'' ਕੁਦਲੂ ! ਕੁਦਲੂ ! ਪਾਤਰੇ ਕੁਦਲੂ ! (ਵਾਲ਼ਾ! ਵਾਲ਼! ਭਾਂਡਿਆਂ ਬਦਲੇ ਵਾਲ਼!)''
ਸਾਕੇ ਸਰਸਵਤੀ ਦੀ ਉੱਚੀ ਅਵਾਜ਼ ਬੰਗਲੌਰ ਦੇ ਮਾਤਿਕੇਰੇ ਦੀਆਂ ਸੜਕਾਂ 'ਤੇ ਗੂੰਜਦੀ ਹੈ। ਉਹ ਘਰ-ਘਰ ਘੁੰਮ ਕੇ ਐਲੂਮੀਨੀਅਮ ਦੇ ਭਾਂਡਿਆਂ ਬਦਲੇ ਲੋਕਾਂ ਦੇ ਵਾਲ਼ ਇਕੱਠੇ ਕਰਦੀ ਹਨ। ਉਨ੍ਹਾਂ ਕੋਲ਼ ਐਲੂਮੀਨੀਅਮ ਦੇ ਹੌਲ਼ੇ-ਹੌਲ਼ੇ ਜਿਹੇ ਭਾਂਡੇ ਹਨ ਜਿਨ੍ਹਾਂ ਵਿੱਚ ਪਾਣੀ ਰੱਖਣ ਦੇ ਛੋਟੇ ਜਿਹੇ ਕੰਟੇਨਰ, ਦੇਗਚੀ, ਪੈਨ, ਕੜਛੀਆਂ, ਵੱਡੀਆਂ ਪੋਣੀਆਂ ਤੇ ਕਈ ਹੋਰ ਭਾਂਡੇ ਸ਼ਾਮਲ ਹਨ।
''ਇਹ ਕੰਮ ਮੈਂ ਆਪਣੀ ਭਾਬੀ ਸ਼ਿਵੰਮਾ ਕੋਲ਼ੋਂ ਸਿੱਖਿਆ ਹੈ। ਉਹਨੇ ਹੀ ਮੈਨੂੰ ਉੱਚੀ ਅਵਾਜ਼ ਵਿੱਚ ਹੌਕਾ ਲਾਉਣਾ ਸਿਖਾਇਆ ਤਾਂਕਿ ਵੱਧ ਤੋਂ ਵੱਧ ਗਾਹਕਾਂ ਨੂੰ ਆਕਰਸ਼ਤ ਕੀਤਾ ਜਾ ਸਕੇ,'' ਬੰਗਲੌਰ ਦੀ ਇਹ 23 ਸਾਲਾ ਫੇਰੀਵਾਲ਼ੀ ਕਹਿੰਦੀ ਹਨ।
ਪਰਿਵਾਰ ਵਿੱਚ ਇਹੀ ਕੰਮ ਕਰਨ ਵਾਲ਼ੀ ਇਹ ਤੀਜੀ ਪੀੜ੍ਹੀ ਹੈ। ਸਰਸਵਤੀ ਕਹਿੰਦੀ ਹਨ,''ਮੇਰੀ ਮਾਂ ਗੰਗੰਮਾ ਇਹ ਕੰਮ ਆਪਣੇ ਵਿਆਹ ਤੋਂ ਵੀ ਪਹਿਲਾਂ ਤੋਂ ਕਰਦੀ ਆ ਰਹੀ ਹੈ। ਪਰ ਲੱਕ ਤੇ ਗੋਡਿਆਂ ਦੀ ਪੀੜ੍ਹ ਕਾਰਨ ਹੁਣ ਉਹ ਪਹਿਲਾਂ ਦੇ ਮੁਕਾਬਲੇ ਘੱਟ ਫੇਰੇ ਲਾਉਂਦੀ ਹੈ।'' ਉਨ੍ਹਾਂ ਦੇ ਪਿਤਾ ਪੁੱਲੰਨਾ ਤੇ ਮਾਂ ਗੰਗੰਮਾ ਆਂਧਰਾ ਪ੍ਰਦੇਸ਼ ਤੋਂ ਕੋਈ 30 ਸਾਲ ਪਹਿਲਾਂ ਬੰਗਲੌਰ ਆ ਗਏ ਸਨ।
ਉਨ੍ਹਾਂ ਦਾ ਪਰਿਵਾਰ ਕੋਰਾਛਾ ਭਾਈਚਾਰੇ ਨਾਲ਼ ਤਾਅਲੁੱਕ ਰੱਖਦਾ ਹੈ ਜੋ ਆਂਧਰਾ ਪ੍ਰਦੇਸ਼ ਵਿਖੇ ਹੋਰ ਪਿਛੜਿਆ ਵਰਗ (ਓਬੀਸੀ) ਵਜੋਂ ਸੂਚੀਬੱਧ ਹੈ। 80 ਸਾਲਾ ਪੁੱਲੰਨਾ ਹੁਣ ਸੁੱਕੇ ਤਾੜ ਦੇ ਪੱਤਿਆਂ ਤੋਂ ਝਾੜੂ ਬਣਾਉਂਦੇ ਹਨ ਤੇ ਇੱਕ ਝਾੜੂ 20 ਤੋਂ 50 ਰੁਪਏ ਵਿੱਚ ਵੇਚਦੇ ਹਨ।

ਸਰਸਵਤੀ ਆਪਣੇ ਪਰਿਵਾਰ ਦੇ ਨਾਲ਼ ਉੱਤਰੀ ਬੰਗਲੌਰ ਦੇ ਕੋਂਡੱਪਾ ਲੇਆਊਟ ਵਿੱਚ ਰਹਿੰਦੀ ਹਨ। ਉਹ 18 ਸਾਲ ਦੀ ਉਮਰ ਤੋਂ ਹੀ ਘਰ-ਘਰ ਜਾ ਕੇ ਲੋਕਾਂ ਦੇ ਵਾਲ਼ ਇਕੱਠੇ ਕਰਨ ਦਾ ਕੰਮ ਕਰ ਰਹੀ ਹਨ
ਉਨ੍ਹਾਂ ਦੇ ਪਿਤਾ ਦੀ ਆਮਦਨੀ ਕਾਫ਼ੀ ਨਹੀਂ ਸੀ ਇਸੇ ਲਈ ਪੰਜ ਸਾਲ ਪਹਿਲਾਂ ਜਦੋਂ ਸਰਸਵਤੀ 18 ਸਾਲਾਂ ਦੀ ਹੋ ਗਈ ਤਦ ਉਨ੍ਹਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸੇ ਵੇਲ਼ੇ ਉਹ ਆਪਣੀ ਬੀ.ਕਾਮ. ਦੀ ਪੜ੍ਹਾਈ ਕਰ ਰਹੀ ਸਨ। ਉਨ੍ਹਾਂ ਦਾ ਪਰਿਵਾਰ ਉੱਤਰੀ ਬੰਗਲੌਰ ਦੇ ਕੋਂਡੱਪਾ ਲੇਆਉਟ ਵਿੱਚ ਰਹਿੰਦਾ ਹੈ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਮਾਪੇ, ਦੋ ਵੱਡੇ ਭਰਾ ਤੇ ਉਹਦੀ ਪਤਨੀ ਤੇ ਬੱਚੇ ਰਹਿੰਦੇ ਹਨ।
ਸਰਸਵਤੀ ਸੋਮਵਾਰ ਤੋਂ ਸ਼ਨੀਵਾਰ ਰੋਜ਼ਾਨਾ ਆਪਣੇ ਕਾਲਜ ਜਾਂਦੀ ਹਨ। ਐਤਵਾਰ ਦਾ ਦਿਨ ਉਨ੍ਹਾਂ ਦੇ ਰੋਜ਼ਮੱਰਾ ਦੇ ਕੰਮ ਕਰਦਿਆਂ 6 ਵਜੇ ਸ਼ੁਰੂ ਹੁੰਦਾ ਹੈ ਤੇ ਘਰ-ਘਰ ਘੁੰਮ ਕੇ ਲੋਕਾਂ ਦੇ ਵਾਲ਼ ਇਕੱਠੇ ਕਰਨ ਦੇ ਆਪਣੇ ਕੰਮ 'ਤੇ ਨਿਕਲ਼ ਜਾਂਦੀ ਹਨ। ਘਰੋਂ ਨਿਕਲ਼ਣ ਤੋਂ ਪਹਿਲਾਂ ਉਹ ਪਰਿਵਾਰ ਵਾਸਤੇ ਨਾਸ਼ਤਾ ਬਣਾਉਂਦੀ ਹਨ।'' ਅਸੀਂ ਬਾਹਰ ਰਹਿੰਦੇ ਹਾਂ ਤੇ ਘਰੇ ਬੱਚਿਆਂ ਨੂੰ ਭੁੱਖ ਲੱਗ ਜਾਂਦੀ ਹੈ, ਇਸੇ ਲਈ ਮੈਂ ਥੋੜ੍ਹਾ ਵੱਧ ਖਾਣਾ ਬਣਾ ਆਉਂਦੀ ਹਾਂ,'' ਉਹ ਕਹਿੰਦੀ ਹਨ।
ਸਰਸਵਤੀ ਤੇ ਉਨ੍ਹਾਂ ਦੀ ਭਾਬੀ ਸ਼ਿਵੰਮਾ ਆਪਣੀ ਲੋੜ ਦਾ ਸਾਜੋ-ਸਮਾਨ ਲੈ ਕੇ ਆਪਣੇ ਕੰਮ ਵਾਸਤੇ ਨਿਕਲ਼ ਪੈਂਦੀ ਹਨ। ਉਨ੍ਹਾਂ ਦੇ ਮੋਢਿਆਂ 'ਤੇ ਸਲੇਟੀ ਰੰਗਾ ਇੱਕ ਝੋਲ਼ਾ ਲਮਕਦਾ ਰਹਿੰਦਾ ਹੈ ਜਿਸ ਵਿੱਚ ਐਲੂਮੀਨੀਅਮ ਦੇ ਭਾਂਡੇ ਤੇ ਇੱਕ ਸਟੀਲ ਦਾ ਕੰਟੇਨਰ ਹੁੰਦਾ ਹੈ ਜਿਵੇਂ ਕਿ ਕਿਸੇ ਦੁੱਧ ਵਾਲ਼ੇ ਕੋਲ਼ ਹੁੰਦਾ ਹੈ। ਕੰਟੇਨਰ ਵਿੱਚ ਇਕੱਠੇ ਕੀਤੇ ਵਾਲ਼ਾਂ ਨੂੰ ਰੱਖਦੀ ਹੈ।
''ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣਾ ਢਿੱਡ ਭਰਨਾ ਨਹੀਂ ਭੁੱਲਦੇ,'' ਸਰਸਵਤੀ ਕਹਿੰਦੀ ਹਨ। ਆਮ ਦਿਨੀਂ ਉਹ ਨਾਸ਼ਤੇ ਵਿੱਚ ਇੱਕ ਪਲੇਟ ਇਡਲੀ ਵੜਾ, ਇੱਕ ਆਮਲੇਟ ਤੇ ਇੱਕ ਮਸਾਲਾ ਚਾਹ ਲੈਂਦੀ ਹਨ।
ਉਹ ਕੁਝ ਇਲਾਕਿਆਂ ਵਿੱਚ ਹਰ ਹਫ਼ਤੇ ਜਾਣ ਦੀ ਕੋਸ਼ਿਸ਼ ਕਰਦੀ ਹਨ ਜਿਸ ਵਿੱਚ ਮਾਥੀਕੇਰੇ, ਯੇਲਾਹਾਂਕਾ ਨਿਊ ਟਾਊਨ, ਕਲਿਆਣ ਨਗਰ, ਬਨਾਸਵਾੜੀ ਤੇ ਵਿਜੈ ਨਗਰ ਜਿਹੇ ਮੁਹੱਲੇ ਹਨ। ਸਰਵਸਤੀ ਦੇ ਗਾਹਕਾਂ ਵਿੱਚ ਜ਼ਿਆਦਾਤਰ ਘੱਟ ਤੋਂ ਸ਼ੁਰੂ ਹੋ ਕੇ ਦਰਮਿਆਨੀ ਆਮਦਨੀ ਵਾਲ਼ੇ ਇਲਾਕਿਆਂ ਦੇ ਲੋਕ ਸ਼ਾਮਲ ਹਨ।

ਸਰਸਵਤੀ ਇਕੱਠਾ ਕੀਤੇ ਗਏ ਵਾਲ਼ ਬਦਲੇ ਲੋਕਾਂ ਨੂੰ ਐਲੂਮੀਨੀਅਮ ਦੇ ਹੌਲ਼ੇ-ਹੌਲ਼ੇ ਭਾਂਡੇ ਜਿਨ੍ਹਾਂ ਵਿੱਚ ਪਾਣੀ ਰੱਖਣ ਲਈ ਛੋਟੇ ਕੰਟੇਨਰ, ਦੇਗਚੀ, ਪੈਨ, ਕੜਛੀ ਤੇ ਪੋਣੀ ਆਦਿ ਬਦਲਣ ਦਾ ਕੰਮ ਕਰਦੀ ਹਨ। ਇਕੱਠਾ ਕੀਤੇ ਗਏ ਵਾਲ਼ ਨੂੰ ਉਹ ਵਿਗ ਬਣਾਉਣ ਵਾਲ਼ੇ ਵਪਾਰੀਆਂ ਨੂੰ ਵੇਚ ਦਿੰਦੀ ਹਨ
ਦੋਵੇਂ ਲਗਭਗ 10 ਘੰਟੇ ਕੰਮ ਕਰਦੀ ਹਨ ਤੇ ਇਸੇ ਦਰਮਿਆਨ ਖਾਣ ਦੇ ਬਹਾਨੇ ਸਿਰਫ਼ ਦੋ ਘੰਟੇ ਅਰਾਮ ਕਰਦੀ ਹਨ।
ਜਿਨ੍ਹਾਂ ਘਰਾਂ ਵਿੱਚ ਸਰਸਵਤੀ ਜਾਂਦੀ ਹਨ ਉਹ ਪਲਾਸਟਿਕ ਦੇ ਬੈਗਾਂ, ਕੰਟੇਨਰਾਂ, ਜਾਰਾਂ, ਟੀਨ ਦੇ ਬਕਸਿਆਂ ਤੇ ਇੱਥੋਂ ਤੱਕ ਕਿ ਫਟੇ ਹੋਏ ਦੁੱਧ ਦੇ ਪੈਕਟਾਂ ਵਿੱਚ ਵਾਲ਼ ਇਕੱਠਾ ਕਰ ਕੇ ਰੱਖਦੀ ਹਨ।
''ਮੈਂ ਵਾਲ਼ ਦੀ ਕਵਾਲਿਟੀ ਦੀ ਜਾਂਚਣ ਲਈ ਉਹਨੂੰ ਖਿੱਚ ਕੇ ਦੇਖਦੀ ਹਾਂ,'' ਸਰਸਵਤੀ ਕਹਿੰਦੀ ਹਨ ਪਰ ਇਹ ਕਹਿਣਾ ਵੀ ਨਹੀਂ ਭੁੱਲਦੀ,''ਬਿਊਟੀ ਪਾਰਲਰ ਵਿੱਚ ਜੋ ਵਾਲ਼ ਕੱਟੇ ਜਾਂਦੇ ਹਨ ਉਹ ਬਹੁਤੇ ਕੰਮ ਦੇ ਨਹੀਂ ਹੁੰਦੇ।'' ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਜੜ੍ਹੋਂ ਕੱਟੇ 'ਰੇਮੀ ਹੇਅਰ' ਇਕੱਠੇ ਕਰ ਸਕੋ ''ਜਿਨ੍ਹਾਂ ਦਾ ਕਿਊਟੀਕਲ ਕੱਟੇ ਜਾਣ ਤੋਂ ਬਾਅਦ ਵੀ ਸਲਾਮਤ ਬਚੇ ਹੋਣ।'' ਵਾਲ਼ ਦੀ ਨਿਊਨਤਮ ਲੰਬਾਈ ਵੀ ਯਕੀਨੀ ਹੁੰਦੀ ਹੈ ਜੋ ਘੱਟ ਤੋਂ ਘੱਟ ਛੇ ਇੰਚ ਹੋਣੀ ਚਾਹੀਦੀ ਹੈ।
ਇੱਕ ਨਾਪਣ ਲਈ ਇੱਕ ਪ੍ਰਮਾਣਿਕ ਉਪਕਰਣ ਦੀ ਘਾਟ ਵਿੱਚ ਉਹ ਆਪਣੀ ਗਿੱਠ ਦਾ ਇਸਤੇਮਾਲ ਕਰਦੀ ਹਨ ਤੇ ਵਾਲ਼ ਦੀ ਲੰਬਾਈ ਘੱਟੋ-ਘੱਟ ਇੰਨੀ ਲੋੜ ਹੋਵੇ ਕਿ ਉਹ ਗਿੱਠ ਵਿੱਚ ਦੋ ਵਾਰ ਲਪੇਟੇ ਜਾ ਸਕਣ। ਫਿਰ ਉਨ੍ਹਾਂ ਵਾਲ਼ਾਂ ਨੂੰ ਗੇਂਦਨੁਮਾ ਅਕਾਰ ਵਿੱਚ ਲਪੇਟ ਦਿੱਤਾ ਜਾਂਦਾ ਹੈ।
ਵਾਲ਼ਾਂ ਨੂੰ ਨਾਪਣ ਦਾ ਕੰਮ ਮੁਕਾ ਕੇ ਸਰਸਵਤੀ ਜਾਂ ਉਨ੍ਹਾਂ ਦੀ ਭਾਬੀ ਝੋਲ਼ੇ 'ਚੋਂ ਐਲੂਮੀਨੀਅਮ ਦੇ ਹੌਲ਼ੇ ਜਿਹੇ ਭਾਂਡੇ ਬਾਹਰ ਕੱਢਦੀ ਹਨ ਤੇ ਜਿਨ੍ਹਾਂ ਨਾਲ਼ ਉਨ੍ਹਾਂ ਨੂੰ ਸੌਦਾ ਕਰਨਾ ਹੁੰਦਾ ਹੈ ਉਨ੍ਹਾਂ ਦਾ ਸਾਹਮਣੇ ਦੋ ਪ੍ਰਸਤਾਵ ਰੱਖਦੀ ਹਨ। ''ਜੇ ਗਾਹਕ ਥੋੜ੍ਹੀ ਸੌਦੇਬਾਜੀ ਕਰਨ ਵਾਲ਼ਾ ਹੁੰਦਾ ਹੈ ਤਾਂ ਉਹ ਥੋੜ੍ਹੇ ਜਿਹੇ ਵਾਲ਼ਾਂ ਦੇ ਬਦਲੇ ਵਿੱਚ ਕੋਈ ਵੱਡਾ ਭਾਂਡਾ ਪਾਉਣ ਦੀ ਜ਼ਿੱਦ ਕਰਦਾ ਹੈ,'' ਉਹ ਵਿਸਤਾਰ ਦੇ ਨਾਲ਼ ਦੱਸਣ ਲੱਗਦੀ ਹੈ।


ਸਰਸਵਤੀ ਜੋ ਵਾਲ਼ ਇਕੱਠੇ ਕਰਦੀ ਹੈ ਉਹ ਛੇ ਇੰਚ ਜਾਂ ਇਸ ਤੋਂ ਵੱਧ ਲੰਬਾਈ ਦੇ ਹੁੰਦੇ ਹਨ। ਕਿਉਂਕਿ ਉਹਨਾਂ ਕੋਲ ਮਾਪਣ ਵਾਲ਼ਾ ਕੋਈ ਯੰਤਰ ਨਹੀਂ ਹੁੰਦਾ, ਇਸ ਲਈ ਉਹ ਵਾਲ਼ਾਂ ਨੂੰ ਆਪਣੀਆਂ ਮੁੱਠੀਆਂ ਵਿੱਚ ਦੋ ਵਾਰ ਲਪੇਟ ਕੇ ਇਸਦੀ ਲੰਬਾਈ ਦਾ ਅੰਦਾਜ਼ਾ ਲਗਾਉਂਦੇ ਹਨ


ਫੋਟੋਆਂ: ਵਾਲ਼ਾਂ ਦੀ ਲੰਬਾਈ ਤੋਂ ਸੰਤੁਸ਼ਟ ਹੋਣ ਤੋਂ ਬਾਅਦ, ਉਹ ਆਪਣੇ ਖੋਲ ਬਣਾਉਂਦੇ ਹਨ
ਕਿਉਂਕਿ ਬਰਤਨ ਸਾਰੇ ਘਰਾਂ ਵਿੱਚ ਵਰਤੇ ਜਾਂਦੇ ਹਨ, ਇਸ ਲਈ ਇਹ ਵਟਾਂਦਰੇ ਲਈ ਇੱਕ ਵਧੀਆ ਮਾਧਿਅਮ ਹਨ। ਪਰ ਉਹ ਕਹਿੰਦੀ ਹਨ ਕਿ ਬਹੁਤ ਸਾਰੇ ਗਾਹਕ ਅਜੇ ਵੀ ਪੈਸੇ ਲੈਣ 'ਤੇ ਜ਼ੋਰ ਦਿੰਦੇ ਹਨ। "ਪਰੰਤੂ ਅਸੀਂ ਉਨ੍ਹਾਂ ਨੂੰ ਪੈਸੇ ਨਹੀਂ ਦੇ ਸਕਦੇ। ਸਿਰਫ 10-20 ਗ੍ਰਾਮ ਵਾਲ਼ਾਂ ਲਈ, ਉਹ 100 ਰੁਪਏ ਦੀ ਕੀਮਤ ਚਾਹੁੰਦੇ ਹਨ।''!
ਇੱਕ ਦਿਨ ਵਿੱਚ, ਉਹ ਮੁਸ਼ਕਿਲ ਨਾਲ ਹੀ ਮੁੱਠੀ ਭਰ ਵਾਲ਼ਾਂ ਨੂੰ ਇਕੱਠਾ ਕਰਨ ਦੇ ਯੋਗ ਹੁੰਦੀ ਹੈ। ਕੁਝ ਦਿਨਾਂ ਨੂੰ, ਉਹ 300 ਗ੍ਰਾਮ ਤੋਂ ਘੱਟ ਵਾਲ਼ ਇਕੱਠੇ ਕਰਨ ਦੇ ਯੋਗ ਹੁੰਦੇ ਹਨ। ਉਹ ਕਹਿੰਦੀ ਹੈ, "ਕਈ ਵਾਰ ਮੈਂ ਵਾਲ਼ ਇਕੱਠੇ ਕਰਨ ਲਈ ਕਿਸੇ ਦੇ ਘਰ ਜਾਂਦੀ ਹਾਂ ਅਤੇ ਅੱਗਿਓਂ ਜਵਾਬ ਹੁੰਦਾ ਹੈ – "ਵਾਲ਼ ਵਿੱਕ ਗਏ ਹਨ," ਉਹ ਕਹਿੰਦੀ ਹਨ। ''ਤੁਸੀਂ ਤਾਂ ਇਹ ਵੀ ਨਹੀਂ ਜਾਣਦੇ ਅਤੇ ਲੋਕਾਂ ਨੇ ਕਿੱਥੋਂ-ਕਿੱਥੋਂ ਵਾਲ਼ ਇਕੱਠੇ ਕੀਤੇ ਹੁੰਦੇ ਹਨ।"
ਸਰਸਵਤੀ ਆਪਣੇ ਇਕੱਠੇ ਕੀਤੇ ਵਾਲ਼ਾਂ ਨੂੰ ਪਾਰਵਤੀ ਅੰਮਾ ਨੂੰ ਵੇਚਦੀ ਹਨ। ਪਾਰਵਤੀ ਅੰਮਾ ਇੱਕ ਕਾਰੋਬਾਰੀ ਹਨ।
"ਵਾਲ਼ਾਂ ਦੀਆਂ ਕੀਮਤਾਂ ਮੌਸਮ ਤੇ ਸਮੇਂ 'ਤੇ ਨਿਰਭਰ ਕਰਦੀਆਂ ਹਨ। ਇਸ ਕਾਰੋਬਾਰ ਵਿੱਚ ਪਰਿਵਾਰ ਦੀ ਆਮਦਨ ਦੀ ਕੋਈ ਗਾਰੰਟੀ ਨਹੀਂ ਹੈ। ਆਮ ਤੌਰ 'ਤੇ, ਇੱਕ ਕਿਲੋਗ੍ਰਾਮ ਕਾਲੇ ਵਾਲ਼ ਪੰਜ ਤੋਂ ਛੇ ਹਜ਼ਾਰ ਦੇ ਵਿਚਕਾਰ ਕਿਸੇ ਵੀ ਕੀਮਤ 'ਤੇ ਵੇਚੇ ਜਾਂਦੇ ਹਨ। ਪਰ ਬਰਸਾਤ ਦੇ ਮੌਸਮ ਵਿੱਚ ਕੀਮਤਾਂ ਤਿੰਨ-ਚਾਰ ਹਜ਼ਾਰ ਤੱਕ ਡਿੱਗ ਜਾਂਦੀਆਂ ਹਨ।''
ਪਾਰਵਤੀ ਅੰਮਾ ਆਪਣੇ ਡਿਜੀਟਲ ਪੈਮਾਨੇ 'ਤੇ ਵਾਲ਼ਾਂ ਦਾ ਭਾਰ ਤੋਲਦੀ ਹਨ।


ਖੱਬੇ ਪਾਸੇ: ਸਰਸਵਤੀ ਬੰਗਲੌਰ ਦੇ ਵੱਖ-ਵੱਖ ਥੋਕ ਬਾਜ਼ਾਰਾਂ ਤੋਂ ਐਲੂਮੀਨੀਅਮ ਦੇ ਬਰਤਨ ਖਰੀਦਦੀ ਹੋਈ। ਪਾਰਵਤੀ ਅੰਮਾ ਆਪਣੇ ਡਿਜੀਟਲ ਪੈਮਾਨੇ 'ਤੇ ਵਾਲ਼ਾਂ ਦਾ ਭਾਰ ਤੋਲਦੀ ਹਨ
ਕੰਪਨੀਆਂ ਪਾਰਵਤੀ ਅੰਮਾ ਤੋਂ ਵਾਲ਼ ਖਰੀਦਦੀਆਂ ਹਨ ਅਤੇ ਇਨ੍ਹਾਂ ਵਾਲ਼ਾਂ ਤੋਂ ਵਿੱਗ ਬਣਾਉਂਦੀਆਂ ਹਨ। 50 ਸਾਲਾ ਪਾਰਵਤੀ ਕਹਿੰਦੀ ਹਨ, "ਲਗਭਗ 5,000 ਔਰਤਾਂ ਉਨ੍ਹਾਂ ਵਾਲ਼ਾਂ ਨੂੰ ਇੱਕ ਦੂਜੇ ਤੋਂ ਵੱਖ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਸਾਫ਼ ਕਰਦੀਆਂ ਹਨ। ਇਸ ਕੰਮ ਲਈ, ਉਹ ਸਾਬਣ, ਤੇਲ ਅਤੇ ਸ਼ੈਂਪੂ ਦੀ ਵਰਤੋਂ ਕਰਦੇ ਹਨ ਅਤੇ ਰਾਤ ਭਰ ਇਨ੍ਹਾਂ ਨੂੰ ਭਿਓਂ ਕੇ ਛੱਡ ਦਿੰਦੇ ਹਨ ਤਾਂ ਜੋ ਉਹ ਚੰਗੀ ਤਰ੍ਹਾਂ ਧੋਤੇ ਜਾਣ। ਇਸ ਤੋਂ ਬਾਅਦ, ਉਹ ਚੰਗੀ ਤਰ੍ਹਾਂ ਸੁੱਕ ਜਾਂਦੇ ਹਨ। ਉਸ ਤੋਂ ਬਾਅਦ, ਵੇਚਣ ਤੋਂ ਪਹਿਲਾਂ ਪੁਰਸ਼ ਕਾਮਿਆਂ ਦੁਆਰਾ ਵਾਲ਼ਾਂ ਦੀ ਲੰਬਾਈ ਦੀ ਜਾਂਚ ਕੀਤੀ ਜਾਂਦੀ ਹੈ।''
ਉਹ ਕਹਿੰਦੀ ਹੈ, "ਜੇ ਮੈਨੂੰ ਅੱਜ ਭਾਂਡੇ ਖਰੀਦਣੇ ਪੈਣ, ਤਾਂ ਮੈਂ ਪਾਰਵਤੀ ਅੰਮਾ ਤੋਂ ਕੱਲ੍ਹ ਵੇਚੇ ਵਾਲ਼ਾਂ ਦਾ ਭੁਗਤਾਨ ਲੈ ਲੈਂਦੀ ਹਾਂ। ਮੈਂ ਆਪਣੇ ਵਾਲ਼ ਵੇਚਣ ਵਿੱਚ ਇੱਕ ਮਹੀਨੇ ਦੀ ਉਡੀਕ ਨਹੀਂ ਕਰ ਪਾਉਂਦੀ। ਜਿਉਂ ਹੀ ਮੈਨੂੰ ਆਪਣੇ ਵਾਲ਼ ਮਿਲਦੇ ਹਨ, ਮੈਂ ਉਨ੍ਹਾਂ ਨੂੰ ਵੇਚ ਦਿੰਦੀ ਹਾਂ।"
ਵਾਲ਼ ਇਕੱਠੇ ਕਰਨ ਲਈ ਆਲ਼ੇ-ਦੁਆਲ਼ੇ ਯਾਤਰਾ ਕਰਨ ਵਾਲੀ ਸਰਸਵਤੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੰਮ ਲਈ ਹਰ ਰੋਜ਼ 12 ਤੋਂ 15 ਕਿਲੋਮੀਟਰ ਪੈਦਲ ਚੱਲਣਾ ਪੈਂਦਾ ਹੈ, "ਬੱਸ ਕੰਡਕਟਰ ਉਨ੍ਹਾਂ ਨੂੰ ਕੇਐਸਆਰਟੀਸੀ [ਰਾਜ] ਦੀਆਂ ਬੱਸਾਂ ਵਿੱਚ ਚੜ੍ਹਨ ਨਹੀਂ ਦਿੰਦੇ। "
"ਮੇਰਾ ਸਰੀਰ ਏਨੀ ਮਿਹਨਤ ਬਰਦਾਸ਼ਤ ਨਹੀਂ ਕਰ ਸਕਦਾ। ਦੋਵੇਂ ਮੋਢਿਆਂ 'ਤੇ ਬਦਲਵੇਂ ਬੋਝ ਦੇ ਕਾਰਨ ਮੇਰੀ ਗਰਦਨ ਅਤੇ ਪਿੱਠ ਵਿੱਚ ਬਹੁਤ ਦਰਦ ਹੁੰਦਾ ਹੈ," ਉਹ ਕਹਿੰਦੀ ਹਨ। ''ਪਰ ਉਨ੍ਹਾਂ ਕੋਲ ਇਸ ਕੰਮ ਨੂੰ ਜਾਰੀ ਰੱਖਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ।''
ਉਹ ਕਹਿੰਦੀ ਹਨ, "ਇਸ ਕਾਰੋਬਾਰ ਨਾਲ਼ ਸਾਡੀਆਂ ਲੋੜਾਂ ਮੁਸ਼ਕਿਲ ਨਾਲ਼ ਹੀ ਪੂਰੀਆਂ ਹੁੰਦੀਆਂ ਹਨ।''
ਤਰਜਮਾ: ਕਮਲਜੀਤ ਕੌਰ