ਪੰਨਾ ਜ਼ਿਲ੍ਹੇ ਵਿਖੇ ਅਗਸਤ ਮਹੀਨੇ ਦੀ ਬਾਰਸ਼ ਹੋ ਰਹੀ ਹੈ ਅਤੇ ਕੈਤਾਬਾਰੋ ਡੈਮ ਪੂਰੀ ਤਰ੍ਹਾਂ ਭਰ ਗਿਆ ਹੈ। ਇਹ ਉਛਲ਼-ਉਛਲ਼ ਕੇ ਨੇੜਲੀਆਂ ਪੰਨਾ ਟਾਈਗਰ ਰਿਜ਼ਰਵ (ਪੀ.ਟੀ.ਆਰ.) ਪਹਾੜੀਆਂ ਵੱਲ ਵਗਣ ਲੱਗਿਆ।
ਸੁਰੇਨ ਆਦਿਵਾਸੀ ਹਥੌੜਾ ਲੈ ਕੇ ਡੈਮ 'ਤੇ ਪਹੁੰਚਦੇ ਹਨ। ਉਹ ਤੇਜ਼ੀ ਨਾਲ਼ ਵਗ ਰਹੇ ਪਾਣੀ ਨੂੰ ਧਿਆਨ ਨਾਲ਼ ਦੇਖਦੇ ਹੋਏ ਇਹ ਜਾਂਚ ਕਰਦੇ ਹਨ ਕਿ ਕਿਤੇ ਕੋਈ ਨਵਾਂ ਪੱਥਰ ਜਾਂ ਮਲਬਾ ਵਹਾਅ ਦੇ ਰਾਹ ਵਿੱਚ ਅੜਿਕਾ ਤਾਂ ਨਹੀਂ ਬਣ ਰਿਹਾ। ਉਹ ਪਾਣੀ ਦੇ ਵਹਾਅ ਨੂੰ ਸੁਚਾਰੂ ਬਣਾਉਣ ਲਈ ਹਥੌੜੇ ਮਾਰ-ਮਾਰ ਕੇ ਕੁਝ ਪੱਥਰ ਤੋੜਦੇ ਹਨ ਤੇ ਕਈਆਂ ਨੂੰ ਰਾਹ 'ਚੋਂ ਹਟਾ ਵੀ ਦਿੰਦੇ ਹਨ।
"ਮੈਂ ਇਹ ਦੇਖਣ ਆਇਆ ਹਾਂ ਕਿ ਕੀ ਪਾਣੀ ਸਹੀ ਢੰਗ ਨਾਲ਼ ਵਹਿ ਰਿਹਾ ਹੈ," ਉਨ੍ਹਾਂ ਨੇ ਪਾਰੀ ਨੂੰ ਦੱਸਿਆ। "ਹਾਂ, ਇਹ ਸਹੀ ਢੰਗ ਨਾਲ਼ ਵਗ ਰਿਹਾ ਹੈ," ਬਿਲਪੁਰ ਪਿੰਡ ਦੇ ਛੋਟੇ ਕਿਸਾਨ ਨੇ ਸਿਰ ਹਿਲਾਇਆ, ਇਸ ਗੱਲ ਤੋਂ ਸੁਰਖ਼ਰੂ ਹੁੰਦੇ ਹੋਏ ਕਿ ਉਨ੍ਹਾਂ ਦੀ ਝੋਨੇ ਦੀ ਫ਼ਸਲ, ਜੋ ਕੁਝ ਮੀਟਰ ਹੇਠਾਂ ਹੈ, ਸੁੱਕ ਨਹੀਂ ਜਾਵੇਗੀ।
ਜਿਵੇਂ ਹੀ ਉਸ ਦੀਆਂ ਨਜ਼ਰਾਂ ਛੋਟੇ ਡੈਮ 'ਤੇ ਪਈਆਂ, ਉਸਨੇ ਕਿਹਾ, "ਇਹ ਬਹੁਤ ਵੱਡੀ ਕਿਸਮਤ ਹੈ. ਝੋਨਾ ਉਗਾਇਆ ਜਾ ਸਕਦਾ ਹੈ, ਕਣਕ ਵੀ ਉਗਾਈ ਜਾ ਸਕਦੀ ਹੈ। ਪਹਿਲਾਂ, ਮੈਂ ਇੱਥੇ ਇੱਕ ਏਕੜ ਜ਼ਮੀਨ ਦੀ ਸਿੰਚਾਈ ਅਤੇ ਖੇਤੀ ਕਰਨ ਦੇ ਯੋਗ ਨਹੀਂ ਸੀ।
ਇਹ ਅਜਿਹੀ ਬਰਕਤ ਹੈ ਜੋ ਬਿਲਪੁਰਾ ਦੇ ਲੋਕਾਂ ਨੇ ਡੈਮ ਬਣਾਉਣ ਵਿੱਚ ਮਦਦ ਕਰਕੇ ਆਪਣੇ ਆਪ ਨੂੰ ਦਿੱਤੀ ਹੈ।
ਲਗਭਗ ਇੱਕ ਹਜ਼ਾਰ ਲੋਕਾਂ ਦੀ ਆਬਾਦੀ ਵਾਲੇ, ਬਿਲਾਪੁਰ ਵਿੱਚ ਗੋਂਡ ਆਦਿਵਾਸੀ (ਅਨੁਸੂਚਿਤ ਜਨਜਾਤੀ) ਕਿਸਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ, ਹਰੇਕ ਕੋਲ਼ ਕੁਝ ਪਸ਼ੂ ਹਨ। 2011 ਦੀ ਮਰਦਮਸ਼ੁਮਾਰੀ ਨੇ ਦਰਜ ਕੀਤਾ ਕਿ ਪਿੰਡ ਵਿੱਚ ਸਿਰਫ਼ ਇੱਕ ਨਲ਼ਕਾ ਅਤੇ ਇੱਕ ਖੂਹ ਸੀ। ਰਾਜ ਨੇ ਜ਼ਿਲ੍ਹੇ ਦੇ ਅੰਦਰ ਤੇ ਆਲ਼ੇ-ਦੁਆਲ਼ੇ ਪੱਥਰ ਚਿਣ-ਚਿਣ ਕੇ ਛੱਪੜ ਬਣਾਏ, ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਕੋਈ ਕੈਚਮੈਂਟ ਖੇਤਰ ਨਾ ਹੋਣ ਕਾਰਨ " ਪਾਣੀ ਰੁਕਤਾ ਨਹੀਂ ਹੈ । "


ਖੱਬੇ : ਸੁਰੇਨ ਆਦਿਵਾਸੀ ਹਥੌੜਾ ਲੈ ਕੇ ਡੈਮ ' ਤੇ ਪਹੁੰਚਦੇ ਹਨ ਤਾਂ ਜੋ ਖੇਤਾਂ ਵੱਲ ਪਾਣੀ ਦੇ ਬੇਰੋਕ ਵਹਾਅ ਨੂੰ ਯਕੀਨੀ ਬਣਾਇਆ ਜਾ ਸਕੇ । ਸੱਜੇ : ਮਹਾਰਾਜ ਸਿੰਘ ਆਦਿਵਾਸੀ ਕਹਿੰਦੇ ਹਨ , ' ਪਹਿਲਾਂ , ਇੱਥੇ ਖੇਤੀ ਨਹੀਂ ਕੀਤੀ ਜਾਂਦੀ ਸੀ। ਮੈਂ ਉਸਾਰੀ ਵਾਲੀਆਂ ਥਾਵਾਂ ' ਤੇ ਦਿਹਾੜੀਆਂ ਲਾਉਣ ਦੇ ਕੰਮ ਦੀ ਭਾਲ ਵਿੱਚ ਦਿੱਲੀ ਅਤੇ ਮੁੰਬਈ ਜਾਂਦਾ ਸੀ '
ਡੈਮ ਅਤੇ ਪਿੰਡ ਦੇ ਵਿਚਕਾਰ ਪੈਂਦੀ ਥਾਵੇਂ ਲੋਕਾਂ ਕੋਲ਼ ਲਗਭਗ 80 ਏਕੜ ਜ਼ਮੀਨ ਹੈ। ਮਹਾਰਾਜ ਸਿੰਘ ਕਹਿੰਦੇ ਹਨ, "ਪਹਿਲਾਂ ਇੱਥੇ ਇੱਕ ਛੋਟਾ ਜਿਹਾ ਨਾਲ਼ਾ ਹੁੰਦਾ ਸੀ ਅਤੇ ਇਸ ਦੀ ਵਰਤੋਂ ਕੁਝ ਏਕੜ ਜ਼ਮੀਨ ਲਈ ਕੀਤੀ ਜਾਂਦੀ ਸੀ। "ਡੈਮ ਬਣਨ ਤੋਂ ਬਾਅਦ ਹੀ ਅਸੀਂ ਸਾਰੇ ਆਪਣੇ ਖੇਤਾਂ ਵਿੱਚ ਖੇਤੀ ਕਰਨ ਦੇ ਯੋਗ ਹੋਏ।''
ਮਹਾਰਾਜ ਨੇ ਆਪਣੀ ਪੰਜ ਏਕੜ ਜ਼ਮੀਨ 'ਤੇ ਆਪਣੀ-ਵਰਤੋਂ ਲਈ ਕਣਕ, ਮੂੰਗਫਲੀ, ਚੌਲ਼ ਅਤੇ ਮੱਕਾ ਉਗਾਇਆ ਸੀ ਅਤੇ ਇਹ ਯਕੀਨੀ ਬਣਾਉਣ ਲਈ ਡੈਮ ਸਾਈਟ 'ਤੇ ਆਏ ਸਨ ਕਿ ਇਹ ਸੁਰੱਖਿਅਤ ਹੈ ਵੀ ਕਿ ਨਹੀਂ। ਜਿਸ ਸਾਲ ਚੰਗੀ ਪੈਦਾਵਾਰ ਹੋਵੇ ਉਹ ਕੁਝ ਕੁ ਉਤਪਾਦ ਵੇਚਣ ਯੋਗ ਹੋ ਹੀ ਜਾਂਦੇ ਹਨ।
"ਇਹ ਪਾਣੀ ਮੇਰੇ ਖੇਤ ਨੂੰ ਜਾਂਦਾ ਹੈ," ਉਹ ਇਸ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ। "ਪਹਿਲਾਂ, ਇੱਥੇ ਕੋਈ ਖੇਤੀ ਨਹੀਂ ਹੁੰਦੀ ਸੀ। ਮੈਂ ਉਸਾਰੀ ਵਾਲੀਆਂ ਥਾਵਾਂ 'ਤੇ ਦਿਹਾੜੀ ਦੇ ਕੰਮ ਦੀ ਭਾਲ਼ ਵਿੱਚ ਦਿੱਲੀ ਅਤੇ ਮੁੰਬਈ ਚਲਾ ਜਾਂਦਾ।
ਡੈਮ 2016 ਵਿੱਚ ਦੁਬਾਰਾ ਬਣਾਇਆ ਗਿਆ ਸੀ। ਉਦੋਂ ਤੋਂ ਉਨ੍ਹਾਂ ਨੇ ਪਰਵਾਸ ਕਰਨਾ ਬੰਦ ਕਰ ਦਿੱਤਾ ਹੈ। ਖੇਤੀ ਤੋਂ ਹੋਣ ਵਾਲੀ ਕਮਾਈ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਕਾਫ਼ੀ ਹੈ। ਡੈਮ ਦਾ ਪਾਣੀ ਹੁਣ ਸਾਰਾ ਸਾਲ ਉਪਲਬਧ ਰਹਿੰਦਾ ਹੈ ਅਤੇ ਪਸ਼ੂਆਂ ਲਈ ਵੀ ਵਰਤਿਆ ਜਾਂਦਾ ਹੈ।
ਡੈਮ ਦੇ ਮੁੜ ਨਿਰਮਾਣ ਦੀ ਕੋਸ਼ਿਸ਼ ਇੱਕ ਗੈਰ-ਸਰਕਾਰੀ ਸੰਗਠਨ ਪੀਪਲਜ਼ ਸਾਇੰਸ ਇੰਸਟੀਚਿਊਟ (ਪੀਐੱਸਆਈ) ਦੁਆਰਾ ਆਯੋਜਿਤ ਜਨਤਕ ਮੀਟਿੰਗਾਂ ਦਾ ਨਤੀਜਾ ਹੈ। "ਜਦੋਂ ਅਸੀਂ ਸਥਾਨਕ ਲੋਕਾਂ ਨਾਲ਼ ਗੱਲ ਕੀਤੀ, ਤਾਂ ਸਾਨੂੰ ਪਤਾ ਲੱਗਾ ਕਿ ਉਨ੍ਹਾਂ ਸਾਰਿਆਂ ਕੋਲ਼ ਜ਼ਮੀਨ ਹੈ। ਪਰ ਕਿਉਂਕਿ ਸਿੰਚਾਈ ਦਾ ਕੋਈ ਨਿਯਮਤ ਬੰਦੋਬਸਤ ਨਹੀਂ ਸੀ, ਇਸ ਲਈ ਉਹ ਚਾਹ ਕੇ ਵੀ ਜ਼ਮੀਨ ਦੀ ਵਰਤੋਂ ਨਾ ਕਰ ਸਕੇ," ਪੀਐੱਸਆਈ ਦੇ ਕਲੱਸਟਰ ਕੋਆਰਡੀਨੇਟਰ, ਸ਼ਰਦ ਯਾਦਵ ਕਹਿੰਦੇ ਹਨ।


ਖੱਬੇ : ਮਹਾਰਾਜ ਸਿੰਘ ਆਦਿਵਾਸੀ ਕਹਿੰਦੇ ਹਨ , ' ਪਹਿਲਾਂ ਇੱਥੇ ਇੱਕ ਛੋਟਾ ਜਿਹਾ ਨਾਲਾ [ ਨਦੀ ] ਸੀ ਅਤੇ ਇਸ ਦੀ ਵਰਤੋਂ ਸਿਰਫ਼ ਕੁਝ ਏਕੜ ਜ਼ਮੀਨ ਸਿੰਝਣ ਲਈ ਕੀਤੀ ਜਾਂਦੀ। ਬੰਨ੍ਹ ਬਣਨ ਤੋਂ ਬਾਅਦ ਹੀ ਅਸੀਂ ਸਾਰੇ ਆਪਣੇ ਖੇਤਾਂ ਵਿੱਚ ਖੇਤੀ ਕਰਨ ਦੇ ਯੋਗ ਹੋਏ। ਸੱਜੇ : ਮਹਾਰਾਜ ਪਾਣੀ ਦੇ ਵਹਾਅ ਵੱਲ ਇਸ਼ਾਰਾ ਕਰਕੇ ਉਨ੍ਹਾਂ ਖੇਤਾਂ ਨੂੰ ਦਿਖਾਉਂਦੇ ਹਨ ਜਿਨ੍ਹਾਂ ਦੀ ਸਿੰਜਾਈ ਇਹੀ ਪਾਣੀ ਕਰਦਾ ਹੈ


ਖੱਬੇ : ਸ਼ਰਦ ਯਾਦਵ ਦਾ ਕਹਿਣਾ ਹੈ ਕਿ ਸਰਕਾਰ ਨੇ ਨੇੜੇ - ਤੇੜੇ ਇਸ ਤਰ੍ਹਾਂ ਦੇ ਹੋਰ ਡੈਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ , ਪਰ ਪਾਣੀ ਰੁਕਿਆ ਨਹੀਂ। ਸੱਜੇ : ਸਥਾਨਕ ਲੋਕ ਅਕਸਰ ਇੱਥੇ ਆਉਂਦੇ ਹਨ ਅਤੇ ਡੈਮ ਦਾ ਨਿਰੀਖਣ ਕਰਦੇ ਹਨ
ਸਰਕਾਰ ਨੇ ਕੈਥਾ (ਵੁਡ ਐਪਲ) ਦੇ ਰੁੱਖਾਂ ਦੀ ਝਿੜੀ ਨੇੜੇ ਛੱਪੜ 'ਤੇ ਇੱਕ ਬੰਨ੍ਹ ਬਣਾਇਆ ਸੀ। ਇਹ ਇੱਕੋ ਹੀਲੇ ਨਹੀਂ, ਬਲਕਿ 10 ਸਾਲਾਂ ਵਿੱਚ ਤਿੰਨ ਵਾਰ ਕਰਕੇ ਬਣਾਇਆ ਗਿਆ। ਜਦੋਂ ਪਿਛਲੇ ਮਾਨਸੂਨ ਦੌਰਾਨ ਇਹ ਦੁਬਾਰਾ ਢਹਿ ਗਿਆ, ਤਾਂ ਸਰਕਾਰੀ ਅਧਿਕਾਰੀਆਂ ਨੇ ਫ਼ੈਸਲਾ ਕੀਤਾ ਕਿ ਹੁਣ ਬਹੁਤ ਹੋ ਗਿਆ ਤੇ ਡੈਮ ਦਾ ਆਕਾਰ ਘਟਾ ਦਿੱਤਾ ਗਿਆ।
ਛੋਟੇ ਡੈਮ ਦਾ ਪਾਣੀ ਕਾਫ਼ੀ ਨਹੀਂ ਸੀ: "ਪਾਣੀ ਖੇਤਾਂ ਤੱਕ ਨਾ ਪਹੁੰਚਦਾ ਅਤੇ ਗਰਮੀਆਂ ਤੋਂ ਪਹਿਲਾਂ ਹੀ ਸੁੱਕ ਜਾਂਦਾ, ਜਿਸ ਨਾਲ਼ ਸਾਡੀਆਂ ਸਿੰਚਾਈ ਲੋੜਾਂ ਪੂਰੀਆਂ ਨਾ ਹੋ ਪਾਉਂਦੀਆਂ," ਮਹਾਰਾਜ ਕਹਿੰਦੇ ਹਨ। "ਅਸੀਂ ਸਿਰਫ਼ 15 ਏਕੜ ਜ਼ਮੀਨ ਦਾ ਲਾਹਾ ਲੈ ਸਕੇ ਅਤੇ ਉਹ ਵੀ ਸਿਰਫ਼ ਇੱਕੋ ਫ਼ਸਲ ਬੀਜ ਕੇ।''
2016 ਵਿੱਚ, ਪਿੰਡ ਦੇ ਲੋਕਾਂ ਨੇ ਆਪਣੇ ਆਪ ਕੁਝ ਕਰਨ ਦਾ ਫ਼ੈਸਲਾ ਕੀਤਾ ਅਤੇ ਇਸ ਨੂੰ ਦੁਬਾਰਾ ਬਣਾਉਣ ਲਈ ਆਪਣਾ ਸ਼੍ਰਮ ਦਾਨ (ਕਿਰਤ ਦੀ ਸੇਵਾ) ਕੀਤਾ। "ਅਸੀਂ ਮਿੱਟੀ ਚੁੱਕੀ, ਪੁਟਾਈ ਕੀਤੀ, ਪੱਥਰ ਤੋੜੇ ਅਤੇ ਇੱਕ ਮਹੀਨੇ ਵਿੱਚ ਡੈਮ ਦਾ ਕੰਮ ਪੂਰਾ ਕੀਤਾ। ਇਹ ਸਾਡੇ ਪਿੰਡ ਦੇ ਲੋਕ ਸਨ ਜਿਨ੍ਹਾਂ ਨੇ ਸਾਰਾ ਕੰਮ ਕੀਤਾ, ਇਨ੍ਹਾਂ ਵਿੱਚ ਜ਼ਿਆਦਾਤਰ ਆਦਿਵਾਸੀ ਅਤੇ ਕੁਝ ਪੱਛੜੇ ਵਰਗ ਸ਼ਾਮਲ ਰਹੇ," ਮਹਾਰਾਜ ਕਹਿੰਦੇ ਹਨ।
ਨਵਾਂ ਡੈਮ ਆਕਾਰ ਵਿੱਚ ਵੱਡਾ ਹੈ ਅਤੇ ਇਸ ਵਿੱਚ ਇੱਕ ਨਹੀਂ, ਬਲਕਿ ਦੋ ਬੰਨ੍ਹ ਹਨ ਤਾਂ ਜੋ ਪਾਣੀ ਬਰਾਬਰ ਵਹਿ ਸਕੇ ਅਤੇ ਬਾਰ-ਬਾਰ ਪਾੜ ਨਾ ਪਵੇ। ਇਸ ਉਮੀਦ ਅਤੇ ਰਾਹਤ ਨਾਲ਼ ਕਿ ਬੰਨ੍ਹ ਨੂੰ ਕੋਈ ਖ਼ਤਰਾ ਨਹੀਂ ਹੈ, ਮਹਾਰਾਜ ਅਤੇ ਸੁਰੇਨ ਨੇ ਬਾਰਸ਼ ਤੇਜ਼ ਹੋਣ ਤੋਂ ਪਹਿਲਾਂ ਹੀ ਆਪਣੇ ਘਰਾਂ ਦਾ ਰਾਹ ਫੜ੍ਹਿਆ।
ਤਰਜਮਾ: ਕਮਲਜੀਤ ਕੌਰ