
ਅਗਨੀ ਦੇਵਤਾ ਦੀ ਯੋਜਨਾ ਨੂੰ ਭੰਗ ਕਰਦਿਆਂ, ਇੰਦਰ ਇੱਕ ਵਾਰ ਫਿਰ ਖਾਂਡਵ ਵਣ 'ਤੇ ਮੋਹਲੇਦਾਰ ਮੀਂਹ ਵਰ੍ਹਾ ਰਹੇ ਸਨ। ਅਗਨੀ ਦੇਵਤਾ ਨੂੰ ਕਿਸੇ ਅਜਿਹੇ (ਵਿਅਕਤੀ) ਦੀ ਲੋੜ ਸੀ ਜੋ ਇਹ ਕਰ ਸਕਦਾ।
ਇੰਦਰਪ੍ਰਸਥ ਵਿੱਚ ਅਰਜੁਨ ਤੇ ਸੁਭਦਰਾ ਦਾ ਵਿਆਹ ਸਮਾਰੋਹ ਚੱਲ ਰਿਹਾ ਸੀ। ਇਹ ਜ਼ਸ਼ਨ ਦਾ ਮਾਹੌਲ ਕਾਫ਼ੀ ਲੰਬੇ ਸਮੇਂ ਤੀਕਰ ਚੱਲਦਾ ਰਿਹਾ; ਰਜਵਾੜਿਆਂ ਦੇ ਵਿਆਹ ਵਿੱਚ ਇਸੇ ਤਰੀਕੇ ਨਾਲ਼ ਜਸ਼ਨ ਮਨਾਏ ਜਾਂਦੇ ਹਨ। ਸਮਾਰੋਹ ਤੋਂ ਬਾਅਦ, ਅਰਜੁਨ ਅਤੇ ਕ੍ਰਿਸ਼ਨ ਆਪੋ-ਆਪਣੀਆਂ ਪਤਨੀਆਂ ਦੇ ਨਾਲ਼ ਘੁੰਮਣ-ਫਿਰਨ (ਤਫਰੀਹ) ਵਾਸਤੇ ਨੇੜਲੇ ਖਾਂਡਵ ਜੰਗਲ ਵਿੱਚ ਚਲੇ ਗਏ। ਜਦੋਂ ਉਹ ਜੰਗਲ ਵਿੱਚ ਸਨ ਤਾਂ ਅਗਨੀ ਦੇਵਤਾ ਬ੍ਰਾਹਮਣ ਦਾ ਭੇਸ ਵਟਾ ਕੇ ਉਨ੍ਹਾਂ ਦੇ ਕੋਲ਼ ਪੁੱਜੇ। ਉਨ੍ਹਾਂ ਨੇ ਕ੍ਰਿਸ਼ਨ ਅਤੇ ਅਰਜੁਨ ਕੋਲ਼ ਵਧੀਆ ਖਾਣਾ ਖਾਣ ਦੀ ਫਰਮਾਇਸ਼ ਕੀਤੀ। ਉਨ੍ਹਾਂ ਨੇ ਸ਼ਿਕਾਇਤੀ ਲਹਿਜੇ ਵਿੱਚ ਦੱਸਿਆ ਕਿ ਯਗਾਂ ਵਿੱਚ ਬਹੁਤ ਜ਼ਿਆਦਾ ਘਿਓ ਵਾਲ਼ਾ ਖਾਣਾ ਖਾਣ ਕਰਕੇ ਉਹ ਬੀਮਾਰ ਪੈ ਗਏ ਹਨ ਅਤੇ ਇਸਲਈ ਉਨ੍ਹਾਂ ਨੂੰ ਹਲਕਾ, ਤਾਜ਼ਾ ਅਤੇ ਹਰਿਆ-ਭਰਿਆ ਭੋਜਨ ਚਾਹੀਦਾ ਹੈ- ਭਾਵ ਜੰਗਲ।
ਉਨ੍ਹਾਂ ਨੇ ਪੁੱਛਿਆ,''ਜੰਗਲੀ ਜੀਵਾਂ ਅਤੇ ਰੁੱਖਾਂ ਨਾਲ਼ ਭਰੇ ਇਸ ਖਾਂਡਵ ਵਣ ਨਾਲ਼ੋਂ ਬੇਹਤਰ ਹੋਰ ਹੋ ਹੀ ਕੀ ਸਕਦਾ ਹੈ? ਇਸ ਤੋਂ ਮੈਨੂੰ ਆਪਣੀ ਤਾਕਤ ਅਤੇ ਊਰਜਾ ਵਾਪਸ ਪਾਉਣ ਵਿੱਚ ਮਦਦ ਮਿਲ਼ੇਗੀ।''
ਪਰ ਇੰਦਰ ਨੇ ਉਨ੍ਹਾਂ ਦੀ ਯੋਜਨਾ ਮਲ਼ੀਆਮੇਟ ਕਰਨ ਦਾ ਪੱਕਾ ਮਨ ਬਣਾ ਲਿਆ ਸੀ। ਅਗਨੀ ਦੇਵ ਨੂੰ ਮਦਦ ਦੀ ਲੋੜ ਸੀ। ਕ੍ਰਿਸ਼ਨ ਅਤੇ ਅਰਜੁਨ ਇੱਕ ਬ੍ਰਾਹਮਣ ਨੂੰ ਬਦਰੰਗ ਹੱਥੀਂ ਭੇਜ ਦੇਣ ਦਾ ਮਤਲਬ ਭਲ਼ੀਭਾਂਤੀ ਜਾਣਦੇ ਸਨ। ਕ੍ਰਿਸ਼ਨ ਅਤੇ ਅਰਜੁਨ ਨੇ ਉਨ੍ਹਾਂ ਦੀ ਮਦਦ ਕਰਨ ਦਾ ਵਾਅਦਾ ਕੀਤਾ। ਅਗਨੀ ਦੇਵ ਨੇ ਜੰਗਲ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਉੱਚੀਆਂ-ਉੱਚੀਆਂ ਲਪਟਾਂ ਹੋਰ ਉਚੇਰੀਆਂ ਹੋਣ ਲੱਗੀਆਂ। ਕ੍ਰਿਸ਼ਨ ਅਤੇ ਅਰਜੁਨ ਜੰਗਲ ਕਿਨਾਰੇ ਖੜ੍ਹੇ ਹੋ ਕੇ ਸਾਹ ਲੈਣ ਲਈ ਹੰਭਦੇ ਹੋਏ ਬਾਹਰ ਨੂੰ ਭੱਜਦੇ ਆ ਰਹੇ ਹਰ ਜੀਵ ਨੂੰ ਮਾਰ ਰਹੇ ਸਨ ਅਤੇ ਇੰਦਰ ਨਾਲ਼ ਯੁੱਧ ਕਰ ਰਹੇ ਸਨ। ਧਰਤੀ ਅਤੇ ਆਸਮਾਨ ਦੋਵੇਂ ਹੀ ਕੇਸਰੀ ਲਪਟਾਂ ਵਿੱਚ ਮੱਚ ਰਹੇ ਸਨ...
- ਮਹਾਂਭਾਰਤੀ ਦੇ ਆਦਿ ਪਰਵ ਦੇ ' ਖਾਂਡਵ ਵਨ ਦਹਨ ' ਕਾਂਡ ਦਾ ਰੁਪਾਤਰਣ
ਖਾਂਡਵ ਵਣ
ਖਾਂਡਵ ਵਣ ਮੱਚ ਰਿਹਾ
ਹੈ ਧਰਮਰਾਜ!
ਵਣ 'ਚੋਂ ਉੱਠਦਾ ਕਾਲ਼ਾ ਗਾੜ੍ਹਾ ਧੂੰਆਂ
ਸਾਡੀਆਂ ਨਾਸਾਂ
ਵਿੱਚੋਂ ਦੀ ਹੁੰਦਾ ਹੋਇਆ
ਫੇਫੜਿਆਂ ਦੀਆਂ
ਤਹਿਆਂ 'ਤੇ ਬਹਿੰਦਾ ਜਾਂਦਾ ਹੈ
ਹਿੰਸਕ ਪਸ਼ੂਆਂ
ਵਾਂਗਰ...
ਹਨ੍ਹੇਰੇ ਵਿੱਚ
ਚਮਕਦੀਆਂ
ਅੰਗਾਰਿਆਂ ਜਿਹੀਆਂ
ਅੱਖਾਂ
ਮਾਰੇ ਸਹਿਮ ਦੇ ਸਾਡੀ
ਸੰਘੀ ਨਪੀੜੀ ਜਾਂਦੀ
ਅਤੇ ਸਾਡੇ ਫੇਫੜੇ
ਖੁਸ਼ਕ ਅੰਗੂਰਾਂ ਦੇ ਗੁੱਛਿਆਂ ਵਾਂਗਰ
ਕਾਲ਼ਾ, ਬੇਰੰਗਾ ਰਸ
ਟਪਕਾਉਂਦੇ;
ਰਾਸ਼ਟਰ ਦਾ ਸਾਹ
ਘੁਟੀਂਦਾ ਹੈ
ਯੋਗੀਰਾਜ!
ਖਾਂਡਵ ਵਣ ਮੱਚ ਰਿਹਾ
ਹੈ!!
ਨਗਰ ਸੇਠਾਂ ਦੇ ਇਛੱਤ
ਯਗਾਂ ਤੋਂ ਤ੍ਰਿਪਤ
ਰਾਜਿਆਂ ਦੀਆਂ ਵਾਸਨਾ
ਭਰੀਆਂ ਭੇਟਾਂ
ਐ! ਬ੍ਰਾਹਮਣ ਦੀ ਦਿੱਖ ਵਾਲ਼ੇ ਵਿਅਕਤੀ ਅਗਨੀ ਨੂੰ
ਆਕਸੀਜਨ ਚਾਹੀਦੀ ਹੈ
ਆਪਣੀ ਜਵਾਨੀ ਨੂੰ
ਧੜਕਾਉਣ ਵਾਸਤੇ;
ਉਹਨੂੰ ਤਾਜ਼ਾ
ਰੁੱਖਾਂ ਦਾ ਲਹੂ ਚਾਹੀਦਾ ਹੈ
ਉਹ ਤਰਸਦਾ ਹੈ
ਪਸ਼ੂ-ਚਮੜੀ ਦੀ ਗੰਧ ਖਾਤਰ
ਉਹਨੂੰ ਚਾਹੀਦੀ ਹੈ
ਇਨਸਾਨੀ ਚੀਕ...
ਬਲ਼ਦੀਆਂ ਲੱਕੜਾਂ ਦੇ
ਤਿੜਕਨ ਦੀ ਅਵਾਜ਼
'ਤਥਾਸਤੂ' ਕ੍ਰਿਸ਼ਨ ਬੋਲਿਆ
'ਸਮਝੋ ਕੰਮ ਹੋ ਗਿਆ: ਅਰਜੁਨ ਨੇ ਮੁੱਛ ਚਾੜ੍ਹੀ...
ਅਤੇ ਖਾਂਡਵ ਜੰਗਲ
ਮੱਚ ਉੱਠਿਆ...
ਖਾਂਡਵ ਜੰਗਲ ਮੱਚ
ਰਿਹਾ ਹੈ
ਯੋਗੇਸ਼ਵਰ!
ਸਾਹ ਲੈਣ ਲਈ ਭੱਜ
ਰਹੇ ਹਨ
ਪਸ਼ੂ ਪੰਛੀ ਸਾਰੇ
ਖੰਭਾਂ ਤੋਂ ਨੋਚ ਕੇ
ਚਿੜੀਆਂ ਨੂੰ ਵਾਪਸ ਲਪਟਾਂ ਵਿੱਚ ਵਗਾਹ ਮਾਰ ਰਿਹਾ ਹੈ ਅਗਨੀ ਦੇਵ;
ਭੀਲ, ਕੋਲ, ਕਿਰਾਤ,
ਨਾਗ.. ਅਨਾਗਰਿਕ ਲੋਕ
ਇੱਕ ਕਤਰਾ ਆਕਸੀਜਨ
ਲਈ ਹੱਥ ਪੈਰ ਮਾਰਦੇ ਜੰਗਲ ਤੋਂ ਬਾਹਰ ਭੱਜਦੇ ਹੋਏ-
ਤ੍ਰਾਹਿਮਾਮ!
ਬਚਾਓ! ਬਚਾਓ!
ਖਾਂਡਵ ਵਣ ਦੀ ਬਰੂਹ 'ਤੇ ਖੜ੍ਹਾ ਹੈ
ਕ੍ਰਿਸ਼ਨ,
ਮਦਹੋਸ਼ ਅੱਖਾਂ ਦੇ
ਨਾਲ਼,
ਖੜ੍ਹਾ ਹੈ ਅਰਜੁਨ
ਡਿਊਟੀ ‘ਤੇ
ਅੱਗ ਤੋਂ ਬੱਚ ਕੇ ਭੱਜਦਿਆਂ ਨੂੰ
ਮੌਤ ਦੇ ਘਾਟ ਲਾਉਂਦਾ
ਵਾਪਸ ਅਗਨੀ ਕੁੰਡ ਵਿੱਚ ਵਗਾਹ ਮਾਰਦਾ...
ਸਾਨੂੰ ਆਕਸੀਜਨ ਬਖਸ਼ ਦਿਓ
ਮਹਾਂਭਾਰਤ ਦੇ ਜੇਤੂਓ
ਇਹ ਭਾਰਤ ਤੁਹਾਡਾ
ਇਹ ਮਹਾਂਭਾਰਤ ਤੁਹਾਡਾ
ਇਹ ਧਰਤੀ, ਇਹ ਧਨ- ਇਹ ਦੌਲਤ
ਇਹ ਧਰਮ, ਨੀਤੀ
ਬੀਤਿਆ-ਆਗਾਮੀ ਸਭ ਤੁਹਾਡਾ
ਸਾਨੂੰ ਤਾਂ ਬੱਸ ਇੱਕ ਸਿਲੰਡਰ ਆਕਸੀਜਨ ਦੇ ਦਿਓ
ਮਧੂਸੂਦਨ...
ਇਹ ਆਕਸੀਜਨ ਅੱਗ ਦਾ ਭੋਜਨ ਨਹੀਂ
ਸਾਡਾ ਜੀਵਨ ਹੈ
ਤੂੰ ਕਿਹਾ ਸੀ ਨਾ!
ਅੱਗ ਆਤਮਾ ਨੂੰ ਨਹੀਂ ਸਾੜ ਸਕਦੀ
ਪਰ ਇਹ ਵਣ ਸਾਡੀ ਆਤਮਾ ਸੀ ਅਤੇ
ਹੁਣ ਇਹ ਮੱਚ ਰਿਹਾ ਹੈ
ਖਾਂਡਵ ਵਣ ਮੱਚ ਰਿਹਾ ਹੈ
ਗੀਤੇਸ਼ਵਰ!
ਖਾਂਡਵ ਵਣ ਇੱਕ ਵਿਸ਼ਾਲ ਚਿਖਾ ਜਿਹਾ
ਧੂ-ਧੂ ਕਰ
ਮੱਚ ਰਿਹਾ ਹੈ!!
ਸ਼ਬਦਾਵਲੀ
ਆਦਿ ਪਰਵ : ਅਧਿਆਇ 214 ਤੋਂ 219; ਮਹਾਂਭਾਰਤ ਦਾ ਉਹ ਭਾਗ ਹੈ ਜਿਸ ਵਿੱਚ ਉੱਪਰ ਦਿੱਤੇ ਗਏ ਪ੍ਰਸੰਗ ਦਾ ਜ਼ਿਕਰ ਆਉਂਦਾ ਹੈ।
ਧਰਮਰਾਜ: ਯੁਧੀਸ਼ਿਠਰ ਨੂੰ ਸੰਬੋਧਤ ਹੈ।
ਯੋਗੀਰਾਜ, ਯੋਗੇਸ਼ਵਰ, ਮਧੂਸੂਦਨ, ਗੀਤੇਸ਼ਵਰ : ਇਹ ਸਾਰੇ ਕ੍ਰਿਸ਼ਨ ਦੇ ਦੂਸਰੇ ਨਾਮ ਹਨ।
ਤਰਜਮਾ
:
ਕਮਲਜੀਤ
ਕੌਰ