“ਸਰਕਾਰ ਅਤੇ ਸਾਥੀ ਨਗਰਿਕਾਂ ਨੂੰ ਕਾਗਜ਼ਾਤ ਪੇਸ਼ ਕਰਨ ਅਤੇ ਇਹ ਸਾਬਤ ਕਰਨ ਵਿੱਚ ਸਾਡੀ ਸਾਰੀ ਉਮਰ ਲੰਘ ਗਈ ਹੈ ਕਿ ਅਸੀਂ ਵੀ ਹੋਰਾਂ ਵਾਂਗ ਇਸ ਦੇਸ਼ ਦੇ ਹੀ ਨਿਵਾਸੀ ਹਾਂ।”
ਬਹਾਰੁਲ ਇਸਲਾਮ ਕਚਰੇ ਨੂੰ ਵੱਖ ਕਰਨ ਵਿੱਚ ਰੁੱਝੇ ਹੋਏ ਹਨ। ਉਹ ਪਲਾਸਟਿਕ ਦੀਆਂ ਬੋਤਲਾਂ, ਗਿੱਲਾ ਕੂੜਾ, ਗੱਤੇ ਅਤੇ ਥਰਮਾਕੋਲ ਨੂੰ ਵੱਖ-ਵੱਖ ਕਰਕੇ ਪਲਾਸਟਿਕ ਦੀਆਂ ਬੋਰੀਆਂ ਵਿੱਚ ਪਾ ਰਹੇ ਹਨ। ਇਹ 35 ਸਾਲਾ ਆਦਮੀ ਅਸਾਮ ਦੇ ਬਾਰਪੇਟਾ, ਬੋੰਗਾਈਗਾਓਂ ਅਤੇ ਗੋਲਾਪਾਰ ਜ਼ਿਲ੍ਹਿਆਂ ਤੋਂ ਆਏ 13 ਪ੍ਰਵਾਸੀ ਪਰਿਵਾਰਾਂ ਦਾ ਹਿੱਸਾ ਹਨ। ਇਹ ਸਾਰੇ ਪਰਿਵਾਰ ਹਰਿਆਣੇ ਦੇ ਅਸਵਾਰਪੂਰ ਕਸਬੇ ਵਿੱਚ ਜ਼ਮੀਨ ਦੇ ਛੋਟੇ ਜਿਹੇ ਟੁਕੜੇ ‘ਤੇ ਇਕੱਠੇ ਰਹਿੰਦੇ ਹਨ ਅਤੇ ਇਹਨਾਂ ਦਾ ਰੋਜ਼ੀ-ਰੋਟੀ ਦਾ ਇੱਕੋ-ਇੱਕ ਸਾਧਨ ਕਚਰਾ ਚੁਕੱਣਾ ਅਤੇ ਵੱਖ ਕਰਨਾ ਹੈ।
“ਭਾਵੇਂ ਅਸਾਮ ਹੋਵੇ ਜਾਂ ਭਾਵੇਂ ਇੱਥੇ, ਲੋਕ ਸਾਡੀ ਹੋਂਦ ‘ਤੇ ਪ੍ਰਸ਼ਨ ਚੁੱਕਦੇ ਹਨ।” ਬਹਾਰੁਲ ਦਾ ਕਹਿਣਾ ਹੈ ਕਿ ਅਕਸਰ ਅਧਿਕਾਰੀ ਉਹਨਾਂ ਦੀਆਂ ਝੁੱਗੀਆਂ ‘ਚ ਆ ਕੇ ਹਰ ਕਿਸੇ ਤੋਂ ਦਸਤਾਵੇਜਾਂ ਦੀ ਮੰਗ ਕਰਦੇ ਰਹਿੰਦੇ ਹਨ। “ਜਦੋਂ ਅਸੀਂ ਕੂੜਾ ਚੁੱਕਣ ਜਾਂਦੇ ਹਾਂ ਤਾਂ ਲੋਕ ਸਾਨੂੰ ਪੁੱਛਦੇ ਹਨ ਕਿ ਅਸੀਂ ਕਿੱਥੋਂ ਆਏ ਹਾਂ। ਅਸਾਮ ਦਾ ਨਾਮ ਸੁਣਨ ‘ਤੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਬੰਗਲਾਦੇਸ਼ੀ ਹਾਂ।” ਉਹ ਅੱਗੇ ਦੱਸਦੇ ਹਨ ਕਿ ਇਹ ਯਕੀਨੀ ਬਣਾਉਣ ਲਈ ਕਿ ਕਿਤੇ ਸਾਡਾ ਕੋਈ ਅਪਰਾਧਿਕ ਰਿਕਾਰਡ ਤਾਂ ਨਹੀਂ, ਪੁਲਿਸ ਅਧਿਕਾਰੀ ਅਕਸਰ ਸਾਡੇ ਤੋਂ ਅਸਾਮ ਦੀ ਪੁਲਿਸ ਤਸਦੀਕ ਦੀ ਮੰਗ ਕਰਦੇ ਹਨ। “ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਭਾਵੇਂ ਅਸੀਂ ਕੁਝ ਵੀ ਕਹੀਏ,” ਬਹਾਰੁਲ ਕਹਿੰਦੇ ਹਨ ਜੋ ਅਸਾਮ ਵਿੱਚ ਕਰਵਾਏ ਜਾ ਰਹੇ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ (National Register for Citizens) ਤੋਂ ਜਾਣੂ ਹਨ ਪਰ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੈ ਕਿਉਂਕਿ ਉਹਨਾਂ ਕੋਲ ਆਪਣੀ ਜ਼ਮੀਨ ਦੇ ਕਾਗਜ਼ਾਤ ਹਨ।
ਇਸੇ ਇਲਾਕੇ ਵਿੱਚ ਰਹਿੰਦੇ ਹੋਏ ਭਰਾ ਰਿਆਜ਼ ਅਤੇ ਨੂਰ ਇਸਲਾਮ ਕਹਿੰਦੇ ਹਨ ਕਿ ਉਹਨਾਂ ਦੇ ਅਸਾਮ ਛੱਡਣ ਦਾ ਮੁੱਖ ਕਾਰਨ ਬ੍ਰਹਮਪੁੱਤਰ ਦੇ ਨੇੜੇ ਹੋਣ ਕਰਕੇ ਉਹਨਾਂ ਦੀ ਜ਼ਮੀਨ ਵਿੱਚ ਲਗਾਤਾਰ ਆਉਣ ਵਾਲੇ ਹੜ੍ਹ ਹਨ ਜਿਸ ਕਾਰਨ ਖੇਤੀ ‘ਤੇ ਉਹਨਾਂ ਦਾ ਭਰੋਸਾ ਨਾ ਰਿਹਾ। ਬਾਰਪੇਟਾ ਵਿਖੇ ਉਹਨਾਂ ਦੇ ਮਾਪਿਆਂ ਦਾ 800 ਵਰਗ ਫੁੱਟ ਦਾ ਖੇਤ ਹੈ ਜਿੱਥੇ ਉਹ ਹਰੀਆਂ ਮਿਰਚਾਂ, ਟਮਾਟਰ ਅਤੇ ਹੋਰ ਸਬਜ਼ੀਆਂ ਉਗਾਉਂਦੇ ਹਨ। “ਭਾਰੀ ਵਰਖਾ ਵੇਲੇ ਪਾਣੀ ਸਾਡੇ ਘਰਾਂ ਵਿੱਚ ਆ ਜਾਂਦਾ ਹੈ ਅਤੇ ਸਾਨੂੰ ਮਜਬੂਰਨ ਉੱਥੋਂ ਨਿਕਲਣਾ ਪੈਂਦਾ ਹੈ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਸਾਨੂੰ ਕੇਲੇ ਦੇ ਰੁੱਖਾਂ ਦੇ ਲੱਠਿਆਂ ਦਾ ਸਹਾਰਾ ਲੈਣਾ ਪੈਂਦਾ ਹੈ,” ਭਰਾਵਾਂ ਦਾ ਕਹਿਣਾ ਹੈ। ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ (National Remote Sensing Centre) ਦੀ ਰਿਪੋਰਟ ਅਨੁਸਾਰ 1998 ਤੋਂ 2015 ਤੱਕ ਅਸਾਮ ਰਾਜ ਦਾ ਲਗਭਗ 28.75 ਫੀਸਦੀ ਇਲਾਕਾ ਹੜ੍ਹ ਨਾਲ ਪ੍ਰਭਾਵਿਤ ਹੋਇਆ ਹੈ।


ਖੱਬੇ: ਬਹਾਰੁਲ ਇਸਲਾਮ ਇਕੱਠੇ ਕੀਤੇ ਕੂੜੇ ਨੂੰ ਵੱਖ-ਵੱਖ ਕਰਨ ਲਈ ਜ਼ਮੀਨ ‘ਤੇ ਢੇਰੀ ਕਰ ਰਹੇ ਹਨ। ਸੱਜੇ: ਹਰਿਆਣਾ ਦੇ ਅਸਵਾਰਪੁਰ ਪਿੰਡ ਵਿੱਚ ਬਹਾਰੁਲ ਦੇ ਘਰ ਦੇ ਅਗਲੇ ਪਾਸੇ ਇੱਕ ਦੇ ਉੱਪਰ ਇੱਕ ਕੂੜੇ ਦੀਆਂ ਬੋਰੀਆਂ ਦੇ ਢੇਰ ਲੱਗੇ ਹੋਏ ਹਨ


ਅਸਾਮ ਵਿੱਚਲੇ ਜੱਦੀ ਸ਼ਹਿਰ ਵਿਖੇ ਲਗਾਤਾਰ ਹੜ੍ਹਾਂ ਕਾਰਨ ਖ਼ੇਤੀ ਮੁਸ਼ਕਿਲ ਹੋ ਗਈ ਸੀ ਇਸ ਲਈ ਰਿਆਜ਼ ਇਸਲਾਮ (ਖੱਬੇ) ਅਤੇ ਉਹਨਾਂ ਦੇ ਭਰਾ ਨੂਰ (ਸੱਜੇ) ਹਰਿਆਣਾ ਆਣ ਵਸੇ
ਬਹਾਰੁਲ, ਰਿਆਜ਼ ਅਤੇ ਨੂਰ ਵੀ ਅਸਾਮ ਦੇ ਬਾਰਪੇਟਾ, ਬੋੰਗਾਈਗਾਓਂ ਅਤੇ ਗੋਲਾਪਾਰ ਵਰਗੇ ਜ਼ਿਲ੍ਹਿਆਂ ਤੋਂ ਆਏ ਦੂਜੇ 11 ਪ੍ਰਵਾਸੀ ਪਰਿਵਾਰਾਂ ਵਾਂਗ ਆਪਣੇ ਘਰ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਰਹਿ ਰਹੇ ਹਨ। ਇਸ ਪ੍ਰਦੇਸੀ ਵਾਤਾਵਰਣ ਵਿੱਚ ਇੱਕ-ਦੂਜੇ ਦਾ ਸਾਥ ਦਿੰਦੇ ਹੋਏ ਉਹ ਇਕੱਠੇ ਹੀ ਕੰਮ ਕਰਦੇ ਅਤੇ ਰਹਿੰਦੇ ਹਨ, ਅਤੇ ਰੋਜ਼ਾਨਾ ਸਾਹਮਣੇ ਆਉਣ ਵਾਲੇ ਹੋਂਦ ਦੇ ਪ੍ਰਸ਼ਨ ਨਾਲ ਲੜਨ ਵਿੱਚ ਸਹਾਰਾ ਬਣਦੇ ਹਨ।
ਬਹਾਰੁਲ ਕਹਿੰਦੇ ਹਨ, “ਜੇ ਇੱਥੇ ਕਿਸੇ ਨੂੰ ਕੋਈ ਪੈਸੇ ਦੀ ਲੋੜ ਪੈਂਦੀ ਹੈ ਤਾਂ ਅਸੀਂ ਇੱਕ-ਦੂਜੇ ਨੂੰ ਉਧਾਰ ਦੇ ਦਿੰਦੇ ਹਾਂ। ਸਾਡੇ ਵਿੱਚੋਂ ਵਿਰਲੇ ਹੀ ਆਪਣੇ ਘਰ ਅਸਾਮ ਜਾਣ ਦੇ ਯੋਗ ਹਨ, ਇਸ ਲਈ ਅਸੀਂ ਮਿੱਠੀ ਈਦ, ਬਕਰੀਦ ਵਰਗੇ ਤਿਉਹਾਰ ਇਕੱਠੇ ਹੀ ਮਨਾਉਂਦੇ ਹਾਂ। ਰਮਦਾਨ ਸਮੇਂ ਕਦੇ-ਕਦਾਂਈ ਅਸੀਂ ਸਿਹਰੀ ਵੀ ਸਾਂਝੀ ਕਰਦੇ ਹਾਂ।”
ਇਹਨਾਂ ਵਿੱਚੋਂ ਜ਼ਿਆਦਾਤਰ ਪਰਿਵਾਰ ਮਹਾਂਮਾਰੀ ਤੋਂ ਪਹਿਲਾਂ 2017 ਵਿੱਚ ਇੱਥੇ ਆਏ ਸੀ ਅਤੇ ਬਾਕੀ 2021 ਵਿੱਚ ਆਏ। ਸਾਰੇ ਇਕੱਠੇ ਹੋ ਕੇ ਇਸ ਜਗ੍ਹਾ ਦਾ 17,000 ਰੁਪਏ ਪ੍ਰਤੀ ਮਹੀਨਾ ਕਿਰਾਇਆ ਦਿੰਦੇ ਹਨ; ਹਰ ਪਰਿਵਾਰ ਲਗਭਗ 1000 ਰੁਪਏ ਤੋਂ ਵੱਧ ਦਾ ਯੋਗਦਾਨ ਪਾਉਂਦਾ ਹੈ। ਬਹਾਰੁਲ ਦੀ ਪਤਨੀ, ਮੋਫੀਦਾ ਵਰਗੀਆਂ ਔਰਤਾਂ ਵੀ ਆਪਣਾ ਯੋਗਦਾਨ ਪਾਉਂਦੀਆਂ ਹਨ। ਬੋੰਗਾਈਗਾਓਂ ਦੇ ਮੋਫੀਦਾ ਦਸਵੀਂ ਪਾਸ ਹਨ ਅਤੇ ਅਸਾਮੀ ਦੇ ਨਾਲ-ਨਾਲ ਅੰਗਰੇਜ਼ੀ ਵੀ ਪੜ੍ਹ-ਲਿਖ ਸਕਦੇ ਹਨ। ਉਹ ਇੱਕ ਛੋਟੀ ਜਿਹੀ ਕਾਪੀ ਵਿੱਚ ਹਰੇਕ ਪਰਿਵਾਰ ਦੁਆਰਾ ਇਕੱਠੇ ਕੀਤੇ ਕੂੜੇ ਦਾ ਲੇਖਾ-ਜੋਖਾ ਰੱਖਣ ਵਿੱਚ ਮਦਦ ਕਰਦੀ ਹਨ।
ਸਾਰੇ ਪਰਿਵਾਰ ਕੂੜੇ ਨਾਲ ਸਬੰਧਤ ਕੰਮ ਕਰਦੇ ਹਨ: ਕੁਝ ਕੁ ਰਿਹਾਇਸ਼ੀ ਇਲਾਕੇ ਤੋਂ ਕੂੜਾ ਇਕੱਠਾ ਕਰਦੇ ਹਨ, ਜਦਕਿ ਬਹਾਰੁਲ ਵਰਗੇ ਨੇੜਲੀਆਂ ਫੈਕਟਰੀਆਂ ਅਤੇ ਉਦਯੋਗਿਕ ਖੇਤਰਾਂ ਤੋਂ ਕਚਰਾ ਇਕੱਠਾ ਕਰਦੇ ਹਨ। ਛੋਟੇ ਬੱਚੇ ਕੂੜੇ-ਕਰਕਟ ਨੂੰ ਵੱਖ-ਵੱਖ ਕਰਨ ਵਿੱਚ ਮਦਦ ਕਰਦੇ ਹਨ ਅਤੇ ਕਦੇ-ਕਦਾਂਈ ਕਚਰਾ ਚੁੱਕਣ ਜਾਂਦੇ ਵੱਡਿਆਂ ਨਾਲ ਵੀ ਚਲੇ ਜਾਂਦੇ ਹਨ।


ਖੱਬੇ: ਬਹਾਰੁਲ ਅਤੇ ਉਹਨਾਂ ਦੇ ਪਤਨੀ ਮੋਫੀਦਾ ਦੋਵੇਂ ਡੀਲਰ ਨੂੰ ਵੇਚਣ ਲਈ ਕਚਰੇ ਨੂੰ ਵੱਖ-ਵੱਖ ਕਰਦੇ ਹਨ। ਮੋਫੀਦਾ ਇਲਾਕੇ ਵਿੱਚ ਰਹਿਣ ਵਾਲੇ ਹਰ ਪਰਿਵਾਰ ਦੁਆਰਾ ਸੰਗ੍ਰਿਹ ਕੀਤੇ ਜਾਣ ਵਾਲੇ ਸਾਰੇ ਕਚਰੇ ਦਾ ਹਿਸਾਬ-ਕਿਤਾਬ ਰੱਖਣ ਵਿੱਚ ਮਦਦ ਕਰਦੀ ਹਨ। ਸੱਜੇ: ਬਾਂਸ ਦੇ ਖੰਭਿਆਂ ਅਤੇ ਤਰਪਾਲ ਤੋਂ ਬਣੀ ਬਹਾਰੁਲ ਦੀ ਝੋਂਪੜੀ


ਖੱਬੇ: ਨੂਰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਕਚਰਾ ਇਕੱਠਾ ਕਰਨ ਦਾ ਕੰਮ ਕਰਦੇ ਹਨ। ਸੱਜੇ: ਇਲਾਕੇ ਦੇ ਨਿਵਾਸੀ ਡੀਲਰਾਂ ਨੂੰ ਵੇਚਣ ਲਈ ਪਲਾਸਟਿਕ ਕਚਰਾ ਇਕੱਠਾ ਕਰ ਰਹੇ ਹਨ
“ਅਸੀਂ ਆਪਣਾ ਦਿਨ ਸਵੇਰੇ 7 ਵਜੇ ਸ਼ੁਰੂ ਕਰਦੇ ਹਾਂ, ਸ਼ਹਿਰ ਵਿੱਚੋਂ ਕਚਰਾ ਇਕੱਠਾ ਕਰਨ ਜਾਂਦੇ ਹਾਂ ਅਤੇ ਫਿਰ ਸ਼ਾਮ 3 ਵਜੇ ਤੱਕ ਵਾਪਸ ਪਰਤ ਆਉਂਦੇ ਹਾਂ,” ਨੂਰ ਇਸਲਾਮ ਦੱਸਦੇ ਹੋਏ ਅੱਗੇ ਕਹਿੰਦੇ ਹਨ ਕਿ ਜੇਕਰ ਕਈ ਵਾਰ ਕੰਮ ਜ਼ਿਆਦਾ ਹੁੰਦਾ ਹੈ ਤਾਂ ਉਹਨਾਂ ਨੂੰ ਰਾਤ ਦੇ 9 ਵੀ ਵੱਜ ਜਾਂਦੇ ਹਨ। ਕਚਰਾ ਇਕੱਠਾ ਕਰਨ ਤੋਂ ਬਾਅਦ ਇਸਨੂੰ ਲਗਭਗ 30-35 ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ: ਵਰਤੀਆਂ ਹੋਈਆਂ ਬੋਤਲਾਂ, ਪਲਾਸਟਿਕ ਬੋਰੀਆਂ, ਥਰਮੋਕੋਲ, ਕੱਚ ਆਦਿ। “ਫਿਰ ਅਸੀਂ ਇਹ ਕਚਰਾ ਸਥਾਨਕ ਡੀਲਰਾਂ ਨੂੰ ਵੇਚ ਦਿੰਦੇ ਹਾਂ,” ਬਹਾਰੁਲ ਕਹਿੰਦੇ ਹਨ। ਮੰਗ ਨੂੰ ਦੇਖਦੇ ਹੋਏ ਡੀਲਰ ਕਚਰੇ ਦਾ ਮੁੱਲ ਤੈਅ ਕਰਦੇ ਹਨ ਅਤੇ ਕਚਰਾ ਇਕੱਠਾ ਕਰਨ ਵਾਲਿਆਂ ਨੂੰ ਇਹ ਸਵੀਕਾਰ ਕਰਨਾ ਪੈਂਦਾ ਹੈ। “ਇੱਕ ਕਿੱਲੋ ਥਰਮੋਕੋਲ ਦੀ ਕੀਮਤ 15 ਤੋਂ 30 ਰੁਪਏ ਦੇ ਵਿਚਕਾਰ ਹੁੰਦੀ ਹੈ,” ਬਹਾਰੁਲ ਦਾ ਕਹਿਣਾ ਹੈ।
ਪਰਿਵਾਰ ਦੀ ਕਮਾਈ 7,000 ਤੋਂ 10,000 ਰੁਪਏ ਪ੍ਰਤੀ ਮਹੀਨਾ ਵਿਚਕਾਰ ਰਹਿੰਦੀ ਹੈ- ਜ਼ਿਆਦਾ ਕਮਾਈ ਗਰਮੀਆਂ ਵਿੱਚ ਹੁੰਦੀ ਹੈ ਜਦੋਂ ਬੋਤਲਾਂ ਵਾਲੇ ਪਾਣੀ ਦੀ ਜ਼ਿਆਦਾ ਖਪਤ ਹੁੰਦੀ ਹੈ।
“ਸਾਡੀ ਆਮਦਨ ਦਾ ਲਗਭਗ ਅੱਧਾ ਹਿੱਸਾ ਕਿਰਾਏ, ਬਿਜਲੀ ਅਤੇ ਪਾਣੀ ਦੇ ਬਿਲਾਂ ਵਿੱਚ ਚਲਾ ਜਾਂਦਾ ਹੈ। ਬਿਜਲੀ ਅਤੇ ਪਾਣੀ ਦਾ ਖ਼ਰਚਾ ਵੱਖਰਾ ਹੁੰਦਾ ਹੈ। ਬਿਜਲੀ ਦਾ ਖ਼ਰਚਾ 1,000 ਰੁਪਏ ਦੇ ਲਗਭਗ ਆ ਜਾਂਦਾ ਹੈ,” ਬਹਾਰੁਲ ਕਹਿੰਦੇ ਹਨ। ਪਰਿਵਾਰਾਂ ਨੂੰ ਕਿਸੇ ਸਪਲਾਇਰ ਤੋਂ ਪੀਣ ਵਾਲਾ ਪਾਣੀ ਵੀ ਖ਼ਰੀਦਣਾ ਪੈਂਦਾ ਹੈ ਕਿਉਂਕਿ ਇੱਥੇ ਆਉਣ ਵਾਲਾ ਟੂਟੀ ਵਾਲਾ ਪਾਣੀ ਪੀਣ ਯੋਗ ਨਹੀਂ ਹੈ।
ਬਹਾਰੁਲ ਦਾ ਕਹਿਣਾ ਹੈ ਕਿ ਖਾਣੇ ਦਾ ਖਰਚ ਉਹਨਾਂ ਦੇ ਖਰਚ ਨੂੰ ਹੋਰ ਵਧਾ ਦਿੰਦਾ ਹੈ। “[ਅਸਾਮ ਵਿੱਚ] ਸਾਨੂੰ ਘਰ ਵਿੱਚ ਹੀ ਰਾਸ਼ਨ ਮਿਲਦਾ ਹੈ,” ਸਰਕਾਰੀ ਡਿੱਪੂਆਂ (Public Distribution System) ਵੱਲ ਇਸ਼ਾਰਾ ਕਰਦੇ ਹੋਏ ਉਹ ਕਹਿੰਦੇ ਹਨ। “ਪਰ ਇਥੇ [ਹਰਿਆਣੇ ਵਿੱਚ] ਰਾਸ਼ਨ ਪ੍ਰਾਪਤ ਕਰਨ ਲਈ ਹਰਿਆਣੇ ਦਾ ਸ਼ਨਾਖਤੀ ਕਾਰਡ ਦਿਖਾਉਣਾ ਪੈਂਦਾ ਹੈ ਜੋ ਕਿ ਸਾਡੇ ਕੋਲ ਨਹੀਂ ਹੈ।”
ਬਹਾਰੁਲ ਨੂੰ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ (One Nation One Ration Card) ਸਕੀਮ ਬਾਰੇ ਕੁਝ ਪਤਾ ਨਹੀਂ ਹੈ, ਜੋ 2019 ਵਿੱਚ ਅੰਦਰੂਨੀ ਪ੍ਰਵਾਸੀਆਂ ਸਮੇਤ ਭਾਰਤ ਦੇ ਸਾਰੇ ਵਸਨੀਕਾਂ ਦੀ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦੇਸ਼-ਵਿਆਪੀ ਸਕੀਮ ਚੱਲ ਰਹੀ ਹੈ। “ਮੈਨੂੰ ਇਸ ਬਾਰੇ ਕੁਝ ਨਹੀਂ ਪਤਾ,” ਪੱਤਰਕਾਰ ਨਾਲ ਗੱਲ ਕਰਦੇ ਉਹ ਕਹਿੰਦੇ ਹਨ।


ਪਲਾਸਟਿਕ ਬੋਤਲਾਂ (ਖੱਬੇ) ਤੋਂ ਚੰਗੀ ਆਮਦਨ ਹੁੰਦੀ ਹੈ। ਕਚਰੇ ਨੂੰ (ਸੱਜੇ) ਵਰਤੀਆਂ ਗਈਆਂ ਬੋਤਲਾਂ, ਪਲਾਸਟਿਕ ਬੌਰੀਆਂ, ਥਰਮੋਕੋਲ, ਕੱਚ, ਗੱਤੇ ਆਦਿ ਸ਼੍ਰੇਣੀਆਂ ਵਿੱਚ ਵੱਖ-ਵੱਖ ਕੀਤਾ ਜਾਂਦਾ ਹੈ


ਬੱਚੇ (ਖੱਬੇ) ਅਕਸਰ ਮਦਦ ਕਰਦੇ ਹਨ। ਪਰਿਵਾਰਾਂ ਦਾ ਕਹਿਣਾ ਹੈ ਕਿ ਅਧਿਕਾਰੀ ਸਾਡੇ ਘਰਾਂ ਵਿੱਚ ਆ ਕੇ ਸਾਡੇ ਤੋਂ ਦਸਤਾਵੇਜਾਂ ਦੀ ਮੰਗ ਕਰਦੇ ਹਨ
ਉਹ ਬਾਂਸ ਦੇ ਖੰਭਿਆਂ ਅਤੇ ਤਰਪਾਲ਼ ਨਾਲ ਬਣੇ ਅਸਥਾਈ ਘਰਾਂ ਵਿੱਚ ਰਹਿੰਦੇ ਹਨ। ਉਹਨਾਂ ਦੇ ਘਰ ਅਤੇ ਛਾਂਟੇ-ਅਛਾਂਟੇ ਕਚਰੇ ਦੇ ਢੇਰ ਇੱਕ ਦੂਜੇ ਨਾਲ ਘੁਲੇ-ਮਿਲੇ ਹੋਏ ਹਨ ਅਤੇ ਉਹਨਾਂ ਦੇ ਬੱਚੇ ਇੱਧਰ-ਉੱਧਰ ਭੱਜੇ ਫਿਰਦੇ ਹਨ। ਇੱਕ ਰਿਪੋਰਟ ਦੇ ਅਨੁਸਾਰ ਸ਼ਹਿਰਾਂ ਵਿੱਚ ਪ੍ਰਵਾਸ ਹੋਏ ਪਰਿਵਾਰਾਂ ਦੇ ਬੱਚਿਆਂ ਵਿੱਚੋਂ ਸਿਰਫ 55 ਫੀਸਦੀ ਹੀ ਸਕੂਲ ਜਾਂਦੇ ਹਨ। ਇਸ ਇਲਾਕੇ ਵਿੱਚ ਰਹਿਣ ਵਾਲੇ ਬਹੁਤੇ ਬੱਚੇ ਆਪਣੀ ਪੜ੍ਹਾਈ ਜਾਰੀ ਰੱਖਣ ਦੀ ਬਜਾਏ ਕੰਮ ਕਰਨਾ ਜ਼ਿਆਦਾ ਪਸੰਦ ਕਰਦੇ ਹਨ। ਰਿਆਜ਼ ਦਾ 12 ਸਾਲਾ ਬੇਟੇ, ਅਨਵਰ, ਨੇ ਤੀਜੀ ਜਮਾਤ ਤੋਂ ਬਾਅਦ ਆਪਣੀ ਪੜ੍ਹਾਈ ਛੱਡ ਦਿੱਤੀ। ਹੁਣ ਉਹ ਰਿਆਜ਼ ਦੇ ਨਾਲ ਕਚਰਾ ਚੁੱਕਣ ਅਤੇ ਵੱਖ-ਵੱਖ ਕਰਨ ਵਿੱਚ ਮਦਦ ਕਰਦਾ ਹੈ। “ਕੋਈ ਵੀ ਇੱਕ ਕਬਾੜੀਏ ਦੇ ਪੁੱਤਰ ਦੇ ਨੇੜੇ ਨਹੀਂ ਆਉਣਾ ਚੁਹੁੰਦਾ। ਮੇਰਾ ਕੋਈ ਮਿੱਤਰ ਨਹੀਂ ਹੈ। ਆਪਣੇ ਪਿਤਾ ਦਾ ਹੱਥ ਵਟਾਉਣ ਲਈ ਮੈਂ ਆਪਣੀ ਪੜ੍ਹਾਈ ਛੱਡ ਦਿੱਤੀ,” ਅਨਵਰ ਕਹਿੰਦਾ ਹੈ।
ਸੋਨੀਪਤ ਆਉਣ ਤੋਂ ਪਹਿਲਾਂ ਬਹਾਰੁਲ ਚੇਨੱਈ ਵਿੱਚ ਇੱਕ ਕਾਲਜ ਵਿੱਚ ਸੁਰੱਖਿਆ ਚੌਂਕੀਦਾਰ ਵੱਜੋਂ ਕੰਮ ਕਰਦੇ ਸੀ। “ਮੈਂ ਇੱਕ ਪਿੰਡ ਦੇ ਸਾਥੀ ਦੇ ਪਿੱਛੇ-ਪਿੱਛੇ ਇੱਥੇ ਆਇਆ ਸੀ,” ਉਹ ਕਹਿੰਦੇ ਹਨ।
“ਜੇਕਰ ਮੈਂ ਆਪਣੇ ਮਾਪਿਆਂ ਅਤੇ ਪਿੰਡਵਾਸੀਆਂ ਨੂੰ ਇਹ ਦੱਸਦਾ ਕਿ ਮੈੰ ਅਜਿਹਾ ਕੰਮ ਕਰਦਾ ਹਾਂ ਤਾਂ ਮੈਨੂੰ ਸ਼ਰਮ ਮਹਿਸੂਸ ਹੋਣੀ ਸੀ,” ਬਹਾਰੁਲ ਕਹਿੰਦੇ ਹਨ। “ਮੈਂ ਕਹਿੰਦਾ ਹਾਂ ਕਿ ਮੈਂ ਕਿਸੇ ਸਕੂਲ ਵਿੱਚ ਛੋਟੀ-ਮੋਟੀ ਨੌਕਰੀ ਕਰਦਾ ਹਾਂ।” ਉਹਨਾਂ ਦਾ ਕਹਿਣਾ ਹੈ ਕਿ ਪ੍ਰਵਾਸ ਦੌਰਾਨ ਉਹਨਾਂ ਨੂੰ ਹੋਰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ: “ਅਸਾਮ ਵਿਚ ਸਾਡੇ ਖਾਣੇ ਵਿੱਚ ਮੱਛੀ ਮੁੱਖ ਤੌਰ ‘ਤੇ ਸ਼ਾਮਿਲ ਹੁੰਦੀ ਹੈ। ਪਰ ਜੇਕਰ ਅਸੀਂ ਇੱਥੇ ਮੱਛੀ ਖਾਂਦੇ ਹਾਂ ਤਾਂ ਨਾਲ ਦੇ ਗੁਆਂਢੀ ਸਾਨੂੰ ਨਫਰਤ ਭਰੀ ਨਜ਼ਰ ਨਾਲ ਦੇਖਦੇ ਹਨ; ਅਸੀਂ ਇਸਨੂੰ ਬਹੁਤ ਹੀ ਲੁਕ-ਛਿਪ ਕੇ ਬਣਾਉਂਦੇ ਅਤੇ ਖਾਂਦੇ ਹਾਂ।
ਉਹਨਾਂ ਦਾ ਸੁਪਨਾ ਹੈ ਕਿ ਉਹ ਇੰਨੇ ਕੁ ਪੈਸੇ ਇਕੱਠੇ ਕਰ ਸਕਣ ਕਿ ਅਸਾਮ ਵਿੱਚ ਥੋੜ੍ਹੀ ਜਿਹੀ ਜਗ੍ਹਾ ਖਰੀਦ ਸਕਣ ਅਤੇ ਆਪਣੇ ਲੋਕਾਂ ਨਾਲ ਰਹਿਣ ਲਈ ਵਾਪਸ ਮੁੜ ਸਕਣ। “ਕੋਈ ਵੀ ਆਪਣੇ ਪਰਿਵਾਰ ਨਾਲ ਝੂਠ ਨਹੀਂ ਬੋਲਣਾ ਚਾਹੁੰਦਾ ਹੁੰਦਾ, ਅਸੀਂ ਸਾਰੇ ਇੱਕ ਇੱਜ਼ਤ ਭਰੀ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ।”
ਤਰਜਮਾ: ਇੰਦਰਜੀਤ ਸਿੰਘ