ਪੁਰਸ਼ੋਤਮ ਰਾਣਾ ਨੇ ਇਸ ਸਾਲ ਕਪਾਹ ਦੀ ਖੇਤੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਘੱਟ ਮੀਂਹ ਪੈਣ ਕਰਕੇ ਉਨ੍ਹਾਂ ਦੀ ਫ਼ਸਲ ਸੁੱਕ ਗਈ। ਉਹ ਚਾਹੁੰਦੇ ਹਨ ਕਿ ਸਰਕਾਰ ਉੜੀਸਾ ਦੀ ਤਹਿਸੀਲ ਮੁਰੀਬਾਹਲ ਵਿਚ ਉਨ੍ਹਾਂ ਦੇ ਪਿੰਡ ਡੁਮਰਪਾੜਾ ਵਿਚ ਸਿੰਚਾਈ ਦਾ ਪੱਕਾ ਪ੍ਰਬੰਧ ਕਰੇ ਅਤੇ ਟਿਊਬਵੈਲਾਂ ਲਾਈਆਂ ਜਾਣ। ਇਹ ਪਿੰਡ, ਬੋਲਾਨਗੀਰ (ਜਨਗਣਨਾ ਵਿਚ ਇਸਦਾ ਨਾਂ ਬਾਲਾਨਗੀਰ ਹੈ) ਜ਼ਿਲ੍ਹੇ ਵਿਚ ਹੈ, ਜਿੱਥੇ ਵਾਰ-ਵਾਰ ਸੋਕਾ ਪੈਂਦਾ ਹੈ।
29-30 ਨਵੰਬਰ ਨੂੰ ਦਿੱਲੀ ਵਿਚ ਕਿਸਾਨ ਮੁਕਤੀ ਮੋਰਚੇ ਵਿਚ ਸ਼ਾਮਲ ਹੋਣ ਵਾਲੇ 65 ਵਰ੍ਹਿਆਂ ਦੇ ਰਾਣਾ ਕਹਿੰਦੇ ਹਨ, “ਜਦੋਂ ਮੇਰੇ (ਸੰਯੁਕਤ) ਪਰਿਵਾਰ ਵਿਚ ਜ਼ਮੀਨ ਦੀ ਵੰਡ ਹੋਈ ਤਾਂ ਮੇਰੇ ਹਿੱਸੇ ਇਕ ਏਕੜ ਜ਼ਮੀਨ ਆਈ। ਪਰ ਇਹ ਜ਼ਮੀਨ ਹਾਲੇ ਵੀ ਮੇਰੇ ਦਾਦੇ ਦੇ ਨਾਂ ਬੋਲਦੀ ਹੈ। ਮੇਰੇ ਚਾਰ ਪੁੱਤਰ ਹਨ ਅਤੇ ਉਨ੍ਹਾਂ ਵਿਚੋਂ ਕੋਈ ਵੀ ਖੇਤੀ ਨਹੀਂ ਕਰਦਾ। ਉਹ ਦਿਹਾੜੀ ਮਜ਼ਦੂਰ ਵਜੋਂ ਕੰਮ ਕਰਨ ਲਈ ਮੁੰਬਈ ਤੇ ਗੁਜਰਾਤ ਵਰਗੀਆਂ ਥਾਂਵਾਂ ’ਤੇ ਜਾਂਦੇ ਹਨ।”
ਇਸੇ ਪਿੰਡ ਦੇ ਰਹਿਣ ਵਾਲੇ 57 ਵਰ੍ਹਿਆਂ ਦੇ ਜੁਗਾ ਰਾਣਾ ਵੀ ਇਸ ਮਾਰਚ ਵਿੱਚ ਸ਼ਾਮਲ ਸਨ। ਪਾਣੀ ਦੀ ਘਾਟ ਕਾਰਨ ਉਨ੍ਹਾਂ ਦੀ 1.5 ਏਕੜ ਜ਼ਮੀਨ ਉੱਤੇ ਬੀਜੀ ਝੋਨੇ ਦੀ ਫ਼ਸਲ ਸੁੱਕ ਗਈ ਹੈ, ਅਤੇ ਜੁਗਾ ਨੂੰ ਬੀਮੇ ਦੇ ਰੂਪ ਵਿਚ ਸਿਰਫ਼ 6,000 ਰੁਪਏ ਮਿਲੇ। ਉਹ ਸ਼ਿਕਾਇਤ ਕਰਦੇ ਹਨ ਕਿ ਇਹ ਰਕਮ ਨੁਕਸਾਨ ਦੀ ਭਰਪਾਈ ਲਈ ਕਾਫ਼ੀ ਨਹੀਂ ਹੈ।
ਮਾਰਚ ਵਿਚ ਮੈਂ ਤੱਟਵਰਤੀ ਉੜੀਸਾ ਦੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ। ਪੁਰੀ ਜ਼ਿਲ੍ਹੇ ਦੇ ਡੇਲੰਗਾ ਬਲਾਕ ਦੇ ਪਿੰਡ ਸਿੰਘਾਬਹਿਰਾਮਪੁਰ ਪੂਰਬਾਬਾਦ ਦੀ ਮੰਜੂ ਬੇਹਰਾ (ਉਪਰਲੀ ਤਸਵੀਰ ਵਿਚ ਕੇਂਦਰ ਵਿਚ ਖੜ੍ਹੇ ਹਨ) ਨੇ ਕਿਹਾ, “ਸਾਡੇ ਕੋਲ ਕੋਈ ਜ਼ਮੀਨ ਨਹੀਂ ਹੈ। ਅਸੀਂ ਕਿਸਾਨਾਂ ਦੇ ਖੇਤਾਂ ਵਿਚ ਕੰਮ ਕਰਕੇ ਗੁਜ਼ਾਰਾ ਕਰਦੇ ਹਾਂ।” ਜਦੋਂ ਪਿੰਡ ਵਿਚ ਕੰਮ ਮਿਲ ਜਾਂਦਾ ਹੈ ਤਾਂ ਉਨ੍ਹਾਂ ਨੂੰ ਇਕ ਦਿਨ ਦੀ 200 ਰੁਪਏ ਦਿਹਾੜੀ ਮਿਲਦੀ ਹੈ। 45 ਵਰ੍ਹਿਆਂ ਦੀ ਮੰਜੂ ਆਪਣੇ ਪਿੰਡ ਦੇ ਹੋਰ ਲੋਕਾਂ ਨਾਲ ਦਿੱਲੀ ਆਏ ਹਨ। ਇਹ ਸਾਰੇ ਲੋਕ ਦਲਿਤ ਭਾਈਚਾਰੇ ਨਾਲ ਸੰਬੰਧਿਤ ਬੇਜ਼ਮੀਨੇ ਮਜ਼ਦੂਰ ਸਨ।
ਹੋਰ ਬਹੁਤ ਸਾਰੇ ਲੋਕਾਂ ਨਾਲ ਇਸ ਰੈਲੀ ਵਿਚ ਭਾਗ ਲੈਣ ਵਾਲੇ ਉੜੀਸਾ ਦੇ ਇਕ ਕਾਰਕੁਨ ਸ਼ਸ਼ੀ ਦਾਸ ਨੇ ਕਿਹਾ, “ਸਾਡੇ ਪਿੰਡ ਦੇ ਕੁਝ ਪ੍ਰਭਾਵਸ਼ਾਲੀ ਪਰਿਵਾਰਾਂ ਨੂੰ (ਇੰਦਰਾ ਆਵਾਸ ਯੋਜਨਾ ਤਹਿਤ, ਜਿਸਨੂੰ ਹੁਣ ਪ੍ਰਧਾਨ ਮੰਤਰੀ ਆਵਾਸ ਯੋਜਨਾ - ਗ੍ਰਾਮੀਣ ਦੇ ਨਾਂ ਨਾਲ ਜਾਣਿਆ ਜਾਂਦਾ ਹੈ) 2-3 ਘਰ ਬਣਾ ਕੇ ਦਿੱਤੇ ਗਏ ਹਨ ਜਦਕਿ ਸਾਡੇ ਵਿਚੋਂ ਕਿਸੇ ਨੂੰ ਵੀ ਹਾਲੇ ਤੱਕ ਇਕ ਵੀ ਘਰ ਨਹੀਂ ਮਿਲਿਆ ਹੈ!”
ਬੋਲਾਨਗੀਰ ਦੇ ਇਕ ਛੋਟੇ ਜਿਹੇ ਸ਼ਹਿਰ ਕੰਟਾਬੰਜੀ ਦੇ ਇਕ ਵਕੀਲ ਅਤੇ ਮਨੁੱਖੀ ਅਧਿਕਾਰ ਕਾਰਕੁਨ ਵਿਸ਼ਣੂ ਸ਼ਰਮਾ (ਹੇਠਾਂ ਦੂਜੀ ਤਸਵੀਰ ਵਿਚ ਕਾਲਾ ਸਵੈਟਰ ਪਹਿਨੀਂ ਖੜ੍ਹੇ) ਨੇ ਕਿਹਾ, “ਮੈਂ ਭਾਰਤ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਮੁੱਦਿਆਂ ਨੂੰ ਸਮਝਣ ਅਤੇ ਇਹ ਜਾਣਨ ਲਈ ਇਸ ਮੋਰਚੇ ਵਿਚ ਭਾਗ ਲੈ ਰਿਹਾ ਹਾਂ ਕਿ ਸਵਾਮੀਨਾਥਨ ਰਿਪੋਰਟ ਆਖ਼ਰ ਹੈ ਕੀ। ਮੈਨੂੰ ਇਹ ਜਾਣ ਕੇ ਖ਼ੁਸ਼ੀ ਹੋਈ ਕਿ ਕਿਸਾਨ ਇਨ੍ਹਾਂ ਮੁੱਦਿਆਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਮੈਂ ਇਨ੍ਹਾਂ ਮੁੱਦਿਆਂ ਬਾਰੇ ਬਹੁਤ ਕੁਝ ਸਿੱਖਣਾ ਹੈ। ਮੈਂ ਬੋਲਾਨਗੀਰ ਤੋਂ ਆਇਆ ਹਾਂ, ਜਿੱਥੇ ਸੋਕਾ ਪੈਂਦਾ ਹੈ ਅਤੇ ਫ਼ਸਲ ਦਾ ਨੁਕਸਾਨ ਹੁੰਦਾ ਹੈ। ਪਰ ਜਦੋਂ ਮੈਂ ਇੱਥੇ ਆਇਆ ਤਾਂ ਮੈਨੂੰ ਪਤਾ ਲੱਗਾ ਕਿ ਕਿਸਾਨ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।”
ਸ਼ਰਮਾ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਇਸ ਦਿੱਲੀ ਮਾਰਚ ਤੋਂ ਕੋਈ ਹੱਲ ਨਿਕਲਣ ਦੀ ਆਸ ਹੈ। “ਅਸੀਂ ਆਪਣੇ ਖੇਤਰ ਵਿਚੋਂ ਪਲਾਇਨ ਹੁੰਦਾ ਦੇਖਿਆ ਸੀ। ਇੱਥੇ, ਕਿਸਾਨਾਂ ਨਾਲ ਗੱਲ ਕਰਨ ਤੋਂ ਬਾਅਦ ਮੈਨੂੰ ਸਮਝ ਆਇਆ ਕਿ ਇਹ ਸਾਰੀਆਂ ਸਮੱਸਿਆਵਾਂ ਖੇਤੀਬਾੜੀ ਨਾਲ ਜੁੜੀਆਂ ਹੋਈਆਂ ਹਨ। ਜੇਕਰ ਖੇਤੀ ਦੀਆਂ ਸਮੱਸਿਆਵਾਂ ਨੂੰ ਹੱਲ ਨਹੀਂ ਕੀਤਾ ਜਾਂਦਾ ਹੈ ਤਾਂ ਪਲਾਇਨ ਅਤੇ ਹੋਰ ਸਮੱਸਿਆਵਾਂ ਜਾਰੀ ਰਹਿਣਗੀਆਂ।”









ਤਰਜ਼ਮਾ: ਹਰਜੋਤ ਸਿੰਘ