ਸਾਲ 2024 ਪਾਰੀ ਲਾਈਬ੍ਰੇਰੀ ਲਈ ਮੀਲ ਪੱਥਰ ਸਾਬਤ ਹੋਇਆ। ਅਸੀਂ ਇਸ ਸਾਲ ਰਿਕਾਰਡ ਗਿਣਤੀ ਵਿੱਚ ਸਰੋਤ ਇਕੱਠੇ ਕੀਤੇ ਅਤੇ ਆਰਕਾਈਵ ਵੀ ਕੀਤੇ। ਇਨ੍ਹਾਂ ਵਿੱਚ ਐਕਟ ਅਤੇ ਕਾਨੂੰਨ, ਕਿਤਾਬਾਂ, ਕਾਨਫਰੰਸਾਂ, ਲੇਖ, ਸੰਕਲਣ, ਸ਼ਬਦਕੋਸ਼, ਸਰਕਾਰੀ ਰਿਪੋਰਟਾਂ, ਪੈਂਫਲੈਟ, ਸਰਵੇਖਣ ਅਤੇ ਲੇਖ ਸ਼ਾਮਲ ਹਨ।
ਸਾਲ 2024 ਵਿੱਚ ਇੱਕ ਹੋਰ ਰਿਕਾਰਡ ਟੁੱਟਿਆ ਉਹ ਸੀ 2023 ਦਾ ਤਾਪਮਾਨ ਪੱਖੋਂ ਬਹੁਤ ਗਰਮ ਸਾਲ ਰਹਿਣਾ, ਇੰਨਾ ਗਰਮ ਕਿ ਰਿਕਾਰਡ ਹੀ ਬਣ ਗਿਆ। ਬਦਲਦੇ ਜਲਵਾਯੂ ਪੈਟਰਨ ਨੇ ਪ੍ਰਵਾਸੀ ਪ੍ਰਜਾਤੀਆਂ ਨੂੰ ਪ੍ਰਭਾਵਿਤ ਕੀਤਾ ਹੈ, ਇੰਨਾ ਕਿ ਪੰਜ ਵਿੱਚੋਂ ਇੱਕ ਹੁਣ ਖ਼ਤਮ ਹੋਣ ਦੀ ਕਗਾਰ 'ਤੇ ਹੈ ਅਤੇ ਭਾਰਤ ਦੀਆਂ ਵੈਟਲੈਂਡਜ਼ , ਝੀਲਾਂ, ਸਰੋਵਰ, ਛੱਪੜ, ਤਲਾਬ, ਕੋਲਾ, ਬਿਲ ਤੇ ਚੇਰੂਵੂ ਸਭ ਖਤਰੇ ਵਿੱਚ ਪੈ ਗਈਆਂ ਹਨ।
ਪ੍ਰਦੂਸ਼ਣ ਅਤੇ ਤਾਪਮਾਨ ਵਿਚਾਲੇ ਸਬੰਧਾਂ ਦਾ ਰਿਕਾਰਡਾਂ ਵਿੱਚ ਸਭ ਤੋਂ ਵਧੀਆ ਦਸਤਾਵੇਜ਼ਬੱਧ ਹੈ। ਧੂੜ ਦੇ ਕਣਾਂ ਕਾਰਨ ਹੋਣ ਵਾਲ਼ਾ ਹਵਾ ਪ੍ਰਦੂਸ਼ਣ ਖਾਸ ਤੌਰ 'ਤੇ ਦੱਖਣੀ ਏਸ਼ੀਆ ਵਿੱਚ ਰਿਕਾਰਡ ਪੱਧਰ 'ਤੇ ਹੈ। ਭਾਰਤ ਵਿੱਚ ਇਸ ਦੀ ਘਣਤਾ 54.4 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਹੈ। ਇਹ ਵਿਸ਼ਵ ਸਿਹਤ ਸੰਗਠਨ ਵੱਲੋਂ ਨਿਰਧਾਰਤ ਸੀਮਾ ਤੋਂ 11 ਗੁਣਾ ਜ਼ਿਆਦਾ ਹੈ। ਨਵੀਂ ਦਿੱਲੀ ਵਿੱਚ ਘਣਤਾ ਦਾ ਪੱਧਰ 102.1 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਸੀ, ਜੋ ਕਿ ਹੋਰ ਵੀ ਚਿੰਤਾਜਨਕ ਪੱਧਰ ਹੈ। ਇਸ ਇੱਕ ਘਟਨਾ ਨੇ ਇੱਕ ਕਾਮਿਕ ਕਿਤਾਬ ਪ੍ਰਕਾਸ਼ਤ ਕੀਤੀ ਜੋ ਰਾਈਡ-ਸੋਰਸਿੰਗ ਸੇਵਾਵਾਂ ਪ੍ਰਦਾਨ ਕਰਨ ਵਾਲੇ ਗਿਗ ਵਰਕਰਾਂ ਦੇ ਤਜ਼ਰਬੇ ਦਾ ਵਰਣਨ ਕਰਦੀ ਹੈ।

ਲਗਾਤਾਰ ਦੋ ਸਾਲਾਂ ਦੇ ਰਿਕਾਰਡ ਤਾਪਮਾਨ ਤੋਂ ਬਾਅਦ, ਪੈਰਿਸ ਸਮਝੌਤੇ ਦੀ ਉਲੰਘਣਾ ਹੋਣ ਦਾ ਖ਼ਤਰਾ ਕਾਫੀ ਵੱਧ ਗਿਆ। ਸਿਰਫ਼ ਕੁਦਰਤੀ ਵਾਤਾਵਰਣ ਵਿੱਚ ਹੀ ਨਹੀਂ ਸਗੋਂ ਦੇਸ਼ ਦੇ ਰਾਜਨੀਤਿਕ ਵਾਤਾਵਰਣ ਵਿੱਚ ਤਾਪਮਾਨ ਉੱਚਾ ਹੀ ਰਿਹਾ। 18ਵੀਂ ਲੋਕ ਸਭਾ ਦੀਆਂ 2024 ਦੀਆਂ ਆਮ ਚੋਣਾਂ ਨੇ ਰਾਸ਼ਟਰੀ ਰਾਜਨੀਤਿਕ ਹਲਕਿਆਂ ਵਿੱਚ ਤਣਾਅ ਪੂਰਨ ਮਾਹੌਲ ਪੈਦਾ ਕਰੀ ਰੱਖਿਆ।
15 ਫਰਵਰੀ, 2024 ਨੂੰ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੁਆਰਾ ਪੇਸ਼ ਕੀਤੀ ਗਈ ਚੁਣਾਵੀ ਬਾਂਡ ਸਕੀਮ ਨੂੰ ਗ਼ੈਰ-ਸੰਵਿਧਾਨਕ ਕਰਾਰ ਦਿੱਤਾ। ਇੱਕ ਮਹੀਨੇ ਬਾਅਦ ਕਿਤੇ ਜਾ ਕੇ ਭਾਰਤੀ ਸਟੇਟ ਬੈਂਕ ਅਤੇ ਚੋਣ ਕਮਿਸ਼ਨ ਨੇ ਇਨ੍ਹਾਂ ਬਾਂਡ ਦੀਆਂ ਰਸੀਦਾਂ ਅਤੇ ਨਕਦੀ ਨਾਲ਼ ਜੁੜੇ ਵੇਰਵੇ ਉਜਾਗਰ ਕੀਤੇ।
ਫਿਊਚਰ ਗੇਮਿੰਗ ਐਂਡ ਹੋਟਲ ਸਰਵਿਸਿਜ਼ (ਪੀਆਰ ਐਂਡ ਪ੍ਰਾਈਵੇਟ ਲਿਮਟਿਡ), ਮੇਘਾ ਇੰਜੀਨੀਅਰਿੰਗ ਐਂਡ ਇਨਫਰਾਸਟ੍ਰਕਚਰਜ਼ ਲਿਮਟਿਡ ਅਤੇ ਕੁਇਕ ਸਪਲਾਈ ਚੇਨ ਪ੍ਰਾਈਵੇਟ ਲਿਮਟਿਡ ਚੋਟੀ ਦੀਆਂ ਤਿੰਨ ਕੰਪਨੀਆਂ ਹਨ ਜਿਨ੍ਹਾਂ ਨੇ ਚੁਣਾਵੀਂ ਬਾਂਡ ਜ਼ਰੀਏ ਰਾਜਨੀਤਿਕ ਪਾਰਟੀਆਂ ਨੂੰ ਸਭ ਤੋਂ ਵੱਧ ਚੰਦਾ ਦਿੱਤਾ ਹੈ। ਸਭ ਤੋਂ ਵੱਧ ਰਕਮ ਪ੍ਰਾਪਤ ਕਰਨ ਵਾਲ਼ੀਆਂ ਪਾਰਟੀਆਂ ਵਿੱਚ ਭਾਰਤੀ ਜਨਤਾ ਪਾਰਟੀ (6,060 ਕਰੋੜ ਰੁਪਏ), ਆਲ ਇੰਡੀਆ ਤ੍ਰਿਣਮੂਲ ਕਾਂਗਰਸ (1,609 ਕਰੋੜ ਰੁਪਏ) ਅਤੇ ਇੰਡੀਅਨ ਨੈਸ਼ਨਲ ਕਾਂਗਰਸ (1,422 ਕਰੋੜ ਰੁਪਏ) ਸ਼ਾਮਲ ਹਨ।

1922 ਅਤੇ 2022 ਵਿੱਚ ਭਾਰਤ ਵਿੱਚ ਦੌਲਤ ਦੀ ਵੰਡ ਦੀ ਤੁਲਨਾ ਤੋਂ ਪਤਾ ਚੱਲਦਾ ਹੈ ਕਿ ਭਾਰਤ ਦੇ ਸਭ ਤੋਂ ਅਮੀਰ ਇੱਕ ਪ੍ਰਤੀਸ਼ਤ ਲੋਕਾਂ ਦੀ ਕੁੱਲ ਰਾਸ਼ਟਰੀ ਆਮਦਨ ਵਿੱਚ 1922 ਦੇ ਮੁਕਾਬਲੇ 2022 ਵਿੱਚ ਵਧੇਰੇ ਹਿੱਸੇਦਾਰੀ ਸੀ। 2022 ਵਿੱਚ ਰਾਸ਼ਟਰੀ ਆਮਦਨ ਦਾ ਲਗਭਗ 60 ਪ੍ਰਤੀਸ਼ਤ ਦੇਸ਼ ਦੇ ਸਭ ਤੋਂ ਅਮੀਰ 10 ਪ੍ਰਤੀਸ਼ਤ ਲੋਕਾਂ ਕੋਲ਼ ਗਿਆ।
ਇਸ ਦੇ ਉਲਟ, ਪੇਂਡੂ ਭਾਰਤ ਵਿੱਚ ਔਸਤਨ ਵਿਅਕਤੀ ਵਸਤੂਆਂ ਅਤੇ ਸੇਵਾਵਾਂ 'ਤੇ ਪ੍ਰਤੀ ਮਹੀਨਾ ਸਿਰਫ਼ 3,773 ਰੁਪਏ ਖਰਚ ਕਰਦਾ ਹੈ, ਜਿਵੇਂ ਕਿ ਘਰੇਲੂ ਖਪਤ ਖਰਚ ਦੇ 2022-23 ਦੇ ਸਰਵੇਖਣ ਦੁਆਰਾ ਦਰਜ ਕੀਤਾ ਗਿਆ ਹੈ ਅਤੇ ਜੇਕਰ ਕਾਮਿਆਂ ਦੀ ਔਸਤ ਅਸਲ ਕਮਾਈ ਦੀ ਗੱਲ ਕੀਤੀ ਜਾਵੇ ਤਾਂ 2019 ਅਤੇ 2022 ਦੇ ਵਿਚਕਾਰ ਕੋਈ ਸੁਧਾਰ ਨਹੀਂ ਵੇਖਿਆ ਗਿਆ।
2024 ਵਿੱਚ, ਡਿਜੀਟਲ ਇੰਡੀਆ ਪ੍ਰੋਗਰਾਮ, ਜਿਸਦਾ ਉਦੇਸ਼ "ਭਾਰਤ ਨੂੰ ਡਿਜੀਟਲ ਤੌਰ 'ਤੇ ਸ਼ਕਤੀਸ਼ਾਲੀ ਸਮਾਜ ਅਤੇ ਗਿਆਨ ਅਰਥਵਿਵਸਥਾ ਵਿੱਚ ਬਦਲਣਾ" ਹੈ, ਆਪਣੇ10 ਵੇਂ ਸਾਲ ਵਿੱਚ ਦਾਖਲ ਹੋ ਗਿਆ ਹੈ। ਵਿਡੰਬਨਾ ਇਹ ਹੈ ਕਿ 2024 ਵਿਚ, ਅਸੀਂ ਇੰਟਰਨੈਟ ਸ਼ਟਡਾਊਨ ਦੇ ਮਾਮਲੇ ਵਿੱਚ ਦੁਨੀਆ ਵਿੱਚ ਪਹਿਲੇ ਨੰਬਰ 'ਤੇ ਹੋਵਾਂਗੇ-ਉਹ ਵੀ ਲਗਾਤਾਰ ਛੇਵੇਂ ਸਾਲ।

ਲਿੰਗ ਦੇ ਮੁੱਦੇ 'ਤੇ ਹੋਣ ਵਾਲ਼ੇ ਭੇਦਭਾਵ ਅਤੇ ਅਸਮਾਨਤਾ ਦੇ ਮਾਮਲੇ ਵਿੱਚ ਇਸ ਸਾਲ ਦੇਸ਼ ਦੀ ਹਾਲਤ ਪਿਛਲੇ ਸਾਲ ਨਾਲ਼ੋਂ ਵੀ ਬਦਤਰ ਹੈ। ਗਲੋਬਲ ਜੈਂਡਰ ਗੈਪ ਰਿਪੋਰਟ ਵਿੱਚ ਭਾਰਤ ਨੂੰ 129ਵੇਂ ਸਥਾਨ 'ਤੇ ਰੱਖਿਆ ਗਿਆ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ ਦੋ ਅੰਕ ਹੇਠਾਂ (ਅਤੇ ਖਰਾਬ ਹਾਲਤ ਵਿੱਚ) ਹੈ। ਇਹ ਅਕਾਦਮਿਕ ਅਤੇ ਰਾਜਨੀਤਿਕ ਖੇਤਰਾਂ ਵਿੱਚ ਭਾਰਤੀ ਔਰਤਾਂ ਦੀ ਵਿਗੜਦੀ ਸਥਿਤੀ ਨੂੰ ਦਰਸਾਉਂਦਾ ਹੈ। ਲਿੰਗ ਸਮਾਨਤਾ ਦੇ ਮਾਮਲੇ ਵਿੱਚ, ਅਸੀਂ ਐੱਸਡੀਜੀ ਲਿੰਗ ਸੂਚਕ ਅੰਕ ਦੇ ਅਨੁਸਾਰ, 139 ਦੇਸ਼ਾਂ ਵਿੱਚੋਂ 91ਵੇਂ ਸਥਾਨ 'ਤੇ ਹਾਂ।
ਲਿੰਗ ਨਾਲ ਜੁੜੇ ਮੁੱਦਿਆਂ 'ਤੇ ਗੱਲ ਕਰਦਿਆਂ ਅਸੀਂ ਦੇਖਦੇ ਹਾਂ ਵਿਧਾਨ ਸਭਾ ਦੇ 135 ਮੌਜੂਦਾ ਮੈਂਬਰਾਂ (ਵਿਧਾਇਕਾਂ) 'ਤੇ ਔਰਤਾਂ ਵਿਰੁੱਧ ਅਪਰਾਧਾਂ ਦੇ ਮਾਮਲੇ ਦਰਜ ਹਨ- ਔਰਤ ਦੀ ਇੱਜ਼ਤ ਨੂੰ ਠੇਸ ਪਹੁੰਚਾਉਣਾ, ਵਿਆਹ ਦੇ ਮਕਸਦ ਨਾਲ਼ ਅਗਵਾ ਕਰਨਾ, ਬਲਾਤਕਾਰ, ਬਾਰ-ਬਾਰ ਬਲਾਤਕਾਰ, ਘਰੇਲੂ ਹਿੰਸਾ, ਵੇਸਵਾਗਮਨੀ ਲਈ ਨਾਬਾਲਗਾਂ ਨੂੰ ਖਰੀਦੋ-ਫਰੋਖ਼ਤ ਅਤੇ ਔਰਤ ਦੀ ਇੱਜ਼ਤ ਨੂੰ ਰੋਲਣਾ।
ਕਾਨੂੰਨ ਬਾਰੇ ਤੁਹਾਡੇ ਗਿਆਨ ਨੂੰ ਵਧਾਉਣ ਲਈ ਕੋਈ ਵੀ ਸਮਾਂ ਲੇਟ ਨਹੀਂ ਹੁੰਦਾ। ਇਸ ਸਾਲ ਜਸਟਿਸ ਅੱਡਾ ਦੁਆਰਾ ਪ੍ਰਕਾਸ਼ਤ ਕਿਤਾਬ ਦ ਲਾਅ ਐਂਡ ਐਵਰੀਡੇ ਲਾਈਫ ਇਸ ਸਬੰਧ ਵਿੱਚ ਤੁਹਾਡੀ ਬਹੁਤ ਮਦਦ ਕਰ ਸਕਦੀ ਹੈ।

ਇਨ੍ਹਾਂ ਤੋਂ ਇਲਾਵਾ , ਅਸੀਂ ਸਿਹਤ , ਭਾਸ਼ਾਵਾਂ , ਲਿੰਗ , ਸਾਹਿਤ ਆਦਿ ਬਾਰੇ ਸਰੋਤ ਇਕੱਠੇ ਕੀਤੇ ਹਨ। ਅਸੀਂ ਉਨ੍ਹਾਂ ਵਿੱਚ ਸੰਖੇਪ ਅਤੇ ਹਾਈਲਾਈਟਸ ਜੋੜ ਕੇ ਇਸ ਨੂੰ ਸੰਪੂਰਨ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਇਸ ਤੋਂ ਇਲਾਵਾ ਅਸੀਂ ਆਪਣਾ ਲਾਈਬ੍ਰੇਰੀ ਬੁਲੇਟਿਨ ਪ੍ਰੋਜੈਕਟ ਵੀ ਸ਼ੁਰੂ ਕੀਤਾ ਹੈ। ਇਸ ਵਿੱਚ ਵਿਸ਼ੇਸ਼ ਵਿਸ਼ਿਆਂ ' ਤੇ ਪਾਰੀ ਕਹਾਣੀਆਂ ਅਤੇ ਸਰੋਤ ਸੰਗ੍ਰਹਿ ਸ਼ਾਮਲ ਹਨ। ਅਗਲੇ ਸਾਲ , ਸਾਡਾ ਉਦੇਸ਼ ਇਨ੍ਹਾਂ ਲੋਕਾਂ ਦੀ ਲਾਈਬ੍ਰੇਰੀ ਨੂੰ ਬਣਾਈ ਰੱਖਣ ਲਈ ਆਪਣੇ ਅਧਿਐਨ ਦੇ ਦਾਇਰੇ ਦਾ ਵਿਸਥਾਰ ਕਰਨਾ ਹੈ। ਸਾਡੇ ਨਵੇਂ ਯਤਨਾਂ ਨੂੰ ਦੇਖਣ ਲਈ ਪਾਰੀ ਲਾਈਬ੍ਰੇਰੀ ਵਿਜਿਟ ਕਰਦੇ ਰਹੋ!

ਜੇ ਤੁਸੀਂ ਪਾਰੀ ਲਾਈਬ੍ਰੇਰੀ ਵਿੱਚ ਇੱਕ ਵਲੰਟੀਅਰ ਵਜੋਂ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ contact@ruralindiaonline.org ਪਤੇ 'ਤੇ ਸੰਪਰਕ ਕਰੋ
ਜੇ ਸਾਡੇ ਕੰਮ ਵਿੱਚ ਤੁਹਾਡੀ ਦਿਲਚਸਪੀ ਹੈ ਅਤੇ ਤੁਸੀਂ ਪਾਰੀ ਪਲੇਟਫਾਰਮ ਦੀ ਆਪਣੇ ਤਰੀਕੇ ਨਾਲ਼ ਮਦਦ ਕਰਨਾ ਚਾਹੁੰਦੇ ਹੋ , ਤਾਂ ਕਿਰਪਾ ਕਰਕੇ contact@ruralindiaonline.org ਪਤੇ ਰਾਹੀਂ ਸਾਡੇ ਨਾਲ਼ ਸੰਪਰਕ ਕਰੋ। ਅਸੀਂ ਇਸ ਦੁਆਰਾ ਫ੍ਰੀਲਾਂਸ ਅਤੇ ਸੁਤੰਤਰ ਲੇਖਕਾਂ , ਪੱਤਰਕਾਰਾਂ , ਫ਼ੋਟੋ ਗ੍ਰਾਫ਼ਰਾਂ , ਫਿਲਮ ਨਿਰਮਾਤਾਵਾਂ , ਅਨੁਵਾਦਕਾਂ , ਸੰਪਾਦਕਾਂ , ਚਿੱਤਰਕਾਰਾਂ ਅਤੇ ਖੋਜਕਰਤਾਵਾਂ ਨੂੰ ਸਾਡੀ ਟੀਮ ਨਾਲ਼ ਕੰਮ ਕਰਨ ਲਈ ਸੱਦਾ ਦਿੰਦੇ ਹਾਂ .
ਕਵਰ ਡਿਜ਼ਾਈਨ: ਸਵਦੇਸਾ ਸ਼ਰਮਾ
ਤਰਜਮਾ: ਕਮਲਜੀਤ ਕੌਰ