ਮੋਹੇਸ਼ਵਰ ਸਮੂਆ ਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਹੜ੍ਹਾਂ ਕਾਰਨ ਉਨ੍ਹਾਂ ਨੂੰ ਪਹਿਲੀ ਵਾਰ ਪਰਵਾਸ ਕਰਨਾ ਪਿਆ ਸੀ। ਉਹ ਸਿਰਫ਼ ਪੰਜ ਸਾਲਾਂ ਦਾ ਸੀ। "ਪਹਿਲਾਂ, ਪਾਣੀ ਸਾਡੇ ਇੱਕ ਘਰ ਨੂੰ ਰੋੜ੍ਹ ਲੈ ਗਿਆ," ਸਮੂਆ ਕਹਿੰਦੇ ਹਨ, ਜੋ ਹੁਣ ਆਪਣੀ ਉਮਰ ਦੇ 60ਵੇਂ ਦਹਾਕੇ ਵਿੱਚ ਹਨ। ''ਅਸੀਂ ਆਪਣੀ ਕਿਸ਼ਤੀ ਵਿੱਚ ਬੈਠ ਗਏ ਅਤੇ ਪਨਾਹ ਲੱਭਣ ਲਈ ਭੱਜਣ ਲੱਗੇ; ਅਤੇ ਟਾਪੂ ਦੀ ਸਭ ਤੋਂ ਨੇੜਲੀ ਧਰਤੀ 'ਤੇ ਚਲੇ ਗਏ।''
ਅਸਾਮ ਦੇ ਨਦੀ-ਟਾਪੂ ਮਾਜੁਲੀ ਦੇ 1.6 ਲੱਖ ਵਸਨੀਕਾਂ ਦੀ ਜ਼ਿੰਦਗੀ 'ਤੇ ਅਕਸਰ ਹੜ੍ਹਾਂ ਅਤੇ ਜ਼ਮੀਨ ਖਿਸਕਣ ਦਾ ਅਸਰ ਪੈਂਦਾ ਰਿਹਾ ਹੈ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟਾਪੂ 'ਤੇ ਜ਼ਮੀਨੀ ਖੇਤਰ ਜੋ 1956 ਵਿੱਚ ਲਗਭਗ 1245 ਵਰਗ ਕਿਲੋਮੀਟਰ ਸੀ, 2017 ਵਿੱਚ ਘੱਟ ਕੇ 703 ਵਰਗ ਕਿਲੋਮੀਟਰ ਰਹਿ ਗਿਆ ਹੈ।
"ਇਹ ਅਸਲੀ ਸਲਮੋਰਾ ਨਹੀਂ ਹੈ," ਸਮੂਆ ਕਹਿੰਦੇ ਹਨ ਅਤੇ ਅੱਗੇ ਕਹਿੰਦੇ ਹਨ, "ਸਲਮੋਰਾ ਲਗਭਗ 43 ਸਾਲ ਪਹਿਲਾਂ ਬ੍ਰਹਮਪੁੱਤਰ [ਨਦੀ] ਵਿੱਚ ਵਹਿ ਗਿਆ ਸੀ।'' ਇਹ ਸਲਮੋਰਾ (ਨਵਾਂ) ਤਾਂ ਫਿਰ ਬ੍ਰਹਮਪੁੱਤਰ ਅਤੇ ਇਸ ਦੀ ਸਹਾਇਕ ਨਦੀ ਸੁਬਨਸੀਰੀ ਨੇ ਬਣਾਇਆ ਜਿੱਥੇ ਸਮੂਆ ਪਿਛਲੇ 10 ਸਾਲਾਂ ਤੋਂ ਆਪਣੀ ਪਤਨੀ, ਧੀ ਅਤੇ ਆਪਣੇ ਬੇਟੇ ਦੇ ਪਰਿਵਾਰ ਨਾਲ਼ ਰਹਿੰਦੇ ਰਹੇ ਹਨ।
ਸੀਮੇਂਟ ਅਤੇ ਗਾਰੇ ਤੋਂ ਬਣਿਆ ਕੱਚਾ-ਪੱਕਾ ਢਾਂਚਾ ਹੀ ਉਨ੍ਹਾਂ ਦਾ ਨਵਾਂ ਘਰ ਹੈ। ਘਰ ਦੇ ਬਾਹਰ ਬਣੇ ਪਖ਼ਾਨੇ ਤੱਕ ਜਾਣ ਲਈ ਪੌੜੀ ਦੀ ਮਦਦ ਚਾਹੀਦੀ ਹੀ ਚਾਹੀਦੀ ਹੈ। "ਹਰ ਸਾਲ, ਬ੍ਰਹਮਪੁੱਤਰ ਨਦੀ ਕਾਰਨ ਸਾਡੀ ਜ਼ਮੀਨ ਵਹਿ ਜਾਂਦੀ ਹੈ," ਉਹ ਕਹਿੰਦੇ ਹਨ।


ਖੱਬੇ: 'ਇਹ ਮੇਰਾ ਘਰ ਹੁੰਦਾ ਸੀ,' ਮੋਹੇਸ਼ਵਰ ਸਮੂਆ ਇੱਕ ਚਾਪੋਰੀ (ਛੋਟਾ ਸੈਂਡਬਾਰ ਟਾਪੂ) ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ। ਜਦੋਂ ਬ੍ਰਹਮਪੁੱਤਰ ਨੇ ਟਾਪੂ ਨੂੰ ਘੇਰਾ ਪਾਇਆ, ਤਾਂ ਉਨ੍ਹਾਂ ਨੂੰ ਪਨਾਹ ਲਈ ਮੌਜੂਦਾ ਸਲਮੋਰਾ ਜਾਣਾ ਪਿਆ। ਮੋਹੇਸ਼ਵਰ ਨੂੰ ਇਸੇ ਕਾਰਨ ਕਰਕੇ ਕਈ ਵਾਰ ਪਰਵਾਸ ਕਰਨਾ ਪਿਆ। ਸੱਜੇ: ਸਲਮੋਰਾ ਪਿੰਡ ਦੇ ਸਰਪੰਚ ਜਿਸਵਰ ਹਜ਼ਾਰਿਕਾ ਦਾ ਕਹਿਣਾ ਹੈ ਕਿ ਵਾਰ-ਵਾਰ ਹੜ੍ਹਾਂ ਕਾਰਨ ਮਿੱਟੀ ਦੀ ਕਟਾਈ ਹੋ ਰਹੀ ਹੈ, ਜਿਸ ਦੇ ਨਤੀਜੇ ਵਜੋਂ ਪਿੰਡ ਵਿੱਚ ਖੇਤੀਬਾੜੀ ਪੈਦਾਵਾਰ ਪ੍ਰਭਾਵਿਤ ਹੋਈ ਹੈ
ਵਾਰ-ਵਾਰ ਆਉਣ ਵਾਲੇ ਹੜ੍ਹਾਂ ਕਾਰਨ ਪਿੰਡ ਦੀ ਖੇਤੀ ਪ੍ਰਭਾਵਿਤ ਹੋਈ ਹੈ। ਸਲਮੋਰਾ ਦੇ ਸਰਪੰਚ, ਜਿਸਵਰ ਕਹਿੰਦੇ ਹਨ, "ਅਸੀਂ ਚਾਵਲ, ਮਾਟੀ ਦਾਲ [ਕਾਲ਼ੀ ਦਾਲ਼] ਅਤੇ ਬੈਂਗਨ ਜਾਂ ਪੱਤਾਗੋਭੀ ਵਰਗੀਆਂ ਸਬਜ਼ੀਆਂ ਨਹੀਂ ਉਗਾ ਸਕਦੇ; ਹੁਣ ਕਿਸੇ ਕੋਲ਼ ਜ਼ਮੀਨ ਨਹੀਂ ਰਹੀ।'' ਬਹੁਤ ਸਾਰੇ ਵਸਨੀਕ ਕਿਸ਼ਤੀ ਬਣਾਉਣ, ਮਿੱਟੀ ਦੇ ਭਾਂਡੇ ਬਣਾਉਣ ਅਤੇ ਮੱਛੀ ਫੜ੍ਹਨ ਵਰਗੇ ਹੋਰ ਕੰਮ ਕਰਨ ਲੱਗੇ ਹਨ।
ਸਮੂਆ ਕਹਿੰਦੇ ਹਨ, "ਸਲਮੋਰਾ ਦੀਆਂ ਕਿਸ਼ਤੀਆਂ ਦੀ ਪੂਰੇ ਟਾਪੂ ਵਿੱਚ ਮੰਗ ਹੈ," ਕਿਉਂਕਿ ਚਾਪੋਰੀ (ਛੋਟੇ ਟਾਪੂਆਂ) ਦੇ ਬਹੁਤ ਸਾਰੇ ਲੋਕਾਂ ਨੂੰ ਨਦੀ ਪਾਰ ਕਰਨ, ਬੱਚਿਆਂ ਨੂੰ ਸਕੂਲ ਲਿਜਾਣ ਅਤੇ ਉੱਥੋਂ ਵਾਪਸ ਲਿਆਉਣ, ਮੱਛੀ ਫੜ੍ਹਨ ਅਤੇ ਹੜ੍ਹਾਂ ਦੌਰਾਨ ਕਿਸ਼ਤੀਆਂ ਦੀ ਵਰਤੋਂ ਕਰਨ ਦੀ ਲੋੜ ਰਹਿੰਦੀ ਹੀ ਹੈ।
ਸਮੂਆ ਨੇ ਕਿਸ਼ਤੀ ਬਣਾਉਣ ਦੀ ਕਲਾ ਖ਼ੁਦ-ਬ-ਖ਼ੁਦ ਸਿੱਖੀ ਹੈ; ਉਹ ਤਿੰਨ ਜਣੇ ਮਿਲ਼ ਕੇ ਕੰਮ ਕਰਦੇ ਹਨ। ਕਿਸ਼ਤੀਆਂ ਹਜ਼ਲ ਗੁਰੀ ਲੱਕੜ ਤੋਂ ਬਣਾਈਆਂ ਜਾਂਦੀਆਂ ਹਨ, ਜੋ ਇੱਕ ਮਹਿੰਗੀ ਲੱਕੜ ਹੈ ਤੇ ਆਸਾਨੀ ਨਾਲ਼ ਉਪਲਬਧ ਵੀ ਨਹੀਂ, ਪਰ ਸਮੂਆ ਅਨੁਸਾਰ, ਇਸਦੀ ਵਰਤੋਂ ਕਿਸ਼ਤੀਆਂ ਬਣਾਉਣ ਵਿੱਚ ਇਸਲਈ ਕੀਤੀ ਜਾਂਦੀ ਹੈ ਕਿਉਂਕਿ ਇਹ "ਮਜ਼ਬੂਤ ਅਤੇ ਟਿਕਾਊ" ਹੁੰਦੀ ਹੈ। ਉਹ ਇਹ ਲੱਕੜ ਸਲਮੋਰਾ ਅਤੇ ਨੇੜਲੇ ਪਿੰਡਾਂ ਦੇ ਵਿਕਰੇਤਾਵਾਂ ਤੋਂ ਖਰੀਦਦੇ ਹਨ।
ਇੱਕ ਵੱਡੀ ਕਿਸ਼ਤੀ ਬਣਾਉਣ ਵਿੱਚ ਇੱਕ ਹਫ਼ਤਾ ਲੱਗਦਾ ਹੈ, ਇੱਕ ਛੋਟੀ ਕਿਸ਼ਤੀ ਨੂੰ ਪੰਜ ਦਿਨ। ਜੇ ਬਹੁਤ ਸਾਰੇ ਲੋਕ ਇਕੱਠੇ ਕੰਮ ਕਰਦੇ ਹਨ ਤਾਂ ਉਹ ਇੱਕ ਮਹੀਨੇ ਵਿੱਚ 5-8 ਕਿਸ਼ਤੀਆਂ ਬਣਾ ਸਕਦੇ ਹਨ। ਇੱਕ ਵੱਡੀ ਕਿਸ਼ਤੀ (ਜਿਸ ਵਿੱਚ 10-12 ਲੋਕ ਅਤੇ ਤਿੰਨ ਮੋਟਰਸਾਈਕਲ ਸਵਾਰ ਹੋ ਸਕਦੇ ਹਨ) ਦੀ ਕੀਮਤ 70,000 ਰੁਪਏ ਅਤੇ ਇੱਕ ਛੋਟੀ ਕਿਸ਼ਤੀ ਦੀ ਕੀਮਤ 50,000 ਰੁਪਏ ਹੈ; ਕਮਾਈ ਸਮੂਹ ਵਿੱਚ ਸ਼ਾਮਲ ਲੋਕਾਂ ਦੇ ਹਿਸਾਬ ਨਾਲ਼ ਵੰਡੀ ਜਾਂਦੀ ਹੈ।


ਖੱਬੇ: ਸਲਮੋਰਾ ਵਿੱਚ ਕਿਸ਼ਤੀਆਂ ਦੀ ਬਹੁਤ ਮੰਗ ਹੈ ਅਤੇ ਮੋਹੇਸ਼ਵਰ ਨੇ ਆਪਣੇ ਆਪ ਕਿਸ਼ਤੀਆਂ ਬਣਾਉਣ ਦੀ ਕਲਾ ਸਿੱਖੀ ਹੈ। ਆਮ ਤੌਰ 'ਤੇ ਉਹ ਕਿਸ਼ਤੀਆਂ ਬਣਾਉਣ ਲਈ ਦੋ ਜਾਂ ਤਿੰਨ ਹੋਰ ਲੋਕਾਂ ਨਾਲ਼ ਮਿਲ਼ ਕੇ ਕੰਮ ਕਰਦੇ ਹਨ ਜਿਨ੍ਹਾਂ ਨਾਲ਼ ਉਹ ਆਪਣੀ ਕਮਾਈ ਵੀ ਸਾਂਝੀ ਕਰਦੇ ਹਨ। ਸੱਜੇ: ਸਲਮੋਰਾ ਦੇ ਵਸਨੀਕਾਂ ਵਿੱਚ ਮੱਛੀ ਫੜ੍ਹਨਾ ਪ੍ਰਸਿੱਧ ਹੈ। ਮੋਹੇਸ਼ਵਰ ਹੋਰੂ ਮਾਚ ਜਾਂ ਛੋਟੀ ਮੱਛੀ ਫੜ੍ਹਨ ਲਈ ਬਾਂਸ ਤੋਂ ਬਣੇ ਜਾਲ਼ ਦੀ ਵਰਤੋਂ ਕਰਦੇ ਹਨ। ਉਨ੍ਹਾਂ ਦੇ ਅੱਗੇ ਸਲਮੋਰਾ ਦੀ ਇੱਕ ਹੋਰ ਵਸਨੀਕ ਮੋਨੀ ਹਜ਼ਾਰਿਕਾ ਖੜ੍ਹੀ ਹਨ


ਖੱਬੇ: ਰੂਮੀ ਹਜ਼ਾਰਿਕਾ ਲੱਕੜ ਇਕੱਠੀ ਕਰਨ ਲਈ ਕਿਸ਼ਤੀ ਰਾਹੀਂ ਨਦੀ 'ਤੇ ਜਾਂਦੀ ਹਨ,ਜਿਹਨੂੰ ਉਹ ਵੇਚਦੀ ਹਨ। ਸੱਜੇ: ਉਹ ਸਤਰੀਆ ਸ਼ੈਲੀ ਵਿੱਚ ਛੋਟੇ ਭਾਂਡੇ ਬਣਾਉਣ ਲਈ ਕਾਲ਼ੀ ਮਿੱਟੀ ਦੀ ਵਰਤੋਂ ਕਰਦੇ ਹਨ ਅਤੇ ਬਾਅਦ ਵਿੱਚ ਇਸਨੂੰ ਸਥਾਨਕ ਬਜ਼ਾਰ ਵਿੱਚ ਵੇਚਦੇ ਹਨ
ਕਿਸ਼ਤੀ ਬਣਾਉਣ ਤੋਂ ਹੋਣ ਵਾਲ਼ੀ ਆਮਦਨੀ ਟਿਕਾਊ ਨਹੀਂ ਹੈ ਕਿਉਂਕਿ ਕਿਸ਼ਤੀਆਂ ਦੇ ਆਰਡਰ ਸਿਰਫ਼ ਮਾਨਸੂਨ (ਅਤੇ ਹੜ੍ਹ ਦੇ ਮੌਸਮ ਦੌਰਾਨ) ਵਿੱਚ ਆਉਂਦੇ ਹਨ। ਇਸ ਲਈ ਕਈ ਮਹੀਨਿਆਂ ਦੌਰਾਨ ਸਮੂਆ ਕੋਲ਼ ਨਾ ਕੋਈ ਕੰਮ ਹੁੰਦਾ ਅਤੇ ਤੇ ਨਾ ਹੀ ਬੱਝਵੀਂ ਕਮਾਈ ਦੀ ਕੋਈ ਉਮੀਦ ਹੀ।
ਜਦੋਂ ਹੜ੍ਹ ਆਉਂਦਾ ਹੈ, ਤਾਂ ਬੋਟਿੰਗ ਵਿੱਚ ਮਾਹਰ, ਰੂਮੀ ਹਜ਼ਾਰਿਕਾ, ਜੋ ਹੁਣ ਆਪਣੀ ਉਮਰ ਦੇ 50ਵੇਂ ਦਹਾਕੇ ਵਿੱਚ ਹਨ, ਲੱਕੜ ਇਕੱਠੀ ਕਰਨ ਨਦੀ 'ਤੇ ਜਾਂਦੀ ਹਨ ਤੇ ਇਕੱਠਾ ਕੀਤਾ ਬਾਲਣ ਪਿੰਡ ਦੇ ਬਾਜ਼ਾਰ ਵਿੱਚ ਵੇਚਦੀ ਹਨ। ਇੱਕ ਕੁਵਿੰਟਲ ਬਾਲਣ ਬਦਲੇ ਉਨ੍ਹਾਂ ਨੂੰ ਕੁਝ ਸੌ ਰੁਪਏ ਮਿਲ਼ਦੇ ਹਨ। ਉਹ ਟਾਪੂ ਦੇ ਮੱਧ ਵਿੱਚ ਗਰਮੂਰ ਅਤੇ ਕਮਲਾਬਾੜੀ ਵਿਖੇ ਕੋਲੋਹ ਮਿੱਟੀ (ਕਾਲੀ ਮਿੱਟੀ) ਤੋਂ ਬਣੇ ਭਾਂਡੇ ਵੀ ਵੇਚਦੀ ਹਨ, ਮਿੱਟੀ ਦਾ ਭਾਂਡਾ 15 ਰੁਪਏ ਵਿੱਚ ਅਤੇ ਮਿੱਟੀ ਦਾ ਦੀਵਾ 5 ਰੁਪਏ ਵਿੱਚ ਵੇਚਦੀ ਹਨ।
"ਆਪਣੀ ਜ਼ਮੀਨ ਦੇ ਨਾਲ਼-ਨਾਲ਼ ਅਸੀਂ ਆਪਣੀਆਂ ਰਵਾਇਤੀ ਰਸਮਾਂ ਵੀ ਗੁਆ ਰਹੇ ਹਾਂ। ਸਾਡੀ ਕੋਲਹ ਮਿੱਟੀ ਹੁਣ ਬ੍ਰਹਮਪੁੱਤਰ ਵਹਾ ਲੈ ਜਾਂਦੀ ਹੈ,'' ਉਹ ਕਹਿੰਦੀ ਹਨ।
ਪੱਤਰਕਾਰ ਇਸ ਕਹਾਣੀ ਨੂੰ ਤਿਆਰ ਕਰਨ ਵਿੱਚ ਮਦਦ ਦੇਣ ਲਈ ਕ੍ਰਿਸ਼ਨਾ ਪੇਗੂ ਦੀ ਧੰਨਵਾਦੀ ਹਨ।
ਤਰਜਮਾ: ਕਮਲਜੀਤ ਕੌਰ