"ਕੀ ਫ਼ਰਕ ਪੈਂਦੇ ਹਨ ਕਿ ਕੌਣ ਜਿੱਤਦੇ ਹਨ? ਜਾਂ ਆਈਪੀਐੱਲ ਚੱਲ ਰਿਹਾ ਹੈ ਜਾਂ ਵਿਸ਼ਵ ਕੱਪ?
ਜਿਸ ਦੇਸ਼ ਵਿੱਚ ਕ੍ਰਿਕਟ ਨੂੰ ਧਰਮ ਮੰਨਿਆ ਜਾਂਦੇ ਹਨ, ਉੱਥੇ ਮਦਨ ਦਾ ਸਵਾਲ ਉਸ ਨੂੰ ਅਪਵਿੱਤਰ ਕਰਦਾ ਜਾਪਦੇ ਹਨ।
ਹਾਲਾਂਕਿ, ਗੱਲ ਪੂਰੀ ਕਰਦਿਆਂ ਉਹ ਅੱਗੇ ਕਹਿੰਦੇ ਹਨ,'' ਕੋਈ ਭੀ ਜੀਤੇ ਹਮੇਂ ਕਾਮ ਮਿਲ ਜਾਤਾ ਹੈ। '' 51 ਸਾਲਾ ਮਦਨ, ਜੋ ਕ੍ਰਿਕਟ ਦੀਆਂ ਗੇਂਦਾਂ ਬਣਾਉਂਦੇ ਹਨ, ਮੇਰਠ ਸ਼ਹਿਰ ਵਿੱਚ ਲਾਲ ਅਤੇ ਚਿੱਟੀ ਗੇਂਦ ਬਣਾਉਣ ਵਾਲ਼ੀਆਂ ਕਈ ਚਮਕਦਾਰ ਇਕਾਈਆਂ ਵਿੱਚੋਂ ਇੱਕ ਦੇ ਮਾਲਕ ਹਨ।
ਮਾਰਚ ਦਾ ਮਹੀਨਾ ਨੇੜੇ ਆ ਰਿਹਾ ਹੈ ਅਤੇ ਉਨ੍ਹਾਂ ਦੇ ਆਲ਼ੇ-ਦੁਆਲ਼ੇ ਲਗਭਗ 100 ਬਕਸੇ ਹਨ, ਜਿਨ੍ਹਾਂ ਵਿੱਚੋਂ ਹਰੇਕ ਵਿੱਚ ਛੇ ਚਮੜੇ ਦੀਆਂ ਗੇਂਦਾਂ ਹਨ, ਜੋ ਪੁਰਸ਼-ਕ੍ਰਿਕਟ ਦੇ ਇਸ ਰੁਝੇਵੇਂ ਭਰੇ ਕੈਲੰਡਰ ਵਿੱਚ ਖੇਡੇ ਜਾਣ ਲਈ ਤਿਆਰ ਹਨ। ਦੋ ਮਹੀਨੇ ਤੱਕ ਚੱਲਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਲਈ ਸੀਜ਼ਨ ਦੀ ਪਹਿਲੀ ਗੇਂਦ ਮਾਰਚ ਦੇ ਅੰਤ ਵਿੱਚ ਸੁੱਟੀ ਜਾਂਦੀ ਹੈ। ਇਸ ਤੋਂ ਬਾਅਦ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਜੂਨ ਵਿੱਚ ਹੋਣਾ ਹੈ। ਭਾਰਤ ਨੇ ਅਕਤੂਬਰ ਅਤੇ ਨਵੰਬਰ ਵਿੱਚ ਪੁਰਸ਼ਾਂ ਦੇ ਇੱਕ-ਰੋਜ਼ਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨੀ ਹੈ।
ਮਦਨ ਕਹਿੰਦੇ ਹਨ, "ਗੇਂਦ ਦੀ ਕਿਸ ਪੱਧਰ 'ਤੇ ਵਰਤੋਂ ਕੀਤੀ ਜਾਵੇਗੀ, ਉਸ ਨਾਲ਼ ਕੌਣ ਖੇਡੇਗਾ, ਇਸ ਨਾਲ਼ ਕਿੰਨੇ ਓਵਰ ਸੁੱਟੇ ਜਾਣਗੇ, ਇਹ ਗੇਂਦ ਦੀ ਗੁਣਵੱਤਾ ਨਾਲ਼ ਤੈਅ ਹੋਵੇਗਾ।''


ਮਦਨ ( ਖੱਬੇ ਪਾਸੇ) ਮੇਰਠ ਜ਼ਿਲ੍ਹੇ ਦੀ ਸ਼ੋਭਾਪੁਰ ਝੁੱਗੀ-ਝੌਂਪੜੀ ਵਿੱਚ ਆਪਣੀ ਕ੍ਰਿਕਟ ਬਾਲ (ਗੇਂਦ) ਨਿਰਮਾਣ ਇਕਾਈ ਵਿੱਚ। ਧਰਮ ਸਿੰਘ (ਸੱਜੇ ਪਾਸੇ) ਮਦਨ ਦੀ ਇਕਾਈ ਦੇ ਸਭ ਤੋਂ ਤਜ਼ਰਬੇਕਾਰ ਕਾਰੀਗਰ ਹਨ। ਇੱਥੋਂ ਦੇ ਜ਼ਿਆਦਾਤਰ ਕਾਰੀਗਰ ਜਾਟਵ ਭਾਈਚਾਰੇ ਦੇ ਹਨ ਅਤੇ ਡਾ. ਅੰਬੇਡਕਰ ਨੂੰ ਮੰਨਦੇ ਹਨ
ਕ੍ਰਿਕਟ ਪ੍ਰਤੀ ਦੇਸ਼ ਦੇ ਜਨੂੰਨ ਨੂੰ ਲੈ ਕੇ ਉਹ ਕਹਿੰਦੇ ਹਨ, "ਵੱਡੇ ਟੂਰਨਾਮੈਂਟਾਂ ਤੋਂ ਪਹਿਲਾਂ, ਪ੍ਰਚੂਨ ਵਿਕਰੇਤਾ ਅਤੇ ਖੇਡ-ਸਾਮਾਨ ਦੇ ਥੋਕ ਵਿਕਰੇਤਾ ਪਹਿਲਾਂ ਹੀ ਸਾਡੇ ਕੋਲ਼ ਆ ਜਾਂਦੇ ਹਨ। ਦੋ ਮਹੀਨੇ ਪਹਿਲਾਂ ਮੰਗ ਬਹੁਤ ਵੱਧ ਜਾਂਦੀ ਹੈ ਅਤੇ ਮੌਕੇ ਦੇ ਹਿਸਾਬ ਨਾਲ਼ ਵੱਡੇ ਸ਼ਹਿਰਾਂ ਦੀਆਂ ਦੁਕਾਨਾਂ ਗੇਂਦਾਂ ਦਾ ਸਟਾਕ ਕਰ ਲੈਣਾ ਚਾਹੁੰਦੀਆਂ ਹਨ।'' ਇਹ ਗੇਂਦਾਂ 250 ਰੁਪਏ ਤੋਂ ਲੈ ਕੇ 3,500 ਰੁਪਏ ਤੱਕ ਵਿਕਦੀਆਂ ਹਨ, ਜੋ ਇਸ ਗੱਲ 'ਤੇ ਨਿਰਭਰ ਹੁੰਦਾ ਹੈ ਕਿ ਖੇਡ ਕੌਣ ਰਿਹਾ ਹੈ ਤੇ ਉਸ 'ਤੇ ਦਾਅ ਕਿੰਨਾ ਲੱਗਿਆ ਹੈ।
ਮਦਨ ਨੂੰ ਮੁੰਬਈ, ਅਹਿਮਦਾਬਾਦ, ਬੜੌਦਾ, ਜੈਪੁਰ, ਬੰਗਲੁਰੂ ਅਤੇ ਪੁਣੇ ਦੀਆਂ ਕ੍ਰਿਕਟ ਅਕਾਦਮੀਆਂ, ਡਿਸਟ੍ਰੀਬਿਊਟਰਾਂ ਅਤੇ ਪ੍ਰਚੂਨ ਵਿਕਰੇਤਾਵਾਂ ਤੋਂ ਸਿੱਧੇ ਆਰਡਰ ਮਿਲ਼ਦੇ ਹਨ। ਉਨ੍ਹਾਂ ਦੀ ਇਕਾਈ ਵਿੱਚ ਤਿਆਰ ਗੇਂਦਾਂ ਨੂੰ ਹੇਠਲੇ ਪੱਧਰ 'ਤੇ ਖੇਡਣ ਤੇ ਅਭਿਆਸ ਕਰਨ ਲਈ ਵਰਤਿਆ ਜਾਂਦੇ ਹਨ।
ਅਸੀਂ ਉਨ੍ਹਾਂ ਦੀ ਵਰਕਸ਼ਾਪ ਵਿੱਚ ਹਾਂ ਅਤੇ ਇੱਕ ਛੋਟੇ ਜਿਹੇ ਅਤੇ ਥੋੜ੍ਹਾ ਘੁਮਾਅਦਾਰ ਡਿਸਪਲੇਅ ਵਾਲ਼ੇ ਟੀ.ਵੀ. 'ਤੇ ਇੱਕ ਲਾਈਵ ਕ੍ਰਿਕਟ ਮੈਚ ਆ ਰਿਹਾ ਹੈ। ਟੀ.ਵੀ. ਸਕ੍ਰੀਨ ਦਾ ਮੂੰਹ ਅੱਠ ਕਾਰੀਗਰਾਂ ਵਾਲ਼ੇ ਪਾਸੇ ਹੈ, ਜੋ ਮੂਕ ਦਰਸ਼ਕ ਬਣ ਕੇ ਬੈਠੇ ਹਨ। ਪਰ ਉਹ ਸਿਰਫ਼ ਸੁਣ ਹੀ ਸਕਦੇ ਹਨ, ਉਨ੍ਹਾਂ ਦੀਆਂ ਨਜ਼ਰਾਂ ਆਪਣੇ ਕੰਮ 'ਤੇ ਹਨ। "ਸਾਡੇ ਕੋਲ਼ ਹਾਲੇ ਮਾਸਾ ਵਿਹਲ ਨਹੀਂ,'' ਮਦਨ ਕਹਿੰਦੇ ਹਨ।
ਉਹ ਦਰਮਿਆਨੀ ਗੁਣਵੱਤਾ ਵਾਲ਼ੀਆਂ 600 ਟੂ-ਪੀਸ ਕ੍ਰਿਕਟ ਗੇਂਦਾਂ ਦਾ ਆਰਡਰ ਪੂਰਾ ਕਰਨ ਲਈ ਲੋਹੇ ਦੇ ਕਲੈਂਪਾਂ 'ਤੇ ਝੁੱਕ ਕੇ ਸਿਲਾਈ ਦਾ ਮੁਸ਼ਕਲ ਕੰਮ ਕਰ ਰਹੇ ਹਨ। ਖ਼ਰੀਦਦਾਰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਤੋਂ ਹੈ ਅਤੇ ਉਹ ਤਿੰਨ ਦਿਨਾਂ ਵਿੱਚ ਇਹ ਡਿਲੀਵਰੀ ਚਾਹੁੰਦੇ ਹਨ।
ਮਦਨ ਇੱਕ ਚਮਕਦਾਰ ਲਾਲ ਗੇਂਦ ਚੁੱਕਦੇ ਹਨ ਜਿਸਨੂੰ ਭੇਜਿਆ ਜਾਣਾ ਹੈ। "ਗੇਂਦ ਬਣਾਉਣ ਲਈ ਤਿੰਨ ਚੀਜ਼ਾਂ ਦੀ ਲੋੜ ਹੁੰਦੀ ਹੈ। ਬਾਹਰੀ ਹਿੱਸੇ ਲਈ ਫ਼ਿਕਟਰੀ ਰਗੜਿਆ ਚਮੜਾ, ਕਾਰਕ ਤੋਂ ਬਣਿਆ ਅੰਦਰਲਾ ਹਿੱਸਾ [ਗੋਲ਼ਾ] ਅਤੇ ਸਿਲਾਈ ਲਈ ਸੂਤੀ ਧਾਗਾ।'' ਇਹ ਤਿੰਨੋਂ ਚੀਜ਼ਾਂ ਮੇਰਠ ਜ਼ਿਲ੍ਹੇ ਵਿੱਚ ਉਪਲਬਧ ਹਨ ਅਤੇ "ਇੱਕ ਵਾਰ ਜਦੋਂ ਕੋਈ ਖ਼ਰੀਦਦਾਰ ਸਾਨੂੰ ਆਪਣੀ ਗੁਣਵੱਤਾ ਨਾਲ਼ ਜੁੜੀਆਂ ਜ਼ਰੂਰਤਾਂ ਬਾਰੇ ਦੱਸਦਾ ਹੈ, ਤਾਂ ਅਸੀਂ ਉਸ ਮੁਤਾਬਕ ਚਮੜੇ ਅਤੇ ਕਾਰਕ ਦੀ ਚੋਣ ਕਰਦੇ ਹਾਂ।''


ਇੱਥੇ ਔਰਤਾਂ ਨੂੰ ਰਸਮੀ ਤੌਰ 'ਤੇ ਸ਼ਾਇਦ ਹੀ ਨੌਕਰੀ 'ਤੇ ਰੱਖਿਆ ਜਾਂਦਾ ਹੈ ਅਤੇ ਸਾਮੰਤਰਾ ਵੀ ਉਦੋਂ ਹੀ ਕੰਮ 'ਤੇ ਆਉਂਦੀ ਹਨ ਜਦੋਂ ਮਦਨ ਦੀ ਇਕਾਈ ਨੂੰ ਵੱਡੇ ਆਰਡਰ ਮਿਲ਼ਦੇ ਹਨ। ਉਹ ਐਲਮ ਦੇ ਕਣਾਂ ਨੂੰ ਪੀਸ ਰਹੀ ਹਨ, ਜਿਸਦੀ ਵਰਤੋਂ ਚਮੜੇ ਦੀਆਂ ਖੱਲ੍ਹਾਂ (ਸੱਜੇ ਪਾਸੇ) ਦੀ ਸੁਧਾਈ ਕਰਨ ਲਈ ਕੀਤੀ ਜਾਵੇਗੀ। ਇਹਨਾਂ ਖੱਲ੍ਹਾਂ ਨੂੰ ਨਰਮ ਅਤੇ ਰੰਗੀਨ ਬਣਾਉਣ ਲਈ ਇਹਨਾਂ ਨੂੰ ਬੇਕਿੰਗ ਸੋਡਾ, ਐਲਮ ਅਤੇ ਨਮਕ ਵਾਲ਼ੇ ਪਾਣੀ ਵਿੱਚ ਤਿੰਨ ਦਿਨਾਂ ਤੱਕ ਭਿਉਂ ਕੇ ਰੱਖਿਆ ਜਾਂਦਾ ਹੈ


ਕਾਮੇ ਚਮੜੇ ਨੂੰ ਲਾਲ ( ਖੱਬੇ ਪਾਸੇ) ਰੰਗ ਵਿੱਚ ਰੰਗਦੇ ਹਨ ਅਤੇ ਚਮੜੇ ਦੇ ਦੋ ਜਾਂ ਚਾਰ ਟੁਕੜਿਆਂ ਦੀ ਵਰਤੋਂ ਕਰਕੇ ਕ੍ਰਿਕਟ ਦੀ ਗੇਂਦ ਬਣਾਉਂਦੇ ਹਨ। ਲਗਭਗ 35 ਸਾਲ ਦੇ ਸਚਿਨ (ਸੱਜੇ ਪਾਸੇ) ਨੇ ਟੂ-ਪੀਸ ਗੇਂਦਾਂ ਲਈ ਚਮੜੇ ਨੂੰ ਗੋਲ਼ ਕੱਟਿਆ
ਡਿਸਟ੍ਰਿਕਟ ਸੈਂਟਰ ਫਾਰ ਪ੍ਰਮੋਸ਼ਨ ਆਫ਼ ਇੰਡਸਟਰੀ ਐਂਡ ਐਂਟਰਪ੍ਰੈਨਯਰਸ਼ਿਪ ਡਿਵੈਲਪਮੈਂਟ (ਡੀਆਈਪੀਈਡੀਸੀ) ਦੇ ਅਨੁਸਾਰ, ਮੇਰਠ ਵਿੱਚ ਕ੍ਰਿਕਟ ਗੇਂਦ ਨਿਰਮਾਣ ਦੀਆਂ 347 ਇਕਾਈਆਂ ਹਨ। ਇਸ ਗਿਣਤੀ ਵਿੱਚ ਉਦਯੋਗਿਕ ਖੇਤਰਾਂ ਵਿੱਚ ਮੌਜੂਦ ਵੱਡੇ ਕਾਰਖ਼ਾਨੇ ਅਤੇ ਜ਼ਿਲ੍ਹੇ ਦੇ ਸ਼ਹਿਰੀ ਅਤੇ ਪੇਂਡੂ ਰਿਹਾਇਸ਼ੀ ਖੇਤਰਾਂ ਵਿੱਚ ਸਥਿਤ ਛੋਟੀਆਂ ਉਤਪਾਦਨ ਇਕਾਈਆਂ ਸ਼ਾਮਲ ਹਨ।
ਹਾਲਾਂਕਿ, ਇਸ ਅੰਕੜੇ ਵਿੱਚ ਖਿੰਡੇ-ਪੁੰਡੇ ਬਹੁਤ ਸਾਰੇ ਅਸੰਗਠਿਤ ਉਤਪਾਦਨ ਕੇਂਦਰ ਅਤੇ ਘਰੇਲੂ ਇਕਾਈਆਂ ਸ਼ਾਮਲ ਨਹੀਂ ਹਨ, ਜਿੱਥੇ ਪੂਰੀਆਂ ਗੇਂਦਾਂ ਬਣਾਈਆਂ ਜਾਂਦੀਆਂ ਹਨ ਜਾਂ ਕੋਈ ਵਿਸ਼ੇਸ਼ ਕੰਮ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚ ਮੇਰਠ ਜ਼ਿਲ੍ਹੇ ਦੇ ਜੰਗੇਠੀ, ਗਗੌਲ ਅਤੇ ਭਵਨਪੁਰ ਵਰਗੇ ਪਿੰਡ ਸ਼ਾਮਲ ਹਨ। ਮਦਨ ਕਹਿੰਦੇ ਹਨ, " ਆਜ ਗਾਓਂ ਕੇ ਬਿਨਾ ਬਿਲਕੁਲ ਪੂਰਤੀ ਨਹੀਂ ਹੋਗੀ ਮੇਰਠ ਮੇਂ। ''
ਉਹ ਕਹਿੰਦੇ ਹਨ, "ਪਿੰਡਾਂ ਅਤੇ ਸ਼ਹਿਰਾਂ ਦੀਆਂ ਵੱਡੀਆਂ ਫੈਕਟਰੀਆਂ ਦੇ ਜ਼ਿਆਦਾਤਰ ਕਾਰੀਗਰ ਜਾਟਵ ਹਨ ਕਿਉਂਕਿ ਗੇਂਦਾਂ ਚਮੜੇ ਤੋਂ ਬਣਦੀਆਂ ਹਨ।'' ਸਾਲ 1904 ਦੇ ਜ਼ਿਲ੍ਹਾ ਗਜ਼ੇਟਿਅਰ ਮੁਤਾਬਕ, ਜਾਟਵ ਜਾਂ ਚਮਾਰ ਭਾਈਚਾਰੇ (ਯੂਪੀ ਵਿੱਚ ਪਿਛੜੀ ਜਾਤੀ ਵਜੋਂ ਸੂਚੀਬੱਧ) ਮੇਰਠ ਵਿਖੇ ਚਮੜਾ ਉਦਯੋਗ ਵਿੱਚ ਕਾਮਿਆਂ ਦਾ ਸਭ ਤੋਂ ਵੱਡਾ ਸਮਾਜਿਕ ਸਮੂਹ ਸੀ। ਉਨ੍ਹਾਂ ਅੱਗੇ ਕਹਿੰਦੇ ਹਨ, "ਲੋਕਾਂ ਨੂੰ ਕ੍ਰਿਕਟ ਦੀ ਗੇਂਦ ਦੇ ਰੂਪ ਵਿੱਚ ਚਮੜੇ ਤੋਂ ਕੋਈ ਸਮੱਸਿਆ ਨਹੀਂ ਹੈ ਪਰ ਜਦੋਂ ਇਸੇ ਚਮੜੇ ਨਾਲ਼ ਕੰਮ ਕਰਨ ਦੀ ਗੱਲ ਆਉਂਦੀ ਹੈ, ਤਾਂ ਉਨ੍ਹਾਂ ਨੂੰ ਸਮੱਸਿਆਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।''
ਉਨ੍ਹਾਂ ਦਾ ਪਰਿਵਾਰ ਵੀ ਸ਼ੋਭਾਪੁਰ ਵਿੱਚ ਚਮੜੇ ਦੀ ਫੈਕਟਰੀ ਦਾ ਮਾਲਕ ਹੈ। ਇਹ ਇੱਕੋ ਇੱਕ ਅਜਿਹਾ ਖੇਤਰ ਹੈ ਜਿੱਥੇ ਕ੍ਰਿਕਟ ਬਾਲ ਉਦਯੋਗ ਲਈ ਕੱਚੇ ਚਮੜੇ ਨੂੰ ਫ਼ਟਕਰੀ ਨਾਲ਼ ਸੋਧਿਆ ਜਾਂਦਾ ਹੈ (ਪੜ੍ਹੋ: ਕ੍ਰਿਕਟ ਗੇਂਦ ਦੀ ਚਮਕ ਮਗਰ ਬੇਰੰਗ ਹੁੰਦੇ ਕਾਰੀਗਰਾਂ ਦਾ ਜੀਵਨ )। ਉਹ ਕਹਿੰਦੇ ਹਨ, "ਫ਼ਟਕਰੀ ਨਾਲ਼ ਚਮੜੇ ਦੀ ਸੁਧਾਈ ਨੂੰ ਦੇਖ ਕੇ ਮੈਨੂੰ ਲੱਗਿਆ ਕਿ ਕ੍ਰਿਕਟ ਗੇਂਦਾਂ ਦੀ ਮੰਗ ਕਦੇ ਘੱਟ ਨਹੀਂ ਹੋਵੇਗੀ।'' ਇਹ ਇਸ ਖੇਤਰ ਦੀਆਂ ਦੋ ਕ੍ਰਿਕਟ ਗੇਂਦ ਨਿਰਮਾਣ ਇਕਾਈਆਂ ਵਿੱਚੋਂ ਇੱਕ ਹੈ।
ਮਦਨ ਕਹਿੰਦੇ ਹਨ ਕਿ ਗੇਂਦ ਬਣਾਉਣ ਵਿੱਚ ਲੱਗਣ ਵਾਲ਼ੇ ਘੰਟਿਆਂ ਦਾ ਸਹੀ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ, ਕਿਉਂਕਿ ਬਹੁਤ ਸਾਰੀਆਂ ਪ੍ਰਕਿਰਿਆਵਾਂ ਇਕੱਠੀਆਂ ਚੱਲਦੀਆਂ ਹਨ। ਮੌਸਮ ਅਤੇ ਚਮੜੇ ਦੀ ਗੁਣਵੱਤਾ ਵੀ ਇਸ ਵਿੱਚ ਲੱਗਣ ਵਾਲ਼ੇ ਸਮੇਂ ਨੂੰ ਪ੍ਰਭਾਵਤ ਕਰਦੀ ਹੈ। ਉਨ੍ਹਾਂ ਨੇ ਕਿਹਾ, " ਦੋ ਹਫ਼ਤੇ ਲਗਤੇ ਹੈਂ ਏਕ ਗੇਂਦ ਕੋ ਤੈਆਰ ਹੋਨੇ ਮੇਂ ਕਮ ਸੇ ਕਮ ।''
ਮਦਨ ਦੀ ਇਕਾਈ ਦੇ ਕਰਮਚਾਰੀ ਚਮੜੇ ਨੂੰ ਪਹਿਲਾਂ ਫ਼ਟਕਰੀ ਨਾਲ਼ ਸੋਧਦੇ ਹਨ, ਉਸ ਨੂੰ ਲਾਲ ਪੇਂਟ ਕਰਦੇ ਹਨ, ਇਸ ਨੂੰ ਧੁੱਪ ਵਿੱਚ ਸੁਕਾਉਂਦੇ ਹਨ, ਇਸ ਨੂੰ ਤੇਲ ਜਾਂ ਜਾਨਵਰਾਂ ਦੀ ਚਰਬੀ ਨਾਲ਼ ਚੀਕਣਾ (ਲੁਬਰੀਕੇਟ) ਕਰਦੇ ਹਨ ਅਤੇ ਫਿਰ ਇਸ ਨੂੰ ਨਰਮ ਕਰਨ ਲਈ ਲੱਕੜ ਦੇ ਹਥੌੜੇ ਨਾਲ਼ ਸੱਟਾਂ ਮਾਰਦੇ ਹਨ। ਮਦਨ ਦੇ ਅਨੁਸਾਰ, "ਚਿੱਟੀਆਂ ਗੇਂਦਾਂ ਨੂੰ ਕਿਸੇ ਰੰਗ ਦੀ ਲੋੜ ਨਹੀਂ ਹੁੰਦੀ, ਕਿਉਂਕਿ ਫ਼ਟਕਰੀ ਨਾਲ਼ ਸੋਧੀ ਖੱਲ੍ਹ ਪਹਿਲਾਂ ਹੀ ਚਿੱਟੀ ਹੁੰਦੀ ਹੈ। ਉਨ੍ਹਾਂ ਲਈ ਗਾਂ ਦੇ ਦੁੱਧ ਤੋਂ ਬਣੇ ਦਹੀਂ ਨੂੰ ਚਿਕਨਾਈ ਦੇ ਤੌਰ 'ਤੇ ਵਰਤਿਆ ਜਾਂਦਾ ਹੈ।''


ਖੱਬੇ ਪਾਸੇ: ਟੂ-ਪੀਸ ਗੇਂਦਾਂ ਲਈ ਹੀਟ-ਪ੍ਰੈਸਡ (ਗਰਮੀ ਅਤੇ ਦਬਾਅ ਰਾਹੀਂ ਛਾਪੇ ਗਏ) ਗੋਲ਼ ਟੁਕੜਿਆਂ ਨੂੰ ਧੁੱਪ ਵਿੱਚ ਸੁਕਾਉਣ ਲਈ ਰੱਖਿਆ ਗਿਆ ਹੈ। ਸੱਜੇ ਪਾਸੇ: ਧਰਮ ਇਨ੍ਹਾਂ ਵਿੱਚੋਂ ਹਰੇਕ ਟੁਕੜੇ 'ਤੇ ਸੀਮ ਦੀਆਂ ਦੋ ਸਮਾਨਾਂਤਰ ਪਰਤਾਂ ਨੂੰ ਸਿਲਾਈ ਕਰਨ ਲਈ ਮਸ਼ੀਨ ਦੀ ਵਰਤੋਂ ਕਰਦੇ ਹਨ। ਫੋਰ-ਪੀਸ (ਚਾਰ ਟੁਕੜਿਆਂ ਵਾਲ਼ੀ) ਗੇਂਦ ਵਿੱਚ ਹੱਥ ਨਾਲ਼ ਸਿਲਾਈ ਕੀਤੀ ਸੀਮ ਦੇ ਉਲਟ, ਮਸ਼ੀਨ ਨਾਲ਼ ਸਿਲਾਈ ਕੀਤੀ ਸੀਮ ਸਜਾਵਟੀ ਦਿਖਾਈ ਦਿੰਦੀ ਹੈ


ਖੱਬੇ ਪਾਸੇ: ਧਰਮ ਚਮੜੇ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਤਿਆਰ ਕੀਤੀਆਂ ਗੇਂਦਾਂ 'ਤੇ ਲੈਕਰ ਰੋਗਣ ਦੀ ਵਰਤੋਂ ਕਰਦੇ ਹਨ। ਸੱਜੇ ਪਾਸੇ: ਮੁੰਬਈ ਦੇ ਧੋਬੀ ਤਲਾਵ ਵਿੱਚ ਇੱਕ ਸਪੋਰਟਸ ਗੁਡਸ ਰਿਟੇਲ ਦੀ ਦੁਕਾਨ 'ਤੇ ਸੋਨੇ ਅਤੇ ਚਾਂਦੀ ਦੇ ਫੁਆਇਲ-ਸਟੈਂਪ ਵਾਲ਼ੀਆਂ ਕ੍ਰਿਕਟ ਗੇਂਦਾਂ। ਉਨ੍ਹਾਂ ਨੂੰ ਮੇਰਠ ਵਿੱਚ ਵੱਖ-ਵੱਖ ਬਾਲ ਨਿਰਮਾਣ ਇਕਾਈਆਂ ਵਿੱਚ ਬਣਾਇਆ ਗਿਆ ਹੈ
" ਲਾਈਨ ਸੇ ਕਾਮ ਹੋਵੇ ਹੈ ਔਰ ਏਕ ਕਾਰੀਗਰ ਏਕ ਹੀ ਕਾਮ ਕਰੇ ਹੈ ," ਉਨ੍ਹਾਂ ਕਿਹਾ। ਕਾਰੀਗਰ ਫਿਰ ਚਮੜੇ ਨੂੰ ਜਾਂ ਤਾਂ ਦੋ ਗੋਲਾਕਾਰ ਟੁਕੜਿਆਂ ਜਾਂ ਚਾਰ ਅੰਡਾਕਾਰ ਟੁਕੜਿਆਂ ਵਿੱਚ ਕੱਟਦੇ ਹਨ। ਕ੍ਰਿਕਟ ਦੀਆਂ ਗੇਂਦਾਂ ਜਾਂ ਤਾਂ ਚਮੜੇ ਦੇ ਦੋ ਟੁਕੜਿਆਂ ਜਾਂ ਫਿਰ ਚਾਰ ਟੁਕੜਿਆਂ ਤੋਂ ਬਣੀਆਂ ਹੁੰਦੀਆਂ ਹਨ।
ਮਦਨ ਦਾ ਕਹਿਣਾ ਹੈ,"ਇਹ ਟੁਕੜੇ ਬਰਾਬਰ ਮੋਟਾਈ ਦੇ ਹੋਣੇ ਚਾਹੀਦੇ ਹਨ ਅਤੇ ਵਾਲ਼ਾਂ ਦੇ ਦਾਣੇ ਵੀ ਇੱਕੋ ਜਿਹੇ ਹੋਣੇ ਚਾਹੀਦੇ ਹਨ।" ਉਨ੍ਹਾਂ ਨੇ ਅੱਗੇ ਕਿਹਾ,'' ਇਸ ਵਕਤ ਛਾਂਟਨੇ ਮੇਂ ਗਲਤੀ ਹੋ ਗਈ ਤੋ ਸਮਝ ਲੋ ਕਿ ਗੇਂਦ ਡੀਸ਼ੇਪ ਹੋਗਾ ਹੀ। ''
ਬਾਲ ਉਤਪਾਦਨ ਦੇ ਸਰੀਰਕ ਤੌਰ 'ਤੇ ਹੱਡ-ਭੰਨ੍ਹਵੇਂ ਕੰਮ ਵਿੱਚੋਂ ਸਭ ਤੋਂ ਹੁਨਰ ਵਾਲ਼ਾ ਕੰਮ ਹੈ ਹੱਥੀਂ ਸੂਤੀ ਧਾਗਿਆਂ ਨਾਲ਼ ਚਮੜੇ ਦੀ ਸਿਲਾਈ ਕਰਨਾ, ਜਿਸ ਦੇ ਸਿਰਿਆਂ 'ਤੇ ਸੂਰ ਦੇ ਵਾਲ਼ ਹੁੰਦੇ ਹਨ। ਮਦਨ ਕਹਿੰਦੇ ਹਨ,"ਸੂਈਆਂ ਦੀ ਥਾਂ ਸਖ਼ਤ ਵਾਲ਼ਾਂ ਦਾ ਇਸਤੇਮਾਲ ਹੁੰਦਾ ਹੈ ਕਿਉਂਕਿ ਇਹ ਲਚਕਦਾਰ ਅਤੇ ਮਜ਼ਬੂਤ ਹੁੰਦੇ ਹਨ ਅਤੇ ਏਨੇ ਤਿੱਖੇ ਨਹੀਂ ਹੁੰਦੇ ਕਿ ਚਮੜਾ ਹੀ ਕੱਟ ਜਾਵੇ। ਉਹ ਲੰਬੇ ਹੁੰਦੇ ਹਨ, ਫੜ੍ਹਨ ਵਿੱਚ ਸੌਖ਼ੇ ਰਹਿੰਦੇ ਹਨ ਅਤੇ ਸਿਲਾਈ ਕਰਨ ਵਾਲ਼ੇ ਕਾਮਿਆਂ ਦੀਆਂ ਉਂਗਲਾਂ ਨੂੰ ਵਿੰਨ੍ਹਦੇ ਵੀ ਨਹੀਂ ਹਨ।"
" ਲੇਕਿਨ ਸਿਰਫ਼ ਇਸੀ ਚੀਜ਼ ਕੀ ਵਜਹ ਸੇ ਹਮਾਰੇ ਮੁਸਲਮਾਨ ਭਾਈ ਯੇ ਕਾਮ ਨਹੀਂ ਕਰ ਸਕਤੇ। ਓਨਕੋ ਸੂਅਰ ਸੇ ਦਿੱਕਤ ਹੋਤੀ ਹੈ ਨਾ, " ਉਹ ਅੱਗੇ ਕਹਿੰਦੇ ਹਨ।
ਮਦਨ ਦੀ ਯੂਨਿਟ ਦੇ ਸਭ ਤੋਂ ਤਜ਼ਰਬੇਕਾਰ ਬਾਲ ਮੇਕਰ ਧਰਮ ਸਿੰਘ ਅਨੁਸਾਰ, "ਫੋਰ-ਪੀਸ ਗੇਂਦ ਲਈ ਤਿੰਨ ਤਰ੍ਹਾਂ ਦੇ ਟਾਂਕੇ ਲਗਾਉਣ ਦੀ ਕਲਾ ਵਿੱਚ ਮੁਹਾਰਤ ਹਾਸਲ ਕਰਨ ਵਿੱਚ ਕਈ ਸਾਲ ਲੱਗ ਜਾਂਦੇ ਹਨ।'' 50 ਸਾਲਾਂ ਦੇ ਧਰਮ ਸਿੰਘ ਜੰਮੂ-ਕਸ਼ਮੀਰ ਦੇ ਗਾਹਕ ਦੇ ਆਰਡਰ ਵਾਲ਼ੀਆਂ ਗੇਂਦਾਂ 'ਤੇ ਵਾਰਨਿਸ਼ ਲਾ ਰਹੇ ਹਨ। ਉਹ ਕਹਿੰਦੇ ਹਨ, "ਜਿਵੇਂ-ਜਿਵੇਂ ਕਾਰੀਗਰ ਇੱਕ ਕਿਸਮ ਦੀ ਸਿਲਾਈ ਤੋਂ ਦੂਜੀ ਕਿਸਮ ਦੀ ਸਿਲਾਈ ਵੱਲ ਨੂੰ ਵੱਧਦੇ ਹਨ, ਤਿਵੇਂ-ਤਿਵੇਂ ਟੁਕੜੇ ਦੀ ਉਜਰਤ ਵੀ ਵੱਧਦੀ ਜਾਂਦੀ ਹੈ।'' ਹਰ ਅਗਲੀ ਸਿਲਾਈ ਦੀ ਅੱਡ ਹੀ ਤਕਨੀਕ ਹੁੰਦੀ ਹੈ ਤੇ ਅੱਡ ਹੀ ਤਰ੍ਹਾਂ ਦਾ ਕੰਮ ਕਰਦੀ ਹੈ।


ਸੁਨੀਲ (ਖੱਬੇ ਪਾਸੇ) ਪ੍ਰੋਸੈਸਡ ਚਮੜੇ ਨੂੰ ਹਥੌੜੇ ਨਾਲ਼ ਕੁੱਟ ਕੇ ਉਸਨੂੰ ਲਚਕੀਲਾ ਬਣਾ ਰਹੇ ਹਨ। ਇਸ ਪੜਾਅ ਨੂੰ ਸਥਾਨਕ ਲੋਕ ਮੈਲੀ ਮਾਰਨਾ ਕਹਿੰਦੇ ਹਨ। ਫੋਰ-ਪੀਸ ਗੇਂਦਾਂ ਲਈ, ਚਮੜੇ ਨੂੰ ਅੰਡਾਕਾਰ ਟੁਕੜਿਆਂ (ਸੱਜੇ ਪਾਸੇ) ਵਿੱਚ ਕੱਟਿਆ ਜਾਂਦਾ ਹੈ, ਜਿਸ ਨਾਲ਼ ਗੇਂਦ ਦੇ ਚਾਰ ਚੌਥਾਈ ਹਿੱਸਾ ਬਣ ਜਾਣਗੇ


ਖੱਬੇ ਪਾਸੇ: ਮੋਨੂੰ ਦੋ ਅੰਡਾਕਾਰ ਟੁਕੜਿਆਂ ਨੂੰ ਜੋੜ ਕੇ ਕੱਪ ਜਾਂ ਅਰਧ ਗੋਲ਼ਾ ਬਣਾਉਂਦੇ ਹਨ ਅਤੇ ਫਿਰ 'ਆਰ' ਨਾਮਕ ਔਜ਼ਾਰ ਦੀ ਵਰਤੋਂ ਕਰਕੇ ਸੁਰਾਖ਼ ਕਰਦੇ ਹਨ। ਸੱਜੇ ਪਾਸੇ: ਵਿਕਰਮਜੀਤ ਅਰਧ ਗੋਲੇ਼ ਦੇ ਅੰਦਰੂਨੀ ਹਿੱਸੇ ਨੂੰ ਪਤਲੇ ਅਤੇ ਅੰਡਾਕਾਰ ਟੁਕੜਿਆਂ ਨਾਲ਼ ਮਜ਼ਬੂਤ ਕਰਦੇ ਹਨ - ਇਸ ਪ੍ਰਕਿਰਿਆ ਨੂੰ 'ਅਸਤਰ ਲਾਉਣਾ' ਕਿਹਾ ਜਾਂਦਾ ਹੈ। ਉਹਨਾਂ ਦੇ ਸੱਜੇ ਪਾਸੇ ਦੀ ਮਸ਼ੀਨ ਦੀ ਵਰਤੋਂ ਸੀਮ ਨੂੰ ਬੈਠਾਉਣ ਲਈ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਖੱਬੇ ਪਾਸੇ ਗੋਲਾਈ (ਰਾਊਂਡਿੰਗ) ਮਸ਼ੀਨ ਰੱਖੀ ਹੈ
ਸਭ ਤੋਂ ਪਹਿਲਾਂ, ਚਮੜੇ ਦੇ ਦੋ ਅੰਡਾਕਾਰ ਟੁਕੜਿਆਂ ਨੂੰ ਇੱਕ ਅਰਧ ਗੋਲੇ ਜਾਂ ਕੱਪ ਬਣਾਉਣ ਲਈ ਅੰਦਰੋਂ ਸਿਲਾਈ ਕੀਤਾ ਜਾਂਦਾ ਹੈ, ਜਿਸਨੂੰ ਸਥਾਨਕ ਭਾਸ਼ਾ ਵਿੱਚ ਪੀਸ ਜੁੜਾਈ ਕਿਹਾ ਜਾਂਦਾ ਹੈ। ਪਹਿਲਾ ਟਾਂਕਾ ਆਮ ਤੌਰ 'ਤੇ ਨਵਾਂ ਕੰਮ ਸਿੱਖਣ ਵਾਲ਼ੇ ਵਿਅਕਤੀ ਦੁਆਰਾ ਲਾਇਆ ਜਾਂਦਾ ਹੈ, ਜਿਸ ਨੂੰ ਹਰੇਕ ਅਰਧ ਗੋਲੇ਼ ਲਈ 7.50 ਰੁਪਏ ਮਿਲ਼ਦੇ ਹਨ। ਧਰਮ ਦੱਸਦੇ ਹਨ, "ਪੀਸ ਜੁੜਾਈ ਤੋਂ ਬਾਅਦ ਕੱਪਾਂ ਨੂੰ ਚਮੜੇ ਦੇ ਪਤਲੇ ਟੁਕੜਿਆਂ ਨਾਲ਼ ਮਜ਼ਬੂਤੀ ਨਾਲ਼ ਜੋੜ ਦਿੱਤਾ ਜਾਂਦਾ ਹੈ, ਜਿਨ੍ਹਾਂ ਨੂੰ ਲੱਪੇ ਕਹਿੰਦੇ ਹਨ।'' ਗੱਦੇਦਾਰ ਚਮੜਿਆਂ ਦੇ ਅਰਧ-ਗੋਲ਼ਿਆਂ ਨੂੰ ਮੁੜ-ਗੋਲਾਈ ਮਸ਼ੀਨ ਦੀ ਮਦਦ ਨਾਲ਼ ਇੱਕ ਸਾਂਚੇ ਵਿੱਚ ਪਾ ਕੇ ਨਿਸ਼ਚਤ ਗੋਲ਼ ਅਕਾਰ ਦਿੱਤਾ ਜਾਂਦਾ ਹੈ।
ਕਾਰੀਗਰ ਦੋਵਾਂ ਅਰਧ ਗੋਲਿ਼ਆਂ ਨੂੰ ਜੋੜਦੇ ਹਨ ਅਤੇ ਵਿਚਾਲੇ ਦੱਬੀ ਹੋਈ ਗੋਲ਼ ਕਾਰਕ ਦੇ ਨਾਲ਼ ਦੋਵਾਂ ਪਾਸਿਆਂ 'ਤੇ ਟਾਂਕੇ ਲਗਾ ਕੇ ਇੱਕ ਗੇਂਦ ਬਣਾਉਂਦੇ ਹਨ, ਜਿਹਨੂੰ ਕੱਪ ਜੁੜਾਈ ਕਿਹਾ ਜਾਂਦਾ ਹੈ। ਕੱਪ ਜੁੜਾਈ ਦੀ ਮਜ਼ਦੂਰੀ 17 ਤੋਂ 19 ਰੁਪਏ ਵਿਚਾਲੇ ਹੁੰਦੀ ਹੈ। ਟੂ-ਪੀਸ ਗੇਂਦਾਂ ਦੀ ਕੱਪ ਜੁੜਾਈ ਨੂੰ ਵੀ ਹੱਥੀਂ ਸਿਲਾਈ ਦੀ ਪ੍ਰਕਿਰਿਆ ਵਿੱਚੋਂ ਦੀ ਲੰਘਣਾ ਪੈਂਦਾ ਹੈ।
ਧਰਮ ਕਹਿੰਦੇ ਹਨ, "ਗੇਂਦ ਸ਼ਬਦ ਦੀ ਵਰਤੋਂ ਦੂਜੀ ਸਿਲਾਈ ਪੂਰੀ ਹੋਣ ਤੋਂ ਬਾਅਦ ਹੀ ਕੀਤੀ ਜਾਂਦੀ ਹੈ। ਪਹਿਲੀ ਵਾਰ ਚਮੜਾ ਗੇਂਦ ਦੀ ਸ਼ਕਲ ਅਖ਼ਤਿਆਰ ਕਰ ਲੈਂਦਾ ਹੈ।''
ਧਰਮ ਨੇ ਲਗਭਗ 35 ਸਾਲ ਪਹਿਲਾਂ ਸੂਰਜਕੁੰਡ ਰੋਡ 'ਤੇ ਇੱਕ ਫੈਕਟਰੀ ਵਿੱਚ ਗੇਂਦ ਬਣਾਉਣ ਦੀ ਕਲਾ ਸਿੱਖੀ ਸੀ, ਜਿੱਥੇ 1950 ਦੇ ਦਹਾਕੇ ਵਿੱਚ ਖੇਡਾਂ ਦਾ ਸਮਾਨ ਬਣਾਇਆ ਜਾਣਾ ਸ਼ੁਰੂ ਹੋਇਆ ਸੀ। ਵੰਡ ਤੋਂ ਬਾਅਦ, ਖੇਡਾਂ ਦਾ ਸਮਾਨ ਉਦਯੋਗ ਸਿਆਲਕੋਟ (ਹੁਣ ਪਾਕਿਸਤਾਨ ਵਿੱਚ) ਦੇ ਉਜੜੇ ਲੋਕਾਂ ਦੁਆਰਾ ਸਥਾਪਤ ਕੀਤਾ ਗਿਆ ਸੀ, ਜਿਨ੍ਹਾਂ ਨੂੰ ਸੂਰਜਕੁੰਡ ਰੋਡ ਅਤੇ ਮੇਰਠ ਦੇ ਵਿਕਟੋਰੀਆ ਪਾਰਕ ਦੇ ਆਲ਼ੇ-ਦੁਆਲ਼ੇ ਦੀਆਂ ਖੇਡ ਕਲੋਨੀਆਂ ਵਿੱਚ ਮੁੜ ਵਸਾਇਆ ਗਿਆ ਸੀ। "ਮੇਰਠ ਦੇ ਆਲ਼ੇ-ਦੁਆਲ਼ੇ ਦੇ ਪਿੰਡਾਂ ਦੇ ਲੋਕ ਸ਼ਹਿਰ ਗਏ, ਹੁਨਰ ਸਿੱਖਿਆ ਅਤੇ ਉਸ ਹੁਨਰ ਨੂੰ ਵਾਪਸ ਲੈ ਆਏ।''
ਫੋਰ-ਪੀਸ ਗੇਂਦ ਦੀ ਸਿਲਾਈ ਦਾ ਤੀਜਾ ਪੜਾਅ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਇਸ ਵਿੱਚ ਪੇਚੀਦਾ ਢੰਗ ਨਾਲ਼ ਸਮਾਂਤਰ ਲਾਈਨਾਂ ਵਿੱਚ ਗੇਂਦ ਦੀ ਸਿਲਾਈ (ਸੀਮ) ਕੀਤੀ ਜਾਂਦੀ ਹੈ। ਉਹ ਕਹਿੰਦੇ ਹਨ,"ਸਭ ਤੋਂ ਵਧੀਆ ਗੇਂਦਾਂ ਵਿੱਚ ਲਗਭਗ 80 ਟਾਂਕੇ ਹੁੰਦੇ ਹਨ।" ਟਾਂਕਿਆਂ ਦੀ ਗਿਣਤੀ ਦੇ ਆਧਾਰ 'ਤੇ, ਇੱਕ ਕਾਰੀਗਰ ਦੀ ਕਮਾਈ ਪ੍ਰਤੀ ਗੇਂਦ 35-50 ਰੁਪਏ ਦੇ ਵਿਚਕਾਰ ਹੁੰਦੀ ਹੈ। ਟੂ-ਪੀਸ ਗੇਂਦਾਂ ਦੀ ਸਿਲਾਈ ਮਸ਼ੀਨ ਦੁਆਰਾ ਕੀਤੀ ਜਾਂਦੀ ਹੈ।


ਭਾਰਤ ਭੂਸ਼ਣ ਲੋਹੇ ਦੇ ਕਲੈਂਪਾਂ ਦੁਆਰਾ ਇਕੱਠੇ ਜੋੜ ਕੇ ਰੱਖੇ ਦੋ ਅਰਧ ਗੋਲਿ਼ਆਂ ਦੇ ਵਿਚਕਾਰ ਉੱਭਰੇ ਚਮੜੇ ਨੂੰ ਜੋੜਨ ਲਈ 'ਆਰ'ਸੰਦ ਦੀ ਵਰਤੋਂ ਕਰਦੇ ਹਨ। ਉਹ ਦੋਵਾਂ ਕੱਪਾਂ ਦੇ ਵਿਚਕਾਰ ਇੱਕ ਗੋਲ਼ ਕਾਰਕ ਰੱਖਦੇ ਹਨ ਅਤੇ ਸਿਲਾਈ ਦੇ ਦੂਜੇ ਪੜਾਅ ਲਈ ਇੱਕ ਮੀਟਰ ਲੰਬੇ ਸੂਤੀ ਧਾਗੇ ਦੀ ਜੜ੍ਹ ਤੋਂ ਸੂਰ ਦੇ ਵਾਲ਼ ਜੋੜਦੇ ਹਨ। ਫੇਰ ਉਹ ਕੱਪਾਂ ਨੂੰ ਇੱਕ ਗੇਂਦ ਦੇ ਰੂਪ ਵਿੱਚ ਸਿਊਂਣ ਲਈ, ਉਲਟ ਦਿਸ਼ਾਵਾਂ ਦੇ ਬਰਾਬਰ ਛੇਕਾਂ ਵਿੱਚ ਸੂਰ ਦੇ ਦੋ ਵਾਲ ਅੰਦਰ ਵਾੜ੍ਹਦੇ ਹਨ


ਇੱਕ ਕਾਰੀਗਰ ਕਈ ਸਾਲਾਂ ਤੱਕ ਹੋਰ ਕੰਮਾਂ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਾਅਦ ਹੀ ਸੀਮ ਦੀ ਸਿਲਾਈ ਕਰਨ ਦੇ ਯੋਗ ਹੋ ਪਾਉਂਦਾ ਹੈ। 45 ਵਰ੍ਹਿਆਂ ਦੇ ਪੱਪਨ (ਖੱਬੇ ਪਾਸੇ) ਨੂੰ ਸਹੀ ਅੰਦਾਜ਼ਾ ਲਗਾਉਣਾ ਪੈਂਦਾ ਹੈ ਕਿ ਕਿੱਥੇ ਮੋਰੀ ਕਰਨੀ ਹੈ ਅਤੇ ਉਹਨਾਂ ਵਿਚਕਾਰ ਕਿੰਨੀ ਵਿੱਥ ਛੱਡਣੀ ਹੈ। ਸਭ ਤੋਂ ਵਧੀਆ ਗੁਣਵੱਤਾ ਵਾਲ਼ੀਆਂ ਗੇਂਦਾਂ ਵਿੱਚ, ਸੁਰਾਖ ਬਣਾਉਣ ਲਈ 80 ਟਾਂਕੇ ਲੱਗਦੇ ਹਨ ਅਤੇ ਇੱਕ ਕਾਰੀਗਰ ਨੂੰ ਸੀਮ ਦੀਆਂ ਚਾਰ ਸਮਾਂਤਰ ਕਤਾਰਾਂ ਦੀ ਸਿਲਾਈ ਕਰਨ ਵਿੱਚ 30 ਮਿੰਟ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ
ਧਰਮ ਅੱਗੇ ਕਹਿੰਦੇ ਹਨ, "ਸਪਿਨਰ ਹੋਵੇ ਜਾਂ ਤੇਜ਼ ਗੇਂਦਬਾਜ਼, ਦੋਵੇਂ ਸੀਮ ਦੀ ਮਦਦ ਨਾਲ਼ ਗੇਂਦ ਸੁੱਟਦੇ ਹਨ।'' ਇੱਕ ਵਾਰ ਜਦੋਂ ਸੀਮ ਦੇ ਟਾਂਕੇ ਪੂਰੇ ਹੋ ਜਾਂਦੇ ਹਨ ਤਾਂ ਗੇਂਦ 'ਤੇ ਉਭਰੀ ਹੋਈ ਸੀਮ ਨੂੰ ਹੱਥ ਨਾਲ਼ ਦਬਾਇਆ ਜਾਂਦਾ ਹੈ ਤੇ ਫਿਰ ਗੇਂਦ 'ਤੇ ਵਾਰਨਿਸ਼ ਅਤੇ ਮੋਹਰ ਲਾਈ ਜਾਂਦੀ ਹੈ। "ਖਿਲਾੜੀ ਕਯਾ ਪਹਿਚਾਨਤੇ ਹੈਂ ? ਸਿਰਫ਼ ਚਮਕਤੀ ਹੂਈ ਗੇਂਦ , ਸੋਨੇ ਕੀ ਮੁਹਰ ਕੇ ਸਾਥ।"
ਮਦਨ ਪੁੱਛਦੇ ਹਨ, " ਕ੍ਰਿਕੇਟ ਬਾਲ ਕੀ ਏਕ ਖ਼ਾਸ ਬਾਤ ਬਤਾਈਏ। ''
"ਇਹ ਇੱਕੋ-ਇੱਕ ਖੇਡ ਹੈ ਜਿਸ ਦੇ ਫਾਰਮੈਟ ਭਾਵੇਂ ਬਦਲ ਗਏ ਹਨ,'' ਉਹ ਕਹਿੰਦੇ ਹਨ, '' ਲੇਕਿਨ ਗੇਂਦ ਬਨਾਨੇਵਾਲ਼ਾ, ਗੇਂਦ ਬਨਾਨੇ ਕੀ ਤਕਨੀਕ, ਤਰੀਕਾ ਔਰ ਚੀਜ਼ੇਂ ਬਿਲਕੁਲ ਨਹੀਂ ਬਦਲੀਂ। ''
ਮਦਨ ਦੇ ਕਾਰੀਗਰ ਇੱਕ ਦਿਨ ਵਿੱਚ ਔਸਤਨ 200 ਗੇਂਦਾਂ ਬਣਾ ਸਕਦੇ ਹਨ। ਇੱਕ ਗੇਂਦ ਜਾਂ ਗੇਂਦਾਂ ਦਾ ਇੱਕ ਬੈਚ ਬਣਾਉਣ ਵਿੱਚ ਲਗਭਗ ਦੋ ਹਫ਼ਤੇ ਲੱਗਦੇ ਹਨ। ਚਮੜੇ ਨੂੰ ਸੋਧਣ ਤੋਂ ਲੈ ਕੇ ਤਿਆਰ ਹੋਈ ਗੇਂਦ ਤੱਕ, "ਇਸ ਵਿੱਚ ਘੱਟੋ-ਘੱਟ 11 ਕਾਰੀਗਰਾਂ ਦੇ ਹੁਨਰ ਦੀ ਲੋੜ ਹੁੰਦੀ ਹੈ, ਜਿਵੇਂ ਕਿ 11 ਕ੍ਰਿਕਟਰ ਜੋ ਟੀਮ ਬਣਾਉਂਦੇ ਹਨ," ਮਦਨ ਆਪਣੀ ਇਸ ਤੁਲਨਾ 'ਤੇ ਮੁਸਕਰਾਉਂਦੇ ਹਨ।
" ਪਰ ਖੇਲ ਕਾ ਅਸਲੀ ਕਾਰੀਗਰ ਤੋ ਖਿਲਾੜੀ ਹੀ ਹੋਵੇ ਹੈ, '' ਉਹ ਅੱਗੇ ਕਹਿੰਦੇ ਹਨ।
ਰਿਪੋਰਟਰ ਇਸ ਸਟੋਰੀ ਵਿੱਚ ਆਪਣਾ ਬੇਸ਼ਕੀਮਤੀ ਯੋਗਦਾਨ ਪਾਉਣ ਲਈ ਭਾਰਤ ਭੂਸ਼ਣ ਦਾ ਧੰਨਵਾਦ ਕਰਦੀ ਹਨ।
ਇਹ ਕਹਾਣੀ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ (ਐਮਐਮਐਫ) ਦੀ ਫੈਲੋਸ਼ਿਪ ਦੇ ਤਹਿਤ ਲਿਖੀ ਗਈ ਹੈ।
ਤਰਜਮਾ: ਕਮਲਜੀਤ ਕੌਰ