ਜਿਓਂ ਹੀ ਮੈਂ ਗਾਂਧੀਨਗਰ ਤੇ ਅਲਗਾਪੁਰੀ ਪਹੁੰਚਿਆ, ਮੈਂ ਦੇਖਿਆ ਕਿ ਪਿੰਡ ਦੇ ਲੋਕ ਬੇਚੈਨੀ ਨਾਲ਼ ਭਰੇ ਭੀਤੇ ਪਏ ਸਨ। ਦਲਿਤ ਅਬਾਦੀ ਵਾਲ਼ੇ ਦੋਵਾਂ ਪਿੰਡਾਂ ਨੂੰ ਬੱਸ ਇੱਕ ਸੜਕ ਹੀ ਵੱਖ ਕਰਦੀ ਸੀ। ਪਿੰਡ ਵਿੱਚ ਭਾਰੀ ਗਿਣਤੀ ਪੁਲਿਸ ਕਰਮੀ ਤੇ ਵਾਹਨ ਮੌਜੂਦ ਸਨ। ਸ਼ਿਵਕਾਸੀ ਕਸਬੇ ਦੀ ਕਨਿਸ਼ਕਾ ਫਾਇਰਵਰਕਸ ਕੰਪਨੀ ਵਿੱਚ ਅੱਗ ਲੱਗਣ ਕਾਰਨ 14 ਲੋਕਾਂ ਦੀ ਜਾਨ ਚਲੀ ਗਈ ਸੀ, ਇਸ ਦੁਖਦ ਖ਼ਬਰ ਨੇ ਭਾਈਚਾਰੇ ਅੰਦਰ ਹਿਰਖ ਦੀ ਲਹਿਰ ਵਹਾ ਛੱਡੀ ਸੀ। ਇਕੱਲੇ ਗਾਂਧੀਨਗਰ ਪਿੰਡ ਦੇ 5 ਲੋਕਾਂ ਦੀ ਮੌਤ ਹੋਈ ਤੇ ਉਹ ਸਾਰੇ ਹੀ ਦਲਿਤ ਸਨ।
ਗਲ਼ੀਆਂ ਮਰਨ ਵਾਲ਼ਿਆਂ ਦੇ ਸਾਕ-ਅੰਗਾਂ ਤੇ ਉਨ੍ਹਾਂ ਦੇ ਵੈਣਾਂ ਨਾਲ਼ ਗੂੰਜ ਰਹੀਆਂ ਸਨ। ਕਈ ਜਣੇ ਵਿਰੁਧੂਨਗਰ ਜ਼ਿਲ੍ਹੇ ਦੇ ਹੋਰਨਾਂ ਪਿੰਡਾਂ ਵਿੱਚ ਰਹਿਣ ਵਾਲ਼ੇ ਆਪਣੇ ਰਿਸ਼ਤੇਦਾਰਾਂ ਨੂੰ ਫ਼ੋਨ ਕਰ-ਕਰ ਕੇ ਸੂਚਨਾ ਦੇ ਰਹੇ ਸਨ।
ਥੋੜ੍ਹੇ ਹੀ ਚਿਰ ਬਾਅਦ ਭੀੜ ਸ਼ਮਸ਼ਾਨ ਵੱਲ ਨੂੰ ਵਧਣ ਲੱਗੀ ਤੇ ਮੈਂ ਵੀ ਉਨ੍ਹਾਂ ਨਾਲ਼ ਜਾ ਰਲ਼ਿਆ। ਪੂਰਾ ਪਿੰਡ ਗਲ਼ੀਆਂ ਵਿੱਚ ਨਿਕਲ਼ ਆਇਆ ਸੀ ਤੇ 17 ਅਕਤੂਬਰ 2023 ਨੂੰ ਹਾਦਸੇ ਦਾ ਸ਼ਿਕਾਰ ਹੋਏ ਆਪਣੇ ਪਿੰਡ ਵਾਸੀਆਂ ਦੀ ਅੰਤਮ ਯਾਤਰਾ ਵਿੱਚ ਪੈਰ ਪੁੱਟਣ ਲੱਗਿਆ। ਸੜੀਆਂ ਲਾਸ਼ਾਂ ਨੂੰ ਹਟਾਉਣ ਵਾਲ਼ਾ ਇੱਕ ਫਾਇਰ-ਫਾਈਟਰ ਪਿੰਡ ਵਾਲ਼ਿਆਂ ਨੂੰ ਲਾਸ਼ਾਂ ਦੇ ਪੋਸਟ-ਮਾਰਟਮ ਨੂੰ ਲੈ ਕੇ ਕੁਝ ਦੱਸ ਰਿਹਾ ਸੀ।
ਰਾਤ ਦੇ 8:30 ਵਜੇ ਦੇ ਕਰੀਬ ਛੇ ਐਂਬੂਲੈਂਸਾਂ ਕਬਰਿਸਤਾਨ ਅੱਪੜੀਆਂ ਤੇ ਬੇਚੈਨੀ ਨਾਲ਼ ਭਰੀ ਭੀੜ ਰੋਂਦੀ-ਕੁਰਲਾਉਂਦੀ ਹੋਈ ਉਨ੍ਹਾਂ ਮਗਰ ਭੱਜਣ ਲੱਗੀ। ਇੱਕ ਪਲ ਲਈ ਮੈਂ ਆਪਣਾ-ਆਪ ਗੁਆ ਬੈਠਾ; ਮੈਂ ਆਪਣੇ ਕੈਮਰੇ ਨੂੰ ਹੱਥ ਤੱਕ ਨਾ ਲਾ ਸਕਿਆ। ਰਾਤ ਦੇ ਹਨ੍ਹੇਰੇ ਨੇ ਕਬਰਿਸਤਾਨਘਾਟ ਨੂੰ ਵੀ ਢੱਕ ਲਿਆ ਸੀ ਤੇ ਉੱਡਦੇ ਜੁਗਨੂੰਆਂ ਦੀ ਰੌਸ਼ਨੀ ਇਕੱਠੇ ਹੋਏ ਪਿੰਡ ਵਾਸੀਆਂ ਨੂੰ ਜਿਓਂ ਰਾਹ ਦਿਖਾ ਰਹੀ ਹੋਵੇ।
ਜਿਓਂ ਹੀ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ, ਭੀੜ ਇੱਕ ਵਾਰ ਤਾਂ ਰਤਾ ਕੁ ਪਿਛਾਂਹ ਹਟ ਗਈ- ਸੜੇ ਹੋਏ ਮਾਸ ਦੀ ਬਦਬੂ ਬਰਦਾਸ਼ਤ ਤੋਂ ਬਾਹਰ ਸੀ। ਕਈਆਂ ਨੂੰ ਤਾਂ ਉਲਟੀਆਂ ਆਉਣ ਲੱਗੀਆਂ। ਹਰ ਲਾਸ਼ 'ਤੇ ਨਾਮ ਦਾ ਲੇਬਲ ਲੱਗਾ ਹੋਇਆ ਸੀ, ਸਿਰਫ਼ ਇਸੇ ਕਾਰਨ ਉਨ੍ਹਾਂ ਦੀ ਪਛਾਣ ਹੋ ਸਕੀ।


ਸ਼ਿਵਕਾਸੀ 'ਚ ਕਨਿਸ਼ਕ ਪਟਾਕਾ ਫ਼ੈਕਟਰੀ 'ਚ ਅੱਗ ਲੱਗਣ ਨਾਲ਼ 14 ਮਜ਼ਦੂਰਾਂ ਦੀ ਮੌਤ ਹੋ ਗਈ। ਸੱਜੇ: ਅੱਗ ਦੇ ਪੀੜਤਾਂ ਵਿੱਚੋਂ ਇੱਕ ਐੱਮ ਬਾਲਾਮੁਰੂਗਨ ਦੇ ਘਰ ਇਕੱਠੇ ਹੋਏ ਲੋਕ


ਖੱਬੇ: ਮ੍ਰਿਤਕ ਦੇ ਰਿਸ਼ਤੇਦਾਰ ਅਤੇ ਦੋਸਤ ਕਬਰਿਸਤਾਨ ਵੱਲ ਜਾ ਰਹੇ ਹਨ। ਸੱਜੇ: ਹਨ੍ਹੇਰਾ ਹੋਣ ਦੇ ਬਾਵਜੂਦ, ਲੋਕ ਲਾਸ਼ਾਂ ਦੇ ਆਉਣ ਦੀ ਉਡੀਕ ਕਰ ਰਹੇ ਸਨ
14 ਸਾਲਾ ਵਿਦਿਆਰਥੀ, ਐੱਮ. ਸੰਧਿਆ ਨੇ ਵਿਗਿਆਨੀ ਬਣਨ ਦਾ ਸੁਪਨਾ ਲਿਆ ਸੀ। ਇਸ ਹਾਦਸੇ ਵਿੱਚ ਆਪਣੀ ਮਾਂ, ਮੁਨੀਸ਼ਵਰੀ ਨੂੰ ਗੁਆਉਣ ਤੋਂ ਬਾਅਦ ਉਹਨੂੰ ਆਪਣੇ ਸੁਪਨੇ ਨੂੰ ਲੈ ਕੇ ਦੋਬਾਰਾ ਸੋਚਣਾ ਪੈਣਾ ਹੈ। ਸੰਧਿਆ ਦੀ ਮਾਂ ਪਿਛਲੇ ਅੱਠ ਸਾਲਾਂ ਤੋਂ ਫ਼ੈਕਟਰੀ ਵਿੱਚ ਕੰਮ ਕਰਦੀ ਰਹੀ ਸੀ ਤੇ ਆਪਣੀ ਧੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਈ ਵਾਰੀਂ ਓਵਰ-ਟਾਈਮ ਵੀ ਲਾਇਆ ਕਰਦੀ। ਸਿੰਗਲ ਪੇਰੇਟ ਹੋਣ ਕਾਰਨ ਮੁਨੀਸ਼ਵਰੀ ਤੋਂ ਜੋ ਹੋ ਸਕਦਾ ਸੀ ਆਪਣੀ ਧੀ ਲਈ ਕੀਤਾ, ਸੰਧਿਆ ਦੀ ਪਾਤੀ (ਦਾਦੀ) ਦੱਸਦੀ ਹਨ, ਜੋ ਹੁਣ ਸੰਧਿਆ ਦੀ ਦੇਖਭਾਲ਼ ਕਰ ਰਹੀ ਹਨ। ''ਮੈਂ ਨਹੀਂ ਜਾਣਦੀ ਮੇਰੀ ਪਾਤੀ ਕਿੰਨਾ ਕੁ ਚਿਰ ਮੇਰਾ ਧਿਆਨ ਰੱਖ ਸਕੇਗੀ। ਉਨ੍ਹਾਂ ਨੂੰ ਮਧੂਮੇਹ ਦੀ ਗੰਭੀਰ ਬੀਮਾਰੀ ਹੈ,'' ਸੰਧਿਆ ਨੇ ਕਿਹਾ।
ਪੰਚਵਰਨਮ ਨੇ ਉਸੇ ਦੁਖਾਂਤ ਵਿੱਚ ਆਪਣੇ ਪਤੀ ਨੂੰ ਗੁਆ ਦਿੱਤਾ। ''ਸੈਂਪਲ ਵਜੋਂ ਬਣੇ ਪਟਾਕਿਆਂ ਨੂੰ ਜਦੋਂ ਬਾਹਰ ਰੱਖਿਆ ਹੋਇਆ ਸੀ ਤਾਂ ਉਨ੍ਹਾਂ ਨੂੰ ਅੱਗ ਲੱਗ ਗਈ। ਕਿਉਂਕਿ ਮੈਂ ਦਰਵਾਜ਼ੇ ਦੇ ਕੋਲ਼ ਬੈਠੀ ਸਾਂ, ਸੋ ਮੈਂ ਬਚ ਨਿਕਲ਼ੀ। ਪਰ ਧੂੰਏਂ ਕਾਰਨ ਉਹ ਬਾਹਰ ਨਹੀਂ ਆ ਸਕਿਆ," ਉਹ ਕਹਿੰਦੀ ਹਨ।
ਉਨ੍ਹਾਂ ਨੇ ਉੱਥੋਂ ਬੱਚ ਨਿਕਲ਼ਣ ਦੌਰਾਨ ਲੱਗੀਆਂ ਖਰੋਚਾਂ ਅਤੇ ਛਾਲਿਆਂ ਵੱਲ ਇਸ਼ਾਰਾ ਕੀਤਾ। ''ਆਮ ਤੌਰ 'ਤੇ ਵੱਡੀ ਮਾਤਰਾ 'ਚ ਪਟਾਕੇ ਖਰੀਦਣ ਵਾਲ਼ੇ ਗਾਹਕ ਪਹਿਲਾਂ ਨਮੂਨੇ ਮੰਗਦੇ ਹਨ। ਨਮੂਨਿਆਂ ਦੀ ਜਾਂਚ ਕਰਨ ਲਈ, ਪਟਾਕਿਆਂ ਨੂੰ ਫ਼ੈਕਟਰੀ ਤੋਂ ਘੱਟੋ ਘੱਟ ਇੱਕ ਕਿਲੋਮੀਟਰ ਦੂਰ ਸਾੜਿਆ ਜਾਣਾ ਚਾਹੀਦਾ ਹੈ। ਪਰ ਉਸ ਦਿਨ ਉਨ੍ਹਾਂ ਨੇ ਫ਼ੈਕਟਰੀ ਦੇ ਨੇੜੇ ਹੀ ਨਮੂਨਿਆਂ ਦੀ ਜਾਂਚ ਕੀਤੀ। ਹਰ ਪਾਸੇ ਪਟਾਕਿਆਂ ਦੀਆਂ ਚੰਗਿਆੜੀਆਂ ਉੱਡ ਰਹੀਆਂ ਸਨ। ਉਨ੍ਹਾਂ ਵਿੱਚੋਂ ਕੁਝ ਚੰਗਿਆੜੀਆਂ ਫ਼ੈਕਟਰੀ ਦੀ ਛੱਤ 'ਤੇ ਅਤੇ ਕੁਝ ਫਟਾਫਟ ਇਕੱਠੇ ਕੀਤੇ ਜਾ ਰਹੇ ਪਟਾਕਿਆਂ 'ਤੇ ਵੀ ਆਣ ਡਿੱਗੀਆਂ। ਕੁਝ ਹੀ ਸੈਕਿੰਡਾਂ ਵਿੱਚ ਪੂਰੇ ਕਮਰੇ 'ਚ ਅੱਗ ਲੱਗ ਗਈ। ਉੱਥੇ ਮੌਜੂਦ 15 ਮਜ਼ਦੂਰਾਂ ਵਿੱਚੋਂ 13 ਅੱਗ ਦੀ ਲਪੇਟ ਵਿੱਚ ਆ ਗਏ। ਹਾਦਸੇ ਦੀ ਇਸ ਭਿਆਨਕ ਅੱਗ ਵਿੱਚ 3 ਮਜ਼ਦੂਰਾਂ ਨੇ ਜਿਵੇਂ-ਕਿਵੇਂ ਖੁਦ ਨੂੰ ਬਚਾਉਂਦਿਆਂ ਪਖਾਨੇ ਵਿੱਚ ਵੜ੍ਹ ਕੇ ਆਪਣੀ ਜਾਨ ਬਚਾਈ। ਜੇ ਉਹ ਪਖਾਨੇ ਵਿੱਚ ਨਾ ਵੜ੍ਹੀਆਂ ਹੁੰਦੀਆਂ ਤਾਂ ਉਹ ਵੀ ਨਾ ਬਚਦੀਆਂ। ਜਦੋਂ ਉਹ ਬਾਹਰ ਆਈਆਂ, ਉਨ੍ਹਾਂ ਦੀਆਂ ਸਾੜੀਆਂ ਨੂੰ ਅੱਗ ਲੱਗ ਚੁੱਕੀ ਸੀ,'' ਉਹ ਚੇਤੇ ਕਰਦਿਆਂ ਦੱਸਦੀ ਹਨ।
ਪੰਚਵਰਨਮ ਅਤੇ ਉਨ੍ਹਾਂ ਦੇ ਪਤੀ ਬਾਲਾਮੁਰੂਗਨ ਦੀ ਆਮਦਨੀ ਹੱਥੀਂ ਕੰਮ ਕਰਨ ਦੇ ਘੰਟਿਆਂ 'ਤੇ ਟਿਕੀ ਰਹਿੰਦੀ। ਇਸ ਮਿਹਨਤ ਦੀ ਕਮਾਈ ਨਾਲ਼, ਪਤੀ-ਪਤਨੀ ਨੇ ਆਪਣੀ ਧੀ, ਜੋ ਬੀਐੱਸਸੀ ਨਰਸਿੰਗ ਦੇ ਪਹਿਲੇ ਸਾਲ ਵਿੱਚ ਪੜ੍ਹ ਰਹੀ ਹੈ, ਅਤੇ ਇੱਕ ਬੇਟੇ ਦਾ ਪਾਲਣ ਪੋਸ਼ਣ ਕੀਤਾ ਜਿਸ ਨੇ ਆਈਟੀਆਈ ਵਿੱਚ ਡਿਪਲੋਮਾ ਕੀਤਾ ਹੈ। ਆਪਣੇ ਪਤੀ ਬਾਲਾਮੁਰੂਗਨ ਨੂੰ ਯਾਦ ਕਰਦਿਆਂ ਪੰਚਵਰਨਮ ਨੇ ਕਿਹਾ,"ਉਹ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਸਖ਼ਤ ਮਿਹਨਤ ਕਰਨ ਲਈ ਤਿਆਰ ਰਹਿੰਦਾ। ਉਹਦਾ ਧਿਆਨ ਹਮੇਸ਼ਾ ਇੱਕੋ ਚੀਜ਼ 'ਤੇ ਟਿਕਿਆ ਰਹਿੰਦਾ- ਉਹ ਹੈ ਬੱਚਿਆਂ ਦੀ ਸਿੱਖਿਆ।'' ਉਨ੍ਹਾਂ ਦੀ ਧੀ, ਭਵਾਨੀ ਦਾ ਕਹਿਣਾ ਹੈ,'' ਉਹ ਚਾਹੁੰਦੇ ਸਨ ਬੱਚਿਆਂ ਨੂੰ ਉਨ੍ਹਾਂ ਵਾਂਗ ਦੁੱਖ ਨਾ ਝੱਲਣੇ ਪੈਣ।"


ਰਾਤ
8:30
ਵਜੇ
,
ਪਹਿਲੀ ਐਂਬੂਲੈਂਸ ਸ਼ਮਸ਼ਾਨ (ਖੱਬੇ) ਪਹੁੰਚੀ
;
ਇਸ ਤੋਂ ਬਾਅਦ ਪੰਜ ਹੋਰ (ਸੱਜੇ) ਐਂਬੂਲੈਂਸਾਂ ਪਹੁੰਚੀਆਂ


ਖੱਬੇ: ਮ੍ਰਿਤਕ ਮਜ਼ਦੂਰਾਂ ਦੀ ਪਛਾਣ ਉਨ੍ਹਾਂ ਦੀਆਂ ਦੇਹਾਂ 'ਤੇ ਲਪੇਟੇ ਕੱਪੜੇ 'ਤੇ ਲਿਖੇ ਨੰਬਰਾਂ ਤੋਂ ਕੀਤੀ ਗਈ ਸੀ। ਸੱਜੇ: ਦੁਖੀ ਪਰਿਵਾਰ ਅਤੇ ਦੋਸਤ ਐਂਬੂਲੈਂਸ ਵਾਹਨ ਤੋਂ ਲਾਸ਼ਾਂ ਨੂੰ ਉਤਾਰਦੇ ਦੇਖ ਰਹੇ ਹਨ
ਪੰਚਵਰਨਮ ਦਾ ਪਰਿਵਾਰ ਹੁਣ ਅੱਗ ਲੱਗਣ ਦੇ ਹਾਦਸੇ ਅਤੇ ਇਸ ਤੋਂ ਬਾਅਦ ਹਸਪਤਾਲ ਦੇ ਖਰਚਿਆਂ ਕਾਰਨ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ। ਗੁਰਦੇ ਵਿੱਚ ਆਈਆਂ ਸਮੱਸਿਆਵਾਂ ਕਾਰਨ ਉਨ੍ਹਾਂ ਦੀਆਂ ਹੁਣ ਤੱਕ ਪੰਜ ਸਰਜਰੀਆਂ ਹੋ ਚੁੱਕੀਆਂ ਹਨ। ਉਨ੍ਹਾਂ ਨੂੰ ਮਹੀਨੇ ਦੀ 5,000 ਰੁਪਏ ਦੀ ਦਵਾਈ ਵੀ ਲਿਖ ਕੇ ਦਿੱਤੀ ਗਈ ਹੈ। "ਅਸੀਂ ਹਾਲੇ ਤੀਕਰ ਸਾਡੀ ਧੀ ਦੀ ਕਾਲਜ ਫੀਸ (20,000 ਰੁਪਏ) ਤਾਰੀ ਨਹੀਂ ਹੈ। ਸੋਚਿਆ ਸੀ ਦੀਵਾਲ਼ੀ ਬੋਨਸ ਦੇ ਮਿਲ਼ਣ ਨਾਲ਼ ਇਸ ਦਾ ਭੁਗਤਾਨ ਕਰ ਦਿਆਂਗੇ,'' ਉਹ ਕਹਿੰਦੀ ਹਨ। ਇੱਥੋਂ ਤੱਕ ਕਿ ਪੰਚਵਰਨਮ ਦੀ ਸਿਹਤ ਜਾਂਚ ਵੀ ਮਹਿੰਗੀ ਹੈ; ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਰੀਰ ਵਿੱਚ ਨਮਕ ਦੇ ਪੱਧਰ ਨੂੰ ਕੰਟਰੋਲ ਵਿੱਚ ਰੱਖਣ ਲਈ ਗੋਲ਼ੀਆਂ ਖਾ-ਖਾ ਕੇ ਸਮਾਂ ਕੱਟ ਰਹੀ ਹਨ।
ਭਵਾਨੀ, ਬਾਲਾਮੁਰੂਗਨ ਅਤੇ ਪੰਚਵਰਨਮ ਦੀ ਛੋਟੀ ਧੀ ਹੈ। 18 ਸਾਲਾ ਲੜਕੀ ਆਪਣੇ ਪਿਤਾ ਦੀ ਮੌਤ ਦੇ ਦਰਦ ਤੋਂ ਬਾਹਰ ਆਉਣ ਲਈ ਸੰਘਰਸ਼ ਕਰ ਰਹੀ ਹੈ। "ਉਹ ਸਾਡੀ ਚੰਗੀ ਦੇਖਭਾਲ਼ ਕਰਦੇ ਸਨ। ਉਹ ਇਹ ਵੀ ਧਿਆਨ ਦਿੰਦੇ ਕਿਤੇ ਸਾਨੂੰ ਘਰ ਦਾ ਕੋਈ ਕੰਮ ਨਾ ਕਰਨਾ ਪਵੇ। ਉਹੀ ਸਨ ਜੋ ਸਾਡੇ ਘਰ ਦੀ ਹਰ ਚੀਜ਼ ਵੱਲ ਧਿਆਨ ਦਿੰਦੇ। ਕਿਉਂਕਿ ਸਾਡੀ ਮਾਂ ਦੀ ਸਿਹਤ ਠੀਕ ਨਹੀਂ ਸੀ ਰਹਿੰਦੀ, ਉਹ ਨਾ ਤਾਂ ਸਾਫ਼-ਸਫਾਈ ਕਰ ਪਾਉਂਦੀ ਤੇ ਨਾ ਹੀ ਰਸੋਈ ਦਾ ਕੰਮ ਹੀ। ਇਸ ਲਈ ਪਿਤਾ ਹੀ ਹਰ ਕੰਮ ਕਰਦੇ ਤੇ ਮੇਰੇ ਤੋਂ ਉਮੀਦ ਨਾ ਕਰਦੇ।'' ਭੈਣ-ਭਰਾ ਨੂੰ ਪਿਤਾ ਦਾ ਬਹੁਤ ਸਹਾਰਾ ਸੀ ਤੇ ਹੁਣ ਉਹ ਆਪਣੀ ਜ਼ਿੰਦਗੀ ਨੂੰ ਮੁੜ ਲੀਹ 'ਤੇ ਲਿਆਉਣ ਲਈ ਸੰਘਰਸ਼ ਕਰ ਰਹੇ ਹਨ।
ਸਰਕਾਰ ਨੇ 3 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਹੈ। ਉਨ੍ਹਾਂ ਨੂੰ ਕੁਲੈਕਟਰ ਦਫ਼ਤਰੋਂ ਚੈੱਕ ਮਿਲ਼ਿਆ। ਫ਼ੈਕਟਰੀ ਨੇ 6 ਲੱਖ ਦਾ ਮੁਆਵਜਾ ਦੇਣ ਦਾ ਵਾਅਦਾ ਕੀਤਾ ਤੇ ਅਕਤੂਬਰ ਵਿੱਚ ਦੇ ਦਿੱਤਾ। ਪੰਚਵਰਨਮ ਨੂੰ ਭਰੋਸਾ ਸੀ ਕਿ ਉਹ ਅਤੇ ਬਾਲਾਮੁਰੂਗਨ ਦੋਵੇਂ ਫ਼ੈਕਟਰੀ ਦੇ ਵਫ਼ਾਦਾਰ ਕਰਮਚਾਰੀ ਸਨ ਅਤੇ ਪਿਛਲੇ 12 ਸਾਲਾਂ ਤੋਂ ਪਟਾਕਾ ਕੰਪਨੀ ਵਿੱਚ ਕੰਮ ਕਰ ਰਹੇ ਸਨ।
ਗਾਂਧੀਨਗਰ ਪਿੰਡ ਦੇ ਮਰਦ ਅਤੇ ਔਰਤਾਂ ਜ਼ਿਆਦਾਤਰ ਖੇਤ-ਮਜ਼ਦੂਰੀ ਕਰਦੇ ਹਨ ਜਾਂ ਪਟਾਕਾ ਫ਼ੈਕਟਰੀ ਵਿੱਚ ਦਿਹਾੜੀਆਂ ਲਾਉਂਦੇ ਹਨ। ਪੰਚਵਰਨਮ ਦੇ ਪਰਿਵਾਰ ਨੇ ਇਹ ਨੌਕਰੀ ਇਸ ਲਈ ਚੁਣੀ ਕਿਉਂਕਿ ਫ਼ੈਕਟਰੀ ਮਾਲਕ ਜ਼ਿਮੀਂਦਾਰਾਂ ਨਾਲ਼ੋਂ ਥੋੜ੍ਹੀ ਜ਼ਿਆਦਾ ਤਨਖਾਹ ਦਿੰਦੇ ਹਨ।
ਉਨ੍ਹਾਂ ਦਾ 19 ਸਾਲਾ ਬੇਟਾ ਪੰਡਿਆਰਾਜਨ ਜਦੋਂ ਹਾਦਸੇ ਵਾਲ਼ੀ ਥਾਂ 'ਤੇ ਗਿਆ ਤਾਂ ਡਰ ਅਤੇ ਤਕਲੀਫ਼ ਨਾਲ਼ ਲਕਵੇ ਦੀ ਮਾਰ ਹੇਠ ਆ ਗਿਆ। ਉਸ ਦੀ ਭੈਣ ਦਾ ਕਹਿਣਾ ਹੈ ਕਿ ਇਸ ਹਾਦਸੇ ਨੇ ਉਸ ਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। "ਉਸ ਦਿਨ ਆਖਰੀ ਵਾਰ ਉਨ੍ਹਾਂ (ਪਿਤਾ) ਨੇ ਮੈਨੂੰ ਹੀ ਫ਼ੋਨ ਕੀਤਾ ਸੀ, ਇਹ ਪੁੱਛਣ ਲਈ ਕਿ ਕੀ ਮੈਂ ਦੁਪਹਿਰ ਦਾ ਖਾਣਾ ਖਾ ਲਿਆ। ਅੱਧੇ ਘੰਟੇ ਬਾਅਦ, ਮੈਨੂੰ ਪਿਤਾ ਦੇ ਸਾਥੀ ਨੇ ਫ਼ੋਨ ਕੀਤਾ ਅਤੇ ਘਟਨਾ ਬਾਰੇ ਦੱਸਿਆ। ਮੈਂ ਮੌਕੇ 'ਤੇ ਪਹੁੰਚਿਆ, ਪਰ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਹਸਪਤਾਲ ਪਹੁੰਚਣ ਤੋਂ ਬਾਅਦ ਹੀ ਮੈਨੂੰ ਪਤਾ ਲੱਗਿਆ ਕਿ ਉਹ ਜ਼ਿੰਦਾ ਨਹੀਂ ਰਹੇ," ਪੰਡਿਆਰਾਜਨ ਕਹਿੰਦੇ ਹਨ।
"ਅਸੀਂ ਨਹੀਂ ਜਾਣਦੇ ਕਿ ਹੁਣ ਕਿਵੇਂ ਜਿਉਣਾ ਹੈ। ਸਾਡੀ ਮਾਂ ਜਿਵੇਂ ਕਹੇਗੀ, ਅਸੀਂ ਉਵੇਂ ਹੀ ਕਰਾਂਗੇ। ਜੇ ਅੰਮਾ ਸਾਨੂੰ ਆਤਮ-ਹੱਤਿਆ ਕਰਨ ਨੂੰ ਕਹੇ ਤਾਂ ਅਸੀਂ ਉਸ ਲਈ ਵੀ ਤਿਆਰ ਹਾਂ। ਰਿਸ਼ਤੇਦਾਰ ਸਾਨੂੰ ਕਿੰਨੇ ਦਿਨਾਂ ਲਈ ਆਸਰਾ ਦੇ ਸਕਦੇ ਹਨ ਤੇ ਸਾਡੀ ਦੇਖਭਾਲ਼ ਕਰ ਸਕਦੇ ਹਨ?" ਭਵਾਨੀ ਪੁੱਛਦੀ ਹੈ।


ਖੱਬੇ: ਲੋਕਾਂ ਨੇ ਮੋਬਾਇਲਾਂ ਦੀਆਂ ਟਾਰਚਾਂ ਦੀ ਰੌਸ਼ਨੀ ਵਿੱਚ ਅੰਤਿਮ ਸੰਸਕਾਰ ਲਈ ਜਗ੍ਹਾ ਤਿਆਰ ਕੀਤੀ। ਸੱਜੇ: ਛੇ ਦੀਆਂ ਛੇ ਲਾਸ਼ਾਂ ਦਾ ਇਕੱਠੇ ਅੰਤਿਮ ਸੰਸਕਾਰ ਕੀਤਾ ਗਿਆ

ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਜਾਣ ਮਗਰੋਂ ਬਲ਼ਦੀਆਂ ਚਿਖਾਵਾਂ 'ਚੋਂ ਉੱਡਦੇ ਚੰਗਿਆੜੇ
57 ਸਾਲ ਦੀ ਉਮਰੇ ਤਮਿਲ਼ਸੇਲਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਈ। ਉਹ 23 ਸਾਲ ਪਹਿਲਾਂ ਪਟਾਕਿਆਂ ਦੀ ਫ਼ੈਕਟਰੀ ਵਿੱਚ ਕੰਮ ਕਰਨ ਲੱਗੀ ਸਨ, ਉਦੋਂ ਉਨ੍ਹਾਂ ਨੂੰ 200 ਰੁਪਏ ਦਿਹਾੜੀ ਮਿਲ਼ਿਆ ਕਰਦੀ, ਜੋ ਹੌਲ਼ੀ-ਹੌਲ਼ੀ ਵੱਧ ਕੇ 400 ਰੁਪਏ ਹੋ ਗਈ।
ਉਨ੍ਹਾਂ ਦੇ ਛੋਟੇ ਬੇਟੇ ਟੀ.ਈਸ਼ਵਰਨ ਨੇ ਕਿਹਾ,"ਜਦੋਂ ਮੈਂ ਦੋ ਸਾਲ ਦਾ ਸੀ ਤਾਂ ਮੇਰੇ ਪਿਤਾ ਦਾ ਦੇਹਾਂਤ ਹੋ ਗਿਆ। ਉਦੋਂ ਤੋਂ, ਮਾਂ ਹੀ ਮੇਰੇ ਤੇ ਮੇਰੇ ਵੱਡੇ ਭਰਾ ਲਈ ਪਿਓ ਵੀ ਰਹੀ ਸੀ।'' ਉਹ ਅਤੇ ਉਨ੍ਹਾਂ ਦਾ ਵੱਡਾ ਭਰਾ ਦੋਵੇਂ ਗ੍ਰੈਜੂਏਟ ਹਨ। "ਮੈਂ ਕੰਪਿਊਟਰ ਸਾਇੰਸ ਕੀਤੀ। ਮੇਰੇ ਵੱਡੇ ਭਰਾ ਨੇ ਬੀਐੱਸਸੀ ਦੀ ਡਿਗਰੀ ਪ੍ਰਾਪਤ ਕੀਤੀ," ਉਹ ਕਹਿੰਦੇ ਹਨ।
ਤਮਿਲ਼ਸੇਲਵੀ ਦਾ ਵੱਡਾ ਬੇਟਾ ਹੁਣ ਤਿਰੂਪੁਰ ਵਿਖੇ ਇੱਕ ਪੁਲਿਸ ਅਧਿਕਾਰੀ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਕਿਹਾ,"ਉਸਨੇ ਆਪਣੀ ਪੂਰੀ ਜ਼ਿੰਦਗੀ ਆਪਣੇ ਬੇਟਿਆਂ ਨੂੰ ਬਿਹਤਰ ਜ਼ਿੰਦਗੀ ਦੇਣ ਲਈ ਕੰਮ ਕੀਤਾ, ਪਰ ਅੱਜ ਉਹ ਆਪਣੇ ਬੇਟਿਆਂ ਦੀ ਸਫ਼ਲਤਾ ਦੇਖਣ ਲਈ ਜਿਊਂਦੀ ਨਹੀਂ ਰਹੀ।''
ਇਸ ਹਾਦਸੇ ਤੋਂ ਜਿਊਂਦੀ ਬਚੀ ਕੁਰੂਵੰਮਾ ਦੇ ਅਨੁਸਾਰ, ਰਸਾਇਣਾਂ (ਪਟਾਸ) ਨੂੰ ਸੁਕਾਉਣ, ਕਾਗਜ਼ ਵਿੱਚ ਲਪੇਟਣ ਅਤੇ ਵਿਸਫੋਟਕ ਰਸਾਇਣਾਂ ਨੂੰ ਭਰਨ ਅਤੇ ਅੰਤ ਵਿੱਚ ਉਨ੍ਹਾਂ ਨੂੰ ਆਪਸ ਵਿੱਚ ਬੰਨ੍ਹਣ ਦੇ ਕੰਮ ਬਦਲੇ ਉਨ੍ਹਾਂ ਨੂੰ 250 ਰੁਪਏ ਦਿਹਾੜੀ ਮਿਲ਼ਦੀ ਹੈ। ਹਫ਼ਤੇ ਦੇ ਅਖੀਰ ਵਿੱਚ ਹੀ ਤਨਖ਼ਾਹ ਦਿੱਤੀ ਜਾਂਦੀ। ਉਨ੍ਹਾਂ ਦੀ ਤਨਖਾਹ ਵਿੱਚ ਕੋਈ ਨਿਯਮਤ ਵਾਧਾ ਨਹੀਂ ਹੁੰਦਾ, ਬੱਸ ਬੋਨਸ ਹੀ ਮਿਲ਼ਦਾ ਹੈ। ਬਿਨਾਂ ਛੁੱਟੀ ਦੇ ਕੰਮ ਕਰਨ ਵਾਲ਼ਿਆਂ ਨੂੰ ਹਰ 6 ਮਹੀਨੇ 'ਚ 5,000 ਰੁਪਏ ਬੋਨਸ ਮਿਲ਼ਦਾ।
ਇਸ ਪਿੰਡ ਦੀਆਂ ਬਹੁਤ ਸਾਰੀਆਂ ਔਰਤਾਂ ਕੰਮ ਦੀ ਥਾਂ 'ਤੇ ਸਖ਼ਤ ਹਾਲਤਾਂ ਦੇ ਬਾਵਜੂਦ ਇਨ੍ਹਾਂ ਫ਼ੈਕਟਰੀਆਂ ਵਿੱਚ ਕੰਮ ਕਰਦੀਆਂ ਹਨ, ਕਿਉਂਕਿ ਜ਼ਿਆਦਾਤਰ ਪਰਿਵਾਰ ਉਨ੍ਹਾਂ ਦੀ ਕਮਾਈ ਸਿਰ ਹੀ ਚੱਲਦੇ ਹਨ। ਮਰਹੂਮ ਕੁਰੂਵੰਮਲ, ਜਿਨ੍ਹਾਂ ਦੀ ਝੁਲਸਣ ਕਾਰਨ ਮੌਤ ਹੋ ਗਈ, ਇੱਕ ਅਜਿਹੀ ਔਰਤ ਸਨ ਜਿਨ੍ਹਾਂ ਨੇ ਪਰਿਵਾਰ ਦੀ ਜਿੰਮੇਦਾਰੀ ਆਪਣੇ ਮੋਢਿਆਂ 'ਤੇ ਚੁੱਕ ਰੱਖੀ ਸੀ। ਅਜਿਹੇ ਹੀ ਹਾਦਸੇ ਵਿੱਚ ਉਨ੍ਹਾਂ ਦੇ ਪਤੀ ਸੁਬੂ ਕਾਨੀ ਨੇ ਅੰਸ਼ਕ ਤੌਰ 'ਤੇ ਆਪਣੀ ਅੱਖਾਂ ਦੀ ਰੋਸ਼ਨੀ ਗੁਆ ਦਿੱਤੀ। ਇਹ ਹਾਦਸਾ ਬੋਰਵੈੱਲ ਦਾ ਕੰਮ ਕਰਨ ਦੌਰਾਨ ਵਾਪਰਿਆ। ਉਹ ਹੁਣ ਕੰਮ ਕਰਨ ਦੀ ਸਥਿਤੀ ਵਿੱਚ ਨਹੀਂ ਹਨ। ਕੁਰੂਵੰਮਲ ਦੀ ਮੌਤ ਨਾਲ਼, ਤਿੰਨ ਮੈਂਬਰੀ ਪਰਿਵਾਰ ਜੋ ਉਸ 'ਤੇ ਨਿਰਭਰ ਸੀ, ਲਾਚਾਰ ਹੋ ਗਿਆ ਹੈ। "ਮੇਰੀ ਨਜ਼ਰ ਜਾਣ ਤੋਂ ਬਾਅਦ ਉਹ ਹੀ ਮੇਰੇ ਲਈ ਮਾਰਗ ਦਰਸ਼ਕ ਸੀ," ਸੁਬੂ ਕਾਨੀ ਨਮ ਅੱਖਾਂ ਨਾਲ਼ ਕਹਿੰਦੇ ਹਨ।

ਬਾਲਾਮੁਰੂਗਨ ਦੇ ਪਿੱਛੇ ਉਨ੍ਹਾਂ ਦੀ ਪਤਨੀ ਪੰਚਵਰਨਮ ਅਤੇ ਬੱਚੇ ਪੰਡਿਆਰਾਜਨ ਅਤੇ ਭਵਾਨੀ ਰਹਿ ਗਏ ਹਨ


ਖੱਬੇ: ਬਾਲਾਮੁਰੂਗਨ ਆਪਣੇ ਪਰਿਵਾਰ ਨੂੰ ਯਾਤਰਾ 'ਤੇ ਲਿਜਾਇਆ ਕਰਦੇ। ਇਹ ਤਸਵੀਰ ਕੰਨਿਆਕੁਮਾਰੀ ਦੀ ਯਾਤਰਾ ਦੌਰਾਨ ਲਈ ਗਈ ਸੀ। ਸੱਜੇ: ਭਵਾਨੀ ਦੇ ਫ਼ੋਨ 'ਤੇ ਬਾਲਾਮੁਰੂਗਨ ਦੀ ਫ਼ੋਟੋ
ਇੰਦਰਾਣੀ ਵੀ ਉਸੇ ਅੱਗ ਦਾ ਸ਼ਿਕਾਰ ਬਣ ਗਈ ਸੀ। ਉਹ ਗੋਡਿਆਂ ਦੇ ਗੰਭੀਰ ਦਰਦ ਤੋਂ ਪੀੜਤ ਸਨ ਅਤੇ ਉਨ੍ਹਾਂ ਲਈ ਅੱਧੇ ਮਿੰਟ ਤੋਂ ਵੱਧ ਖੜ੍ਹੇ ਰਹਿਣਾ ਅਸੰਭਵ ਹੁੰਦਾ। ਪਰ ਮਿਰਗੀ ਤੋਂ ਪੀੜਤ ਆਪਣੇ ਪਤੀ ਅਤੇ ਆਪਣੇ ਬੱਚਿਆਂ ਦੀ ਦੇਖਭਾਲ਼ ਕਰਨ ਲਈ ਉਨ੍ਹਾਂ ਕੋਲ਼ ਕੰਮ 'ਤੇ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦਾ ਚਾਰ ਮੈਂਬਰੀ ਪਰਿਵਾਰ ਇੱਕ ਕਮਰੇ ਦੇ ਮਕਾਨ 'ਚ ਰਹਿੰਦਾ ਸੀ। ਫਿਰ ਉਨ੍ਹਾਂ ਨੇ ਪੈਸੇ ਉਧਾਰ ਲਏ ਅਤੇ ਇੱਕ ਹੋਰ ਕਮਰਾ ਛੱਤ ਲਿਆ।
"ਮੈਂ ਅਤੇ ਮੇਰੀ ਮਾਂ ਨੇ ਅਗਲੇ ਛੇ ਮਹੀਨਿਆਂ ਵਿੱਚ ਕਰਜ਼ਾ ਚੁਕਾਉਣ ਦੀ ਯੋਜਨਾ ਬਣਾਈ ਸੀ। ਉਹ ਮੇਰੇ ਵਿਆਹ ਨੂੰ ਲੈ ਕੇ ਵੀ ਚਿੰਤਤ ਸੀ। ਹੁਣ ਦੱਸੋ ਇੱਕ ਗ਼ਰੀਬ ਕੁੜੀ, ਜਿਹਦੇ ਬਾਪ ਨੂੰ ਮਿਰਗੀ ਪੈਂਦੀ ਹੋਵੇ, ਨਾਲ਼ ਵਿਆਹ ਕੌਣ ਕਰਾਏਗਾ?'' ਇੰਦਰਾਣੀ ਦੀ ਧੀ ਕਰਤੀਸ਼ਵਰੀ ਪੁੱਛਦੀ ਹਨ। ਉਹ ਇਸ ਸਾਲ ਗਰੁੱਪ 4 ਸ਼੍ਰੇਣੀ ਦੇ ਸਰਕਾਰੀ ਅਹੁਦੇ ਲਈ ਪ੍ਰੀਖਿਆ ਦੇਣ ਦੀ ਯੋਜਨਾ ਬਣਾ ਹੈ। "ਮੇਰੇ ਕੋਲ਼ ਕੋਚਿੰਗ ਸੈਂਟਰਾਂ ਵੱਲੋਂ ਮੰਗੀ ਜਾਂਦੀ ਇੰਨੀ ਫੀਸ ਦੇਣ ਦੀ ਤਾਕਤ ਨਹੀਂ," ਉਹ ਕਹਿੰਦੀ ਹਨ।
ਦਸੰਬਰ 2023 ਵਿੱਚ, ਪਰਿਵਾਰ ਨੇ ਇੱਕ ਹੋਰ ਦੁਖਾਂਤ ਦੇਖਿਆ। ਕਰਤੀਸ਼ਵਰੀ ਦੇ ਪਿਤਾ, ਜੋ ਕ੍ਰਿਸਮਸ ਸਟਾਰ ਬਣਾਉਣ ਲਈ ਉੱਪਰ ਚੜ੍ਹੇ ਸਨ, ਫਿਸਲ ਗਏ ਅਤੇ ਡਿੱਗ ਪਏ। ਇਹ ਡਿੱਗਣਾ ਉਨ੍ਹਾਂ ਲਈ ਬੜਾ ਘਾਤਕ ਸਾਬਤ ਹੋਇਆ। ਪਰਿਵਾਰਕ ਕਰਜ਼ੇ ਹੇਠ ਕਰਤੀਸ਼ਵਰੀ ਜਿਓਂ ਨਪੀੜੀ ਜਾ ਰਹੀ ਹਨ ਤੇ ਗਰੁੱਪ 4 ਨੌਕਰੀ ਦਾ ਸੁਪਨਾ ਹੁਣ ਦਮ ਤੋੜ ਜਾਵੇਗਾ।
ਪਿੰਡ ਦੀ ਗੁਰੂਵੰਮਾ ਵਰਗੀਆਂ ਕੁਝ ਔਰਤਾਂ ਇੱਕ ਮਾਚਿਸ ਫ਼ੈਕਟਰੀ ਵਿੱਚ ਕੰਮ ਕਰਦੀਆਂ ਸਨ, ਜਿੱਥੇ ਉਨ੍ਹਾਂ ਨੂੰ ਮਾਚਿਸ ਦੇ 110 ਡੱਬੇ ਕੱਟਣ ਤੇ ਪੈਕ ਕਰਨ ਬਦਲੇ ਸਿਰਫ਼ 3 ਰੁਪਏ ਮਿਲ਼ਦੇ ਸਨ। ਬਾਅਦ ਵਿੱਚ, ਜਦੋਂ ਔਰਤਾਂ ਨੂੰ ਅਹਿਸਾਸ ਹੋਇਆ ਕਿ ਘੱਟ ਤਨਖਾਹ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਤਾਂ ਉਨ੍ਹਾਂ ਨੇ ਸਮੂਹਿਕ ਤੌਰ 'ਤੇ ਨੌਕਰੀ ਛੱਡਣ ਅਤੇ ਪਟਾਕਿਆਂ ਦੀ ਫ਼ੈਕਟਰੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ।


ਖੱਬੇ: ਮੁਨੀਸ਼ਵਰੀ ਦੀ ਹਫ਼ਤਾਵਾਰੀ ਉਜਰਤ ਦੀ ਖਾਤਾ ਬੁੱਕ। ਉਨ੍ਹਾਂ ਦੀ ਹਫ਼ਤਾਵਾਰੀ ਕਮਾਈ ਕਦੇ ਵੀ 1,000 ਰੁਪਏ ਤੱਕ ਨਹੀਂ ਪਹੁੰਚੀ। ਸੱਜੇ: ਤਿਰੂਚੇਂਦੁਰ ਵਿੱਚ ਖਿੱਚੀ ਗਈ ਇੱਕ ਫ਼ੋਟੋ ਵਿੱਚ ਸੰਧਿਆ ਅਤੇ ਮੁਨੇਸ਼ਵਰੀ


ਖੱਬੇ: ਸੰਧਿਆ ਵੱਲੋਂ ਆਪਣੀ ਮਾਂ ਮੁਨੀਸ਼ਵਰੀ ਨੂੰ ਚਿੱਠੀ ਲਿਖੀ, ਜਿਸ ਦੀ ਹਾਦਸੇ ਵਿੱਚ ਮੌਤ ਹੋ ਗਈ ਸੀ। ਸੱਜੇ: ਸੰਧਿਆ ਆਪਣੀ ਦਾਦੀ ਨਾਲ਼
ਇਸ ਪਿੰਡ ਵਿੱਚ ਰੁਜ਼ਗਾਰ ਦਾ ਇੱਕੋ ਇੱਕ ਵਿਕਲਪ ਖੇਤੀਬਾੜੀ ਹੈ। ਪਰ ਇਹ ਹੁਣ ਕੋਈ ਵਿਕਲਪ ਨਹੀਂ ਹੈ ਕਿਉਂਕਿ ਸੋਕੇ ਅਤੇ ਅਕਾਲ ਨੇ ਜ਼ਮੀਨ ਨੂੰ ਖੇਤੀ ਯੋਗ ਨਹੀਂ ਰਹਿਣ ਦਿੱਤਾ ਹੈ। ਕੁਝ ਖੇਤਰਾਂ ਵਿੱਚ, ਜਿੱਥੇ ਜ਼ਮੀਨਦੋਜ਼ ਪਾਣੀ ਅਜੇ ਹੈ, ਉੱਥੇ ਵੀ ਜ਼ਿਮੀਂਦਾਰ ਢੁੱਕਵੀਆਂ ਦਿਹਾੜੀਆਂ ਨਹੀਂ ਦਿੰਦੇ। ਇਸ ਲਈ, ਕੁਰੂਵੰਮਾ ਵਰਗੀਆਂ ਔਰਤਾਂ ਇੱਕ ਫ਼ੈਕਟਰੀ ਵਿੱਚ ਕੰਮ ਕਰਨ ਦੇ ਨਾਲ਼-ਨਾਲ਼ ਭੇਡਾਂ ਅਤੇ ਪਸ਼ੂ ਪਾਲਦੀਆਂ ਹਨ। ਹਾਲਾਂਕਿ, ਉਨ੍ਹਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਸੋਕੇ ਕਾਰਨ ਪਸ਼ੂਆਂ ਨੂੰ ਚਰਾਉਣ ਲਈ ਘਾਹ ਦੇ ਮੈਦਾਨ ਨਹੀਂ ਰਹੇ।
ਪਿੰਡ ਵਾਸੀਆਂ ਲਈ ਇੱਕੋ ਇੱਕ ਵਿਕਲਪਕ ਰੁਜ਼ਗਾਰ ਮਨਰੇਗਾ ਹੈ, ਜਿਸ ਨੂੰ ਰਾਜ ਵਿੱਚ ਨੂਰ ਨਾਲ਼ ਵੇਲਈ (100 ਦਿਨਾਂ ਦਾ ਕੰਮ) ਵਜੋਂ ਜਾਣਿਆ ਜਾਂਦਾ ਹੈ। ਆਪਣੀ ਪਤਨੀ ਥੰਗਾਮਾਲਾਈ ਨੂੰ ਗੁਆਉਣ ਵਾਲ਼ੇ ਟੀ.ਮਹਿੰਦਰਨ ਨੇ ਕਿਹਾ ਕਿ ਜੇਕਰ ਸਰਕਾਰ 100 ਦਿਨਾਂ ਦੇ ਕਾਰਜ ਦਿਵਸਾਂ ਨੂੰ ਸਾਲ ਦੇ 365 ਦਿਨ ਤੱਕ ਵਧਾ ਦਿੰਦੀ ਤਾਂ ਪਿੰਡ ਦੀਆਂ ਔਰਤਾਂ ਨੂੰ ਲਾਭ ਮਿਲ਼ਦਾ।
ਮਹਿੰਦਰਨ ਦਾ ਦੋਸ਼ ਹੈ ਕਿ ਇਲਾਕੇ ਦੀਆਂ ਪਟਾਕਾ ਫ਼ੈਕਟਰੀਆਂ ਕੋਲ਼ ਢੁੱਕਵੇਂ ਲਾਈਸੈਂਸ ਵੀ ਨਹੀਂ ਹਨ ਤੇ ਜਿਨ੍ਹਾਂ ਸਰਕਾਰੀ ਅਧਿਕਾਰੀਆਂ ਨੂੰ ਇਨ੍ਹਾਂ ਫ਼ੈਕਟਰੀਆਂ ਦੀ ਨਿਗਰਾਨੀ ਕਰਨੀ ਚਾਹੀਦੀ ਸੀ, ਉਨ੍ਹਾਂ ਨੇ ਇਨ੍ਹਾਂ ਫ਼ੈਕਟਰੀਆਂ ਨੂੰ ਛੇ ਮਹੀਨਿਆਂ ਤੋਂ ਵੱਧ ਸਮੇਂ ਲਈ ਬੰਦ ਰੱਖਣ ਦੀ ਹਿੰਮਤ ਨਾ ਕੀਤੀ। ਨਤੀਜੇ ਵਜੋਂ, ਫ਼ੈਕਟਰੀ ਸੱਤਵੇਂ ਮਹੀਨੇ ਦੁਬਾਰਾ ਖੁੱਲ੍ਹਦੀ ਹੈ। ਇਹ ਕੋਈ ਪਹਿਲਾ ਹਾਦਸਾ ਨਹੀਂ ਹੈ: ਅਕਤੂਬਰ 2023 ਨੂੰ ਕ੍ਰਿਸ਼ਨਾਗਿਰੀ ਦੀ ਫ਼ੈਕਟਰੀ ਵਿੱਚ ਇਸੇ ਤਰ੍ਹਾਂ ਦੀ ਅੱਗ ਵਿੱਚ ਅੱਠ ਦਲਿਤ ਬੱਚਿਆਂ ਦੀ ਮੌਤ ਹੋ ਗਈ ਸੀ। ਇਹ ਵੀ ਪੜ੍ਹੋ: 'ਹਰ ਘਰ ਬਣਿਆ ਕਬਰਿਸਤਾਨ'
ਦਿਲ ਦਹਿਲਾ ਦੇਣ ਵਾਲ਼ੀ ਇਹ ਘਟਨਾ ਸੋਗ, ਘਾਟਾ ਅਤੇ ਬਚੇ ਹੋਏ ਲੋਕਾਂ ਦਰਪੇਸ਼ ਕਠੋਰ ਹਕੀਕਤਾਂ ਤੇ ਚੁਣੌਤੀਆਂ ਪਿਛਾਂਹ ਛੱਡ ਗਈ ਹੈ, ਜੋ ਸਮਾਜਿਕ ਅਤੇ ਸਰਕਾਰੀ ਸਹਾਇਤਾ ਦੋਵਾਂ ਦੀ ਤੁਰੰਤ ਹੱਥ ਵਧਾਉਣ ਦੀ ਲੋੜ ਨੂੰ ਉਜਾਗਰ ਕਰਦੀ ਹੈ। ਇੱਥੇ ਪ੍ਰਭਾਵਿਤ ਲੋਕਾਂ ਦੀਆਂ ਜੀਵਨ ਕਹਾਣੀਆਂ ਬਿਹਤਰ ਕੰਮ ਦੇ ਵਾਤਾਵਰਣ, ਸੁਰੱਖਿਆ ਸਾਵਧਾਨੀਆਂ ਅਤੇ ਵਿਆਪਕ ਸਮਾਜਿਕ ਸੁਰੱਖਿਆ-ਤੰਤਰ ਨੂੰ ਤੁਰੰਤ ਬਦਲੇ ਜਾਣ ਨੂੰ ਦਰਸਾਉਂਦੀਆਂ ਹਨ। ਇਹ ਘਟਨਾਵਾਂ ਘੋਸ਼ਣਾ ਕਰਦੀਆਂ ਹਨ ਕਿ ਹਰ ਦੁਖਦਾਈ ਘਟਨਾ ਵਿੱਚ ਇੱਛਾਵਾਂ, ਮੁਸ਼ਕਲਾਂ ਅਤੇ ਆਪਣੇ ਪਿਆਰਿਆਂ ਦੁਆਰਾ ਅਨੁਭਵ ਕੀਤੇ ਗਏ ਦਿਲ ਦਹਿਲਾ ਦੇਣ ਵਾਲ਼ੇ ਦੁੱਖ ਵਾਲ਼ੇ ਵਿਅਕਤੀ ਸ਼ਾਮਲ ਹੁੰਦੇ ਹਨ।


ਐੱਸ ਕੁਰੂਵੰਮਲ (ਖੱਬੇ) ਦੀ ਇਸ ਹਾਦਸੇ ਵਿੱਚ ਮੌਤ ਹੋ ਗਈ। ਉਨ੍ਹਾਂ ਦੇ ਪਤੀ ਸੁਬੂ ਕਾਨੀ ਨੂੰ ਦ੍ਰਿਸ਼ਟੀ ਦੀ ਸਮੱਸਿਆ ਹੈ ਅਤੇ ਕੁਰੂਵੰਮਲ ਪਰਿਵਾਰ ਦਾ ਢਿੱਡ ਭਰਨ ਲਈ ਫ਼ੈਕਟਰੀ ਵਿੱਚ ਕੰਮ ਕਰਦੀ ਸਨ


ਖੱਬੇ: ਇੰਦਰਾਣੀ ਜਿਨ੍ਹਾਂ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ। ਇਹ ਵੀਡੀਓ ਉਸ ਸਮੇਂ ਬਣਾਈ ਗਈ ਸੀ ਜਦੋਂ ਉਨ੍ਹਾਂ ਦੀ ਧੀ ਕਰਤੀਸ਼ਵਰੀ ਛੁੱਟੀਆਂ ਦੌਰਾਨ ਆਪਣੀ ਮਾਂ ਨਾਲ਼ ਫ਼ੈਕਟਰੀ ਗਈ ਸੀ। ਸੱਜੇ: ਇੰਦਰਾਣੀ ਦੇ ਪਤੀ ਮੁਰੂਗਾਨੰਦਮ ਪੂਰੀ ਤਰ੍ਹਾਂ ਆਪਣੀ ਪਤਨੀ ਦੀ ਦੇਖਭਾਲ਼ ' ਤੇ ਨਿਰਭਰ ਸਨ । ਪਤਨੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ। ਦਸੰਬਰ 2023 ' ਚ ਉਹ ਕੁਰਸੀ ਤੋਂ ਤਿਲ਼ਕ ਗਏ ਅਤੇ ਫੌਤ ਹੋ ਗਏ


ਖੱਬੇ: ਉਹ ਸਾੜੀ ਜੋ ਇੰਦਰਾਣੀ ਨੇ ਮਰਨ ਤੋਂ ਪਹਿਲਾਂ ਪਹਿਨੀ ਸੀ। ਸੱਜੇ: ਇੰਦਰਾਣੀ ਦੁਆਰਾ ਬਣਾਏ ਗਏ ਇੱਕ ਛੋਟੇ ਜਿਹੇ ਕਮਰੇ ਵਿੱਚ ਖੜ੍ਹੀ ਕਰਤੀਸ਼ਵਰੀ

ਐੱਸ ਮੁਰੂਗਾਈ ਵੀ ਹਾਦਸੇ ਵਿੱਚ ਸੜ ਗਈ ਪਰ ਖੁਸ਼ਕਿਸਮਤੀ ਨਾਲ਼ ਉਹ ਬਚ ਗਈ

ਥੰਗਾਮਾਲਾਈ ਦਾ ਪਤੀ ਆਪਣੀ ਪਤਨੀ ਦੀ ਫ਼ੋਟੋ ਲੱਭ ਰਿਹਾ ਹੈ। ਇਸ ਹਾਦਸੇ ' ਚ ਉਸ ਦੀ ਪਤਨੀ ਦੀ ਵੀ ਮੌਤ ਹੋ ਗਈ

ਤਸਵੀਰ ਵਿੱਚ ਉਹ ਆਪਣੀ ਪਤਨੀ ਨਾਲ਼ ਨਜ਼ਰ ਆ ਰਹੇ ਹਨ

'
ਮੇਰਾ ਮੰਨਣਾ ਹੈ ਇਸ ਹਾਦਸੇ ਨੂੰ ਲੈ ਕੇ ਤਿਆਰ ਕੀਤੀ ਇਸ ਫ਼ੋਟੋ ਸਟੋਰੀ ਨਾਲ਼ ਕਰਤੀਸ਼ਵਰੀ ਦੀ ਜ਼ਿੰਦਗੀ
ਵਿੱਚ ਕੁਝ ਰੌਸ਼ਨੀ ਆਵੇਗੀ,
'
ਫ਼ੋਟੋਗ੍ਰਾਫਰ ਪਲਾਨੀ ਕੁਮਾਰ ਕਹਿੰਦੇ ਹਨ
ਪੰਜਾਬੀ ਤਰਜਮਾ: ਕਮਲਜੀਤ ਕੌਰ