ਅਸਾਮੀ ਖੋਲ ਢੋਲ ਦੀ ਬੰਗਾਲੀ ਢੋਲ ਨਾਲੋਂ ਘੱਟ ਧੁਨੀ ਹੁੰਦੀ ਹੈ। ਢੋਲ ਨਗਾਰੇ ਨਾਲੋਂ ਉੱਚਾ ਹੁੰਦਾ ਹੈ। ਗਿਰੀਪੋਡ ਬਦਯੋਕਾਰ ਇਹ ਚੰਗੀ ਤਰ੍ਹਾਂ ਜਾਣਦੇ ਹਨ। ਤਾਲਵਾਦਕ ਸਾਜਾਂ ਦੇ ਕਾਰੀਗਰ ਅਜਿਹੇ ਗਿਆਨ ਨੂੰ ਹੀ ਆਪਣੇ ਰੋਜ਼ਾਨਾਂ ਦੇ ਕੰਮਾਂ ਵਿੱਚ ਵਰਤਦੇ ਹਨ।
“ਨਵੇਂ ਮੁੰਡੇ ਮੈਨੂੰ ਆਪਣੇ ਸਮਾਰਟਫੋਨ ਦਿਖਾਉਂਦੇ ਹਨ ਅਤੇ ਅਵਾਜ਼ ਨੂੰ ਇੱਕ ਖਾਸ ਪੈਮਾਨੇ ਤੇ ਵਿਵਸਥਿਤ ਕਰਨ ਲਈ ਕਹਿੰਦੇ ਹਨ,” ਅਸਾਮ ਦੇ ਮਾਜੁਲੀ ਪਿੰਡ ਦੇ ਅਨੁਭਵੀ ਕਾਰੀਗਰ ਕਹਿੰਦੇ ਹਨ। “ਸਾਨੂੰ ਕਿਸੇ ਐਪ ਦੀ ਲੋੜ ਨਹੀਂ ਹੈ।”
ਗਿਰੀਪੋਡ ਦੱਸਦੇ ਹਨ ਕਿ ਟਿਊਨਰ ਐਪ ਦੇ ਨਾਲ ਵੀ ਗਲ਼ਤੀ ਦੀ ਗੁੰਜਾਇਸ਼ ਰਹਿੰਦੀ ਹੈ। ਇੱਥੇ ਤਾਲਵਾਦਕ ਚਮੜੇ ਦੀ ਝਿੱਲੀ ਨੂੰ ਸਹੀ ਢੰਗ ਨਾਲ ਇਕਸਾਰ ਕਰਕੇ ਕੱਸਣ ਦੀ ਲੋੜ ਹੁੰਦੀ ਹੈ। “ਤਦੋਂ ਹੀ ਟਿਊਨਰ ਐਪ ਕੰਮ ਕਰੇਗੀ।”
ਗਿਰੀਪੋਡ ਅਤੇ ਉਹਨਾਂ ਦੇ ਸਪੁੱਤਰ ਪੋਡਮ ਬਦਯੋਕਾਰਾਂ (ਜਾਂ ਬਾਦੋਕਾਰਾਂ) ਦੀ ਚਲਦੀ ਆ ਰਹੀ ਵੰਸ਼ ਨਾਲ ਸਬੰਧ ਰੱਖਦੇ ਹਨ। ਬਦਯੋਕਾਰ ਦੇ ਨਾਲ-ਨਾਲ ਧੁਲੀ ਜਾਂ ਸ਼ਬਦਾਕਰ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਭਾਈਚਾਰਾ ਸੰਗੀਤਕ ਸਾਜਾਂ ਨੂੰ ਬਣਾਉਣ ਅਤੇ ਮੁਰੰਮਤ ਕਰਨ ਲਈ ਮਸ਼ਹੂਰ ਹੈ ਜਿਨ੍ਹਾਂ ਨੂੰ ਤ੍ਰਿਪੁਰਾ ਵਿੱਚ ਅਨੁਸੂਚਿਤ ਜਾਤੀ ਨਾਲ ਜੋੜਿਆ ਜਾਂਦਾ ਹੈ।
ਪੋਡਮ ਅਤੇ ਗਿਰੀਪੋਡ ਮੁੱਖ ਤੌਰ ‘ਤੇ ਢੋਲ, ਖੋਲ ਅਤੇ ਤਬਲਾ ਬਣਾਉਂਦੇ ਹਨ। “ਸਤਰਾ ਕਰਕੇ ਸਾਨੂੰ ਸਾਰਾ ਸਾਲ ਕੰਮ ਮਿਲਦਾ ਰਹਿੰਦਾ ਹੈ,” ਪੋਡਮ ਦਾ ਕਹਿਣਾ ਹੈ। “ਅਸੀਂ ਰੋਜ਼ੀ-ਰੋਟੀ ਜੋਗਾ ਕਮ੍ਹਾ ਲੈਂਦੇ ਹਾਂ।”


ਖੱਬੇਃ ਅਸਾਮ ਦੇ ਮਾਜੁਲੀ ਵਿਖੇ ਪੋਡਮ ਬਦਯੋਕਾਰ ਆਪਣੀ ਜੱਦੀ ਦੁਕਾਨ ਵਿੱਚ ਬੈਠੇ ਹਨ। ਸੱਜੇਃ ਨਗਾਰੇ ਅਤੇ ਛੋਟੇ ਢੋਲ ਜੋ ਮੁਰੰਮਤ ਲਈ ਆਏ ਹੋਏ ਹਨ ਕਾਣਸਾਂ ਤੇ ਚਿਣੇ ਪਏ ਹਨ
ਫੱਗਣ (ਫਰਵਰੀ-ਮਾਰਚ) ਮਹੀਨੇ ਦੀ ਸ਼ੁਰੂਆਤ ਨਾਲ ਹੋਣ ਵਾਲੇ ਤਿਉਹਾਰਾਂ ਦੇ ਦਿਨਾਂ ਵਿੱਚ ਅਤੇ ਬਸੰਤ ਰੁੱਤ ਵਿੱਚ ਮਿਸੰਗ (ਜਾਂ ਮਿਸ਼ੰਗ) ਭਾਈਚਾਰੇ ਵੱਲੋਂ ਮਨਾਏ ਜਾਂਦੇ ‘ਅਲੀ-ਏ-ਲਿੰਗਾਂਗ’ ਵਰਗੇ ਤਿਉਹਾਰਾਂ ਦੌਰਾਨ ਕਮਾਈ ਵਿੱਚ ਵਾਧਾ ਹੁੰਦਾ ਹੈ। ਇਸ ਤਿਉਹਾਰ ਦੌਰਾਨ ਕੀਤੇ ਜਾਂਦੇ ਗੁਮਰਾਗ ਨਾਚ ਵਿੱਚ ਢੋਲ ਨੂੰ ਇੱਕ ਅਨਿੱਖੜਵਾਂ ਅੰਗ ਮੰਨਿਆ ਜਾਂਦਾ ਹੈ ਅਤੇ ਸੋਟ (ਮਾਰਚ-ਅਪ੍ਰੈਲ) ਦੇ ਮਹੀਨੇ ਵਿੱਚ ਨਵੇਂ ਢੋਲਾਂ ਦੀ ਮੰਗ ਅਤੇ ਪੁਰਾਣਿਆਂ ਦੀ ਮੁਰੰਮਤ ਦੇ ਕੰਮ ਵਿੱਚ ਵਾਧਾ ਹੁੰਦਾ ਹੈ।
ਭਾਦੋਂ ਦੇ ਮਹੀਨੇ ਨਗਾਰੇ ਅਤੇ ਖੋਲ ਦੀ ਬਹੁਤ ਜ਼ਿਆਦਾ ਮੰਗ ਹੋ ਜਾਂਦੀ ਹੈ। ਅਸਾਮੀ ਸੱਭਿਆਚਾਰ ਸਮਾਗਮਾਂ, ਜਿਵੇਂ ਕਿ ਰਾਸ, ਬਿਹੂ ਆਦਿ, ਵਿੱਚ ਤਾਲਵਾਦਕ ਸਾਜ ਅਹਿਮ ਭੂਮਿਕਾ ਨਿਭਾਉਂਦੇ ਹਨ। ਅਸਾਮ ਵਿੱਚ ਲਗਭਗ ਛੇ ਤਰ੍ਹਾਂ ਦੇ ਢੋਲ ਮਸ਼ਹੁਰ ਹਨਃ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਾਜੁਲੀ ਵਿਖੇ ਬਣਾਏ ਅਤੇ ਵਜਾਏ ਜਾਂਦੇ ਹਨ। ਪੜ੍ਹੋਃ ਰਾਸ ਮਹੋਤਸਵ ਅਤੇ ਮਾਜੁਲੀ ਦੇ ਸਤਰਾ
ਅਪ੍ਰੈਲ ਦੀ ਚਮਕਦੀ ਧੁੱਪ ਵਿੱਚ ਆਪਣੀ ਦੁਕਾਨ ਦੇ ਬਾਹਰ ਬੈਠੇ ਪੋਡਮ ਪਸ਼ੂਆਂ ਦੀ ਖੱਲ ਤੋਂ ਵਾਲਾਂ ਨੂੰ ਖੁਰਚ ਰਹੇ ਹਨ ਜੋ ਅਖੀਰ ਨੂੰ ਤਬਲੇ, ਨਗਾਰੇ ਜਾਂ ਖੋਲ ਲਈ ਝਿੱਲੀ ਜਾਂ ਤਾਲੀ ਦੇ ਰੂਪ ਵਿੱਚ ਮੜ੍ਹਿਆ ਜਾਵੇਗਾ। ਬ੍ਰਹਮਪੁੱਤਰ ਦੇ ਮਾਜੁਲੀ ਟਾਪੂ ‘ਤੇ ਸੰਗੀਤ ਨਾਲ ਸਬੰਧਤ ਸਾਰੀਆਂ ਪੰਜ ਦੁਕਾਨਾਂ ਬਦਯੋਕਾਰ ਪਰਿਵਾਰ, ਜੋ ਬੰਗਾਲੀ ਭਾਈਚਾਰੇ ਨਾਲ ਸਬੰਧਤ ਹਨ, ਦੁਆਰਾ ਚਲਾਈਆਂ ਜਾ ਰਹੀਆਂ ਹਨ।
“ਮੇਰੇ ਪਿਤਾ ਜੀ ਦਾ ਕਹਿਣਾ ਹੈ ਕਿ ਜਿਵੇਂ ਉਹਨਾਂ ਨੇ ਸਾਰਾ ਕੰਮ ਦੇਖ ਕੇ ਹੀ ਸਿੱਖਿਆ ਹੈ, ਮੈਨੂੰ ਵੀ ਇਸੇ ਤਰ੍ਹਾਂ ਹੀ ਸਿੱਖਣਾ ਚਾਹੀਦਾ ਹੈ,” 23 ਸਾਲਾ ਪੋਡਮ ਕਹਿੰਦੇ ਹਨ। “ਹਤੋਦਰੀ ਜ਼ਿਕਾਈ ਨੀਦੀਏ [ਉਹ ਹੱਥ ਫੜ੍ਹ ਕੇ ਨਹੀਂ ਸਿਖਾਉਂਦੇ] ਇੱਥੋਂ ਤੱਕ ਕਿ ਉਹ ਮੇਰੀਆਂ ਗ਼ਲਤੀਆਂ ਵੀ ਠੀਕ ਨਹੀਂ ਕਰਦੇ। ਮੈਨੂੰ ਆਪਣੇ-ਆਪ ਹੀ ਦੇਖ ਕੇ ਗ਼ਲਤੀਆਂ ਸੁਧਾਰਨੀਆਂ ਪੈਂਦੀਆਂ ਹਨ।”
ਪੋਡਮ ਜਿਸ ਖੱਲ ਨੂੰ ਸਾਫ ਕਰ ਰਹੇ ਹਨ ਇਹ ਇੱਕ ਬਲਦ ਦੀ ਪੂਰੀ ਖੱਲ ਹੈ ਜਿਸ ਨੂੰ 2,000 ਰੁਪਏ ਦੀ ਕੀਮਤ ‘ਤੇ ਖ਼ਰੀਦਿਆ ਗਿਆ ਹੈ। ਸਭ ਤੋਂ ਪਹਿਲਾਂ ਫੁੱਟਸਾਈ (ਚੁੱਲ੍ਹੇ ਦੀ ਸਵਾਹ) ਜਾਂ ਸੁੱਕੀ ਰੇਤ ਦੀ ਮਦਦ ਨਾਲ ਖੱਲ ਦੇ ਵਾਲਾਂ ਨੂੰ ਖੁਰਦਰਾ ਕੀਤਾ ਜਾਂਦਾ ਹੈ। ਫਿਰ ਬੋਤਲੀ, ਸਪਾਟ ਛੈਣੀ ਦੀ ਵਰਤੋਂ ਨਾਲ ਇਸ ਨੂੰ ਛਿੱਲ ਦਿੱਤਾ ਜਾਂਦਾ ਹੈ।

ਪੋਡਮ ਸਵਾਹ ਅਤੇ ਚਪਟੀ ਤੇ ਤਿੱਖੀ ਸ਼ੈਣੀ ਦੀ ਵਰਤੋਂ ਨਾਲ ਖੱਲ ਤੋਂ ਖੁਰਦਰੇ ਵਾਲਾਂ ਨੂੰ ਸਾਫ ਕਰਦੇ ਹਨ
ਸਾਫ ਕੀਤੀ ਹੋਈ ਖੱਲ ਵਿੱਚੋਂ ਚਾਪ ਅਕਾਰ ਏਕਤਰਾ ਨਾਮਕ ਡਾਓ ਬਲੇਡ ਦੀ ਮਦਦ ਨਾਲ ਗੋਲਾਕਾਰ ਟੁਕੜੇ ਕੱਟੇ ਜਾਂਦੇ ਹਨ। ਇਹ ਤਾਲੀ [ਚਮੜੇ ਦੀ ਝਿੱਲੀ] ਦਾ ਕੰਮ ਕਰੇਗੀ। “ਸਾਜ ਦੇ ਖੋਲ ‘ਤੇ ਤਾਲੀ ਨੂੰ ਮੜ੍ਹਣ ਲਈ ਜੋ ਰੱਸੀ ਵਰਤੀ ਜਾਂਦੀ ਹੈ ਉਹ ਵੀ ਚਮੜੇ ਤੋਂ ਤਿਆਰ ਕੀਤੀ ਜਾਂਦੀ ਹੈ,” ਪੋਡਮ ਦੱਸਦੇ ਹਨ। “ਇਹ ਖੱਲ ਛੋਟੇ ਜਾਨਵਰ ਦੀ ਹੈ ਇਸ ਕਰਕੇ ਨਰਮ ਤੇ ਵਧੀਆ ਹੈ।”
ਸਿਆਹੀ (ਤਾਲੀ ਦੇ ਵਿਚਕਾਰ ਵਾਲਾ ਕਾਲਾ ਧੱਬਾ) ਨੂੰ ਲੋਹੇ ਦੇ ਚੂਰੇ ਜਾਂ ਘੁਣ ਨੂੰ ਉਬਲੇ ਹੋਏ ਚੌਲਾਂ ਦੇ ਪੇਸਟ ਵਿੱਚ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ। “ਇਹ [ਘੁਣ] ਮਸ਼ੀਨ ਵਿੱਚ ਤਿਆਰ ਕੀਤਾ ਜਾਂਦਾ ਹੈ,” ਆਪਣੇ ਹੱਥ ਵਿੱਚ ਥੋੜ੍ਹੀ ਜਿਹੀ ਮਾਤਰਾ ਵੱਲ ਇਸ਼ਾਰਾ ਕਰਦੇ ਹੋਏ ਉਹ ਦੱਸਦੇ ਹਨ। “ਇਹ ਉਸ ਕਿਸਮ ਤੋਂ ਬਹੁਤ ਜ਼ਿਆਦਾ ਮਹੀਨ ਹੈ ਜੋ ਸਥਾਨਕ ਲੁਹਾਰ ਕੋਲ਼ੋਂ ਮਿਲਦੀ ਹੈ ਜੋ ਸਖਤ, ਪਪੜੀ ਵਰਗਾ ਹੁੰਦਾ ਹੈ ਅਤੇ ਹੱਥਾਂ ਨੂੰ ਵੀ ਛਿੱਲਦਾ ਹੈ।”
ਨੌਜਵਾਨ ਕਾਰੀਗਰ ਗੁੜੇ ਸੁਰਮਈ ਘੁਣ ਦੀ ਥੋੜ੍ਹੀ ਜਿਹੀ ਮਾਤਰਾ ਵਾਰਤਾਕਾਰ ਦੇ ਹੱਥ ਵਿੱਚ ਰੱਖਦਾ ਹੈ। ਥੋੜ੍ਹੀ ਜਿਹੀ ਮਾਤਰਾ ਹੋਣ ਦੇ ਬਾਵਜੂਦ ਵੀ ਇਹ ਚੂਰਾ ਹੈਰਾਨੀਨੁਮਾ ਭਾਰੀ ਹੈ।
ਘੁਣ ਨੂੰ ਤਾਲੀ ‘ਤੇ ਲਗਾਉਣ ਵੇਲੇ ਵਧੇਰੇ ਧਿਆਨ ਅਤੇ ਦੇਖਭਾਲ ਰੱਖਣੀ ਪੈਂਦੀ ਹੈ। ਉਬਲੇ ਹੋਏ ਚੌਲ ਲਗਾਉਣ ਤੋਂ ਪਹਿਲਾਂ ਕਾਰੀਗਰ ਤਾਲੀ ਨੂੰ 3-4 ਵਾਰ ਸਾਫ ਕਰਦਾ ਹੈ ਅਤੇ ਇਸ ਨੂੰ ਧੁੱਪ ਵਿੱਚ ਸੁਕਾਉਂਦਾ ਹੈ। ਚੌਲਾਂ ਵਿੱਚ ਮੌਜੂਦ ਲਸਲਸਾ (ਸਟਾਰਚ) ਤਾਲੀ ਨੂੰ ਚਿਪਚਿਪਾ ਬਣਾ ਦਿੰਦਾ ਹੈ। ਤਾਲੀ ਦੇ ਪੂਰੀ ਤਰ੍ਹਾਂ ਸੁੱਕਣ ਤੋਂ ਪਹਿਲਾਂ ਸਿਆਹੀ ਦੀ ਪਹਿਲੀ ਪਰਤ ਵਾਹੀ ਜਾਂਦੀ ਹੈ ਅਤੇ ਇੱਕ ਪੱਥਰ ਦੀ ਵਰਤੋਂ ਨਾਲ ਸਤ੍ਹਾ ਨੂੰ ਚਮਕਾਇਆ ਜਾਂਦਾ ਹੈ। ਹਰ ਪਰਤ ਚੜ੍ਹਾਉਣ ਦੇ ਵਿਚਕਾਰ 20-30 ਮਿੰਟਾਂ ਦਾ ਅੰਤਰਾਲ ਰੱਖਦੇ ਹੋਏ ਇੰਝ ਤਿੰਨ ਵਾਰ ਦੁਹਰਾਇਆ ਜਾਂਦਾ ਹੈ। ਫਿਰ ਇਹਨੂੰ ਇੱਕ ਘੰਟਾ ਛਾਵੇਂ ਰੱਖਿਆ ਜਾਂਦਾ ਹੈ।
“ਜਦੋਂ ਤੱਕ ਇਹ ਪੂਰੀ ਤਰ੍ਹਾਂ ਸੁੱਕ ਨਹੀਂ ਜਾਂਦਾ ਸਾਨੂੰ ਰਗੜਦੇ ਰਹਿਣਾ ਪੈਂਦਾ ਹੈ। ਰਵਾਇਤੀ ਤੌਰ ‘ਤੇ ਇੰਝ 11 ਵਾਰ ਕੀਤਾ ਜਾਂਦਾ ਹੈ। ਜੇਕਰ ਬੱਦਲਵਾਈ ਹੋਈ ਹੋਵੇ ਤਾਂ ਇਸ ਪ੍ਰਕਿਰਿਆ ਨੂੰ ਪੂਰਾ ਇੱਕ ਹਫਤਾ ਵੀ ਲੱਗ ਸਕਦਾ ਹੈ।”


ਖੱਬੇਃ ਕਾਰੀਗਰ ਵੱਲੋਂ ਵਰਤੇ ਜਾਣ ਵਾਲੇ ਸੰਦ ਜਿਵੇਂ ਕਿ ਚਾਪ ਅਕਾਰ ਡਾਓ ਬਲੇਡ, ਦੋ ਵੱਖ-ਵੱਖ ਅਕਾਰ ਦੀਆਂ ਬੋਤਲੀਆਂ ( ਸਪਾਟ ਤਿੱਖੀਆਂ ਛੈਣੀਆਂ ) ਅਤੇ ਇੱਕ ਪੇਚਕਸ ਜਿਸਨੂੰ ਕਿ ਛੇਕ ਕਰਨ ਲਈ ਵਰਤਿਆ ਜਾਂਦਾ ਹੈ। ਸੱਜੇਃ ਤਾਲੀ ਦੇ ਵਿਚਕਾਰਲੇ ਗੋਲਾਕਾਰ ਧੱਬੇ ਨੂੰ ਰੰਗਣ ਲਈ ਵਰਤਿਆ ਜਾਣ ਵਾਲਾ ਘੁਣ ਜਾਂ ਲੋਹੇ ਦਾ ਚੂਰਾ ਜੋ ਵੇਖਣ ਨਾਲੋਂ ਕਿਤੇ ਜ਼ਿਆਦਾ ਭਾਰੀ ਹੈ


ਗਿਰੀਪੋਡ ਅਤੇ ਪੋਡਮ ਹੱਥਲੇ ਸਾਜ ਲਈ ਖੱਲ ਵਿੱ ਚੋਂ ਛੋਟੇ-ਛੋਟੇ ਟੁਕੜੇ ਕੱਟਦੇ ਹੋਏ। ਚਮੜੇ ਨੂੰ ਗੰਢਣ ਸਮੇਂ ਲੋੜੀਂਦੇ ਸੰਦਾਂ ਨੂੰ ਰੱਖਣ ਵਾਲਾ ਬਕਸਾਃ ਵੱਖ-ਵੱਖ ਅਕਾਰ ਦੀਆਂ ਛੈਣੀਆਂ , ਬਲੇਡ, ਇੱਕ ਹਥੌੜਾ, ਲੱਕੜ ਦਾ ਹਥੌੜਾ, ਪੱਥਰੀ ਅਤੇ ਰੇਗਮਾਰ
*****
ਗਿਰੀਪੋਡ ਚਾਰ ਭਾਈਆਂ ਵਿੱਚੋਂ ਸਭ ਤੋਂ ਛੋਟੇ ਹਨ ਅਤੇ ਉਹਨਾਂ ਨੇ 12 ਸਾਲ ਦੀ ਉਮਰ ਵਿੱਚ ਪਰਿਵਾਰਕ ਕਾਰੋਬਾਰ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ ਸੀ। ਉਦੋਂ ਉਹ ਕਲਕੱਤੇ ਰਹਿੰਦੇ ਹੁੰਦੇ ਸਨ। ਆਪਣੇ ਮਾਤਾ-ਪਿਤਾ ਦੇ ਇੱਕ ਤੋਂ ਬਾਅਦ ਇੱਕ ਗੁਜ਼ਰ ਜਾਣ ਦੇ ਬਾਅਦ ਉਹ ਆਪਣੇ-ਆਪ ਨੂੰ ਇਕੱਲਾ ਮਹਿਸੂਸ ਕਰਨ ਲੱਗੇ।
“ਉਦੋਂ ਇਹ ਕਲਾ ਸਿੱਖਣ ਦਾ ਮੇਰਾ ਬਿਲਕੁਲ ਮਨ ਨਹੀਂ ਸੀ,” ਉਹ ਯਾਦ ਕਰਦੇ ਦੱਸਦੇ ਹਨ। ਥੋੜ੍ਹੇ ਸਾਲਾਂ ਬਾਅਦ ਜਦੋਂ ਉਹਨਾਂ ਨੂੰ ਆਪਣਾ ਪਿਆਰ ਮਿਲਿਆ, ਉਹਨਾਂ ਨੇ ਅਸਾਮ ਜਾਣ ਦਾ ਫੈਸਲਾ ਕੀਤਾ। ਸ਼ੁਰੂਆਤੀ ਸਮੇਂ ਉਹਨਾਂ ਨੇ ਢੋਲ ਬਣਾਉਣ ਵਾਲੀ ਦੁਕਾਨ ‘ਤੇ ਕੰਮ ਕੀਤਾ। ਬਾਅਦ ਵਿੱਚ ਥੋੜ੍ਹੇ ਸਾਲਾਂ ਲਈ ਉਹਨਾਂ ਨੇ ਆਰੇ ‘ਤੇ ਕੰਮ ਕੀਤਾ ਅਤੇ ਉਸ ਤੋਂ ਬਾਅਦ ਲੱਕੜ ਨਾਲ ਸਬੰਧਤ ਹੋਰ ਕਾਰੋਬਾਰ ਵਿੱਚ ਕੰਮ ਕੀਤਾ। ਮੌਨਸੂਨ ਵਿੱਚ ਲੱਕੜ ਲੱਦੇ ਟਰੱਕਾਂ ਦੇ ਚਿੱਕੜ ਭਰੇ ਰਸਤਿਆਂ ਤੋਂ ਪਹਾੜੀ ਤੋਂ ਹੇਠਾਂ ਆਉਂਦੇ ਹੋਏ, “ਮੈਂ ਬਹੁਤ ਸਾਰੀਆਂ ਮੌਤਾਂ ਵੇਖੀਆਂ ਹਨ,” ਉਹ ਯਾਦ ਕਰਦੇ ਹਨ।
ਉਹਨਾਂ ਨੇ ਵਾਪਸ ਇਸ ਕਾਰੀਗਰੀ ਵੱਲ ਰੁਖ਼ ਕੀਤਾ ਅਤੇ ਜੋਰਹਾਟ ਵਿੱਚ 10 ਤੋਂ 12 ਸਾਲ ਕੰਮ ਕੀਤਾ। ਉਹਨਾਂ ਦੇ ਸਾਰੇ ਬੱਚੇ— ਤਿੰਨ ਬੇਟੀਆਂ ਅਤੇ ਇੱਕ ਬੇਟਾ — ਇੱਥੇ ਹੀ ਪੈਦਾ ਹੋਏ। ਇੱਕ ਢੋਲ, ਜੋ ਕਿ ਸਮੂਹ ਨੇ ਉਧਾਰਾ ਲਿਆ ਸੀ, ਦੀ ਵਾਪਸੀ ਨੂੰ ਲੈ ਕੇ ਕੁਝ ਅਸਾਮੀ ਮੁੰਡਿਆਂ ਨਾਲ ਹੋਈ ਬਹਿਸ ਤੋਂ ਬਾਅਦ ਸਥਾਨਕ ਪੁਲਿਸ ਨੇ ਉਹਨਾਂ ਨੂੰ ਕਿਤੇ ਹੋਰ ਦੁਕਾਨ ਸਥਾਪਿਤ ਕਰਨ ਦੀ ਸਲਾਹ ਦਿੱਤੀ ਕਿਉਂਕਿ ਉਹ ਮੁੰਡੇ, ਜੋ ਗੁੰਡੇ ਲੱਗਦੇ ਸਨ, ਉਹਨਾਂ ਨੂੰ ਹੋਰ ਪਰੇਸ਼ਾਨੀ ਦੇ ਸਕਦੇ ਸਨ।
“ਮੈਂ ਵੀ ਇਹ ਸੋਚਿਆ ਕਿਉਂਕਿ ਅਸੀਂ ਬੰਗਾਲੀ ਹਾਂ, ਤੇ ਜੇਕਰ ਉਹ ਇਕੱਠੇ ਹੋ ਗਏ ਅਤੇ ਹਾਲਾਤ ਫਿਰਕੂ ਬਣ ਗਏ ਤਾਂ ਮੇਰੀ ਅਤੇ ਮੇਰੇ ਪਰਿਵਾਰ ਦੀ ਜ਼ਿੰਦਗੀ ਨੂੰ ਖਤਰਾ ਹੋ ਸਕਦਾ ਹੈ,” ਉਹ ਦੱਸਦੇ ਹਨ। “ਇਸ ਲਈ ਮੈਂ ਜੋਰਹਾਟ [ਮਾਜੁਲੀ ਲਈ] ਨੂੰ ਛੱਡਣ ਦਾ ਫੈਸਲਾ ਕੀਤਾ।” ਮਾਜੁਲੀ ਵਿਖੇ ਕਈ ਸਤਰਾਂ (ਵੈਸ਼ਨਵ ਮੱਠਾਂ) ਦੇ ਸਥਾਪਤ ਹੋਣ ਨਾਲ ਸਤਰੀਆ ਰੀਤੀ-ਰਿਵਾਜਾਂ ਵਿੱਚ ਵਰਤੇ ਜਾਣ ਵਾਲੇ ਖੋਲ ਢੋਲ ਬਣਾਉਣ ਅਤੇ ਮੁਰੰਮਤ ਦਾ ਲਗਾਤਾਰ ਕੰਮ ਮਿਲਣਾ ਨਿਸ਼ਚਿਤ ਸੀ।
“ਪਹਿਲਾਂ ਇਹ ਜਗ੍ਹਾ ਜੰਗਲ ਹੁੰਦੀ ਸੀ ਅਤੇ ਇੱਥੇ ਨੇੜੇ-ਤੇੜੇ ਕੋਈ ਬਹੁਤੀਆਂ ਦੁਕਾਨਾਂ ਨਹੀਂ ਸਨ।” ਉਹਨਾਂ ਨੇ ਪਹਿਲਾਂ ਦੁਕਾਨ ਬਲੀਚਾਪੋਰੀ (ਜਾਂ ਬਾਲੀ ਚਾਪੋਰੀ) ਪਿੰਡ ਵਿਖੇ ਖੋਲ੍ਹੀ ਸੀ ਅਤੇ ਚਾਰ ਸਾਲਾਂ ਬਾਅਦ ਇਸਨੂੰ ਗਰਮੂਰ ਲੈ ਗਏ। 2021 ਵਿੱਚ ਪਰਿਵਾਰ ਨੇ ਪਹਿਲੀ ਦੁਕਾਨ ਤੋਂ ਲਗਭਗ 30 ਕਿਲੋਮੀਟਰ ਦੂਰ ਨਵੇਂ ਬਜ਼ਾਰ ਵਿਖੇ ਇੱਕ ਥੋੜ੍ਹੀ ਜਿਹੀ ਵੱਡੀ ਦੁਕਾਨ ਖੋਲ੍ਹੀ ਲਈ।


ਖੱਬੇਃ ਹੋਰ ਸੰਗੀਤਕ ਸਾਜਾਂ ਨਾਲ ਘਿਰਿਆ ਹੋਇਆ ਇੱਕ ਡੋਬਾ (ਹਰੇ ਧਾਗਿਆਂ ਨਾਲ ਬੰਨ੍ਹਿਆ ਹੋਇਆ) ਮੁਰੰਮਤ ਨੂੰ ਉਡੀਕਦਾ ਫਰਸ਼ ‘ਤੇ ਪਿਆ ਹੈ। ਸੱਜੇਃ ਬੰਗਾਲੀ ਖੋਲ (ਨੀਲੇ ਰੰਗ ਦੇ) ਮਿੱਟੀ ਤੋਂ ਬਣੇ ਹੁੰਦੇ ਹਨ ਅਤੇ ਲੱਕੜ ਦੇ ਅਸਾਮੀ ਖੋਲਾਂ (ਪਿੱਛੇ ਪਏ ਉੱਚੇ) ਨਾਲੋਂ ਉੱਚੇ ਹੁੰਦੇ ਹਨ
ਖੋਲਾਂ ਦੀ ਇੱਕ ਕਤਾਰ ਦੁਕਾਨ ਦੀ ਦੀਵਾਰ ਦੀ ਸ਼ਾਨ ਵਧਾ ਰਹੀ ਹੈ। ਮਿੱਟੀ ਦੇ ਬਣੇ ਹੋਏ ਬੰਗਾਲੀ ਖੋਲ ਪੱਛਮੀ ਬੰਗਾਲ ਵਿੱਚ ਬਣਾਏ ਜਾਂਦੇ ਹਨ ਅਤੇ ਅਕਾਰ ਦੇ ਹਿਸਾਬ ਨਾਲ 4,000 ਰੁਪਏ ਜਾਂ ਉਸਤੋਂ ਮਹਿੰਗੇ ਹੋ ਸਕਦੇ ਹਨ। ਇਸਦੇ ਉਲਟ ਅਸਾਮੀ ਖੋਲ ਲੱਕੜ ਦੇ ਬਣੇ ਹੁੰਦੇ ਹਨ। ਵਰਤੀ ਗਈ ਲੱਕੜ ਦੇ ਅਧਾਰ ‘ਤੇ ਢੋਲਾਂ ਦੀ ਕੀਮਤ 5,000 ਰੁਪਏ ਜਾਂ ਇਸ ਤੋਂ ਵੱਧ ਹੋ ਸਕਦੀ ਹੈ। ਚਮੜਾ ਬਦਲਣ ਅਤੇ ਦੁਬਾਰਾ ਮੜ੍ਹਣ ‘ਤੇ ਇੱਕ ਗਾਹਕ ਦਾ ਲਗਭਗ 2,500 ਰੁਪਏ ਦਾ ਖਰਚ ਆ ਜਾਂਦਾ ਹੈ।
ਮਾਜੁਲੀ ਦੇ ਨਾਮਘਰ (ਪ੍ਰਾਰਥਨਾ ਘਰ) ਦਾ ਇੱਕ ਡੋਬਾ ਦੁਕਾਨ ਦੇ ਫਰਸ਼ ‘ਤੇ ਪਿਆ ਹੈ। ਇਹ ਮਿੱਟੀ ਦੇ ਤੇਲ ਵਾਲੇ ਖਾਲੀ ਢੋਲ (drum) ਤੋਂ ਤਿਆਰ ਕੀਤਾ ਹੋਇਆ ਹੈ। ਕਈ ਡੋਬੇ ਪਿੱਤਲ ਜਾਂ ਐਲੂਮੀਨੀਅਮ ਦੇ ਬਣੇ ਹੁੰਦੇ ਹਨ। “ਜੇਕਰ ਉਹ ਸਾਨੂੰ ਢੋਲ (drum) ਦਾ ਅਧਾਰ ਬਣਾਉਣ ਲਈ ਕਹਿੰਦੇ ਹਨ ਤਾਂ ਅਸੀਂ ਅਜਿਹਾ ਹੀ ਕਰਦੇ ਹਾਂ। ਨਹੀਂ ਤਾਂ, ਗਾਹਕ ਆਪਣਾ ਢੋਲ (drum) ਆਪ ਲਿਆ ਸਕਦਾ ਹੈ ਅਤੇ ਅਸੀਂ ਚਮੜਾ ਮੜ੍ਹ ਦਿੰਦੇ ਹਾਂ,” ਪੋਡਮ ਕਹਿੰਦੇ ਹਨ। ਇਹ ਮੁਰੰਮਤ ਲਈ ਆਇਆ ਹੈ।
“ਕਈ ਵਾਰ ਸਾਨੂੰ ਡੋਬਾ ਦੀ ਮੁਰੰਮਤ ਲਈ ਸਤਰਾ ਜਾਂ ਨਾਮਘਰਾਂ ਵਿੱਚ ਵੀ ਜਾਣਾ ਪੈਂਦਾ ਹੈ,” ਉਹ ਅੱਗੇ ਦੱਸਦੇ ਹਨ। “ਪਹਿਲੇ ਦਿਨ ਅਸੀਂ ਜਾ ਕੇ ਮਾਪ ਲੈ ਆਉਂਦੇ ਹਾਂ। ਅਗਲੇ ਦਿਨ ਅਸੀਂ ਚਮੜਾ ਨਾਲ ਲਿਜਾ ਕੇ ਸਤਰ ਵਿਖੇ ਹੀ ਇਸਦੀ ਮੁਰੰਮਤ ਕਰ ਆਉਂਦੇ ਹਾਂ। ਇਸ ਕੰਮ ਨੂੰ ਸਾਨੂੰ ਲਗਭਗ ਇੱਕ ਘੰਟਾ ਲਗਦਾ ਹੈ।”
ਚਮੜੇ ਦੇ ਕਾਮਿਆਂ ਨਾਲ ਵਿਤਕਰੇ ਦਾ ਇੱਕ ਲੰਮਾ ਇਤਿਹਾਸ ਰਿਹਾ ਹੈ। “ਢੋਲ ਵਜਾਉਣ ਵਾਲੇ ਲੋਕ ਢੋਲ ਵਜਾਉਣ ਲਈ ਆਪਣੀ ਉਂਗਲਾਂ ‘ਤੇ ਥੁੱਕ ਲਗਾਉਂਦੇ ਹਨ। ਟਿਉਬਵੈੱਲ ਦਾ ਵਾਸ਼ਰ ਵੀ ਚਮੜੇ ਤੋਂ ਬਣਦਾ ਹੈ,” ਗਿਰੀਪੋਡ ਦੱਸਦੇ ਹਨ। “ਇਸ ਤਰ੍ਹਾਂ ਜਾਤ-ਪਾਤ ਦੇ ਅਧਾਰ ‘ਤੇ ਵਿਤਕਰੇ ਦੀ ਕੋਈ ਤੁਕ ਨਹੀਂ ਬਣਦੀ। ਚਮੜੀ ‘ਤੇ ਇਤਰਾਜ਼ ਜਤਾਉਣਾ ਬੇਫਜ਼ੂਲ ਹੈ।”
ਪੰਜ ਸਾਲ ਪਹਿਲਾਂ ਪਰਿਵਾਰ ਨੇ ਨਵੇਂ ਬਜ਼ਾਰ ਵਿਖੇ ਇੱਕ ਜ਼ਮੀਨ ਦਾ ਹਿੱਸਾ ਖ਼ਰੀਦਿਆ ਅਤੇ ਆਪਣੇ ਲਈ ਇੱਕ ਘਰ ਬਣਾਇਆ। ਉਹ ਮਿਸੰਗ, ਅਸਾਮੀ, ਦਿਓਰੀ ਅਤੇ ਬੰਗਾਲੀ ਲੋਕਾਂ ਦੀ ਰਲਵੇਂ ਭਾਈਚਾਰੇ ਵਿੱਚ ਰਹਿੰਦੇ ਹਨ। ਕੀ ਉਹਨਾਂ ਨੂੰ ਕਦੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ? “ਅਸੀਂ ਮਨੀਦਾਸ ਹਾਂ। ਰਵਿਦਾਸ ਭਾਈਚਾਰੇ ਨਾਲ ਸਬੰਧਤ ਲੋਕਾਂ, ਜੋ ਮਰੇ ਹੋਏ ਪਸ਼ੂਆਂ ਦੀ ਖੱਲ ਲਾਹੁੰਦੇ ਹਨ, ਨਾਲ ਥੋੜ੍ਹਾ ਜਿਹਾ ਵਿਤਕਰਾ ਕੀਤਾ ਜਾਂਦਾ ਹੈ। ਬੰਗਾਲ ਵਿੱਚ ਜਾਤੀ ਅਧਾਰਤ ਵਿਤਕਰਾ ਜ਼ਿਆਦਾ ਹੈ। ਇੱਥੇ ਅਜਿਹਾ ਨਹੀਂ ਹੈ,” ਗਿਰੀਪੋਡ ਜਵਾਬ ਦਿੰਦੇ ਹਨ।
*****
ਬਦਯੋਕਾਰ ਜੋਰਹਾਟ ਵਿਖੇ ਕਾਕੋਜਨ ਦੇ ਮੁਸਲਿਮ ਵਪਾਰੀਆਂ ਤੋਂ ਇੱਕ ਬਲਦ ਦੀ ਸਾਰੀ ਖੱਲ ਲਗਭਗ 2,000 ਰੁਪਏ ਦੀ ਖ਼ਰੀਦਦੇ ਹਨ। ਇੱਥੇ ਚਮੜਾ ਜ਼ਿਆਦਾ ਮਹਿੰਗਾ ਹੈ ਪਰ ਨੇੜੇ ਦੇ ਲਖੀਮਪੁਰ ਜ਼ਿਲ੍ਹੇ ਵਿੱਚ ਮਿਲਣ ਵਾਲੇ ਚਮੜੇ ਤੋਂ ਵਧੇਰੇ ਚੰਗੀ ਗੁਣਵੱਤਾ ਵਾਲਾ ਹੈ। “ਉਹ ਚਮੜੇ ‘ਤੇ ਨਮਕ ਦਾ ਪ੍ਰਯੋਗ ਕਰਦੇ ਹਨ ਜੋ ਚਮੜੇ ਦੀ ਉਮਰ ਘਟਾ ਦਿੰਦਾ ਹੈ,” ਪੋਡਮ ਕਹਿੰਦੇ ਹਨ।


ਕਾਰੀਗਰਾਂ ਦਾ ਕਹਿਣਾ ਹੈ ਕਿ ਅੱਜਕੱਲ੍ਹ ਚਮੜੇ ਲਈ ਖੱਲ ਮਿਲਣਾ ਮੁਸ਼ਕਿਲ ਹੋ ਗਿਆ ਹੈ। ਚਮੜੇ ਦੇ ਰੋਲ ਅਤੇ ਮੁਰੰਮਤ ਲਈ ਆਏ ਹੋਏ ਖੋਲ ਦੁਕਾਨ ਦੇ ਇੱਕ ਕੋਨੇ ਵਿੱਚ ਟਿਕਾਏ ਪਏ ਹਨ
ਬਦਲਦੇ ਕਾਨੂੰਨਾ ਦੇ ਚਲਦੇ ਅੱਜਕੱਲ੍ਹ ਚਮੜਾ ਪ੍ਰਾਪਤ ਕਰਨਾ ਮੁਸ਼ਕਿਲ ਹੋ ਗਿਆ ਹੈ। ਅਸਾਮ ਪਸ਼ੂ ਸੰਭਾਲ਼ ਐਕਟ, 2021 (Assam Cattle Preservation Act, 2021) ਨਾਲ ਗਊਆਂ ਨੂੰ ਮਾਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਦੂਜੇ ਪਸ਼ੂਆਂ ਨੂੰ ਮਾਰਨ ਦੀ ਇਜਾਜ਼ਤ ਦਿੰਦਾ ਹੈ ਪਰ ਸਿਰਫ ਉਹਨਾਂ ਨੂੰ ਜਿਹਨਾਂ ਨੂੰ ਕੋਈ ਰਜਿਸਟਰਡ ਵੈਟਨਰੀ ਅਫਸਰ 14 ਸਾਲ ਤੋਂ ਵੱਧ ਉਮਰ ਦਾ ਜਾਂ ਫਿਰ ਪੱਕੇ ਤੌਰ ‘ਤੇ ਅਯੋਗ ਹੋਣ ਦਾ ਪ੍ਰਮਾਣਿਤ ਕਰਦਾ ਹੈ। ਇਸਦੇ ਨਾਲ ਚਮੜੇ ਦੀ ਕੀਮਤ ਵਿੱਚ ਵਾਧਾ ਹੋਇਆ ਹੈ, ਜਿਸਦੇ ਕਾਰਨ ਨਵੇਂ ਸਾਜ਼ਾਂ ਅਤੇ ਮੁਰੰਮਤ ਕਾਰਜਾਂ ਦੀ ਕੀਮਤ ਵਿੱਚ ਵੀ ਵਾਧਾ ਹੋਇਆ ਹੈ। “ਲੋਕ ਵਧੀ ਹੋਈ ਕੀਮਤ ਬਾਰੇ ਸ਼ਿਕਾਇਤ ਕਰਦੇ ਹਨ ਪਰ ਇਸ ਬਾਰੇ ਕੁਝ ਵੀ ਨਹੀਂ ਕੀਤਾ ਜਾ ਸਕਦਾ,” ਪੋਡਮ ਦਾ ਕਹਿਣਾ ਹੈ।
ਇੱਕ ਵਾਰ ਗਿਰੀਪੋਡ ਕੰਮ ਤੋਂ ਬਾਅਦ ਚਮੜੇ ਨਾਲ ਸਬੰਧਤ ਸਾਜੋ-ਸਮਾਨ ਅਤੇ ਡਾਓ ਬਲੇਡ ਨਾਲ ਲਈ ਆਪਣੇ ਘਰ ਵਾਪਸ ਜਾ ਰਹੇ ਸਨ ਕਿ ਇੱਕ ਪੁਲਿਸ ਵਾਲੇ ਨੇ ਉਹਨਾਂ ਨੂੰ ਚੈੱਕਪੋਸਟ ‘ਤੇ ਰੋਕ ਲਿਆ ਅਤੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ। “ਮੇਰੇ ਪਿਤਾ ਨੇ ਉਹਨਾਂ ਨੂੰ ਸਾਰਾ ਕੁਝ ਦੱਸਿਆ ਕਿ ਮੈਂ ਇਸਦੇ ਨਾਲ ਇਹ ਕੰਮ ਕਰਦਾ ਹਾਂ ਅਤੇ ਇੱਥੇ ਇੱਕ ਸਾਜ਼ ਫੜਾਉਣ ਆਇਆ ਸੀ” ਪਰ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਜਾਣ ਨਾ ਦਿੱਤਾ।
“ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੁਲਿਸ ਸਾਡੇ ‘ਤੇ ਯਕੀਨ ਨਹੀਂ ਕਰਦੀ। ਉਹਨਾਂ ਨੇ ਸੋਚਿਆ ਕਿ ਉਹ ਕਿਸੇ ਗਊ ਨੂੰ ਮਾਰਨ ਜਾ ਰਹੇ ਹਨ,” ਪੋਡਮ ਦੱਸਦੇ ਹਨ। ਅਖੀਰ, ਗਿਰੀਪੋਡ ਨੂੰ ਘਰ ਵਾਪਿਸ ਆਉਣ ਲਈ ਪੁਲਿਸ ਨੂੰ 5,000 ਰੁਪਏ ਦੇਣੇ ਪਏ।
ਘੁਣ ਦੀ ਢੋਆ-ਢੋਆਈ ਵੀ ਖਤਰਨਾਕ ਕੰਮ ਹੈ ਕਿਉਂਕਿ ਇਸਦੀ ਵਰਤੋਂ ਬੰਬ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਗਿਰੀਪੋਡ ਗੋਲਾਘਾਟ ਜ਼ਿਲ੍ਹੇ ਦੀ ਇੱਕ ਵੱਡੀ ਦੁਕਾਨ, ਜਿਸ ਕੋਲ ਲਾਇਸੈਂਸ ਹੈ, ਤੋਂ ਇੱਕ ਵਾਰ ਵਿੱਚ ਇੱਕ ਜਾਂ ਦੋ ਕਿਲੋਗ੍ਰਾਮ ਹੀ ਖ਼ਰੀਦਦੇ ਹਨ। ਸਭ ਤੋਂ ਛੋਟੇ ਰਸਤੇ ਤੋਂ ਦੁਕਾਨ ਦਾ ਇੱਕ ਗੇੜਾ ਲਾਉਣ ਲਈ ਲਗਭਗ 10 ਘੰਟੇ ਲੱਗਦੇ ਹਨ ਅਤੇ ਜਿਸ ਵਿੱਚ ਇੱਕ ਬੇੜੀ ਦੁਆਰਾ ਬ੍ਰਹਮਪੁੱਤਰ ਨੂੰ ਪਾਰ ਕਰਨਾ ਵੀ ਸ਼ਾਮਿਲ ਹੈ।
“ਜੇਕਰ ਪੁਲਿਸ ਸਾਨੂੰ ਇਸ ਨੂੰ ਲੈ ਕੇ ਜਾਂਦੇ ਹੋਏ ਫੜ੍ਹ ਲੈਂਦੀ ਹੈ ਤਾਂ ਜੇਲ੍ਹ ਦੀ ਸਜ਼ਾ ਦਾ ਖਤਰਾ ਹੋ ਜਾਂਦਾ ਹੈ,” ਗਿਰੀਪੋਡ ਕਹਿੰਦੇ ਹਨ। “ਜੇਕਰ ਅਸੀਂ ਉਹਨਾਂ ਨੂੰ ਇਹ ਸਾਬਤ ਕਰ ਸਕੇ ਕਿ ਅਸੀਂ ਇਸ ਨੂੰ ਤਬਲੇ ‘ਤੇ ਕਿਸ ਤਰ੍ਹਾਂ ਵਰਤਦੇ ਹਾਂ ਫਿਰ ਤਾਂ ਠੀਕ ਹੈ। ਨਹੀਂ ਤਾਂ ਜੇਲ੍ਹ ਜਾਣਾ ਤੈਅ ਹੈ।”
ਇਹ ਕਹਾਣੀ ਮ੍ਰਿਣਾਲਿਨੀ ਮੁਖਰਜੀ ਫਾਉਂਡੇਸ਼ਨ (MMF) ਫੈਲੋਸ਼ਿੱਪ ਦੁਆਰਾ ਸਮਰਥਤ ਹੈ।
ਤਰਜਮਾ: ਇੰਦਰਜੀਤ ਸਿੰਘ