ਦੋ ਬੱਚਿਆਂ ਦੀ ਇਕੱਲੀ ਮਾਂ ਕੇ. ਨਾਗੰਮਾ ਪੁੱਛਦੇ ਹਨ, "ਕੀ ਇਸ ਬਜਟ ਨਾਲ਼ ਤਕਲੀਫ਼ਾਂ ਮਾਰੀ ਸਾਡੀ ਜ਼ਿੰਦਗੀ ਵਿੱਚ ਕੋਈ ਤਬਦੀਲੀ ਆਏਗੀ?" ਉਨ੍ਹਾਂ ਦੇ ਪਤੀ ਦੀ 2007 ਵਿੱਚ ਸੈਪਟਿਕ ਟੈਂਕ ਦੀ ਸਫ਼ਾਈ ਕਰਦੇ ਸਮੇਂ ਮੌਤ ਹੋ ਗਈ ਸੀ। ਇਸ ਦੁਖਦਾਈ ਘਟਨਾ ਨੇ ਉਨ੍ਹਾਂ ਨੂੰ ਸਫ਼ਾਈ ਕਰਮਚਾਰੀਆਂ ਦੇ ਅੰਦੋਲਨ ਨਾਲ਼ ਜੋੜਿਆ, ਜਿੱਥੇ ਉਹ ਹੁਣ ਕੋਆਰਡੀਨੇਟਰ ਦੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੀ ਵੱਡੀ ਧੀ ਸ਼ੈਲਾ ਨਰਸ ਹਨ, ਜਦਕਿ ਉਨ੍ਹਾਂ ਦੀ ਛੋਟੀ ਬੇਟੀ ਆਨੰਦੀ ਅਸਥਾਈ ਸਰਕਾਰੀ ਨੌਕਰੀ ਵਿੱਚ ਹਨ।
''ਬਜਟ ਸਾਡੇ ਲਈ ਇੱਕ ਫੈਂਸੀ ਸ਼ਬਦ ਤੋਂ ਵੱਧ ਕੁਝ ਨਹੀਂ। ਅਸੀਂ ਜੋ ਕਮਾਉਂਦੇ ਹਾਂ ਉਸ ਨਾਲ਼ ਆਪਣਾ ਘਰੇਲੂ ਬਜਟ ਤੱਕ ਨਹੀਂ ਤੋਰ ਪਾਉਂਦੇ ਅਤੇ ਅਸੀਂ ਸਰਕਾਰੀ ਯੋਜਨਾਵਾਂ ਤੋਂ ਵਾਂਝੇ ਰਹਿ ਜਾਂਦੇ ਹਾਂ। ਵੈਸੇ ਵੀ, ਬਜਟ ਦਾ ਕੀ ਮਤਲਬ ਹੈ? ਕੀ ਇਹ ਬਜਟ ਮੇਰੀਆਂ ਧੀਆਂ ਦੇ ਵਿਆਹ ਵਿੱਚ ਮਦਦ ਕਰੇਗਾ?"
ਨਾਗੰਮਾ ਦੇ ਮਾਪੇ ਉਨ੍ਹਾਂ ਦੇ ਜਨਮ ਤੋਂ ਪਹਿਲਾਂ ਚੇਨੱਈ ਚਲੇ ਗਏ ਸਨ, ਇਸ ਲਈ ਨਾਗੰਮਾ ਦਾ ਜਨਮ ਅਤੇ ਪਾਲਣ-ਪੋਸ਼ਣ ਚੇਨੱਈ ਵਿੱਚ ਹੋਇਆ ਸੀ। 1995 ਵਿੱਚ, ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦਾ ਵਿਆਹ ਆਪਣੀ ਭੈਣ ਦੇ ਬੇਟੇ ਨਾਲ਼ ਕਰਵਾ ਦਿੱਤਾ, ਜੋ ਉਨ੍ਹਾਂ ਦੇ ਜੱਦੀ ਸ਼ਹਿਰ ਨਗੁਲਾਪੁਰਮ ਵਿੱਚ ਰਹਿੰਦਾ ਸੀ। ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲ੍ਹੇ ਦੇ ਪਾਮੁਰੂ ਕਸਬੇ ਦੇ ਨੇੜੇ ਸਥਿਤ ਇਸ ਪਿੰਡ ਵਿੱਚ, ਉਨ੍ਹਾਂ ਦੇ ਪਤੀ, ਕੰਨਨ ਮਿਸਤਰੀ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਪਰਿਵਾਰ ਮਦੀਗਾ ਭਾਈਚਾਰੇ ਨਾਲ਼ ਸਬੰਧਤ ਹੈ, ਜੋ ਅਨੁਸੂਚਿਤ ਜਾਤੀ ਵਜੋਂ ਸੂਚੀਬੱਧ ਹੈ। ਨਾਗੰਮਾ ਯਾਦ ਕਰਦੇ ਹਨ,"ਦੋ ਬੱਚਿਆਂ ਦੇ ਜਨਮ ਤੋਂ ਬਾਅਦ, ਅਸੀਂ ਆਪਣੀਆਂ ਧੀਆਂ ਦੀ ਪੜ੍ਹਾਈ ਲਈ 2004 ਵਿੱਚ ਚੇਨੱਈ ਜਾਣ ਦਾ ਫ਼ੈਸਲਾ ਕੀਤਾ। ਹਾਲਾਂਕਿ, ਚੇਨੱਈ ਜਾਣ ਦੇ ਸਿਰਫ਼ ਤਿੰਨ ਸਾਲ ਬਾਅਦ ਕੰਨਨ ਦੀ ਮੌਤ ਹੋ ਗਈ।


ਕੇ . ਨਾਗੰਮਾ ਆਪਣੀਆਂ ਬੇਟੀਆਂ - ਸ਼ੀਲਾ ਅਤੇ ਆਨੰਦੀ ਨਾਲ਼
ਨਾਗੰਮਾ, ਚੇਨਈ ਦੇ ਗਿੰਡੀ ਦੇ ਨੇੜੇ ਸੇਂਟ ਥੋਮਸ ਮਾਊਂਟ ਦੀ ਇੱਕ ਸੰਕਰੀ ਗਲ਼ੀ ਵਿੱਚ ਬਹੁਤ ਛੋਟੇ ਘਰ ਵਿੱਚ ਰਹਿੰਦੇ ਹਨ। ਪੰਜ ਸਾਲ ਪਹਿਲਾਂ ਜਦੋਂ ਮੇਰੀ ਉਨ੍ਹਾਂ ਨਾਲ਼ ਮੁਲਾਕਾਤ ਹੋਈ ਸੀ, ਉਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਖ਼ਾਸ ਬਦਲਾਅ ਨਹੀਂ ਆਇਆ। "ਜਦੋਂ ਸੋਨਾ 20-30,000 ਰੁਪਏ ਪ੍ਰਤੀ ਸੋਵਰਨ [ਇੱਕ ਸੋਵਰਨ ਲਗਭਗ 8 ਗ੍ਰਾਮ ਦਾ ਹੁੰਦਾ ਹੈ] ਸੀ, ਤਾਂ ਮੈਂ ਥੋੜ੍ਹਾ-ਥੋੜ੍ਹਾ ਪੈਸਾ ਬਚਾ ਕੇ ਇੱਕ ਜਾਂ ਦੋ ਸੋਵਰਨ ਸੋਨਾ ਖਰੀਦਣ ਦਾ ਸੋਚਿਆ ਸੀ। ਫਿਲਹਾਲ, ਜਦੋਂ ਇੱਕ ਸੋਵਰਨ ਦੀ ਕੀਮਤ 60-70,000 ਰੁਪਏ ਦੇ ਵਿਚਕਾਰ ਹੈ, ਤਾਂ ਮੈਂ ਆਪਣੀਆਂ ਬੇਟੀਆਂ ਦੀ ਸ਼ਾਦੀ ਦਾ ਖਰਚ ਕਿਵੇਂ ਉਠਾ ਪਾਊਂਗੀ? ਸ਼ਾਇਦ ਇਹ ਤਦ ਹੀ ਹੋ ਪਾਏਗਾ, ਜਦੋਂ ਸ਼ਾਦੀਆਂ ਵਿੱਚ ਸੋਨੇ ਦਾ ਚਲਨ ਬੰਦ ਹੋ ਜਾਵੇਗਾ।"
ਕੁਝ ਦੇਰ ਸੋਚ ਵਿੱਚ ਡੁੱਬੇ ਰਹਿਣ ਦੇ ਬਾਅਦ ਉਹ ਹੌਲ਼ੀ-ਹੌਲ਼ੀ ਕਹਿੰਦੇ ਹਨ,"ਸੋਨੇ ਦੀ ਗੱਲ ਤਾਂ ਭੁੱਲ ਹੀ ਜਾਓ, ਖਾਣ-ਪੀਣ ਦਾ ਕੀ? ਗੈਸ ਸਿਲਿੰਡਰ, ਚਾਵਲ, ਇੱਥੇ ਤੱਕ ਕਿ ਐਮਰਜੈਂਸੀ ਵਿੱਚ ਦੁੱਧ ਦਾ ਸਭ ਤੋਂ ਸਸਤਾ ਪੈਕੇਟ ਵੀ ਖਰੀਦ ਪਾਉਣਾ ਆਪਣੀ ਪਹੁੰਚ ਤੋਂ ਬਾਹਰ ਲੱਗਦਾ ਹੈ। ਜਿੰਨਾ ਚਾਵਲ ਮੈਂ 2,000 ਰੁਪਏ ਵਿੱਚ ਖਰੀਦ ਕੇ ਲਿਆਈ ਹਾਂ, ਉਨਾ ਪਿਛਲੇ ਸਾਲ 1,000 ਵਿੱਚ ਮਿਲ਼ ਜਾਂਦਾ ਸੀ। ਪਰ ਸਾਡੀ ਆਮਦਨ ਹੁਣ ਵੀ ਉਨੀ ਹੀ ਹੈ।"
ਜਦੋਂ ਉਹ ਹੱਥੀਂ ਮੈਲਾ ਢੋਹਣ ਵਾਲ਼ਿਆਂ ਦੇ ਸੰਘਰਸ਼ਾਂ ਬਾਰੇ ਗੱਲ ਕਰਦੇ ਹਨ, ਤਾਂ ਉਨ੍ਹਾਂ ਦੀ ਨਿਰਾਸ਼ਾ ਹੋਰ ਵੀ ਵੱਧ ਜਾਂਦੀ ਹੈ, ਜਿਨ੍ਹਾਂ ਦੀ ਆਵਾਜ਼ ਉਠਾਉਣ ਲਈ ਉਹ ਕੁੱਲਵਕਤੀ ਕਾਰਕੁੰਨ ਬਣ ਗਏ ਹਨ। ਉਹ ਕਹਿੰਦੇ ਹਨ, "ਉਨ੍ਹਾਂ ਲਈ ਕੁਝ ਨਹੀਂ ਕੀਤਾ ਗਿਆ ਹੈ। ਐੱਸਆਰਐੱਮਐੱਸ [ਹੱਥੀਂ ਮੈਲਾ ਚੁੱਕਣ ਵਾਲ਼ੇ ਕਰਮੀਆਂ ਦੇ ਪੁਨਰਵਾਸ ਲਈ ਸਵੈ-ਰੁਜ਼ਗਾਰ ਯੋਜਨਾ] ਨੂੰ 'ਨਮਸਤੇ' ਬਣਾ ਦਿੱਤਾ ਗਿਆ, ਪਰ ਇਸਦਾ ਕੀ ਮਤਲਬ ਹੈ? ਘੱਟੋ-ਘੱਟ ਐੱਸਆਰਐੱਮਐੱਸ ਦੇ ਤਹਿਤ ਅਸੀਂ ਸਮੂਹ ਬਣਾ ਸਕਦੇ ਸੀ ਅਤੇ ਆਦਰ ਨਾਲ਼ ਜਿਊਣ ਲਈ ਕਰਜ਼ਾ ਵੀ ਲੈ ਸਕਦੇ ਸੀ। ਪਰ ਨਮਸਤੇ ਦੇ ਤਹਿਤ ਹੁਣ ਸਾਨੂੰ ਮਸ਼ੀਨਾਂ ਦਿੱਤੀਆਂ ਜਾਂਦੀਆਂ ਹਨ। ਮਤਲਬ ਇਹ ਹੈ ਕਿ ਹੁਣ ਸਾਨੂੰ ਲਾਜ਼ਮੀ ਤੌਰ 'ਤੇ ਉਹੀ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ ਜਿਸਨੂੰ ਕਰਦਿਆਂ ਮੇਰੇ ਪਤੀ ਦੀ ਮੌਤ ਹੋਈ ਸੀ। ਮੈਨੂੰ ਦੱਸੋ ਕਿ ਕੀ ਮਸ਼ੀਨ ਸਾਨੂੰ ਆਦਰ ਦੇ ਸਕਦੀ ਹੈ?"
2023 ਵਿੱਚ ਐੱਸਆਰਐੱਮਐੱਸ ( ਹੱਥੀਂ ਸਫ਼ਾਈ ਕਰਨ ਵਾਲ਼ਿਆਂ ਦੇ ਮੁੜ ਵਸੇਬੇ ਲਈ ਸਵੈ - ਰੁਜ਼ਗਾਰ ਯੋਜਨਾ , 2007) ਦਾ ਨਾਮ ਬਦਲ ਕੇ ਨਮਸਤੇ ਕਰ ਦਿੱਤਾ ਗਿਆ ਸੀ , ਜਿਸਦਾ ਅਰਥ ਹੈ ਨੈਸ਼ਨਲ ਐਕਸ਼ਨ ਫਾਰ ਮਸ਼ੀਨੀ ਸੈਨੀਟੇਸ਼ਨ ਈਕੋਸਿਸਟਮ। ਹਾਲਾਂਕਿ , ਜਿਵੇਂ ਕਿ ਨਾਗੰਮਾ ਦੱਸਦੇ ਹਨ , ਇਸ ਨੇ ਹੱਥੀਂ ਸਫ਼ਾਈ ਕਰਨ ਵਾਲ਼ਿਆਂ ਦੇ ਜੀਵਨ ਵਿੱਚ ਤਬਦੀਲੀ ਲਿਆਉਣ ਦੀ ਬਜਾਏ ਇਸ ਪ੍ਰਥਾ ਨੂੰ ਮਜ਼ਬੂਤ ਕੀਤਾ ਹੈ।
ਤਰਜਮਾ: ਕਮਲਜੀਤ ਕੌਰ