬਾਦੀ, ਸਿਹਤ ਅਤੇ ਪੋਸ਼ਣ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਬਿਹਾਰ ਦੇ ਗਯਾ ਜ਼ਿਲ੍ਹੇ ਦੀ ਅੰਜਨੀ ਯਾਦਵ ਕਹਿੰਦੀ ਹੈ, "ਡਿਲੀਵਰੀ ਦੌਰਾਨ ਮੇਰਾ ਬਹੁਤ ਜ਼ਿਆਦਾ ਖੂਨ ਵਗ ਗਿਆ। ਬੱਚੇ ਦੇ ਜਨਮ ਤੋਂ ਪਹਿਲਾਂ ਹੀ, ਨਰਸ ਨੇ ਮੈਨੂੰ ਕਿਹਾ ਸੀ ਕਿ ਮੇਰੇ ਸਰੀਰ ਵਿੱਚ ਖੂਨ ਦੀ ਭਾਰੀ ਕਮੀ (ਗੰਭੀਰ ਅਨੀਮੀਆ) ਹੈ ਅਤੇ ਮੈਨੂੰ ਫਲ ਅਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ।"
ਸਾਲ 2019-21 'ਚ 15 ਤੋਂ 49 ਸਾਲ ਦੀ ਉਮਰ ਵਰਗ ਦੀਆਂ 57 ਫੀਸਦੀ ਭਾਰਤੀ ਔਰਤਾਂ ਅਨੀਮੀਆ ਦਾ ਸ਼ਿਕਾਰ ਹੋਈਆਂ। ਦੁਨੀਆ ਭਰ ਵਿੱਚ ਤਿੰਨ ਵਿੱਚੋਂ ਇੱਕ ਔਰਤ ਅਨੀਮੀਆ ਤੋਂ ਪੀੜਤ ਹੈ। ਸੰਯੁਕਤ ਰਾਸ਼ਟਰ ਵੱਲੋਂ ਜਾਰੀ ਦਿ ਸਟੇਟ ਆਫ਼ ਫ਼ੂਡ ਸਿਕਊਰਿਟੀ ਐਂਡ ਨਿਊਟ੍ਰਿਸ਼ੀਅਨ ਇਨ ਦਿ ਵਰਲਡ 2022 ਅਨੁਸਾਰ, "ਪੇਂਡੂ ਖੇਤਰਾਂ ਦੀਆਂ ਔਰਤਾਂ ਵਿੱਚ ਅਨੀਮੀਆ ਦੇ ਮਾਮਲੇ ਜ਼ਿਆਦਾ ਦੇਖੇ ਜਾਂਦੇ ਹਨ, ਖ਼ਾਸ ਕਰਕੇ ਗਰੀਬ ਪਰਿਵਾਰਾਂ ਵਿੱਚ ਜਿਨ੍ਹਾਂ ਦੇ ਮੈਂਬਰ ਰਸਮੀ ਤੌਰ 'ਤੇ ਪੜ੍ਹੇ-ਲਿਖੇ ਨਹੀਂ ਹੁੰਦੇ।"
ਪੌਸ਼ਟਿਕ ਭੋਜਨ ਦੀ ਘਾਟ ਕਾਰਨ ਅਜਿਹੀਆਂ ਕਮੀਆਂ ਬਦ ਤੋਂ ਬਦਤਰ ਹੋ ਜਾਂਦੀਆਂ ਹਨ। 2020 ਦੀ ਗਲੋਬਲ ਨਿਊਟ੍ਰਿਸ਼ਨ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਹੁਤ ਸਾਰੇ ਪੌਸ਼ਟਿਕ-ਤੱਤਾਂ ਨਾਲ਼ ਭਰਪੂਰ ਭੋਜਨਾਂ (ਜਿਵੇਂ ਕਿ ਅੰਡੇ ਅਤੇ ਦੁੱਧ) ਦੀਆਂ ਵੱਧਦੀਆਂ ਕੀਮਤਾਂ ਕੁਪੋਸ਼ਣ ਨਾਲ਼ ਨਿਪਟਣ ਵਿੱਚ ਇੱਕ ਵੱਡੀ ਰੁਕਾਵਟ ਹੈ। ਸਾਲ 2020 ਦੀਆਂ ਰਿਪੋਰਟਾਂ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਪੌਸ਼ਟਿਕ ਖ਼ੁਰਾਕ ਲਈ ਕਰੀਬ 2.97 ਅਮਰੀਕੀ ਡਾਲਰ ਭਾਵ ਕਰੀਬ 243 ਰੁਪਏ ਖਰਚਣੇ ਪੈਂਦੇ ਹਨ। ਭਾਰਤ ਦੀ 973.3 ਮਿਲੀਅਨ (97.3 ਕਰੋੜ) ਅਬਾਦੀ ਅਜਿਹੀ ਹੈ ਜੋ ਸਿਹਤਮੰਦ ਭੋਜਨ ਖਰੀਦਣ ਦੀ ਸਮਰੱਥਾ ਨਹੀਂ ਰੱਖਦੀ। ਇਸ ਵਿੱਚ ਕੋਈ ਹੈਰਾਨੀ ਨਹੀਂ ਕਿ ਇਨ੍ਹਾਂ ਸ੍ਰੋਤਾਂ ਦੇ ਇਸਤੇਮਾਲ ਦੇ ਮਾਮਲੇ ਵਿੱਚ ਔਰਤਾਂ ਦਾ ਨੰਬਰ- ਆਪਣੇ ਘਰਾਂ ਵਿੱਚ ਅਤੇ ਬਾਹਰ- ਸਭ ਤੋਂ ਬਾਅਦ ਵਿੱਚ ਹੀ ਆਉਂਦਾ ਹੈ।

ਪਾਰੀ ਲਾਈਬ੍ਰੇਰੀ ਵਿੱਚ, ਬੁਨਿਆਦੀ ਸਿਹਤ ਸੁਵਿਧਾਵਾਂ 'ਤੇ ਅਧਾਰਤ ਕੁੱਲ ਭਾਰਤੀ ਸਰਵੇਖਣ ਉਪਲਬਧ ਹਨ। ਪੂਰੇ ਭਾਰਤ ਅੰਦਰ ਕਰੀਬ 20 ਫ਼ੀਸਦ ਘਰਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਸਾਫ਼-ਸਫ਼ਾਈ ਦੀ ਘਾਟ ਹੀ ਹੈ। ਪਟਨਾ ਦੀਆਂ ਝੁੱਗੀਆਂ ਬਸਤੀਆਂ ਵਿੱਚ ਰਹਿਣ ਵਾਲ਼ੀਆਂ ਕੁੜੀਆਂ ਕਹਿੰਦੀਆਂ ਹਨ,''ਰਾਤ ਵੇਲ਼ੇ, ਅਸੀਂ ਸਿਰਫ਼ ਰੇਲਵੇ ਟ੍ਰੈਕ 'ਤੇ ਹੀ ਪਖ਼ਾਨੇ/ਗੁ਼ਸਲ ਵਾਸਤੇ ਜਾ ਸਕਦੀਆਂ ਹਾਂ।''
ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ-5 (2019-2021) ਦੇ ਅਨੁਸਾਰ, ਸ਼ਹਿਰੀ ਇਲਾਕਿਆਂ ਵਿੱਚ ਰਹਿਣ ਵਾਲ਼ੀਆਂ ਔਰਤਾਂ ਵਿੱਚੋਂ ਕਰੀਬ 90 ਪ੍ਰਤੀਸ਼ਤ ਦੇ ਮੁਕਾਬਲੇ, ਪੇਂਡੂ ਖਿੱਤਿਆਂ ਦੀਆਂ 73 ਫ਼ੀਸਦ ਔਰਤਾਂ ਹੀ ਮਾਹਵਾਰੀ ਨਾਲ਼ ਸਬੰਧਤ ਉਤਪਾਦ ਹਾਸਲ ਕਰ ਪਾਉਂਦੀਆਂ ਹਨ। ਇਨ੍ਹਾਂ ਉਤਪਾਦਾਂ ਅੰਦਰ ਸੈਨੇਟਰੀ ਨੈਪਕਿਨ, ਮਾਹਵਾਰੀ ਦੇ ਕੱਪ, ਟੈਮਪੋਨ – ਅਤੇ ਏਥੋਂ ਤੱਕ ਕਿ ਕੱਪੜੇ ਦਾ ਇੱਕ ਟੁਕੜਾ ਵੀ ਸ਼ਾਮਲ ਹੈ। ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਬਹੁਤ ਸਾਰੇ ਸੈਨੇਟਰੀ ਨੈਪਕਿਨਾਂ ਵਿੱਚ ਉੱਚ ਪੱਧਰੇ ਜ਼ਹਿਰੀਲੇ ਰਸਾਇਣਾਂ ਦਾ ਇਸਤੇਮਾਲ ਹੁੰਦਾ ਹੈ।

ਭਾਰਤੀ ਮਹਿਲਾ ਸਿਹਤ ਚਾਰਟਰ ਔਰਤਾਂ ਦੇ ਆਪਣੀ ਜਣਨ ਸਿਹਤ ਨਾਲ਼ ਸਬੰਧਤ ਫੈਸਲੇ ਲੈਣ ਦੇ ਅਧਿਕਾਰ ਦੀ ਗੱਲ ਕਰਦਾ ਹੈ, ਜੋ "ਭੇਦਭਾਵ, ਕਿਸੇ ਵੀ ਤਰ੍ਹਾਂ ਦੀ ਜ਼ਬਰਦਸਤੀ ਅਤੇ ਹਿੰਸਾ ਤੋਂ ਮੁਕਤ" ਹੋਣ। ਇਨ੍ਹਾਂ ਅਧਿਕਾਰਾਂ ਦੀ ਪੂਰਤੀ ਲਈ ਸਸਤੀਆਂ ਸਿਹਤ ਸਹੂਲਤਾਂ ਦੀ ਉਪਲਬਧਤਾ ਜ਼ਰੂਰੀ ਹੈ। ਨੈਸ਼ਨਲ ਫੈਮਿਲੀ ਹੈਲਥ ਸਰਵੇ-5 (2019-21) ਦੇ ਅਨੁਸਾਰ, ਲਗਭਗ 80 ਪ੍ਰਤੀਸ਼ਤ ਔਰਤਾਂ, ਜਿਨ੍ਹਾਂ ਨੇ ਨਲ਼ਬੰਦੀ ਕਰਵਾਈ ਸੀ, ਨੇ ਆਮ ਤੌਰ 'ਤੇ ਇੱਕ ਮਿਉਂਸਪਲ ਹਸਪਤਾਲ ਜਾਂ ਕਮਿਊਨਿਟੀ ਹੈਲਥ ਸੈਂਟਰ ਵਿੱਚ ਜਨਤਕ ਸਿਹਤ ਸੁਵਿਧਾ ਵਿੱਚ ਇਹ ਨਲ਼ਬੰਦੀ ਕਰਵਾਈ। ਹਾਲਾਂਕਿ, ਦੇਸ਼ ਵਿੱਚ ਅਜਿਹੀਆਂ ਸੰਸਥਾਵਾਂ ਦੀ ਸਪੱਸ਼ਟ ਕਮੀ ਵੇਖੀ ਗਈ ਹੈ।
ਜੰਮੂ-ਕਸ਼ਮੀਰ ਦੇ ਵਜ਼ੀਰੀਥਲ ਪਿੰਡ ਦੇ ਵਸਨੀਕਾਂ ਲਈ ਉਪਲਬਧ ਸਭ ਤੋਂ ਨੇੜਲਾ ਪ੍ਰਾਇਮਰੀ ਸਿਹਤ ਕੇਂਦਰ (ਪੀਐਚਸੀ) ਵੀ ਉਨ੍ਹਾਂ ਦੇ ਪਿੰਡ ਤੋਂ ਪੰਜ ਕਿਲੋਮੀਟਰ ਦੀ ਦੂਰੀ 'ਤੇ ਹੈ।
ਇਹ ਪੀਐੱਚਸੀ ਸਟਾਫ ਅਤੇ ਮੁਢਲੀਆਂ ਸਹੂਲਤਾਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ। ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਬਡਗਾਮ ਪੀਐੱਚਸੀ ਵਿੱਚ ਸਿਰਫ ਇੱਕ ਨਰਸ ਹੈ। ਵਜ਼ੀਰੀਥਲ ਦੀ ਇੱਕ ਆਂਗਨਵਾੜੀ ਵਰਕਰ ਰਾਜਾ ਬੇਗ਼ਮ ਨੇ ਪਾਰੀ ਨੂੰ ਦੱਸਿਆ,''ਚਾਹੇ ਕੋਈ ਐਮਰਜੈਂਸੀ ਹੋਵੇ, ਗਰਭਪਾਤ ਦਾ ਮਾਮਲਾ ਹੋਵੇ, ਸਾਨੂੰ ਹਰ ਕੰਮ ਲਈ ਗੁਰੇਜ਼ ਜਾਣਾ ਪੈਂਦਾ ਹੈ। ਜੇ ਅਪਰੇਸ਼ਨ ਦੀ ਲੋੜ ਰਹੇ ਤਾਂ ਉਨ੍ਹਾਂ ਨੂੰ ਸ਼੍ਰੀਨਗਰ ਦੇ ਲਾਲ ਦੇਦ ਹਸਪਤਾਲ ਜਾਣਾ ਪਏਗਾ। ਇਹ ਗੁਰੇਜ਼ ਤੋਂ ਲਗਭਗ 125 ਕਿਲੋਮੀਟਰ ਦੀ ਦੂਰੀ 'ਤੇ ਹੈ ਅਤੇ ਖਰਾਬ ਮੌਸਮ ਦੌਰਾਨ ਉੱਥੇ ਪਹੁੰਚਣ ਵਿੱਚ ਨੌਂ ਘੰਟੇ ਲੱਗ ਸਕਦੇ ਹਨ। "

ਰੂਰਲ ਹੈਲਥ ਸਟੈਟਿਸਟਿਕਸ 2021-22 ਦੇ ਅਨੁਸਾਰ, 31 ਮਾਰਚ, 2022 ਤੱਕ, ਸਬ-ਸੈਂਟਰਾਂ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ਵਿੱਚ ਸਹਾਇਕ ਦਾਈ ਨਰਸ ਦੀਆਂ 34,541 ਅਸਾਮੀਆਂ ਖਾਲੀ ਸਨ। ਇਸ ਗੱਲ ਨੂੰ ਵੀ ਸਮਝੇ ਜਾਣ ਦੀ ਲੋੜ ਹੈ ਕਿ ਔਰਤਾਂ ਆਪਣੀਆਂ ਸਿਹਤ ਲੋੜਾਂ ਲਈ ਮਾਨਤਾ ਪ੍ਰਾਪਤ ਸਮਾਜਿਕ ਸਿਹਤ ਵਰਕਰਾਂ (ਆਸ਼ਾ), ਸਹਾਇਕ ਨਰਸ ਦਾਈਆਂ (ਏਐਨਐਮ) ਅਤੇ ਆਂਗਨਵਾੜੀ ਵਰਕਰਾਂ ਨਾਲ਼ ਸੰਪਰਕ ਕਰਨ ਵਿੱਚ ਵੱਧ ਸਹਿਜ ਹੁੰਦੀਆਂ ਹਨ।
ਆਕਸਫੈਮ ਇੰਡੀਆ ਦੀ ਇਨਕੁਆਲਿਟੀ ਰਿਪੋਰਟ 2021: ਇੰਡੀਆਜ਼ ਇਨਇਕੁਅਲ ਹੈਲਥਕੇਅਰ ਸਟੋਰੀ ਦੇ ਅਨੁਸਾਰ, ਦੇਸ਼ ਵਿੱਚ ਹਰ 10,189 ਲੋਕਾਂ ਮਗਰ ਇੱਕ ਸਰਕਾਰੀ ਐਲੋਪੈਥਿਕ ਡਾਕਟਰ ਹੈ ਅਤੇ ਹਰ 90,343 ਲੋਕਾਂ ਪਿੱਛੇ ਇੱਕ ਸਰਕਾਰੀ ਹਸਪਤਾਲ ਹੈ।

ਭਾਰਤ ਵਿੱਚ ਸਿਹਤ ਸੇਵਾਵਾਂ ਦੀ ਲੋੜ ਤੇ ਮੰਗ, ਮੌਜੂਦਾ ਬੁਨਿਆਦੀ ਢਾਂਚੇ ਨਾਲ਼ੋਂ ਕਿਤੇ ਵੱਧ ਹੈ। ਦੇਸ਼ਾਂ ਅੰਦਰ ਲਿੰਗਕ ਸਮਾਨਤਾ ਦੀ ਹਾਲਤ ਨੂੰ ਦਰਸਾਉਣ ਵਾਲ਼ੀ ਗਲੋਬਲ ਜੈਂਡਰ ਗੈਪ ਰਿਪੋਰਟ ਮੁਤਾਬਕ, ਸਾਲ 2022 ਵਿੱਚ ਭਾਰਤ ਨੂੰ 146 ਦੇਸ਼ਾਂ ਵਿੱਚੋਂ 135ਵਾਂ ਸਥਾਨ ਮਿਲ਼ਿਆ ਸੀ। ਦੇਸ਼ ਨੂੰ ‘ਸਿਹਤ ਅਤੇ ਉਤਰਜੀਵਤਾ’ ਦੇ ਸੂਚਕ-ਅੰਕ ਵਿੱਚ ਵੀ ਸਭ ਤੋਂ ਹੇਠਲਾ ਸਥਾਨ ਦਿੱਤਾ ਗਿਆ। ਇਵੇਂ ਭਾਰੀ ਸੰਰਚਨਾਤਮਕ ਘਾਟ ਨੂੰ ਦੇਖਦਿਆਂ, ਦੇਸ਼ ਵਿੱਚ ਸਿਹਤ ਸੇਵਾਵਾਂ ਦੀ ਹਾਲਤ ਤੇ ਔਰਤਾਂ ਦੇ ਜੀਵਨ ‘ਤੇ ਪੈਣ ਵਾਲ਼ੇ ਅਸਰਾਤਾਂ ਨੂੰ ਬਿਹਤਰ ਢੰਗ ਨਾਲ਼ ਸਮਝਣਾ ਲੋੜੀਂਦਾ ਹੋ ਜਾਂਦਾ ਹੈ।
ਪਾਰੀ ਲਾਈਬ੍ਰੇਰੀ ਦਰਅਸਲ ਇਸੇ ਦਿਸ਼ਾ ਵਿੱਚ ਪੁੱਟੀ ਇੱਕ ਪੁਲਾਂਘ ਹੈ।
ਗਰਾਫਿਕਸ ਡਿਜ਼ਾਈਨ ਲਈ ਅਸੀਂ PARI ਲਾਈਬ੍ਰੇਰੀ ਦੀ ਵਲੰਟੀਅਰ ਆਸ਼ਨਾ ਡਾਗਾ ਦਾ ਧੰਨਵਾਦ ਕਰਦੇ ਹਾਂ।
ਕਵਰ ਡਿਜ਼ਾਇਨ : ਸਵਦੇਸ਼ਾ ਸ਼ਰਮਾ
ਤਰਜਮਾ : ਕਮਲਜੀਤ ਕੌਰ