ਐਸਲਾਵਤ ਬਨਿਆ ਨਾਇਕ, ਸਵੇਰੇ 9 ਵਜੇ ਕਰੀਬ 150 ਗਾਵਾਂ ਦੇ ਇੱਜੜ ਨੂੰ ਹੈਦਰਾਬਾਦ-ਸ਼੍ਰੀਸ਼ੈਲਮ ਰਾਜਮਾਗਰ ਦੇ ਪਾਰ ਸਥਿਤ ਵਟਵਰਲਾਪੱਲੇ ਪਿੰਡ ਦੇ ਨੇੜੇ ਦੀ ਚਰਾਂਦ ਵਿਖੇ ਹਿੱਕ ਲੈ ਜਾਂਦੇ ਹਨ। ਉਹ ਪੂਰਬੀ ਘਾਟ ਦੇ ਨੱਲਾਮਾਲਾ ਰੇਂਜ ਵਿੱਚ ਸਥਿਤ ਅਮਰਾਬਾਦ ਟਾਈਗਰ ਰਿਜ਼ਰਵ ਦੇ ਮੁੱਖ ਜ਼ੋਨ ਵਿੱਚ ਪ੍ਰਵੇਸ਼ ਕਰਦੇ ਹਨ, ਜਿੱਥੇ ਕੁਝ ਗਾਵਾਂ ਘਾਹ ਚਰਦੀਆਂ ਹਨ ਤੇ ਕੁਝ ਨਰਮ-ਨਰਮ ਪੱਤਿਆਂ ਲੱਦੀਆਂ ਟਹਿਣੀਆਂ ਤੀਕਰ ਪਹੁੰਚਣ ਦੀ ਕੋਸ਼ਿਸ਼ ਕਰਦੀਆਂ ਹਨ।
75 ਸਾਲਾ ਨਾਇਕ ਲੰਬਾਡੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ ਤੇ ਇੱਥੋਂ ਦੇ ਦੂਜੇ ਪਸ਼ੂ-ਪਾਲਕਾਂ ਵਾਂਗਰ ਉਹ ਵੀ ਤੁਰੂਪੁ ਪਸ਼ੂ ਪਾਲ਼ਦੇ ਹਨ। ਲੰਬਾਡੀ (ਪਿਛੜਿਆ ਕਬੀਲਾ), ਯਾਦਵ (ਗੋਲਾ) (ਓਬੀਸੀ) ਤੇ ਚੇਂਚੂ (ਅਤਿ-ਕਮਜ਼ੋਰ ਕਬੀਲਾ ਸਮੂਹ)ਤੁਰੂਪੁ ਨੂੰ ਪਾਲਣ ਵਾਲ਼ੇ ਰਵਾਇਤੀ ਭਾਈਚਾਰੇ ਹਨ। ਇਨ੍ਹਾਂ ਪਸ਼ੂਆਂ ਦੇ ਸਿੰਙ ਛੋਟੇ ਤੇ ਤਿੱਖੇ ਹੁੰਦੇ ਹਨ ਤੇ ਖ਼ੁਰ ਵੀ ਸਖ਼ਤ ਤੇ ਖ਼ਾਸੇ ਮਜ਼ਬੂਤ ਹੁੰਦੇ ਹਨ। ਉਹ ਗਿੱਲੀ, ਚਿੱਕੜ ਭਰੀ ਭੋਇੰ ਤੇ ਸੁੱਕੀ ਪਥਰੀਲੀ ਜ਼ਮੀਨ ਜਿਹੇ ਅੱਡ-ਅੱਡ ਤਰ੍ਹਾਂ ਦੇ ਇਲਾਕਿਆਂ ਵਿੱਚ ਸੌਖਿਆਂ ਹੀ ਤੁਰਦੇ ਰਹਿੰਦੇ ਹਨ ਤੇ ਵਜ਼ਨਦਾਰ ਚੀਜ਼ਾਂ ਵੀ ਸੌਖਿਆਂ ਹੀ ਚੁੱਕ ਤੇ ਖਿੱਚ ਲੈਂਦੇ ਹਨ। ਉਹ ਪਾਣੀ ਦੇ ਘਾਟ ਨਾਲ਼ ਜੂਝ ਰਹੇ ਇਸ ਇਲਾਕੇ ਦੀ ਗਰਮੀ ਨੂੰ ਵੀ ਲੰਬੇ ਸਮੇਂ ਤੱਕ ਝੱਲ ਸਕਦੇ ਹਨ।
ਅਮਰਾਬਾਦ ਉਪ-ਜ਼ਿਲ੍ਹਾ ਕਿਉਂਕਿ ਇਨ੍ਹਾਂ ਪਿੰਡਾਂ ਦੇ ਪੂਰਬ ਵਿੱਚ ਤੇਲੰਗਾਨਾ-ਕਰਨਾਟਕ ਸੀਮਾ 'ਤੇ ਸਥਿਤ ਹੈ, ਜਿੱਥੇ ਕਈ ਕਿਸਾਨ ਇਨ੍ਹਾਂ ਗਾਵਾਂ ਨੂੰ ਖ਼ਰੀਦਣ ਆਉਂਦੇ ਹਨ ਤੇ ਕਿਉਂਕਿ ਇਨ੍ਹਾਂ ਪਸ਼ੂਆਂ ਦੇ ਸਰੀਰ 'ਤੇ ਡੱਬੇ (ਧੱਬੇਦਾਰ) ਬਣੇ ਹੁੰਦੇ ਹਨ, ਇਸਲਈ ਇੱਥੇ ਲੋਕ ਉਨ੍ਹਾਂ ਨੂੰ 'ਪੋਡਾ ਤੁਰੂਪੁ' ਕਹਿੰਦੇ ਹਨ- ਤੇਲੁਗੂ ਵਿੱਚ 'ਪੋਡਾ' ਦਾ ਅਰਥ ਹੈ ਧੱਬਾ ਤੇ 'ਤੁਰੂਪੁ' ਦਾ ਮਤਲਬ ਹੁੰਦਾ ਹੈ ਪੂਰਬ। ਪੋਡਾ ਤੁਰੂਪੁ ਛੋਟੇ ਤੇ ਗ਼ਰੀਬ ਕਿਸਾਨਾਂ ਲਈ ਕਾਫ਼ੀ ਮਦਦਗਾਰ ਸਾਬਤ ਹੁੰਦੇ ਹਨ, ਜੋ ਕਿਸਾਨ ਟ੍ਰੈਕਟਰ ਅਤੇ ਹੋਰ ਖੇਤੀ ਸੰਦਾਂ ਦਾ ਖ਼ਰਚਾ ਨਹੀਂ ਝੱਲ ਸਕਦੇ।

75 ਸਾਲਾ ਐਸਲਾਵਤ ਬਨਿਆ ਨਾਇਕ ਤੇ ਉਨ੍ਹਾਂ ਦੀ ਪਤਨੀ 60 ਸਾਲਾ ਐਸਲਾਵਤ ਮਰੋਨੀ। ਇੱਥੋਂ ਦੇ ਭਾਈਚਾਰਿਆਂ ਅੰਦਰ ਔਰਤਾਂ ਆਮ ਕਰਕੇ ਨਾ ਤਾਂ ਪਸ਼ੂਆਂ ਨੂੰ ਚਾਰਦੀਆਂ ਹਨ ਤੇ ਨਾ ਹੀ ਉਨ੍ਹਾਂ ਦਾ ਵਪਾਰ ਹੀ ਕਰਦੀਆਂ ਹਨ, ਪਰ ਘਰ ਅੰਦਰ ਬਣੇ ਵਾੜਿਆਂ ਵਿੱਚ ਬੱਝੇ ਪਸ਼ੂਆਂ ਦੀ ਦੇਖਭਾਲ਼ ਜਰੂਰ ਕਰਦੀਆਂ ਹਨ। ਕਦੇ-ਕਦਾਈਂ, ਜਦੋਂ ਪਸ਼ੂਆਂ ਨੂੰ ਨੇੜਲੇ ਜੰਗਲਾਂ ਵਿੱਚ ਲਿਜਾਇਆ ਜਾਂਦਾ ਹੈ ਤਾਂ ਇਹ ਔਰਤਾਂ ਆਪਣੇ ਪਤੀਆਂ ਦੇ ਨਾਲ਼ ਜਾਂਦੀਆਂ ਹਨ ਤੇ ਉੱਥੇ ਬਣਾਈਆਂ ਆਰਜ਼ੀ ਝੌਂਪੜੀਆਂ ਵਿੱਚ ਰਹਿੰਦੀਆਂ ਹਨ
ਹਰ ਸਾਲ ਦੀਵਾਲੀ ਦੇ ਕੁਝ ਹਫ਼ਤਿਆਂ ਬਾਅਦ, ਆਮ ਤੌਰ 'ਤੇ ਨਵੰਬਰ ਮਹੀਨੇ ਵਿੱਚ ਵਪਾਰੀ ਤੇ ਕਿਸਾਨ ਸਥਾਨਕ ਤਿਓਹਾਰ ਕੁਰੂਮੂਰਤੀ ਜਤਾਰਾ ਮੌਕੇ ਵੱਛਿਆਂ ਦੇ ਵਪਾਰ ਵਾਸਤੇ ਇਕੱਠੇ ਹੁੰਦੇ ਹਨ। ਇਹ ਵਪਾਰ ਇੱਕ ਮਹੀਨੇ ਤੱਕ ਚੱਲਣ ਵਾਲ਼ੇ ਮੇਲੇ ਦਾ ਹਿੱਸਾ ਹੈ, ਜੋ ਲੱਖਾਂ ਯਾਤਰੂਆਂ ਨੂੰ ਆਕਰਸ਼ਤ ਕਰਦਾ ਹੈ ਤੇ ਅਮਰਾਬਾਦ ਤੋਂ ਕਰੀਬ 150 ਕਿਲੋਮੀਟਰ ਦੂਰ ਅਯੋਜਿਤ ਕੀਤਾ ਜਾਂਦਾ ਹੈ। ਵਪਾਰੀ, ਨਾਇਕ ਜਿਹੇ ਪਸ਼ੂ-ਪਾਲਕਾਂ ਪਾਸੋਂ 25,000-30,000 ਰੁਪਏ ਪ੍ਰਤੀ ਜੋੜੀ ਦੇ ਹਿਸਾਬ ਨਾਲ਼ ਖਰੀਦੇ ਗਏ 12 ਤੋਂ 18 ਮਹੀਨਿਆਂ ਦੇ ਵੱਛਿਆਂ ਨੂੰ ਵੇਚਦੇ ਹਨ। ਨਾਇਕ ਮੇਲੇ ਵਾਸਤੇ ਕਰੀਬ ਪੰਜ ਜੋੜੀ ਪਸ਼ੂ ਵੇਚਦੇ ਹਨ ਅਤੇ ਕਦੇ-ਕਦਾਈਂ ਸਾਲ ਦੇ ਬਾਕੀ ਦਿਨੀਂ ਇੱਕ-ਦੋ ਜੋੜੀਆਂ ਹੀ ਵੇਚਦੇ ਹਨ। ਮੇਲੇ ਵਿੱਚ ਵਿਕ੍ਰੇਤਾ-ਕਿਸਾਨ ਇੱਕ ਜੋੜੀ ਵੱਛਿਆਂ ਦੇ 25,000 ਰੁਪਏ ਤੋਂ 45,000 ਰੁਪਏ ਤੱਕ ਦਿੰਦੇ ਹਨ। ਕਦੇ-ਕਦਾਈਂ ਵਪਾਰੀ ਵੀ ਕਿਸਾਨ ਹੀ ਹੁੰਦੇ ਹਨ, ਜੋ ਨਾ ਵਿਕਣ ਵਾਲ਼ੇ ਪਸ਼ੂਆਂ ਨੂੰ ਆਪਣੇ ਨਾਲ਼ ਵਾਪਸ ਪਿੰਡ ਲੈ ਜਾਂਦੇ ਹਨ ਤੇ ਵਿਕਰੀ ਦੀ ਉਡੀਕ ਵਿੱਚ ਪੂਰਾ ਸਾਲ ਆਪਣੇ ਨਾਲ਼ ਹੀ ਰੱਖੀ ਰੱਖਦੇ ਹਨ।
ਹਾਲਾਂਕਿ, ਪਸ਼ੂਆਂ ਦਾ ਪਾਲਣ-ਪੋਸ਼ਣ ਕਾਫ਼ੀ ਸਮਾਂ-ਖਪਾਊ ਕੰਮ ਹੋ ਸਕਦਾ ਹੈ। ਅਮਰਾਬਾਦ ਇੱਕ ਸੁੱਕਾ ਤੇ ਪਤਝੜੀ ਜੰਗਲ ਹੈ ਜੋ ਝਾੜੀਆਂ, ਘਾਹ ਤੇ ਬਾਂਸ ਦੇ ਬੂਟਿਆਂ ਨਾਲ਼ ਕੱਜਿਆ ਹੋਇਆ ਹੈ। ਜੂਨ ਤੋਂ ਅਕਤੂਬਰ ਤੱਕ, ਰਿਜ਼ਰਵ ਦੇ ਮੱਧਵਰਤੀ ਇਲਾਕੇ ਵਿੱਚ ਲੋੜੀਂਦਾ ਚਾਰਾ ਉਪਲਬਧ ਰਹਿੰਦਾ ਹੈ। ਪਰ ਨਵੰਬਰ ਤੋਂ ਬਾਅਦ ਚਰਾਂਦਾਂ ਸੁੱਕਣ ਲੱਗਦੀਆਂ ਹਨ ਤੇ ਜੰਗਲ ਦੇ ਮੁੱਖ ਇਲਾਕੇ ਵਿੱਚ ਦਾਖ਼ਲੇ 'ਤੇ ਜੰਗਲਾਤ ਵਿਭਾਗ ਵੱਲੋਂ ਲਾਈ ਪਾਬੰਦੀ ਦੇ ਕਾਰਨ ਪਸ਼ੂਆਂ ਵਾਸਤੇ ਚਾਰਾ ਲੱਭਣਾ ਮੁਸ਼ਕਲ ਹੋ ਜਾਂਦਾ ਹੈ।
ਇਸ ਥਾਂ ਦੇ ਬੰਦ ਹੋ ਜਾਣ ਕਰਕੇ, ਨਾਇਕ ਆਪਣੇ ਪਿੰਡ ਮੰਨਾਨੂਰ ਤੋਂ ਕਰੀਬ 25 ਕਿਲੋਮੀਟਰ ਦੂਰ, ਤੇਲੰਗਾਨਾ ਦੇ ਮਾਹਬੂਬਨਗਰ ਨਗਰ (ਹੁਣ ਨਗਰਕੁਰਨੂਲ) ਦੇ ਅਮਰਾਬਾਦ ਮੰਡਲ ਵਿੱਚ ਪੈਂਦੇ ਆਪਣੀ ਭੈਣ ਦੇ ਪਿੰਡ ਵਟਵਰਲਪੱਲੀ ਚਲੇ ਜਾਂਦੇ ਹਨ। ਉੱਥੇ, ਉਨ੍ਹਾਂ ਨੇ ਜੰਗਲ ਦੇ ਇੱਕ ਹਿੱਸੇ ਦੇ ਨਾਲ਼ ਕਰਕੇ ਮੌਸਮੀ ਵਰਤੋਂ ਵਾਸਤੇ ਖਲਿਹਾਨ ਜਿਹਾ ਬਣਾਇਆ ਹੋਇਆ ਹੈ ਜਿੱਥੇ ਜਾਨਵਰ ਚਰ ਸਕਦੇ ਹਨ।

38 ਸਾਲਾ ਗੰਟਾਲਾ ਕਹਿੰਦੇ ਹਨ, ' ਪਸ਼ੂਆਂ ਨਾਲ਼ ਸਾਡਾ ਡੂੰਘਾ ਲਗਾਅ ਹੈ। ਅਸੀਂ ਆਪਣੇ ਬੱਚਿਆਂ ਵਾਂਗਰ ਵੱਛੇ-ਵੱਛੀਆਂ ਨੂੰ ਪਿਆਰ ਕਰਦੇ ਹਾਂ ਤੇ ਉਨ੍ਹਾਂ ਦੀ ਦੇਖਭਾਲ਼ ਵੀ ਕਰਦੇ ਹਾਂ। ਇਹ ਪਸ਼ੂ ਪੀੜ੍ਹੀਆਂ ਤੋਂ ਸਾਡੇ ਨਾਲ਼ ਹਨ। ਸਾਡਾ ਜੀਵਨ ਉਨ੍ਹਾਂ ' ਤੇ ਨਿਰਭਰ ਹੈ। ਸਾਡੇ ਮਾਪੇ ਪਸ਼ੂਆਂ ਸਿਰ ਨਿਰਭਰ ਸਨ, ਅਸੀਂ ਉਨ੍ਹਾਂ ' ਤੇ ਨਿਰਭਰ ਰਹੇ ਤੇ ਹੁਣ ਸਾਡੇ ਬੱਚੇ ਵੀ। ' ਉਹ ਲੰਬਾਡੀ ਭਾਈਚਾਰੇ ਤੋਂ ਹਨ ਤੇ ਨਗਰਕੁਰਨੂਲ ਜ਼ਿਲ੍ਹੇ ਦੇ ਆਮਰਾਬਾਦ ਮੰਡਲ ਦੇ ਲਕਸ਼ਮਾਪੁਰ (ਬੀਕੇ) ਪਿੰਡ ਦੇ ਅਮਰਾਬਾਦ ਪੋਡਾ ਲਕਸ਼ਮੀ ਗੋਵੂ ਸੰਗਮ ਦੇ ਪ੍ਰਧਾਨ ਹਨ

ਹਨਮੰਤੂ ਕਹਿੰਦੇ ਹਨ, ' ਅਸੀਂ ਪਸ਼ੂਆਂ ਨੂੰ ਚਰਾਉਣ ਲਈ ਘੱਟ ਤੋਂ ਘੱਟ 6-8 ਕਿਲੋਮੀਟਰ ਤੱਕ ਲੈ ਜਾਂਦੇ ਹਾਂ ਤੇ ਫਿਰ ਵਾਪਸ ਵੀ ਆ ਜਾਂਦੇ ਹਾਂ। ਉਹ ਚਰਨ ਲਈ ਸੌਖਿਆਂ ਹੀ ਉੱਚੀਆਂ ਪਹਾੜੀਆਂ ' ਤੇ ਚੜ੍ਹ ਸਕਦੇ ਹਨ। ' ਗਾਵਾਂ ਨੂੰ ਇੱਕ ਮਹੀਨੇ ਲਈ ਇਸ ਥਾਂ ' ਤੇ ਰੱਖਿਆ ਗਿਆ ਸੀ ਜੋ ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਅਤੇ ਤੇਲੰਗਾਨਾ ਦੇ ਮਾਹਬੂਬ ਨਗਰ ਜ਼ਿਲ੍ਹੇ ਵਿਚਕਾਰ, ਕ੍ਰਿਸ਼ਨਾ ਨਦੀ ' ਤੇ ਬਣੇ ਸ਼੍ਰੀਸ਼ੈਲਮ ਬੰਨ੍ਹ ਤੋਂ 15 ਕਿਲੋਮੀਟਰ ਹੇਠਲੇ ਪਾਸੇ ਹੈ

' ਜੰਗਲ ਵਿੱਚ , ਅਸੀਂ ਅੱਗ ਜਲਾਉਂਦੇ ਹਾਂ , ਜੋ ਕਿ ਪਸ਼ੂਆਂ ਲਈ ਉਨ੍ਹਾਂ ਦੇ ਟਿਕਾਣੇ ਨੂੰ ਦਰਸਾਉਂਦਾ ਹੈ ,' ਹਨਮੰਤੂ ਕਹਿੰਦੇ ਹਨ , ਜੋ ਸ਼੍ਰੀਸੇਲਮ ਡੈਮ ਤੋਂ 15 ਕਿਲੋਮੀਟਰ ਦੀ ਦੂਰੀ ' ਤੇ ਹਨਮੰਤੂ ਵਿੱਚ ਅਸਥਾਈ ਝੌਂਪੜੀ ਦੇ ਨੇੜੇ ਹੈ , ਜਿੱਥੇ ਪਸ਼ੂ ਨਦੀ ਨੂੰ ਪਾਰ ਕਰਨ ਤੋਂ ਬਾਅਦ ਤੇਲੰਗਾਨਾ ਤੋਂ ਆਂਧਰਾ ਪ੍ਰਦੇਸ਼ ਪਹੁੰਚੇ ਸਨ

ਹਨਮੰਤੂ ਕਹਿੰਦੇ ਹਨ , ' ਉਹ ਕ੍ਰਿਸ਼ਨਾ ਨਦੀ ਨੂੰ ਆਸਾਨੀ ਨਾਲ ਪਾਰ ਕਰ ਸਕਦੇ ਹਨ। ਇੱਕੋ ਹੀ ਆਵਾਜ਼ ' ਤੇ ਸਾਰੇ ਪਸ਼ੂ ਨਦੀ ਅੰਦਰ ਲੱਥ ਜਾਂਦੇ ਹਨ। ਅਸੀਂ ਆਪਣੇ ਆਦੇਸ਼ਾਂ ਦੀ ਪਾਲਣਾ ਕਰਵਾਉਣ ਲਈ ਉਨ੍ਹਾਂ ਨੂੰ ਮਾਰਦੇ ਨਹੀਂ। ਇੱਕ ਸੀਟੀ ਕਾਫ਼ੀ ਹੈ। ਸਿਰਫ ਪਹਿਲੇ ਪਸ਼ੂਆਂ ਨੂੰ ਹੀ ਪਹਿਲ ਕਰਨੀ ਪੈਂਦੀ ਹੈ। ਬਾਕੀ ਸਾਰੇ ਆਪਣੇ ਆਪ ਹੀ ਉਸ ਦਾ ਪਿੱਛਾ ਕਰਦੇ ਹਨ। ਹਾਲਾਂਕਿ ਦੂਰ ਹੋਣ ' ਤੇ ਝੁੰਡ ਖੁਦ ਵੀ ਆਵਾਜ਼ ਦੇ ਦਿੰਦਾ ਹੈ। ਅਸੀਂ ਸੰਚਾਰ ਕਰਨ ਲਈ ਕੁਝ ਧੁਨੀਆਂ ਕੱਢਦੇ ਹਾਂ – ਇਹ ਇੱਕ ਕਿਸਮ ਦੀ ਭਾਸ਼ਾ ਹੈ। ਸਾਰੇ ਨਹੀਂ , ਪਰ ਕੁਝ ਪਸ਼ੂ ਜ਼ਰੂਰ ਸੁਣਦੇ ਹਨ ਅਤੇ ਜਵਾਬ ਦਿੰਦੇ ਹਨ"


ਖੱਬੇ ਹੱਥ: ਐਸਲਾਵਤ ਬਨਿਆ ਨਾਇਕ ਗਾਂ ਦਾ ਜ਼ਿਆਦਾਤਰ ਦੁੱਧ ਵੱਛੀਆਂ ਲਈ ਰੱਖਦੇ ਹਨ ਤਾਂ ਜੋ ਉਹ ਸਿਹਤਮੰਦ ਰਹਿਣ। ਸੱਜੇ ਹੱਥ: ਦੋ ਹਫ਼ਤਿਆਂ ਦੀ ਉਮਰ ਦਾ ਇੱਕ ਵੱਛਾ ਵੀ ਨਦੀ ਵਿੱਚ ਤੈਰ ਸਕਦਾ ਹੈ। ਪਰ ਫਿਰ ਵੀ , ਸੁਰੱਖਿਆ ਵਾਸਤੇ ਤੈਰਦੇ ਸਮੇਂ ਇੱਕ ਖੁਸ਼ਕ ਲੱਕੜ ਦਾ ਲੱਕੜ ਦਾ ਟੁਕੜਾ ਉਸਦੇ ਸਰੀਰ ਨਾਲ ਬੰਨ੍ਹਿਆ ਜਾਂਦਾ ਹੈ

ਹਨਮੰਤੂ ਕਹਿੰਦੇ ਹਨ , ' ਅਤੀਤ ਵਿਚ , ਜਦੋਂ ਪਸ਼ੂ ਇਸ ਖਲਿਹਾਨ ਵਿਚ ਕਈ ਮਹੀਨਿਆਂ ਤੱਕ ਰਹਿੰਦੇ ਸਨ , ਤਾਂ ਉਨ੍ਹਾਂ ਦੇ ਖੁਰ ਕਦੇ ਵੀ ਨਰਮ ਨਾ ਹੁੰਦੇ , ਭਾਵੇਂ ਕਿ (ਮੀਂਹ ਕਾਰਨ) ਖਲਿਹਾਨ ਵਿਚ ਪਾਣੀ ਭਰ ਜਾਂਦਾ ਸੀ। ਇਸ ਪ੍ਰਜਾਤੀ ਦੇ ਖੁਰ ਵਿਲੱਖਣ ਅਤੇ ਵਿਸ਼ੇਸ਼ ਹਨ '


ਕਿਉਂਕਿ ਅਮਰਾਬਾਦ ਦਾ ਜੰਗਲ ਇੱਕ ਟਾਈਗਰ ਰਿਜ਼ਰਵ ਹੈ , ਇਸ ਲਈ ਜੰਗਲਾਤ ਅਧਿਕਾਰੀਆਂ ਅਤੇ ਚਰਾਉਣ ਵਾਲੇ ਭਾਈਚਾਰਿਆਂ ਵਿਚਕਾਰ ਅਕਸਰ ਟਕਰਾਅ ਹੁੰਦਾ ਰਹਿੰਦਾ ਹੈ। ਇੱਕ ਵੱਡੇ ਸਮੂਹ ਵਿੱਚ ਘੁੰਮਦੇ ਹੋਏ , ਇਹ ਪਸ਼ੂ ਚਾਰੇ ਲਈ ਮੁੱਖ ਖੇਤਰ ਅਤੇ ਵਿਚਕਾਰਲੇ ਖੇਤਰ ਦੇ ਵਿਚਕਾਰ ਤੁਰਦੇ ਹਨ। ਮੰਨਨੂਰ ਪਿੰਡ ਦੇ ਇੱਕ ਪਾਦਰੀ , ਰਾਮਾਵਤ ਮਲਈਆ ਨਾਇਕ (ਸੱਜੇ) , ਕਹਿੰਦੇ ਹਨ , ' ਜੰਗਲ ਵਿੱਚ , ਉਨ੍ਹਾਂ ਨੂੰ ਨੇੜੇ ਹੀ ਇੱਕ ਹਿੰਸਕ ਸ਼ਿਕਾਰੀ ਜਾਨਵਰ ਦੇ ਲੁਕੇ ਹੋਣ ਦੀ ਆਵਾਜ਼ ਸੁਣਦੀ ਹੈ। ਜੇ ਉਹ (ਸ਼ੇਰ , ਚੀਤਾ , ਰਿੱਛ) ਆਲੇ-ਦੁਆਲੇ ਹੈ , ਤਾਂ ਉਹ ਇਕੱਠੇ ਮਿਲ ਕੇ ਉਸ ਦਾ ਪਿੱਛਾ ਕਰਦੇ ਹਨ। ਜੇ ਅੱਜ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਇਕ ਸ਼ੇਰ ਅਚਮਪੇਟ (ਜੰਗਲ) ਇਲਾਕੇ ਵਿਚ ਹੈ , ਤਾਂ ਉਹ ਅਮਰਾਬਾਦ ਇਲਾਕੇ ਵਿਚ ਚਲੇ ਜਾਂਦੇ ਹਨ। ਜੇ ਅਮਰਾਬਾਦ ਇਸ ਇਲਾਕੇ ਵਿਚ ਹੈ , ਤਾਂ ਉਹ ਮੈਡੀਮਦੁਗੂ [ਜੰਗਲ] ਦੇ ਇਲਾਕੇ ਵਿਚ ਚਲੇ ਜਾਂਦੇ ਹਨ। ਹਾਲਾਂਕਿ , ਕਈ ਵਾਰ ਚੀਤੇ (ਅਤੇ , ਕਦੇ-ਕਦਾਈਂ , ਸ਼ੇਰ) ਗਾਵਾਂ ਅਤੇ ਛੋਟੇ ਵੱਛਿਆਂ ' ਤੇ ਹਮਲਾ ਕਰਦੇ ਹਨ ਅਤੇ ਉਨ੍ਹਾਂ ਨੂੰ ਮਾਰ ਦਿੰਦੇ ਹਨ

ਲਕਸ਼ਮਾਪੁਰ (ਬੀ.ਕੇ.) ਪਿੰਡ ਦੇ ਰਤਨਾਵਤ ਰਮੇਸ਼ (ਉੱਪਰ) ਵਰਗੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਪੋਡਾ ਤੁਰੂਪੁ ਪਸ਼ੂਆਂ ਤੋਂ ਬਹੁਤ ਮਦਦ ਮਿਲਦੀ ਹੈ ਅਤੇ , ਮਲੈਯਾ ਨਾਇਕ ਦੇ ਅਨੁਸਾਰ , ' ਉਹ ਕਦੇ ਵੀ ਕੰਮ ਤੋਂ ਪਿੱਛੇ ਨਹੀਂ ਹਟਦੇ , ਚਾਹੇ ਇਹ ਕਿੰਨਾ ਵੀ ਮੁਸ਼ਕਿਲ ਕਿਉਂ ਨਾ ਹੋਵੇ। ਮੰਨ ਲਉ ਪਸ਼ੂਆਂ ਨੂੰ ਪਤਾ ਲੱਗ ਜਾਵੇ ਕਿ ਕੱਲ੍ਹ ਨੂੰ ਉਹ ਮਰ ਜਾਵੇਗਾ , ਫਿਰ ਉਹ ਸਾਰਾ ਦਿਨ ਕੰਮ ਕਰਦਾ ਹੈ , ਘਰ ਆਉਂਦਾ ਹੈ ਅਤੇ ਅਗਲੇ ਦਿਨ ਮਰ ਜਾਂਦਾ ਹੈ


ਖੱਬੇ ਹੱਥ: ਲਕਸ਼ਮਪੁਰ (ਬੀਕੇ) ਵਿੱਚ ਗੈਂਟਾਲਾ ਬਾਲੂ ਨਾਇਕ ਕੋਲ ਛੇ ਏਕੜ ਜ਼ਮੀਨ ਹੈ ਜਿਸ ' ਤੇ ਉਹ ਕਪਾਹ , ਮਿਰਚਾਂ , ਬਾਜਰਾ ਅਤੇ ਦਾਲਾਂ ਦੀ ਕਾਸ਼ਤ ਕਰਦੇ ਹਨ ਅਤੇ ਪੋਡਾ ਤੁਰੂਪੁ ' ਤੇ ਨਿਰਭਰ ਕਰਦਾ ਹੈ। ਸੱਜੇ ਪਾਸੇ : ਹਨਮੰਤੂ ਦੀ 80 ਸਾਲਾ ਮਾਂ ਗੈਂਟਾਲਾ ਗੋਰੀ ਕਹਿੰਦੀ ਹਨ , " ਮੈਂ ਉਨ੍ਹਾਂ ਨੂੰ ਪਾਲੇਨਕੀ , ਇਦੀ , ਬੋਰੀ , ਲਿੰਗੀ ਕਹਿੰਦੀ ਹਾਂ। ਇਹ ਸਾਡੀਆਂ ਦੇਵੀਆਂ ਦੇ ਨਾਮ ਹਨ

ਹਨਮੰਤੂ ਕਹਿੰਦੇ ਹਨ , ' ਹਰ ਸਾਲ , ਅਸੀਂ ' ਕੁਰੁਮੂਰਤੀ ਜਟਾਰਾ ' ( ਮਹਾਬੂਬਨਗਰ ਜ਼ਿਲ੍ਹੇ ਦੇ ਚਿੰਨਾਚਿੰਤਕੁੰਟਾ ਮੰਡਲ ਦੇ ਅੰਮਾਪੁਰ ਪਿੰਡ ਵਿੱਚ ਇੱਕ ਸਥਾਨਕ ਤਿਉਹਾਰ) ਮੌਕੇ ਪਸ਼ੂ ਵੇਚਣ ਲਈ ਜਾਂਦੇ ਹਾਂ। ਲੋਕ ਰਾਏਚੂਰ , ਅਨੰਤਪੁਰ ਅਤੇ ਮੰਤਰਾਲੇਯਮ ਤੋਂ ਪਸ਼ੂ ਖਰੀਦਣ ਲਈ ਆਉਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਪ੍ਰਜਾਤੀ ਉਨ੍ਹਾਂ ਦੀ ਖੇਤੀ ਲਈ ਸਭ ਤੋਂ ਵੱਧ ਢੁਕਵੀਂ ਹੈ
ਤਰਜਮਾ: ਕਮਲਜੀਤ ਕੌਰ