“ਅਬਰੀ ਜੋ ਆਏਗਾ ਨਾ ਵੋਟ ਲੇਨੇ, ਤੋ ਕਹੇਂਗੇ ਕਿ ਪਹਿਲੇ ਪੈਨਸ਼ਨ ਦੋ ,” ਲਿਤਾਤੀ ਮੁਰਮੂ ਕਹਿੰਦੀ ਹਨ।
ਝਾਰਖੰਡ ਦੇ ਦੁਮਕਾ ਜ਼ਿਲ੍ਹੇ ਵਿੱਚ ਪੈਂਦੇ ਕੁਸੁਮਦੀਹ ਪਿੰਡ ਦੀ ਇੱਕ ਬਸਤੀ ਬੁਰੁਟੋਲਾ ਵਿੱਚ ਆਪਣੇ ਕੱਚੇ ਘਰ ਦੇ ਬਾਹਰ ਦੱਤੀ (ਦੇਹਲੀ) ‘ਤੇ ਬੈਠੀ ਉਹ PARI ਨਾਲ਼ ਗੱਲ ਕਰਦੀ ਹਨ।
“ਇਸ ਵਾਰ ਅਸੀਂ ਘਰਾਂ ਅਤੇ ਪੈਨਸ਼ਨਾਂ ਦੀ ਮੰਗ ਕਰਾਂਗੇ,” ਉਹਨਾਂ ਦੇ ਗੁਆਂਢੀ ਦੋਸਤ ਸ਼ਰਮਿਲਾ ਹੇਮਬਰਾਮ ਬੋਲਦੀ ਹਨ ਜੋ ਉਹਨਾਂ ਦੇ ਨਾਲ਼ ਹੀ ਬੈਠੀ ਹਨ।
“ਉਹ ਸਿਰਫ਼ ਇਸੇ ਸਮੇਂ ਹੀ ਆਉਂਦੇ ਨੇ,” ਮੰਤਰੀਆਂ ਦਾ ਜ਼ਿਕਰ ਕਰਦਿਆਂ ਉਹ ਮਖੌਲੀਆ ਢੰਗ ‘ਚ ਬੋਲਦੀ ਹਨ। ਵੋਟਾਂ ਤੋਂ ਪਹਿਲਾਂ ਜਦੋਂ ਉਹ ਅਚਾਨਕ ਪ੍ਰਗਟ ਹੁੰਦੇ ਹਨ, ਅਕਸਰ ਪਿੰਡ ਦੇ ਲੋਕਾਂ ਨੂੰ ਪੈਸਿਆਂ ਨਾਲ਼ ਖ਼ਰੀਦਣ ਦੀ ਕੋਸ਼ਿਸ਼ ਕਰਦੇ ਹਨ। “ਉਹ [ਸਿਆਸੀ ਪਾਰਟੀਆਂ] ਸਾਨੂੰ 1,000 ਰੁਪਏ ਦਿੰਦੇ ਹਨ ਜਿਸ ਵਿੱਚੋਂ 500 ਆਦਮੀਆਂ ਨੂੰ ਅਤੇ 500 ਸਾਨੂੰ ਮਿਲਦਾ ਹੈ,” ਸ਼ਰਮਿਲਾ ਕਹਿੰਦੀ ਹਨ।
ਦੋਵਾਂ ਔਰਤਾਂ ਲਈ ਪੈਸਾ ਮਾਇਨੇ ਤਾਂ ਰੱਖਦਾ ਹੀ ਹੈ ਕਿਉਂਕਿ ਸਰਕਾਰੀ ਸਕੀਮਾਂ ਦੇ ਲਾਭ ਦੋਹਾਂ ਦੀ ਪਹੁੰਚ ਤੋਂ ਕੋਹਾਂ ਦੂਰ ਹਨ। 2022 ਵਿੱਚ ਲਿਤਾਤੀ ਦੇ ਪਤੀ ਦਾ ਅਚਾਨਕ ਦੇਹਾਂਤ ਹੋ ਗਿਆ ਸੀ ਅਤੇ ਸ਼ਰਿਮਲਾ ਦੇ ਪਤੀ ਇੱਕ ਮਹੀਨੇ ਦੀ ਲੰਮੀ ਬਿਮਾਰੀ ਤੋਂ ਬਾਅਦ 2023 ਵਿੱਚ ਚੱਲ ਵਸੇ। ਇਹਨਾਂ ਦੁਖੀ ਔਰਤਾਂ ਦਾ ਕਹਿਣਾ ਹੈ ਕਿ ਜਦੋਂ ਉਹ ਕੰਮ ਲਈ ਬਾਹਰ ਜਾਂਦੀਆਂ ਹਨ ਤਾਂ ਇੱਕ-ਦੂਜੇ ਦਾ ਸਹਾਰਾ ਬਣਦੀਆਂ ਹਨ ਜੋ ਕਿ ਦੋਨਾਂ ਲਈ ਹੋਂਸਲੇ ਵਾਲ਼ੀ ਗੱਲ ਹੈ।
ਆਪਣੇ ਪਤੀਆਂ ਦੇ ਜਾਣ ਤੋਂ ਬਾਅਦ ਲਿਤਾਤੀ ਅਤੇ ਸ਼ਰਮਿਲਾ ਨੇ ਸਰਵਜਨ ਪੈਨਸ਼ਨ ਯੋਜਨਾ ਦੇ ਅਧੀਨ ਵਿਧਵਾ ਪੈਨਸ਼ਨ ਸਕੀਮ ਦਾ ਲਾਭ ਲੈਣ ਦੀ ਕੋਸ਼ਿਸ਼ ਕੀਤੀ ਸੀ, ਜਿਸਦੇ ਦੁਆਰਾ 18 ਸਾਲ ਤੋਂ ਉੱਪਰ ਦੀਆਂ ਵਿਧਵਾਵਾਂ ਨੂੰ 1,000 ਰੁਪਏ ਦੀ ਪੈਨਸ਼ਨ ਦਿੱਤੀ ਜਾਂਦੀ ਹੈ। ਪੂਰੀ ਤਰ੍ਹਾਂ ਨਿਰਾਸ਼ ਲਿਤਾਤੀ ਕਹਿੰਦੀ ਹਨ,“ਅਸੀਂ ਬਹੁਤ ਸਾਰੇ ਫ਼ਾਰਮ ਭਰੇ ਅਤੇ ਇੱਥੋਂ ਤੱਕ ਕਿ ਪਿੰਡ ਦੇ ਮੁਖੀ (ਸਰਪੰਚ) ਕੋਲ਼ ਵੀ ਗਏ, ਪਰ ਸਾਨੂੰ ਕੁਝ ਹਾਸਿਲ ਨਹੀਂ ਹੋਇਆ।”


ਖੱਬੇ: ਝਾਰਖੰਡ ਦੇ ਕੁਸੁਮਦੀਹ ਪਿੰਡ ਵਿੱਚ ਲਿਤਾਤੀ ਦੇ ਕੱਚੇ ਘਰ ਦੇ ਬਾਹਰ ਦੱਤੀ (ਦੇਹਲੀ) ‘ਤੇ ਬੈਠੀਆਂ ਲੱਖੀ ਹਸਾਰੂ (ਖੱਬੇ), ਲਿਤਾਤੀ ਮੁਰਮੂ (ਵਿਚਾਲੇ) ਅਤੇ ਸ਼ਰਮਿਲਾ ਹੇਮਬਰਾਮ (ਸੱਜੇ)। ਲਿਤਾਤੀ ਅਤੇ ਸ਼ਰਮਿਲਾ, ਜੋ ਕਿ ਸੰਥਾਲ ਕਬਾਇਲੀ ਭਾਈਚਾਰੇ ਨਾਲ਼ ਸਬੰਧਤ ਹਨ, ਦੋਵੇ ਹੀ ਦਿਹਾੜੀਦਾਰ ਮਜ਼ਦੂਰ ਹਨ। ਸੱਜੇ: ਸ਼ਰਮਿਲਾ ਦੇ ਪਤੀ ਦਾ 2023 ਵਿੱਚ ਦੇਹਾਂਤ ਹੋ ਗਿਆ ਸੀ। ਉਹਨਾਂ ਨੇ ਸਰਵਜਨ ਪੈਨਸ਼ਨ ਯੋਜਨਾ ਅਧੀਨ ਵਿਧਵਾ ਪੈਨਸ਼ਨ ਸਕੀਮ ਦਾ ਲਾਭ ਲੈਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੇ
ਕਬਾਈਲੀ ਭਾਈਚਾਰੇ, (43 ਫ਼ੀਸਦੀ) ਮੁਖ ਤੌਰ ‘ਤੇ ਸੰਥਾਲ, ਪਹਾੜੀਆ ਅਤੇ ਮਾਹਲੀ (ਜਨਗਣਨਾ 2011), ਸਿਰਫ਼ ਪੈਨਸ਼ਨਾਂ ਤੋਂ ਹੀ ਨਹੀਂ, ਸਗੋਂ ਕੇਂਦਰੀ ਸਕੀਮਾਂ ਜਿਵੇਂ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ ਅਧੀਨ ਮਿਲ਼ਦੇ ਘਰਾਂ ਤੋਂ ਵੀ ਵਾਂਝੇ ਹਨ। “ਸਾਰੇ ਪਿੰਡ ਵਿੱਚ ਫਿਰ ਕੇ ਵੇਖ ਲਵੋ ਸ੍ਰੀ ਮਾਨ ਜੀ, ਤੁਹਾਨੂੰ ਪਤਾ ਲੱਗੇਗਾ ਕਿ ਕਿਸੇ ਕੋਲ਼ ਵੀ ਕੋਈ ਕਲੋਨੀ [ PMAY ਤਹਿਤ ਬਣੇ ਘਰ] ਨਹੀ ਹੈ,” ਆਪਣਾ ਪੱਖ ਰੱਖਦੇ ਹੋਏ ਸ਼ਰਮਿਲਾ ਕਹਿੰਦੀ ਹਨ।
ਕੁਸੁਮਦੀਹ ਤੋਂ ਲਗਭਗ ਸੱਤ ਕਿਲੋਮੀਟਰ ਦੂਰ ਹਿਜਲਾ ਪਿੰਡ ਵਿੱਚ ਨਿਰੂਨੀ ਮਰਾਂਡੀ ਅਤੇ ਉਹਨਾਂ ਦੇ ਪਤੀ ਰੁਬੀਲਾ ਹੰਸਦਾ ਨੂੰ ਕੋਵਿਡ-19 ਤਾਲਾਬੰਦੀ ਤੋਂ ਪਹਿਲਾਂ ਉਜਵਲ ਯੋਜਨਾ ਅਧੀਨ ਇੱਕ ਗੈਸ ਸਿਲੰਡਰ ਪ੍ਰਾਪਤ ਹੋਇਆ ਸੀ ਪਰ, “400 ਰੁਪਏ ਵਾਲਾ ਗੈਸ ਸਿਲੰਡਰ ਹੁਣ 1,200 ਰੁਪਏ ਦਾ ਹੋ ਗਿਆ ਹੈ। ਅਸੀਂ ਇਸਨੂੰ ਕਿਵੇਂ ਭਰਵਾਈਏ?'' ਨਿਰੂਨੀ ਮਰਾਂਡੀ ਪੁੱਛਦੀ ਹਨ।
ਹੋਰ ਸਰਕਾਰੀ ਸਕੀਮਾਂ ਜਿਵੇਂ ਕਿ ਨਲ ਜਲ ਯੋਜਨਾ, ਆਯੂਸ਼ਮਾਨ ਭਾਰਤ ਯੋਜਨਾ ਅਤੇ ਮਨਰੇਗਾ ਵਰਗੀਆਂ ਸਕੀਮਾਂ ਰਾਹੀਂ ਤੈਅਸ਼ੁਦਾ ਆਮਦਨੀ ਜ਼ਿਲ੍ਹਾ ਹੈੱਡਕੁਆਟਰ ਦੁਮਕਾ ਸ਼ਹਿਰ ਤੋਂ ਸਿਰਫ਼ ਦੋ ਕਿਲੋਮੀਟਰ ਦੂਰ ਪੈਂਦੇ ਉਹਨਾਂ ਦੇ ਪਿੰਡ ਤੱਕ ਨਹੀਂ ਪਹੁੰਚੀਆਂ। ਪਿੰਡ ਦੇ ਕਿੰਨੇ ਹੀ ਨਲਕੇ ਸੁੱਕੇ ਪਏ ਹਨ। ਹਿਜਲਾ ਦੇ ਇੱਕ ਵਸਨੀਕ ਨੇ ਰਿਪੋਰਟਰ ਨੂੰ ਦੱਸਿਆ ਕਿ ਉਹਨਾਂ ਦੇ ਪਰਿਵਾਰ ਨੂੰ ਪਾਣੀ ਲਿਆਉਣ ਲਈ ਇੱਕ ਕਿਲੋਮੀਟਰ ਦੂਰ ਨਦੀ ਤੱਕ ਤੁਰ ਕੇ ਜਾਣਾ ਪੈਂਦਾ ਹੈ।
ਨੌਕਰੀਆਂ ਦੀ ਵੀ ਤੰਗੀ ਚੱਲ ਰਹੀ ਹੈ। “ਪਿਛਲੇ 10 ਸਾਲਾਂ ਤੋਂ [ਨਰਿੰਦਰ] ਮੋਦੀ ਸੱਤਾ ਵਿੱਚ ਹਨ। ਨੌਜਵਾਨਾਂ ਨੂੰ ਉਹਨਾਂ [ਪ੍ਰਧਾਨ ਮੰਤਰੀ] ਨੇ ਕਿੰਨੀਆਂ ਕੁ ਨੌਕਰੀਆਂ ਦਿੱਤੀਆਂ ਹਨ? ਬਹੁਤ ਸਾਰੀਆਂ ਸਰਕਾਰੀ ਅਸਾਮੀਆਂ ਖ਼ਾਲੀ ਪਈਆਂ ਹਨ,” ਰੁਬੀਲਾ ਕਹਿੰਦੇ ਹਨ ਜੋ ਇੱਕ ਦਿਹਾੜੀਦਾਰ ਮਜ਼ਦੂਰ ਹਨ। ਉਹਨਾਂ ਦਾ ਦੋ ਏਕੜ ਦਾ ਖੇਤ ਜਿੱਥੇ ਉਹ ਝੋਨਾ, ਕਣਕ ਅਤੇ ਮੱਕੀ ਉਗਾਇਆ ਕਰਦੇ ਸਨ, ਗੰਭੀਰ ਸੋਕੇ ਕਾਰਨ ਪਿਛਲੇ ਤਿੰਨ ਸਾਲਾਂ ਤੋਂ ਬੀਜਿਆ ਨਹੀਂ ਗਿਆ। “ਅਸੀਂ 10-15 ਰੁਪਏ ਪ੍ਰਤੀ ਕਿਲੋ ਚੌਲ ਖਰੀਦਿਆ ਕਰਦੇ ਸੀ ਪਰ ਹੁਣ ਇਹ 40 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ,” ਰੁਬੀਲਾ ਦੱਸਦੇ ਹਨ।
ਰੁਬੀਲਾ ਕਈ ਸਾਲਾਂ ਤੱਕ ਝਾਰਖੰਡ ਮੁਕਤੀ ਮੋਰਚਾ (JMM) ਦੇ ਪੋਲਿੰਗ ਏਜੰਟ ਰਹੇ ਹਨ। ਉਹਨਾਂ ਨੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਨੂੰ ਕਈ ਵਾਰ ਖ਼ਰਾਬ ਹੁੰਦੇ ਦੇਖਿਆ ਹੈ। “ਕਈ ਵਾਰ ਮਸ਼ੀਨ ਖ਼ਰਾਬ ਹੋ ਜਾਂਦੀ ਹੈ। ਜੇ ਤੁਸੀਂ 10-11 ਵੋਟਾਂ ਪਾਉਂਦੇ ਹੋ ਤਾਂ ਇਹ ਠੀਕ ਚੱਲਦੀ ਹੈ। ਪਰ ਬਾਰ੍ਹਵੀਂ ਵੋਟ ਪੈਂਦਿਆਂ ਹੀ ਗ਼ਲਤ ਪਰਚੀ ਕੱਢ ਸਕਦੀ ਹੁੰਦੀ ਹੈ,” ਰੁਬੀਲਾ ਕਹਿੰਦੇ ਹਨ। ਉਹਨਾਂ ਕੋਲ਼ ਇਸ ਕੰਮ ਨੂੰ ਬਿਹਤਰ ਬਣਾਉਣ ਦਾ ਇੱਕ ਸੁਝਾਅ ਹੈ। “ਪੁਰਾਣੇ ਸਮਿਆਂ ਵਾਂਗ ਇਸ ਪ੍ਰਕਿਰਿਆ ਵਿੱਚ ਬਟਨ ਦਬਾਉਣਾ, ਪਰਚੀ ਮਿਲ਼ਣਾ, ਪੁਸ਼ਟੀ ਕਰਨਾ ਅਤੇ ਫਿਰ ਬਕਸੇ ਵਿੱਚ ਪਾਉਣਾ ਚਾਹੀਦਾ ਹੈ,” ਉਹ ਕਹਿੰਦੇ ਹਨ।


ਖੱਬੇ: ਕੁਸੁਮਦੀਹ ਪਿੰਡ ਵਿੱਚ ਕਿੰਨੇ ਹੀ ਨਲ਼ਕੇ ਸੁੱਕੇ ਪਏ ਹਨ। ਸਿਰਫ਼ ਇੱਕੋ ਨਲ਼ਕਾ ਚੱਲਦਾ ਹੈ ਜਿੱਥੋਂ ਸ਼ਰਮਿਲਾ ਅਤੇ ਲਿਤਾਤੀ ਪਾਣੀ ਭਰਦੀਆਂ ਹਨ। ਸੱਜੇ: ਦੁਮਕਾ ਸ਼ਹਿਰ ਵਿੱਚ ਲੱਗਿਆ ਭਾਰਤੀ ਚੋਣ ਕਮਿਸ਼ਨ ਦਾ ਇੱਕ ਪੋਸਟਰ ਜੋ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰ ਰਿਹਾ ਹੈ


ਖੱਬੇ: ਹਿਜਲਾ ਦੇ ਇੱਕ ਵਸਨੀਕ ਰੁਬੀਲਾ ਹੰਸਦਾ ਦਾ ਕਹਿਣਾ ਹੈ ਕਿ ਝਾਰਖੰਡ ਮੁਕਤੀ ਮੋਰਚਾ ਦੇ ਆਗੂ ਹੇਮੰਤ ਸੋਰੇਨ ਦੀ ਗ੍ਰਿਫ਼ਤਾਰੀ ਕਾਰਨ ਪਿੰਡ ਦੇ ਲੋਕਾਂ ਵਿੱਚ ਰੋਸ ਹੈ: ‘ਇਹ ਸਭ ਰਾਜਨੀਤੀ ਹੈ ਅਤੇ ਕਬਾਇਲੀ ਭਾਈਚਾਰਾ ਸਭ ਸਮਝਦਾ ਹੈ।’ ਸੱਜੇ: ਕੋਵਿਡ-19 ਦੀ ਤਾਲਾਬੰਦੀ ਤੋਂ ਪਹਿਲਾਂ ਪਰਿਵਾਰ ਨੂੰ ਉਜਵਲ ਯੋਜਨਾ ਅਧੀਨ ਇੱਕ ਗੈਸ ਸਿਲੰਡਰ ਮਿਲਿਆ ਸੀ ਪਰ, ‘400 ਰੁਪਏ ਵਾਲ਼ਾ ਗੈਸ ਸਿਲੰਡਰ ਹੁਣ 1,200 ਰੁਪਏ ਦਾ ਹੋ ਗਿਆ ਹੈ। ਅਸੀਂ ਇਸਨੂੰ ਕਿਵੇਂ ਭਰਵਾਈਏ?’ ਰੁਬੀਲਾ ਦੀ ਪਤਨੀ, ਨਿਰੂਨੀ ਮਰਾਂਡੀ ਕਹਿੰਦੀ ਹਨ
ਇੱਥੋਂ ਦੀ ਲੋਕ ਸਭਾ ਸੀਟ ਅਨੁਸੂਚਿਤ ਕਬੀਲੇ ਦੇ ਲੋਕਾਂ ਲਈ ਰਾਖਵੀਂ ਹੈ। ਝਾਰਖੰਡ ਦੀ ਦੁਮਕਾ ਸੀਟ JMM ਦੇ ਸੰਸਥਾਪਕ ਸ਼ੀਬੂ ਸੋਰੇਨ ਕੋਲ ਲਗਾਤਾਰ ਅੱਠ ਵਾਰ ਰਾਖਵੀਂ ਰਹੀ ਪਰ 2019 ਵਿੱਚ ਉਹ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਸੁਨੀਲ ਸੋਰੇਨ ਤੋਂ ਹਾਰ ਗਏ। ਹੁਣ ਬੀਜੇਪੀ ਦੀ ਸੀਤਾ ਸੋਰੇਨ, ਸ਼ਿਬੂ ਸੋਰੇਨ ਦੀ ਵੱਡੀ ਨੂੰਹ ਜਿਸਨੇ ਦੋ ਮਹੀਨੇ ਪਹਿਲਾਂ JMM ਤੋਂ BJP ਪਾਰਟੀ ਬਦਲ ਲਈ ਸੀ, JMM ਦੇ ਨਲਿਨ ਸੋਰੇਨ ਵਿਰੁੱਧ ਚੋਣ ਲੜ੍ਹ ਰਹੀ ਹੈ। JMM ਭਾਰਤੀ ਗਠਜੋੜ (INDIA Alliance) ਦਾ ਹਿੱਸਾ ਹੈ।
31 ਜਨਵਰੀ 2024 ਨੂੰ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸ ਇਲਾਕੇ ਵਿੱਚ ਰੋਸ ਵੀ ਵਧ ਰਿਹਾ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਉਹਨਾਂ ਨੂੰ ਇੱਕ ਕਥਿਤ ਜ਼ਮੀਨੀ ਘੁਟਾਲੇ ਨਾਲ਼ ਜੁੜੇ ਕਾਲ਼ੇ ਧਨ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਉਹਨਾਂ ਨੇ ਆਪਣੇ ਪਦ ਤੋਂ ਅਸਤੀਫ਼ਾ ਦੇ ਦਿੱਤਾ ਸੀ।
“ਇਸ ਵਾਰ ਸਾਡੇ ਪਿੰਡ ਵਿੱਚੋਂ ਇੱਕ ਵੀ ਵੋਟ ਬੀਜੇਪੀ ਨੂੰ ਨਹੀਂ ਜਾਵੇਗੀ,” ਰੁਬੀਲਾ ਕਹਿੰਦੇ ਹਨ। “ਆਜ ਆਪਕਾ ਸਰਕਾਰ ਹੈ ਤੋ ਅਪਨੇ ਗ੍ਰਿਫਤਾਰ ਕਰ ਲੀਏ। ਯੇ ਪਾਲੀਟਿਕਸ ਹੈ ਔਰ ਆਦਿਵਾਸੀ ਅੱਛੇ ਸੇ ਸਮਝਤੇ ਹੈਂ।”
*****
ਆਪਣੇ ਤੀਹ ਦੇ ਦਹਾਕੇ ਵਿੱਚ ਸੰਥਾਲ ਭਾਈਚਾਰੇ ਨਾਲ਼ ਸਬੰਧਤ ਲਿਤਾਤੀ ਅਤੇ ਸ਼ਰਮਿਲਾ, ਜੋ ਆਪਣੇ ਤੀਹ ਦੇ ਦਹਾਕੇ ਵਿੱਚ ਹਨ, ਕੋਲ਼ ਕੋਈ ਜ਼ਮੀਨ ਨਹੀਂ ਹੈ ਅਤੇ ਖੇਤੀਬਾੜੀ ਦੌਰਾਨ ਆਧੀਆ (ਭਾੜੇ ਦੇ ਕਿਸਾਨ) ਵਜੋਂ ਕੰਮ ਕਰਦੀਆਂ ਹਨ ਅਤੇ ਬਦਲੇ ਵਿੱਚ 50 ਫ਼ੀਸਦੀ ਉਤਪਾਦਨ ਹਿੱਸਾ ਪ੍ਰਾਪਤ ਕਰਦੀਆਂ ਹਨ। ਪਰ ਪਿਛਲੇ ਤਿੰਨ ਸਾਲਾਂ ਦੌਰਾਨ, ਸ਼ਰਮਿਲਾ ਕਹਿੰਦੀ ਹਨ, “ਏਕੋ ਦਾਨਾ ਖੇਤੀ ਨਹੀਂ ਹੂਆ ਹੈ ।” ਉਹ ਆਪਣੀਆਂ ਪੰਜ ਬੱਤਖ਼ਾਂ ਤੋਂ ਕਮਾਈ ਕਰਦੀ ਹਨ ਅਤੇ ਪੰਜ ਕਿਲੋਮੀਟਰ ਦੂਰ ਦਸੋਰਇਆਧੀ ਦੀ ਸਥਾਨਕ ਹਫ਼ਤਾਵਾਰੀ ਹਾਟ (ਬਜ਼ਾਰ) ਵਿੱਚ ਅੰਡੇ ਵੇਚਦੀ ਹਨ।
ਬਾਕੀ ਸਾਰਾ ਸਾਲ ਉਹ ਆਪਣੇ ਪਿੰਡ ਤੋਂ ਚਾਰ ਕਿਲੋਮੀਟਰ ਦੂਰ ਦੁਮਕਾ ਕਸਬੇ ਵਿੱਚ ਉਸਾਰੀ ਵਾਲੀਆਂ ਥਾਵਾਂ ‘ਤੇ ਕੰਮ ਕਰਦੀਆਂ ਹਨ ਜਿੱਥੇ ਰੋਜ਼ 20 ਰੁਪਏ ਖਰਚ ਕੇ ਟੋਟੋ (ਇਲੈਕਟ੍ਰਿਕ ਰਿਕਸ਼ਾ) ‘ਤੇ ਜਾਂਦੀਆਂ ਹਨ। “ਅਸੀਂ ਰੋਜ਼ਾਨਾਂ 350 ਰੁਪਏ ਕਮਾਂ ਲੈਂਦੇ ਹਾਂ। ਸਾਰਾ ਕੁਝ ਬਹੁਤ ਮਹਿੰਗਾ ਹੋ ਚੁੱਕਿਆ ਹੈ। ਸਾਨੂੰ ਸਭ ਕੁਝ ਦੇਖਣਾ ਪੈਂਦਾ ਹੈ,” ਸ਼ਰਮਿਲਾ, ਰਿਪੋਰਟਰ ਨੂੰ ਕਹਿੰਦੀ ਹਨ।
ਲਿਤਾਤੀ ਸਹਿਮਤ ਹਨ, “ਅਸੀਂ ਥੋੜ੍ਹਾ ਕਮਾਉਂਦੇ ਹਾਂ ਅਤੇ ਥੋੜ੍ਹਾ ਖਾਂਦੇ ਹਾਂ।” ਹੱਥਾਂ ਨਾਲ਼ ਇਸ਼ਾਰੇ ਕਰਦੀ ਹੋਈ ਉਹ ਕਹਿੰਦੀ ਹਨ,“ਜੇਕਰ ਸਾਡੇ ਕੋਲ ਕੋਈ ਕੰਮ ਨਹੀਂ ਹੋਵੇਗਾ ਤਾਂ ਸਾਨੂੰ ਮਾਧ-ਭਾਤ (ਪਿਛ ਤੇ ਚੌਲ਼) ਖਾਣੀ ਪੈਂਦੀ ਹੈ।” ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਇਲਾਕੇ ਵਿੱਚ ਕੋਈ ਕੰਮ ਉਪਲੱਬਧ ਨਹੀਂ ਹੈ।


ਖੱਬੇ: ਪਿੰਡ ਵਿੱਚ ਕੋਈ ਕੰਮ ਨਾ ਹੋਣ ਕਰਕੇ ਅਤੇ ਆਪਣੇ ਪਰਿਵਾਰ ਦੀ ਦੇਖਭਾਲ਼ ਕਰਨ ਲਈ ਲਿਤਾਤੀ (ਬੈਠੀ ਹੋਈ) ਅਤੇ ਸ਼ਰਮਿਲਾ (ਹਰੇ ਸੂਟ ‘ਚ) ਨੂੰ ਕੰਮ ਦੀ ਭਾਲ਼ ਵਿੱਚ ਦੁਮਕਾ ਜਾਣਾ ਪੈਂਦਾ ਹੈ। ‘ਸਾਨੂੰ ਜੋ ਵੀ ਕੰਮ ਮਿਲਦਾ ਹੈ ਅਸੀਂ ਕਰ ਲੈਂਦੇ ਹਾਂ,’ ਲਿਤਾਤੀ ਕਹਿੰਦੀ ਹਨ ਜਿਹਨਾਂ ਦੇ ਪਤੀ ਦਾ 2022 ਵਿੱਚ ਦੇਹਾਂਤ ਹੋ ਗਿਆ ਸੀ। ਸੱਜੇ: ਲਿਤਾਤੀ ਅਤੇ ਸ਼ਰਮਿਲਾ ਬੁਰੂਟੋਲਾ ਰਹਿੰਦੇ ਹਨ ਜੋ ਦੁਮਕਾ ਜ਼ਿਲ੍ਹੇ ਦੇ ਕੁਸੁਮਦੀਹ ਦੀ ਇੱਕ ਬਸਤੀ ਹੈ। ਦੁਮਕਾ ਦੀ 43 ਫ਼ੀਸਦੀ ਅਬਾਦੀ ਆਦਿਵਾਸੀ ਭਾਈਚਾਰੇ ਦੀ ਹੈ ਅਤੇ ਇੱਥੇ ਲੋਕ ਸਭਾ ਸੀਟ ਅਨੁਸੂਚਿਤ ਕਬੀਲੇ ਦੇ ਵਿਅਕਤੀ ਲਈ ਰਾਖਵੀਂ ਹੈ
ਇੱਥੇ ਦੁਮਕਾ ਜ਼ਿਲ੍ਹੇ ਵਿੱਚ ਜ਼ਿਆਦਾਤਰ ਆਦਿਵਾਸੀਆਂ ਦੀ ਰੋਜ਼ੀ-ਰੋਟੀ ਖੇਤੀ ਨਾਲ਼ ਸਬੰਧਤ ਕੰਮਾਂ-ਕਾਰਾਂ ਜਾਂ ਸਰਕਾਰੀ ਸਕੀਮਾਂ ਦੇ ਸਹਾਰੇ ਹੀ ਚੱਲਦੀ ਹੈ। ਜਨਤਕ ਵੰਡ ਪ੍ਰਣਾਲੀ ਇੱਕੋ-ਇੱਕ ਅਜਿਹੀ ਸਰਕਾਰੀ ਸਕੀਮ ਹੈ ਜਿਸਦੇ ਅਧੀਨ ਪਰਿਵਾਰਾਂ ਨੂੰ ਪੰਜ ਕਿਲੋਗ੍ਰਾਮ ਰਾਸ਼ਨ ਮਿਲ਼ਦਾ ਹੈ।
ਔਰਤਾਂ ਦੇ ਨਾਂ ‘ਤੇ ਕੋਈ ਲੇਬਰ ਕਾਰਡ ਨਹੀਂ ਹਨ। “ਪਿਛਲੇ ਸਾਲ ਕੁਝ ਲੋਕ [ਲੇਬਰ] ਕਾਰਡ ਬਣਉਣ ਆਏ ਸੀ ਪਰ ਅਸੀਂ ਘਰ ਨਹੀਂ ਸੀ; ਅਸੀਂ ਕੰਮ ‘ਤੇ ਗਏ ਹੋਏ ਸੀ। ਉਸ ਤੋਂ ਬਾਅਦ ਕੋਈ ਵੀ ਨਹੀਂ ਆਇਆ,” ਸ਼ਰਮਿਲਾ ਕਹਿੰਦੀ ਹਨ। ਕਾਰਡ ਤੋਂ ਬਿਨਾ ਉਹ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਯੋਜਨਾ (MNREGA) ਥਾਵਾਂ ‘ਤੇ ਕੰਮ ਨਹੀਂ ਕਰ ਸਕਦੇ।
“ਸਾਨੂੰ ਜੋ ਕੰਮ ਮਿਲ਼ਦਾ ਹੈ ਅਸੀਂ ਕਰ ਲੈਂਦੇ ਹਾਂ,” ਲਿਤਾਤੀ ਦੱਸਦੀ ਹੋਈ ਗੱਲ ਜਾਰੀ ਰੱਖਦੀ ਹਨ, “ਜਿਆਦਾ ਢੋਨੇ ਕਾ ਕਾਮ ਮਿਲਤਾ ਹੈ, ਕਹੀ ਘਰ ਬਨ ਰਹਾ ਹੈ, ਤੋ ਈਟਾ ਢੋ ਦੀਆ, ਬਾਲੂ ਢੋ ਦੀਆ ।”
ਸ਼ਰਮਿਲਾ ਦਾ ਕਹਿਣਾ ਹੈ ਕਿ ਪਰ ਇਸਦੀ ਕੋਈ ਗਰੰਟੀ ਨਹੀਂ ਹੈ, “ਕਈ ਵਾਰ ਤੁਹਾਨੂੰ ਕੰਮ ਮਿਲ਼ ਜਾਂਦਾ ਹੈ, ਕਈ ਵਾਰ ਨਹੀਂ। ਕਈ ਵਾਰ ਦੋ-ਤਿੰਨ ਹਫ਼ਤੇ ਵੀ ਕੰਮ ਨਹੀਂ ਮਿਲ਼ਦਾ।” ਪਿਛਲਾ ਕੰਮ ਉਹਨਾਂ ਨੂੰ ਚਾਰ ਦਿਨ ਪਹਿਲਾਂ ਮਿਲਿਆ ਸੀ। ਲਿਤਾਤੀ ਵਾਂਗ ਸ਼ਰਮਿਲਾ ਵੀ ਆਪਣੇ ਘਰ ਦੀ ਇਕਲੌਤੀ ਕਮਾਈ ਕਰਨ ਵਾਲ਼ੀ ਮੈਂਬਰ ਹਨ ਜਿੱਥੇ ਉਹ ਆਪਣੇ ਸਹੁਰੇ ਪਰਿਵਾਰ ਅਤੇ ਤਿੰਨ ਬੱਚਿਆਂ ਨਾਲ਼ ਰਹਿੰਦੀ ਹਨ।
ਔਰਤਾਂ ਦਾ ਕੰਮ ਸਵੇਰੇ ਜਲਦੀ ਸ਼ੁਰੂ ਹੋ ਜਾਂਦਾ ਹੈ ਜਦੋਂ ਉਹ ਟੋਲਾ ਵਿਚਲੇ ਇਲਕੌਤੇ ਨਲ਼ਕੇ ਤੋਂ ਪਾਣੀ ਭਰਨ ਜਾਂਦੀਆਂ ਹਨ, ਜਿੱਥੋਂ ਲਗਭਗ 50 ਘਰ ਪਾਣੀ ਭਰਦੇ ਹਨ। ਫਿਰ ਉਹ ਖਾਣਾ ਬਣਾ ਕੇ ਅਤੇ ਘਰ ਦਾ ਬਾਕੀ ਕੰਮ ਕਰਕੇ ਆਪਣੀਆਂ ਕਹੀਆਂ ਅਤੇ ਪਲਾਸਟਿਕ ਦੀਆਂ ਬਾਲਟੀਆਂ ਚੁੱਕੀ ਕੰਮ ਦੀ ਭਾਲ਼ ਵਿੱਚ ਚੱਲ ਪੈਂਦੀਆਂ ਹਨ। ਉਹ ਆਪਣੇ ਨਾਲ਼ ਨਿੱਥੂ (ਇਨੂੰ) ਵੀ ਰੱਖਦੀਆਂ ਹਨ ਜੋ ਸੀਮਿਟ ਦੀਆਂ ਬੋਰੀਆਂ ਤੋਂ ਬਣਿਆ ਇੱਕ ਛੋਟਾ ਸਿਰਹਾਣਾ ਜਿਹਾ ਹੁੰਦਾ ਹੈ ਜਿਸ ਨੂੰ ਭਾਰ ਚੁੱਕਣ ਵੇਲੇ ਸਿਰ ‘ਤੇ ਰੱਖਿਆ ਜਾਂਦਾ ਹੈ।


ਖੱਬੇ: ਸ਼ਰਮਿਲਾ ਅਤੇ ਲਿਤਾਤੀ ਜਦੋਂ ਕੰਮ ‘ਤੇ ਚਲੀਆਂ ਜਾਂਦੀਆਂ ਹਨ ਤਾਂ ਪਿੱਛੋਂ ਉਹਨਾਂ ਦੇ ਬੱਚਿਆਂ ਦਾ ਧਿਆਨ ਦਾਦਾ-ਦਾਦੀ ਰੱਖਦੇ ਹਨ। ਸੱਜੇ: ਸ਼ਰਮਿਲਾ ਦੇ ਘਰ ਅੰਦਰ ਖੇਡਦੇ ਹੋਏ ਬੱਚੇ
ਜਦੋਂ ਔਰਤਾਂ ਦੁਮਕਾ ਕੰਮ ਲੱਭਣ ਜਾਂਦੀਆ ਹਨ ਤਾਂ ਪਿੱਛੋਂ ਉਹਨਾਂ ਦੇ ਬੱਚਿਆਂ ਦਾ ਧਿਆਨ ਉਹਨਾਂ ਦੇ ਦਾਦਾ-ਦਾਦੀ ਰੱਖਦੇ ਹਨ ਜੋ ਉਹਨਾਂ ਨਾਲ਼ ਹੀ ਰਹਿੰਦੇ ਹਨ।
“ਜਦੋਂ ਕੋਈ ਕੰਮ ਨਹੀਂ ਮਿਲ਼ਦਾ ਤਾਂ ਘਰ ਵਿੱਚ ਵੀ ਕੁਝ ਨਹੀਂ ਹੁੰਦਾ। ਜਿਨ੍ਹਾਂ ਦਿਨਾਂ ਵਿੱਚ ਅਸੀਂ ਕਮਾਉਂਦੇ ਹਾਂ ਅਸੀਂ ਕੁਝ ਸਬਜੀਆਂ ਲੈ ਆਉਂਦੇ ਹਨ,” ਲਿਤਾਤੀ ਕਹਿੰਦੀ ਹਨ ਜੋ ਤਿੰਨ ਬੱਚਿਆ ਦੀ ਮਾਂ ਹਨ। ਮਈ ਦੇ ਪਹਿਲੇ ਹਫ਼ਤੇ ਜਦੋਂ ਉਹ ਬਜ਼ਾਰ ਸਬਜ਼ੀਆਂ ਲੈਣ ਗਈਆਂ ਸਨ ਤਾਂ ਆਲੂ 30 ਰੁਪਏ ਕਿਲੋ ਸਨ। “ਦਾਮ ਦੇਖ ਕਰ ਮਾਥਾ ਖਰਾਬ ਹੋ ਗਿਆ ,” ਸ਼ਰਮਿਲਾ ਵੱਲ ਮੁਖ਼ਾਤਬ ਹੁੰਦਿਆਂ ਉਹ ਕਹਿੰਦੀ ਹਨ।
“ਸਾਨੂੰ ਵੀ ਝਾੜੂ-ਪੋਚੇ ਜਿਹਾ ਕੋਈ ਕੰਮ ਮਿਲ਼ੇ,” ਲਿਤਾਤੀ PARI ਦੇ ਰਿਪੋਰਟਰ ਨੂੰ ਕਹਿੰਦੀ ਹਨ, “ਤਾਂ ਕਿ ਸਾਨੂੰ ਰੋਜ਼ ਧੱਕੇ ਨਾ ਖਾਣੇ ਪੈਣ; ਸਾਨੂੰ ਇੱਕ ਹੀ ਜਗ੍ਹਾ ਕੰਮ ਮਿਲ਼ ਜਾਵੇ ਤਾਂ ਚੰਗਾ ਹੈ।” ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਵਿੱਚ ਜ਼ਿਆਦਾਤਰ ਲੋਕ ਅਜਿਹੇ ਹੀ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਨ। ਸਿਰਫ਼ ਕੁਝ ਲੋਕਾਂ ਕੋਲ਼ ਹੀ ਸਰਕਾਰੀ ਨੌਕਰੀਆਂ ਹਨ।
ਸ਼ਰਮਿਲਾ ਇਸ ਗੱਲ ਨਾਲ਼ ਸਹਿਮਤੀ ਪ੍ਰਗਟਾਉਂਦੀ ਹਨ: “ਨੇਤਾ ਲੋਗ ਵੋਟ ਕੇ ਲੀਏ ਆਤੇ ਹੈਂ, ਔਰ ਚਲੇ ਜਾਤੇ ਹੈਂ, ਹਮਲੋਗ ਐਸੇ ਹੀ ਜਸ ਕਾ ਤਸ ...”
ਤਰਜਮਾ: ਇੰਦਰਜੀਤ ਸਿੰਘ