ਕਿਰਨ (ਬਦਲਿਆ ਨਾਮ) ਸਿਰਫ਼ ਖਾਣਾ ਬਣਾਉਂਦੀ ਤੇ ਘਰ ਦੀ ਸਫ਼ਾਈ ਹੀ ਨਹੀਂ ਕਰਦੀ ਸਗੋਂ ਘਰ ਦਾ ਗੁਜ਼ਾਰਾ ਵੀ ਤੋਰਦੀ ਹੈ। ਉਹ ਬਾਲਣ ਲਈ ਲੱਕੜ ਚੁਗਦੀ ਤੇ ਪਾਣੀ ਵੀ ਭਰਦੀ ਹੈ। ਜਿਓਂ-ਜਿਓਂ ਗਰਮੀਆਂ ਨੇੜੇ ਆਉਂਦੀਆਂ ਹਨ, ਪਾਣੀ ਲਿਆਉਣ ਦਾ ਪੈਂਡਾ ਵੀ ਵੱਧਣ ਲੱਗਦਾ ਹੈ।
11 ਸਾਲਾ ਇਸ ਬਾਲੜੀ ਨੂੰ ਇਹ ਸਭ ਕਰਨਾ ਹੀ ਪੈਣਾ ਹੈ ਕਿਉਂਕਿ ਕੋਈ ਹੋਰ ਚਾਰਾ ਨਹੀਂ ਹੈ। ਉਸ ਦੇ ਮਾਪੇ ਸਲਾਨਾ ਪ੍ਰਵਾਸ ਕਰਕੇ ਕਮਾਈ ਕਰਨ ਗਏ ਹਨ ਤੇ ਬੰਸਵਾੜਾ (ਉਹਦੇ ਪਿੰਡ) ਵਿਖੇ ਪੈਂਦੇ ਉਹਦੇ ਘਰ ਵਿੱਚ ਮਗਰ ਹੋਰ ਕੋਈ ਵੀ ਨਹੀਂ ਹੈ। ਹਾਲ਼ ਦੀ ਘੜੀ 18 ਸਾਲਾ ਉਸਦਾ ਵੱਡਾ ਭਰਾ, ਵਿਕਾਸ ਇੱਥੇ ਹੀ ਹੈ ਪਰ ਉਹ ਕਿਸੇ ਵੀ ਸਮੇਂ ਪਰਵਾਸ ਕਰ ਸਕਦਾ ਹੈ। ਉਹ ਪਹਿਲਾਂ ਵੀ ਪਰਵਾਸ ਕਰ ਚੁੱਕਾ ਹੈ। ਉਸ ਦੇ ਬਾਕੀ ਤਿੰਨ ਭੈਣ-ਭਰਾ, ਜਿਨ੍ਹਾਂ ਦੀ ਉਮਰ 13 ਸਾਲ ਦੇ ਕਰੀਬ ਹੈ, ਮਾਪਿਆਂ ਨਾਲ਼ ਗਏ ਹੋਏ ਹਨ ਅਤੇ ਗੁਜਰਾਤ ਦੇ ਵਡੋਦਰਾ ਵਿਖੇ ਉਸਾਰੀ ਮਜ਼ਦੂਰਾਂ ਵਜੋਂ ਕੰਮ ਕਰਦੇ ਹਨ। ਉਨ੍ਹਾਂ ਵਿੱਚੋਂ ਕੋਈ ਵੀ ਸਕੂਲ ਨਹੀਂ ਜਾਂਦਾ, ਪਰ ਕਿਰਨ ਸਕੂਲ ਜਾਂਦੀ ਹੈ।
"ਮੈਂ ਸਵੇਰੇ ਕੁਝ ਨਾ ਕੁਝ ਪਕਾ ਲੈਂਦੀ ਹਾਂ," ਕਿਰਨ (ਬਦਲਿਆ ਹੋਇਆ ਨਾਮ) ਆਪਣੀ ਰੁਟੀਨ ਬਾਰੇ ਦੱਸਦਿਆਂ ਉਹ ਕਹਿੰਦੀ ਹੈ। ਇੱਕ ਕਮਰੇ ਦੇ ਅੱਧੇ ਹਿੱਸੇ ਨੂੰ ਰਸੋਈ ਵਜੋਂ ਵਰਤਿਆ ਜਾਂਦਾ ਹੈ ਤੇ ਸੂਰਜ ਡੁੱਬਣ ਤੋਂ ਬਾਅਦ ਛੱਤ ਤੋਂ ਲਟਕਦੀ ਫਲੈਸ਼ ਲਾਈਟ ਘਰ ਨੂੰ ਰੌਸ਼ਨ ਕਰਦੀ ਹੈ।
ਕਮਰੇ ਦੇ ਇੱਕ ਕੋਨੇ ਵਿੱਚ ਚੁੱਲ੍ਹਾ ਹੈ, ਜਿਸਦੇ ਆਸਪਾਸ ਵਾਧੂ ਤੇ ਬਚਿਆ ਬਾਲ਼ਣ ਪਿਆ ਹੈ। ਸਬਜ਼ੀਆਂ, ਮਸਾਲੇ ਅਤੇ ਹੋਰ ਨਿੱਕਸੁੱਕ ਸਮਾਨ ਪਲਾਸਟਿਕ ਦੇ ਲਿਫਾਫਿਆਂ ਵਿੱਚ ਬੰਦ ਕਰਕੇ ਕੰਧ ਨਾਲ਼ ਟੰਗਿਆ ਹੋਇਆ ਹੈ। ਸਮਾਨ ਇੰਝ ਟੰਗਿਆ ਹੈ ਕਿ ਉਸ ਦੀਆਂ ਛੋਟੀਆਂ ਬਾਂਹਾਂ ਵੀ ਲਾਹ ਸਕਣ। "ਸਕੂਲ ਤੋਂ ਵਾਪਸ ਆ ਕੇ ਸ਼ਾਮੀਂ ਮੈਂ ਰਾਤ ਲਈ ਖਾਣਾ ਪਕਾਉਂਦੀ ਹਾਂ। ਫਿਰ ਮੁਰਗੀ ਕੋ ਦੇਖਨਾ ਤੇ ਫਿਰ ਮੈਂ ਸੌਂ ਜਾਂਦੀ ਹਾਂ," ਕਿਰਨ ਕਹਿੰਦੀ ਹੈ।
ਉਸ ਦੀ ਕਹਾਣੀ ਤੋਂ ਘਰ ਦੇ ਹੋਰ ਬਹੁਤ ਸਾਰੇ ਕੰਮਕਾਰ ਗਾਇਬ ਹਨ, ਜਿਨ੍ਹਾਂ ਵਿੱਚ ਨੇੜੇ ਦੀਆਂ ਪਹਾੜੀਆਂ ਦੇ ਤਲ੍ਹੀ ਵਿੱਚ ਪੈਂਦੇ ਜੰਗਲਾਂ ਤੋਂ ਲੱਕੜਾਂ ਚੁਗਣਾ ਤੇ ਘਰ ਲਿਆਉਣਾ ਸ਼ਾਮਲ ਹੈ, ਜਿਸ ਨੂੰ ਸਥਾਨਕ ਤੌਰ 'ਤੇ ਦਾਵੜਾ ਖੋਰਾ ਜਾਂ ਬਿਜਲੀਆ ਕਿਹਾ ਜਾਂਦਾ ਹੈ। ਕਿਰਨ ਨੂੰ ਉਸ ਜੰਗਲ ਤੱਕ ਪਹੁੰਚਣ ਵਿੱਚ ਇੱਕ ਘੰਟਾ ਲੱਗਦਾ ਹੈ। ਹਾਲਾਂਕਿ ਲੱਕੜ ਇਕੱਠੀ ਕਰਨ, ਤੋੜਨ/ਕੱਟਣ ਅਤੇ ਪੰਡ ਬੰਨ੍ਹਣ ਵਿੱਚ ਇੱਕ ਹੋਰ ਘੰਟਾ ਲੱਗਦਾ ਹੈ, ਫਿਰ ਇੱਕ ਘੰਟਾ ਜੰਗਲ ਤੋਂ ਘਰ ਪਰਤਣ ਵਿੱਚ ਲੱਗ ਜਾਂਦਾ ਹੈ। ਬਾਲਣ ਦੀ ਇਹ ਪੰਡ ਬੱਚੇ ਦੇ ਹਿਸਾਬ ਨਾਲ਼ ਖਾਸੀ ਭਾਰੀ ਹੁੰਦੀ ਹੈ।


ਪਿੰਡ ਦੇ ਸਾਹਮਣੇ ਦੀਆਂ ਪਹਾੜੀਆਂ ਨੂੰ ਸਥਾਨਕ ਲੋਕ ਬਿਜਲੀਆ ਜਾਂ ਦਾਵੜਾ ਖੋਰਾ ਦੇ ਨਾਂ ਨਾਲ਼ ਜਾਣਦੇ ਹਨ। ਇਸ ਖੇਤਰ ਦੇ ਬੱਚੇ ਇਨ੍ਹਾਂ ਪਹਾੜੀਆਂ ' ਤੇ ਲੱਕੜਾਂ ਇਕੱਠੀਆਂ ਕਰਨ ਅਤੇ ਪਸ਼ੂਆਂ ਨੂੰ ਚਰਾਉਣ ਲਈ ਜਾਂਦੇ ਹਨ


ਖੱਬੇ: ਜਦੋਂ ਵੀ ਉਨ੍ਹਾਂ ਨੂੰ ਸਮਾਂ ਮਿਲ਼ਦਾ ਹੈ , ਕਿਰਨ ਅਤੇ ਉਸਦਾ ਵੱਡਾ ਭਰਾ ਲੱਕੜ ਇਕੱਠੀ ਕਰਦੇ ਹਨ ਅਤੇ ਆਉਣ ਵਾਲ਼ੇ ਸਮੇਂ ਲਈ ਭੰਡਾਰ ਵੀ ਕਰਦੇ ਹਨ। ਜੰਗਲ ਤੱਕ ਜਾਣ ਤੇ ਵਾਪਸ ਆਉਣ ਵਿੱਚ ਕੁੱਲ ਤਿੰਨ ਘੰਟੇ ਲੱਗਦੇ ਹਨ। ਸੱਜੇ: ਰਸੋਈ ਦੀਆਂ ਚੀਜ਼ਾਂ– ਸਰਕਾਰ ਵੱਲੋਂ ਮਿਲ਼ਦੇ ਰਾਸ਼ਨ ਅਤੇ ਹਰੀਆਂ ਸਬਜੀਆਂ ਦੇ ਲਿਫਾਫੇ- ਘਰ ਦੀ ਕੰਧ ' ਤੇ ਲਟਕ ਰਹੇ ਹਨ
"ਮੈਂ ਪਾਣੀ ਵੀ ਲਿਆਉਂਦੀ ਹਾਂ," ਕਿਰਨ ਆਪਣੇ ਕੰਮ ਦੀ ਸੂਚੀ ਨੂੰ ਹੋਰ ਫੈਲਾਉਂਦੇ ਹੋਏ ਕਹਿੰਦੀ ਹਨ। ਕਿੱਥੋਂ? "ਹੈਂਡ ਪੰਪ ਤੋਂ।'' ਇਹ ਨਲ਼ਕਾ (ਹੈਂਡ ਪੰਪ) ਗੁਆਂਢਣ, ਅਸਮਿਤਾ ਦਾ ਹੈ। "ਸਾਡੇ ਖੇਤ ਵਿੱਚ ਦੋ ਨਲ਼ਕੇ ਹੋਰ ਹਨ। ਇਲਾਕੇ ਦੇ ਲਗਭਗ ਅੱਠ ਪਰਿਵਾਰ ਇੱਥੋਂ ਹੀ ਪਾਣੀ ਭਰਦੇ ਹਨ," 25 ਸਾਲਾ ਅਸਮਿਤਾ ਕਹਿੰਦੇ ਹਨ। "ਗਰਮੀਆਂ ਆਉਣ 'ਤੇ ਇਹ ਨਲ਼ਕੇ ਸੁੱਕ ਜਾਂਦੇ ਹਨ, ਉਸ ਵੇਲ਼ੇ ਲੋਕ ਗੱਧਾ (ਬਿਜਲੀਆ ਪਹਾੜੀਆਂ ਦੇ ਪੈਰਾਂ ਵਿੱਚ ਸਥਿਤ ਛੱਪੜ) ਦਾ ਰਾਹ ਫੜ੍ਹ ਲੈਂਦੇ ਹਨ।'' ਪਰ ਕਿਰਨ ਜਿਹੇ ਛੋਟੇ ਬੱਚੇ ਲਈ ਇੰਨੀ ਦੂਰੀ ਤੋਂ ਪਾਣੀ ਲਿਆਉਣਾ ਬਹੁਤ ਔਖਾ ਹੈ।
ਸਰਦੀਆਂ ਦੀ ਠੰਡ ਤੋਂ ਬਚਣ ਲਈ ਪਾਏ ਸਲਵਾਰ ਕਮੀਜ਼ ਤੇ ਜਾਮਨੀ ਸਵੈਟਰ ਨਾਲ਼ ਉਹ ਉਮਰ ਤੋਂ ਵੱਡੀ ਜਾਪ ਰਹੀ ਹੈ। ਕੁਝ ਸੋਚਦਿਆਂ ਯਕਦਮ ਉਹ ਕਹਿੰਦੀ ਹੈ , " ਮੰਮੀ-ਪਾਪਾ ਸੇ ਰੋਜ਼ ਬਾਤ ਹੋਤੀ ਹੈ... ਫ਼ੋਨ ਪੇ" ਇੰਨਾ ਕਹਿ ਬੱਚੀ ਦਾ ਚਿਹਰਾ ਚਮਕਣ ਲੱਗਦਾ ਹੈ।
ਦੱਖਣੀ ਰਾਜਸਥਾਨ ਦੇ ਜ਼ਿਲ੍ਹਾ ਬੰਸਵਾੜਾ ਦੇ ਅੱਧੇ-ਕੁ ਪਰਿਵਾਰ ਪਰਵਾਸ ਕਰਦੇ ਹਨ। ਭੀਲ ਆਦਿਵਾਸੀ ਇਸ ਜ਼ਿਲ੍ਹੇ ਦੀ ਅਬਾਦੀ ਦਾ 95 ਪ੍ਰਤੀਸ਼ਤ ਤੋਂ ਵੱਧ ਬਣਦੇ ਹਨ। ਕਿਰਨ ਦਾ ਪਰਿਵਾਰ ਵੀ ਇਸੇ ਭਾਈਚਾਰੇ ਨਾਲ਼ ਸਬੰਧਤ ਹੈ। ਕਈ ਪਰਿਵਾਰ ਅਜਿਹੇ ਹਨ ਜੋ ਪ੍ਰਵਾਸ ਦੌਰਾਨ ਆਪਣੇ ਬੱਚਿਆਂ ਨੂੰ ਜ਼ਮੀਨ ਅਤੇ ਘਰ ਦੀ ਦੇਖਭਾਲ਼ ਕਰਨ ਲਈ ਮਗਰ ਛੱਡ ਦਿੰਦੇ ਹਨ। ਇੰਝ ਕਰਨਾ ਨਾ ਸਿਰਫ਼ ਇਨ੍ਹਾਂ ਬੱਚਿਆਂ ਦੇ ਮਲ਼ੂਕ ਮੋਢਿਆਂ 'ਤੇ ਬੋਝ ਬਣ ਜਾਂਦਾ ਹੈ, ਬਲਕਿ ਇਕੱਲੇ ਰਹਿਣ ਤੇ ਜੀਵਨ ਦੀ ਪਟੜੀ ਨੂੰ ਤੋਰਦੇ ਰੱਖਣ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਰਹਿੰਦਾ।
ਇਹ ਜਨਵਰੀ ਦੀ ਸ਼ੁਰੂਆਤ ਹੈ ਤੇ ਫ਼ਸਲਾਂ ਸੁੱਕ ਕੇ ਸੁਨਹਿਰੀ ਹੋ ਗਈਆਂ ਹਨ, ਦੂਜੇ ਪਾਸੇ ਕਪਾਹ ਦੀਆਂ ਚਿੱਟ-ਰੰਗੀਆਂ ਗੇਂਦਾਂ ਖਿੜ ਗਈਆਂ ਹਨ ਅਤੇ ਤੁੜਾਈ ਲਈ ਤਿਆਰ ਹਨ। ਸਰਦੀਆਂ ਦੀਆਂ ਛੁੱਟੀਆਂ ਕਾਰਨ, ਬਹੁਤ ਸਾਰੇ ਬੱਚੇ ਪਰਿਵਾਰਕ ਖੇਤਾਂ ਵਿੱਚ ਕੰਮ ਕਰਨ, ਬਾਲਣ ਚੁਗਣ ਜਾਂ ਚਰ ਰਹੇ ਪਸ਼ੂਆਂ ਦੇ ਝੁੰਡਾਂ ਨੂੰ ਇਕੱਠਿਆਂ ਕਰਨ ਵਿੱਚ ਰੁੱਝੇ ਹੋਏ ਹਨ।
ਵਿਕਾਸ, ਜੋ ਪਿਛਲੀ ਵਾਰ ਆਪਣੇ ਮਾਪਿਆਂ ਨਾਲ਼ ਪਰਵਾਸ ਕਰ ਗਿਆ ਸੀ, ਇਸ ਵਾਰ ਆਪਣੇ ਪਿੰਡ ਵਿੱਚ ਹੀ ਰਿਹਾ ਹੈ। "ਮੈਂ ਇੱਕ ਮਸ਼ੀਨ ਚਲਾਉਂਦਾ ਸਾਂ ਜੋ [ਉਸਾਰੀ ਵਾਲ਼ੀ ਥਾਂ 'ਤੇ] ਰੇਤ ਮਿਲ਼ਾਉਣ ਦੇ ਕੰਮ ਆਉਂਦੀ ਹੈ," ਨਰਮਾ ਚੁਗਦਿਆਂ ਉਹ ਦੱਸਦਾ ਹੈ। "ਸਾਨੂੰ ਦਿਹਾੜੀ ਦੇ 500 ਰੁਪਏ ਦਿੱਤੇ ਜਾਂਦੇ ਪਰ ਸਾਨੂੰ ਰਹਿਣਾ ਸੜਕ ਹੀ ਪੈਂਦਾ ਸੀ। ਇਹ ਗੱਲ ਮੈਨੂੰ ਚੰਗੀ ਨਹੀਂ ਲੱਗੀ।'' ਇਸਲਈ ਉਹ ਦੀਵਾਲੀ (2023) ਦੇ ਆਸ ਪਾਸ ਘਰ ਵਾਪਸ ਆ ਗਿਆ।
ਵਿਕਾਸ ਛੇਤੀ ਹੀ ਗ੍ਰੈਜੂਏਟ ਹੋਣ ਦੀ ਉਮੀਦ ਕਰ ਰਿਹਾ ਹੈ। ਉਹਨੇ ਪਾਰੀ ਨੂੰ ਦੱਸਿਆ, " ਪਹਿਲੇ ਪੂਰਾ ਕਾਮ ਕਰਕੇ , ਫਿਰ ਪੜ੍ਹਨੇ ਬੈਠਤੇ ਹੈਂ। ''
ਛੇਤੀ ਹੀ, ਕਿਰਨ ਨੇ ਵੀ ਦੱਸਣਾ ਸ਼ੁਰੂ ਕੀਤਾ ਕਿ ਉਹਨੂੰ ਕਿਹੜੀ ਗੱਲੋਂ ਸਕੂਲ ਜਾਣਾ ਪਸੰਦ ਹੈ:"ਮੈਨੂੰ ਹਿੰਦੀ ਅਤੇ ਅੰਗਰੇਜ਼ੀ ਪਸੰਦ ਹੈ ਪਰ ਸੰਸਕ੍ਰਿਤ ਅਤੇ ਗਣਿਤ ਪਸੰਦ ਨਹੀਂ।''


ਖੱਬੇ: ਕਿਰਨ ਦੇ ਪਰਿਵਾਰ ਦੇ ਖੇਤ ਵਿੱਚ ਮੂੰਗਫਲੀ ਦੇ ਪੌਦੇ ਉੱਗੇ ਹੋਏ ਹਨ। ਸੱਜੇ: ਭੈਣ-ਭਰਾ ਨੇ 10-12 ਮੁਰਗੀਆਂ ਵੀ ਪਾਲ਼ੀਆਂ ਹੋਈਆਂ ਹਨ। ਵਿਹੜੇ ਦੀ ਛੱਤ ਤੋਂ ਲਟਕਦੀ ਟੋਕਰੀ ਵਿੱਚ ਇਕ ਮੁਰਗੀ ਹੈ, ਜੋ ਅਕਾਰ ਦੇ ਹਿਸਾਬ ਨਾਲ਼ 300-500 ਰੁਪਏ ਵਿੱਚ ਵੇਚੀ ਜਾ ਸਕਦੀ ਹੈ


ਖੱਬੇ: ਖੇਤੀਂ ਉੱਗੀਆਂ ਹਰੀਆਂ ਸਬਜ਼ੀਆਂ ਜਿਵੇਂ ਪਾਪੜ (ਸੇਮ ਫਲ਼ੀਆਂ) ਧੁੱਪੇ ਸੁਕਣੇ ਪਾਈਆਂ ਹੋਈਆਂ ਹਨ, ਜੋ ਸਬਜ਼ੀਆਂ ਸਾਂਭਣ ਦਾ ਇੱਕ ਤਰੀਕਾ ਹੈ। ਸੱਜੇ: ਕਿਉਂਕਿ ਸਕੂਲ ਵਿੱਚ ਸਰਦੀਆਂ ਦੀਆਂ ਛੁੱਟੀਆਂ ਹਨ, ਬੱਚੇ ਘਰ ਦੇ ਬਹੁਤ ਸਾਰੇ ਕੰਮ ਕਰਦੇ ਹਨ, ਜਿਸ ਵਿੱਚ ਆਪਣੇ ਪਸ਼ੂਆਂ ਨੂੰ ਨੇੜੇ ਦੀਆਂ ਪਹਾੜੀਆਂ ਵਿੱਚ ਚਰਾਉਣ ਲਈ ਲਿਜਾਣਾ ਵੀ ਸ਼ਾਮਲ ਹੈ
ਮਿਡ-ਡੇਅ ਮੀਲ ਸਕੀਮ ਤਹਿਤ, ਕਿਰਨ ਨੂੰ ਸਕੂਲ ਵਿੱਚ ਖਾਣਾ ਦਿੱਤਾ ਜਾਂਦਾ ਹੈ: "ਕਿਸੀ ਦਿਨ ਸਬਜ਼ੀ , ਕਿਸੀ ਦਿਨ ਚਾਵਲ ," ਉਹ ਕਹਿੰਦੀ ਹੈ। ਪਰ ਆਪਣੀਆਂ ਭੋਜਨ ਦੀਆਂ ਬਾਕੀ ਲੋੜਾਂ ਨੂੰ ਪੂਰਿਆਂ ਕਰਨ ਲਈ, ਭੈਣ-ਭਰਾ ਆਪਣੀ ਜ਼ਮੀਨ 'ਤੇ ਪਾਪੜ ਉਗਾਉਂਦੇ ਅਤੇ ਸਟੋਰ ਕਰਦੇ ਹਨ, ਬੱਸ ਪੱਤੇਦਾਰ ਸਬਜ਼ੀਆਂ ਹੀ ਬਜ਼ਾਰੋਂ ਖਰੀਦਦੇ ਹਨ। ਹੋਰ ਚੀਜ਼ਾਂ ਸਰਕਾਰੀ ਅਨਾਜ ਸਕੀਮ ਤੋਂ ਮਿਲ਼ ਜਾਂਦੀਆਂ ਹਨ।
"ਸਾਨੂੰ 25 ਕਿਲੋ ਕਣਕ ਮਿਲ਼ਦੀ ਹੈ," ਵਿਕਾਸ ਕਹਿੰਦਾ ਹੈ,"ਅਤੇ ਹੋਰ ਸਮੱਗਰੀ ਜਿਵੇਂ ਕਿ ਤੇਲ, ਮਿਰਚ, ਹਲਦੀ ਅਤੇ ਲੂਣ ਵੀ। ਸਾਨੂੰ ਅੱਧਾ ਕਿੱਲੋ ਮੂੰਗੀ ਦਾਲ਼ ਅਤੇ ਚਣਾ ਦਾਲ਼ ਵੀ ਮਿਲ਼ਦੀ ਹੈ। ਇੰਨੀਆਂ ਚੀਜ਼ਾਂ ਨਾਲ਼ ਸਾਡੇ ਦੋਵਾਂ ਦਾ ਮਹੀਨਾ ਲੰਘ ਹੀ ਜਾਂਦਾ ਹੈ।" ਪਰ ਜਦੋਂ ਪੂਰਾ ਪਰਿਵਾਰ ਘਰ ਮੁੜ ਆਉਂਦਾ ਹੈ ਤਾਂ ਇੰਨਾ ਰਾਸ਼ਨ ਕਾਫ਼ੀ ਨਹੀਂ ਰਹਿੰਦਾ।
ਖੇਤ ਤੋਂ ਹੋਣ ਵਾਲ਼ੀ ਕਮਾਈ ਨਾਲ਼ ਪਰਿਵਾਰ ਦੇ ਖਰਚੇ ਪੂਰੇ ਨਹੀਂ ਪੈਂਦੇ। ਉਹ ਜਿਹੜੀਆਂ ਮੁਰਗੀਆਂ ਪਾਲ਼ਦੇ ਹਨ ਉਹ ਆਮਦਨੀ ਅੰਸ਼ਕ ਤੌਰ 'ਤੇ ਸਕੂਲ ਦੀ ਫੀਸ ਤਾਰਨ ਅਤੇ ਰੋਜ਼ਾਨਾ ਦੇ ਖਰਚਿਆਂ ਨੂੰ ਹੀ ਪੂਰਾ ਕਰ ਪਾਉਂਦੀ ਹੈ, ਪਰ ਇੰਨੇ ਸਮੇਂ ਦੌਰਾਨ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਪੈਸੇ ਭੇਜਣੇ ਹੀ ਪੈਂਦੇ ਹਨ।
ਮਨਰੇਗਾ ਤਹਿਤ ਮਿਲ਼ਣ ਵਾਲ਼ੀ ਮਜ਼ਦੂਰੀ ਹਰ ਰਾਜ ਵਿੱਚ ਵੱਖ-ਵੱਖ ਹੁੰਦੀ ਹੈ। ਰਾਜਸਥਾਨ ਵਿੱਚ ਨਿਰਧਾਰਤ ਦਿਹਾੜੀ ਜੋ ਕਿ 266 ਰੁਪਏ ਹੈ, ਵਡੋਦਰਾ ਵਿੱਚ ਕਿਰਨ ਅਤੇ ਵਿਕਾਸ ਦੇ ਮਾਪਿਆਂ ਨੂੰ ਮਿਲ਼ਣ ਵਾਲ਼ੀ ਦਿਹਾੜੀ (ਨਿੱਜੀ ਠੇਕੇਦਾਰਾਂ ਦੁਆਰਾ) 500 ਰੁਪਏ ਦਾ ਅੱਧਾ ਹੈ।
ਉਜਰਤਾਂ ਵਿਚਲੇ ਇਸ ਵੱਡੇ ਫ਼ਰਕ ਕਾਰਨ ਹੀ ਕੁਸ਼ਲਗੜ੍ਹ ਕਸਬੇ ਦੇ ਬੱਸ ਅੱਡਿਆਂ 'ਤੇ ਹਮੇਸ਼ਾ ਪ੍ਰਵਾਸੀਆਂ ਦੀ ਭੀੜ ਲੱਗੀ ਰਹਿੰਦੀ ਹੈ। ਸੂਬੇ ਭਰ ਵਿੱਚ ਪੂਰਾ ਸਾਲ ਚੱਲਣ ਵਾਲ਼ੀਆਂ ਲਗਭਗ 40 ਬੱਸਾਂ ਹਰ ਰੋਜ਼ 50-100 ਲੋਕਾਂ ਨੂੰ ਯਾਤਰਾ 'ਤੇ ਲੈ ਜਾਂਦੀਆਂ ਹਨ। ਪੜ੍ਹੋ: ਪੈਸੇ ਲਈ ਪ੍ਰਵਾਸ ਕੀਤਾ... ਪੈਸਾ ਫਿਰ ਵੀ ਨਾ ਮਿਲ਼ਿਆ


ਬੰਸਵਾੜਾ ਦੇ ਕੁਸ਼ਲਗੜ੍ਹ ਕਸਬੇ ਦੇ ਬੱਸ ਅੱਡਿਆਂ 'ਤੇ ਹਮੇਸ਼ਾ ਪ੍ਰਵਾਸੀਆਂ ਦੀ ਭੀੜ ਰਹਿੰਦੀ ਹੈ। ਸੂਬੇ ਭਰ ਵਿੱਚ ਪੂਰਾ ਸਾਲ ਚੱਲਣ ਵਾਲ਼ੀਆਂ ਲਗਭਗ 40 ਬੱਸਾਂ ਹਰ ਰੋਜ਼ 50-100 ਲੋਕਾਂ ਨੂੰ ਯਾਤਰਾ 'ਤੇ ਲੈ ਜਾਂਦੀਆਂ ਹਨ
ਜਿਵੇਂ-ਜਿਵੇਂ ਬੱਚੇ ਵੱਡੇ ਹੁੰਦੇ ਹਨ, ਉਹ ਅਕਸਰ ਆਪਣੇ ਮਾਪਿਆਂ ਨਾਲ਼ ਮਜ਼ਦੂਰੀ ਕਰਨ ਜਾਂਦੇ ਹਨ, ਜਿਸ ਕਰਕੇ ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਰਾਜਸਥਾਨ ਵਿਖੇ ਸਕੂਲ ਨਾ ਜਾਣ ਵਾਲ਼ੇ ਬੱਚਿਆਂ ਦੀ ਗਿਣਤੀ ਵਧਦੀ ਜਾਂਦੀ ਹੈ। ਸਮਾਜ ਸੇਵਿਕਾ, ਅਸਮਿਤਾ ਰਸਮੀ ਸਿੱਖਿਆ ਦੀ ਘਾਟ ਦੀ ਪੁਸ਼ਟੀ ਕਰਦਿਆਂ ਕਹਿੰਦੇ ਹਨ, "ਇੱਥੇ ਬਹੁਤ ਸਾਰੇ ਬੱਚੇ ਜ਼ਿਆਦਾਤਰ 8ਵੀਂ ਜਾਂ 10ਵੀਂ ਤੱਕ ਪੜ੍ਹਦੇ ਹਨ।'' ਅਸਮਿਤਾ ਖੁਦ ਵੀ ਕੰਮ ਲਈ ਅਹਿਮਦਾਬਾਦ ਅਤੇ ਰਾਜਕੋਟ ਜਾਂਦੇ ਰਹੇ ਹਨ ਪਰ ਹੁਣ ਪਰਿਵਾਰ ਦੇ ਨਰਮੇ ਦੇ ਖੇਤਾਂ ਵਿੱਚ ਕੰਮ ਕਰਨ ਤੋਂ ਇਲਾਵਾ, ਉਹ ਸਿਵਲ ਸੇਵਾਵਾਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹੋਏ ਦੂਜਿਆਂ ਦੀ ਵੀ ਮਦਦ ਕਰ ਰਹੇ ਹਨ।
ਜਦੋਂ ਪੱਤਰਕਾਰ ਕਿਰਨ ਨੂੰ ਦੋਬਾਰਾ ਮਿਲ਼ਣ ਗਏ ਉਸ ਤੋਂ ਦੋ ਦਿਨ ਬਾਅਦ ਉਹ (ਕਿਰਨ) ਨੇ ਕੁਸ਼ਲਗੜ੍ਹ ਸਥਿਤ ਗੈਰ ਸਰਕਾਰੀ ਸੰਗਠਨ ਆਜੀਵਿਕਾ ਬਿਊਰੋ ਦੀ ਮਦਦ ਨਾਲ਼ ਅਸਮਿਤਾ ਸਮੇਤ ਇਲਾਕੇ ਦੀਆਂ ਨੌਜਵਾਨ ਵਲੰਟੀਅਰ ਕੁੜੀਆਂ/ਔਰਤਾਂ ਵੱਲੋਂ ਆਯੋਜਿਤ ਕਮਿਊਨਿਟੀ ਸੰਪਰਕ ਮੀਟਿੰਗ ਵਿੱਚ ਹਿੱਸਾ ਲਿਆ। ਇਸ ਮੀਟਿੰਗ ਵਿੱਚ ਛੋਟੀਆਂ ਬੱਚੀਆਂ ਨੂੰ ਵੱਖ-ਵੱਖ ਕਿਸਮਾਂ ਦੀ ਸਿੱਖਿਆ, ਨੌਕਰੀਆਂ ਅਤੇ ਭਵਿੱਖ ਬਾਰੇ ਜਾਗਰੂਕ ਕੀਤਾ ਗਿਆ। "ਤੁਸੀਂ ਉਹ ਸਭ ਕੁਝ ਪ੍ਰਾਪਤ ਕਰ ਸਕਦੇ ਹੋ ਜੋ ਤੁਸੀਂ ਚਾਹੁੰਦੇ ਹੋ," ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰੇ ਨੇ ਵਾਰ-ਵਾਰ ਦਹੁਰਾਇਆ।
ਮੀਟਿੰਗ ਤੋਂ ਬਾਅਦ, ਕਿਰਨ ਘਰ ਪਰਤਦੀ ਹੈ, ਪਾਣੀ ਦਾ ਇੱਕ ਹੋਰ ਘੜਾ ਲਿਆਉਣ ਅਤੇ ਸ਼ਾਮ ਦਾ ਖਾਣਾ ਪਕਾਉਣ ਲਈ। ਪਰ ਉਹ ਸਕੂਲ ਵਾਪਸ ਜਾਣ ਅਤੇ ਆਪਣੇ ਦੋਸਤਾਂ ਨੂੰ ਮਿਲ਼ਣ ਲਈ ਉਤਸੁਕ ਹੈ ਤੇ ਹਰ ਉਹ ਕੰਮ ਕਰਨ ਲਈ ਵੀ ਜੋ ਉਹ ਛੁੱਟੀਆਂ ਦੌਰਾਨ ਨਹੀਂ ਕਰ ਸਕੀ।
ਤਰਜਮਾ: ਕਮਲਜੀਤ ਕੌਰ