ਸਈਦ ਖੁਰਸ਼ੀਦ ਣੇ ਬਜਟ ਤੇ ਕੋਈ ਖਾਸ ਧਿਆਨ ਨਹੀਂ ਦਿੱਤਾ। “ਮੈਂ ਤਾਂ ਕਿਸੇ ਚੈਨਲ ਤੇ ਖਬਰਾਂ ਦੇਖਣ ਦੀ ਵੀ ਕੋਸ਼ਿਸ਼ ਨਹੀਂ ਕੀਤੀ,” 72 ਸਾਲਾ ਸਈਦ ਦਾ ਕਹਿਣਾ ਹੈ। “ਪਤਾ ਹੀ ਨਹੀਂ ਚੱਲਦਾ ਕਿ ਇਸ ਵਿੱਚ ਕਿੰਨਾ ਸੱਚ ਹੈ ਅਤੇ ਕਿੰਨਾ ਪ੍ਰੋਪੈਗੈਂਡਾ”।
ਉਹਨਾਂ ਨੇ ਕਿਸੇ ਕੋਲੋਂ ਸੁਣਿਆ ਸੀ ਕਿ ਇਸ ਬਜਟ ਵਿੱਚ ਟੈਕਸ ਸਲੈਬ ਵਿੱਚ ਕੁਝ ਬਦਲਾਅ ਕੀਤੇ ਗਏ ਹਨ। “ਪਰ ਮੈਨੂ ਨਹੀਂ ਲੱਗਦਾ ਕਿ ਸਾਡੇ ਮੁਹੱਲੇ ਵਿੱਚ ਕਿਸੇ ਇੱਕ ਬੰਦੇ ਨੂੰ ਵੀ ਇਸ ਤੋਂ ਫਾਇਦਾ ਹੋਵੇਗਾ,” ਉਹ ਹੱਸਦਿਆਂ ਕਹਿੰਦੇ ਹਨ। “ਹਮ ਅਪਨਾ ਕਮਾਤੇ ਹੈਂ ਔਰ ਖਾਤੇ ਹੈਂ [ਅਸੀਂ ਆਪਣਾ ਕਮਾਉਂਦੇ ਹਾਂ ਤੇ ਖਾਂਦੇ ਹਾਂ]”।
ਮਹਾਰਾਸ਼ਟਰ ਦੇ ਪਰਭਾਣੀ ਜਿਲ੍ਹੇ ਦੇ ਗੰਗਾਖੇੜ ਕਸਬੇ ਵਿੱਚ 60 ਸਾਲ ਤੋਂ ਦਰਜੀ ਦਾ ਕੰਮ ਕਰ ਰਹੇ ਹਨ। ਉਹਨਾਂ ਨੇ ਮਹਿਜ ਅੱਠ ਸਾਲਾਂ ਦੀ ਉਮਰ ਵਿੱਚ ਆਪਣੇ ਪਿਤਾ ਤੋਂ ਇਹ ਕਲਾ ਸਿੱਖੀ ਸੀ। ਪਰ ਉਹਨਾਂ ਦੇ ਕੰਮ ਵਿੱਚ ਹੁਣ ਪਹਿਲਾਂ ਵਾਲਾ ਮੁਨਾਫ਼ਾ ਨਹੀਂ ਰਹਿ ਗਿਆ। “ਨੌਜਵਾਨ ਪੀੜੀ ਤਾਂ ਰੈਡੀਮੈਡ ਕੱਪੜੇ ਹੀ ਪਸੰਦ ਕਰਦੀ ਹੈ,” ਉਹ ਦੱਸਦੇ ਹਨ।


ਉਹਨਾਂ 4 ਪੁੱਤਰ ਅਤੇ 2 ਧੀਆਂ ਵਿੱਚੋਂ ਸਿਰਫ਼ ਇੱਕ ਪੁੱਤਰ ਹੀ ਉਹਨਾਂ ਨਾਲ ਦਰਜੀ ਦਾ ਕੰਮ ਕਰਦਾ ਹੈ ਜਦ ਕਿ ਬਾਕੀ ਸਥਾਨਕ ਹੀ ਠੇਕੇ ਤੇ ਕੰਮ ਕਰਦੇ ਹਨ। ਉਹਨਾਂ ਦੀਆਂ ਬੇਟੀਆਂ ਵਿਆਹੀਆਂ ਹਨ ਅਤੇ ਗ੍ਰਿਹਸਤੀ ਸੰਭਾਲਦੀਆਂ ਹਨ
ਇੱਕ ਕਮਰੇ ਵਿੱਚ ਕੰਮ ਕਰਦਿਆਂ, ਦੋ ਜਣਿਆਂ ਦੀ ਮਜਦੂਰੀ ਕੱਢ ਕੇ ਮਹੀਨੇ ਦੇ 20,000 ਰੁਪਏ ਕਮਾ ਲੈਂਦੇ ਹਨ। “ਸ਼ੁਕਰ ਹੈ ਕਿ ਮੇਰੇ ਪਿਤਾ ਨੇ ਇਹ ਦੁਕਾਨ ਖਰੀਦ ਲਈ ਸੀ ਤੇ ਮੈਨੂੰ ਕਿਰਾਇਆ ਨਹੀਂ ਦੇਣਾ ਪੈਂਦਾ। ਨਹੀਂ ਤਾਂ ਇਹ ਕਮਾਈ ਵੀ ਨਹੀਂ ਹੋਣੀ ਸੀ। ਮੈਂ ਜਿਆਦਾ ਪੜਿਆ ਲਿਖਿਆ ਨਹੀਂ,” ਉਹ ਬੜੇ ਹੀ ਸਲੀਕੇ ਨਾਲ ਸਿਲਾਈ ਕਰਦੇ ਹੋਏ ਕੱਪੜੇ ਤੋਂ ਅੱਖ ਚੁੱਕੇ ਬਿਨਾਂ ਹੀ ਕਹਿੰਦੇ ਹਨ।
ਸਰਕਾਰ ਦਾਵਾ ਕਰਦੀ ਹੈ ਕਿ ਉਹਨਾਂ ਨੇ ਬਜਟ ਵਿੱਚ ਘੱਟ ਕਮਾਈ ਵਾਲੇ ਲੋਕਾਂ ਤੇ ਖਾਸ ਧਿਆਨ ਦਿੱਤਾ ਹੈ, “ਪਰ ਇਸ ਦਾ ਫਾਇਦਾ ਕੁਝ ਕੁ ਲੋਕਾਂ ਨੂੰ ਹੀ ਹੋਵੇਗਾ,” ਸਈਦ ਦਾ ਕਹਿਣਾ ਹੈ। “ਸਾਡੇ ਵਰਗੇ ਕੰਮ ਕਰਨ ਵਾਲਿਆਂ ਨੂੰ ਕਿੱਥੇ ਕੁਝ ਮਿਲਦਾ ਹੈ”।
ਤਰਜਮਾ: ਨਵਨੀਤ ਕੌਰ ਧਾਲੀਵਾਲ