ਸਵੇਰ ਦੇ 9 ਵੱਜੇ ਹਨ, ਤੇ ਮੁੰਬਈ ਦੇ ਆਜ਼ਾਦ ਮੈਦਾਨ ਐਤਵਾਰ ਦੀ ਖੇਡ ਲਈ ਤਿਆਰ ਹੁੰਦੇ ਨੌਜਵਾਨ ਕ੍ਰਿਕਟ ਖਿਡਾਰੀਆਂ ਦੇ ਰੌਲੇ ਨਾਲ ਗੂੰਜ ਉੱਠਿਆ ਹੈ। ਜਿਵੇਂ-ਜਿਵੇਂ ਖੇਡ ਚਲਦੀ ਹੈ, ਖੁਸ਼ੀ ਅਤੇ ਦੁੱਖ ਦੀਆਂ ਚੀਕਾਂ ਵਾਰ-ਵਾਰ ਸੁਣਾਈ ਦਿੰਦੀਆਂ ਹਨ।
ਮਹਿਜ਼ 50 ਮੀਟਰ ਦੂਰ, 5,000 ਭਾਗੀਦਾਰਾਂ ਦੀ ਇੱਕ ਹੋਰ ‘ਖੇਡ’ ਸ਼ਾਂਤੀ ਨਾਲ ਚੱਲ ਰਹੀ ਹੈ। ਇਹ ਲੰਬੇ ਸਮੇਂ ਤੋਂ ਚੱਲ ਰਹੀ ਹੈ ਪਰ ਇਸ 'ਖੇਡ' ਵਿੱਚ ਜੋਖਮ ਜ਼ਿਆਦਾ ਹੈ ਅਤੇ ਪਿਛਲੇ ਮਹੀਨੇ ਤੋਂ ਮੁੰਬਈ ਦੇ ਆਜ਼ਾਦ ਮੈਦਾਨ ਵਿੱਚ ਪ੍ਰਦਰਸ਼ਨ ਕਰ ਰਹੀਆਂ ਹਜ਼ਾਰਾਂ ਆਸ਼ਾ – ਸਿਹਤ ਵਰਕਰਾਂ – ਨੂੰ ਅਜੇ ਇਸ ਦਾ ਅੰਤ ਨਜ਼ਰ ਨਹੀਂ ਆ ਰਿਹਾ। 9 ਫਰਵਰੀ ਨੂੰ ਸ਼ੁਰੂ ਹੋਏ ਸੰਘਰਸ਼ ਦੇ ਪਹਿਲੇ ਹਫ਼ਤੇ ਵਿੱਚ 50 ਤੋਂ ਜ਼ਿਆਦਾ ਮਹਿਲਾ ਪ੍ਰਦਰਸ਼ਨਕਾਰੀਆਂ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ ਸੀ।
ਚਲਦੀ ਸੜਕ ਦੇ ਨੇੜੇ 30ਵਿਆਂ ਦੀ ਉਮਰ ਦੀ ਇੱਕ ਆਸ਼ਾ ਵਰਕਰ ਜ਼ਮੀਨ ’ਤੇ ਬੈਠੀ ਹੈ। ਉਹ ਲੰਘ ਰਹੇ ਲੋਕਾਂ ਦੀਆਂ ਨਜ਼ਰਾਂ ਤੋਂ ਬਚਦੀ ਹੋਈ, ਘਬਰਾ ਕੇ ਆਸੇ-ਪਾਸੇ ਵੇਖਦੀ ਹੈ। ਔਰਤਾਂ ਦਾ ਇੱਕ ਝੁੰਡ ਉਸਦੇ ਦੁਆਲੇ ਇਕੱਠਾ ਹੋ ਜਾਂਦਾ ਹੈ, ਤੇ ਉਹ ਉਸਦੇ ਕੱਪੜੇ ਬਦਲਣ ਵਾਸਤੇ ਹੋਇਆਂ ਚੁੰਨੀਆਂ ਅਤੇ ਚਾਦਰ ਨਾਲ ਪਰਦਾ ਕਰਦੀਆਂ ਹਨ।
ਕੁਝ ਘੰਟਿਆਂ ਬਾਅਦ, ਦੁਪਹਿਰ ਦੇ ਖਾਣੇ ਵੇਲੇ, ਪੂਰੀ ਕਰੜੀ ਧੁੱਪ ਵਿੱਚ, ਆਸ਼ਾ ਵਰਕਰ ਖਾਲੀ ਟਿਫਨ ਦੇ ਡੱਬਿਆਂ, ਪਲੇਟਾਂ ਅਤੇ ਢੱਕਣ ਲੈ ਕੇ ਆਪਣੀ ਸਾਥਣ ਰੀਟਾ ਚਾਵਰੇ ਦੇ ਆਲੇ-ਦੁਆਲੇ ਇਕੱਠੀਆਂ ਹੋ ਗਈਆਂ। 47 ਸਾਲਾ ਆਸ਼ਾ ਵਰਕਰ ਜਦ ਉਹਨਾਂ ਨੂੰ ਘਰ ਦਾ ਬਣਿਆ ਖਾਣਾ ਪਰੋਸਦੀ ਹੈ ਤਾਂ ਉਹ ਆਰਾਮ ਨਾਲ ਆਪਣੀ ਵਾਰੀ ਦਾ ਇੰਤਜ਼ਾਰ ਕਰਦੀਆਂ ਹਨ। “ਮੈਂ ਇੱਥੇ ਪ੍ਰਦਰਸ਼ਨ ਕਰ ਰਹੀਆਂ 80 ਤੋਂ 100 ਆਸ਼ਾ ਵਰਕਰਾਂ ਨੂੰ ਖਾਣਾ ਖੁਆ ਦਿੰਦੀ ਹਾਂ,” ਰੀਟਾ ਨੇ ਕਿਹਾ ਜੋ 17 ਹੋਰ ਆਸ਼ਾ ਵਰਕਰਾਂ ਨਾਲ ਥਾਨੇ ਜਿਲ੍ਹੇ ਦੇ ਤਿਸਗਾਓਂ ਤੋਂ ਰੋਜ਼ ਦੋ ਘੰਟੇ ਦਾ ਸਫ਼ਰ ਤੈਅ ਕਰਕੇ ਆਜ਼ਾਦ ਮੈਦਾਨ ਪਹੁੰਚਦੀ ਸੀ।
“ਅਸੀਂ ਵਾਰੀ ਬੰਨ੍ਹ ਕੇ ਯਕੀਨੀ ਬਣਾਉਂਦੇ ਹਾਂ ਕਿ ਕੋਈ ਆਸ਼ਾ ਵਰਕਰ ਭੁੱਖੀ ਨਾ ਰਹੇ। ਪਰ ਹੁਣ ਅਸੀਂ ਬਿਮਾਰ ਹੋ ਰਹੀਆਂ ਹਾਂ। ਅਤੇ ਅਸੀਂ ਥੱਕ ਚੁੱਕੀਆਂ ਹਾਂ,” ਫਰਵਰੀ 2024 ਦੇ ਅੰਤ ਵਿੱਚ PARI ਨਾਲ ਗੱਲ ਕਰਦਿਆਂ ਉਹਨੇ ਕਿਹਾ।


ਹਜ਼ਾਰਾਂ ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਾਰਕੁਨ (ਆਸ਼ਾ) ਪਿਛਲੇ ਮਹੀਨੇ ਤੋਂ ਮੁੰਬਈ ਦੇ ਆਜ਼ਾਦ ਮੈਦਾਨ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਸਨ। ਕਲਿਆਣ ਤੋਂ ਰੀਤਾ ਚਾਵਰੇ ਅਤੇ 17 ਸਾਥੀ ਆਸ਼ਾ ਵਰਕਰਾਂ ਲਈ 21 ਦਿਨਾਂ ਤੋਂ ਮੁੰਬਈ ਦੇ ਆਜ਼ਾਦ ਮੈਦਾਨ ਜਾਂਦੀਆਂ ਰਹੀਆਂ। ਰੀਤਾ (ਸੱਜੇ) 2006 ਵਿੱਚ ਆਸ਼ਾ ਬਣੀ ਅਤੇ ਮਹਾਰਾਸ਼ਟਰ ਦੇ ਟਿਸਗਾਓਂ ਵਿੱਚ 1,500 ਤੋਂ ਵੱਧ ਦੀ ਆਬਾਦੀ ਦੀ ਸੇਵਾ ਕਰਦੀ ਹਨ


ਰਾਜ ਦੇ 36 ਜ਼ਿਲ੍ਹਿਆਂ ਦੀਆਂ ਆਸ਼ਾ ਵਰਕਰਾਂ ਨੇ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨੇ ਇੱਥੇ 21 ਦਿਨ 21 ਰਾਤਾਂ ਬਿਤਾਈਆਂ ਅਤੇ ਕਈਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ
21 ਦਿਨ ਬਾਅਦ 1 ਮਾਰਚ ਨੂੰ ਜਦ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ “ ਆਸ਼ਾ ਚੀ ਨਿਰਾਸ਼ਾ ਸਰਕਾਰ ਕਰਨਾਰ ਨਾਹੀ (ਸਰਕਾਰ ਆਸ਼ਾ ਵਰਕਰਾਂ ਨੂੰ ਨਿਰਾਸ਼ ਨਹੀਂ ਕਰੇਗੀ)” ਤਾਂ ਆਸ਼ਾ ਵਰਕਰਾਂ ਘਰ ਚਲੀਆਂ ਗਈਆਂ। ਉਸ ਦਿਨ ਮੁੱਖ ਮੰਤਰੀ ਏਕਨਾਥ ਸ਼ਿੰਦੇ ਮਹਾਰਾਸ਼ਟਰ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਗੱਲਬਾਤ ਕਰ ਰਹੇ ਸੀ।
ਆਸ਼ਾ ਕੇਵਲ ਮਹਿਲਾਵਾਂ ਦੀ ਕੰਮਕਾਜੀ ਸ਼੍ਰੇਣੀ ਹੈ ਜੋ 70 ਤੋਂ ਜ਼ਿਆਦਾ ਸਿਹਤ ਸੇਵਾਵਾਂ ਪ੍ਰਦਾਨ ਕਰਦੀ ਹੈ। ਪਰ ਕੌਮੀ ਪੇਂਡੂ ਸਿਹਤ ਮਿਸ਼ਨ (NRHM) ਅਤੇ ਆਂਗਨਵਾੜੀ ਸਕੀਮ (ICDS) ਦੇ ਤਹਿਤ ਉਹਨਾਂ ਨੂੰ ਮਹਿਜ਼ ‘ਵਲੰਟੀਅਰ’ ਦੀ ਕੈਟਾਗਿਰੀ ਵਿੱਚ ਰੱਖਿਆ ਗਿਆ ਹੈ। ਇਸੇ ਕਰਕੇ ਜੋ ਸਿਹਤ ਸੇਵਾਵਾਂ ਉਹ ਪ੍ਰਦਾਨ ਕਰਦੀਆਂ ਹਨ, ਉਸਦੇ ਲਈ ਉਹਨਾਂ ਨੂੰ ਮਿਲਣ ਵਾਲੀ ਰਾਸ਼ੀ ਨੂੰ ‘ਸੇਵਾਫਲ’ ਕਿਹਾ ਜਾਂਦਾ ਹੈ, ਨਾ ਕਿ ਮਿਹਨਤਾਨਾ ਜਾਂ ਤਨਖਾਹ।
ਸੇਵਾਫਲ ਤੋਂ ਬਿਨ੍ਹਾਂ ਉਹ PBP (ਕੰਮ ਮੁਤਾਬਕ ਰਾਸ਼ੀ ਜਾਂ ਲਾਭ) ਦੀਆਂ ਵੀ ਹੱਕਦਾਰ ਹਨ। NRHM ਮੁਤਾਬਕ ਆਸ਼ਾ ਵਰਕਰਾਂ ਨੂੰ ਸਰਵ-ਵਿਆਪਕ ਟੀਕਾਕਰਨ, ਜਣਨ ਅਤੇ ਬੱਚਿਆਂ ਦੀ ਸਿਹਤ (RCH) ਤੇ ਹੋਰ ਪ੍ਰੋਗਰਾਮਾਂ ਨੂੰ ਪ੍ਰਫੁੱਲਤ ਕਰਨ ਦੇ ਮਾਮਲੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਦੇ ਮੱਦੇਨਜ਼ਰ ਲਾਭ ਮਿਲਦਾ ਹੈ।
ਇਹ ਪੈਸਾ ਸਾਫ਼ ਤੌਰ ’ਤੇ ਕਾਫ਼ੀ ਨਹੀਂ ਹੈ ਕਿਉਂਕਿ ਰਮਾ ਮਨਤਕਾਰ, ਆਸ਼ਾ ਵਰਕਰਾਂ ਵਿੱਚੋਂ ਇੱਕ, ਕਹਿੰਦੀ ਹੈ, “ ਬਿਨ ਪਗਾਰੀ, ਫੁੱਲ ਅਧਿਕਾਰੀ (ਪੈਸਾ ਨਹੀਂ ਸਿਰਫ਼ ਜਿੰਮੇਵਾਰੀਆਂ)! ਉਹ ਚਾਹੁੰਦੇ ਹਨ ਕਿ ਅਸੀਂ ਅਫ਼ਸਰਾਂ ਵਾਂਗ ਕੰਮ ਕਰੀਏ, ਪਰ ਪੈਸੇ ਦੇਣ ਲਈ ਤਿਆਰ ਨਹੀਂ।”
ਮੁੱਖ ਮੰਤਰੀ ਵੱਲੋਂ ਦਿੱਤਾ ਤਾਜ਼ਾ ਭਰੋਸਾ – ਜੋ ਪਿਛਲੇ ਕੁਝ ਮਹੀਨਿਆਂ ਵਿੱਚ ਦਿੱਤੇ ਕਈ ਅਧਿਕਾਰਤ ਭਰੋਸਿਆਂ ਵਿੱਚੋਂ ਇੱਕ ਹੈ – ਵੀ ਇਸ ਰਿਪੋਰਟ ਦੇ ਛਪਣ ਤੱਕ ਸਰਕਾਰੀ ਮਤਾ ਨਹੀਂ ਬਣਿਆ। ਇਸ ਸਭ ਨੂੰ ਦੇਖ ਕੇ ਲਗਦਾ ਹੈ ਕਿ ਆਸ਼ਾ ਵਰਕਰ ਸਿਰਫ਼ ਭਰੋਸੇ ਦੇ ਸਹਾਰੇ ਹੀ ਰਹਿ ਗਈਆਂ ਹਨ।
ਪ੍ਰਦਰਸ਼ਨ ਕਰ ਰਹੀਆਂ ਹਜ਼ਾਰਾਂ ਆਸ਼ਾ ਵਰਕਰ ਮਹਾਰਾਸ਼ਟਰ ਪ੍ਰਸ਼ਾਸਨ ਨੂੰ ਤਨਖਾਹ ਵਧਾਉਣ ਲਈ ਸਰਕਾਰੀ ਮਤਾ ਲਿਆਉਣ ਦੇ ਆਪਣੇ ਕੀਤੇ ਵਾਅਦੇ – ਪਹਿਲੀ ਵਾਰ ਅਕਤੂਬਰ 2023 ਵਿੱਚ ਵਾਅਦਾ ਕੀਤਾ ਗਿਆ – ’ਤੇ ਪੂਰਾ ਉਤਾਰਨ ਲਈ ਦ੍ਰਿੜ੍ਹ ਹਨ।


ਖੱਬੇ: ਨਾਗਪੁਰ ਦੀ ਵਾਨਾਸ਼੍ਰੀ ਫੁਲਬੰਧੇ 14 ਸਾਲਾਂ ਤੋਂ ਆਸ਼ਾ ਹਨ। ਸੱਜੇ: ਯਵਤਮਾਲ ਜ਼ਿਲ੍ਹੇ ਦੀਆਂ ਆਸ਼ਾ ਵਰਕਰ ਪ੍ਰੀਤੀ ਕਰਮਨਕਰ (ਖੱਬੇ ਪਾਸੇ) ਅਤੇ ਅੰਤਕਲਾ ਮੋਰੇ (ਸੱਜੇ ਪਾਸੇ) ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦਸੰਬਰ 2023 ਤੋਂ ਤਨਖਾਹ ਨਹੀਂ ਮਿਲੀ ਹੈ
“ਲੋਕ ਆਪਣੇ ਪਰਿਵਾਰ ਨਾਲੋਂ ਵੀ ਜ਼ਿਆਦਾ ਆਸ਼ਾ ਵਰਕਰਾਂ ’ਤੇ ਭਰੋਸਾ ਕਰਦੇ ਹਨ! ਸਿਹਤ ਵਿਭਾਗ ਸਾਡੇ ਉੱਤੇ ਨਿਰਭਰ ਹੈ,” ਵਨਸ਼੍ਰੀ ਫੁਲਬੰਦੇ ਨੇ ਕਿਹਾ ਤੇ ਨਾਲ ਹੀ ਹਾਸ਼ੀਆਗ੍ਰਸਤ ਭਾਈਚਾਰਿਆਂ ਲਈ ਸਿਹਤ ਸੇਵਾਵਾਂ ਉਪਲਬਧ ਕਰਾਉਣ ਦੀ ਆਪਣੀ ਭੂਮਿਕਾ ਦੇ ਬੁਨਿਆਦੀ ਪੱਖ ’ਤੇ ਧਿਆਨ ਦਵਾਇਆ। “ਜਦ ਵੀ ਡਾਕਟਰਾਂ ਦੀ ਨਵੀਂ ਨਿਯੁਕਤੀ ਹੁੰਦੀ ਹੈ, ਉਹ ਪੁੱਛਦੇ ਹਨ: ਆਸ਼ਾ ਕਿੱਥੇ ਹੈ? ਸਾਨੂੰ ਉਹਦਾ ਨੰਬਰ ਮਿਲ ਸਕਦਾ ਹੈ?”
ਵਨਸ਼੍ਰੀ 14 ਸਾਲ ਤੋਂ ਆਸ਼ਾ ਦੇ ਤੌਰ ’ਤੇ ਕੰਮ ਕਰ ਰਹੀ ਹੈ। “ਮੈਂ 150 ਰੁਪਏ ਤੋਂ ਸ਼ੁਰੂਆਤ ਕੀਤੀ...ਕੀ ਇਹ ਬਨਵਾਸ ਵਾਂਗ ਨਹੀਂ? ਜਦ ਭਗਵਾਨ ਸ਼੍ਰੀ ਰਾਮ 14 ਸਾਲ ਬਾਅਦ ਅਯੁੱਧਿਆ ਪਰਤੇ, ਉਹਨਾਂ ਦਾ ਸਵਾਗਤ ਕੀਤਾ ਗਿਆ ਸੀ ਕਿ ਨਹੀਂ? ਸਾਡਾ ਸਵਾਗਤ ਨਾ ਕਰੋ ਪਰ ਸਾਨੂੰ ਐਨਾ ਕੁ ਮਾਣ-ਧਨ (ਸੇਵਾਫਲ) ਤਾਂ ਦਿਉ ਜਿਸ ਨਾਲ ਅਸੀਂ ਇੱਜ਼ਤ ਅਤੇ ਈਮਾਨਦਾਰੀ ਨਾਲ ਜਿਉਂ ਸਕੀਏ?” ਉਹਨੇ ਕਿਹਾ।
ਤੇ ਇੱਕ ਹੋਰ ਮੰਗ ਵੀ ਹੈ: ਕੀ ਉਹ ਹੋਰ ਸਭਨਾਂ ਵਾਂਗ ਹਰ ਮਹੀਨੇ ਸਮੇਂ ਸਿਰ ਉਹਨਾਂ ਨੂੰ ਤਨਖਾਹ ਦੇ ਸਕਦੇ ਹਨ? ਨਾ ਕਿ ਹਰ ਵਾਰ ਤਿੰਨ ਮਹੀਨਿਆਂ ਦੀ ਦੇਰੀ ਨਾਲ।
“ਜੇ ਸਾਨੂੰ ਦੇਰੀ ਨਾਲ ਭੁਗਤਾਨ ਹੋਵੇਗਾ, ਅਸੀਂ ਗੁਜ਼ਾਰਾ ਕਿਵੇਂ ਕਰਾਂਗੀਆਂ?” ਯਵਤਮਲ ਦੀ ਜ਼ਿਲ੍ਹਾ ਮੀਤ ਪ੍ਰਧਾਨ, ਆਸ਼ਾ ਵਰਕਰ ਪ੍ਰੀਤੀ ਕਰਮਾਨਕਰ ਨੇ ਪੁੱਛਿਆ। “ਆਸ਼ਾ ਸੇਵਾ ਪ੍ਰਦਾਨ ਕਰਦੀ ਹੈ ਪਰ ਉਹ ਆਪਣਾ ਪੇਟ ਪਾਲਣ ਲਈ ਵੀ ਕੰਮ ਕਰਦੀ ਹੈ। ਜੇ ਉਸਨੂੰ ਤਨਖਾਹ ਨਹੀਂ ਮਿਲੇਗੀ, ਉਹ ਕਿਵੇਂ ਜੀਏਗੀ?”
ਸਿਹਤ ਵਿਭਾਗ ਵੱਲੋਂ ਕਰਾਈਆਂ ਲਾਜ਼ਮੀ ਵਰਕਸ਼ਾਪਾਂ ਅਤੇ ਜ਼ਿਲ੍ਹਾ ਪੱਧਰੀ ਮੀਟਿੰਗਾਂ ਦਾ ਸਫ਼ਰ ਤੈਅ ਕਰਨ ਲਈ ਮਿਲਣ ਵਾਲਾ ਭੱਤਾ ਵੀ ਤਿੰਨ ਤੋਂ ਪੰਜ ਮਹੀਨੇ ਦੀ ਦੇਰੀ ਨਾਲ ਮਿਲਦਾ ਹੈ। “ਸਿਹਤ ਵਿਭਾਗ ਵੱਲੋਂ ਕਰਾਏ ਪ੍ਰੋਗਰਾਮਾਂ ਲਈ ਸਾਨੂੰ 2022 ਤੋਂ ਪੈਸੇ ਨਹੀਂ ਮਿਲੇ,” ਯਵਤਮਲ ਦੇ ਕਲੰਬ ਦੀ ਰਹਿਣ ਵਾਲੀ ਅੰਤਕਲਾ ਮੋਰੇ ਨੇ ਕਿਹਾ। “ਦਸੰਬਰ 2023 ਵਿੱਚ,” ਉਹਨੇ ਦੱਸਿਆ, “ਅਸੀਂ ਹੜਤਾਲ ’ਤੇ ਸੀ। ਉਹਨਾਂ ਨੇ ਕੋਹੜ ਬਾਰੇ ਸਰਵੇ ਕਰਾਉਣ ਲਈ ਇਸ ਨੂੰ ਖ਼ਤਮ ਕਰਾ ਦਿੱਤਾ। ਪਰ ਸਾਨੂੰ ਅਜੇ ਤੱਕ ਪੈਸੇ ਨਹੀਂ ਦਿੱਤੇ।” ਪ੍ਰੀਤੀ ਨੇ ਕਿਹਾ, “ਸਾਨੂੰ ਪਿਛਲੇ ਸਾਲ ਦੇ ਪੋਲੀਓ, ਹਾਤੀ ਰੋਗ (ਲਿੰਫਾਟਿਕ ਫਿਲਾਰਾਏਸਿਸ), ਅਤੇ ਜੰਤ-ਨਾਸ਼ਕ (ਡਿਵਾਰਮਿੰਗ) ਪ੍ਰੋਗਰਾਮਾਂ ਦੇ ਪੈਸੇ ਵੀ ਨਹੀਂ ਮਿਲੇ।"
*****
ਰੀਟਾ ਨੇ 2006 ਵਿੱਚ 500 ਰੁਪਏ ਦੀ ਤਨਖਾਹ ’ਤੇ ਆਸ਼ਾ ਵਜੋਂ ਕੰਮ ਸ਼ੁਰੂ ਕੀਤਾ ਸੀ। “ਹੁਣ ਮੈਨੂੰ 6,200 ਰੁਪਏ ਮਹੀਨਾ ਮਿਲਦੇ ਹਨ, ਜਿਸ ਵਿੱਚੋਂ 3,000 ਕੇਂਦਰ ਸਰਕਾਰ ਦਿੰਦੀ ਹੈ ਅਤੇ ਬਾਕੀ ਨਗਰ ਨਿਗਮ।”
2 ਨਵੰਬਰ 2023 ਨੂੰ ਸੂਬੇ ਦੇ ਸਿਹਤ ਮੰਤਰੀ ਤਣਜੀਰਾਓ ਸਾਵੰਤ ਨੇ ਐਲਾਨ ਕੀਤਾ ਸੀ ਕਿ ਮਹਾਰਾਸ਼ਟਰ ਵਿੱਚ 80,000 ਆਸ਼ਾ ਵਰਕਰਾਂ ਅਤੇ 3,664 ਗਤ ਪ੍ਰਵਰਤਕਾਂ (ਗਰੁੱਪ ਪ੍ਰੋਮੋਟਰਾਂ) ਨੂੰ 2,000 ਰੁਪਏ ਦੀਵਾਲੀ ਬੋਨਸ ਨਾਲ ਕ੍ਰਮਵਾਰ 7,000 ਰੁਪਏ ਅਤੇ 6,200 ਰੁਪਏ ਦਾ ਵਾਧਾ ਦਿੱਤਾ ਜਾਵੇਗਾ।


ਮਹਾਂਮਾਰੀ ਦੌਰਾਨ, ਆਸ਼ਾ ਵਰਕਰ ਐਮਰਜੈਂਸੀ ਦੇਖਭਾਲ਼ ਲਈ ਫਰੰਟਲਾਈਨ 'ਤੇ ਰਹੀਆਂ। ਹਾਲਾਂਕਿ ਉਨ੍ਹਾਂ ਨੂੰ 'ਕੋਰੋਨਾ ਯੋਧੇ' ਵਜੋਂ ਪ੍ਰਸ਼ੰਸਾ ਕੀਤੀ ਗਈ ਸੀ, ਬਦਲਾਪੁਰ ਦੀ ਇੱਕ ਆਸ਼ਾ (ਸੱਜੇ ਪਾਸੇ ਬੈਠੀ) ਮਮਤਾ ਕਹਿੰਦੀ ਹਨ ਕਿ ਪਰ ਉਨ੍ਹਾਂ ਨੂੰ ਬਹੁਤ ਹੀ ਸੀਮਤ ਸੁਰੱਖਿਆ ਉਪਕਰਣ ਮਿਲ਼ੇ ਸਨ


ਪ੍ਰਦਰਸ਼ਨ ਦੇ ਆਯੋਜਕਾਂ ਵਿਚੋਂ ਇੱਕ ਉਜਵਲਾ ਪਦਲਵਾਰ (ਨੀਲੇ ਲਿਬਾਸ ਵਿਚ) ਨੇ ਕਿਹਾ ਕਿ ਹਾਲਾਂਕਿ ਪ੍ਰਦਰਸ਼ਨ ਦੇ ਪਹਿਲੇ ਹਫਤੇ ਵਿਚ 50 ਤੋਂ ਵੱਧ ਔਰਤਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ ਸੀ , ਪਰ ਬਹੁਤ ਸਾਰੀਆਂ ਆਪਣਾ ਵਿਰੋਧ ਜਾਰੀ ਰੱਖਣ ਲਈ ਆਜ਼ਾਦ ਮੈਦਾਨ ਵਾਪਸ ਆ ਗਈਆਂ। ਸੱਜੇ: ਵਿਰੋਧ ਪ੍ਰਦਰਸ਼ਨ ਦੇ ਦਿਨਾਂ ਅਤੇ ਰਾਤਾਂ ਤੋਂ ਬਾਅਦ , ਆਸ਼ਾ ਵਰਕਰ ਆਖਰਕਾਰ 1 ਮਾਰਚ , 2024 ਨੂੰ ਘਰ ਚਲੀਆਂ ਗਈਆਂ ਜਦੋਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰਨਗੇ
ਭਰੀ-ਪੀਤੀ ਮਮਤਾ ਕਹਿੰਦੀ ਹੈ, “ ਦੀਵਾਲੀ ਹੋਊਨ ਆਤਾ ਹੋਲੀ ਆਲੀ (ਦੀਵਾਲੀ ਲੰਘ ਗਈ ਤੇ ਹੁਣ ਹੋਲੀ ਵੀ ਆ ਗਈ) ਪਰ ਸਾਡੇ ਹੱਥ ਕੁਝ ਨਹੀਂ ਆਇਆ।” ਉਹਨੇ ਕਿਹਾ, “ਅਸੀਂ 7,000 ਜਾਂ 10,000 ਦਾ ਵਾਧਾ ਨਹੀਂ ਮੰਗਿਆ। ਅਕਤੂਬਰ ਵਿੱਚ ਸਾਡੀ ਸ਼ੁਰੂਆਤੀ ਹੜਤਾਲ ਵਾਧੂ ਆਨਲਾਈਨ ਕੰਮ ਖ਼ਿਲਾਫ਼ ਸੀ। ਸਾਨੂੰ ਹਰ ਦਿਨ 100 ਪਿੰਡ ਵਾਸੀਆਂ ਨੂੰ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ (PMMVY) ’ਤੇ ਰਜਿਸਟਰ ਕਰਨ ਲਈ ਕਿਹਾ ਗਿਆ ਸੀ।”
ਅਧਿਕਾਰਤ ਵੈਬਸਾਈਟ ਮੁਤਾਬਕ ਇਹ ਸਕੀਮ “ਗਰਭ ਦੌਰਾਨ ਹੋਏ ਤਨਖਾਹ ਦੇ ਨੁਕਸਾਨ ਲਈ ਕੁਝ ਮੁਆਵਜ਼ੇ ਦੇ ਤੌਰ ’ਤੇ ਪੈਸੇ ਦਾ ਲਾਭ ਦਿੰਦੀ ਹੈ।” ਨਵੀਂ ਲਾਂਚ ਕੀਤੀ ਯੂ-ਵਿਨ ਐਪ ਲਈ ਵੀ ਇਸੇ ਤਰ੍ਹਾਂ ਦਾ ਟੀਚਾ ਦਿੱਤਾ ਗਿਆ ਸੀ ਜਿਸ ਦਾ ਮਕਸਦ ਗਰਭਵਤੀ ਮਾਵਾਂ ਅਤੇ ਬੱਚਿਆਂ ਦੇ ਟੀਕਾਕਰਨ ਦੇ ਰਿਕਾਰਡ ਰੱਖਣਾ ਹੈ।
ਇਸ ਤੋਂ ਪਹਿਲਾਂ ਫਰਵਰੀ 2024 ਵਿੱਚ 10,000 ਤੋਂ ਵੱਧ ਆਸ਼ਾ ਵਰਕਰਾਂ ਨੇ ਸ਼ਾਹਪੁਰ ਤੋਂ ਲੈ ਕੇ ਥਾਨੇ ਦੇ ਜ਼ਿਲ੍ਹਾ ਕਲੈਕਟਰ ਦੇ ਦਫ਼ਤਰ ਤੱਕ – 52 ਕਿਲੋਮੀਟਰ ਦੀ ਦੂਰੀ – ਮਾਰਚ ਕੀਤਾ ਸੀ। “ਸਾਲੁਨ ਅਲੌਏ, ਤੰਗੜਿਆ ਟੁਟਲਿਆ (ਅਸੀਂ ਸਾਰਾ ਰਾਹ ਪੈਦਲ ਚੱਲੀਆਂ, ਸਾਡੀਆਂ ਲੱਤਾਂ ਰਹਿ ਗਈਆਂ)। ਅਸੀਂ ਸਾਰੀ ਰਾਤ ਥਾਨੇ ਦੀਆਂ ਗਲੀਆਂ ਵਿੱਚ ਗੁਜ਼ਾਰੀ,” ਮਮਤਾ ਨੇ ਯਾਦ ਕਰਦਿਆਂ ਕਿਹਾ।
ਮਹੀਨਿਆਂ-ਬੱਧੀਂ ਸੰਘਰਸ਼ ਉਹਨਾਂ ’ਤੇ ਭਾਰੀ ਪੈ ਰਿਹਾ ਹੈ। “ਸ਼ੁਰੂਆਤ ਵਿੱਚ ਆਜ਼ਾਦ ਮੈਦਾਨ ਵਿੱਚ 5,000 ਤੋਂ ਜ਼ਿਆਦਾ ਆਸ਼ਾ ਵਰਕਰ ਸਨ। ਉਹਨਾਂ ’ਚੋਂ ਬਹੁਤ ਸਾਰੀਆਂ ਗਰਭਵਤੀ ਸਨ ਅਤੇ ਕੁਝ ਆਪਣੇ ਨਵਜੰਮੇ ਬੱਚਿਆਂ ਨਾਲ ਆਈਆਂ ਸਨ। ਇੱਥੇ ਬਾਹਰ ਰਹਿਣਾ ਔਖਾ ਹੋ ਰਿਹਾ ਸੀ, ਇਸ ਲਈ ਅਸੀਂ ਉਹਨਾਂ ਨੂੰ ਵਾਪਸ ਘਰ ਜਾਣ ਲਈ ਬੇਨਤੀ ਕੀਤੀ,” ਉਜਵਲਾ ਪਡਲਵਾਰ ਨੇ ਕਿਹਾ। ਉਹ ਭਾਰਤੀ ਟਰੇਡ ਯੂਨੀਅਨ ਸੈਂਟਰ (CITU) ਦੇ ਸੂਬਾ ਸਕੱਤਰ ਅਤੇ ਪ੍ਰਦਰਸ਼ਨਾਂ ਦੇ ਪ੍ਰਬੰਧਕਾਂ ਚੋਂ ਇੱਕ ਹਨ। ਉਹਨਾਂ ਨੇ ਦੱਸਿਆ ਕਿ ਕਈ ਮਹਿਲਾਵਾਂ ਨੂੰ ਛਾਤੀ ਅਤੇ ਢਿੱਡ ਵਿੱਚ ਦਰਦ ਦੀ ਸ਼ਿਕਾਇਤ ਸੀ, ਹੋਰਨਾਂ ਦੇ ਸਿਰ ਵਿੱਚ ਦਰਦ ਅਤੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਗਈ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਉਣਾ ਪਿਆ।
ਜਿਵੇਂ ਹੀ ਆਸ਼ਾ ਵਰਕਰਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ, ਉਹ ਇਕੱਠੀਆਂ ਨਾਅਰੇ ਲਾਉਂਦੀਆਂ ਮੁੜ ਮੈਦਾਨ ਵਿੱਚ ਆ ਗਈਆਂ: “ਆਤਾ ਆਮਚਾ ਏਕੇਚ ਨਾਰਾ, GR ਕਾਡਾ! (ਸਾਡਾ ਇੱਕੋ ਨਾਅਰਾ! GR ਜਾਰੀ ਕਰੋ!)”
*****

ਅਕਤੂਬਰ 2023 ਨੂੰ ਮਹਾਰਾਸ਼ਟਰ ਸਿਹਤ ਮੰਤਰੀ ਨੇ ਹਰੇਕ ਆਸ਼ਾ ਨੂੰ 2000 ਰੁਪਏ ਦੀਵਾਲੀ ਬੋਨਸ ਦੇਣ ਦਾ ਐਲਾਨ ਕੀਤਾ। ਮਮਤਾ ਕਹਿੰਦੀ ਹਨ,'ਦੀਵਾਲੀ ਲੰਘ ਗਈ ਹੁਣ ਤਾਂ ਹੋਲੀ ਆਉਣ ਵਾਲੀ ਪਰ ਸਾਡੇ ਹੱਥ ਖਾਲੀ ਦੇ ਖਾਲੀ'
ਕਾਗਜ਼ਾਂ ’ਤੇ ਆਸ਼ਾ ਵਰਕਰਾਂ ਦੀ ਭੂਮਿਕਾ ਹਰ ਕਿਸੇ ਕੋਲ ਸਿਹਤ ਸੇਵਾਵਾਂ ਪਹੁੰਚਾਉਣ ਦੀ ਹੈ। ਪਰ ਸਾਲ-ਦਰ-ਸਾਲ ਭਾਈਚਾਰੇ ਖਿਆਲ ਰੱਖਦਿਆਂ ਉਹ ਅਕਸਰ ਆਮ ਨਾਲੋਂ ਵੀ ਵੱਧ ਕੰਮ ਕਰਦੀਆਂ ਹਨ। ਆਸ਼ਾ ਵਰਕਰ ਮਮਤਾ ਵੱਲ ਹੀ ਦੇਖ ਲਉ, ਜਿਸਨੇ ਸਤੰਬਰ 2023 ਵਿੱਚ ਬਦਲਾਪੁਰ ਦੇ ਸੋਨੀਵਲੀ ਪਿੰਡ ਦੀ ਇੱਕ ਗਰਭਵਤੀ ਆਦਿਵਾਸੀ ਮਹਿਲਾ ਨੂੰ ਘਰ ਵਿੱਚ ਜਨਮ ਦੇਣ ਦੀ ਥਾਂ ਹਸਪਤਾਲ ਵਿੱਚ ਡਿਲੀਵਰੀ ਲਈ ਮਨਾ ਲਿਆ ਸੀ।
ਉਹ ਯਾਦ ਕਰਦੀ ਹੈ: “ਮਹਿਲਾ ਦੇ ਪਤੀ ਨੇ ਨਾਲ ਜਾਣ ਤੋਂ ਮਨ੍ਹਾ ਕਰ ਦਿੱਤਾ ਤੇ ਸਾਫ਼ ਸ਼ਬਦਾਂ ’ਚ ਮੈਨੂੰ ਕਿਹਾ, ‘ਜੇ ਮੇਰੀ ਪਤਨੀ ਨੂੰ ਕੁਝ ਵੀ ਹੋਇਆ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ’।” ਜਦ ਮਾਂ ਨੂੰ ਜੰਮਣ-ਪੀੜ੍ਹਾ ਲੱਗੀਆਂ ਸਨ, “ਮੈਂ ਇਕੱਲੀ ਉਹਨੂੰ ਬਦਲਾਪੁਰ ਤੋਂ ਉਲਹਾਸਨਗਰ ਲੈ ਕੇ ਗਈ,” ਮਮਤਾ ਨੇ ਕਿਹਾ। ਜਣੇਪਾ ਹੋ ਗਿਆ ਪਰ ਮਾਂ ਨਹੀਂ ਬਚ ਸਕੀ। ਬੱਚਾ ਤਾਂ ਪਹਿਲਾਂ ਹੀ ਬੱਚੇਦਾਨੀ ਵਿੱਚ ਮਰ ਚੁੱਕਿਆ ਸੀ।
ਮਮਤਾ ਨੇ ਦੱਸਿਆ, “ਮੈਂ ਵਿਧਵਾ ਹਾਂ, ਮੇਰਾ ਬੇਟਾ ਉਸ ਵੇਲੇ 10ਵੀਂ ਜਮਾਤ ਵਿੱਚ ਸੀ। ਮੈਂ ਸਵੇਰੇ 6 ਵਜੇ ਦੀ ਘਰੋਂ ਚੱਲੀ ਸੀ, ਤੇ ਮਾਂ ਦੀ ਮੌਤ ਸ਼ਾਮ 8 ਵਜੇ ਦੇ ਕਰੀਬ ਹੋਈ। ਮੈਨੂੰ ਰਾਤ ਦੇ 1:30 ਵਜੇ ਤੱਕ ਹਸਪਤਾਲ ਦੇ ਵਰਾਂਡੇ ਵਿੱਚ ਇੰਤਜ਼ਾਰ ਕਰਨ ਲਈ ਕਿਹਾ ਗਿਆ। ਪੰਚਨਾਮਾ ਹੋਣ ਤੋਂ ਬਾਅਦ ਉਹਨਾਂ ਨੇ ਕਿਹਾ, ‘ਆਸ਼ਾ ਤਾਈ, ਹੁਣ ਤੁਸੀਂ ਜਾ ਸਕਦੇ ਹੋ’। ਡੀਡ ਵਾਜਤਾ ਮੀ ਏਕਤੀ ਜਾਊ? (ਮੈਂ ਰਾਤ ਦੇ 1:30 ਵਜੇ ਇਕੱਲੀ ਘਰ ਜਾਵਾਂਗੀ)?”
ਜਦ ਅਗਲੇ ਦਿਨ ਉਹ ਰਿਕਾਰਡ ਅਪਡੇਟ ਕਰਨ ਲਈ ਪਿੰਡ ਵਿੱਚ ਗਈ ਤਾਂ ਮਹਿਲਾ ਦੇ ਪਤੀ ਸਮੇਤ ਕਈ ਲੋਕਾਂ ਨੇ ਉਸ ਨਾਲ ਦੁਰਵਿਹਾਰ ਕੀਤਾ ਅਤੇ ਮੌਤਾਂ ਲਈ ਜ਼ਿੰਮੇਵਾਰ ਠਹਿਰਾਇਆ। ਇੱਕ ਮਹੀਨੇ ਬਾਅਦ ਮਮਤਾ ਨੂੰ ਜ਼ਿਲ੍ਹਾ ਸੰਮਤੀ ਨੇ ਸਵਾਲ-ਜਵਾਬ ਲਈ ਸੱਦਿਆ। “ਉਹਨਾਂ ਨੇ ਮੈਨੂੰ ਪੁੱਛਿਆ ‘ਮਾਂ ਦੀ ਮੌਤ ਕਿਵੇਂ ਹੋਈ ਤੇ ਆਸ਼ਾ ਤਾਈ ਨੇ ਕੀ ਗਲਤੀ ਕੀਤੀ?’ ਜੇ ਅਖੀਰ ਵਿੱਚ ਸਭ ਕੁਝ ਦਾ ਇਲਜ਼ਾਮ ਸਾਡੇ ਸਿਰ ਹੀ ਆਉਣਾ ਹੈ ਤਾਂ ਸਾਡਾ ਮਾਣਧਨ ਕਿਉਂ ਨਹੀਂ ਵਧਾਇਆ ਜਾਂਦਾ?” ਉਹਨੇ ਪੁੱਛਿਆ।
ਮਹਾਂਮਾਰੀ ਦੌਰਾਨ ਸਰਕਾਰ ਵੱਲੋਂ ਦਵਾਈਆਂ ਵੰਡਣ ਅਤੇ ਸੂਬੇ ਵਿੱਚ ਦੂਰ-ਦੁਰੇਡੇ ਇਲਾਕਿਆਂ ਵਿੱਚ ਸੰਕ੍ਰਮਿਤ ਮਰੀਜ਼ਾਂ ਨੂੰ ਲੱਭਣ ਦੀ ਉਹਨਾਂ ਦੀ ਅਹਿਮ ਭੂਮਿਕਾ ਲਈ ਆਸ਼ਾ ਵਰਕਰਾਂ ਦੀ ਤਾਰੀਫ਼ ਕੀਤੀ ਗਈ ਅਤੇ ਉਹਨਾਂ ਨੂੰ “ਕੋਰੋਨਾ ਵਾਰੀਅਰ” ਕਿਹਾ ਗਿਆ। ਪਰ ਉਹਨਾਂ ਨੂੰ ਵਾਇਰਸ ਤੋਂ ਬਚਣ ਲਈ ਨਾਮਾਤਰ ਸੁਰੱਖਿਆ ਉਪਕਰਨ ਦਿੱਤੇ ਗਏ।


ਕਾਗਜ਼ਾਂ 'ਤੇ, ਆਸ਼ਾ ਦੀ ਭੂਮਿਕਾ ਜਨਤਕ ਸਿਹਤ ਸੇਵਾਵਾਂ ਨੂੰ ਹਰ ਕਿਸੇ ਤੱਕ ਪਹੁੰਚਾਉਣਾ ਹੈ। ਪਰ ਭਾਈਚਾਰੇ ਦੀ ਦੇਖਭਾਲ਼ ਕਰਨ ਦੇ ਸਾਲਾਂ ਬਾਅਦ ਵੀ ਉਨ੍ਹਾਂ ਦਾ ਸੰਘਰਸ਼ ਜਾਰੀ ਹੀ ਹੈ। ਮੰਡਾ ਖਟਨ (ਖੱਬੇ) ਅਤੇ ਸ਼ਰਧਾ ਘੋਗਲੇ (ਸੱਜੇ) ਨੇ 2010 ਵਿੱਚ ਆਸ਼ਾ ਵਰਕਰਾਂ ਵਜੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ ਅਤੇ ਅੱਜ ਉਹ ਕਲਿਆਣ, ਮਹਾਰਾਸ਼ਟਰ ਵਿੱਚ 1,500 ਦੀ ਆਬਾਦੀ ਦੀ ਦੇਖਭਾਲ਼ ਕਰਦੀਆਂ ਹਨ
ਕਲਿਆਣ ਦੇ ਨੰਦੀਵਲੀ ਗਾਓਂ ਦੀਆਂ ਆਸ਼ਾ ਵਰਕਰਾਂ, ਮੰਦਾ ਖਤਨ ਅਤੇ ਸ਼ਰੱਧਾ ਘੋਗਲੇ ਮਹਾਂਮਾਰੀ ਦੌਰਾਨ ਆਪਣਾ ਅਨੁਭਵ ਬਿਆਨ ਕਰਦਿਆਂ ਕਹਿੰਦੀਆਂ ਹਨ, “ਇੱਕ ਵਾਰ ਇੱਕ ਗਰਭਵਤੀ ਮਾਂ ਜਣੇਪੇ ਤੋਂ ਬਾਅਦ ਕੋਵਿਡ ਪੌਜ਼ੀਟਿਵ ਆ ਗਈ। ਜਦ ਉਹਨੂੰ ਪਤਾ ਲੱਗਿਆ ਉਹ ਵਾਇਰਸ ਤੋਂ ਸੰਕ੍ਰਮਿਤ ਹੈ, ਤਾਂ ਉਹ ਘਬਰਾ ਗਈ ਅਤੇ (ਨਵਜੰਮੇ ਬੱਚੇ ਸਣੇ) ਹਸਪਤਾਲ ਤੋਂ ਭੱਜ ਗਈ।”
“ਉਹਨੇ ਸੋਚਿਆ ਕਿ ਉਹਨੂੰ (ਅਤੇ ਉਹਦੇ ਬੱਚੇ ਨੂੰ) ਫੜ ਕੇ ਮਾਰ ਦਿੱਤਾ ਜਾਵੇਗਾ,” ਸ਼ਰੱਧਾ ਨੇ ਕਿਹਾ। ਵਾਇਰਸ ਦਾ ਐਨਾ ਡਰ ਤੇ ਇਸ ਬਾਰੇ ਐਨੇ ਭਰਮ ਸਨ।
“ਕਿਸੇ ਨੇ ਸਾਨੂੰ ਦੱਸਿਆ ਕਿ ਉਹ ਆਪਣੇ ਘਰ ਵਿੱਚ ਲੁਕੀ ਹੋਈ ਸੀ। ਅਸੀਂ ਉਹਦੇ ਘਰ ਪਹੁੰਚੇ ਪਰ ਉਹਨੇ ਦਰਵਾਜ਼ਿਆਂ ਨੂੰ ਕੁੰਡੀਆਂ ਲਾ ਰੱਖੀਆਂ ਸਨ,” ਮੰਦਾ ਨੇ ਕਿਹਾ। ਇਸ ਗੱਲ ਤੋਂ ਡਰਦਿਆਂ ਕਿ ਉਹ ਕੋਈ ਗਲਤ ਕਦਮ ਨਾ ਚੁੱਕ ਲਵੇ, ਉਹ ਰਾਤ ਦੇ 1:30 ਵਜੇ ਤੱਕ ਉਹਦੇ ਘਰ ਦੇ ਬਾਹਰ ਖੜ੍ਹੀਆਂ ਰਹੀਆਂ। “ਅਸੀਂ ਉਹਨੂੰ ਪੁੱਛਿਆ, ‘ਤੈਨੂੰ ਆਪਣੇ ਬੱਚੇ ਨਾਲ ਪਿਆਰ ਹੈ ਜਾਂ ਨਹੀਂ?’ ਅਸੀਂ ਉਹਨੂੰ ਸਲਾਹ ਦਿੱਤੀ ਕਿ ਜੇ ਉਹਨੇ ਬੱਚੇ ਨੂੰ ਆਪਣੇ ਕੋਲ ਰੱਖਿਆ ਤਾਂ ਉਹ ਵੀ ਸੰਕ੍ਰਮਿਤ ਹੋ ਜਾਵੇਗਾ ਜਿਸ ਨਾਲ ਬੱਚੇ ਦੀ ਜ਼ਿੰਦਗੀ ਖ਼ਤਰੇ ਵਿੱਚ ਪੈ ਜਾਵੇਗੀ।”
ਤਿੰਨ ਘੰਟੇ ਸਮਝਾਉਣ ਤੋਂ ਬਾਅਦ ਮਾਂ ਨੇ ਦਰਵਾਜ਼ੇ ਖੋਲ੍ਹੇ। “ਐਂਬੂਲੈਂਸ ਮੌਕੇ ’ਤੇ ਸੀ। ਉੱਥੇ ਕੋਈ ਹੋਰ ਮੈਡੀਕਲ ਅਫ਼ਸਰ ਜਾਂ ਗ੍ਰਾਮ ਸੇਵਕ ਨਹੀਂ ਸਨ, ਸਿਰਫ਼ ਅਸੀਂ ਦੋਵੇਂ ਹੀ ਸੀ।” ਭਰੀਆਂ ਅੱਖਾਂ ਨਾਲ ਮੰਦਾ ਨੇ ਦੱਸਿਆ, “ਜਾਣ ਤੋਂ ਪਹਿਲਾਂ ਮਾਂ ਨੇ ਮੇਰਾ ਹੱਥ ਫੜਿਆ ਤੇ ਕਿਹਾ, ‘ਮੈਂ ਆਪਣੇ ਬੱਚੇ ਨੂੰ ਇਸ ਲਈ ਛੱਡ ਕੇ ਜਾ ਰਹੀ ਹਾਂ ਕਿਉਂਕਿ ਮੈਂ ਤੁਹਾਡੇ ’ਤੇ ਭਰੋਸਾ ਕਰਦੀ ਹਾਂ। ਮੇਰੇ ਬੱਚੇ ਦਾ ਖਿਆਲ ਰੱਖਿਓ।’ ਅਗਲੇ ਅੱਠ ਦਿਨ ਅਸੀਂ ਹਰ ਰੋਜ਼ ਉਹਦੇ ਨਵਜੰਮੇ ਬੱਚੇ ਨੂੰ ਬੋਤਲ ਜ਼ਰੀਏ ਦੁੱਧ ਪਿਆਉਣ ਉਹਦੇ ਘਰ ਜਾਂਦੇ ਰਹੇ। ਅਸੀਂ ਉਹਨੂੰ ਵੀਡੀਓ ਕਾਲ ਜ਼ਰੀਏ ਬੱਚਾ ਦਿਖਾਉਂਦੇ। ਹੁਣ ਤੱਕ ਵੀ ਮਾਂ ਸਾਨੂੰ ਫੋਨ ਕਰਕੇ ਸ਼ੁਕਰੀਆ ਅਦਾ ਕਰਦੀ ਹੈ।”
“ਅਸੀਂ ਇੱਕ ਸਾਲ ਲਈ ਆਪਣੇ ਬੱਚਿਆਂ ਤੋਂ ਦੂਰ ਰਹੀਆਂ,” ਮੰਦਾ ਨੇ ਕਿਹਾ, “ਪਰ ਅਸੀਂ ਹੋਰਨਾਂ ਦੇ ਬੱਚੇ ਬਚਾ ਲਏ।” ਉਹਦਾ ਬੱਚਾ ਅੱਠਵੀਂ ਜਮਾਤ ਵਿੱਚ ਸੀ ਜਦ ਕਿ ਸ਼ਰਧਾ ਮਸਾਂ 5 ਸਾਲ ਦਾ ਸੀ।


ਖੱਬੇ: ਆਸ਼ਾ ਸ਼ਰਧਾ ਨੂੰ ਲੌਕਡਾਊਨ ਦੌਰਾਨ ਕੋਵਿਡ ਮਰੀਜ਼ਾਂ ਨਾਲ਼ ਗੱਲਬਾਤ ਕਰਨੀ ਪਈ। ਉਹ ਕਹਿੰਦੀ ਹਨ ਕਿ ਉਨ੍ਹਾਂ ਨੂੰ ਆਪਣੇ 5 ਸਾਲ ਦੇ ਬੱਚੇ ਅਤੇ ਪਰਿਵਾਰ ਤੋਂ ਦੂਰੀ ਬਣਾਉਣੀ ਪਈ। ਸੱਜੇ: ਸੁਰੱਖਿਆ ਉਪਕਰਣਾਂ ਅਤੇ ਮਾਸਕ ਦੀ ਘਾਟ ਕਾਰਨ , ਰੀਟਾ (ਐਨ ਖੱਬੇ) ਨੂੰ ਵਾਇਰਸ ਤੋਂ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਚਿਹਰੇ ਦੁਆਲੇ ਦੁਪੱਟਾ ਲਪੇਟਣਾ ਪੈਂਦਾ ਰਿਹਾ
ਸ਼ਰੱਧਾ ਨੂੰ ਯਾਦ ਹੈ ਜਦ ਉਹਦੇ ਪਿੰਡ ਵਾਲੇ ਦਰਵਾਜ਼ੇ ਬੰਦ ਕਰ ਲੈਂਦੇ ਸੀ। “ਉਹ ਸਾਨੂੰ ਪੀਪੀਈ ਕਿਟਾਂ ਵਿੱਚ ਦੇਖ ਕੇ ਇਹ ਸੋਚ ਕੇ ਭੱਜ ਲੈਂਦੇ ਸਨ ਕਿ ਅਸੀਂ ਉਹਨਾਂ ਨੂੰ ਫੜਨ ਆਏ ਹਾਂ।” ਸਿਰਫ਼ ਇਹੀ ਨਹੀਂ, “ਅਸੀਂ ਪੂਰੀ ਦਿਨ ਕਿਟ ਪਾ ਕੇ ਰੱਖਦੀਆਂ। ਕਈ ਵਾਰ ਦਿਨ ਵਿੱਚ ਚਾਰ ਬਦਲਣੀਆਂ ਪੈਂਦੀਆਂ। ਘੰਟਿਆਂਬੱਧੀਂ ਉਹਨਾਂ ਨੂੰ ਪਾ ਕੇ ਰੱਖਣ ਨਾਲ ਸਾਡੇ ਚਿਹਰੇ ਕਾਲੇ ਪੈ ਗਏ ਸਨ। ਅਸੀਂ ਕਿਟਾਂ ਪਾ ਕੇ ਧੁੱਪ ਵਿੱਚ ਤੁਰਦੀਆਂ। ਸਾਡੀ ਚਮੜੀ ਮੱਚਦੀ ਤੇ ਖੁਰਕ ਹੁੰਦੀ ਰਹਿੰਦੀ ਸੀ।”
ਮੰਦਾ ਨੇ ਉਹਨੂੰ ਟੋਕਿਆ ਤੇ ਕਿਹਾ, “ਪਰ ਪੀਪੀਈ ਤੇ ਮਾਸਕ ਬਹੁਤ ਬਾਅਦ ਵਿੱਚ ਆਏ। ਮਹਾਂਮਾਰੀ ਦੌਰਾਨ ਜ਼ਿਆਦਾ ਸਮਾਂ ਅਸੀਂ ਬਾਹਰ ਘੁੰਮਦੇ ਸਮੇਂ ਆਪਣਾ ਪੱਲੂ ਜਾਂ ਦੁਪੱਟੇ ਲਪੇਟੀਆਂ ਸਾਂ।”
“ਤਾਂ (ਮਹਾਂਮਾਰੀ ਦੌਰਾਨ) ਸਾਡੀ ਜਾਨ ਦੀ ਕੋਈ ਕੀਮਤ ਨਹੀਂ ਸੀ?” ਮਮਤਾ ਨੇ ਪੁੱਛਿਆ, “ਕੀ ਤੁਸੀਂ ਸਾਨੂੰ ਕੋਰੋਨਾ ਤੋਂ ਬਚਣ ਲਈ ਕੋਈ ਵੱਖਰੀ ਸੁਰੱਖਿਆ ਦਿੱਤੀ? ਜਦ ਮਹਾਂਮਾਰੀ ਸ਼ੁਰੂ ਹੋਈ, ਤੁਸੀਂ (ਸਰਕਾਰ ਨੇ) ਸਾਨੂੰ ਕੁਝ ਨਹੀਂ ਦਿੱਤਾ। ਜਦ ਸਾਡੀਆਂ ਆਸ਼ਾ ਤਾਈਆਂ ਨੂੰ ਕੋਵਿਡ ਹੋਣ ਲੱਗਿਆ, ਉਹਨਾਂ ਦਾ ਹਾਲ ਬਾਕੀ ਮਰੀਜ਼ਾਂ ਵਾਂਗ ਹੀ ਹੋ ਗਿਆ। ਜਦ ਟੀਕਿਆਂ ਦਾ ਟ੍ਰਾਇਲ ਹੋਣਾ ਸੀ, ਤਾਂ ਵੀ ਆਸ਼ਾ ਵਰਕਰਾਂ ਨੇ ਵਲੰਟੀਅਰਾਂ ਵਜੋਂ ਪਹਿਲ ਕੀਤੀ।”
ਆਪਣੀ ਜ਼ਿੰਦਗੀ ’ਚ ਇੱਕ ਵਾਰ ਤਾਂ ਵਨਸ਼੍ਰੀ ਫੁਲਬੰਦੇ ਨੇ ਆਸ਼ਾ ਵਰਕਰ ਵਜੋਂ ਕੰਮ ਛੱਡਣ ਦਾ ਲਗਭਗ ਫੈਸਲਾ ਲੈ ਲਿਆ ਸੀ। “ਮੇਰੀ ਸਰੀਰਕ ਤੇ ਮਾਨਸਿਕ ਸਿਹਤ ’ਤੇ ਅਸਰ ਪੈਣ ਲੱਗ ਗਿਆ ਸੀ,” ਉਹਨੇ ਕਿਹਾ। 42 ਸਾਲਾ ਵਾਨਾਸ਼੍ਰੀ ਨਾਗਪੁਰ ਜਿਲ੍ਹੇ ਦੇ ਵਡੋਦਾ ਪਿੰਡ ਵਿੱਚ 1500 ਤੋਂ ਵੱਧ ਲੋਕਾਂ ਦੀ ਵਸੋਂ ਦਾ ਖਿਆਲ ਰੱਖਦੀ ਹੈ। “ਮੇਰੇ ਯਾਦ ਹੈ ਕਿ ਇੱਕ ਵਾਰ ਗੁਰਦੇ ਦੀਆਂ ਪਥਰੀਆਂ ਕਰਕੇ ਮੇਰੇ ਬਹੁਤ ਦਰਦ ਉੱਠ ਰਿਹਾ ਸੀ। ਮੈਂ ਆਪਣੇ ਲੱਕ ਦੁਆਲੇ ਕੱਪੜਾ ਬੰਨ੍ਹ ਕੇ ਕੰਮ ਕਰਦੀ ਰਹੀ।”
ਵਨਸ਼੍ਰੀ ਦੇ ਘਰ ਇੱਕ ਮਰੀਜ਼ ਤੇ ਉਹਦਾ ਪਤੀ ਆਏ, “ਉਹ ਪਹਿਲੀ ਵਾਰ ਮਾਂ ਬਣਨ ਵਾਲੀ ਸੀ। ਉਹ ਘਬਰਾਏ ਹੋਏ ਸਨ। ਮੈਂ ਉਹਨਾਂ ਨੂੰ ਸਮਝਾਇਆ ਕਿ ਮੈਂ ਕੋਈ ਮਦਦ ਕਰਨ ਦੀ ਹਾਲਤ ਵਿੱਚ ਨਹੀਂ ਪਰ ਉਹਨਾਂ ਨੇ ਜ਼ੋਰ ਪਾਇਆ ਕਿ ਮੈਂ ਜਣੇਪੇ ਸਮੇਂ ਨਾਲ ਰਹਾਂ। ‘ਨਾਂਹ’ ਕਰਨੀ ਔਖੀ ਸੀ, ਇਸ ਲਈ ਮੈਂ ਉਹਨਾਂ ਦੇ ਨਾਲ ਚਲੀ ਗਈ। ਮੈਂ ਦੋ ਦਿਨ ਉਹਦੇ ਨਾਲ ਰਹੀ ਜਦ ਤੱਕ ਉਹਦਾ ਜਣੇਪਾ ਨਹੀਂ ਹੋ ਗਿਆ। ਉਹਦੇ ਰਿਸ਼ਤੇਦਾਰ ਮੇਰੇ ਲੱਕ ਦੁਆਲੇ ਬੰਨ੍ਹਿਆ ਕੱਪੜਾ ਦੇਖਦੇ ਤੇ ਮਜ਼ਾਕ ਵਿੱਚ ਪੁੱਛਦੇ, “ਮਰੀਜ਼ ਦੀ ਡਿਲੀਵਰੀ ਹੈ ਜਾਂ ਤੁਹਾਡੀ!”


ਵਾਨਾਸ਼੍ਰੀ (ਚਸ਼ਮੇ ਨਾਲ) ਅਤੇ ਪੂਰਨਿਮਾ 7 ਫਰਵਰੀ, 2024 ਨੂੰ ਨਾਗਪੁਰ ਵਿੱਚ ਆਪਣੇ ਪਿੰਡ ਛੱਡ ਕੇ ਮੁੰਬਈ ਵਿੱਚ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਈਆਂ। ਵਾਨਾਸ਼੍ਰੀ ਹੜਤਾਲ ਦੇ ਨੌਵੇਂ ਦਿਨ ਆਪਣੇ ਪਰਿਵਾਰ ਨਾਲ ਫੋਨ 'ਤੇ ਗੱਲ ਕਰ ਰਹੀ ਹਨ
ਉਹਨੇ ਲਾਕਡਾਊਨ ਦੌਰਾਨ ਆਪਣੇ ਨਿੱਤ ਦੇ ਕੰਮ ਨੂੰ ਯਾਦ ਕੀਤਾ ਜਦ ਉਹ ਆਪਣੀਆਂ ਆਸ਼ਾ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦੀ ਤੇ ਇਕੱਲ ਵਿੱਚ ਰੱਖੇ ਮਰੀਜ਼ਾਂ ਨੂੰ ਖਾਣਾ ਪਹੁੰਚਾਉਂਦੀ। “ਇਸ ਸਭ ਦਾ ਆਖਰ ਮੇਰੀ ਸਿਹਤ ’ਤੇ ਅਸਰ ਪਿਆ। ਕਈ ਦਿਨ ਤੱਕ ਮੇਰਾ ਬੀਪੀ ਬਹੁਤ ਵੱਧ ਰਿਹਾ ਤੇ ਮੈਂ ਸੋਚਿਆ ਕਿ ਮੈਂ ਕੰਮ ਛੱਡ ਦੇਵਾਂ।” ਪਰ ਵਨਸ਼੍ਰੀ ਦੀ ਚਾਚੀ ਨੇ ਉਹਨੂੰ ਯਾਦ ਕਰਾਇਆ ਕਿ “ਜੋ ਮੈਂ ਕਰ ਰਹੀ ਹਾਂ ਉਹ ਪੁੰਨ (ਚੰਗੇ ਕਰਮ) ਹੈ। ਉਹਨੇ ਕਿਹਾ ਕਿ ਮੇਰੇ ਤੇ ਦੋ ਜ਼ਿੰਦਗੀਆਂ (ਮਾਂ ਤੇ ਬੱਚੇ) ਦੀ ਜ਼ਿੰਮੇਵਾਰੀ ਹੈ। ਮੈਨੂੰ ਇਹ ਕੰਮ ਕਦੇ ਨਹੀਂ ਛੱਡਣਾ ਚਾਹੀਦਾ।”
ਵਾਕਿਆ ਬਿਆਨ ਕਰਦਿਆਂ ਵਨਸ਼੍ਰੀ ਕੁਝ ਦੇਰ ਆਪਣੇ ਫੋਨ ਵੱਲ ਵੇਖਦੀ ਹੈ। ਉਹ ਕਹਿੰਦੀ ਹੈ, “ਮੇਰਾ ਪਰਿਵਾਰ ਵਾਰ-ਵਾਰ ਪੁੱਛਦਾ ਹੈ ਕਿ ਮੈਂ ਘਰ ਕਦ ਆਵਾਂਗੀ। ਮੈਂ 5,000 ਰੁਪਏ ਲੈ ਕੇ ਇੱਥੇ ਆਈ ਸੀ। ਮੇਰੇ ਕੋਲ ਹੁਣ ਮਸਾਂ 200 ਰੁਪਏ ਬਚੇ ਹਨ।” ਦਸੰਬਰ 2023 ਤੋਂ ਉਹਨੂੰ ਆਪਣਾ ਮਹੀਨੇ ਦਾ ਸੇਵਾਫਲ ਨਹੀਂ ਮਿਲਿਆ।
ਪੂਰਣਿਮਾ ਵਾਸੇ, ਨਾਗਪੁਰ ਦੇ ਪੰਧੁਰਨਾ ਪਿੰਡ ਦੀ ਰਹਿਣ ਵਾਲੀ ਆਸ਼ਾ ਵਰਕਰ ਹਨ। “ਮੈਂ ਐਂਬੂਲੈਂਸ ਵਿੱਚ ਇੱਕ ਏਡਜ਼ ਪੀੜਤ ਔਰਤ ਦੇ ਬੱਚੇ ਦੀ ਡਿਲੀਵਰੀ ਕਰਾਈ ਸੀ। ਜਦ ਹਸਪਤਾਲ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਉਹਨੂੰ ਏਡਜ਼ ਹੈ,” 45 ਸਾਲਾ ਆਸ਼ਾ ਵਰਕਰ ਨੇ ਕਿਹਾ, “ਉਹਨਾਂ ਨੇ ਐਵੇਂ ਵਿਹਾਰ ਕੀਤਾ ਜਿਵੇਂ ਇਹ ਕੋਈ ਵੱਡੀ ਗੱਲ ਸੀ। ਮੈਂ ਉਹਨਾਂ ਨੂੰ ਕਿਹਾ, ‘ਜਦ ਮੈਂ, ਆਸ਼ਾ ਵਰਕਰ ਵਜੋਂ, ਬਿਨ੍ਹਾਂ ਕਿਸੇ ਉਪਕਰਨ ਦੇ ਸਿਰਫ਼ ਦਸਤਾਨਿਆਂ ਅਤੇ ਆਪਣੀ ਚੁੰਨੀ ਨਾਲ ਬੱਚੇ ਦੀ ਡਿਲੀਵਰੀ ਕਰ ਦਿੱਤੀ, ਤਾਂ ਤੁਸੀਂ ਐਵੇਂ ਵਿਹਾਰ ਕਿਉਂ ਕਰ ਰਹੇ ਹੋ?’”
2009 ਤੋਂ ਆਸ਼ਾ ਵਰਕਰ ਵਜੋਂ ਕੰਮ ਕਰ ਰਹੀ ਪੂਰਣਿਮਾ 4,500 ਤੋਂ ਵੱਧ ਦੀ ਵਸੋਂ ਦਾ ਖਿਆਲ ਰੱਖਦੀ ਹੈ। “ਮੈਂ ਬੀਏ ਕੀਤੀ ਹੋਈ ਹੈ,” ਉਹਨੇ ਕਿਹਾ। “ਮੈਨੂੰ ਨੌਕਰੀਆਂ ਦੀਆਂ ਬਹੁਤ ਪੇਸ਼ਕਸ਼ਾਂ ਹੁੰਦੀਆਂ ਹਨ। ਪਰ ਆਸ਼ਾ ਵਰਕਰ ਬਣਨ ਦਾ ਫੈਸਲਾ ਮੇਰਾ ਸੀ ਤੇ ਮੈਂ ਸਾਰੀ ਉਮਰ ਆਸ਼ਾ ਵਰਕਰ ਦੇ ਤੌਰ ’ਤੇ ਕੰਮ ਕਰਾਂਗੀ। ਪੈਸਾ ਮਿਲੇ ਨਾ ਮਿਲੇ, ਅਗਰ ਮੁਝੇ ਕਰਨੀ ਹੈ ਸੇਵਾ ਤੋ ਮਰਤੇ ਦਮ ਤਕ ਆਸ਼ਾ ਕਾ ਕਾਮ ਕਰੂੰਗੀ (ਕਿਉਂਕਿ ਮੈਂ ਸੇਵਾ ਕਰਨਾ ਚਾਹੁੰਦੀ ਹਾਂ, ਇਸ ਲਈ ਮੈਂ ਮਰਨ ਤੱਕ ਆਸ਼ਾ ਵਰਕਰ ਦੇ ਤੌਰ ’ਤੇ ਕੰਮ ਕਰਾਂਗੀ)।”
ਆਜ਼ਾਦ ਮੈਦਾਨ ਵਿੱਚ ਕ੍ਰਿਕਟ ਦੀ ਆਵਾਜ਼ ਗੂੰਜ ਰਹੀ ਹੈ। ਪਰ ਇਸ ਦੌਰਾਨ ਆਸ਼ਾ ਵਰਕਰਾਂ ਨੇ ਆਪਣਾ ਸੰਘਰਸ਼ ਮੈਦਾਨਾਂ ਤੋਂ ਪਰ੍ਹੇ ਕਰ ਲਿਆ ਹੈ।
ਪੰਜਾਬੀ ਤਰਜਮਾ: ਅਰਸ਼ਦੀਪ ਅਰਸ਼ੀ