ਪਿਛਲੇ ਦਹਾਕੇ ਦੌਰਾਨ ਭਾਰਤ ਵਿੱਚ ਸਕੂਲਾਂ ਵਿੱਚ ਦਾਖਲੇ ਦੀ ਗਿਣਤੀ ਵਿੱਚ 30 ਕਰੋੜ ਦਾ ਇਜਾਫ਼ਾ ਹੋਇਆ ਹੈ, ਪਰ ਸਿੱਖਿਆ ਦਾ ਮਿਆਰ ਕਿੱਥੇ ਹੈ? ਹਰ ਸਾਲ ਜਨਵਰੀ ਵਿੱਚ ਇੱਕ ਨਾਗਰਿਕ ਰਿਪੋਰਟ ਕਾਰਡ (ਏ. ਐਸ. ਈ. ਆਰ. ਜਾਂ ਸਿੱਖਿਆ ਸਥਿਤੀ ਦੀ ਸਲਾਨਾ ਰਿਪੋਰਟ) ਪੇਸ਼ ਕੀਤਾ ਜਾਂਦਾ ਹੈ ਜਿਸ ਵਿੱਚ ਸਕੂਲਾਂ ਵਿੱਚ ਬੱਚਿਆਂ ਦੇ ਸਿੱਖਿਆ ਪੱਧਰ ਬਾਰੇ ਦੱਸਿਆ ਜਾਂਦਾ ਹੈ- ਕਿ ਬੱਚੇ ਸਧਾਰਨ ਲਿਖਤ ਪੜ ਸਮਝ ਸਕਦੇ ਹਨ ਜਾਂ ਨਹੀਂ ਅਤੇ ਕੀ ਉਹਨਾਂ ਨੂੰ ਅੱਖਰਾਂ ਦੀ ਸਮਝ ਹੈ ਜਾਂ ਨਹੀਂ?
ਇਸ ਰਿਪੋਰਟ ਦੀ ਮਿਆਰੀ ਖੋਜ ਸਰਕਾਰ ਦੇ ਨੀਰਸ ਆਂਕੜਿਆਂ ਦੇ ਜ਼ਹਿਰ ਦੇ ਤੋੜ ਵਾਂਗ ਹੈ। ਏ. ਈ. ਐਸ. ਆਰ. ਹਰ ਸਕੂਲੀ ਬੱਚੇ ਦੇ ਮੁੱਢਲੇ ਗਿਆਨ ਦੀ ਪੜਚੋਲ ਕਰਦਾ ਹੈ ਕਿ ਉਹ ਦੂਜੀ ਜਮਾਤ ਦੇ ਪੱਧਰ ਦੀ ਲਿਖਤ ਪੜ੍ਹ ਸਕਦੇ ਹਨ ਅਤੇ ਹਿਸਾਬ ਦੇ ਸਵਾਲ ਹੱਲ ਕਰ ਸਕਦੇ ਹਨ ਜਾਂ ਨਹੀਂ। ਉਦਾਹਰਣ ਵੱਜੋਂ ਸਾਲ 2008 ਵਿੱਚ ਇੱਕ ਸਰਵੇ ਅਨੁਸਾਰ 44 ਪ੍ਰਤੀਸ਼ਤ ਸਕੂਲੀ ਬੱਚੇ ਦੂਜੀ ਜਮਾਤ ਦੇ ਪੱਧਰ ਦੀਆਂ ਸਧਾਰਨ ਜੋੜ ਘਟਾ ਦੀ ਸਮੱਸਿਆਵਾਂ ਵੀ ਹੱਲ ਨਹੀਂ ਕਰ ਸਕਦੇ।
ਇਸ ਤਿੰਨ ਮਹੀਨੇ ਲੰਬੇ ਅਹਿਦ, ਜਿਸ ਦੀ ਕਮਾਨ ਗੈਰ ਸਰਕਾਰੀ ਸੰਸਥਾ ਪ੍ਰਥਮ ਕੋਲ ਹੈ, ਦਾ ਕੰਮ 30,000 ਉਤਸ਼ਾਹਪੂਰਨ ਵਾਲੰਟੀਅਰ ਇਕੱਠੇ ਹੋ ਕੇ ਕਰਦੇ ਹਨ ਜਿਸ ਵਿੱਚ ਵਿਦਿਆਰਥੀ ਅਤੇ ਸਾਇੰਸਦਾਨਾਂ ਤੋਂ ਲੈ ਕੇ ਨਿਵੇਸ਼ ਬੈਂਕਰ ਅਤੇ ਆਚਾਰ ਬਨਾਉਣ ਤੱਕ ਵਾਲੇ ਸ਼ਾਮਿਲ ਹਨ। ਇਹ ਵਾਲੰਟੀਅਰ ਭਾਰਤ ਦੇ ਕਸਬਿਆਂ ਤੇ ਪਿੰਡਾਂ ਵਿੱਚ ਫੈਲ ਕੇ ਬੱਚਿਆਂ ਦੀ ਅਤੇ ਸਕੂਲੀ ਪ੍ਰਬੰਧ ਦੀ ਜਾਂਚ ਕਰਦੇ ਹਨ। ਇਸ ਸਾਲ ਦੇ ਅਨੁਮਾਨ ਅਨੁਸਾਰ 3 ਲੱਖ ਪਰਿਵਾਰਾਂ ਦੇ 7 ਲੱਖ ਬੱਚੇ ਇਸ ਅਧਿਐਨ ਦਾ ਹਿੱਸਾ ਸਨ।


ਖੱਬੇ: ਛੱਤੀਸਗੜ ਵਿੱਚ ਪਿਛਲੇ ਦਹਾਕੇ ਦੌਰਾਨ ਅਧਿਆਪਨ ਇੱਕ ਆਜੀਵੀਕਾ ਵਜੋਂ ਖਤਮ ਹੀ ਹੋ ਗਿਆ ਹੈ ਜਿਸ ਦੀ ਥਾਂ 21 ਸਾਲਾਂ ਦੇ ਅੰਡਰਗ੍ਰੇਜੁਏਟ ਨਵਨ ਕੁਮਾਰ ਵਰਗੇ ਠੇਕੇ ਤੇ ਰੱਖੇ ਅਧਿਆਪਕਾਂ ਨੇ ਲੈ ਲਈ ਹੈ। ਸੱਜੇ: ਰਾਸ਼ਟਰੀ ਬਾਲਗ ਸਾਖਰਤਾ ਮਿਸ਼ਨ ਦਾ ਹਿੱਸਾ ਬਣਨ ਤੋਂ ਬਾਅਦ ਹੁਣ ਚੌਲਾਂ ਦੀ ਕਾਸ਼ਤਕਾਰ ਹੀਰਾਮਤੀ ਠਾਕੁਰ ਸਧਾਰਨ ਭਾਸ਼ਾ ਦੀ ਲਿਖਤ ਅਟਕ ਅਟਕ ਕੇ ਪੜ੍ਹ ਲੈਂਦੀ ਹੈ
ਜਦੋਂ ਪ੍ਰਥਮ ਦੇ ਇੱਕ ਅਧਿਆਪਕ ਸਵਾਮੀ ਅਲੋਨ ਨੇ 9 ਸਾਲਾਂ ਦੀ ਗੀਤਾ ਠਾਕੁਰ ਦਾ ਟੈਸਟ ਲਿਆ ਤੇ ਜੋ ਅੰਕ ਪ੍ਰਾਪਤ ਹੋਏ ਉਹ ਚੌਥੀ ਜਮਾਤ ਦੀ ਵਿਦਿਆਰਥਣ ਨੂੰ ਰਵਾਉਣ ਲਈ ਕਾਫ਼ੀ ਸਨ। ਇਸ ਦੀ ਇੱਕ ਵਜ੍ਹਾ: ਉਸ ਦੇ ਪਿੰਡ ਦੇ ਸਕੂਲ ਵਿੱਚ ਲਾਜਮੀ 4 ਅਧਿਆਪਕਾਂ ਦੀ ਥਾਂ ਸਿਰਫ਼ ਇੱਕ ਹੀ ਅਧਿਆਪਕ ਹੋਣਾ ਹੈ।
ਪਿਛਲੇ ਇੱਕ ਦਹਾਕੇ ਦੌਰਾਨ ਛੱਤੀਸਗੜ ਵਿੱਚ ਅਧਿਆਪਨ ਕਾਰਜ ਇੱਕ ਆਜੀਵੀਕਾ ਦੇ ਸਾਧਨ ਵਜੋਂ ਖਤਮ ਹੀ ਹੋ ਗਿਆ ਹੈ ਕਿਉਂਕਿ ਸਰਕਾਰ ਹੁਣ ਘੱਟ ਤਨਖਾਹ ਦੇ ਕੇ ਠੇਕੇ 'ਤੇ ਅਧੂਰੀ ਯੋਗਤਾ ਵਾਲੇ ਅਧਿਆਪਕਾਂ ਨੂੰ ਭਰਤੀ ਕਰਦੀ ਹੈ। 21 ਸਾਲਾ ਅੰਡਰਗ੍ਰੇਜੁਏਟ ਨਵਨ ਕੁਮਾਰ ਨੇ ਵੀ ਠੇਕੇ 'ਤੇ ਅਧਿਆਪਕ ਭਰਤੀ ਹੋਣ ਲਈ ਅਰਜੀ ਦਿੱਤੀ ਹੈ। ਜਦ ਸਰਵੇ ਕਰਨ ਵਾਲਿਆਂ ਨੇ ਉਹਨਾਂ ਦੀ ਪਰਖ ਕੀਤੀ ਤਾਂ ਉਹ 919 ਨੂੰ 9 ਨਾਲ ਤਕਸੀਮ ਵੀ ਨਹੀਂ ਸੀ ਕਰ ਸਕੇ। ਅਲੋਨ ਦਾ ਕਹਿਣਾ ਹੈ,''ਕਈ ਪਿੰਡਾਂ ਵਿੱਚ ਤਾਂ ਅਧਿਆਪਕਾਂ ਨੂੰ ਆਪ ਹੀ ਮੁੱਢਲਾ ਹਿਸਾਬ ਨਹੀਂ ਆਉਂਦਾ ਅਤੇ ਇਸ ਕਾਰਨ ਬੱਚੇ ਵੀ ਗਲਤ ਹੀ ਸਿੱਖ ਰਹੇ ਹਨ।''
ਭਾਰਤ ਪਹਿਲਾਂ ਹੀ ਦੁਨੀਆਂ ਵਿੱਚ ਸਭ ਤੋਂ ਵੱਧ ਅਨਪੜ੍ਹ ਲੋਕਾਂ ਲਈ ਬਦਨਾਮ ਹੈ- 30 ਕਰੋੜ ਤੋਂ ਵੀ ਜਿਆਦਾ ਲੋਕ ਨਾ ਤਾਂ ਪੜ੍ਹ ਲਿਖ ਸਕਦੇ ਹਨ ਤੇ ਨਾ ਹੀ ਸਧਾਰਨ ਜੋੜ ਘਟਾ ਹੀ ਕਰ ਸਕਦੇ ਹਨ। ਇਸ ਸਾਲ ਏ.ਐੱਸ.ਈ.ਆਰ. ਔਰਤਾਂ ਦਾ ਵੀ ਸਾਖਰਤਾ ਪੱਧਰ ਜਾਂਚ ਰਹੇ ਹਨ ਤਾਂ ਜੋ ਇਹ ਪਤਾ ਲਾਇਆ ਜਾਂ ਸਕੇ ਕਿ ਮਾਂ ਦੇ ਸਿੱਖਿਅਤ ਹੋਣ ਦਾ ਬੱਚੇ ਦੀ ਸਿੱਖਿਆ 'ਤੇ ਕੋਈ ਪ੍ਰਭਾਵ ਪੈਂਦਾ ਹੈ ਜਾਂ ਨਹੀਂ। ਝੋਨਾ ਕਾਸ਼ਤਕਾਰ ਹੀਰਾਮਤੀ ਠਾਕੁਰ ਉਮਰ ਦੇ ਪੰਜਾਹਵਿਆਂ ਵਿੱਚ ਹਨ ਅਤੇ ਛੋਟੀ ਉਮਰੇ ਹੀ ਉਹਨਾਂ ਦਾ ਸਕੂਲ ਛੁਡਵਾ ਕੇ ਵਿਆਹ ਕਰ ਦਿੱਤਾ ਗਿਆ ਸੀ। ਉਹਨਾਂ ਦੇ ਬੱਚਿਆਂ ਨੇ, ਜੋ ਹੁਣ ਬਾਲਗ ਹੋ ਚੁੱਕੇ ਹਨ, ਵੀ ਸਕੂਲ ਵਿਚਾਲੇ ਹੀ ਛੱਡ ਦਿੱਤਾ ਸੀ। ਇਸ ਸਾਲ ਰਾਸ਼ਟਰੀ ਸਾਖਰਤਾ ਮਿਸ਼ਨ ਦਾ ਹਿੱਸਾ ਬਣ ਕੇ ਹੀਰਾਮਤੀ ਜੀ ਅਟਕ ਅਟਕ ਕੇ ਪੜ੍ਹ ਲੈਂਦੇ ਹਨ। “ਜੇ ਅੱਜ ਦੇ ਜਮਾਨੇ ਵਿੱਚ ਗਰੀਬ ਬੰਦਾ ਪੜ੍ਹਿਆ ਲਿਖਿਆ ਨਹੀਂ ਤਾਂ ਉਸ ਦੀ ਜ਼ਿੰਦਗੀ ਇੱਕ ਕੁਲੀ ਤੋਂ ਵੱਧ ਕੇ ਕੁਝ ਵੀ ਨਹੀਂ। ਮੈਂ ਜਦ ਵੀ ਵਿਹਲੀ ਹੁੰਦੀ ਹਾਂ ਤਾਂ ਕਿਤਾਬ ਲੈ ਕੇ ਆਪਣੇ ਆਪ ਸਿੱਖਣ ਦੀ ਕੋਸ਼ਿਸ਼ ਕਰਦੀ ਹਾਂ,'' ਉਹ ਮੁਸਕੁਰਾ ਕੇ ਸਰਵੇ ਕਰਨ ਵਾਲਿਆਂ ਨੂੰ ਪੁੱਛਦੇ ਹਨ, “ਕੀ ਹੁਣ ਮੈਨੂੰ ਨੌਕਰੀ ਮਿਲ ਸਕਦੀ ਹੈ?”


ਖੱਬੇ: ਪਿੰਡ ਦਾ ਸਕੂਲ ਇੱਕ ਤਿੰਨ ਕਮਰਿਆਂ ਦੀ ਇਮਾਰਤ ਹੈ ਜਿੱਥੇ ਪਾਣੀ ਅਤੇ ਪਖਾਨੇ ਦੀ ਕੋਈ ਸਹੂਲਤ ਨਹੀਂ। ਸੱਜੇ: ਮਾਧਵ ਜਾਧਵ (ਖੜੇ ਹੋਏ) ਅਤੇ ਸੱਤਿਆ ਪ੍ਰਕਾਸ਼ ਵਰਗੇ ਬੀ. ਐੱਡ. ਦੇ ਵਿਦਿਆਰਥੀ, ਜਿੰਨੀ ਦੇਰ ਠੇਕੇ ਵਾਲੇ ਅਧਿਆਪਕ ਤਨਖਾਹ ਵਧਾਉਣ ਲਈ ਹੜਤਾਲ ‘ਤੇ ਹਨ, ਉਨੀ ਦੇਰ ਬੱਚਿਆਂ ਨੂੰ ਪੜ੍ਹਾ ਰਹੇ ਹਨ
ਪਿੰਡ ਦਾ ਪਹਿਲੀ ਤੋਂ ਸੱਤਵੀਂ ਜਮਾਤ ਤੱਕ ਦਾ ਸਕੂਲ ਤਿੰਨ ਕਮਰਿਆਂ ਦੀ ਇਮਾਰਤ ਹੈ ਜਿੱਥੇ ਢੰਗ ਦੀ ਪੀਣ ਵਾਲੇ ਪਾਣੀ ਅਤੇ ਪਖਾਨੇ ਦੀ ਸਹੂਲਤ ਵੀ ਨਹੀਂ ਹੈ (ਉਸ ਤੇ ਕੰਮ ਚੱਲ ਰਿਹਾ ਹੈ- ਆਦਿਵਾਸੀ ਭਲਾਈ ਵਿਭਾਗ ਦੇ ਪਰੇਸ਼ਾਨ ਅਧਿਕਾਰੀ ਨੇ ਦੱਸਿਆ)। ਇਸ ਸੋਮਵਾਰ ਵੀ ਸਕੂਲ ਵਿੱਚ ਇੱਕ ਵੀ ਅਧਿਆਪਕ ਨਹੀਂ ਸੀ।
ਹਜ਼ਾਰਾਂ ਠੇਕੇ 'ਤੇ ਰੱਖੇ ਗਏ ਅਧਿਆਪਕ ਪੂਰੇ ਰਾਜ ਵਿੱਚ ਆਪਣੀ ਤਨਖਾਹ 4000-6000 ਰੁਪਏ ਤੋਂ ਵਧਾਉਣ ਦੀ ਮੰਗ ਨੂੰ ਲੈ ਕੇ ਹੜਤਾਲ 'ਤੇ ਹਨ। ਇਸ ਲਈ ਮਾਧਵ ਜਾਧਵ (25) ਅਤੇ ਸੱਤਿਆ ਪ੍ਰਕਾਸ਼ ਵਰਗੇ ਬੀ. ਐੱਡ. ਵਿਦਿਆਰਥੀ ਹਫ਼ਤੇ ਵਿੱਚ ਤਿੰਨ ਦਿਨ ਬੱਚਿਆਂ ਨੂੰ ਪੜ੍ਹਾਉਣ ਆਉਂਦੇ ਹਨ। ਇੱਕ ਭੀੜੇ ਜਿਹੇ ਕਮਰੇ ਵਿੱਚ ਪਹਿਲੀ ਤੋਂ ਤੀਜੀ ਜਮਾਤ ਦੇ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ। ਜਾਧਵ ਅਨੁਸਾਰ, “ਬੱਚਿਆਂ ਦੀ ਸਿੱਖਿਆ ਦਾ ਪੱਧਰ ਬਹੁਤ ਨੀਵਾਂ ਹੈ ਅਤੇ ਉਹ ਸਧਾਰਨ ਸਮੱਸਿਆਵਾਂ ਦਾ ਵੀ ਹੱਲ ਨਹੀਂ ਕਰ ਸਕਦੇ। ਇਹਨਾਂ ਸਕੂਲਾਂ 'ਤੇ ਸਖ਼ਤ ਮਿਹਨਤ ਕਰਨ ਦੀ ਲੋੜ ਹੈ।''
ਲੇਖਕ ਨੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ 290 ਕਿਲੋਮੀਟਰ ਦੱਖਣ ਵਿੱਚ ਬਸਤਰ ਦੇ ਪਰਚਨਪਾਲ ਪਿੰਡ ਵਿੱਚ ਭਾਰਤ ਦੇ ਸੰਕਟਗ੍ਰਸਤ ਪਬਲਿਕ ਸਕੂਲਾਂ ਦੇ ਇਸ ਸਨੈਪਸ਼ਾਟ ਲਈ ਸਰਵੇਖਣ ਕਰਦਿਆਂ ਹਫਤੇ ਦੋ-ਤਿੰਨ ਬਿਤਾਏ।
ਤਰਜਮਾ: ਨਵਨੀਤ ਕੌਰ ਧਾਲੀਵਾਲ