“ਯਾਕਾਂ ਦੀ ਆਬਾਦੀ ਘੱਟਦੀ ਜਾ ਰਹੀ ਹੈ,” ਪਦਮਾ ਥੂਮੋ ਨੇ ਕਿਹਾ। 30 ਸਾਲਾਂ ਤੋਂ ਯਾਕ ਚਰਾ ਰਹੀ ਥੂਮੋ ਨੇ ਦੱਸਿਆ, “ਅੱਜ ਕੱਲ੍ਹ ਹੇਠਲੇ ਪਠਾਰ (ਤਕਰੀਬਨ 3,000 ਮੀਟਰ) ’ਤੇ ਬਹੁਤ ਘੱਟ ਯਾਕ ਦਿਖਾਈ ਦਿੰਦੇ ਹਨ।”
ਪਦਮਾ ਜ਼ੰਸਕਾਰ ਬਲਾਕ ਦੇ ਅਬਰਾਨ ਪਿੰਡ ਦੀ ਰਹਿਣ ਵਾਲੀ ਹੈ ਅਤੇ ਲੱਦਾਖ ਦੀਆਂ ਉੱਚੀਆਂ ਅਤੇ ਠੰਢੀਆਂ ਚੋਟੀਆਂ ’ਤੇ ਹਰ ਸਾਲ ਤਕਰੀਬਨ 120 ਜਾਨਵਰਾਂ ਨਾਲ ਸਫ਼ਰ ਕਰਦੀ ਆ ਰਹੀ ਹੈ, ਜਿੱਥੇ ਤਾਪਮਾਨ ਮਨਫੀ 15 ਡਿਗਰੀ ਸੈਲਸੀਅਸ ਤੱਕ ਡਿੱਗ ਜਾਂਦਾ ਹੈ।
ਯਾਕ ( ਬੌਸ ਗਰਨੀਅਨਜ਼ ) ਅਜਿਹੇ ਠੰਢੇ ਤਾਪਮਾਨ ਦੇ ਸੌਖਿਆਂ ਆਦੀ ਹੋ ਜਾਂਦੇ ਹਨ, ਪਰ 13 ਡਿਗਰੀ ਸੈਲਸੀਅਸ ਤੋਂ ਉੱਤੇ ਦੇ ਤਾਪਮਾਨ ਵਿੱਚ ਇਹਨਾਂ ਦਾ ਜਿਉਂਦੇ ਰਹਿਣਾ ਮੁਸ਼ਕਿਲ ਹੁੰਦਾ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਹਾਕਿਆਂ ਵਿੱਚ ਜ਼ੰਸਕਾਰ ਘਾਟੀ ਵਿਚਲੇ ਹੇਠਲੇ ਪਠਾਰਾਂ ਵਿੱਚ ਗਰਮੀਆਂ ਵਿੱਚ ਔਸਤ ਤਾਪਮਾਨ 25 ਤੋਂ 32 ਡਿਗਰੀ ਸੈਲਸੀਅਸ ਤੱਕ ਵਧਣ ਲੱਗਿਆ ਹੈ। “ਸਰਦੀਆਂ ਅਤੇ ਗਰਮੀਆਂ ਦੇ ਤਾਪਮਾਨ ਵਿੱਚ ਬਹੁਤ ਜ਼ਿਆਦਾ ਫ਼ਰਕ ਆ ਗਿਆ ਹੈ,” ਘਾਟੀ ਵਿੱਚ ਰਹਿੰਦੇ ਇੱਕ ਡਰਾਈਵਰ, ਤੈਨਜ਼ਿਨ ਐਨ. ਦਾ ਕਹਿਣਾ ਹੈ।
ਇਸ ਅਸਧਾਰਨ ਗਰਮੀ ਦਾ ਯਾਕਾਂ ਦੀ ਆਬਾਦੀ ਉੱਤੇ ਖ਼ਾਸਾ ਅਸਰ ਪਿਆ ਹੈ, 2012 ਤੋਂ ਲੈ ਕੇ 2019 ਤੱਕ ਜੰਮੂ-ਕਸ਼ਮੀਰ ਵਿੱਚ ਇਨ੍ਹਾਂ ਦੀ ਅਬਾਦੀ ਅੱਧੀ ( 20ਵੀਂ ਪਸ਼ੂ ਗਣਨਾ ) ਰਹਿ ਗਈ ਹੈ।

ਪਦਮਾ ਥੂਮੋ ਲੱਦਾਖ ਜ਼ਿਲ੍ਹੇ ਵਿੱਚ ਕਾਰਗਿਲ ਦੇ ਪਿੰਡ ਅਬਰਾਨ ਵਿੱਚ 30 ਸਾਲ ਤੋਂ ਵੱਧ ਸਮੇਂ ਤੋਂ ਯਾਕ ਚਰਾ ਰਹੀ ਹੈ
ਚਾਂਗਥੰਗ ਦੇ ਪਠਾਰਾਂ ਵਿੱਚ ਤਾਂ ਵੱਡੀ ਗਿਣਤੀ ਵਿੱਚ ਯਾਕ ਪਸ਼ੂ ਪਾਲਕ ਹਨ, ਪਰ ਜ਼ੰਸਕਾਰ ਘਾਟੀ ਦੀ ਗੱਲ ਕਰੀਏ ਤਾਂ ਉਹ ਵਿਰਲੇ-ਟਾਂਵੇ ਹੀ ਹਨ। ਇਹਨਾਂ ਨੂੰ ਜ਼ੰਸਕਰਪਾ ਕਿਹਾ ਜਾਂਦਾ ਹੈ ਅਤੇ ਸਥਾਨਕ ਲੋਕਾਂ ਮੁਤਾਬਕ ਇਹਨਾਂ ਦੀ ਗਿਣਤੀ ਵੀ ਘੱਟ ਗਈ ਹੈ। ਲੱਦਾਖ ਦੇ ਕਾਰਗਿਲ ਜ਼ਿਲ੍ਹੇ ਦੇ ਅਬਰਾਨ, ਅਕਸ਼ੋ ਅਤੇ ਚਾਹ ਪਿੰਡਾਂ ਵਿੱਚ ਮਹਿਜ਼ ਕੁਝ ਹੀ ਪਰਿਵਾਰ ਹਨ ਜੋ ਅਜੇ ਵੀ ਯਾਕਾਂ ਦੇ ਇੱਜੜ ਪਾਲ਼ਦੇ ਹਨ।
ਨੌਰਫਲ ਪਸ਼ੂ ਪਾਲਕ ਦੇ ਤੌਰ ’ਤੇ ਕੰਮ ਕਰਦਾ ਸੀ, ਪਰ 2017 ਵਿੱਚ ਉਸ ਨੇ ਆਪਣੇ ਯਾਕ ਵੇਚ ਦਿੱਤੇ ਅਤੇ ਅਬਰਾਨ ਪਿੰਡ ਵਿੱਚ ਮੌਸਮੀ ਦੁਕਾਨ ਖੋਲ੍ਹ ਲਈ। ਉਸਦੀ ਦੁਕਾਨ ਮਈ ਤੋਂ ਲੈ ਕੇ ਅਕਤੂਬਰ ਤੱਕ ਖੁੱਲ੍ਹੀ ਰਹਿੰਦੀ ਹੈ, ਅਤੇ ਉਹ ਚਾਹ, ਬਿਸਕੁਟ, ਪੈਕ ਕੀਤੇ ਖਾਧ ਪਦਾਰਥ, ਕੈਰੋਸੀਨ, ਬਰਤਨ, ਮਸਾਲੇ, ਤੇਲ, ਸੁੱਕਾ ਮਾਸ ਅਤੇ ਹੋਰ ਸਮਾਨ ਵੇਚਦਾ ਹੈ। ਪਸ਼ੂ ਪਾਲਕ ਦੇ ਕੰਮ ਵਿੱਚ ਮਿਹਨਤ ਵੱਧਦੀ ਗਈ ਤੇ ਮੁਨਾਫਾ ਘੱਟਦਾ ਚਲਾ ਗਿਆ, ਉਹ ਯਾਦ ਕਰਦਿਆਂ ਕਹਿੰਦਾ ਹੈ। “ਪਹਿਲਾਂ ਮੇਰੇ ਕੋਲ ਵੀ ਯਾਕ ਸਨ, ਪਰ ਹੁਣ ਮੈਂ ਗਾਵਾਂ ਰੱਖਦਾ ਹਾਂ। ਮੈਨੂੰ ਜ਼ਿਆਦਾਤਰ ਕਮਾਈ ਮੇਰੀ ਦੁਕਾਨ ਤੋਂ ਹੁੰਦੀ ਹੈ, ਮਹੀਨੇ ਵਿੱਚ ਕਈ ਵਾਰ 3,000-4,000 ਰੁਪਏ ਬਣਦੇ ਹਨ ਪਰ ਫੇਰ ਵੀ ਇਹ ਯਾਕ ਚਰਾਉਣ ਨਾਲੋਂ (ਕਮਾਈ ਤੋਂ) ਤਾਂ ਜ਼ਿਆਦਾ ਹੀ ਹੈ।”
ਅਬਰਾਨ ਦੇ ਹੀ ਰਹਿਣ ਵਾਲੇ ਸੋਨਮ ਮੋਤੁਪ ਅਤੇ ਸ਼ੇਰਿੰਗ ਅੰਗਮੋ ਪਿਛਲੇ ਕੁਝ ਦਹਾਕਿਆਂ ਤੋਂ ਯਾਕ ਚਰਾਉਣ ਦਾ ਕੰਮ ਕਰ ਰਹੇ ਹਨ – ਤਕਰੀਬਨ 120 ਯਾਕਾਂ ਦੀ ਸੰਭਾਲ ਦਾ ਕੰਮ। “ਹਰ ਸਾਲ ਗਰਮੀਆਂ ਵਿੱਚ (ਮਈ ਤੋਂ ਅਕਤੂਬਰ) ਅਸੀਂ ਘਾਟੀ ਦੇ ਉੱਚੇ ਪਾਸੇ (ਜਿੱਥੇ ਠੰਢ ਪੈਂਦੀ ਹੈ) ਪਰਵਾਸ ਕਰ ਜਾਂਦੇ ਹਾਂ ਅਤੇ ਚਾਰ ਤੋਂ ਪੰਜ ਮਹੀਨੇ ਡੋਕਸਾ ਵਿੱਚ ਰਹਿੰਦੇ ਹਾਂ,” ਸ਼ੇਰਿੰਗ ਨੇ ਦੱਸਿਆ।
ਡੋਕਸਾ ਇੱਕ ਬਸਤੀ ਹੁੰਦੀ ਹੈ ਜਿੱਥੇ ਕਈ ਕਮਰੇ ਹੁੰਦੇ ਹਨ ਅਤੇ ਕਈ ਵਾਰ ਰਸੋਈ ਵੀ ਹੁੰਦੀ ਹੈ, ਜਿੱਥੇ ਗਰਮੀਆਂ ਵਿੱਚ ਪਰਵਾਸ ਕਰਨ ਵਾਲੇ ਪਰਿਵਾਰ ਜਾ ਕੇ ਰਹਿੰਦੇ ਹਨ। ਇਹਨਾਂ ਨੂੰ ਮਿੱਟੀ ਅਤੇ ਪੱਥਰਾਂ ਵਰਗੀ ਸਮੱਗਰੀ ਨਾਲ ਬਣਾਇਆ ਜਾਂਦਾ ਹੈ, ਅਤੇ ਗੋਠ ਅਤੇ ਮਨੀ ਵੀ ਕਿਹਾ ਜਾਂਦਾ ਹੈ। ਇੱਕ ਪਿੰਡ ਦੇ ਆਜੜੀ ਆਪਣੇ ਪਰਿਵਾਰ ਨਾਲ ਡੋਕਸਾ ਵਿੱਚ ਰਹਿੰਦੇ ਹਨ, ਅਤੇ ਇੱਜੜ ਚਰਾਉਣ ਦਾ ਕੰਮ ਵਾਰੋ-ਵਾਰੀ ਕਰਦੇ ਹਨ। “ਮੈਂ ਜਾਨਵਰਾਂ ਨੂੰ ਚਰਾਉਣ ਜਾਂਦਾ ਹਾਂ ਅਤੇ ਉਹਨਾਂ ਦਾ ਖਿਆਲ ਰੱਖਦਾ ਹਾਂ। ਇੱਥੇ ਜੀਵਨ ਰੁਝੇਂਵਿਆਂ ਭਰਿਆ ਰਹਿੰਦਾ ਹੈ,” ਸੋਨਮ ਨੇ ਕਿਹਾ।
ਇਹਨਾਂ ਮਹੀਨਿਆਂ ਦੌਰਾਨ, ਸੋਨਮ ਅਤੇ ਸ਼ੇਰਿੰਗ ਦਾ ਦਿਨ ਸਵੇਰੇ ਤਿੰਨ ਵਜੇ ਚੁਰਪੀ (ਸਥਾਨਕ ਪਨੀਰ) ਬਣਾਉਣ ਦੇ ਕੰਮ ਨਾਲ ਸ਼ੁਰੂ ਹੁੰਦਾ ਹੈ, ਜਿਸਨੂੰ ਉਹ ਵੇਚਦੇ ਹਨ। “ਸੂਰਜ ਚੜ੍ਹਨ ਤੋਂ ਬਾਅਦ ਅਸੀਂ ਇੱਜੜ ਨੂੰ ਚਰਾਉਣ ਲੈ ਜਾਂਦੇ ਹਾਂ ਅਤੇ ਦੁਪਹਿਰ ਬਾਅਦ ਆਰਾਮ ਕਰਦੇ ਹਾਂ,” 69 ਸਾਲਾ ਸੋਨਮ ਨੇ ਕਿਹਾ।


ਖੱਬੇ : ਦੁਪਹਿਰ ਤੋਂ ਬਾਅਦ ਫੁਰਸਤ ਦੇ ਕੁਝ ਪਲਾਂ ਵਿੱਚ ਸੋਨਮ ਮੋਤੁਪ ਡੋਕਸਾ ਅੰਦਰ ਬੈਠਿਆ ਯਾਕ ਦੀ ਉੱਨ ਨਾਲ ਬੁਣਾਈ ਕਰ ਰਿਹਾ ਹੈ। ਸੱਜੇ: ਸੋਨਮ ਅਤੇ ਸ਼ੇਰਿੰਗ ਨੂੰ ਵਿਆਹ ਦੇ ਬੰਧਨ ਵਿੱਚ ਬੱਝਿਆਂ 40 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ


ਆਪਣੇ ਡੋਕਸਾ ਦੀ ਰਸੋਈ ਵਿੱਚ ਬੈਠੀ ਸ਼ੇਰਿੰਗ ਅੰਗਮੋ (ਖੱਬੇ) ਜਦ ਕਿ ਉਸਦਾ ਪਤੀ, ਸੋਨਮ ਇੱਕ ਦਿਨ ਪਹਿਲਾਂ ਇਕੱਠੇ ਕੀਤੇ ਦੁੱਧ ਨੂੰ ਰਿੜਕ ਰਿਹਾ ਹੈ। ਉਹ ਇਸਨੂੰ ਮੁਸ਼ੱਕਤ ਵਾਲਾ ਕੰਮ ਦੱਸਦਾ ਹੈ
“ਇੱਥੇ (ਜ਼ੰਸਕਾਰ ਘਾਟੀ) ਦੇ ਪਸ਼ੂ ਪਾਲਕ ਆਮ ਤੌਰ ’ਤੇ ਜ਼ੋਮੋ ਉੱਤੇ ਨਿਰਭਰ ਹਨ,” ਸ਼ੇਰਿੰਗ ਨੇ ਕਿਹਾ। ਨਰ ਜ਼ੋ ਅਤੇ ਮਾਦਾ ਜ਼ੋਮੋ ਯਾਕ ਅਤੇ ਕੌਟ ਦੇ ਪ੍ਰਜਣਨ ਤੋਂ ਬਣੀ ਨਸਲ ਹੈ; ਜ਼ੋ (ਨਰ) ਪ੍ਰਜਣਨ ਨਹੀਂ ਕਰ ਸਕਦੇ। “ਅਸੀਂ ਇੱਥੇ ਨਰ ਯਾਕ ਸਿਰਫ਼ ਪ੍ਰਜਣਨ ਲਈ ਰੱਖਦੇ ਹਾਂ। ਸਾਨੂੰ ਜ਼ੋਮੋ ਤੋਂ ਦੁੱਧ ਮਿਲ ਜਾਂਦਾ ਹੈ, ਅਤੇ ਅਸੀਂ ਇਸ ਤੋਂ ਘਿਉ ਅਤੇ ਚੁਰਪੀ ਬਣਾਉਂਦੇ ਹਾਂ,” 65 ਸਾਲਾ ਸ਼ੇਰਿੰਗ ਨੇ ਕਿਹਾ।
ਦੋਵਾਂ ਦਾ ਕਹਿਣਾ ਹੈ ਕਿ ਪਿਛਲੇ ਦਹਾਕੇ ਨਾਲੋਂ ਉਹਨਾਂ ਦੀ ਕਮਾਈ ਹੁਣ ਤੀਜਾ ਹਿੱਸਾ ਹੀ ਰਹਿ ਗਈ ਹੈ। ਉਹਨਾਂ ਵਾਂਗ ਹੋਰ ਲੋਕਾਂ ਲਈ ਵੀ ਹੁਣ ਇਸੇ ਇੱਕੋ ਧੰਦੇ ਉੱਤੇ ਨਿਰਭਰ ਰਹਿਣਾ ਮੁਸ਼ਕਿਲ ਹੋ ਰਿਹਾ ਹੈ। ਜਦ ਅਗਸਤ 2023 ਵਿੱਚ PARI ਨੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਪਸ਼ੂ ਪਾਲਕ ਸਰਦੀਆਂ ਦੇ ਮਹੀਨਿਆਂ ਵਿੱਚ ਲੋੜੀਂਦੇ ਚਾਰੇ ਲਈ ਪਰੇਸ਼ਾਨ ਹੋਏ ਪਏ ਸਨ। ਚਾਰੇ ਦੀ ਸਪਲਾਈ ਲੋੜੀਂਦੇ ਪਾਣੀ ’ਤੇ ਨਿਰਭਰ ਕਰਦੀ ਹੈ, ਪਰ ਲੱਦਾਖ ਵਿੱਚ ਬਰਫ਼ ਪੈਣ ਵਿੱਚ ਆਈ ਕਮੀ ਅਤੇ ਗਲੇਸ਼ੀਅਰਾਂ – ਜੋ ਐਨੀ ਉਚਾਈ ’ਤੇ ਇਸ ਮਾਰੂਥਲ ਵਿੱਚ ਇੱਕੋ-ਇੱਕ ਪਾਣੀ ਦਾ ਸੋਮਾ ਹਨ – ਦੇ ਪਿਘਲਣ ਕਾਰਨ ਖੇਤੀ ’ਤੇ ਬੁਰਾ ਅਸਰ ਪਿਆ ਹੈ।
ਹਾਲਾਂਕਿ ਅਜੇ ਅਬਰਾਨ ਪਿੰਡ ਵਿੱਚ ਕੋਈ ਬਹੁਤਾ ਅਸਰ ਨਹੀਂ ਪਿਆ, ਪਰ ਸੋਨਮ ਚਿੰਤਤ ਹੈ – “ਮੈਂ ਇਸ ਬਾਰੇ ਸੋਚਦਾ ਰਹਿੰਦਾ ਹੈ ਕਿ ਕੀ ਬਣੂ ਜੇ ਵਾਤਾਵਰਣ ਵਿੱਚ ਤਬਦੀਲੀ ਆ ਗਈ ਅਤੇ ਪੀਣ ਲਈ ਪਾਣੀ ਜਾਂ ਮੇਰੇ ਪਸ਼ੂਆਂ ਦੀ ਖੁਰਾਕ ਲਈ ਲੋੜੀਂਦਾ ਘਾਹ ਨਾ ਬਚਿਆ।”
ਸੋਨਮ ਅਤੇ ਸ਼ੇਰਿੰਗ ਦੇ ਪੰਜ ਬੱਚੇ ਹਨ – ਜਿਹਨਾਂ ਦੀ ਉਮਰ 20 ਤੋਂ 30 ਸਾਲ ਦੇ ਵਿਚਕਾਰ ਹੈ – ਅਤੇ ਉਹਨਾਂ ’ਚੋਂ ਕੋਈ ਵੀ ਇਸ ਧੰਦੇ ਵਿੱਚ ਨਹੀਂ ਪਿਆ, ਸਗੋਂ ਉਹਨਾਂ ਨੇ ਦਿਹਾੜੀਦਾਰ ਕੰਮਾਂ ਨੂੰ ਤਰਜੀਹ ਦਿੱਤੀ।
“ਨੌਜਵਾਨ ਪੀੜ੍ਹੀ ਇਸ ਰਵਾਇਤੀ ਧੰਦੇ ਨੂੰ ਜਾਰੀ ਰੱਖਣ ਦੀ ਬਜਾਏ ਸ਼ਹਿਰੀ ਇਲਾਕਿਆਂ ਵਿੱਚ ਵੱਸਣਾ ਚਾਹੁੰਦੀ ਹੈ; ਉਹਨਾਂ ਵਿੱਚੋਂ ਜ਼ਿਆਦਾਤਰ ਸਰਹੱਦੀ ਸੜਕੀ ਸੰਸਥਾ ਦੇ ਲਈ ਬਤੌਰ ਡਰਾਈਵਰ ਅਤੇ ਮਜ਼ਦੂਰ ਦਾ ਕੰਮ ਕਰਨਾ ਚਾਹੁੰਦੇ ਹਨ,” ਸੋਨਮ ਨੇ ਕਿਹਾ।
ਪਦਮਾ ਥੂਮੋ ਵੀ ਇਸ ਗੱਲ ’ਤੇ ਸਹਿਮਤੀ ਪ੍ਰਗਟਾਉਂਦੀ ਹੈ। “ਇਹ (ਯਾਕ ਚਰਾਉਣਾ) ਹੁਣ ਜ਼ਿਆਦਾ ਸਮੇਂ ਤੱਕ ਚੱਲਣ ਵਾਲਾ ਧੰਦਾ ਨਹੀਂ ਰਿਹਾ।”

ਚਾਂਗਥੰਗ ਦੇ ਪਠਾਰਾਂ ਵਿੱਚ ਵੱਡੀ ਗਿਣਤੀ ਵਿੱਚ ਯਾਕ ਪਸ਼ੂ ਪਾਲਕ ਹਨ, ਪਰ ਜ਼ੰਸਕਾਰ ਘਾਟੀ ਵਿੱਚ ਉਨ੍ਹਾਂ ਦੀ ਗਿਣਤੀ ਇਸ ਨਾਲ਼ੋਂ ਕਾਫੀ ਘੱਟ ਹੈ

ਜਦ ਪਸ਼ੂ ਪਾਲਕ ਗਰਮੀਆਂ ਵਿੱਚ ਘਾਟੀ ਦੇ ਉੱਚੇ ਪਾਸੇ ਵੱਲ ਪਰਵਾਸ ਕਰਦੇ ਹਨ ਤਾਂ ਉਹ ਡੋਕਸਾ ਵਿੱਚ ਰਹਿੰਦੇ ਹਨ। ਇਹਨਾਂ ਨੂੰ ਗੋਠ ਅਤੇ ਮਨੀ ਵੀ ਕਿਹਾ ਜਾਂਦਾ ਹੈ, ਅਤੇ ਇਹਨਾਂ ਨੂੰ ਆਸ-ਪਾਸ ਪਾਏ ਜਾਂਦੇ ਪੱਥਰਾਂ ਅਤੇ ਮਿੱਟੀ ਤੋਂ ਬਣਾਇਆ ਜਾਂਦਾ ਹੈ

ਅਬਰਾਨ ਪਿੰਡ ਦਾ ਰਹਿਣ ਵਾਲਾ 69 ਸਾਲਾ ਸੋਨਮ ਮੋਤੁਪ ਪਿਛਲੇ ਕਈ ਦਹਾਕਿਆਂ ਤੋਂ ਤਕਰੀਬਨ 120 ਯਾਕ ਪਾਲ ਰਿਹਾ ਹੈ

ਸੋਨਮ ਮੋਤੁਪ ਚਰਾਗਾਹ ਦੀ ਭਾਲ ਵਿੱਚ ਆਪਣੇ ਪਸ਼ੂਆਂ ਨੂੰ ਇੱਕ ਤਿੱਖੀ ਢਲਾਣ ਵਿੱਚੋਂ ਲਿਜਾਂਦਾ ਹੋਇਆ

ਉੱਚੀ ਚਰਾਗਾਹ ਵਿੱਚ ਯਾਕ ਤੇ ਜ਼ੋਮੋ ਦੇ ਵੱਛੇ ਘਾਹ ਚਰਦੇ ਹੋਏ

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਤਾਪਮਾਨ ਵਿੱਚ ਬਹੁਤ ਫ਼ਰਕ ਆ ਗਿਆ ਹੈ, ਖ਼ਾਸਕਰ ਗਰਮੀਆਂ ਵਿੱਚ ਬਹੁਤ ਗਰਮੀ ਪੈਣ ਲੱਗੀ ਹੈ। ਇਸਦਾ ਅਸਰ ਯਾਕਾਂ ਦੀ ਆਬਾਦੀ ’ ਤੇ ਪਿਆ ਹੈ, ਜਿਹਨਾਂ ਦੀ ਗਿਣਤੀ ਪਿਛਲੇ ਦਸ ਸਾਲਾਂ ਵਿੱਚ ਅੱਧੀ ਰਹਿ ਗਈ ਹੈ

ਇੱਕ ਯਾਕ ਆਜੜੀ, ਤਾਸ਼ੀ ਡੋਲਮਾ ਆਪਣੇ ਬੇਟੇ ਅਤੇ ਭਤੀਜੀ ਨਾਲ, ਜੋ ਲੇਹ ਜ਼ਿਲ੍ਹੇ ਦੇ ਚੁੰਮਥਾਂਗ ਵਿੱਚ ਪੜ੍ਹਦੇ ਹਨ

ਆਪਣੇ ਪਰਿਵਾਰ ਦੀਆਂ ਭੇਡਾਂ ਦੇ ਝੁੰਡ ਵਿਚਕਾਰ ਤਾਸ਼ੀ ਡੋਲਮਾ

ਯਾਕ ਦਾ ਗੋਹਾ ਜ਼ੰਸਕਾਰ ਦੇ ਲੋਕਾਂ ਲਈ ਬਾਲਣ ਦਾ ਇੱਕ ਅਹਿਮ ਸੋਮਾ ਹੈ, ਕਿਉਂਕਿ ਇਸਨੂੰ ਸਰਦੀ ਦੇ ਮਹੀਨਿਆਂ ਵਿੱਚ ਖਾਣਾ ਬਣਾਉਣ ਲਈ ਵਰਤਿਆ ਜਾਂਦਾ ਹੈ

ਯਾਕਾਂ ਦਾ ਗੋਹਾ ਇਕੱਠਾ ਕਰਕੇ ਵਾਪਸ ਪਰਤ ਰਹੀ ਸ਼ੇਰਿੰਗ ਅੰਗਮੋ

ਇੱਥੇ ਦੇ ਪਸ਼ੂ ਪਾਲਕ ਜ਼ਿਆਦਾਤਰ ਜ਼ੋਮੋ ’ ਤੇ ਨਿਰਭਰ ਹਨ, ਜੋ ਯਾਕ ਅਤੇ ਕੌਟ ਦੇ ਪ੍ਰਜਣਨ ਤੋਂ ਬਣੀ ਮਾਦਾ ਹੈ। ਜ਼ੋਮੋ ਤੋਂ ਦਿਨ ਵਿੱਚ ਦੋ ਵਾਰ – ਸਵੇਰੇ ਤੇ ਸ਼ਾਮ ਨੂੰ – ਦੁੱਧ ਮਿਲ ਜਾਂਦਾ ਹੈ। ਇਸ ਦੁੱਧ ਤੋਂ ਘਿਉ ਅਤੇ ਚੁਰਪੀ (ਸਥਾਨਕ ਪਨੀਰ) ਬਣਾਇਆ ਜਾਂਦਾ ਹੈ

ਯਾਕ ਅਤੇ ਜੋਮੋ ਦੀ ਧਾਰ ਕੱਢਣ ਤੋਂ ਪਹਿਲਾਂ ਪਸ਼ੂ ਪਾਲਕ ਦੁਪਹਿਰ ਬਾਅਦ ਥੋੜ੍ਹਾ ਅੰਤਰਾਲ ਆਰਾਮ ਕਰਦੇ ਹਨ

ਚੁਰਪੀ ਬਣਾਉਣ ਲਈ ਤਾਜ਼ੇ ਦੁੱਧ ਨੂੰ ਉਬਾਲਿਆ ਜਾ ਰਿਹਾ ਹੈ, ਜੋ ਯਾਕ ਦੇ ਦੁੱਧ ਨੂੰ ਖਮੀਰ ਕੇ ਬਣਾਇਆ ਜਾਂਦਾ ਸਥਾਨਕ ਪਨੀਰ ਹੈ

ਔਰਤਾਂ ਘਿਉ ਅਤੇ ਚੁਰਪੀ ਬਣਾਉਣ ਲਈ ਦੁੱਧ ਨੂੰ ਰਿੜਕ ਰਹੀਆਂ ਹਨ, ਜਿਸਨੂੰ ਉਹ ਬਾਅਦ ਵਿੱਚ ਵੇਚ ਦਿੰਦੀਆਂ ਹਨ

ਪਸ਼ੂ ਪਾਲਕ ਸਰਦੀਆਂ ਵਿੱਚ ਆਪਣੇ ਪਸ਼ੂਆਂ ਨਾਲ ਆਪਣੇ ਪਿੰਡਾਂ ਵਿੱਚ ਵਾਪਸ ਚਲੇ ਜਾਂਦੇ ਹਨ। ਪਰਿਵਾਰ ਵੱਲੋਂ ਵਾਪਸ ਲਿਜਾਣ ਅਤੇ ਸਰਦੀਆਂ ਵਿੱਚ ਵਰਤਣ ਲਈ ਯਾਕਾਂ ਦਾ ਸੁੱਕਾ ਗੋਹਾ ਮਿਨੀ ਟਰੱਕ ਵਿੱਚ ਚੜ੍ਹਾਇਆ ਜਾ ਰਿਹਾ ਹੈ
![Padma Thumo says the population of yaks in the Zanskar valley is decreasing: 'very few yaks can be seen in the lower plateau [around 3,000 metres] nowadays'](/media/images/20-DSC_7814-RM-Zanskars_yak_herders_are_fe.max-1400x1120.jpg)
ਪਦਮਾ ਥੂਮੋ ਦਾ ਕਹਿਣਾ ਹੈ ਕਿ ਜ਼ੰਸਕਾਰ ਘਾਟੀ ਵਿੱਚ ਯਾਕਾਂ ਦੀ ਆਬਾਦੀ ਘਟਦੀ ਜਾ ਰਹੀ ਹੈ : ‘ ਅੱਜ ਕੱਲ੍ਹ ਹੇਠਲੇ ਪਠਾਰਾਂ (ਅੰਦਾਜ਼ਨ 3,000 ਮੀਟਰ) ਵਿੱਚ ਬਹੁਤ ਘੱਟ ਯਾਕ ਦਿਖਾਈ ਦਿੰਦੇ ਹਨ ’
ਤਰਜਮਾ: ਅਰਸ਼ਦੀਪ ਅਰਸ਼ੀ