ਤਿੰਨੇ ਨੌਜਵਾਨ ਉਸਾਰੀ ਵਾਲ਼ੀ ਥਾਂ 'ਤੇ ਕੰਮ ਪੂਰਾ ਕਰਨ ਤੋਂ ਬਾਅਦ ਆਪਣੇ ਪਿੰਡ ਮਾਰੀ ਪਰਤ ਰਹੇ ਸਨ। "ਇਹ ਲਗਭਗ 15 ਸਾਲ ਪਹਿਲਾਂ ਦੀ ਕਹਾਣੀ ਸੀ," ਅਜੈ ਪਾਸਵਾਨ ਯਾਦ ਕਰਦੇ ਹਨ। "ਅਸੀਂ ਪਿੰਡ ਦੀ ਖਸਤਾ ਹਾਲ ਮਸਜਿਦ ਦੇ ਸਾਹਮਣਿਓਂ ਲੰਘ ਰਹੇ ਸਾਂ। ਫਿਰ ਅਸੀਂ ਇਹਨੂੰ ਅੰਦਰੋਂ ਦੇਖਣ ਲਈ ਉਤਸੁਕ ਹੋ ਉੱਠੇ।''
ਜ਼ਮੀਨ 'ਤੇ ਕਾਈ ਉੱਗ ਗਈ ਹੋਈ ਸੀ ਤੇ ਝਾੜੀਆਂ ਨੇ ਇਮਾਰਤ ਨੂੰ ਪੂਰੀ ਤਰ੍ਹਾਂ ਢੱਕ ਲਿਆ ਹੋਇਆ ਸੀ।
" ਅੰਦਰ ਗਏ ਤੋ ਹਮ ਲੋਗੋਂ ਕਾ ਮਨ ਬਦਲ ਗਿਆ, '' 33 ਸਾਲਾ ਦਿਹਾੜੀਦਾਰ ਮਜ਼ਦੂਰ, ਅਜੈ ਕਹਿੰਦੇ ਹਨ, ''ਸ਼ਾਇਦ ਅੱਲ੍ਹਾ ਚਾਹੁੰਦਾ ਸੀ ਅਸੀਂ ਅੰਦਰ ਜਾਈਏ।''
ਅਜੈ ਪਾਸਵਾਨ, ਬਕੋਰੀ ਬਿੰਦ ਅਤੇ ਗੌਤਮ ਪ੍ਰਸਾਦ ਨੇ ਮਸਜਿਦ ਦੀ ਸਾਫ਼-ਸਫ਼ਾਈ ਕਰਨ ਦਾ ਫ਼ੈਸਲਾ ਕੀਤਾ। "ਅਸੀਂ ਉੱਥੇ ਉੱਗੇ ਝਾੜ-ਝੰਭ ਨੂੰ ਕੱਟ ਦਿੱਤਾ ਅਤੇ ਮਸਜਿਦ ਦਾ ਰੰਗ-ਰੋਗਣ ਕੀਤਾ। ਅਸੀਂ ਮਸਜਿਦ ਦੇ ਸਾਹਮਣੇ ਇੱਕ ਵੱਡਾ ਸਾਰਾ ਥੜ੍ਹਾ ਵੀ ਬਣਾਇਆ। ਉਦੋਂ ਤੋਂ, ਉਨ੍ਹਾਂ ਨੇ ਹਰ ਸ਼ਾਮੀਂ ਉੱਥੇ ਚਿਰਾਗ਼ ਜਗਾਉਣਾ ਸ਼ੁਰੂ ਕਰ ਦਿੱਤਾ।
ਤਿੰਨਾਂ ਨੇ ਮਸਜਿਦ ਦੇ ਮਾਈਕ-ਸਪੀਕਰ ਦਾ ਪ੍ਰਬੰਧ ਕੀਤਾ ਅਤੇ ਮਸਜਿਦ ਦੇ ਗੁੰਬਦ 'ਤੇ ਲਾਊਡ ਸਪੀਕਰ ਲਟਕਾ ਦਿੱਤਾ। "ਅਸੀਂ ਸਾਊਂਡ ਸਿਸਟਮ ਰਾਹੀਂ ਅਜ਼ਾਨ ਵਜਾਉਣ ਦਾ ਫ਼ੈਸਲਾ ਕੀਤਾ," ਅਜੈ ਕਹਿੰਦੇ ਹਨ। ਇਸ ਦੇ ਨਾਲ਼ ਹੀ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਪਿੰਡ ਮਾਰੀ ਵਿੱਚ ਸਾਰੇ ਮੁਸਲਮਾਨਾਂ ਦੇ ਕੰਨੀਂ ਦਿਨ ਵਿੱਚ ਪੰਜ ਵਾਰੀਂ ਅਜ਼ਾਨ ਪੈਣ ਲੱਗੀ।


ਅਜੈ ਪਾਸਵਾਨ (ਖੱਬੇ) ਅਤੇ ਦੋ ਹੋਰ ਦੋਸਤਾਂ ਨੇ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਆਪਣੇ ਪਿੰਡ ਮਾਰੀ ਵਿੱਚ ਇੱਕ ਮਸਜਿਦ ਦੀ ਦੇਖਭਾਲ਼ ਦੀ ਜ਼ਿੰਮੇਵਾਰੀ ਲੈਣ ਦਾ ਫ਼ੈਸਲਾ ਕੀਤਾ। ਜਿਵੇਂ ਕਿ ਪਿੰਡ ਦੇ ਬਜ਼ੁਰਗ (ਸੱਜੇ) ਕਹਿੰਦੇ ਹਨ , ਸਦੀਆਂ ਤੋਂ , ਪਿੰਡ ਵਿੱਚ ਕੋਈ ਵੀ ਰਸਮ , ਇੱਥੋਂ ਤੱਕ ਕਿ ਹਿੰਦੂਆਂ ਦਾ ਜਸ਼ਨ ਵੀ , ਹਮੇਸ਼ਾਂ ਮਸਜਿਦ ਅਤੇ ਮਜ਼ਾਰ ਨੇੜੇ ਪੂਜਾ ਕਰਨ ਨਾਲ਼ ਸ਼ੁਰੂ ਹੁੰਦਾ ਹੈ
ਮਾਰੀ ਪਿੰਡ ਵਿੱਚ ਕੋਈ ਮੁਸਲਮਾਨ ਨਹੀਂ ਹਨ। ਪਰ ਇੱਥੇ ਮਸਜਿਦ ਅਤੇ ਮਜ਼ਾਰ (ਮਕਬਰੇ) ਦੀ ਦੇਖਭਾਲ਼ ਅਤੇ ਸਾਂਭ-ਸੰਭਾਲ਼ ਤਿੰਨ ਹਿੰਦੂਆਂ - ਅਜੈ, ਬਖੋਰੀ ਅਤੇ ਗੌਤਮ ਦੇ ਹੱਥਾਂ ਵਿੱਚ ਹੈ।
ਜਾਨਕੀ ਪੰਡਿਤ ਕਹਿੰਦੇ ਹਨ, "ਸਾਡਾ ਵਿਸ਼ਵਾਸ ਇਸ ਮਸਜਿਦ ਅਤੇ ਮਜ਼ਾਰ 'ਤੇ ਟਿਕਿਆ ਹੋਇਆ ਹੈ ਅਤੇ ਅਸੀਂ ਇਸ ਦੀ ਰੱਖਿਆ ਕਰਾਂਗੇ।'' ਪਿੰਡ ਦੇ 82 ਸਾਲਾ ਵਸਨੀਕ ਕਹਿੰਦੇ ਹਨ, "65 ਸਾਲ ਪਹਿਲਾਂ ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਮੈਂ ਵੀ ਪਹਿਲਾਂ ਮਸਜਿਦ ਵਿੱਚ ਆਪਣਾ ਸਿਰ ਝੁਕਾਇਆ ਅਤੇ ਫਿਰ ਆਪਣੇ (ਹਿੰਦੂ) ਦੇਵਤਿਆਂ ਦੀ ਪੂਜਾ ਕੀਤੀ।''
ਇਹ ਚਿੱਟੀ ਅਤੇ ਹਰੇ ਰੰਗ ਦੀ ਮਸਜਿਦ ਮੁੱਖ ਸੜਕ ਤੋਂ ਦਿਖਾਈ ਦਿੰਦੀ ਹੈ; ਹਰ ਬਰਸਾਤ ਦੇ ਮੌਸਮ ਦੇ ਨਾਲ਼ ਇਸ ਦਾ ਰੰਗ ਫਿੱਕਾ ਹੋ ਜਾਂਦਾ ਹੈ। ਮਸਜਿਦ ਅਤੇ ਮਕਬਰੇ ਦੇ ਕੰਪਲੈਕਸ ਦੇ ਦੁਆਲ਼ੇ ਚਾਰ ਫੁੱਟ ਉੱਚੀ ਚਾਰਦੀਵਾਰੀ ਹੈ। ਲੱਕੜ ਦੇ ਇੱਕ ਪੁਰਾਣੇ, ਵੱਡੇ ਦਰਵਾਜ਼ੇ ਵਿੱਚੋਂ ਲੰਘਣ ਤੋਂ ਬਾਅਦ, ਮਸਜਿਦ ਦਾ ਵਿਹੜਾ ਆਉਂਦਾ ਹੈ, ਜਿੱਥੇ ਕੁਰਾਨ ਦਾ ਹਿੰਦੀ ਅਨੁਵਾਦ ਪਿਆ ਹੈ ਅਤੇ ਸਾਚੀ ਨਮਾਜ ਕਿਤਾਬਚਾ ਵੀ ਪਿਆ ਹੈ ਜੋ ਨਮਾਜ਼ ਦੇ ਤਰੀਕਿਆਂ ਬਾਰੇ ਦੱਸਦਾ ਹੈ।
"ਪਿੰਡੋਂ ਜੰਞ ਚੜ੍ਹਿਆ ਮੁੰਡਾ ਪਹਿਲਾਂ ਮਸਜਿਦ ਅਤੇ ਮਜ਼ਾਰ ਅੱਗੇ ਸਿਰ ਝੁਕਾਉਂਦਾ ਹੈ ਅਤੇ ਫਿਰ ਸਾਡੇ ਹਿੰਦੂ ਦੇਵੀ-ਦੇਵਤਿਆਂ ਨੂੰ ਨਮਨ ਕਰਦਾ ਹੈ," ਪੰਡਿਤ ਕਹਿੰਦੇ ਹਨ, ਜੋ ਇੱਕ ਸੇਵਾਮੁਕਤ ਸਰਕਾਰੀ ਅਧਿਆਪਕ ਹਨ। ਇੱਥੋਂ ਤੱਕ ਕਿ ਜਦੋਂ ਜੰਞ ਬਾਹਰਲੇ ਕਿਸੇ ਪਿੰਡੋਂ ਆਉਂਦੀ ਹੈ ਤਾਂ "ਲਾੜੇ ਨੂੰ ਪਹਿਲਾਂ ਮਸਜਿਦ ਵਿੱਚ ਲਿਜਾਇਆ ਜਾਂਦਾ ਹੈ। ਉੱਥੇ ਮੱਥਾ ਟੇਕਣ ਤੋਂ ਬਾਅਦ, ਅਸੀਂ ਉਸ ਨੂੰ ਮੰਦਰ ਲੈ ਜਾਂਦੇ ਹਾਂ। ਇਹ ਲਾਜ਼ਮੀ ਅਭਿਆਸ ਹੈ।'' ਸਥਾਨਕ ਲੋਕ ਮਜ਼ਾਰ 'ਤੇ ਪ੍ਰਾਰਥਨਾ ਕਰਦੇ ਹਨ ਅਤੇ ਜੇ ਇੱਛਾ ਪੂਰੀ ਹੋ ਜਾਵੇ ਤਾਂ ਚਾਦਰ ਚੜ੍ਹਾਉਂਦੇ ਹਨ।


ਤਿੰਨ ਨੌਜਵਾਨਾਂ ਅਜੈ ਪਾਸਵਾਨ , ਬਖੋਰੀ ਬਿੰਦ ਅਤੇ ਗੌਤਮ ਪ੍ਰਸਾਦ ਨੇ 15 ਸਾਲ ਪਹਿਲਾਂ ਮਾਰੀ ਦੀ ਮਸਜਿਦ ਦੀ ਮੁਰੰਮਤ ਕੀਤੀ ਸੀ- ਉਨ੍ਹਾਂ ਨੇ ਉੱਥੇ ਉੱਗਿਆ ਝਾੜ-ਝੰਬ ਕੱਟ ਦਿੱਤਾ , ਮਸਜਿਦ ਨੂੰ ਰੰਗ ਫੇਰਿਆ , ਇੱਕ ਵੱਡਾ ਸਾਰਾ ਥੜ੍ਹਾ ਬਣਾਇਆ ਅਤੇ ਹਰ ਸ਼ਾਮੀਂ ਚਿਰਾਗ਼ ਜਗਾਉਣਾ ਸ਼ੁਰੂ ਕਰ ਦਿੱਤਾ। ਮਸਜਿਦ ਦੇ ਅੰਦਰ ਕੁਰਾਨ (ਸੱਜੇ) ਦਾ ਹਿੰਦੀ ਅਨੁਵਾਦ ਅਤੇ ਇੱਕ ਕਿਤਾਬਚਾ ਪਿਆ ਹੈ ਜੋ ਦੱਸਦਾ ਹੈ ਕਿ ਨਮਾਜ਼ ਕਿਵੇਂ ਅਦਾ ਕਰਨੀ ਹੈ


ਇਹ ਮਕਬਰਾ (ਖੱਬੇ) ਸੂਫੀ ਸੰਤ ਹਜ਼ਰਤ ਇਸਮਾਈਲ ਦਾ ਦੱਸਿਆ ਜਾਂਦਾ ਹੈ , ਜੋ ਘੱਟੋ ਘੱਟ ਤਿੰਨ ਸਦੀਆਂ ਪਹਿਲਾਂ ਅਰਬ ਤੋਂ ਆਏ ਸਨ। ਰਿਟਾਇਰਡ ਅਧਿਆਪਕ ਜਾਨਕੀ ਪੰਡਿਤ (ਸੱਜੇ) ਕਹਿੰਦੇ ਹਨ , ' ਸਾਡਾ ਵਿਸ਼ਵਾਸ ਇਸ ਮਸਜਿਦ ਅਤੇ ਮਜ਼ਾਰ ਨਾਲ਼ ਜੁੜਿਆ ਹੋਇਆ ਹੈ ਅਤੇ ਅਸੀਂ ਇਸ ਦੀ ਰੱਖਿਆ ਕਰਾਂਗੇ '
ਪੰਜਾਹ ਸਾਲ ਪਹਿਲਾਂ, ਮਾਰੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਇੱਕ ਛੋਟੀ ਜਿਹੀ ਆਬਾਦੀ ਰਹਿੰਦੀ ਸੀ। 1981 ਵਿੱਚ ਬਿਹਾਰ ਵਿੱਚ ਹੋਈ ਫਿਰਕੂ ਹਿੰਸਾ ਤੋਂ ਬਾਅਦ ਉਹ ਹਫ਼ੜਾ-ਦਫ਼ੜੀ ਵਿੱਚ ਪਿੰਡ ਛੱਡ ਗਏ। ਦੰਗੇ ਉਸੇ ਸਾਲ ਅਪ੍ਰੈਲ ਵਿੱਚ ਤਾੜੀ ਦੀ ਇੱਕ ਦੁਕਾਨ 'ਤੇ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਛਿੜੇ ਝਗੜੇ ਨਾਲ਼ ਸ਼ੁਰੂ ਹੋਏ ਸਨ ਅਤੇ 80 ਲੋਕਾਂ ਦੀ ਜਾਨ ਚਲੀ ਗਈ ਸੀ।
ਹਾਲਾਂਕਿ ਦੰਗਿਆਂ ਦਾ ਸੇਕ ਮਾਰੀ ਤੱਕ ਤਾਂ ਨਾ ਪੁੱਜਿਆ ਪਰ ਇਲਾਕੇ ਦੇ ਤਣਾਅਪੂਰਨ ਮਾਹੌਲ ਨੇ ਇੱਥੋਂ ਦੇ ਮੁਸਲਮਾਨਾਂ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਉਨ੍ਹਾਂ ਦੀ ਜ਼ਿੰਦਗੀ ਬੇਯਕੀਨੀ ਨਾਲ਼ ਭਰ ਗਈ। ਹੌਲ਼ੀ-ਹੌਲ਼ੀ ਉਹ ਇੱਥੋਂ ਦੂਰ ਜਾਣ ਲੱਗੇ ਅਤੇ ਨੇੜਲੇ ਮੁਸਲਿਮ ਬਹੁਗਿਣਤੀ ਵਾਲ਼ੇ ਕਸਬਿਆਂ ਅਤੇ ਪਿੰਡਾਂ ਵਿੱਚ ਰਹਿਣ ਦਾ ਫ਼ੈਸਲਾ ਕੀਤਾ।
ਭਾਵੇਂ, ਅਜੈ ਦਾ ਜਨਮ 1981 ਦੇ ਦੰਗਿਆਂ ਤੋਂ ਬਾਅਦ ਹੋਇਆ, ਬਾਵਜੂਦ ਇਹਦੇ ਉਹ ਉਸ ਸਮੇਂ ਬਾਰੇ ਕਹਿੰਦੇ ਹਨ,''ਲੋਕ ਦਾ ਕਹਿਣਾ ਹੈ ਕਿ ਮੁਸਲਮਾਨ ਉਦੋਂ ਪਿੰਡ ਛੱਡ ਕੇ ਚਲੇ ਗਏ ਸਨ। ਪਰ ਕਿਸੇ ਮੈਨੂੰ ਇਹ ਨਾ ਦੱਸਿਆ ਕਿ ਉਨ੍ਹਾਂ ਪਿੰਡ ਕਿਉਂ ਛੱਡਿਆ ਅਤੇ ਇੱਥੇ ਕੀ-ਕੁਝ ਵਾਪਰਿਆ ਸੀ। ਪਰ ਉਸ ਦਿਨ ਜੋ ਹੋਇਆ ਹੋਣਾ ਉਹ ਚੰਗਾ ਤਾਂ ਨਹੀਂ ਹੋ ਸਕਦਾ," ਉਹ ਪੂਰੀ ਮੁਸਲਿਮ ਅਬਾਦੀ ਦਾ ਪਿੰਡੋਂ ਕੂਚ ਕੀਤੇ ਜਾਣ ਦਾ ਹਵਾਲ਼ਾ ਦਿੰਦੇ ਹੋਏ ਸਵੀਕਾਰ ਕਰਨ ਦੇ ਲਹਿਜੇ ਵਿੱਚ ਕਹਿੰਦੇ ਹਨ।
ਇਸ ਪਿੰਡ ਦੇ ਸਾਬਕਾ ਵਸਨੀਕ ਸ਼ਹਾਬੂਦੀਨ ਅੰਸਾਰੀ ਇਸ ਗੱਲ ਨਾਲ਼ ਸਹਿਮਤ ਹਨ: "ਵੋਹ ਏਕ ਅੰਧੜ (ਝੱਖੜ) ਥਾ , ਜਿਸਨੇ ਹਮੇਸ਼ਾ ਕੇ ਲਿਏ ਸਭ ਕੁਝ ਬਦਲ ਦੀਆ ।''
ਅੰਸਾਰੀ ਪਰਿਵਾਰ ਉਨ੍ਹਾਂ 20 ਮੁਸਲਿਮ ਪਰਿਵਾਰਾਂ ਵਿੱਚੋਂ ਇੱਕ ਹੈ ਜੋ 1981 ਦੇ ਦੰਗਿਆਂ ਵੇਲ਼ੇ ਮਾਰੀ ਛੱਡ ਗਏ ਸਨ। "ਮੇਰੇ ਪਿਤਾ, ਮੁਸਲਿਮ ਅੰਸਾਰੀ, ਉਸ ਸਮੇਂ ਬੀੜੀ ਬਣਾਉਣ ਦਾ ਕੰਮ ਕਰਦੇ ਸਨ। ਜਿਸ ਦਿਨ ਦੰਗੇ ਭੜਕੇ, ਉਹ ਬੀੜੀ ਦਾ ਕੱਚਾ ਮਾਲ਼ ਲੈਣ ਲਈ ਬਿਹਾਰਸ਼ਰੀਫ ਗਏ ਸਨ। ਉੱਥੋਂ ਵਾਪਸ ਆ ਉਨ੍ਹਾਂ ਨੇ ਮਾਰੀ ਦੇ ਮੁਸਲਿਮ ਪਰਿਵਾਰਾਂ ਨੂੰ ਦੰਗਿਆਂ ਬਾਰੇ ਸੂਚਿਤ ਕੀਤਾ," ਸ਼ਹਾਬੂਦੀਨ ਕਹਿੰਦੇ ਹਨ।


ਅਜੈ (ਖੱਬੇ) ਅਤੇ ਸ਼ਹਾਬੂਦੀਨ ਅੰਸਾਰੀ (ਸੱਜੇ) ਮਾਰੀ ਵਿਖੇ। ਉਹ ਯਾਦ ਕਰਦੇ ਹਨ ਕਿ ਕਿਵੇਂ ਬਾਅਦ ਵਿੱਚ ਇੱਕ ਹਿੰਦੂ ਨੇ ਉਨ੍ਹਾਂ ਨੂੰ ਡਾਕੀਏ ਦੀ ਨੌਕਰੀ ਪ੍ਰਾਪਤ ਕਰਨ ਵਿੱਚ ਮਦਦ ਕੀਤੀ। ਸ਼ਹਾਬੂਦੀਨ 1981 ਦੇ ਦੰਗਿਆਂ ਨੂੰ ਯਾਦ ਕਰਦੇ ਹਨ ਜਿਸ ਕਾਰਨ ਹਫ਼ੜਾ-ਦਫ਼ੜੀ ਵਿੱਚ ਮੁਸਲਮਾਨਾਂ ਨੂੰ ਪਿੰਡੋਂ ਨਿਕਲ਼ਣਾ ਪਿਆ। ਉਹ ਕਹਿੰਦੇ ਹਨ , ‘ ਕਿਉਂਕਿ ਮੈਂ ਮਾਰੀ ਪਿੰਡ ਵਿੱਚ ਡਾਕੀਏ ਵਜੋਂ ਕੰਮ ਕਰ ਰਿਹਾ ਸੀ , ਮੈਂ ਉੱਥੇ ਇੱਕ ਹਿੰਦੂ ਪਰਿਵਾਰ ਦੇ ਘਰ ਰਹਿਣਾ ਸ਼ੁਰੂ ਕਰ ਦਿੱਤਾ , ਪਰ ਮੈਂ ਆਪਣੇ ਪਿਤਾ ਅਤੇ ਮਾਂ ਨੂੰ ਬਿਹਾਰ ਸ਼ਰੀਫ ਤਬਦੀਲ ਕਰ ਦਿੱਤਾ। ਐਸਾ ਝੱਖੜ ਝੁੱਲਿਆ ਜਿਸ ਨੇ ਹਮੇਸ਼ਾ ਲਈ ਸਭ ਕੁਝ ਬਦਲ ਦਿੱਤਾ
ਸ਼ਹਾਬੂਦੀਨ, ਜਿਨ੍ਹਾਂ ਦੀ ਉਮਰ ਉਸ ਸਮੇਂ 20 ਸਾਲ ਸੀ, ਪਿੰਡ ਦੇ ਡਾਕੀਆ ਸਨ। ਪਰਿਵਾਰ ਦੇ ਚਲੇ ਜਾਣ ਤੋਂ ਬਾਅਦ ਉਨ੍ਹਾਂ ਨੇ ਬਿਹਾਰ ਸ਼ਰੀਫ ਸ਼ਹਿਰ 'ਚ ਕਰਿਆਨੇ ਦੀ ਦੁਕਾਨ ਚਲਾਉਣੀ ਸ਼ੁਰੂ ਕਰ ਦਿੱਤੀ। ਇੰਝ ਅਚਾਨਕ ਥਾਂ ਛੱਡਣ ਨੂੰ ਲੈ ਕੇ ਉਹ ਕਹਿੰਦੇ ਹਨ, "ਇਸ ਦੇ ਬਾਵਜੂਦ ਪਿੰਡ ਵਿੱਚ ਕਦੇ ਕੋਈ ਭੇਦਭਾਵ ਨਹੀਂ ਪਣਪਿਆ। ਜਦੋਂ ਤੱਕ ਅਸੀਂ ਉੱਥੇ ਸੀ, ਅਸੀਂ ਸਾਰੇ ਸਦਭਾਵਨਾ ਨਾਲ਼ ਇਕੱਠੇ ਰਹਿੰਦੇ ਸੀ। ਕਿਸੇ ਨੂੰ ਕਿਸੇ ਨਾਲ਼ ਕੋਈ ਸਮੱਸਿਆ ਨਹੀਂ ਸੀ।''
ਉਹ ਦੁਹਰਾਉਂਦੇ ਹਨ ਕਿ ਮਾਰੀ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਕੋਈ ਦੁਸ਼ਮਣੀ ਨਹੀਂ ਸੀ ਅਤੇ ਅੱਜ ਵੀ ਨਹੀਂ ਹੈ। "ਜਦੋਂ ਵੀ ਮੈਂ ਮਾਰੀ ਪਿੰਡ ਜਾਂਦਾ ਹਾਂ, ਬਹੁਤ ਸਾਰੇ ਹਿੰਦੂ ਪਰਿਵਾਰ ਆਪਣੇ ਘਰਾਂ ਵਿੱਚ ਖਾਣਾ ਖਾਣ ਦੀ ਜ਼ਿੱਦ ਕਰਦੇ ਹਨ। ਇੱਥੇ ਇੱਕ ਵੀ ਘਰ ਅਜਿਹਾ ਨਹੀਂ ਹੈ ਜਿੱਥੇ ਮੈਨੂੰ ਦੁਪਹਿਰ ਦੇ ਖਾਣੇ ਲਈ ਸੱਦਾ ਨਾ ਦਿੱਤਾ ਗਿਆ ਹੋਵੇ," 62 ਸਾਲਾ ਸ਼ਹਾਬੂਦੀਨ ਕਹਿੰਦੇ ਹਨ, ਜੋ ਖੁਸ਼ ਹਨ ਕਿ ਪਿੰਡ ਦੇ ਲੋਕ ਮਸਜਿਦ ਅਤੇ ਮਜ਼ਾਰ ਦੀ ਦੇਖਭਾਲ਼ ਕਰਦੇ ਹਨ।
ਮਾਰੀ ਪਿੰਡ, ਜੋ ਬੇਨ ਬਲਾਕ ਵਿੱਚ ਪੈਂਦਾ ਹੈ, ਦੀ ਆਬਾਦੀ ਲਗਭਗ 3,307 ( ਮਰਦਮਸ਼ੁਮਾਰੀ 2011 ) ਹੈ ਅਤੇ ਇੱਥੋਂ ਦੇ ਜ਼ਿਆਦਾਤਰ ਲੋਕ ਪੱਛੜੀਆਂ ਸ਼੍ਰੇਣੀਆਂ ਅਤੇ ਦਲਿਤ ਭਾਈਚਾਰੇ ਦੇ ਹਨ। ਮਸਜਿਦ ਦੀ ਦੇਖਭਾਲ਼ ਕਰਨ ਵਾਲ਼ੇ ਨੌਜਵਾਨਾਂ ਵਿੱਚ ਅਜੈ ਦਲਿਤ ਹਨ, ਬਕੋਰੀ ਬਿੰਦ ਈਬੀਸੀ (ਸਭ ਤੋਂ ਪੱਛੜੇ ਵਰਗ) ਨਾਲ਼ ਸਬੰਧਤ ਹਨ ਅਤੇ ਗੌਤਮ ਪ੍ਰਸਾਦ ਓਬੀਸੀ (ਹੋਰ ਪੱਛੜੇ ਵਰਗ) ਨਾਲ਼ ਸਬੰਧਤ ਹਨ।
ਮੁਹੰਮਦ ਖਾਲਿਦ ਆਲਮ ਭੁੱਟੋ ਕਹਿੰਦੇ ਹਨ, "ਇਹ ਗੰਗਾ-ਜਮੁਨੀ ਤਹਿਜ਼ੀਬ ਦੀ ਸਭ ਤੋਂ ਵਧੀਆ ਉਦਾਹਰਣ ਹੈ। ਪਿੰਡ ਦੇ ਸਾਬਕਾ ਵਸਨੀਕ 60 ਸਾਲਾ ਸ਼ਰੀਫ ਉਨ੍ਹਾਂ ਲੋਕਾਂ 'ਚ ਸ਼ਾਮਲ ਸਨ, ਜੋ ਨੇੜਲੇ ਬਿਹਾਰ ਸ਼ਰੀਫ ਕਸਬੇ 'ਚ ਚਲੇ ਗਏ ਸਨ। ਉਨ੍ਹਾਂ ਕਿਹਾ ਕਿ ਇਹ ਮਸਜਿਦ 200 ਸਾਲ ਤੋਂ ਵੱਧ ਪੁਰਾਣੀ ਹੈ ਅਤੇ ਉਥੇ ਦੀ ਕਬਰ ਅਜੇ ਵੀ ਪੁਰਾਣੀ ਹੈ।
''ਇਹ ਕਬਰ ਇੱਕ ਸੂਫੀ ਸੰਤ ਹਜ਼ਰਤ ਇਸਮਾਈਲ ਦੀ ਹੈ, ਜੋ ਅਰਬ ਤੋਂ ਮਾਰੀ ਪਿੰਡ ਆਏ ਸਨ। ਇਹ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੜ੍ਹ ਅਤੇ ਅੱਗ ਵਰਗੀਆਂ ਕੁਦਰਤੀ ਆਫ਼ਤਾਂ ਕਾਰਨ ਪਿੰਡ ਕਈ ਵਾਰ ਤਬਾਹ ਹੋ ਗਿਆ ਸੀ। ਪਰ ਜਦੋਂ ਉਨ੍ਹਾਂ ਨੇ ਇੱਥੇ ਰਹਿਣਾ ਸ਼ੁਰੂ ਕੀਤਾ ਤਾਂ ਪਿੰਡ ਵਿੱਚ ਕੋਈ ਤਬਾਹੀ ਨਹੀਂ ਹੋਈ। ਉਨ੍ਹਾਂ ਦੀ ਮੌਤ ਤੋਂ ਬਾਅਦ, ਉਨ੍ਹਾਂ ਦੀ ਸਮਾਧੀ ਬਣਾਈ ਗਈ ਅਤੇ ਪਿੰਡ ਦੇ ਹਿੰਦੂਆਂ ਨੇ ਇਸ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ," ਉਹ ਕਹਿੰਦੇ ਹਨ। "ਇਹ ਪਰੰਪਰਾ ਅੱਜ ਵੀ ਜਾਰੀ ਹੈ।''


ਅਜੈ (ਖੱਬੇ) ਅਤੇ ਉਨ੍ਹਾਂ ਦੇ ਦੋਸਤਾਂ ਨੇ ਅਜ਼ਾਨ ਦੇਣ ਲਈ ਇੱਕ ਵਿਅਕਤੀ ਨੂੰ ਰੱਖਿਆ ਹੈ ਅਤੇ ਸਾਰੇ ਰਲ਼ਮਿਲ਼ ਕੇ ਉਹਨੂੰ ਮਹੀਨੇ ਦੀ 8,000 ਤਨਖ਼ਾਹ ਦਿੰਦੇ ਹਨ। ਧਿਆਨ ਰਹੇ ਉਹ ਸਾਰੇ ਹੀ ਖ਼ੁਦ ਮਜ਼ਦੂਰੀ ਕਰਦੇ ਹਨ। ਸੱਜੇ: ' ਇਹ ਗੰਗਾ-ਜਮੁਨੀ ਤਹਿਜ਼ੀਬ ( ਸਦਭਾਵਨਾਭਰਪੂਰ ਸੱਭਿਆਚਾਰ) ਦੀ ਸਭ ਤੋਂ ਵਧੀਆ ਉਦਾਹਰਣ ਹੈ ,' ਮਾਰੀ ਦੇ ਸਾਬਕਾ ਵਸਨੀਕ ਮੁਹੰਮਦ ਖਾਲਿਦ ਆਲਮ ਭੁੱਟੋ ਕਹਿੰਦੇ ਹਨ
ਕੋਵਿਡ -19 ਮਹਾਂਮਾਰੀ ਅਤੇ ਤਿੰਨ ਸਾਲ ਪਹਿਲਾਂ ਲੱਗੀ ਤਾਲਾਬੰਦੀ ਤੋਂ ਬਾਅਦ, ਅਜੈ, ਬਖੋਰੀ ਅਤੇ ਗੌਤਮ ਨੂੰ ਮਾਰੀ ਪਿੰਡ ਵਿੱਚ ਕੰਮ ਲੱਭਣਾ ਮੁਸ਼ਕਲ ਹੋ ਗਿਆ, ਇਸ ਲਈ ਉਹ ਕੰਮ ਦੀ ਭਾਲ਼ ਵਿੱਚ ਵੱਖ-ਵੱਖ ਥਾਵਾਂ 'ਤੇ ਚਲੇ ਗਏ – ਗੌਤਮ, ਇਸਲਾਮਪੁਰ (35 ਕਿਲੋਮੀਟਰ ਦੂਰ) ਵਿੱਚ ਇੱਕ ਕੋਚਿੰਗ ਸੈਂਟਰ ਚਲਾਉਂਦੇ ਹਨ ਅਤੇ ਬਖੋਰੀ, ਚੇਨਈ ਵਿੱਚ ਰਾਜ ਮਿਸਤਰੀ ਹਨ; ਅਜੈ, ਬਿਹਾਰ ਸ਼ਰੀਫ ਸ਼ਹਿਰ ਚਲੇ ਗਏ।
ਤਿੰਨਾਂ ਦੇ ਜਾਣ ਨਾਲ਼ ਮਸਜਿਦ ਦੇ ਪ੍ਰਬੰਧਨ 'ਤੇ ਅਸਰ ਪਿਆ। ਫਰਵਰੀ 2024 ਵਿੱਚ ਮਸਜਿਦ 'ਚ ਅਜ਼ਾਨ ਰੁੱਕ ਗਈ। ਅਜੈ ਦਾ ਕਹਿਣਾ ਹੈ ਕਿ ਇਸੇ ਕਾਰਨ ਕਰਕੇ ਅਜ਼ਾਨ ਪੜ੍ਹਨ ਲਈ ਬੰਦਾ ਰੱਖਣਾ ਪਿਆ। " ਮੁਈਜ਼ਿਨ ਦਾ ਕੰਮ ਦਿਨ ਵਿੱਚ ਪੰਜ ਵਾਰ ਅਜ਼ਾਨ ਦੇਣਾ ਹੈ। ਅਸੀਂ [ਤਿੰਨੋਂ] ਉਹਨੂੰ 8,000 ਰੁਪਏ ਮਹੀਨਾ ਤਨਖਾਹ ਦਿੰਦੇ ਹਾਂ ਅਤੇ ਉਹਨੂੰ ਰਹਿਣ ਲਈ ਪਿੰਡ ਵਿੱਚ ਇੱਕ ਕਮਰਾ ਦਿੱਤਾ ਹੋਇਆ ਹੈ," ਉਹ ਕਹਿੰਦੇ ਹਨ।
ਅਜੈ ਨੇ ਆਪਣੀ ਜਿਊਂਦੀ-ਜਾਨੇ ਮਸਜਿਦ ਅਤੇ ਮਜ਼ਾਰ ਦੀ ਸਾਂਭ-ਸੰਭਾਲ਼ ਕਰਨ ਦਾ ਫ਼ੈਸਲਾ ਕੀਤਾ ਹੈ। "ਮਰਲਾ (ਮਰਨ) ਕੇ ਬਾਦੇ ਕੋਈ ਕੁਛ ਕਰ ਸਕਤਾ ਹੈ। ਜਬ ਤਕ ਹਮ ਜ਼ਿੰਦਾ ਹੈ , ਮਸਜਿਦ ਕੋ ਕਿਸੀ ਕੋ ਕੁਛ ਕਰਨੇ ਨਹੀਂ ਦੇਗੇ ।"
ਇਹ ਰਿਪੋਰਟ ਬਿਹਾਰ ਵਿੱਚ ਹਾਸ਼ੀਏ ' ਤੇ ਪਏ ਲੋਕਾਂ ਖ਼ਾਤਰ ਸੰਘਰਸ਼ ਕਰਨ ਵਾਲ਼ੇ ਇੱਕ ਟਰੇਡ ਯੂਨੀਅਨਿਸਟ ਦੀ ਯਾਦ ਵਿੱਚ ਦਿੱਤੀ ਗਈ ਫੈਲੋਸ਼ਿਪ ਦੇ ਸਮਰਥਨ ਨਾਲ਼ ਤਿਆਰ ਕੀਤੀ ਗਈ ਹੈ।
ਤਰਜਮਾ: ਕਮਲਜੀਤ ਕੌਰ